
ਪੰਜਾਬੀਆਂ ਦੀ ਕਾਮੁਕਤਾ ਦਾ ਬਿਆਨ : –
ਅੱਜ ਜਿਉਂ ਹੀ ਪੋਹ ਦਾ ਮਹੀਨਾ ਚੜ੍ਹਿਆ ਤਾਂ ਬਹੁਤੇ ਪਾਸੇ ਇੱਕੋ ਮੈਸੇਜ ਦਿਸਣ ਲੱਗਾ ।
ਚੜ ਗਿਆ ਪੋਹ ,ਬਚਣਗੇ ਉਹ ,ਜਿਹੜੇ ਸੌਂਣਗੇ ਦੋ ।
ਭਾਸ਼ਾ ਦੀ ਲੈਅ ਤਿੱਖੀ ਤੇ ਮੌਸਮ ਮਹੀਨੇ ਜਜ਼ਬਾਤ ਲੁਕਵੇਪਣ ਨੂੰ ਵੀ ਹਾਸੇ ਚ ਦੱਸ ਦੇਣ ਦੀ ਮਾਹਿਰਤਾ ਹੈ । ਪੰਜਾਬੀ ਭਾਸ਼ਾ ਦੇ ਸ਼ਬਦਾਂ ਚ ਬੋਲੀ ਚ ਜੋ ਤਿੱਖਾਪਨ ਹੈ ਤੇਜ਼ੀ ਹੈ ਕਾਹਲੀ ਹੈ ਇਹ ਪੰਜਾਬ ਲੋਕਾਂ ਦੇ ਸੁਭਾਅ ਵਰਗੀ ਹੈ ।
ਪੰਜਾਬੀ ਭਾਸ਼ਾ ਦੇ ਸ਼ਬਦ ਵੀ ਤਿੱਖੀਆਂ ਵਸਤਾਂ ਵਰਗੇ ਲਗਦੇ ਹਨ । ਜੋ ਸਿਧੇ ਦਿਲ ਤੇ ਚੁਬਦੇ ਹਨ । ਇਸਦਾ ਕਾਰਨ ਹੈ ਕਿ ਘੱਟ ਸ਼ਬਦਾਂ ਚ ਹੀ ਵੱਡਾ ਕੁਝ ਆਖ ਜਾਣ ਕਰਕੇ ਹੈ ।ਫਿਰ ਇਸ ਚ ਦੋਹਰਾਪਨ ਆ ਜਾਂਦਾ ਹੈ ।ਭਾਵ ਬਹੁਤੀਆਂ ਗੱਲਾਂ ਦੇ ਦੋ ਮਤਲਬ ਨਿਕਲ ਆਉਂਦੇ ਹਨ ।
ਜਿਵੇੰ ਉੱਪਰ ਵਾਲੇ ਮੁਹਾਵਰੇ ਦਾ ਇੱਕ ਅਰਥ ਤਾਂ ਤੁਸੀਂ ਸਭ ਜਾਣ ਹੀ ਗਏ ਹੋ ।
ਪਰ ਇਸਦਾ ਦੂਜਾ ਅਰਥ ਬਜ਼ੁਰਗਾਂ ਨਾਲ ਸਬੰਧਿਤ ਹੈ ਜੋ ਕਹਿੰਦਾ ਹੈ ਕਿ ਬਜ਼ੁਰਗਾਂ ਨਾਲ ਛੋਟੇ ਬੱਚੇ ਨੂੰ ਸੁਆ ਦੇਣ ਨਾਲ ਰਜਾਈ ਛੇਤੀ ਨਿੱਘੀ ਹੋ ਜਾਂਦੀ ਹੈ ।
ਤੇ ਭਲੇ ਵੇਲਿਆਂ ਚ ਹੀ ਬੱਚਾ ਦੋ ਕੁ ਸਾਲ ਦਾ ਹੋਣ ਮਗਰੋਂ ਦਾਦੇ ਜਾਂ ਦਾਦੀ ਨਾਲ ਸੌਂਦਾ ਸੀ ।ਜਦੋਂ ਤੱਕ ਕੋਈ ਛੇੜ ਨਹੀਂ ਦਿੰਦਾ ਸੀ ਹੁਣ ਤੂੰ ਨਿਆਣਾ ਨਹੀਂ ਰਿਹਾ ਬੁੱਢ ਬੜੋਚ ਹੋ ਗਿਆ ਕੱਲਾ ਪਿਆ ਕਰ ।
