ਨਾਵਲ ਵਲੈਤਣ

ਸੂਰਜ ਠਰਦੇ ਪਿੰਡਿਆ ਨੂੰ ਕੋਸੇ ਕੋਸੇ ਸੇਕ ਨਾਲ ਨਿੱਘਾ ਕਰਦਾ ਵੱਡੇ ਬੋਹੜ ਓਹਲੇ ਲੁਕਦਾ ਜਾ ਰਿਹਾ ਸੀ। ਉਸਦੀ ਛਾਂ ਕੰਨਟੀਨ ਦੇ ਬੈਂਚਾਂ ਤੇ ਪਹੁੰਚ ਰਹੀ ਸੀ।ਗਿਣਤੀ ਦੇ ਮੁੰਡੇ ਕੁੜੀਆਂ ਧੁੱਪ ਦੇ ਨਾਲ ਖਿਸਕਦੇ ਹੋਏ ਕੁਝ ਦੇਰ ਹੋਰ ਧੁੱਪੇ ਬੈਠਣ ਲਈ ਪਰਛਾਵੇਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀ।ਸਰਦੀਆਂ ਦੀ ਧੁੱਪ ਦਾ ਤੇ ਕਾਲਜ਼ ਦੀ ਜਿੰਦਗ਼ੀ ਦਾ ਨਿੱਘ ਇੱਕੋ ਜਿਹਾ ਹੁੰਦਾ, ਵੱਡੀ ਗੱਲ ਇਹ ਕਿ ਦੋਵਾਂ ਦੇ ਗੁਜ਼ਰ ਜਾਣ ਦਾ ਪਤਾ ਵੀ ਨਹੀਂ ਲਗਦਾ।ਮਨਜੀਤ ਤੇ ਛਿੰਦਾ ਦੋਵੇਂ ਆਹਮੋ ਸਾਹਮਣੇ ਬੈਠੇ ਇਸ ਦੌੜ ਭੱਜ ਤੋਂ ਜਿਵੇਂ ਮੁਕਤ ਹੋ ਗਏ ਸੀ।ਦੋਵਾਂ ਨੂੰ ਇੱਕ ਦੂਸਰੇ ਦੇ ਸਾਥ ਦਾ ਹੀ ਐਨਾ ਨਿੱਘ ਸੀ ਕਿ ਧੁੱਪ ਦੀ ਛਾਂ ਦੀ ਕੋਈ ਪਰਵਾਹ ਨਹੀਂ ਸੀ। ਮੇਜ਼ ਦੇ ਥੱਲਿਓਂ ਦੋਵਾਂ ਦੇ ਪੈਰ ਜਾਣੇ ਅਣਜਾਣੇ ਚ ਟਕਰਾਉਂਦੇ ਤਾਂ ਕੱਪੜਿਆਂ ਵਿਚੋਂ ਛਿੜਦੀ ਝਰਨਾਟ ਸਰੀਰ ਦੇ ਕੋਨੇ ਕੋਨੇ ਚ ਛਣ ਛਣ ਕਰ ਦਿੰਦੇ ਸੀ।ਦੋਵੇਂ ਚੁੱਪ ਸੀ, ਇੱਕ ਲੰਮੀ ਚੁੱਪ ਨਾਲ ਚਾਹ ਦੇ ਗਲਾਸ ਹੱਥਾਂ ਚ ਘੁੱਟੀ ਅੱਖਾਂ ਚ ਤੱਕ ਰਹੇ ਸੀ। ਮਸਲਾ ਕਾਫ਼ੀ ਗੰਭੀਰ ਸੀ।ਪਿਛਲੇ ਹਫ਼ਤੇ ਮਤਰੇਏ ਤਾਏ ਨਾਲ ਹੋਈ ਲੜਾਈ ਵਿੱਚ ਮਨਜੀਤ ਦੇ ਬਾਪੂ ਨੂੰ ਕਾਫ਼ੀ ਸੱਟਾਂ ਲੱਗੀਆਂ ਸੀ।ਲੱਗੀਆਂ ਭਾਵੇਂ ਤਾਏ ਦੇ ਵੀ ਸੀ ਪਰ ਬਾਪੂ ਨੂੰ ਤਾਏ ਸਾਹਮਣੇ ਆਪਣੀ ਗਰੀਬੀ ਦਾ ਝੋਰਾ ਸੀ ਉਹ ਇਕਦਮ ਸਾਹਮਣੇ ਆ ਗਿਆ ਸੀ। ਲੜਾਈ ਚ ਭੇਦ ਖੁੱਲ੍ਹ ਗਏ ਸੀ ਕਿ ਕਰਜ਼ੇ ਨੇ ਉਹਨਾਂ ਦੀ ਜ਼ਮੀਨ ਨੂੰ ਭੋਰ ਭੋਰ ਕੇ ਖਾ ਲਿਆ ਸੀ। ਕਿਸੇ ਵੀ ਦਿਨ ਬੈਂਕ ਵਾਲੇ ਨਿਲਾਮੀ ਕਰਨ ਆ ਸਕਦੇ ਸੀ। ਇਸ ਸਭ ਵਿੱਚ ਕਿਤੇ ਨਾ ਕਿਤੇ ਉਹਦੇ ਤਾਏ ਦਾ ਵੀ ਹਿੱਸਾ ਸੀ। ਚਿਰਾਂ ਤੋਂ ਹੀ ਉਹਨਾਂ ਦੀ ਜ਼ਮੀਨ ਤੇ ਨਿਗ੍ਹਾ ਸੀ।ਅੜ੍ਹਦੇ ਥੁੜ੍ਹਦੇ ਪੈਸੇ ਉਸ ਕੋਲੋਂ ਹੀ ਫੜਿਆ ਕਰਦੇ ਸੀ। “ਹੋਵੇ ਨਾ ਹੋਵੇ ਬਾਪੂ ਨੂੰ ਬੈਂਕ ਦੇ ਕਰਜ਼ੇ ਦੀ ਸਲਾਹ ਤਾਏ ਨੇ ਹੀ ਦਿੱਤੀ ਹੋਵੇਗੀ” । ਮਨਜੀਤ ਪੂਰੀ ਗੰਭੀਰ ਸੀ।”ਹੁਣ ਕੀ ਕਰ ਸਕਦੇਂ ਆਂ, ਜੋ ਹੋਇਆ ਉਹ ਤਾਂ ਹੋਣਾ ਹੀ ਸੀ, ਹੁਣ ਕੋਸ਼ਿਸ਼ ਕਰੋ ਕਿ ਜ਼ਮੀਨ ਬਚ ਜਾਏ””ਹੁਣ ਦੇਖਣਾ ਹੀ ਪੈਣਾ, ਖੌਰੇ ਇੱਕ ਦੋ ਕੀਲੇ ਵੇਚਣੇ ਹੀ ਪੈਣ , ਉਸ ਮਗਰੋਂ ਹੀ ਬੈਂਕ ਤਾਏ ਤੇ ਆੜ੍ਹਤੀਆਂ ਦਾ ਹਿਸਾਬ ਮੁੱਕੇਗਾ। ” “ਫ਼ਿਰ ਪਿੱਛੇ ਜੀਤੇ ਲਈ ਕੀ ਬਚੂ ?””ਇਹੋ ਸੋਚ ਕੇ ਤਾਂ ਦਿਲ ਦੁਖਦਾ , ਬਚਦੇ ਤਿੰਨ ਵਿਚੋਂ ਤਾਂ ਇੱਕ ਡੰਗ ਦੀ ਰੋਟੀ ਵੀ ਨਹੀਂ ਮਿਲਣੀ, ਤੇ ਤਿੰਨ ਕਿਲ੍ਹਿਆ ਨੂੰ ਕੌਣ ਸਾਕ ਕਰੂ, ਉੱਪਰੋਂ ਮੇਰੇ ਵਿਆਹ ਤੇ ਵੀ ਮਾਂ ਦੇ ਕਿੰਨੇ ਚਾਅ ਤੇ ਸੁਪਨੇ ਨੇ “।”ਤੇਰਾ ਵਿਆਹ ਕਿ ਆਪਣਾ ਵਿਆਹ ?”ਛਿੰਦੇ ਨੇ ਉਹਦੇ ਹੱਥ ਤੇ ਪੋਲਾ ਧੱਫਾ ਮਾਰਕੇ ਅੱਖਾਂ ਚ ਪਿਆਰ ਨਾਲ ਘੂਰਦੇ ਹੋਏ ਕਿਹਾ।”ਆਪਣੇ ਹੀ ” ਕੁਝ ਪਲਾਂ ਲਈ ਮਨਜੀਤ ਦੀਆਂ ਅੱਖਾਂ ਚਮਕ ਉੱਠੀਆਂ ਸੀ। ਕਿੰਨੇ ਰੰਗੀਨ ਸੁਪਨੇ ਉਹਦੀਆਂ ਅੱਖਾਂ ਚ ਤੈਰਨ ਲੱਗੇ ਸੀ।”ਮੈਂ ਪਹਿਲਾਂ ਹੀ ਕਿਹਾ ਆਪਣਾ ਵਿਆਹ ਜਮਾਂ ਸਾਦਾ ਹੋਊ ,ਕੀ ਹੋਇਆ ਜੇ ਪਿੰਡਾਂ ਵਿੱਚੋਂ “ਬਾਬਿਆਂ ” ਦਾ ਡਰ ਖ਼ਤਮ ਹੋ ਗਿਆ, ਪਰ ਮੈਂ “ਬਾਬਿਆਂ” ਕਰਕੇ ਨਹੀਂ ਆਖਦਾ ਪਰ ਆਪਾਂ ਨੇ ਆਪਣਾ ਵਿਆਹ ਸਾਦਾ ਕਰਵਾ ਕੇ ਇੱਕ ਮਿਸਾਲ ਬਣਨਾ, ਇਸ ਲਈ ਤੇਰੇ ਮੇਰੇ ਵਿਆਹ ਤੇ ਪੰਝੀ ਰੁਪਏ ਤੋਂ ਵੱਧ ਦਾ ਖਰਚ ਨਹੀਂ ਹੋਊ” ਛਿੰਦੇ ਨੇ ਮੋੜਵਾਂ ਉੱਤਰ ਦਿੱਤਾ।ਜਦੋਂ ਵੀ ਉਹ ਆਪਣੇ ਵਿਆਹ ਦੀ ਗੱਲ ਕਰਦੇ ਤਾਂ ਮਨਜੀਤ ਕਿੰਨੇ ਹੀ ਸੁਹਾਵਣੇ ਸੁਪਨਿਆਂ ਵਿੱਚ ਖੋ ਜਾਂਦੀ। ਆਪਣੀ ਕਿਸਮਤ ਤੇ ਉਹਨੂੰ ਨਾਜ਼ ਹੁੰਦਾ ਕਿ ਉਹਨੂੰ ਰੱਬ ਨੇ ਐਨਾ ਸੂਝਵਾਨ ਤੇ ਏਨਾ ਟੁੱਟ ਕੇ ਚਾਹੁਣ ਵਾਲਾ ਜੀਵਨ ਸਾਥੀ ਮਿਲਿਆ। ਕਦੇ ਕਦੇ ਆਪਣੇ ਇਸ਼ਕ ਦਾ ਇਹ ਚਾਰ ਸਾਲ ਦਾ ਕਿੱਸਾ ਕਿਸੇ ਪਰੀ ਕਹਾਣੀ ਵਰਗਾ ਲਗਦਾ।ਜਿਸਨੂੰ ਉਹ ਜਿਵੇਂ ਚਾਹ ਰਹੇ ਸੀ ਜੀਅ ਰਹੇ ਸੀ। ਆਪਣੇ ਹਿੱਸੇ ਨਾਲ ਮੋੜ ਰਹੇ ਸੀ।”ਬਾਕੀ ਜੇ ਕੋਈ ਮੇਰੀ ਕਿਸੇ ਕੰਮ ਚ ਜਰੂਰਤ ਹੋਈ ਤਾਂ ਦੱਸੀਂ, ਕਈ ਯਾਰ ਬੇਲੀ ਜਾਣਦੇ ਹਨ ਇਸ ਕੰਮ ਦੇ ਮਾਹਿਰ,ਜਰੂਰ ਮਦਦ ਕਰਨਗੇ।”ਕਾਲਜ਼ ਦੀ ਵੈਨ ਦੂਰੋਂ ਹੀ ਪਾਂ ਪਾਂ ਵਜਾ ਕੇ ਕੁੜੀਆਂ ਨੂੰ ਬੁਲਾ ਰਹੀ ਸੀ।”ਅਗਲੇ ਹਫ਼ਤੇ ਇੱਕੋ ਦਿਨ ਆਉਣਾ ਤੇ ਉਸ ਮਗਰੋਂ ਛੁੱਟੀਆਂ,ਸੋਚ ਰਹੀ ਆ ਨਾ ਆਵਾਂ ਕਾਲਜ”।ਮਨਜੀਤ ਨੇ ਕਿਹਾ।”ਨਹੀਂ ਆ ਜਾਵੀਂ, ਆਪਾਂ ਕਾਲਜ਼ ਤੋਂ ਬਾਹਰ ਮਿਲ ਲਵਾਂਗੇ,ਨਾਲੇ ਤੇਰਾ ਲਹਿਜ਼ਾ ਬਦਲ ਜਾਏਗਾ ,ਨਾਲੇ ਛੁੱਟੀਆਂ ਆਸਾਨੀ ਨਾਲ ਗੁਜ਼ਰ ਜਾਣਗੀਆਂ।” ਛਿੰਦੇ ਨੇ ਕਿਹਾ।ਮਨਜੀਤ ਉਸਦੀ ਗੱਲ ਸੁਣ ਕੇ ਬੁੱਲਾਂ ਨੂੰ ਘੁੱਟ ਕੇ ਹੱਸੀ। “ਜਨਾਬ ਇਹ ਬਾਹਰ ਮਿਲਣ ਦੀ ਫਰਮਾਇਸ਼ ਦਿਨੋਂ ਦਿਨ ਵੱਧ ਨਹੀਂ ਰਹੀ”।”ਬੇਸ਼ਕ, ਤੇਰਾ ਨਸ਼ਾ ਹੀ ਐਸਾ ਕਿ ਹੁਣ ਇਹ ਤੋੜ ਛੇਤੀ ਜਾਗ ਜਾਂਦੀ ਹੈ, ਮੈਂ ਤਾਂ ਆਹਨਾ ਕੀ ਰਖਿਆ ਇਹਨਾਂ ਪੜ੍ਹਾਈਆਂ ਚ ਐਸ ਸਿਆਲ ਆਪਾਂ ਵਿਆਹ ਕਰਵਾ ਹੀ ਲੈਂਦੇ ਆਂ”.ਛਿੰਦੇ ਨੇ ਕਿਹਾ।”ਨਹੀਂ ਹਲੇ ਨਹੀਂ , ਇੱਕ ਵਾਰ ਬੀਐੱਡ ਪੂਰੀ ਹੋਜੇ, ਆਪਾਂ ਦੋਵੇਂ ਜੌਬ ਚ ਆਈਏ ,ਫਿਰ ਹੀ ਕੁਝ ਕਰਵਾਈਏ,ਭੋਰਾ ਭਰ ਜ਼ਮੀਨ ਉੱਤੇ ਤੇਰੇ ਬਾਪੂ ਦੀ ਐਡੀ ਕਬੀਲਦਾਰੀ , ਸਾਰੀ ਉਮਰ ਰੋਟੀ ਕਿਵੇਂ ਖਾਵਾਂਗੇ ?” ਮਨਜੀਤ ਨੇ ਸਿਆਣੀ ਗੱਲ ਕੀਤੀ।”ਚੱਲ ਜਾ ਮਾਰਕਸ ਦੀ ਚੇਲੀਏ ਤੇਰੀ ਸਵਾਰੀ ਤੈਨੂੰ ਉਡੀਕ ਰਹੀ ਏ , ਪਰਸੋਂ ਸਵੇਰ ਪਰਮ ਦੇ ਘਰ ਦੇ ਬਾਹਰ ਮਿਲਾਗਾਂ।” ਛਿੰਦੇ ਨੇ ਉਹਦੇ ਸਾਹਮਣੇ ਦੋਵੇ ਹੱਥ ਜੋੜ ਕੇ ਨਮਸਕਾਰ ਕੀਤਾ।ਕਾਲਜ਼ ਚ ਸਭ ਉਹਨਾਂ ਵੱਲ ਝਾਕ ਰਹੇ ਸੀ।ਹਰ ਇੱਕ ਨੂੰ ਉਹਨਾਂ ਦੀ ਪ੍ਰੇਮ ਕਹਾਣੀ ਦਾ ਪਤਾ ਸੀ। ਦੋਵਾਂ ਨੂੰ ਇਹ ਹਸਮੁੱਖ ਜੋੜੀ, ਐਨੀਂ ਚੰਗੀ ਲਗਦੀ ਸੀ ਕਿ ਸਭ ਦੇ ਦਿਲ ਚ ਸਤਿਕਾਰ ਸੀ।ਇਸ਼ਕ ਇਮਾਨਦਾਰ ਹੋਏ ਤਾਂ ਬੇਈਮਾਨ ਲੋਕ ਵੀ ਚੁੱਪ ਕਰ ਜਾਂਦੇ ਹਨ।ਮਨਜੀਤ ਵੈਨ ਚ ਚੜ੍ਹਨ ਵਾਲੀ ਆਖਿਰੀ ਕੁੜੀ ਸੀ। ਸਭ ਤੋਂ ਪਿਛਲੀਆਂ ਸੀਟਾਂ ਵਿਚੋਂ ਇੱਕ ਉੱਤੇ ਉਹ ਜਾ ਬੈਠੀ।ਸ਼ਿੰਦਰਪਾਲ ਉਰਫ਼ ਛਿੰਦਾ ਉਸਨੂੰ ਕਾਲਜ਼ ਦੇ ਪਹਿਲੇ ਦਿਨ ਹੀ ਮਿਲਿਆ ਸੀ।ਦੋਵਾਂ ਨੇ ਐਡਮਿਸ਼ਨ ਕੱਠਿਆ ਹੀ ਕਰਵਾਈ ਸੀ। ਕੋ-ਐਡ ਕਾਲਜ਼ ਸੀ। ਉਹ ਹੁਣ ਤੱਕ ਕੁੜੀਆਂ ਦੇ ਸਕੂਲ ਵਿੱਚ ਹੀ ਪੜ੍ਹੀ ਸੀ। ਪਰ ਛਿੰਦੇ ਦੀ ਮਿਲਣੀ ਤੋਂ ਉਹਨੂੰ ਇੱਕ ਦਮ ਇਹ ਲੱਗਾ ਕਿ ਉਹ ਉਹਨੇ ਮੁੰਡਿਆਂ ਬਾਰੇ ਜੋ ਹੁਣ ਤਾਂਈ ਸੁਣਿਆ ਸੀ ਉਹ ਗਲਤ ਸੀ। ਕੁਝ ਕੁ ਦਿਨਾਂ ਦੀ ਮੁਲਾਕਾਤ ਨੇ ਹੀ ਉਹਦੇ ਦਿਲ ਵਿੱਚੋਂ ਕਿੰਨੇ ਹੀ ਭਰਮ ਕੱਢ ਦਿੱਤੇ ਸੀ। ਫਿਰ ਉਹ ਹੌਲੀ ਹੌਲੀ ਦੋਸਤ ਬਣ ਗਏ। ਕਦੋਂ ਦੋਸਤੀ ਤੋਂ ਪਿਆਰ ਦੀ ਲਕੀਰ ਲੰਘੀ ਕੁਝ ਪਤਾ ਨਾ ਲੱਗਾ।ਕਾਲਜ਼ ਦੇ ਤਿੰਨ ਸਾਲ ਪਤਾ ਨਹੀਂ ਕਿਵੇਂ ਲੰਘ ਗਏ।