ਖੈਰ ਫਿਰ ਵੀ ਪੰਜਾਬੀ ਚ ਮੌਸਮ ਨਾਲ ਵਿਆਹ ਨਾਲ ਤੇ ਬਾਕੀ ਸਭ ਚੀਜਾਂ ਨਾਲ ਜੁੜੀਆਂ ਦੋ ਅਰਥੀ ਟੋਟਕੇ ,ਟੱਪੇ ਬੋਲੀਆਂ ਲੱਖਾਂ ਦੀ ਗਿਣਤੀ ਚ ਸ਼ਨ । ਪਰ ਮੁੱਢਲੇ ਕੱਠੇ ਕਰਨ ਵਾਲਿਆਂ ਨੇ ਮਹਿਜ਼ ਕੁਝ ਹੱਦ ਤੱਕ ਹੀ ਇਹਨਾ ਨੂੰ ਸਾਂਭਿਆ ।
ਗੱਲ ਉਹੀ ਕਿ ਕਿਤਾਬਾਂ ਚ ਅਸ਼ਲੀਲ ਨਹੀਂ ਲਿਖਣਾ । ਖੈਰ ਹਲੇ ਵੀ ਕਿਸੇ ਪੁਰਾਣੇ ਬਜ਼ੁਰਗ ਕੋਲ ਬੈਠੋ ਤਾਂ ਓਨਾ ਕੋਲ ਕਿੰਨਾ ਕੁਝ ਹੁੰਦਾ ਸੁਣਾਉਣ ਲਈ ਖਾਸ ਕਰ ਜਦੋਂ ਦੋ ਪੈੱਗ ਘਰਦੀ ਕੱਢੀ ਦੇ ਲੱਗੇ ਹੋਣ ।
ਫਿਰ ਠੰਡ ਦੀ ਗੱਲ ਕਰੋ ਤਾਂ ਅਗਲਾ ਕਹਿੰਦਾ ,” ਰਜਾਈ ਤੇ ਭਰਜਾਈ ਹੀ ਭਾਈ ਸਿਆਲ ਚ ਨਿੱਘ ਦਿੰਦਿਆਂ ਹਨ ਕੁਆਰਿਆਂ ਨੂੰ ” ਤੇ ਹੋਰ ਵੀ ਬਹੁਤ ਕੁਝ ।
ਜਦੋੰ ਔਰਤਾਂ ਨੇ ਵੀ ਗੀਤ ਬੋਲ਼ੀਆਂ ਤੇ ਬਾਕੀ ਸਭ ਕੁਝ ਕਾਮੁਕਤਾ ਨਾਲ ਜੁੜਿਆ ਕੱਠਾ ਕੀਤਾ ਤਾਂ ਉਹ ਵੀ ਕਾਮੁਕ ਗੀਤਾਂ ਟੱਪਿਆ ਨੂੰ ਭੁੱਲ ਗਈਆਂ ਜਾਂ ਰਲਾ ਦਿੱਤਾ । ਦੂਜਾ ਔਰਤਾਂ ਦੀ ਉਹੀ ਗੱਲ ਕਿ ਖੁੱਲ੍ਹ ਕੇ ਗੱਲ ਕਰਨੀ ਮਨਾਂ ।
ਪਰ ਨਿੱਕੀ ਉਮਰੇ ਜਿੰਨਾਂ ਨੇ ਬਰਾਤ ਦੀ ਰਵਾਨਗੀ ਮਗਰੋਂ ਔਰਤਾਂ ਦੇ ਗਿੱਧੇ ਵੇਖੇ ਹੌਣਗੇ । ਪਤਾ ਹੋਊ ਕਿਉਕਿ ਵੱਡੇ ਬੰਦੇ ਤਾਂ ਚਲੇ ਜਾਂਦੇ ਸੀ ਬੱਚੇ ਰਹਿ ਜਾਂਦੇ ਸੀ ਅੱਜ ਵੀ ਕਈ ਵਾਰ ਸਣੀ ਕੋਈ ਬੋਲੀ ਗੱਲ ਯਾਦ ਆਉਂਦੀ ਜਿਸਦੇ ਅਰਥ ਉਦੋਂ ਸਮਝ ਨਹੀਂ ਸੀ ਆਏ । ਲੋਕਾਂ ਦੀਆਂ ਧੁਰ ਅੰਦਰ ਦੀਆਂ ਇੱਛਾਵਾਂ ਦੀ ਸਮਝ ਪੈਂਦੀ ਹੈ ।
ਤੁਹਾਡੇ ਹਿੱਸੇ ਕੀ ਅਨੁਭਵ ਆਏ ਦੱਸੋ ਜਰਾ 🙂