ਉਹ ਵੀ ਉਦੋਂ ਜਦੋਂ ਉਹਨਾਂ ਦੀ ਮੁਲਾਕਾਤ ਕਲਾਸਰੂਮ,ਲਾਇਬਰੇਰੀ,ਕੰਟੀਨ ਜਾਂ ਕਾਲਜ਼ ਦੇ ਬੈਂਚਾਂ ਤੱਕ ਸੀਮਤ ਸੀ। ਛੋਹਣ ਦੀ ਗੱਲ ਮਹਿਜ਼ ਅਸਲ ਚ ਹੱਥ ਪਕੜਨ ਤੱਕ ਸੀ ਜਾਂ ਖਤਾਂ ਰਾਂਹੀ ਇੱਕ ਕਾਲਪਨਿਕ ਰੁਮਾਂਸ ਤੱਕ । ਵੱਧ ਤੋਂ ਵੱਧ ਕਾਲਜ਼ ਚ ਚੋਰੀ ਪੜ੍ਹੀਆਂ ਜਾਂਦੀਆਂ ਕਿਤਾਬਾਂ ਦੇ ਕੁਝ ਪੇਜ਼ ਇੱਕ ਦੂਸਰੇ ਨੂੰ ਨਾਮ ਕਰਨ ਤੱਕ। ਤਿੰਨ ਸਾਲ ਮਗਰੋਂ ਉਹ ਚਾਹੁੰਦੇ ਸੀ ਕਿ ਵਿਆਹ ਕਰਵਾ ਲੈਣ। ਪਰ ਦੋਵੇਂ ਇੱਕੋ ਜਾਤ ਦੇ ਹੋਣ ਦੇ ਬਾਵਜੂਦ ਪਰਿਵਾਰਕ ਜਿੰਮੇਵਾਰੀ ਨੂੰ ਵੀ ਸਮਝਦੇ ਸੀ। ਇਹ ਇਕ ਅਟੱਲ ਸੱਚ ਹੈ ਜਿਹੜਾ ਵੀ ਆਪਣੀ ਜਿੰਮੇਵਾਰੀ ਸਮਝਦਾ ਸਮਾਂ ਉਹਦੇ ਅੱਗੇ ਹਾਲਾਤ ਮੁਸ਼ਕਿਲ ਪੈਦਾ ਕਰਦਾ ਹੀ ਕਰਦਾ। ਕੋਈ ਹੋਰ ਜਜ਼ਬਾਤਾਂ ਚ ਬੰਨ੍ਹਿਆ ਜੋੜਾ ਹੁੰਦਾ ਤਾਂ ਵਿਆਹ ਕਰਵਾ ਲੈਂਦਾ। ਘਰਦੇ ਨਾ ਮੰਨਦੇ ਚੋਰੀਓ ਕਰਵਾ ਲੈਦਾ। ਆਸ ਪਾਸ ਹੁੰਦੇ ਵਿਆਹਾਂ ਦਾ ਵੇਖਿਆ ਸੀ ਸਫ਼ਲ ਨਹੀਂ ਹੁੰਦੇ। ਕਾਰਨ ਇੱਕੋ ਕਿ ਪਿਆਰ ਵਾਧੂ ਹੁੰਦਾ ਪਰ ਵਿਆਹ ਦੀ ਗੱਡੀ ਨੂੰ ਪੈਸੇ ਨਾਲ ਤੋਰਨ ਦੀ ਹਿੰਮਤ ਨਾ ਹੁੰਦੀ।ਇਸ ਲਈ ਦੋਵਾਂ ਨੇ ਕਿਸੇ ਤਰੀਕੇ ਘਰਦਿਆਂ ਨੂੰ ਮਨਾ ਕੇ ਬੀਐਡ ਕਰਨ ਦੀ ਸੋਚੀ। ਪੰਜਾਬ ਚ ਨਵੇਂ ਬਦਲ ਰਹੇ ਹਾਲਤਾਂ ਚ ਸਰਕਾਰ ਸਕੂਲਾਂ ਨੂੰ ਮੁੜ ਲੀਹ ਤੇ ਲਿਆ ਰਹੀ ਸੀ। ਆਉਣ ਵਾਲੇ ਸਾਲਾਂ ਵਿੱਚ ਭਰਤੀਆਂ ਨਿੱਕਲਣ ਦੇ ਆਸਾਰ ਸੀ। ਸੋਚਦੇ ਸੀ ਦੋਵੇਂ ਟੀਚਰ ਲੱਗੇ ਆਪਣੇ ਜੋਗੇ ਹੋ ਹੀ ਜਾਣਗੇ।ਘਰ ਦੇ ਹਾਲਾਤ ਦਿਨੋ ਦਿਨ ਦੋਵਾਂ ਦੇ ਨਿੱਘਰ ਰਹੇ ਸੀ। ਛਿੰਦੇ ਉੱਤੇ ਦਬਾਅ ਸੀ ਕਿ ਉਹ ਸਕੇ ਤਾਏ ਦੇ ਸੱਦੇ ਤੇ ਜਰਮਨੀ ਚਲਾ ਜਾਏ।ਕੁਝ ਵਰ੍ਹੇ ਰਿਫਊਜੀ ਕੱਟ ਕੇ ਪੱਕਾ ਹੋਏ ਤਾਂ ਬਾਪੂ ਦੀ ਵੱਡੀ ਕਬੀਲਦਾਰੀ ਨਜੀਠੀ ਜਾਏ। ਉਹ ਰੁਕਿਆ ਸਿਰਫ ਮਨਜੀਤ ਲਈ ਸੀ। ਮਨਜੀਤ ਸ਼ੁਰੂ ਤੋਂ ਹੁਸ਼ਿਆਰ ਸੀ ਘਰਦਿਆਂ ਨੂੰ ਵੀ ਜਾਪਦਾ ਦੀ ਜੇ ਕਿਧਰੇ ਹੀਲੇ ਲੱਗ ਗਈ ਤਾਂ ਜਰੂਰ ਘਰ ਦੀ ਕਬੀਲਦਾਰੀ ਤੇ ਚੜ੍ਹੇ ਕਰਜ਼ ਨੂੰ ਉਤਾਰ ਸਕਦੀ ਹੈ।ਜਿੰਮੇਵਾਰੀ ਦੇ ਇਸ ਬੋਝ ਥੱਲੇ ਦੋਵੇ ਆਪਣੇ ਇਸ਼ਕ ਦੀ ਕਹਾਣੀ ਨੂੰ ਸਿਰੇ ਚੜ੍ਹਾਣ ਲਈ ਹਰ ਕਦਮ ਫੂਕ ਫੂਕ ਧਰ ਰਹੇ ਸੀ। ਨਾ ਤਾਂ ਜਿੰਮੇਵਾਰੀ ਤੋਂ ਭੱਜਣਾ ਚਾਹੁੰਦੇ ਸੀ ਤੇ ਨਾ ਹੀ ਪਰਿਵਾਰ ਦੀ ਖਿਲਾਫਤ ਕਰਨਾ ਚਾਹੁੰਦੇ ਸੀ।ਬੀਐਡ ਚ ਹੁੰਦੇ ਹੀ ਦੋਵਾਂ ਕੋਲ ਕਾਫ਼ੀ ਖੁੱਲ੍ਹ ਹੋ ਗਈ ਸੀ, ਇੱਕ ਤਾਂ ਕਾਲਜ਼ ਤੋਂ ਬਾਹਰ ਦਾ ਮਿਲਣਾ ਉੱਪਰੋਂ ਘੁੰਮਣਾ ਤੇ ਟੂਰ , ਸਕੂਲਾਂ ਚ ਮੌਕ ਕਲਾਸਾਂ ਸਭ ਕਰਦੇ ਕਰਦੇ ਉਹ ਇੰਝ ਹੀ ਵਿਚਰਦੇ ਸੀ ਜਿਵੇਂ ਜੀਵਨਸਾਥੀ ਹੋ ਚੁੱਕੇ ਹੋਣ।ਜਦੋਂ ਵੀ ਉਹਨਾਂ ਕਾਲਜ ਦੇ ਬਾਹਰ ਮਿਲਣਾ ਹੁੰਦਾ ਤਾਂ ਉਹ ਇੰਝ ਹੀ ਪਰਮਜੀਤ ਦੇ ਘਰ ਉੱਤਰਦੀ ਤੇ ਓਥੋਂ ਹੀ ਬਾਹਰੋਂ ਨਿੱਕਲ ਜਾਂਦੇ। ਜਦੋਂ ਉਮਰਾਂ ਦੇ ਵਾਅਦੇ ਹੋ ਹੀ ਗਏ ਤਾਂ ਬਾਕੀ ਸਭ ਉਹਨਾਂ ਨੂੰ ਇੰਝ ਲਗਦਾ ਜਿਵੇਂ ਬੱਸ ਇੱਕ ਸਮਾਜ ਦੀ ਮੋਹਰ ਹੀ ਲੱਗਣੀ ਏ। ਜਿਹੜੀ ਛਿੰਦਾ ਹਮੇਸ਼ਾ ਆਖਦਾ ਕਿ ਸਿਰਫ ਪੰਜ ਬੰਦੇ ਆਪਣੇ ਵਿਆਹ ਦੇ ਗਵਾਹ ਹੋਣਗੇ। ਇੱਕ ਪੈਸੇ ਦਾ ਵੀ ਵਾਧੂ ਖਰਚ ਨਹੀਂ ਕਰਨਾ। ਕਿੰਨੀ ਵਧੀਆ ਸੋਚ ਦਾ ਮਾਲਿਕ ਹੈ..ਉਹਦਾ ਦਿਲ ਉਸ ਲਈ ਮਣਾ ਮੂੰਹੀ ਪਿਆਰ ਨਾਲ ਭਰ ਜਾਂਦਾ। ਘਰ ਪਹੁੰਚਦੇ 6 ਵੱਜਣ ਵਾਲੇ ਹੋ ਜਾਂਦੇ ਸੀ । ਸਭ ਤੋਂ ਬਾਅਦ ਵੈਨ ਉਸਦੇ ਪਿੰਡ ਹੀ ਜਾਂਦੀ ਸੀ। ਉਹ ਉਤਰਦੀ ਤਾਂ ਤੁਰਕੇ ਘਰ ਤੱਕ ਜਾਂਦੀ।ਇੱਕ ਘਰੋਂ ਆਵਾਜ਼ ਆਈ,” ਛੇ ਵੱਜ ਗਏ ,ਦੇਖ ਕੁੜੀ ਕਾਲਜ਼ ਤੋਂ ਆਗੀ “. ਕਦੀ ਉਹ ਘਰ ਲੇਟ ਨਹੀਂ ਸੀ ਆਈ, ਪਤਾ ਨਹੀਂ ਉਸ ਘਰ ਵਾਲਿਆਂ ਨੇ ਉਹਨੂੰ ਹੀ ਘੜੀ ਸਮਝ ਰਖਿਆ ਸੀ। ਘਰ ਪਹੁੰਚੀ ਤਾਂ ਮਾਂ ਚੁੱਲ੍ਹੇ ਤੇ ਕੁਝ ਬਣਾ ਰਹੀ ਸੀ। ਬਾਪੂ ਕੋਲ ਕੋਈ ਉਸਦੀ ਉਮਰ ਦਾ ਹੀ ਸਖਸ਼ ਬੈਠਾ ਸੀ। “ਲੈ ਭਾਈ,ਕੁੜੀ ਦੀ ਗੱਲ ਕਰਦੇ ਸੀ ਕੁੜੀ ਆ ਗਈ, ਬੜੀ ਲੰਮੀ ਉਮਰ ਆ ਜਸਵੰਤ ਸਿਆਂ ਟਰੀ ਧੀ ਦੀ।” ਆਪਣੀ ਇਸ ਬਿਨਾਂ ਗੱਲੋਂ ਉਡੀਕ ਤੇ ਉਹਦਾ ਮੱਥਾ ਠਣਕਿਆ।ਉਹਨੇ ਕਿਤਾਬਾਂ ਰੱਖ ਕੇ ਬਜ਼ੁਰਗ ਦੇ ਪੈਰੀਂ ਹੱਥ ਲਾਏ। ਤੇ ਬਾਹਰ ਚੁੱਲ੍ਹੇ ਕੋਲ ਆ ਕੇ ਬੇਬੇ ਕੋਲ ਬੈਠ ਗਈ। ਬੇਬੇ ਦੇ ਚਿਹਰੇ ਤੇ ਵੀ ਕੋਈ ਅਣਜਾਣੀ ਜਿਹੀ ਖੁਸ਼ੀ ਸੀ, ਲੜਾਈ ਤੇ ਬਾਪੂ ਦੀ ਸੱਟ ਤੋਂ ਮਗਰੋਂ ਇੰਝ ਦੀ ਖੁਸ਼ੀ ਵੇਖ ਉਹਨੂੰ ਇੱਕ ਅਜ਼ੀਬ ਜਿਹੀ ਧੁਕਧੁਕੀ ਹੋਈ ।

ਗੱਜਣ ਸਿੰਘ ਉੱਤੇ ਬੜੀ ਭਾਰੀ ਕਬੀਲਦਾਰੀ ਸੀ, ਘਰ ਵਿੱਚ ਸਭ ਤੋਂ ਵੱਡਾ ਉਹੀ ਸੀ। ਉਹਦੇ ਖੁਦ ਦੇ ਵਿਆਹ ਤੋਂ ਬਿਨਾਂ ਵੱਡੀਆਂ ਭੈਣਾਂ ਦਾ ਵਿਆਹ, ਨਿੱਕੇ ਭਰਾਵਾਂ ਦੇ ਵਿਆਹ, ਮਗਰੋਂ ਬੁੱਢਾ ਬੁੱਢੀ ਦੇ ਹੰਗਾਮੇ ਉਹਨੇ ਸਰੀਰ ਝੋਕ ਕੇ ਮਿਹਨਤ ਕੀਤੀ। ਸਾਰੀ ਕਬੀਲਦਾਰੀ ਨਜਿੱਠ ਲਈ।ਭਰਾ ਅੱਡ ਹੋ ਗਏ , ਜ਼ਮੀਨ ਦੇ ਹਿੱਸੇ ਹੁੰਦੇ ਚਲੇ ਗਏ। ਲੈਣ ਦੇਣ ਸਾਰਾ ਉਹਦੇ ਕੱਲੇ ਸਿਰ ਮੜ੍ਹਿਆ ਗਿਆ।ਜਦੋਂ ਵੰਡ ਹੋਗੀ ਫਿਰ ਕਿਹਨੇ ਹੱਥ ਧਰਾਉਣਾ ਸੀ। ਉਦੋਂ ਵਿਆਜੂ ਪੈਸਾ ਵਧਦਾ ਗਿਆ। ਉਹਦੇ ਆਪਣੇ ਡਿਓ ਜੁਆਕ ਸੀ, ਕੁੜੀ ਮਨਜੀਤ ਤੇ ਮੁੰਡਾ ਬਲਵੰਤ । ਉਹਨੂੰ ਸੀ ਖੇਤੀ ਚ ਬਚਿਆ ਕੀ ਏ ਕਬੀਲਦਾਰੀ ਨਜਿੱਠ ਹੋ ਗਈ ਉਹੀ ਬਹੁਤ ਹੈ,ਦੋਵੇਂ ਪੜ੍ਹ ਲਿਖ ਕਿਧਰੇ ਸੈੱਟ ਹੋ ਜਾਣ, ਰਹਿੰਦੀ ਜ਼ਮੀਨ ਵਿਚੋਂ ਐਨਾ ਹੀ ਹੋ ਜਾਏ,ਵਾਧੂ ਹੋ ਜਾਊ।ਇਸ ਲਈ ਉਹਨੇ ਮਨਜੀਤ ਤੇ ਬਲਵੰਤ ਨੂੰ ਪੜ੍ਹਾਈ ਤੋਂ। ਬਿਨਾਂ ਕਿਸੇ ਹੋਰ ਕੰਮ ਚ ਨਾ ਲਾਇਆ। ਆਪਣੇ ਲੈਣ ਦੇਣ ਮੁਕਾਉਂਦਾ ਰਿਹਾ। ਪਰ ਫ਼ਿਰ ਉਹਦੇ ਚਾਚੇ ਦੇ ਮੁੰਡੇ ਨੇ ਹਰਬੰਸ ਨੇ ਅਚਾਨਕ ਹੀ ਪੈਸੇ ਲੈਣ ਦੀ ਮੰਗ ਰੱਖ ਦਿੱਤੀ ।ਉਹਨੂੰ ਕੋਈ ਰਾਹ ਨਾ ਸੁੱਝੇ ਨਾ ਪੈਸੇ ਸੀ ਨਾ ਜਮਾਂਪੂੰਝੀ।ਫਿਰ ਹਰਬੰਸ ਨੇ ਹੀ ਬੈਂਕ ਤੋਂ ਕਰਜ਼ਾ ਲੈਣ ਦੀ ਸਲਾਹ ਦਿੱਤੀ।ਬੈਂਕ ਹੁਣ ਕਰਜ਼ਾ ਲਾਹੁਣ ਲਈ ਕਰਜ਼ਾ ਤਾਂ ਦੇਣੋਂ ਰਿਹਾ।ਉਹਨਾਂ ਕਾਰ ਖਰੀਦ ਲਈ, ਮਗਰੋਂ ਲਿਜਾ ਕੇ ਕਾਰ ਨੂੰ ਘਾਟੇ ਵਿੱਚ ਵੇਚ ਵੱਟ ਕੇ ਪੈਸੇ ਲਾਹ ਦਿੱਤੇ।ਬਹੁਤਾ ਕਰਜ਼ ਉੱਤਰ ਗਿਆ ਥੋੜਾ ਰਹਿ ਗਿਆ।ਆੜਤੀਆਂ ਤੇ ਸਹਿਕਾਰੀ ਲਿਮਟ ਹਲੇ ਵੀ ਖੜ੍ਹੀ ਸੀ, ਫਸਲ ਵਿਚੋਂ ਤਾਂ ਇਹੋ ਨਾ ਭੁਗਤਦੇ ਫਿਰ ਘਰਦਾ ਖਰਚ ਅਲੱਗ, ਫਿਰ ਕਾਰ ਵਾਲੀਆਂ ਕਿਸ਼ਤਾਂ ਟੁੱਟਣ ਲੱਗੀਆਂ। ਘਰ ਗੱਲ ਉਦੋਂ ਖੁੱਲ੍ਹੀ ਜਦੋਂ ਬੈਂਕ ਵਾਲੇ ਕਿਸ਼ਤਾਂ ਲਈ ਘਰ ਗੇੜੇ ਮਾਰਨ ਲੱਗੇ। ਗਵਾਹੀ ਹਰਬੰਸ ਦੀ ਹੀ ਸੀ ਇਸ ਲਈ ਨਾਲ ਉਹਨੂੰ ਘੜੀਸਦੇ। ਇਸ ਗੱਲੋਂ ਹੀ ਲੜਾਈ ਹੋਈ ਤੇ ਗੱਜਣ ਦੇ ਸੱਟਾਂ ਲੱਗੀਆਂ।ਸੱਟਾਂ ਦੀ ਖਬਰ ਦਾ ਬਹਾਨਾ ਸੀ ਹੁਣ ਬਹੁਤੇ ਲੋਕ ਉਹਦੀ ਟੁੱਟੀ ਹਾਲਾਤ ਸਮਝ ਗਏ ਸੀ।ਆਨੀ ਬਹਾਨੀ ਸ਼ਰੀਕ ਤੇ ਮੋਹਰਤਬ ਬੰਦੇ ਇਹੋ ਸੂਹਾਂ ਲੈਣ ਆਉਂਦੇ ਸੀ ਬਈ ਜੇ ਰਹਿੰਦੀ ਜਮੀਨੇ ਉਹ ਵੇਚਦਾ ਕਿ ਨਹੀਂ।ਜਦੋਂ ਵੀ ਸ਼ਰੀਕ ਵਿਹੜੇ ਪੈਰ ਪਾਉਂਦਾ ਗੱਜਣ ਦਾ ਦਿਲ ਡੁੱਬ ਜਾਂਦਾ ਜਿਵੇਂ ਕੋਈ ਉਹਦੀ ਜ਼ਮੀਨ ਨੂੰ ਜਰੀਬ ਨਾਲ ਮਿਣਦਾ ਫਿਰਦਾ ਹੋਵੇ। ਲੋਕੀਂ ਲੱਖ ਚੰਗੇ ਬਣਨ ਧਰਮੀ ਦਿਸਣ ਤੂਫ਼ਾਨ ਦੇ ਝੰਬੇ ਰੁੱਖ ਦੀ ਡਿੱਗਣ ਦੀ ਆਸ ਚ ਇੱਲ੍ਹਾਂ ਵਾਂਗ ਮੰਡਰਾਉਂਦੇ ਹਨ ਤੇ ਡਿੱਗਣ ਮਗਰੋਂ ਗਿਰਝਾਂ ਵਾਂਗ ਝਪਟਦੇ ਹਨ।ਇਸੇ ਸ਼ਰਮ ਦੇ ਮਾਰੇ ਆਰਥਿਕ ਪੱਖੋਂ ਟੁੱਟੇ ਲੋਕ ਜ਼ਮੀਨ ਜਾਇਦਾਦ ਦਾ ਵਧੀਆ ਮੁੱਲ ਵੱਟਣ ਦੀ ਬਜਾਏ ਭੋਰ ਭੋਰ ਕਿਸੇ ਇੱਕ ਪਾਸੋਂ ਅੱਧ ਪਚੱਦ ਚ ਵੇਚ ਦਿੰਦੇ ਹਨ।ਵੇਚਣ ਦਾ ਫ਼ੈਸਲਾ ਉਹਨੇ ਅੱਜ ਕਰ ਲਿਆ ਸੀ। ਤਿੰਨ ਕਿਲ੍ਹੇ ਵੇਚਣ ਮਗਰੋਂ ਉਹਦਾ ਸਾਰਾ ਹਿਸਾਬ ਕਿਤਾਬ ਭੁਗਤਦਾ ਸੀ। ਹੁਣ ਦੁੱਖ ਇਹੋ ਸੀ ਕਿ ਦੋ ਕਿਲ੍ਹਿਆ ਦੀ ਕਮਾਈ ਵਿੱਚੋ ਵਿਆਹ ਕਿਵੇਂ ਕਰੂ, ਉਹਦੇ ਦਿਲ ਨੂੰ ਪਤਾ ਸੀ ਕਿ ਅੱਜ ਨਹੀਂ ਤਾਂ ਕੱਲ੍ਹ ਇਹ ਵੀ ਵਿਕਣਗੇ ਹੀ ! ਸ਼ਾਮ ਹੁੰਦੇ ਜਦੋਂ ਬਚਿੱਤਰ ਸਿਉਂ ਉਹਦੀ ਖ਼ਬਰ ਲੈਣ ਆਇਆ ਤਾਂ ਗੱਲਾਂ ਗੱਲਾਂ ਚ ਹੀ ਇੰਝ ਲੱਗਾ ਜਿਵੇਂ ਰੱਬ ਨੇ ਜੇ ਇੱਕ ਬੂਹਾ ਬੰਦ ਕੀਤਾ ਤਾਂ ਕਈ ਹੋਰ ਖੋਲ੍ਹ ਦਿੱਤੇ।ਜਦੋਂ ਮਨਜੀਤ ਆਈ ਤਾਂ ਬਚਿੱਤਰ ਸਿਉਂ ਹੀ ਗੱਜਣ ਕੋਲ ਬੈਠਾ ਸੀ। ਦੋਹਵੇਂ ਉਸੇ ਦੀਆਂ ਗੱਲਾਂ ਕਰਦੇ ਸੀ। ਬਚਿੱਤਰ ਤੇ ਗੱਜਣ ਦਾ ਆੜ੍ਹਤੀਆ ਸਾਂਝਾ ਸੀ। ਕਈ ਸਾਲਾਂ ਤੋਂ ਮੂੰਹ ਮੁਲਾਹਜਾ ਸੀ।ਮੰਡੀ ਫਸਲ ਦੀ ਢੇਰੀ ਕੋਲ ਕੋਲ ਲਾਉਂਦੇ, ਇੰਝ ਕਬੀਲਦਾਰੀ ਦੇ ਭੇਤ ਸਾਂਝੇ ਸੀ।ਬਚਿੱਤਰ ਖੇਤੀ ਤੋਂ ਬਿਨਾਂ ਵਿਚੋਲਾ ਵੀ ਸੀ।ਖੇਤੀ ਨਾਲੋਂ ਵਿਚੋਲਗਿਰੀ ਉਹਨੂੰ ਖਰਾ ਸੌਦਾ ਲਗਦਾ।ਉਹਨੇ ਮਨਜੀਤ ਬਾਰੇ ਸੁਣ ਰੱਖਿਆ ਸੀ। #harjot ਇਹਨਾਂ ਪਿੰਡਾਂ ਵਿੱਚੋਂ ਮਨਜੀਤ ਹੀ ਐਸੀ ਕੁੜੀ ਸੀ ਉਹਨੀਂ ਦਿਨੀ ਜੋ 15-16 ਜਮਾਤਾਂ ਪੜ੍ਹੀ ਸੀ। ਰੰਗ ਰੂਪ ਤੇ ਕੱਦ ਕਾਠੀ ਬਾਰੇ ਵੀ ਉਹਨੂੰ ਪੂਰੀ ਸੂਹ ਸੀ।ਮਨਜੀਤ ਦੀ ਫੋਟੋ ਤਾਂ ਉਹਨੇ ਗੱਜਣ ਕੋਲੋ ਸਾਲ ਤੋਂ ਹੀ ਫੜ੍ਹ ਰੱਖੀ ਸੀ। ਐਨੀਂ ਪੜ੍ਹੀ ਲਿਖੀ ਕੁੜੀ ਲਈ ਮੁੰਡਾ ਲੱਭਣਾ ਕੋਈ ਸੌਖਾ ਨਹੀਂ ਸੀ।ਬਹੁਤੇ ਮੁੰਡੇ ਪੜ੍ਹੇ ਲਿਖੇ ਨਾ ਮਿਲਦੇ , ਵੱਧ ਜ਼ਮੀਨ ਵਾਲੇ ਆਪਣੀ ਜ਼ਮੀਨ ਦੇ ਬਰੋਬਰ ਦਾ ਲੱਭਦੇ ਤਾਂਹੀ ਲੈਣ ਦੇਣ ਜੋਗਾ ਹੁੰਦਾ।ਪਰ ਅਚਾਨਕ ਉਹਨੂੰ ਤਕੜੀ ਅਸਾਮੀ ਮਿਲੀ ਸੀ। ਮੁੰਡਾ ਬਾਹਰੋਂ ਸੀ।ਉਹਦੇ ਜਾਣਕਾਰਾਂ ਵਿੱਚੋ ਸੀ।”ਦੇਖ ਗੱਜਣ ਸਿਆਂ, ਹੈਥੇ ਕੁਝ ਨਹੀਂ ਧਰਿਆ ਹੋਇਆ, ਤੇਰੇ ਬਾਪੂ ਕੋਲ ਟੱਕ ਜਮੀਨ ਦਾ ਸੀ , ਅੱਜ ਤੇਰੇ ਕੋਲ ਡਲੇ ਵੀ ਨਹੀਂ ਬਚੇ , ਕੁੜੀ ਬਾਹਰ ਤੁਰਗੀ,ਮਗਰੋਂ ਤੇਰਾ ਮੁੰਡਾ ਵੀ ਵਗਜੂ ,ਫਿਰ ਚਾਹੇ ਤੂੰ ਬੱਚਿਆਂ ਦੇ ਸਿਰ ਤੇ ਐਧਰ ਸਵਰਗ ਕੱਟੀ ਚਾਹੇ ਓਧਰ।””ਪਰ ਬਾਹਰਲਾ ਰਿਸ਼ਤਾ , ਉਹਨੇ ਸਾਡੇ ਵਰਗੇ ਗਰੀਬਾਂ ਦੇ ਪੈਰ ਕਿੱਥੇ ਲੱਗਣ ਦੇਣੇ ਆ , ਉਹ ਤਾਂ ਚੋਖਾ ਦੇਣ ਲੈਣ ਭਾਲਣਗੇ ਹੀ”.”ਨਾ ਨਾ ਦੇਣ ਲੈਣ ਆਲੀ ਕੋਈ ਗੱਲ ਨਹੀਂ ,ਮੇਰੀ ਸਾਰੀ ਗੱਲ ਖੋਲੀ ਹੋਈ ਆ , ਉਹਨਾਂ ਨੂੰ ਬੱਸ ਕੁੜੀ ਚਾਹੀਦੀ ਆ ,ਖਾਨਦਾਨੀ ਪੜ੍ਹੀ ਲਿਖੀ ਹੋਵੇ ਤੇ ਸੋਹਣੀ ਸੁਨੱਖ, ਬੱਸ ਬਰਾਤ ਚ ਗਿਣਵੇਂ ਬੰਦੇ ਹੋਣਗੇ, ਜਿਹੜਾ ਤੂੰ ਬਰਾਤ ਤੇ ਖਰਚਾ ਕਰਨਾ ਉਹੀ ਆਪਣੀ ਕੁੜੀ ਦੀ ਝੋਲੀ ਪਾਂ ਦੇਵੀ।”ਗੱਜਣ ਆਖਿਰੀ ਗੱਲ ਤੇ ਫ਼ਿਰ ਗੰਭੀਰ ਹੋ ਗਿਆ।”ਪਰ ਕਿੰਨਾ ,ਕੁਝ ਪਤਾ ਤਾਂ ਲੱਗੇ ?”” ਦੇਖ ਮਹਿੰਗਾਈ ਨੇ ਵੱਟ ਕੱਢੇ ਪਏ ਨੇ, ਡੀਜ਼ਲ 15 ਰੁਪਏ ਲੀਟਰ ਹੋਣ ਨੂੰ ਆ,ਉਹਨਾਂ ਨੂੰ ਤਾਂ 2 ਲੱਖ ਤੱਕ ਚੱਕੀ ਫ਼ਿਰਦੇ ਨੇ। ਪਰ ਮੈਂ ਕੁੜੀ ਦੀ ਸ਼ਿਫ਼ਤ ਕੀਤੀ ਤਾਂ ਸਵਾ ਲੱਖ ਤੱਕ ਗੱਲ ਨਿਭੜ ਗਈ।”” ਐਨੇ ਚ ਤਾਂ ਮੇਰੇ ਕੋਲ ਜਿਹੜੇ ਦੋ ਬਚਦੇ ਉਹ ਵੀ ਵਿਕ ਜਾਣਗੇ।” #harjotdikalam ” ਪੂਰਾ ਕੈਸ਼ ਨਾ ਦਿਓ, ਥੋੜਾ ਬਹੁਤਾ ਸੋਨਾ ਪਾ ਦਿਓ 5 ਹਜ਼ਾਰ ਤੋਲਾ ਐਨੇ ਕੁ ਤਾਂ ਧੀ ਲਈ ਜੋੜਿਆ ਹੋਊ , ਬਾਕੀ ਕੱਪੜਾ ਲੀੜਾ ਹੋਜੂ ,ਲੱਖ ਨਕਦ ਦੇ ਦਿਓ, ਇਹ ਵੀ ਸੋਚ ਜੇ ਦੋ ਕਿਲ੍ਹਿਆ ਨਾਲ ਦੋਵਾਂ ਦਾ ਭਵਿੱਖ ਬਣਦਾ ਤਾਂ ਕੀ ਮਾੜਾ। ਇਥੇ ਦੇ ਹਾਲਤਾਂ ਦਾ ਭਰੋਸਾ ਕੀ ਏ ਮੁੜ ਕਦੋਂ ਵਿਗੜ ਜਾਣ,ਇਹ ਤਾਂ ਧੀ ਪੁੱਤ ਲੈਕ ਨੇ ਤੇਰੇ ਦੋਵੇਂ ਵਲੈਤ ਚ ਸੈੱਟ ਹੋ ਜਾਣਗੇ।”” ਪਰ ਤੂੰ ਘਰ ਪਰਿਵਾਰ ਤਾਂ ਦੇਖ ਲਿਆ ਨਾ, ਮੁੰਡੇ ਦਾ ਅੱਗਾ ਪਿੱਛਾ “”ਸੁਣ ਲੈ ਇਹ ਮੇਰੀ ਭੈਣ ਨੀ ਵਿਆਹੀ ਹੋਈ ਕਪੂਰਥਲੇ ਕੋਲ ਪਿੰਡ ਮਲ੍ਹਣਾ,ਓਥੋਂ ਮੁੰਡੇ ਦਾ ਪਿਉ ਬਾਹਰ ਗਿਆ ਸੀ ਮਗਰੋਂ ਪੱਕਾ ਹੋਕੇ ਏਹਨੂੰ ਬੁਲਾ ਲਿਆ,ਮਸੀ 10-12 ਸਾਲ ਦਾ ਸੀ, ਹੁਣ ਓਥੇ ਜ਼ਾ ਕੇ ਭਾਵੇਂ ਅੰਗਰੇਜ਼ ਹੋ ਗਿਆ ਪਰ ਕਹਿੰਦਾ ਵਿਆਹ ਪੰਜਾਬ ਦੀ ਕੁੜੀ ਨਾਲ ਕਰਾਉਣਾ, ਓਥੇ ਤੈਨੂੰ ਪਤਾ ਵਲੈਤ ਦਾ ਭਾਈ, ਕੁਆਰੀਆਂ ਕੀ ਵਿਆਹੀਆਂ ਕੀ ਸੌ ਥਾਈ ਮੂੰਹ ਮਾਰਦੀਆਂ । ਇਸ ਲਈ ਚੰਗੇ ਪਰਿਵਾਰ ਇਧਰੋਂ ਵਿਆਹ ਕੇ ਲੈ ਕੇ ਜਾਂਦੇ।””ਹੁਣ ਵਿਆਹੁਣ ਕੌਣ ਕੌਣ ਆਇਆ?””ਮੁੰਡੇ ਦੀ ਮਾਂ ਮਰੇ ਨੂੰ ਕਈ ਸਾਲ ਹੋਗੇ,ਹੁਣ ਇਹਦਾ ਪਿਉ ਆ,ਭੂਆ ਫੁੱਫੜ ਆ ਉਹਨਾਂ ਦੀ ਕੁੜੀ ਆ, ਤੇ ਇਹਨਾਂ ਦੇ ਚਾਚੇ ਤਾਏ ਤੇ ਸ਼ਰੀਕ ਨੇ ਪਿੰਡੋਂ ,ਇਹ ਆਪ ਜਲੰਧਰ ਕੋਠੀ ਖ਼ਰੀਦ ਕੇ ਰਹਿ ਰਹੇ ਨੇ”ਜਲੰਧਰ ਕੋਠੀ ਸੁਣਕੇ ਇੱਕ ਵਾਰ ਗੱਜਣ ਸਿੰਘ ਦੀਆਂ ਅੱਖਾਂ ਚ ਚਮਕ ਆਗੀ।ਉਹ ਚੁੱਪ ਕਰ ਗਿਆ। ਕੋਲ ਬੈਠੀ ਆਪਣੀ ਘਰਵਾਲੀ ਪਰਸਿਨੀ ਵੱਲ ਝਾਕਿਆ, ਦੋਵਾਂ ਨੂੰ ਬਚਿੱਤਰ ਕਿਸੇ ਦੇਵਤਾ ਸਮਾਨ ਹੀ ਲੱਗ ਰਿਹਾ ਸੀ।”ਕਹੋ ਤਾਂ ਕੁੜੀ ਨੂੰ ਮੁੰਡਾ ਦਿਖਾ ਦਿੰਨੇ ਆ ,ਕੁੜੀ ਉਹਨਾਂ ਨੂੰ ਫੋਟੋ ਤੋਂ ਹੀ ਪਸੰਦ ਆ ਗਈ ਆ ,ਤੁਸੀਂ ਫੋਟੋ ਦੇਖਣੀ ਤਾਂ ਦੇਖ ਲਵੋ ਮੁੰਡੇ ਦੀ”ਆਖਦਿਆਂ ਉਹਨੇ ਮੁੰਡੇ ਫੀ ਕੁੜਤੇ ਦੇ ਗੀਜੇ ਚੋ ਕੱਢ ਕੇ ਗੱਜਣ ਤੇ ਪਰਸਿੰਨੀ ਦੇ ਵਿਚਾਲੇ ਧਰ ਦਿੱਤੀ।ਮੁੰਡਾ ਵੇਖਣ ਨੂੰ ਸੋਹਣਾ ਸੁਨੱਖਾ ਸੀ, ਪੂਰੀ ਟਿਕਾ ਕੇ ਪੱਗ ਬੰਨ੍ਹੀ ਹੋਈ ਸੀ। ਦਾੜੀ ਬੜੀ ਸ਼ੁਕੀਨੀ ਨਾਲ ਬਣਾਈ ਹੋਈ। ਦੇਖਣ ਨੂੰ ਤਾਂ ਇੰਝ ਹੀ ਲਗਦਾ ਸੀ ਕਿ ਜੋੜੀ ਪੂਰੀ ਜਚੇਗੀ।ਜੇ ਪਸੰਦ ਆ ਭਾਈ ਮੈਨੂੰ ਅੱਜ ਦੱਸੋ ਕੱਲ੍ਹ ਮੈਂ ਰੁਪਈਆ ਤੇ ਛੁਹਾਰਾ ਮੁੰਡੇ ਨੂੰ ਦੇ ਆਉਂਦਾ ਹਾਂ, ਲੋਹੜੀ ਤੋਂ ਪਹਿਲਾਂ ਵਿਆਹ ਰੱਖਣਾ ਪੈਣਾ ,ਉਸ ਮਗਰੋਂ ਉਹਨਾਂ ਨੇ ਵਾਪਿਸ ਮੁੜਨਾ ,ਮੇਰਾ ਖਿਆਲ ਕੇ ਹੋਲੀ ਦੇ ਨੇੜੇ ਟਿਕਟਾਂ ਬੁੱਕ ਉਹਨਾਂ ਦੀਆਂ ਦਿੱਲੀ ਤੋਂ ,ਕੁੜੀ ਦੇ ਤਾਂ ਭਾਗ ਖੁੱਲ੍ਹ ਜਾਣਗੇ ਪੂਰੇ ਭਾਈ ” ਬਚਿੱਤਰ ਬੋਲਿਆ। ਆਖਰੀ ਗੱਲ ਉਹਨੇ ਦੁਹਰਾਈ ਜਿਵੇਂ ਮਹੀਨੇ ਚ ਵਿਆਹ ਲੈਣ ਦੀ ਸ਼ਰਤ ਨੂੰ ਉਹ ਭੁੱਲ ਜਾਣ।ਦੋਵੇਂ ਤੀਂਵੀ ਮਾਲਿਕ ਚੁੱਪ ਕਰ ਗਏ। “ਤੂੰ ਦੁੱਧ ਲਿਆ ਦੇ ਲਾਣੇਦਾਰ ਨੂੰ,ਸੋਚ ਵਿਚਾਰ ਕਰਕੇ ਦੱਸਦੇ ਉਹਨਾਂ ਟੈਮ”.ਪਰਸਿੰਨੀ ਸ਼ੁਕਰਾਨਾ ਕਰਦੀ ਚੁੱਲ੍ਹੇ ਮੂਹਰੇ ਜਾ ਬੈਠੀ ,ਜਦੋਂ ਮਨਜੀਤ ਆਈ ਉਹਨੇ ਬਚਿੱਤਰ ਦੇ ਪੈਰੀਂ ਹੱਥ ਲਾਏ। ਮਾਂ ਕੋਲ ਜਾ ਕੇ ਬੈਠੀ ।”ਮਾਂ ਇਹ ਕੌਣ ਨੇ “ਉਹਨੇ ਪੁੱਛਿਆ।”ਇਹ ਲਾਮ ਆਲਾ ਬਚਿੱਤਰ ਸਿਉਂ ਹੈ, ਤੇਰੇ ਲਈ ਵਲੈਤ ਦਾ ਰਿਸ਼ਤਾ ਲੈ ਕੇ ਆਇਆ ” ਪਰਸਿੰਨੀ ਦੇ ਮੂੰਹ ਚੰਨ ਵਾਂਗ ਚਮਕਿਆ।ਮਨਜੀਤ ਦਾ ਸਾਹ ਸੁੱਕ ਗਿਆ।” ਪਰ ਮਾਂ ਹਲੇ ਵਿਆਹ ਮੈਂ ਤਾਂ ਕੋਰਸ ਕਰਕੇ ਕਿਸੇ ਨੌਕਰੀ ਤੇ ਲੱਗਣਾ” ਉਹ ਬੋਲੀ।”ਹੈਂ ਵਾਜੀ , ਵਲੈਤ ਚ ਜਾ ਕੇ ਕਾਹਦੀ ਨੌਕਰੀ,ਇਹ ਤਾਂ ਹੁਣ ਇਥੇ ਹੀ ਛੱਡਣਾ ਪਊ,ਉਹ ਤਾਂ ਮਹੀਨੇ ਚ ਵਿਆਹ ਮੰਗਦੇ “.”ਲੈ ਆ ਦੁੱਧ ਦੇ ਆ ” ਪਰਸਿੰਨੀ ਨੇ ਗਲਾਸ ਭਰਕੇ ਫੜ੍ਹਾ ਦਿੱਤਾ।ਉਹ ਸਹਿਮੇ ਤੇ ਬੈਠੇ ਦਿਲ ਨਾਲ ਦੁੱਧ ਲੈ ਕੇ ਗਈ। “ਕਿਸੇ ਸ਼ਰੀਕ ਤੇ ਰਿਸ਼ਤੇਦਾਰ ਕੋਲ ਬਹੁਤਾ ਭੇਤ ਖੋਲ੍ਹਣ ਦੀ ਲੋੜ ਨਹੀਂ, ਭਾਨੀ ਮਾਰਨ ਵਾਲੇ ਲੋਕ ਨਹੀਂ ਜਰਦੇ ਕਿਸੇ ਨੂੰ ,ਪੜ੍ਹਨ ਵਾਲੀਆਂ ਕੁੜੀਆਂ ਬਾਰੇ ਤਾਂ ਉਂਝ ਹੀ ਮਾਣ ਨਹੀਂ ਲੋਕ ” ਆਖਰੀ ਗੱਲ ਬਚਿੱਤਰ ਨੇ ਮਨਜੀਤ ਨੂੰ ਦੇਖ ਕੇ ਧੀਮੇ ਬੋਲ ਚ ਕਹੀ।ਉਹ ਦੁੱਧ ਫੜ੍ਹਾ ਕੇ ਸਿੱਧਾ ਅੰਦਰਲੀ ਬੈਠਕ ਚ ਜ਼ਾ ਡਿੱਗੀ ।ਅਚਾਨਕ ਆਈ ਇਸ ਮੁਸੀਬਤ ਦਾ ਕੀ ਕਰੇ। ਕੀਹਦੇ ਨਾਲ ਗੱਲ ਕਰੇ। ਉਹਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਹਨੇ ਇਸ਼ਕ ਜਰੂਰ ਕੀਤਾ ਸੀ ,ਪਰ ਘਰਦਿਆਂ ਨੂੰ ਇਹ ਦੱਸਣ ਲਈ ਜੋ ਹਿੰਮਤ ਚਾਹੀਦੀ ਸੀ ਉਹਦੇ ਪੱਲੇ ਅਜੇ ਤਾਂਈ ਨਹੀਂ ਸੀ।ਬਚਿੱਤਰ ਘਰੋਂ ਮੁੰਡੇ ਲਈ ਚਾਂਦੀ ਦਾ ਰੁਪਈਆ ਤੇ ਛੁਹਾਰਾ ਪੱਗ ਦੇ ਲੜ ਨਾਲ ਬੰਨ੍ਹ ਕੇ ਹੀ ਨਿੱਕਲਿਆ।ਪੇਜ਼ : Harjot Di Kalam ਵਟਸਐਪ : 70094-52602

ਮਨਜੀਤ ਨੇ ਉਸ ਰਾਤ ਰੋਟੀ ਨਾ ਖਾਧੀ,ਮਾਂ ਦੇ ਕਹਿੰਦਿਆਂ ਚੁੱਲ੍ਹੇ ਮੂਹਰੇ ਬੈਠ ਕੇ ਬੁਰਕੀ ਮੂੰਹ ਚ ਧਰਦੀ ਪਰ ਗਲਿਓਂ ਪਾਰ ਨਾ ਨਿਕਲਦੀ।ਗਲੇਡੂ ਭਰ ਆਏ ਸੀ,ਬੱਸ ਉਹ ਇੱਕ ਰੋ ਨਹੀਂ ਸੀ ਰਹੀ।ਪਰਸਿੰਨੀ ਦੇ ਮੂੰਹ ਤੇ ਬਹੁਤ ਦਿਨਾਂ ਮਗਰੋਂ ਖੁਸ਼ੀ ਦਿਸਦੀ ਸੀ,ਜਿਸਨੇ ਉਮਰ ਭਰ ਕਬੀਲਦਾਰੀ ਚ ਘੁੱਟ ਘੁੱਟ ਕੇ ਜਿਉਂ ਲਿਆ,ਤੰਗੀਆਂ ਤੁਰਸ਼ੀਆਂ ਕੱਟ ਲਈਆਂ,ਅੰਦਰੋਂ ਅੰਦਰ ਘੁਲਦੀ ਰਹੀ ਤੇ ਮੂੰਹੋ ਸੀਅ ਨਾ ਆਖਿਆ। ਬੱਸ ਇੱਕੋ ਸ਼ੁਕਰ ਮਨਾਉਂਦੀ ਸੀ ਕਿ ਸਿਰ ਦਾ ਸਾਂਈ ਨੂੰ ਕੋਈ ਐਬ ਵੈਲ ਨਹੀਂ ਸੀ ਤੇ ਦੋ ਜੁਆਕ ਰੱਬ ਨੇ ਝੋਲੀ ਧਰੇ,ਹੁਣ ਤੱਕ ਦੋਵੇਂ ਲਾਇਕ ਸੀ।ਇਹਨਾਂ ਦੀ ਖੁਸ਼ੀ ਲਈ ਉਹ ਸ਼ਰੀਕਾਂ ਦੀਆਂ ਵਧੀਕੀਆਂ ਜਰਦੀ ਰਹੀ।ਹੁਣ ਇੱਕ ਖੁਸ਼ੀ ਦਾ ਐਸਾ ਚਮਕਾਰਾ ਵੱਜਾ ਸੀ ਜਿਵੇਂ ਰੱਬ ਨੇ ਛੱਪੜ ਫਾੜ ਕੇ ਦਿੱਤਾ ਹੋਵੇ।ਉਹਨੂੰ ਦੋਵੇ ਧੀ ਪੁੱਤ ਵਲੈਤ ਵਾਲੇ ਜਹਾਜ਼ ਚ ਉੱਡਦੇ ਦਿਸਦੇ। ਉਹ ਜਹਾਜ ਜਿਹਨਾਂ ਦੀਆਂ ਜਗਦੀਆਂ ਬੁਝਦੀਆਂ ਲਾਈਟਾਂ ਨੂੰ ਛੱਤ ਤੇ ਪਏ ਤੱਕਦੇ ਹੁੰਦੇ ਹਨ।ਅੱਜ ਦੀ ਰਾਤ ਉਹ ਕਿੰਨਾ ਹੀ ਚਿਰ ਮਨਜੀਤ ਦੀ ਰਜਾਈ ਚ ਬੈਠੀ ਰਹੀ।ਆਪਣੀ ਦਾਦੀ ,ਸੱਸ ਬਚਪਨ ,ਵਿਆਹਾਂ ਦੀਆਂ ਗੱਲਾਂ ਕਰਦੀ ਰਹੀ। ਮਨਜੀਤ ਦੇ ਸਭ ਉੱਪਰੋਂ ਗੁਜ਼ਰ ਰਿਹਾ ਸੀ।ਉਹ ਸੁਣ ਜਰੂਰ ਰਹੀ ਸੀ ਪਰ ਕੰਨ ਜਿਵੇਂ ਸੁੰਨ ਹੋ ਗਏ ਹੋਣ। ਉਹ ਕਹੇ ਤਾਂ ਕੀ ਕਹੇ,ਉਹਨੂੰ ਲਗਦਾ ਕਿ ਉਹ ਇਥੋਂ ਅੱਜ ਦੀ ਰਾਤ ਹੀ ਭੱਜ ਜਾਏ। ਐਨਾ ਪੜ੍ਹਾਉਣ ਦਾ ਵੀ ਕੀ ਫਾਇਦਾ ਜੇ ਇੱਕ ਵਾਰ ਉਹਨੂੰ ਉਹਦੀ ਮਰਜ਼ੀ ਨਾ ਪੁੱਛੀ ਗਈ। ਇਹ ਤਾਂ ਇੰਝ ਹੋਇਆ ਜਿਵੇਂ ਕਿਸੇ ਮੱਝ ਦਾ ਸੰਗਲ ਖੋਲ੍ਹ ਕੇ ਕਿਸੇ ਵਪਾਰੀ ਹੱਥ ਫੜ੍ਹਾ ਦਿੱਤਾ ਹੋਵੇ। “ਰਾਜ ਕਰੇਗੀ ਧੀਏ ,ਬਚਿੱਤਰ ਤਾਂ ਇਹੋ ਦੱਸ ਕੇ ਗਿਆ, ਐਦਾਂ ਦੇ ਰਿਸ਼ਤੇ ਕਰਮਾਂ ਵਾਲੇ ਨੂੰ ਮਿਲਦੇ ਨੇ, ਮੁੰਡਾ ਸੋਹਣਾ ਸੁਨੱਖਾ ਤੇਰੇ ਰੂਪ ਰੰਗ ਦੇ ਮੇਚ ਦਾ,ਹੋਰ ਭਲਾਂ ਕੀ ਚਾਹੀਦਾ “.”ਬੇਬੇ ਹਲੇ ਮੈਂ ਵਿਆਹ ਨਹੀਂ ਕਰਵਾਉਣਾ, ਬਾਹਰ ਵਾਲੇ ਮੁੰਡੇ ਨਾਲ ਤਾਂ ਬਿਲਕੁੱਲ ਨਹੀਂ, ਰੋਜ ਅਖ਼ਬਾਰ ਪਤਾ ਨਹੀਂ ਕਿਨੇ ਹੀ ਧੋਖੇ ਵਾਲੀਆਂ ਖਬਰਾਂ ਨਾਲ ਭਰੇ ਹੁੰਦੇ ਹਨ ਇਹਨਾਂ ਚੱਕਰਾਂ ਚ ….”” ਨਾ ਧੀਏ ,ਸ਼ੁਭ ਸ਼ੁਭ ਬੋਲ ,ਬਚਿਤ੍ਰ ਆਪਣਾ ਹਿਤੈਸ਼ੀ ਆ, ਕੱਲ ਭਲਕ ਨੂੰ ਤੇਰਾ ਬਾਪੂ ,ਤੇਰੇ ਮਾਮੇ ਨਾਲ ਲਿਜਾ ਕੇ ਇੱਕ ਵਾਰੀ ਸਭ ਪੱਕਿਆ ਕਰ ਆਉਣਗੇ। ਫਿਰ ਹੀ ਬਚਿੱਤਰ ਮੁੰਡੇ ਨੂੰ ਪੱਗ ਦੇ ਲੜ ਤੋਂ ਖੋਲ੍ਹ ਕੇ ਛੁਹਾਰਾ ਦੇਵੇਗਾ, ਐਂਵੇ ਤਾਂ ਤਸੱਲੀ ਕਰਾਂਗੇ।””ਪਰ ਮੈਂ ਹਾਲੇ ਵਿਆਹ ਨਹੀਂ ਕਰਾਉਣਾ …..””ਨਾ ਮੇਰੀ ਧੀਏ ,ਇੰਝ ਨਾ ਬੋਲ , ਇਸਤੋਂ ਵਧੀਆ ਰਿਸ਼ਤਾ ਨਹੀਂ ਮਿਲਣਾ, ਆਪਣੇ ਕੋਲ ਬਚਿਆ ਕੀ ਏ ,ਜੇ ਤੂੰ ਵਲੈਤ ਵਗ ਜਾਏ,ਮਗਰ ਤੇਰੇ ਬਲਵੰਤ ਚਲਿਆ ਜਾਊ, ਉਹਦੀ ਜ਼ਿੰਦਗੀ ਬਣ ਜਾਊ ਤੇਰੇ ਨਾਲ ਨਾਲ, ਹੈਥੇ ਕੀ ਧਰਿਆ ਪਿਆ,ਨਾ ਕੰਮ ਨਾ ਕੋਈ ਕਾਰ ,ਬੀਏ ਐਮ ਏ ਆ ਕਰੀ ਮੁੰਡੇ ਕੱਛਾ ਵਜਾਉਂਦੇ ਫ਼ਿਰਦੇ ਨੇ।”ਉਹ ਕਹਿਣਾ ਚਾਹੁੰਦੀ ਸੀ ਕਿ ਉਹ ਨੌਕਰੀ ਕਰ ਲਵੇਗੀ … ਪਰ ਬੇਬੇ ਨੇ ਸਾਰੀ ਗੱਲ ਹੀ ਮੁਕਾ ਦਿੱਤੀ। ਜਿਵੇਂ ਫੈਸਲਾ ਸੁਣਾ ਦਿੱਤਾ। ਮਨਜੀਤ ਸੋਚ ਰਹੀ ਸੀ ਕਰੇ ਤਾਂ ਕਰੇ ਕੀ।ਰਾਤ ਭਰ ਉਹ ਪਤਾ ਨਹੀਂ ਕੀ ਕੁਝ ਵਿਉਂਤ ਕਰਦੀ ਰਹੀ। ਸੋਚਦੀ ਜੇ ਉਹ ਛਿੰਦੇ ਨਾਲ ਕਿਧਰੇ ਵਗ ਜਾਏ !! ਜਾਂ ਉਹਨੂੰ ਆਖ ਦੇਵੇ ਕਿ ਰਿਸ਼ਤਾ ਘੱਲ ਦੇਵੇ ਖੌਰੇ ਇਹ ਰਿਸ਼ਤਾ ਮੰਨ ਹੀ ਲੈਣ। ਜੇ ਬਾਪੂ ਨੂੰ ਪਸੰਦ ਹੀ ਨਾ ਆਵੇ ਫ਼ਿਰ,ਰਾਤ ਭਰ ਰੱਬ ਅੱਗੇ ਇਹੋ ਅਰਦਾਸਾਂ ਕਰਦੀ ਰਹੀ।……….ਅੱਧ ਸੁੱਤੇ ਹੀ ਉਹਦੀ ਰਾਤ ਨਿੱਕਲੀ ਸੀ, ਜਦੋਂ ਉੱਠੀ ਬੇਬੇ ਕਾਫ਼ੀ ਕੰਮ ਮੁਕਾ ਚੁੱਕੀ ਸੀ। ਚਾਹ ਬਣਾ ਕੇ ਮੁੜ ਉਹਦੇ ਕੋਲ ਆ ਬੈਠੀ।ਚੁੰਨੀ ਵਿੱਚੋ ਫੋਟੋ ਕੱਢਕੇ ਉਹਦੇ ਮੂਹਰੇ ਧਰ ਦਿੱਤੀ।”ਇਹ ਮੁੰਡਾ ਦੇਖ ਲੈ ” ਪਰਸਿੰਨੀ ਨੇ ਕਿਹਾ।ਉਹਨੇ ਉਨੀਂਦਰੀ ਅੱਖ ਨਾਲ ਮੁੰਡੇ ਨੂੰ ਇੱਕ ਝਲਕ ਦੇਖਿਆ।ਉਹਦਾ ਦਿਮਾਗ ਮੱਲੋ ਮੱਲੀ ਛਿੰਦੇ ਨਾਲ ਉਸਨੂੰ ਮਿਲਾਉਣ ਲੱਗਾ।ਮੁੰਡਾ ਪੂਰਾ ਜਚਦਾ ਸੀ ਪਰ ਫਿਰ ਵੀ ਛਿੰਦੇ ਨਾਲੋਂ ਉਨ੍ਹੀ ਇੱਕੀ ਦਾ ਫ਼ਰਕ ਸੀ।”ਸਾਡੇ ਵੇਲਿਆਂ ਚ ਤਾਂ ਭਾਈ ,ਵਿਆਹ ਮਗਰੋਂ ਵੀ ਘੁੰਡ ਵਿੱਚੋ ਮਸੀਂ ਅੱਖ ਚੱਕ ਕੇ ਮੁੰਡੇ ਕੁੜੀ ਇੱਕ ਦੂਜੇ ਨੂੰ ਵੇਖਦੇ ਸੀ।ਹੁਣ ਇਹ ਜ਼ਮਾਨਾ ਆ ਗਿਆ ਕਿ ਫੋਟੋਆਂ ਭੇਜਣ ਲੱਗ ਗਏ,ਚੰਗੇ ਵੇਲੇ ਜੰਮੇ ਹੋ ਭਾਈ।”ਪਰਸਿੰਨੀ ਨੇ ਉਹਦੇ ਮਨੋਂ ਹੌਲ ਨੂੰ ਲਾਹੁਣ ਲਈ ਕਿਹਾ। ਤਸਵੀਰ ਵੇਖਦੇ ਵੇਖਦੇ ਮੁੜ ਮਨਜੀਤ ਦੀਆਂ ਅੱਖਾਂ ਭਰ ਆਈਆਂ। ਬੇਬੇ ਦੇ ਮੋਢੇ ਸਿਰ ਰੱਖ ਕੇ ਉਹ ਮਨ ਨੂੰ ਧਰਵਾਸ ਦੇ ਰਹੀ ਸੀ।………ਗੱਜਣ ਸਿਉਂ ਦੇ ਸੱਟ ਅਜੇ ਭਰੀ ਨਹੀਂ ਸੀ,ਪਰ ਫ਼ਿਰ ਵੀ ਕੁਝ ਹੌਂਸਲਾ ਹੋ ਗਿਆ ਸੀ। ਉਹ ਸਦੇਹਾਂ ਉੱਠਿਆ ਤੇ ਨਿੱਤ ਕਰਮ ਤੋਂ ਵੇਹਲਾ ਹੋਕੇ ਉਹਨੇ ਘੁੱਟ ਚਾਹ ਦੀ ਪੀਤੀ ਨਾਲ ਪਰਸਿੰਨੀ ਤੋਂ ਪਰੌਂਠੇ ਬਣਵਾਏ ਤੇ ਅਚਾਰ ਰਖਵਾ ਕੇ ਝੋਲੇ ਚ ਪਾ ਕੇ ਮੋਢੇ ਚ ਪਾ ਲਿਆ।ਆਪਣੇ ਨਵੇਂ ਚਾਦਰਾ ਕੁੜਤਾ ਲਗਾਇਆ ਤੇ ਧੁੰਦ ਵਿਚੋਂ ਹਲੇ ਹੱਥ ਨੂੰ ਹੱਥ ਦਿਸਦਾ ਸੀ ਜਦੋਂ ਉਹ ਪਿੰਡ ਦੀ ਜੂਹ ਤੋਂ ਬਾਹਰ ਜਾ ਨਿੱਕਲਿਆ।ਸ਼ਹਿਰ ਤੱਕ ਦੀ ਵਾਟ ਉਹਨੇ ਦੋ ਕੁ ਘੰਟੇ ਚ ਮੁਕਾ ਛੱਡੀ। ਟਾਂਵੀ ਟਾਂਵੀ ਗੱਡੀ ਖਿਸਕਣ ਲੱਗੀ ਸੀ।ਪਹਿਲੀ ਬੱਸ ਫੜ੍ਹ ਕੇ ਉਹ ਆਪਣੇ ਸਹੁਰੇ ਪਹੁੰਚਣਾ ਚਾਹੁੰਦਾ ਸੀ। ਇਸਤੋਂ ਪਹਿਲਾਂ ਕੇ ਗੁਰਭੇਜ ਕਿਧਰੇ ਇਧਰ ਓਧਰ ਨਾ ਚਲੇ ਜਾਏ।ਬੱਸ ਚ ਬੈਠ ਕੇ ਹੀ ਉਹਨੇ ਪਰੌਂਠੇ ਖਾਧੇ।ਰਾਹ ਟਾਬੇ ਤੇ ਬੱਸ ਰੁਕੀ ਤਾਂ ਚਾਹ ਪੀਤੀ। ਜਖਮਾਂ ਚ ਉਹਦੇ ਭਾਵੇਂ ਹਲੇ ਤਕਲੀਫ ਸੀ ਫਿਰ ਵੀ ਉਹਨੇ ਪਰਵਾਹ ਨਾ ਮੰਨੀ।ਛਾਹ ਵੇਲੇ ਤੱਕ ਉਹ ਸਹੁਰੇ ਪਿੰਡ ਜ਼ਾ ਉੱਤਰਿਆ ਸੀ।ਗੁਰਭੇਜ ਹਲੇ ਘਰ ਹੀ ਸੀ।ਐਨੀਂ ਸਾਜਰੇ ਉਹਨੂੰ ਆਏ ਵੇਖ ਇੱਕ ਵਾਰ ਸਾਰੇ ਟੱਬਰ ਦੇ ਸਾਹ ਸੂਤੇ ਗਏ।ਪਰ ਜਿਉਂ ਹੀ ਉਹਨੇ ਸਾਰੀ ਗੱਲ ਦੱਸੀ ਤਾਂ ਕੇਰਾਂ ਸਭ ਦੀਆਂ ਵਾਛਾਂ ਖਿੜ ਗਈਆਂ । ਗੁਰਭੇਜ ਨੂੰ ਨਾਲ ਲੈ ਕੇ ਉਹ ਖੋਟੇ ਪੈਸੇ ਵਾਂਗੂ ਵਾਪਿਸ ਮੁੜ ਪਿਆ।ਸਿੱਧਾ ਬੱਸ ਸ਼ਹਿਰ ਦੀ ਲਈ ਤੇ ਜਾ ਕੇ ਆੜਤੀਏ ਕੋਲ ਬੈਠੇ ਬਚਿੱਤਰ ਨੂੰ ਨਾਲ ਲੈ ਕੇ ਜਲੰਧਰ ਲਈ ਬੱਸ ਫੜ੍ਹ ਲਈ।ਸਾਰੇ ਰਾਹ ਬਚਿੱਤਰ ਬੱਸ ਮੁੰਡੇ ਦੀਆਂ ਸ਼ਿਫਤਾ ਹੀ ਕਰਦਾ ਰਿਹਾ,ਉਹਦੇ ਪਰਿਵਾਰ ਦੀਆਂ ਪਿਛੋਕੜ ਦੀਆਂ ਸਭ।ਇੱਕ ਵੀ ਗੱਲ ਨੂੰ ਪੂੰਜੇ ਨਾਲ ਡਿੱਗਣ ਦਿੱਤਾ।ਜਲੰਧਰ ਪਹੁੰਚ ਕੇ ਕੋਠੀ ਤੱਕ ਰਿਕਸ਼ਾ ਕੀਤਾ। ਦਰਵਾਜ਼ਾ ਖੁੱਲ੍ਹਿਆ ਤਾਂ ਅੰਦਰੋਂ ਪਹਿਲਾਂ ਤੋਂ ਤਿਆਰ ਘਰ ਦੇ ਜੀਅ ਬਾਹਰ ਨਿੱਕਲੇ ਜਿਵੇਂ ਉਹਨਾਂ ਨੂੰ ਹੀ ਉਡੀਕ ਰਹੇ ਹੋਣ। ਦਰਅਸਲ ਬਚਿੱਤਰ ਨੇ ਸਵਖਤੇ ਹੀ ਆਪਣੇ ਲਾਗੀ ਨੂੰ ਮੂਹਰੇ ਲਾ ਕੇ ਘੱਲ ਦਿੱਤਾ ਸੀ ਕਿ ਉਹ ਤਿਆਰ ਰਹਿਣ ਉਹ ਕੁੜੀ ਦੇ ਪਿਉ ਤੇ ਮਾਮੇ ਨਾਲ ਮੁੰਡੇ ਨੂੰ ਵੇਖਣ ਆਉਣਗੇ। #HarjotDiKalam ਇਸ ਲਈ ਪੂਰਾ ਟੱਬਰ ਪਹਿਲਾ ਹੀ ਤਿਆਰ ਸੀ।ਇੱਕ ਨਵੀਂ ਨਵੀਂ ਬਣੀ ਪਾਸ਼ ਕਲੋਨੀ ਵਿੱਚ ਨਵੀਂ ਹੀ ਕੋਠੀ ਬਣੀ ਲਗਦੀ ਸੀ।ਹਰ ਪਾਸੇ ਕੱਚ ਹੀ ਕੱਚ ਸੀ ਤਿੰਨ ਚਾਰ ਨੌਕਰ ਚਾਕਰ ਇਧਰ ਉਧਰ ਘੁੰਮ ਰਹੇ ਸੀ। ਇੱਕ ਮੋਟਰ ਕਾਰ ਜਿਸਨੂੰ ਕੋਈ ਪਰਵਾਸੀ ਦਿਸਦਾ ਸਾਫ ਕਰ ਰਿਹਾ ਸੀ।ਧੁੱਪ ਨਿਕੱਲ ਆਈ ਸੀ ਧੁੱਪੇ ਹੀ ਕੁਰਸੀਆਂ ਡਾਹ ਕੇ ਚਾਹ ਦੇ ਮੇਜ਼ ਲਗਾ ਰੱਖੇ ਸੀ। ਕਿੰਨੇ ਹੀ ਤਰ੍ਹਾਂ ਦੇ ਨਿੱਕ ਸੁੱਕ ਸਾਹਮਣੇ ਧਰ ਦਿੱਤਾ ਸੀ। ਮੁੰਡਾ ਇੰਝ ਚਮਕ ਰਿਹਾ ਸੀ ਜਿਵੇਂ ਹੁਣੇ ਵਟਣਾ ਮਲਕੇ ਨਹਾਤਾ ਹੋਵੇ।ਪਰ ਵਲੈਤ ਵਾਲਿਆਂ ਦਾ ਰੰਗ ਨਿੱਖਰ ਵੀ ਆਉਂਦਾ ਤੇ ਲਾਲ ਭਾਹ ਵੀ ਮਾਰਦਾ। ਇਹ ਉਹਨੂੰ ਪਤਾ ਸੀ।ਉਹਨਾਂ ਨੇ ਚਾਹ ਨੂੰ ਨਾ ਨੁੱਕਰ ਕੀਤੀ ਕਿ ਐਵੇਂ ਭਾਈ ਕੁੜੀ ਦੇ ਘਰੋਂ ਕੁਝ ਨਹੀਂ ਖਾਈਦਾ।”ਜਦੋਂ ਰਿਸ਼ਤਾ ਹੋ ਗਿਆ ਉਦੋਂ ਨਾ ਖਾਈਂ ਲਾਣੇਦਾਰਾ ,ਹਲੇ ਤਾਂ ਮੁੰਡਾ ਵੇਖਣ ਆਇਆ,ਨਾਲੇ ਭਾਈ ਇਹ ਤਾਂ ਹੁਣ ਪੁਰਾਣੀਆਂ ਗੱਲਾਂ ਹੋ ਗਈਆਂ,ਹੁਣ ਤਾਂ ਜੁਆਈ ਪੁੱਤਾਂ ਵਰਗੇ ਹੀ ਹੋਗੇ ,ਸੱਸ ਸਹੁਰੇ ਦਾ ਖਿਆਲ ਰੱਖਦੇ,ਮੁੰਡਾ ਤਾਂ ਤੈਨੂੰ ਤੇ ਭਰਜਾਈ ਨੂੰ ਵੀ ਵਲੈਤ ਦਿਖਾਉਗਾ ਭਾਈ, ਜਿਹੜਾ ਕੁਝ ਪੁੱਛਣਾ ਪੁੱਛ ਲਵੋ “.ਮੁੰਡੇ ਦਾ ਪਿਉ ਬਾਰੇ ਪਤਾ ਕੀਤਾ ਤਾਂ ਉਹ ਉਥੇ ਨਹੀਂ ਸੀ ਉਹਦੇ ਆਉਣ ਦਾ ਪ੍ਰੋਗਰਾਮ ਵਿਆਹ ਪੱਕਾ ਹੋਣ ਤੇ ਬਣਨਾ ਸੀ,ਵਲੈਤ ਚ ਕੰਮ ਛੱਡ ਕੇ ਕੱਲਿਆ ਆਇਆ ਵੀ ਨਹੀਂ ਜਾਂਦਾ। ਇਸ ਵੇਲੇ ਫੁੱਫੜ ਭੂਆ ਉਹਨਾਂ ਦੀ ਕੁੜੀ ਤੇ ਮੁੰਡਾ ਹੀ ਸਨ।ਉਹ ਬਾਹਰ ਕੰਮ ਦੇਖਦਾ ਸੀ ਸਾਰਾ ਹੀ ਟੱਬਰ ਦਾ।ਫੁੱਫੜ ਬੱਸ ਲੋੜ ਪਿਆ ਬੋਲਦਾ,ਭੂਆ ਤਿੱਖੀ ਸੀ ਹਰ ਗੱਲ ਦਾ ਜਵਾਬ ਦੰਦ ਕੱਢ ਕੇ ਦਿੰਦੀ।ਪੂਰਾ ਮੂੰਹ ਮੱਥਾ ਪਾਉਡਰ ਨਾਲ ਲਿਬੜਿਆ ਪਿਆ ਸੀ। ਤੇ ਗਹਿਣਿਆਂ ਨਾਲ ਇੰਝ ਸਜੀ ਬੈਠੀ ਸੀ ਜਿਵੇਂ ਅੱਜ ਹੀ ਵਿਆਹ ਹੋਵੇ।ਜਿਨ੍ਹੀ ਕੁ ਉਹਨਾਂ ਨੂੰ ਸਮਝ ਸੀ ਉਹ ਪੁੱਛਦੇ ਰਹੇ।ਗੱਲਾਂ ਬਾਤਾਂ ਤੋਂ ਉਹ ਆਮ ਵਰਗੇ ਲੱਗੇ। ਬੱਸ ਵਿਚ ਵਿਚ ਕੋਈ ਗੱਲ ਅੰਗਰੇਜ਼ੀ ਚ ਬੋਲ ਜਾਂਦੇ ਤਾਂ ਸਮਝ ਨਾ ਲਗਦੀ।ਮੁੰਡਾ ਸਹੀ ਸੀ ਟੱਬਰ ਸਾਹਮਣੇ ਸੀ ਘਰ ਕੋਠੀ ਬਾਕੀ ਸਭ ਦੇਖ ਲਿਆ ਸੀ,ਮੁੰਡਾ ਹਰ ਗੱਲ ਦਾ ਸਤਿਕਾਰ ਨਾਲ ਜੁਆਬ ਦਿੰਦਾ। ਉਹਦੇ ਚ ਕੋਈ ਊਂਣ ਦਿਸਦੀ ਨਹੀਂ ਸੀ।ਗੁਰਭੇਜ ਨੇ ਅੱਖੀਆਂ ਚ ਹੀ ਗੱਜਣ ਨੂੰ ਇਸ਼ਾਰਾ ਕਰ ਦਿੱਤਾ। ਇਸ਼ਾਰੇ ਨਾਲ ਹੀ ਉਹਨੇ ਬਚਿੱਤਰ ਨੂੰ ਦੇਣ ਲੈਣ ਦੀ ਗੱਲ ਕਰਨ ਲਈ ਕਿਹਾ। ਬਚਿੱਤਰ ਨੇ ਮੁੰਡੇ ਨੂੰ ਦੁਬਾਰਾ ਚਾਹ ਲਿਆਉਣ ਲਈ ਕਹਿ ਕੇ ਅੰਦਰ ਭੇਜ ਦਿੱਤਾ।ਬਚਿੱਤਰ ਫੁੱਫੜ ਵੱਲ ਮੂੰਹ ਕਰਕੇ ਬੋਲਿਆ,”ਲੈ ਬਈ ਲਾਣੇਦਾਰਾ ਤੁਸੀਂ ਭਾਈ ਆਪਣੇ ਮੂੰਹੋ ਦੇਣ ਲੈਣ ਦੀ ਗੱਲ ਕਰਲੋ ਭਾਈ,ਕੱਲ ਨੂੰ ਨਾ ਅਖਿਓ ਬਈ ਵਿਚੋਲੇ ਨੇ ਲੁਕੋ ਰੱਖਿਆ”ਫੁੱਫੜ ਦੀ ਥਾਵੇਂ ਭੂਆ ਬੋਲੀ ,” ਨਾ ਭਾਈ ਜੋ ਬਚਿੱਤਰ ਤੂੰ ਕਹਿ ਦਿੱਤਾ ਉਹ ਸਾਨੂੰ ਮਨਜ਼ੂਰ ,ਸਾਡੇ ਭਾਈ ਲੋਕਾਂ ਵਾਂਗ ਮੂੰਹ ਤਾਂ ਪਾਟੇ ਨਹੀਂ ਹੋਏ,ਸਾਡਾ ਬੱਸ ਇਹ ਆ ਕਿ ਆਉਣ ਜਾਣ ਦਾ ਖਰਚਾ ਨਿਕਲਜੇ ਤੇ ਕੁੜੀ ਮੁੰਡੇ ਨੂੰ ਓਧਰ ਆਪਣਾ ਘਰ ਬਾਰ ਸੈੱਟ ਕਰਨ ਲਈ ਚਾਰ ਛਿੱਲੜ ਹੋਣ ਤੇ ਬੱਸ ਇਥੇ ਵੀ ਥੋੜਾ ਹੋ ਜਾਏ ਕਿ ਵਲੈਤ ਤੋਂ ਆ ਕੇ ਕੋਈ ਵਿਆਹ ਕਰਵਾ ਕੇ ਗਿਆ, ਬਰਾਤ ਥੋੜੀ ਹੋਊ ਪਰ ਕੋਈ ਗਾਉਣ ਆਲਾ ਜਰੂਰ ਬੁਲਾ ਲਿਓ,ਬਾਕੀ ਭਾਈ ਆਪਣੀ ਕੁੜੀ ਨੂੰ ਗਹਿਣਾ ਗੱਟਾ ਹਰ ਕੋਈ ਦਿੰਦਾ ਤੇ ਪਿਉ ਤੇ ਫੁੱਫੜ ਨੂੰ ਛਾਪ ਪਾ ਦੇਣ”। ਨਾ ਨਾ ਕਰਦੇ ਹੀ ਭੂਆ ਨੇ ਕੁਝ ਨਹੀਂ ਸੀ ਛੱਡਿਆ।”ਇਹ ਸਾਰੀਆਂ ਗੱਲਾਂ ਦੱਸ ਦਿੱਤੀਆਂ ਕੱਲ੍ਹ ,ਸਭ ਤੇ ਰਾਜੀ ਨੇ,ਹੋਰ ਕੋਈ ਗੱਲ ਏ ਤਾਂ ਦੱਸ ਭਾਈ” ਬਚਿੱਤਰ ਨੇ ਕਿਹਾ।”ਹੋਰ ਬੱਸ ਭਾਈ, ਇਹਦੇ ਨਾਲ ਕਿਹੜਾ ਰੱਜ ਆਉਣਾ ਕੁੜੀ ਦਾ ਘਰ ਵੀ ਦੇਖਣਾ” ਭੂਆ ਆਪਣੇ ਅੰਦਾਜ਼ ਚ ਮੁੜ ਹੱਸੀ।”ਠੀਕ ਏ ਭਾਈ ਗੱਜਣਾ ?” ਬਚਿੱਤਰ ਉਹਨਾਂ ਵੱਲ ਵੇਖ ਕੇ ਬੋਲਿਆ।ਗੱਜਣ ਹਰ ਗੱਲ ਤੇ ਪੈਸੇ ਪੈਸੇ ਦਾ ਹਿਸਾਬ ਲਾ ਚੁੱਕਾ ਸੀ । ਉਹਨੂੰ ਜ਼ਮੀਨ ਆੜਤੀਏ ਦੀ ਵਹੀ ਤੇ ਚੜ੍ਹਦੀ ਦਿਸ ਰਹੀ ਸੀ। ਪਰ ਫਿਰ ਵੀ ਜਹਾਜ਼ ਚੜ੍ਹ ਕੇ ਇਹ ਮੁੜ ਬਨਜੂ ਉਹਨੇ ਖਿਆਲ ਨੂੰ ਝਟਕਿਆ।”ਸਭ ਮਨਜ਼ੂਰ ਆ ਭਾਈ “.ਗੱਜਣ ਨੇ ਪੱਗ ਦੇ ਲੜ ਨਾਲ ਅੱਖਾਂ ਪੂੰਜਦੇ ਕਿਹਾ।”ਲਿਆਓ ਭਾਈ ਮੁੰਡੇ ਨੂੰ ਛੁਹਾਰਾ ਲਵਾਓ ਤੇ ਆਹ ਫੜੋ ਰੁਪਈਆ”ਬਚਿੱਤਰ ਨੇ ਲੜ ਤੋਂ ਖੋਲ੍ਹ ਕੇ ਰੁਪਈਆ ਫੁਫੜ ਦੇ ਹੱਥ ਧਰ ਦਿੱਤਾ ਤੇ ਮੁੰਡੇ ਨੂੰ ਕੋਲ ਸੱਦ ਕੇ ਛੁਹਾਰਾ ਖਵਾ ਦਿੱਤਾ । ਮੁੰਡੇ ਨੇ ਪੈਰੀਂ ਹੱਥ ਲਾ ਕੇ ਨਵੇਂ ਜੁੜੇ ਰਿਸ਼ਤੇ ਦਾ ਅਸ਼ਰੀਵਾਦ ਲਿਆ। ਮੁੰਡੇ ਤੇ ਪਰਿਵਾਰ ਦਾ ਨਾਮ ਪਤਾ ਤੇ ਬਾਕੀ ਗੱਲਾਂ ਕਾਗਜ਼ ਤੇ ਲਿਖ ਕੇ ਉਹਨਾਂ ਨੇ ਗੀਜੇ ਚ ਪਾ ਲਈਆਂ।ਮੁੰਡੇ ਦਾ ਨਾਮ ਸੀ ਚਰਨਜੀਤ। ਦੁਪਹਿਰ ਦਾ ਖਾਣਾ ਉਹਨਾਂ ਬੱਸ ਅੱਡੇ ਕਿਸੇ ਟਾਬੇ ਤੇ ਕੀਤਾ। ਬਥੇਰਾ ਜੋਰ ਲਾਇਆ ਪਰ ਰਿਵਾਜ ਦੇ ਪੱਕੇ ਗੱਜਣ ਸਿਉਂ ਨੇ ਇੱਕ ਨਾ ਮੰਨੀ।…….ਜਦੋਂ ਗੱਜਣ ਤੇ ਗੁਰਬੇਜ਼ ਘਰ ਪਹੁੰਚੇ ਤਾਂ ਰਾਤ ਦਾ ਪਹਿਲਾ ਪਹਿਰ ਅੱਧ ਕੁ ਲੰਘ ਗਿਆ ਸੀ। ਉਹਨਾਂ ਦੇ ਚਿਹਰੇ ਖੁਸ਼ੀ ਨਾਲ ਦਮਕ ਰਹੇ ਸੀ। ਪਰਸਿੰਨੀ ਕੋਲੋ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਲਾਗਣ ਨੂੰ ਘਰੋਂ ਬੁਲਾ ਕੇ ਉਹਨੇ ਤੇਲ ਚੁਆਇਆ। ਉਹਨੂੰ ਸ਼ਗਨ ਦਿੱਤਾ।ਮਨਜੀਤ ਲਈ ਤਾਂ ਜਿਵੇਂ ਸਭ ਸੁਪਨੇ ਚੂਰ ਹੋ ਗਏ ਹੋਣ। ਉਸਦੇ ਮਨ ਚ ਤਾਂ ਹੁਣ ਇਹ ਵੀ ਭੈਅ ਸੀ ਕਿ ਉਹ ਛਿੰਦੇ ਨੂੰ ਆਖਿਰੀ ਵਾਰ ਮਿਲ ਵੀ ਸਕੇਗੀ ਕਿ ਨਹੀਂ ?ਘਰ ਦਾ ਮਾਹੌਲ ਇੱਕ ਦਮ ਬਦਲ ਗਿਆ ਸੀ। ਤੇ ਉਸਦੇ ਮਨ ਦਾ ਵੀ । ਇੱਕ ਦਿਨ ਦੇ ਫਰਕ ਨਾਲ ਹੀ ਉਹਦੇ ਸੁਪਨੇ ਟੁੱਟ ਗਏ ਸੀ ਤੇ ਉਹ ਕਿਸੇ ਬੀਜ ਵਾਂਗ ਕਿਸੇ ਹੋਰ ਦੀ ਝੋਲੀ ਜਾ ਡਿੱਗੀ ਸੀ।ਫਿਰ ਵੀ ਉਹਨੇ ਨਿਸ਼ਚਾ ਕੀਤਾ ਕਿ ਉਹ ਇੱਕ ਵਾਰ ਅਖੀਰ ਕਿਸੇ ਹੀਲੇ ਜਰੂਰ ਕਾਲਜ਼ ਜਾਏਗੀ। ਭਾਵੇਂ ਜਿਵੇਂ ਵੀ ਕਰੇ।ਅਗਲੇ ਹੀ ਦਿਨ ਗਿਣਵੇਂ ਬੰਦਿਆ ਨੂੰ ਸੱਦ ਕੇ ਉਹਨਾਂ ਵਿਆਹ ਦਾ ਦਿਨ ਮਿੱਥ ਕੇ ਚਿੱਠੀ ਤੋਰ ਦਿੱਤੀ।ਅਚਾਨਕ ਹੋਏ ਇਸ ਰਿਸ਼ਤੇ ਤੇ ਸ਼ਰੀਕ ਹੈਰਾਨ ਵੀ ਸੀ ਤੇ ਪ੍ਰੇਸ਼ਾਨ ਵੀ ।ਸਭ ਉਪਰੋਂ ਉੱਪਰੋਂ ਵਧਾਈਆਂ ਦੇ ਰਹੇ ਸੀ ਅੰਦਰੋਂ ਅੰਦਰ ਸੂਹਾਂ ਕੱਢ ਰਹੇ ਸੀ।ਪਰ ਜਦੋਂ ਬਚਿੱਤਰ ਨੂੰ ਮੋਹਰੀ ਬਣਿਆ ਤੱਕਿਆ ਤਾਂ ਸਮਝ ਗਏ ਕਿ ਕੋਈ ਚੰਗਾ ਰਿਸ਼ਤਾ ਆ ਮਿਲਿਆ।”ਊਠਾਂ ਵਾਲਿਆਂ ਨਾਲ ਯਾਰੀਆ ਲਾ ਕੇ ਦਰਵਾਜੇ ਛੋਟੇ ਨਹੀਂ ਰੱਖੇ ਜਾਂਦੇ।” ਇਹ ਜਿਹੜੀ ਬਾਕੀ ਬਚੀ ਇਹ ਵੀ ਵਿਕੂ ਆਊ ਸਾਡੇ ਕੋਲ ਹੀ।ਉਹ ਸਗੋਂ ਦੂਹਰੇ ਖੁਸ਼ ਸੀ ।ਦਿਨ ਬੰਨ੍ਹ ਦਿੱਤਾ,ਅਗਲੇ ਮਹੀਨੇ ਚ ਲੋਹੜੀ ਤੋਂ ਤੀਜੇ ਦਿਨ ਹੀ ਵਿਆਹ ਰੱਖ ਦਿੱਤਾ।ਹੁਣ ਤਾਂ ਮਨਜੀਤ ਦਾ ਘਰੋਂ ਨਿਕਲਣਾ ਹੀ ਬੰਦ ਹੋ ਜਾਣਾ ਸੀ। ਦਿਨ ਬੰਨ੍ਹੇ ਜਾਣ ਮਗਰੋਂ ਕੁੜੀ ਮੁੰਡੇ ਨੂੰ ਘਰੋਂ ਬਾਹਰ ਨਿਕਲਣ ਨਾਲ ਕਹਿੰਦੇ ਬਲਾ ਚਿੰਬੜ ਜਾਂਦੀ ਹੈ।

ਮਨਜੀਤ ਨੇ ਫ਼ਿਰ ਵੀ ਬੇਬੇ ਨੂੰ ਮਨਾ ਹੀ ਲਿਆ।ਇੱਕੋ ਇੱਕ ਦਿਨ ਸੀ ਇਸ ਹਫਤੇ ਦਾ,ਉਸ ਮਗਰੋਂ ਕਾਲਜ਼ ਵੈਸੇ ਵੀ 15 ਦਿਨ ਲਈ ਬੰਦ ਹੋਕੇ ਨਵੇਂ ਸਾਲ ਚ ਜਾ ਕੇ ਹੀ ਖੁਲ੍ਹਣਾ ਸੀ।ਉਹਦੇ ਕੋਲ ਕਾਲਜ਼ ਦੀਆਂ ਕਿਤਾਬਾਂ ਸਨ।ਤੇ ਕਾਲਜ਼ ਤੋਂ ਨਾਮਾ ਕਟਵਾਉਣ ਦਾ ਬਹਾਨਾ ਵੀ ਸੀ। ਪਰ ਅਸਲ ਗੱਲ ਤਾਂ ਸਿਰਫ਼ ਤੇ ਸਿਰਫ਼ ਛਿੰਦੇ ਨੂੰ ਮਿਲਣ ਦੀ ਸੀ,ਤੇ ਸ਼ਾਇਦ ਉਹ ਵੀ ਆਖਿਰੀ ਵਾਰ!ਆਮ ਦਿਨਾਂ ਨਾਲ਼ੋਂ ਠੰਡ ਵੀ ਕੁਝ ਜ਼ਿਆਦਾ ਸੀ ਤੇ ਧੁੰਦ ਵੀ। ਵਜੇ ਜਦੋਂ ਉਹ ਵੈਨ ਚੜ੍ਹੀ ਸੀ ਉਦੋਂ ਹਲੇ ਵੀ ਮੂੰਹ ਹਨੇਰੇ ਵਾਂਗ ਜਾਪ ਰਿਹਾ ਸੀ।ਵੈਨ ਤੋਂ ਉਹ ਪਰਮ ਦੇ ਘਰ ਕੋਲ ਉੱਤਰ ਗਈ ਸੀ। ਪਰਮ ਦੇ ਮੰਮੀ ਡੈਡੀ ਉਦੋਂ ਵੀ ਘਰ ਨਹੀਂ ਸੀ। ਗਰਮੀ,ਸਰਦੀ ਜਾਂ ਬਾਰਿਸ਼ ਉਹ ਆਪਣੇ ਧੁਨ ਦੇ ਪੱਕੇ ਹਮੇਸ਼ਾ ਹੀ ਸਹੀ ਵੇਲੇ ਕੰਮ ਤੇ ਨਿੱਕਲ ਜਾਂਦੇ ਸੀ।ਉਸਦੇ ਘਰ ਉੱਤਰ ਉਹਨੇ ਕੁਝ ਦੇਰ ਉਡੀਕ ਕੀਤੀ ਤੇ ਫ਼ਿਰ ਛਿੰਦੇ ਦੇ ਸਕੂਟਰ ਦੀ ਆਵਾਜ਼ ਸੁਣ ਮਗਰਲੇ ਗੇਟ ਤੋਂ ਨਿੱਕਲ ਕੇ ਸਕੂਟਰ ਤੇ ਬੈਠ ਕੇ ਫ਼ੁਰ ਹੋ ਗਏ। ਖੁਦ ਨੂੰ ਭੂਰੀ ਚ ਲਪੇਟ ਕੇ ਇੰਝ ਬੈਠ ਗਈ ਕਿ ਕੋਈ ਦੱਸ ਨਹੀਂ ਸੀ ਸਕਦਾ ਕਿ ਬੈਠਣ ਵਾਲਾ ਹੈ ਕੌਣ? #harjotdikalam ਵੈਸੇ ਵੀ ਧੁੰਦ ਤੇ ਠੰਡ ਚ ਹਲੇ ਵੀ ਹੱਥ ਨੂੰ ਹੱਥ ਨਹੀਂ ਸੀ ਦਿਸਦਾ।ਜੱਫੀ ਮਾਰ ਕੇ ਕਲਾਵੇ ਚ ਘੁੱਟ ਕੇ ਉਹਨੇ ਛਿੰਦੇ ਨੂੰ ਇੰਝ ਜਕੜ ਰੱਖਿਆ ਸੀ ਜਿਵੇਂ ਰੋਂਦਾ ਬੱਚਾ ਮਾਂ ਨੂੰ ਕਲਾਵੇ ਚ ਘੁੱਟ ਲੈਂਦਾ ਹੋਏ।15 ਕੁ ਮਿੰਟ ਮਗਰੋਂ ਹੀ ਉਹ ਆਪਣੇ ਟਿਕਾਣੇ ਤੇ ਪਹੁੰਚ ਗਏ। ਇਹ ਸ਼ਹਿਰ ਦੇ ਬਿਲਕੁੱਲ ਨਾਲ ਲਗਦੇ ਇੱਕ ਦੋਸਤ ਦੀ ਮੋਟਰ ਸੀ। ਨਵੇਂ ਕੁਨੈਕਸ਼ਨ ਮਿਲਣ ਮਗਰੋਂ ਪਿਛਲੇ ਸਾਲ ਲਗਵਾਈ ਸੀ। ਡੇਢ ਕੁ ਕਮਰਾ ਛੱਤ ਲਿਆ ਸੀ। ਜਿਸ ਚ ਇੱਕ ਚ ਰੁਕਣ ਦਾ ਪ੍ਰਬੰਧ ਸੀ ਨਾਲ ਹੀ ਛੋਟੀ ਰਸੋਈ। ਇਹ ਪ੍ਰਬੰਧ ਉਸਨੇ ਯਾਰਾਂ ਦੋਸਤਾਂ ਨਾਲ ਕਦੇ ਕਦਾਈਂ ਮਹਿਫਲ ਸਜਾਉਣ ਲਈ ਕੀਤਾ ਸੀ। ਯਾਰਾਂ ਦੀ ਮੰਡਲੀ ਚ ਸਿਰਫ਼ ਛਿੰਦਾ ਹੀ ਸੀ ਜਿਸ ਦੀ ਗੱਲਬਾਤ ਸੀ, ਇਸ ਲਈ ਉਹਨੂੰ ਦਾਅ ਲੱਗੇ ਤੇ ਇਥੇ ਆਉਣ ਦੀ ਛੋਟ ਸੀ।ਸਕੂਟਰ ਨੂੰ ਓਹਲੇ ਚ ਲਗਾ ਕੇ ਦੋਵੇਂ ਜਣੇ ਬਚਕੇ ਕਮਰੇ ਦੇ ਅੰਦਰ ਜਾ ਬੈਠੇ। ਐਨੇ ਸਮੇਂ ਚ ਦੋਹਵਾਂ ਚ ਰਸਮੀ ਹੇੱਲੋ ਤੋਂ ਬਿਨਾਂ ਕੋਈ ਗੱਲ ਨਹੀਂ ਸੀ ਹੋਈ।ਦੋਹਵਾਂ ਨੇ ਦੁਆਲੇ ਵਲੀਆਂ ਹੋਈਆਂ ਲੋਈਆਂ ਲਾਹੁੰਦੇ ਹੋਏ, ਪਹਿਲੀ ਵਾਰ ਇੱਕ ਦੂਸਰੇ ਵੱਲ ਜੀਅ ਭਰਕੇ ਤੱਕਿਆ। ਮਨਜੀਤ ਵੱਲ ਤੱਕਦੇ ਹੀ ਛਿੰਦੇ ਦੇ ਚਿਹਰੇ ਤੇ ਮੁਸਕਰਾਹਟ ਭਰ ਆਈ ਜਿਸ ਸਾਗ ਪਿਆਰ ਵੀ ਸੀ ਤੇ ਇੱਕ ਖਿੱਚ ਵੀ।ਉੱਪਰ ਤੋਂ ਥੱਲੇ ਤੱਕ ਤੱਕਿਆ, ਉਸਨੇ ਉਸਦਾ ਮਨਪਸੰਦ ਸੂਟ ਪਾ ਰਖਿਆ ਸੀ,ਇਹੋ ਸੂਟ ਉਸਨੇ ਬਜ਼ਾਰ ਤੋਂ ਖ਼ੁਦ ਆਪਣੇ ਹੱਥੀ ਪਸੰਦ ਕਰਕੇ ਦਿੱਤਾ ਸੀ।ਪਰ ਮਨਜੀਤ ਦੀਆਂ ਅੱਖਾਂ ਚ ਉਦਾਸੀ ਵੇਖ ਕੇ ਉਹ ਇੱਕ ਦਮ ਠਿਠਕ ਗਿਆ। ਉਹਦੇ ਚਿਹਰੇ ਤੋਂ ਮੁਸਕਰਾਹਟ ਗਾਇਬ ਸੀ। ਅੱਖਾਂ ਹੇਠ ਇੰਝ ਘੇਰੇ ਸੀ ਜਿਵੇਂ ਕਈ ਰਾਤਾਂ ਤੋਂ ਸੁੱਤੀ ਨਾ ਹੋਏ, ਅੱਖੀਆਂ ਦੀ ਲਾਲੀ ਦੱਸਦੀ ਸੀ ਜਿਵੇਂ ਉਹ ਤਾਜ਼ਾ ਤਾਜ਼ਾ ਰੋ ਕੇ ਹਟੀ ਹੋਏ। ਪਲ ਭਰ ਲਈ ਉਸਦਾ ਅਣਹੋਣੀ ਨੂੰ ਲੈ ਕੇ ਮੱਥਾ ਠਣਕਿਆ, ਸ਼ਾਇਦ ਜ਼ਮੀਨ ਦਾ ਕੋਈ ਚੱਕਰ ਨਿਪਟ ਗਿਆ ਉਸਨੂੰ ਇਹੋ ਲੱਗਾ ਸੀ।ਮੋਢੇ ਤੋਂ ਪਕੜ ਕੇ ਉਹਨੂੰ ਆਪਣੇ ਕੋਲ ਖਿੱਚ ਲਿਆ ਤੇ ਉਹਦੀ ਠੋਡੀ ਨੂੰ ਪਕੜ ਕੇ ਅੱਖਾਂ ਚ ਝਾਕਿਆ ।”ਕੀ ਹੋਈਆਂ ਮਨਜੀਤ ?” ਉਸਨੇ ਪੁੱਛਿਆ।ਮਨਜੀਤ ਕੋਈ ਉੱਤਰ ਦੇਣ ਤੋਂ ਪਹਿਲਾਂ ਹੀ ਮੋਢੇ ਲੱਗਕੇ ਰੋਣ ਲੱਗੀ। ਇੱਕੋ ਝਟਕੇ ਚ ਉਸਦੇ ਦਿਲ ਦਾ ਸਾਰਾ ਗੁਬਾਰ ਬਾਹਰ ਨਿਕਲ ਆਇਆ। ਉਸਦੇ ਹਾਉਂਕਿਆ ਤੇ ਆਵਾਜ਼ ਤੇ ਰੋਣੇ ਨੇ ਇੱਕ ਵਾਰੀ ਛਿੰਦੇ ਦਾ ਦਿਲ ਵੀ ਪਿਘਲਾ ਦਿੱਤਾ। ਉਹ ਉਹਨੂੰ ਵਰਾਉਂਦਾ ਰਿਹਾ। ਪੁੱਛਦਾ ਰਿਹਾ।”ਹਾਏ ਪਗਲੀ, ਦੱਸ ਤਾਂ ਸਹੀ ਹੋਇਆ ਕੀ ਏ” ਪਰ ਜੇ ਤਾਂ ਦਿਲ ਦੀ ਤਕਲੀਫ਼ ਘਟੇ ਤਾਂ ਜ਼ੁਬਾਨ ਕੁਝ ਆਖੇ। ਦਿਲ ਤਾਂ ਸੂਈਆਂ ਨਾਲ ਵਿਨ੍ਹੀਆਂ ਪਿਆ ਸੀ।ਕਰੀਬ 15 ਮਿੰਟ ਰੋਣ ਮਗਰੋਂ ਉਸਦੇ ਸਾਹ ਕੁਝ ਸੂਤ ਆਏ। ਫਿਰ ਉਹ ਕੁਝ ਬੋਲਣ ਯੋਗ ਹੋਈ। ਤੇ ਰੋਂਦੇ ਰੋਂਦੇ ਹੀ ਸਾਰੀ ਵਿਥਿਆ ਕਹਿ ਸੁਣਾਈ।ਸੁਣਦਿਆਂ ਹੀ ਛਿੰਦੇ ਦਾ ਕਾਲਜੇ ਨੂੰ ਧੱਕ ਪਈ। ਉਸ ਵਰਗੇ ਉੱਚੇ ਲੰਮੇ ਗੱਬਰੂ ਦੀਆਂ ਲੱਤਾਂ ਵੀ ਇੱਕ ਦਮ ਕੰਬਣ ਲੱਗੀਆਂ। ਪਰ ਫਿਰ ਵੀ ਉਹ ਹੋਸ਼ ਹਵਾਸ਼ ਚ ਇੱਕ ਹੱਥ ਨਾਲ ਮੰਜੇ ਨੂੰ ਟੋਹਦਾ ਹੋਇਆ। ਮੰਜੇ ਤੇ ਬੈਠ ਗਿਆ। ਮਨਜੀਤ ਵੀ ਉਸਦੇ ਮੋਢੇ ਨਾਲ ਵੇਲ ਵਾਂਗ ਲਿਪਟੀ ਉਂਝ ਹੀ ਬੈਠ ਗਈ।ਤਿੰਨ ਕੁ ਦਿਨਾਂ ਦੇ ਫਾਸਲੇ ਨੇ ਉਮਰੋਂ ਲੰਮੇ ਵਕਫ਼ੇ ਪਾ ਦਿੱਤੇ।ਐਸਾ ਮੋੜ ਸੀ ਜਿਥੇ ਕਿਧਰੇ ਵੀ ਜਾਣਾ ਮੁਮਕਿਨ ਨਹੀਂ ਸੀ। ਉਹ ਕੀ ਕਰਨ ਕੁਝ ਵੀ ਉਹਨਾਂ ਦੇ ਹੱਥ ਨਹੀਂ ਸੀ।ਜਿੰਦਗ਼ੀ ਦੇ ਕੂਹਣੀ ਮੋੜ ਇਨਸਾਨ ਕੋਲੋਂ ਸਿਰਫ਼ ਜੀਅ ਲੈਣ ਦਾ ਹੱਕ ਹੀ ਨਹੀਂ ਖੋਹ ਲੈਂਦੇ ਸਗੋਂ ਮਰ ਹੀ ਜਾਣ ਦਾ ਰਾਹ ਵੀ ਬੰਦ ਕਰ ਦਿੰਦੇ ਹਨ।ਕਈ ਵਿਚਾਰਾਂ ਹੋਈਆਂ। ਇੱਕ ਪਲ ਲਈ ਇਹ ਵੀ ਲੱਗਿਆ ਕਿ ਕਿਧਰੇ ਦੌੜ ਜਾਈਏ। ਐਡੀ ਵੱਡੀ ਦੁਨੀਆਂ ! ਕਿਸਨੂੰ ਲੱਭਿਆ ਜਾਣਾ। ਪਰ ਅਗਲੇ ਪਲ ਜਜ਼ਬਾਤਾਂ ਉੱਤੇ ਅਕਲ ਭਾਰੂ ਹੋ ਜਾਂਦੀ। ਸ਼ਰੀਕਾਂ ਦੇ ਮੇਹਣੇ ,ਬਾਪੂ ਦੀ ਵਿਕਦੀ ਜ਼ਮੀਨ ,ਮਾਂ ਦਾ ਭੋਲਾ ਭਾਲਾ ਚਿਹਰਾ ਅੱਖਾਂ ਮੂਹਰੇ ਆ ਜਾਂਦਾ।ਕਾਸ਼ ਉਹਨਾਂ ਨੇ ਆਪਣੇ ਘਰ ਪਹਿਲਾਂ ਗੱਲ ਖੋਲ੍ਹੀ ਹੁੰਦੀ ! ਪਰ ਬਿਨਾਂ ਪੱਕੇ ਪੈਰੀਂ ਉਹ ਕਿਵੇਂ ਕੁਝ ਕਹਿੰਦੇ। ਛਿੰਦਾ ਖੁਦ ਕਬੀਲਦਾਰੀ ਚ ਉਲਝ ਰਖਿਆ ਸੀ ਕਿ ਉਹਨੂੰ ਸਾਕ ਦੇਣਾ ਕੋਈ ਬੇਜ਼ਮੀਨਾ ਵੀ ਹਤੱਕ ਮੰਨਦਾ।ਕਿਵ਼ੇਂ ਪੈਸੇ ਦੀ ਲੁੱਟ ਮੱਚੀ ਏ ਦੁਨੀਆਂ ਚ ,ਅਮੀਰ ਅਮੀਰ ਹੋਈ ਜ਼ਾ ਰਿਹਾ ਗਰੀਬ ਕੋਲ ਜੋ ਹੈ ਉਹ ਵੀ ਵਿਕ ਰਿਹਾ। ਸਿਰਫ਼ ਜਾਇਦਾਦ ਨਹੀਂ।ਉਸਦੇ ਤਾਂ ਸੁਪਨੇ ਵੀ ਨਿਲਾਮ ਹੋ ਰਹੇ ਹਨ।ਪੈਸੇ ਤੇ ਜਾਇਦਾਦ ਨਾਲ ਹੀ ਬੰਦੇ ਦੀ ਕੀਮਤ ਬਚੀ ਏ ਆਪ ਤੇ ਬੰਦਾ ਜ਼ੀਰੋ ਹੈ।ਉਹ ਵੀ ਹਲੇ ਜ਼ੀਰੋ ਸਨ। ਹੁਣ ਇਸੇ ਨੂੰ ਭੁਗਤ ਰਹੇ ਸੀ। ਅਚਾਨਕ ਆਏ, ਇਸ ਭੂਚਾਲ ਨੇ ਦੋਹਾਂ ਨੂੰ ਇੱਕੋ ਝਟਕੇ ਵੱਖ ਕਰ ਦਿੱਤਾ ਸੀ।ਵੱਖ ਹੋਣ ਦੇ ਇਸ ਖਿਆਲ ਨਾਲ ਹੀ ਛਿੰਦੇ ਨੇ ਮਨਜੀਤ ਨੂੰ ਆਪਣੀ ਛਾਤੀ ਨਾਲ ਜ਼ੋਰ ਦੀ ਘੁੱਟ ਲਿਆ। ਮੰਜੇ ਤੇ ਵਿਛ ਗਿਆ। ਉਹਦੀਆਂ ਅੱਖਾਂ ਹੰਝੂਆਂ ਨਾਲ ਸਿੱਲੀਆਂ ਹੋ ਗਈਆਂ। ਐਨੇ ਮਜਬੂਤ ਜਿਸਮ ਤੇ ਦਿਲ ਵਾਲੇ ਸਖਸ਼ ਨੂੰ ਰੋਂਦਿਆਂ ਵੇਖ ਮਨਜੀਤ ਫਿਰ ਤੋਂ ਰੋਣ ਲੱਗੀ। ਪਰ ਕਿੰਨਾ ਟੈਮ ? ਅਖ਼ੀਰ ਰੋਂਦਿਆਂ ਰੋਂਦਿਆਂ ਹੰਝੂ ਮੁੱਕ ਗਏ।ਇੱਕ ਦੂਸਰੇ ਨਾਲ ਇੰਝ ਹੀ ਲਿਪਟੇ ਉਹ ਕਿੰਨਾ ਚਿਰ ਲੇਟੇ ਰਹੇ। ਇੱਕ ਇੱਕ ਕਰਕੇ ਜਿੰਦਗ਼ੀ ਦੇ ਸਾਰੇ ਪਲ ਉਹਦੇ ਸਾਹਮਣੇ ਆ ਗਏ ਜਿਵੇਂ ਉਹ ਮਿਲੇ ਸੀ,ਉਹਨਾਂ ਦੇ ਨਾਲ ਬਿਤਾਇਆ ਇੱਕ ਇੱਕ ਪਲ, ਇਸੇ ਕਮਰੇ ਚ ਉਹਨਾਂ ਦੀ ਪਹਿਲੀ ਮੁਲਾਕਾਤ ,ਉਸਦਾ ਚਾਅ ਤੇ ਉਸ ਮਗਰੋਂ ਦੇ ਸਭ ਪਲ ਉਹ ਇੱਕ ਦੂਸਰੇ ਨਾਲ ਸਾਂਝੇ ਕਰਦੇ ਰਹੇ।ਕਹਿੰਦੇ ਆਦਮੀ ਦੇ ਮਰਨ ਤੋਂ ਪਹਿਲਾ ਉਸਦੇ ਜਿੰਦਗ਼ੀ ਦੇ ਸਭ ਤੋਂ ਹੁਸੀਨ ਪਲ ਉਸਦੀਆਂ ਯਾਦਾਂ ਚ ਤਾਜ਼ਾ ਹੋ ਜਾਂਦੇ ਹਨ ਸ਼ਾਇਦ ਇਹ ਗੱਲ ਰਿਸ਼ਤਿਆਂ ਦੇ ਟੁੱਟਣ ਜਾਂ ਖਤਮ ਹੋਣ ਵੇਲੇ ਵੀ ਉਨ੍ਹੀ ਹੀ ਸੱਚ ਹੁੰਦੀ ਹੈ। ਹਰ ਨਿੱਕੇ ਤੋਂ ਨਿੱਕਾ ਪਲ ਯਾਦਾਂ ਤੇ ਗੱਲਾਂ ਚ ਫੇਰਾ ਪਾ ਗਿਆ ਸੀ। ਇਹੋ ਗੱਲ ਉਹਨਾਂ ਦੋਵਾਂ ਤੇ ਲਾਗੂ ਸੀ। ਉਹ ਹੁਣ ਲੰਘੇ ਵਕਤ ਨੂੰ ਮੁੜ ਜਿਉਂ ਰਹੇ ਸੀ। ਮੁੜਕੇ ਪਤਾ ਨਹੀਂ ਇਹ ਯਾਦਾਂ ਵੀ ਫਰੋਲਣ ਦਾ ਮੌਕਾ ਮਿਲਣਾ ਜਾਂ ਨਹੀਂ ਕੌਣ ਜਾਣਦਾ।ਹਰ ਲੰਘਦੇ ਪਲ ਨਾਲ ਦੋਵੇਂ ਸਿਰਫ ਯਾਦਾਂ ਚ ਹੀ ਨਹੀਂ ਸਗੋਂ ਇੱਕ ਦੂਸਰੇ ਚ ਗਵਾਚਦੇ ਜਾ ਰਹੇ ਸੀ।ਦਿਲ ਦੀ ਪੀੜ੍ਹ ਨੇ ਜਿਸਮਾਂ ਚ ਇੱਕ ਅਜ਼ੀਬ ਹਲਚਲ ਮਚਾ ਦਿੱਤੀ ਸੀ। ਗਰਮ ਕੱਪੜਿਆਂ ਵਿੱਚੋ ਗਰਮੀ ਸਿਮਣ ਲੱਗੀ ਸੀ। ਕੋਸੇ ਸਾਹ ਇੰਝ ਲਗ ਰਹੇ ਸੀ ਜਿਵੇਂ ਧੂਣੀ ਸੇਕ ਰਹੇ ਹੋਣ। ਸਾਹਾਂ ਦੀ ਇਸ ਗਰਮੀ ਨੇ ਜਦੋਂ ਸਾਹਾਂ ਨੂੰ ਖਿੱਚਿਆ ਨੂੰ ਤਾਂ ਬੁੱਲਾਂ ਨੇ ਬੁੱਲਾ ਨੂੰ ਜਕੜ ਲਿਆ ਜਿਵੇਂ ਉਹ ਨਾ ਵਿਛੜਨ ਦਾ ਪ੍ਰਣ ਕਰ ਚੁੱਕੇ ਹੋਣ। ਤੇਜ਼ੀ ਸੀ ਕਾਹਲ ਸੀ ਤੇ ਇੱਕ ਨਾ ਮੁੱਕਣ ਵਾਲੀ ਪਿਆਸ ਸੀ। ਹੱਥ ਬੇਕਾਬੂ ਹੋ ਕੇ ਕੱਪੜਿਆਂ ਚ ਗੁਆਚ ਗਏ ਸੀ।ਜਿਹੜੇ ਲੱਭੇ ਨਹੀਂ ਸੀ ਜ਼ਾ ਸਕਦੇ ਸਿਰਫ ਮਹਿਸੂਸ ਕੀਤੇ ਜਾ ਸਕਦੇ ਸੀ। ਇੱਕ ਪਲ ਲਈ ਕਿਤੇ ਦੂਸਰੇ ਪਲ ਲਈ ਕਿਤੇ। ਛਿੰਦਾ ਇੱਕੋ ਝਟਕੇ ਚ ਉੱਠ ਕੇ ਉਹਦੇ ਪੂਰੇ ਬਦਨ ਉੱਪਰ ਫ਼ੈਲ ਗਿਆ ਸੀ।ਮਨਜੀਤ ਦੇ ਸਰੀਰ ਨਾਲੋਂ ਉਹ ਦੂਣਾ ਨਾ ਸਹੀ ਡੇਢ ਗੁਣਾ ਜਰੂਰ ਸੀ।ਪਰ ਮਨਜੀਤ ਦੇ ਜਿਸਮ ਦੀ ਲਚਕ ਨੇ ਉਹਦੇ ਸਖਤ ਪਿੰਡੇ ਨੂੰ ਵੇਲ੍ਹ ਵਾਂਗ ਵਲ੍ਹ ਲਿਆ ਸੀ। ਸੰਗ-ਸ਼ਰਮ ਉਹਨਾਂ ਚ ਇਸ ਮਾਮਲੇ ਚ ਕਦੋਂ ਦੀ ਖਤਮ ਹੋ ਗਈ ਸੀ। ਉਸਦੇ ਬੁੱਲ੍ਹਾ ਨੂੰ ਚੁੰਮਦਿਆ ਆਪਣੇ ਪੂਰੇ ਜਿਸਮ ਨੂੰ ਉਸ ਉੱਪਰ ਢੱਕ ਕੇ ਇੱਕ ਪਲ ਲਈ ਉਹਦੀਆਂ ਅੱਖਾਂ ਚ ਤੱਕਿਆ।ਕੁਰਬਾਨ ਹੋ ਜਾਣ ਲਈ ਆਮਦਾ ਇੱਕ ਨਸ਼ਾ ਸੀ, ਪਰ ਅੱਖਾਂ ਦੇ ਘੇਰਿਆ ਨਾਲ ਹੀ ਮੁੜ ਉਸਦੇ ਖਿਆਲ ਬਦਲ ਗਏ।ਛਿੰਦੇ ਦਾ ਆਪਣਾ ਸਰੀਰ ਇੱਕ ਦਮ ਝੂਠਾ ਪੈ ਗਿਆ।ਉਹ ਬੁੜਬੁੜਾਇਆ ,” ਇਹ ਸਭ ਠੀਕ ਨਹੀਂ ,ਹੁਣ ਤੋਂ ਮੇਰੀ ਨਹੀਂ ਰਹੀ, ਕਿਸੇ ਹੋਰ ਦੀ ਅਮਾਨਤ ਹੋ ਗਈ ਏਂ, ਇਹ ਜਾਣਦੇ ਹੋਏ ਵੀ ਮੈਂ ਇਹ ਸਭ ਨਹੀਂ ਕਰ ਸਕਦਾ ! “ਇੱਕ ਦਮ ਜਿਵੇਂ ਉਹਨੂੰ ਹੋਸ਼ ਆ ਗਿਆ ਹੋਏ। ਮਨਜੀਤ ਦੇ ਸਿਰ ਤੇ ਵੀ ਕਿਸੇ ਨੇ ਜਿਵੇਂ ਸੌ ਘੜੇ ਪਾਣੀ ਪਾ ਦਿੱਤਾ ਹੋਏ। ਇੱਕ ਦਮ ਉਹ ਉੱਠੀ ਤੇ ਥੋੜਾ ਦੂਰ ਹੋਕੇ ਬੈਠ ਗਈ।ਸ਼ਾਇਦ ਇਹ ਮੁਲਾਕਾਤ ਉਸ ਲਈ ਸਭ ਤੋਂ ਯਾਦਗਾਰ ਵੀ ਰਹਿੰਦੀ ਪਰ ਮੰਗਣੀ ਹੋਣ ਮਗਰੋਂ ਵੀ ਕਿਸੇ ਨਾਲ ਇੰਝ ਕਰ ਲੈਣ ਦਾ ਪਾਪ ਵੀ ਮਨ ਤੇ ਬੋਝ ਬਣਿਆ ਰਹਿੰਦਾ। ਇੱਕ ਪਲ ਲਈ ਲੱਗਿਆ ਜਿਵੇਂ ਉਹ ਇਸ ਸਖਸ਼ ਲਈ ਤਾਂ ਦੋ ਦਿਨ ਪਹਿਲਾਂ ਪਰਾਈ ਹੋ ਗਈ ਸੀ । ਜਿਸ ਦਿਨ ਉਸਦੇ ਬਾਪੂ ਨੇ ਰੁਪਈਆ ਕਿਸੇ ਹੱਥ ਧਰਕੇ ਉਹਨੂੰ ਵੀ ਉਸ ਨਾਲ ਹੀ ਸੌਂਪ ਦਿੱਤਾ ਸੀ।ਇੱਕ ਸ਼ਾਂਤੀ ਜਿਹੀ ਛਾ ਗਈ। ਦੋਵੇਂ ਚੁੱਪ ਸੀ। ਹੁਣ ਰੋਣ ਨੂੰ ਵੀ ਕੁਝ ਨਹੀਂ ਸੀ ਕਹਿਣ ਨੂੰ ਵੀ ਕੁਝ ਨਹੀਂ ਸੀ। ਸਿਰਫ ਲੰਘੇ ਵਕਤ ਦੀਆਂ ਯਾਦਾਂ ਸੀ ਜਿਸਨੂੰ ਬੰਨ੍ਹ ਕੇ ਨਾਲ ਲੈ ਕੇ ਜਾਣਾ ਸੀ। ਕੁਝ ਦੇਰ ਬੈਠੇ ਤੇ ਅਣਜਾਣ ਲੋਕਾਂ ਵਾਂਗ ਹਾਲ ਪੁੱਛਣ ਲੱਗੇ।ਫਿਰ ਘਰ ਮੁੜਨ ਦੀ ਮਨਜੀਤ ਅੰਦਰ ਕਾਹਲ ਮੱਚ ਗਈ। ਫਟਾਫਟ ਦੋਵੇਂ ਵਾਪਿਸ ਪਰਮ ਦੇ ਘਰ ਆਏ।ਵੈਨ ਦੀ ਉਡੀਕ ਉਸਨੇ ਉਸਦੇ ਘਰ ਹੀ ਕੀਤੀ।ਸਭ ਜਜ਼ਬੇ ਪੱਥਰ ਜਿਹੇ ਹੋ ਗਏ ਸੀ। ਹੁਣ ਉਸਦੇ ਅੰਦਰ ਜਿਵੇਂ ਕੋਈ ਜਜ਼ਬਾਤ ਬਚਿਆ ਨਹੀਂ ਸੀ। ਵਲੈਤਣ ਹੋ ਜਾਣ ਦਾ ਸ਼ਾਇਦ ਇਹ ਪਹਿਲਾ ਪੜਾਅ ਸੀ।ਇੱਕ ਪਲ ਲਈ ਛਿੰਦਾ ਉਹਦੇ ਦਿਮਾਗ ਚ ਜਰੂਰ ਘੁੰਮ ਜਾਂਦਾ। ਬਾਰ ਬਾਰ ਇੱਕੋ ਗੱਲ ਅਮਾਨਤ ਸਮਝ ਕੇ ਇੱਕ ਪਲ ਚ ਹੀ ਪਿੱਛੇ ਹਟ ਜਾਣਾ ਉਹਦੇ ਲਈ ਛਿੰਦੇ ਦੇ ਮਨ ਚ ਹੁਣ ਤੱਕ ਦੀ ਸਭ ਤੋਂ ਮਾਨ ਵਾਲੀ ਗੱਲ ਸੀ। ਉਸਨੂੰ ਮਾਣ ਮਹਿਸੂਸ ਹੋਇਆ ਕਿ ਉਸਦੇ ਮੁੱਹਬਤ ਚ ਇਹ ਅਸੂਲ ਕਾਇਮ ਸਨ।ਜਦੋਂ ਤਾਂਈ ਉਹ ਘਰ ਪਹੁੰਚੀ ਤਾਂ ਹਨੇਰਾ ਹੋ ਚੁੱਕਾ ਸੀ।ਉਸਦੇ ਨਾਨਕੇ ਤੋਂ ਢੇਰ ਪਰਾਉਣੇ ਆਏ ਹੋਏ ਸੀ। ਹੁਣ ਤਾਂ ਅਗਲੇ ਮਹੀਨੇ ਇੰਝ ਹੀ ਗੁਜਰਨ ਵਾਲੇ ਸੀ।ਮੁੜ ਕਦੇ ਛਿੰਦਾ ਦਿਖਾਈ ਦੇਵੇਗਾ ਜਾਂ ਨਹੀਂ ,ਕਦੇ ਉਸਦੀ ਯਾਦ ਮੁੜ ਫੇਰਾ ਪਾਏਗੀ ਜਾਂ ਨਹੀਂ। ਉਸਨੂੰ ਨਹੀਂ ਸੀ। ਪਤਾ ਉਸਦਾ ਮਨ ਇੰਝ ਹੌਲਾ ਫੁੱਲ ਹੋ ਚੁੱਕਾ ਸੀ ਜਿਵੇਂ ਕੋਈ ਦਿਲ ਦੇ ਕਿਸੇ ਹਿੱਸੇ ਨੂੰ ਕਬਰਾਂ ਚ ਦਬਾ ਕੇ ਆ ਚੁੱਕਾ ਹੋਏ। ਬਾਕੀ ਸੀ ਤਾਂ ਇੱਕ ਤਿੱਖੀ ਜਿਹੀ ਚੀਸ ਜੋ ਕਦੇ ਕਦੇ ਉਠਦੀ ਸੀ,ਜਦੋਂ ਅੱਧੀ ਰਾਤੀਂ ਅਚਾਨਕ ਇੱਕ ਸੁਪਨੇ ਨਾਲ ਉਸਦੀ ਘਬਰਾ ਕੇ ਅੱਖ ਖੁੱਲ੍ਹ ਜਾਂਦੀ, ਸੁਪਨਾ ਇੰਝ ਹੀ ਹੁੰਦਾ ਸੀ ਜਿਸ ਚ ਛਿੰਦੇ ਤੋਂ ਉਸਨੂੰ ਕੋਈ ਖੋਹ ਕੇ ਲਿਜਾ ਰਿਹਾ ਸੀ, ਪਰ ਹਰ ਲੰਘਦੇ ਦਿਨ ਨਾਲ ਇਹਦੀ ਤੀਬਰਤਾ ਘੱਟਦੀ ਗਈ …..ਆਪਣੇ ਜਿੰਮੇ ਪਈ ਪਹਾੜ ਜਹੀ ਜਿੰਮੇਵਾਰੀ ਥੱਲੇ ਉਹ ਬਰਫ਼ ਹੋ ਗਈ ਸੀ ਵਲੈਤ ਜਾਣ ਤੋਂ ਪਹਿਲਾਂ ਹੀ ….ਹੱਸ ਰਹੀ ਸੀ ਤਾਂ ਸਿਰਫ ਇਸ ਲਈ ਕਿ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਸੀ।Instagram ਤੇ ਫੋਲੋ ਕਰੋ www.instagram.com/Harjot.Di.Kalam

ਗੱਜਣ ਸਿਉਂ ਨੇ ਪਟਵਾਰੀ ਤੋਂ ਫ਼ਰਦ ਕਢਵਾ ਲਈ ਤੇ ਲਿਆ ਕੇ ਆੜਤੀਏ ਦੇ ਮੁਨੀਮ ਕੋਲ ਧਰ ਦਿੱਤੀ। ਜ਼ਮੀਨ ਉੱਤੇ ਕਿਸੇ ਹੋਰ ਦਾ ਮਾਲਿਕਨਾ ਹੱਕ ਨਹੀਂ ਸੀ। ਜਿਨ੍ਹੇ ਪੈਸੇ ਗੱਜਣ ਮੰਗ ਰਿਹਾ ਸੀ ਉਸਤੋਂ ਇਹੋ ਲਗਦਾ ਸੀ ਕਿ ਮੁੜ ਉਹਦੇ ਕੋਲੋ ਇਹ ਛੁਡਾ ਨਹੀਂ ਹੋਣੀ। ਆੜਤੀਆ ਖੁਦ ਜ਼ਮੀਨ ਵੀ ਵੇਖ ਚੁੱਕਾ ਸੀ,ਫ਼ਸਲ ਵੀ ਉਹਦੇ ਕੋਲ ਆਉਂਦੀ ਸੀ। ਇਸ ਲਈ ਉਹਦੇ ਆਉਂਦੇ ਹੀ ਚਾਹ ਦਾ ਕੱਪ ਮੰਗਵਾ ਦਿੱਤਾ ਨਾਲ ਲੱਡੂ ਵੀ ਅਖੇ ਕੁੜੀ ਦਾ ਵਿਆਹ ਪੱਕਾ ਕੀਤਾ ਤਾਂ ਇਹ ਤਾਂ ਬਣਦਾ ਹੀ ਹੈ।ਢਾਈ ਰੁਪਏ ਸੈਂਕੜਾ ਵਿਆਜ ਦੀ ਲਿਖਤ ਪੜ੍ਹਤ ਲਾ ਕੇ ਉਹਨੂੰ ਦੋ ਲੱਖ ਦਾ ਚੈੱਕ ਕੱਟਕੇ ਹੱਥੀਂ ਧਰ ਦਿੱਤਾ।ਸਿੱਧੀ ਹੀ ਜ਼ਮੀਨ ਵੇਚਣ ਨਾਲ਼ੋਂ ਉਹਨੂੰ ਇਹ ਤਰੀਕਾ ਸਹੀ ਜਾਪਦਾ ਸੀ।ਫ਼ਸਲ ਨਾਲ ਜਿੰਨਾ ਵਿਆਜ ਉੱਤਰੀ ਜਾਊਗਾ ਠੀਕ ਬਾਕੀ ਵਾਧਾ ਘਾਟਾ ਹੋਈ ਜਾਊ। “ਜੇ ਸਾਲ ਚ ਮੁੰਡਾ ਵੀ ਨਾਲ ਹੀ ਚਲਾ ਗਿਆ ਤਾਂ ਸਭ ਰੋਣੇ ਧੋਣੇ ਘਾਟੇ ਵਾਧੇ ਪੂਰੇ ਹੋ ਜਾਣਗੇ।”ਬੈਂਕ ਚ ਚੈੱਕ ਲਾ ਕੇ ਉਹਨੇ 20 ਕੁ ਹਜ਼ਾਰ ਖਰਾ ਕੀਤਾ। ਬਾਕੀ ਵਿਆਹ ਦੀ ਤਰੀਕ ਦੱਸ ਕੇ ਬੈਂਕ ਮੈਨਜਰ ਨੂੰ ਕੈਸ਼ ਲਈ ਆਖ ਦਿੱਤਾ। ਛੋਟੀ ਬ੍ਰਾਂਚ ਹੋਣ ਕਰਕੇ ਉਹ ਕੈਸ਼ ਡਿਮਾਂਡ ਤੇ ਹੀ ਮੰਗਵਾ ਕੇ ਰੱਖਦੇ ਸੀ।ਜਿਥੇ ਜਿਥੇ ਸੌਦੇ ਪੱਤੇ ਖਰੀਦਣੇ ਸੀ ਉਹਨੇ ਖਰੀਦੇ ਤੇ ਘਰ ਭਿਜਵਾਉਣ ਲਈ ਆਖ ਦਿੱਤਾ।ਹਲਵਾਈ ਤੋਂ ਲੈ ਕੇ ਟੈਂਟ ਵਾਲੇ ਤੱਕ ਸਭ ਨੂੰ ਸਾਈ ਫੜਾਉਂਦਾ ਚਲਾ ਗਿਆ।ਕੱਪੜਿਆਂ ਤੇ ਸੂਟਾਂ ਦੀ ਲਿਸਟ ਸੁਨਿਆਰੇ ਨੂੰ ਸੋਨਾ ਘੜਾਈ ਦੇ ਪੈਸੇ ਦਿੰਦੇ ਹੋਏ ਹਿਸਾਬ ਕਰਦੇ ਕਰਦੇ ਉਹਦੇ ਕੋਲ ਸ਼ਾਮ ਤੱਕ ਜੇਬ ਚ ਮਸੀ ਪੰਜ ਕੁ ਸੌ ਬਾਕੀ ਬਚਿਆ।ਪਰ ਅੱਜ ਦੇ ਦਿਨ ਚ ਉਹਨੇ ਬਹੁਤੇ ਕੰਮ ਭੁਗਤਾ ਲਏ ਸੀ। ਹੁਣ ਬਲਵੰਤ ਜਾਣੇ ਜਾਂ ਕੋਈ ਹੋਰ। ਉਹਦੀ ਇਹੋ ਸਮਝ ਸੀ।…………ਬੰਨ੍ਹੇ ਦਿਨ ਤਾਂ ਆ ਖੜ੍ਹਦੇ ਹਨ ਤੇ ਬੰਦੇ ਨੂੰ ਸਾਹ ਵੀ ਨਹੀਂ ਆਉਂਦਾ।ਦਿਨਾਂ ਚ ਹੀ ਘਰ ਦਾ ਸੂਰਤ ਹਾਲ ਬਦਲ ਗਿਆ ਸੀ।ਭੰਨ ਤੋੜ ਜਿਥੇ ਹੋ ਸਕਦੀ ਸੀ ਕੀਤੀ ਗਈ। ਨਵੇਂ ਬਾਥਰੂਮ ਬਣੇ, ਰਸੋਈ ਚ ਜੋ ਥੋੜੀ ਘਾਟ ਵਾਧ ਲਗਦੀ ਸੀ ਦਰੁਸਤ ਕੀਤਾ। ਰੰਗ ਰੋਗਨ ਹੋਇਆ, ਦਰਵਾਜੇ ਤਾਕੀਆਂ ਨੂੰ ਕੁੰਡੇ ਜਿੰਦੇ ਅੜਦੇ ਕੀਤੇ ਗਏ। ਘਰ ਦੀ ਕਾਇਆ ਕਲਪ ਹੋ ਗਈ। ਪੈਸੇ ਤਾਂ ਹੱਥੋਂ ਇੰਝ ਫਿਸਲ ਰਹੇ ਸੀ ਜਿਵੇਂ ਬੁੱਕ ਚ ਪਾਣੀ ਭਰਿਆ ਹੋਵੇ।ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਗੱਜਣ ਗੁਰਬੇਜ਼ ਤੇ ਦੋ ਤਿੰਨ ਹੋਰ ਰਿਸ਼ਤੇਦਾਰ ਸਪੈਸ਼ਲ ਕਾਰ ਕਰਕੇ ਗਏ ਤੇ ‘ਨਕਦੀ’ ਦਾ ਦੇਣ ਲੈਣ ਮੁਕਾ ਆਏ.ਪਿੰਡ ਵਾਲਿਆਂ ਸਾਹਮਣੇ ਤੇ ਰਿਸ਼ਤੇਦਾਰਾਂ ਸਾਹਮਣੇ ਨਕਦੀ ਦੇਕੇ ਉਹ ਲੋਕਾਂ ਦੀਆਂ ਸੌ ਤਰ੍ਹਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੁੰਦੇ ਸੀ। ਕੋਈ ਪਤਾ ਨਹੀਂ ਕੋਈ ਕਦੋੰ ਕਾਮਰੇਡ ਉੱਠ ਕੇ ਰੰਗ ਚ ਭੰਗ ਪਾ ਦੇਵੇ ਤੇ ਕਿਧਰੇ ਸ਼ਿਕਾਇਤ ਹੀ ਨਾ ਕਰ ਦੇਵੇ। ਵਿਆਹ ਵਾਲੇ ਪਰਿਵਾਰ ਸੋਚਦੇ ਸੀ ਪਤਾ ਨਹੀਂ ਲੋਕਾਂ ਦੀਆਂ ਖੁਸ਼ੀਆਂ ਚ ਭੰਗ ਪਾਉਣ ਦਾ ਐਵੇਂ ਦੇ ਲੋਕਾਂ ਨੂੰ ਕੀ ਮਿਲਦਾ।ਕਈ ਦਿਨਾਂ ਤੋਂ ਵਟਣਾ ਮਲਦੀ ਮਨਜੀਤ ਦਾ ਰੰਗ ਤੇ ਰੂਪ ਹੋਰ ਵੀ ਨਿੱਖਰ ਆਇਆ ਸੀ। ਲਾਲ ਸੂਹੇ ਜੋਡ਼ੇ ਵਿੱਚ ਤੇ ਵਲੈਂਤੋਂ ਆਏ ਮੇਕਅੱਪ ਦੇ ਸਮਾਨ ਦੀ ਵਰਤੋਂ ਨੇ ਉਹਨੂੰ ਹੋਰ ਵੀ ਨਿਖਾਰ ਦਿੱਤਾ ਸੀ। ਵਿਚੋਲੇ ਹੱਥ ਖ਼ਾਸ ਮੁੰਡੇ ਦੀ ਫਰਮਾਇਸ਼ ਤੇ ਇਹ ਸਮਾਨ ਉਸ ਕੋਲ ਪੁੱਜਦਾ ਹੋਇਆ ਸੀ।ਉਸਦੇ ਪੂਰੇ ਰੂਪ ਦੀ ਚਮਕ ਇੱਕ ਪਾਸੇ ਸੀ ਤੇ ਅੱਖਾਂ ਚ ਉਦਾਸੀ ਤੇ ਉਹਦੇ ਆਸ ਪਾਸ ਡੂੰਘੇ ਘੇਰੇ ਇੱਕ ਪਾਸੇ। ਕੁੜੀਆਂ ਪੁੱਛਦੀਆਂ ,” ਤੈਨੂੰ ਚਾਅ ਨਹੀਂ ,ਤੂੰ ਵਲੈਤ ਜਾ ਰਹੀ ਏ ,ਇਸ ਪਿੰਡ ਤੋਂ ਜਹਾਜ਼ ਚੜ੍ਹਨ ਵਾਲੀ ਪਹਿਲੀ ਕੁੜੀ ਹੋਵੇਂਗੀ “.ਉਹਦੀਆਂ ਅੱਖਾਂ ਚੋਂ ਸੇਕ ਨਿੱਕਲਦਾ, ਜਿਵੇਂ ਕਹਿ ਰਹੀ ਹੋਵੇ ਸੁਪਨੇ ਮਾਰ ਕੇ ਜਹਾਜ਼ ਚੜ੍ਹ ਜਾਣ ਦਾ ਕੀ ਫਾਇਦਾ।ਉਹ ਚੁੱਪ ਕਰ ਜਾਂਦੀ।ਕੁੜੀਆਂ ਫਿਰ ਉਸਦੇ ਹੋਣ ਵਾਲੇ ਘਰਵਾਲੇ ਭਾਵ ਚਰਨਜੀਤ ਦੀਆਂ ਸ਼ਿਫ਼ਤਾਂ ਕਰਦੀਆਂ। ਉਹਦਾ ਰੰਗ ਰੂਪ ,ਕੱਦ ਕਾਠ ਖੂਬਸੂਰਤੀ ਤਸਵੀਰ ਵਿੱਚੋ ਡੁੱਲ੍ਹ ਡੁੱਲ੍ਹ ਪੈਂਦੀ ਸੀ। ਪੂਰਾ ਸੂਰਾ ਪੰਜਾਬੀ ਨੌਜਵਾਨ ਸੀ ,ਜਿਸਦੀ ਜੋੜੀ ਪੂਰੀ ਮਨਜੀਤ ਨਾਲ ਜਚਦੀ ਸੀ।ਕੋਈ ਕੁੜੀ ਮਖੌਲ ਕਰਦੀ।,” ਮੈਂ ਸੁਣਿਆ ਕਿ ਇਹ ਬਾਹਰਲੇ ਪਿਆਰ ਵੀ ਅਲੱਗ ਤਰੀਕੇ ਨਾਲ ਕਰਦੇ ਹਨ, ਘਰਵਾਲੀ ਨੂੰ ” ਡਾਰਲਿੰਗ ” ਕਹਿੰਦੇ ਹਨ “।”ਡਾਰਲਿੰਗ ਦਾ ਮਤਲਬ ਪਿਆਰੀ ਹੁੰਦਾ ਉਹ ਤਾਂ ਉਹ ਕਿਸੇ ਨੂੰ ਵੀ ਕਹਿ ਦਿੰਦੇ “”ਫਿਰ ਹੋਰ ਕੀ ਆਖਦੇ ਹਨ ਪਿਆਰ ਚ “”ਹੋਰ ਜੇ ਕਿਸੇ ਨਾਲ ਬਹੁਤ ਪਿਆਰ ਹੋਵੇ ਤਾਂ ਆਖਦੇ ਹਨ ‘ਸਵੀਟਹਾਰਟ’.” “ਅੱਛਾ,ਇਹਦਾ ਮਤਲਬ ਮਨਜੀਤ ਚਰਨਜੀਤ ਦੀ ‘ਸਵੀਟਹਾਰਟ’ ਹੈ.”ਬਾਕੀ ਕੁੜੀਆਂ ਚ ਹਾਸਾ ਮੱਚ ਜਾਂਦਾ। ਮਨਜੀਤ ਮੁਸਕਰਾ ਕੇ ਸ਼ਰਮਾ ਕੇ ਉਹਨਾਂ ਦੀ ਗੱਲ ਨੂੰ ਸਵੀਕਾਰ ਕਰ ਲੈਂਦੀ । ਹੋਰ ਕਰ ਵੀ ਕੀ ਸਕਦੀ ਸੀ। ਤਨੋਂ ਮਨੋ ਚਰਨਜੀਤ ਨੂੰ ਸਵੀਕਾਰ ਕਰਨ ਤੋਂ ਸਿਵਾਏ ਕੋਈ ਰਾਹ ਵੀ ਨਹੀਂ ਸੀ।”ਇੱਕ ਗੱਲ ਹੋਰ ਏ,ਮੈਨੂੰ ਫੌਜਣ ਦੱਸਦੀ ਸੀ ,ਕਿ ਇਹ ਅੰਗਰੇਜ਼ੀ ਲੋਕ ਬੁੱਲਾਂ ਨੂੰ ਵੀ ਚੁੰਮਦੇ ਹਨ,ਪਤਾ ਨਹੀਂ ਕੀ ਦੱਸਦੀ ਸੀ ਅਖੇ ਫ਼੍ਰੇਂਚ ਕਿੱਸ ਕਹਿੰਦੇ “।ਬਾਕੀ ਕੁੜੀਆਂ ਹਾਅ ਕਹਿਕੇ ਚੁੱਪ ਕਰਕੇ ਮਨਜੀਤ ਵੱਲ ਦੇਖਦੀਆਂ, ਸ਼ਾਇਦ ਉਹ ਕੁਝ ਬੋਲੇ,ਪਰ ਉਹਨੇ ਸਿਰਫ਼ ਇਹੋ ਕਿਹਾ।”ਜਦੋਂ ਕੁਝ ਹੋਊ ਦੱਸ ਦਿਆਂਗੀ ,ਮੈਨੂੰ ਹਲੇ ਕੀ ਪਤਾ , ਨਾਲੇ ਤੇਰੀ ਫੌਜਣ ਭਾਬੀ ਫੌਜੀ ਦੀ ਕੋਈ ਹੋਰ ਗੱਲ ਵੀ ਦੱਸਦੀ ਏ ਕੇ ਤੂੰ ਬੱਸ ਚੁਰਚੁਰੀਆਂ ਗੱਲਾਂ ਹੀ ਕਰਨ ਜਾਂਦੀ ਐ,ਬੇਸ਼ਰਮ ਨਾ ਹੋਵੇ।”ਦੱਸਣ ਵਾਲੀ ਕੁੜੀ ਦਾ ਮੂੰਹ ਸ਼ਰਮ ਨਾਲ ਲਾਲ ਹੋ ਗਿਆ।ਪਰ ਉਹ ਫ਼ਿਰ ਵੀ ਨਾ ਹਟੀ।”ਲਏ ਸਾਡੇ ਲਈ ਤਾਂ ਭਾਬੀਆਂ ਹੀ ਇਹ ਕੁਝ ਸਿਖਣ ਲਈ ਨੇ,ਨਹੀਂ ਸਾਨੂੰ ਕੀ ਪਤਾ ਲੱਗਣਾ ਕਿ ਵਿਆਹ ਦੀ ਮਗਰੋਂ ਕੀ ਹੁੰਦਾ।””ਐਨੀਂ ਹੀ ਸਿੱਖਣ ਦੀ ਅੱਗ ਏ ਤਾਂ ਬੇਬੇ ਨੂੰ ਆਖਦੇ ਵਿਆਹ ਕਰਵਾ ਲੈ”ਇੱਕ ਵਾਰ ਫਿਰ ਤੋਂ ਹਾਸੀ ਮਚੀ।ਪਰ ਉਹ ਕੁੜੀ ਫਿਰ ਵੀ ਨਾ ਹਟੀ।ਚਮਕੀਲਾ ਗੁਣਗੁਨਾਉਣ ਲੱਗੀ।”ਹਾਏ ,ਮੇਰਾ ਵਿਆਹ ਕਰਵਾਉਣ ਨੂੰ ਜੀਅ ਕਰਦਾ,ਬੇਬੇ ਨਾ ਮੰਨਦੀ ਮੇਰੀ “.ਜਦੋਂ ਤੱਕ ਪਰਸਿੰਨੀ ਆ ਕੇ ਨਾ ਹਟਾਉਂਦੀ ਵਿਆਹ ਤੱਕ ਇੰਝ ਹੀ ਰਾਤ ਨੂੰ ਮਹਿਫਲ ਲਗਦੀ, ਗੱਲਾਂ ਹੁੰਦੀਆਂ ,ਗੀਤ ਗਾਏ ਜਾਂਦੇ। ਅੱਧੀ ਅੱਧੀ ਰਾਤ ਤੱਕ ਰੋਟੀਆਂ ,ਦੁੱਧ ,ਚਾਹ ਵਰਤਦੀ ਰਹਿੰਦੀ।ਵਿਆਹ ਧੂਮਧਾਮ ਨਾਲ ਹੀ ਹੋਇਆ।ਜਿਵੇਂ ਆਮ ਲੋਕਾਂ ਦੇ ਹੁੰਦੇ ਹਨ। ਥੋੜ੍ਹੀ ਗਿਣਤੀ ਦੀ ਬਰਾਤ ਸੀ।ਆਉਂਦਿਆਂ ਨੂੰ ਸਭ ਤੋਂ ਪਹਿਲਾਂ ਮਿਲਣੀ ਹੋਈ। ਦੋਵੇਂ ਪਾਸੇ ਦੇ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਕੰਬਲ ਵੰਡੇ ਗਏ। ਨਾਲ ਹੀ ਜਿਹਨੂੰ ਜਿਹਨੂੰ ਮੁੰਦਰੀ ਪਾਉਣ ਦਾ ਵਾਅਦਾ ਹੋਇਆ ਉਹ ਪਾ ਦਿੱਤੀ ਗਈ।ਰਿਬਨ ਕਟਾਈ ਮਗਰੋ ਚਾਹ ਪਿਲਾਈ ਗਈ।ਉਹਨਾਂ ਦੀ ਫਰਮਾਇਸ਼ ਦੀ ਹਰ ਮਿਠਿਆਈ ਤੇ ਆਈਟਮ ਬਣਵਾਈ ਗਈ ਸੀ। ਆਨੰਦ ਕਾਰਜ ਮਗਰੋਂ ਘਰੇ ਆ ਕੇ ਸਾਰਾ ਦੇਣ ਲੈਣ ਸਮੇਟ ਕੇ ਕਾਰਾਂ ਚ ਤੁੰਨ ਦਿੱਤਾ। ਭੂਆ ਤੇ ਉਸਦੀ ਕੁੜੀ ਮੂਹਰੇ ਮੁਖਤਿਆਰ ਸਨ। ਬਾਪ ਤਾਂ ਬਹੁਤ ਘੱਟ ਬੋਲ ਰਿਹਾ ਸੀ। ਜਿਵੇਂ ਜਿਵੇਂ ਭੂਆ ਆਖਦੀ ਉਵੇਂ ਹੀ ਹਾਂ ਚ ਸਿਰ ਹਿਲਾਈ ਜਾਂਦਾ। ਉਹਦੇ ਚਾਚੇ ਤਾਏ ਤੇ ਉਹਨਾਂ ਦੇ ਮੁੰਡੇ ਫੌਜੀ ਬੈਂਡ ਵਾਜੇ ਤੇ ਸ਼ਰਾਬ ਪੀ ਕੇ ਪੂਰਾ ਖਿਲਾਰਾ ਪਾ ਰਹੇ ਸੀ।ਮੋਨਿਆਂ ਨੇ ਸਿਰਾਂ ਤੇ ਬਾਕੀਆਂ ਨੇ ਗੱਲਾਂ ਚ ਇੰਗਲੈਂਡ ਦੇ ਝੰਡੇ ਵਾਲੇ ਰੁਮਾਲ ਬੰਨ੍ਹੇ ਹੋਏ ਸਨ ਜਿਵੇਂ ਇਹ ਦੱਸਣਾ ਜਰੂਰੀ ਹੋਏ ਕਿ ਮੁੰਡਾ ਇੰਗਲੈਂਡ ਤੋਂ ਹੈ।ਰੋਟੀ ਮਗਰੋਂ ਬਰਾਤ ਦੀ ਰਵਾਨਗੀ ਹੋਈ। ਇਹੋ ਵੇਲਾ ਸੀ ਜਦੋਂ ਉਹ ਮਨਜੀਤ ਖੁੱਲ੍ਹ ਕੇ ਰੋ ਸਕੀ।ਇਸ ਰੋਣੇ ਚ ਮਾਂ ਬਾਪ ਤੋਂ ਵਿਛੜ ਜਾਣ ਦਾ ਗਮ ਤਾਂ ਸੀ ਉਸਤੋਂ ਭਾਰੀ ਗਮ ਸੀ ਆਪਣੇ ਦਿਲ ਦੇ ਬਿਖਰ ਜਾਣ ਦਾ। ਬੱਸ ਭਰਾ ਦੇ ਗਲ ਲੱਗ ਕੇ ਉਹ ਹੋਰ ਵੀ ਖੁੱਲ੍ਹ ਕੇ ਰੋਈ ਜਿਸਦੀ ਖੁਸ਼ੀ ਲਈ ਉਹਨੇ ਆਪਣੇ ਸੁਪਨਿਆਂ ਨੂੰ ਕਾਠੀ ਮਾਰ ਲਈ ਸੀ।ਉਸੇ ਦਿਨ ਮੁੜਦੀ ਗੱਡੀ ਦਾ ਰਿਵਾਜ ਨਿਭਾ ਦਿੱਤਾ ਗਿਆ। ਕਿਉਂਕਿ ਅਗਲੇ ਦਿਨ ਹੀ ਮਨਾਲੀ ਹਨੀਮੂਨ ਦਾ ਪਲੈਨ ਸੀ । ਉਸ ਮਗਰੋਂ ਵਾਪਸੀ ਦਾ।ਵਾਪਸੀ ਦੀ ਗੱਡੀ ਵੇਲੇ ਤੱਕ ਮਨਜੀਤ ਤੇ ਚਰਨਜੀਤ ਚ ਬਹੁਤੀ ਕੋਈ ਗੱਲ ਨਹੀਂ ਹੋਈ। ਨਾ ਉਹਨੂੰ ਬਹੁਤਾ ਬੋਲਦਾ ਸੁਣਿਆ। ਗੱਡੀ ਦੇ ਡਰਾਈਵਰ ਨੇ ਇੱਕ ਭਾਨ ਲੁੱਟਣ ਨੂੰ ਖੜ੍ਹੇ ਮੁੰਡੇ ਦੇ ਚਪੇੜ ਕੱਢ ਮਾਰੀ ਸੀ। ਉਸਨੇ “ਚਰਨਜੀਤ ਵੇਡਜ ਮਨਜੀਤ ” ਵਾਲੇ ਪੋਸਟਰ ਨੂੰ ਕਾਰ ਦੇ ਸ਼ੀਸ਼ੇ ਤੋਂ ਲਾਹੁਣ ਦੀ ਕੋਸ਼ਿਸ਼ ਚ ਸ਼ੀਸ਼ੇ ਤੇ ਝਰੀਟ ਮਾਰ ਦਿੱਤੀ ਸੀ। ਅੰਗਰੇਜ਼ੀ ਭਾਵੇ ਉਹਨੂੰ ਸਮਝ ਨਹੀਂ ਸੀ ਆਈ ਪਰ ਦਿਲ ਚ ਵੱਜਦਾ ਤੀਰ ਉਹਦੇ ਮਨ ਨੂੰ ਭਾਅ ਗਿਆ ਸੀ।ਉਦੋਂ ਪਹਿਲੀ ਵਾਰ ਮਨਜੀਤ ਨੇ ਇਹ ਪੋਸਟਰ ਵੇਖਿਆ ਸੀ। ਅਜੇ ਪੰਜਾਬ ਚ ਇਹ ਰਿਵਾਜ਼ ਆਇਆ ਨਹੀਂ ਸੀ। ਉਹ ਵੀ ਅੰਗਰੇਜ਼ੀ ਚ। ਉਦੋਂ ਹੀ ਡਰਾਈਵਰ ਨੂੰ ਬੱਚੇ ਨੂੰ ਨਾ ਮਾਰਨ ਲਈ ਕਹਿੰਦੇ ਹੋਏ ਉਹਨੇ ਪਹਿਲੀ ਵਾਰ ਚਰਨਜੀਤ ਨੂੰ ਚੰਗੀ ਤਰ੍ਹਾਂ ਬੋਲਦੇ ਹੋਏ ਸੁਣਿਆ ਸੀ।ਪਿੰਡ ਦੀ ਜੂਹ ਨੂੰ ਟੱਪਦੇ ਹੋਏ ਉਸਨੂੰ ਲੱਗਾ ਜਿਵੇਂ ਸੱਤ ਸਮੁੰਦਰ ਪਾਰ ਉਹ ਅੱਜ ਹੀ ਪਹੁੰਚ ਗਈ ਹੋਵੇ।ਜਿੰਦਗ਼ੀ ਦੇ 22 ਵਰ੍ਹਿਆਂ ਦੀਆਂ ਯਾਦਾਂ ਤੇ ਸਮਾਂ ਇੱਕ ਦਿਨ ਚ ਕੁਝ ਘੜੀਆਂ ਚ ਹਮੇਸ਼ਾ ਲਈ ਪਰਾਇਆ ਹੋ ਗਿਆ ਸੀ।ਇੱਕ ਪੂਰੀ ਨਵੀਂ ਤੇ ਅਣਜਾਣ ਦੁਨੀਆਂ ਨਾਲ ਉਸਦਾ ਵਾਹ ਵਾਸਤਾ ਸੀ। ਔਰਤ ਹੋਣਾ ਕਿੰਨਾ ਮੁਸ਼ਕਿਲ ਹੈ ਜਿਸਨੂੰ ਆਪਣਾ ਘਰ ਸਮਝ ਕੇ ਬਾਈ ਸਾਲ ਸੰਵਾਰਿਆ ਉਸਦੀ ਜਗ੍ਹਾ ਹੁਣ ਉਮਰ ਭਰ ਕਿਸੇ ਹੋਰ ਘਰ ਨੂੰ ਸਮਝਣਾ ਪੈਣਾ। ਜਿਸ ਬਾਰੇ ਤੇ ਜਿਥੋਂ ਦੇ ਲੋਕਾਂ ਬਾਰੇ ਉਹਨੂੰ ਭੋਰਾ ਵੀ ਪਤਾ ਨਹੀਂ।ਸੋਚਦੀ ਹੋਈ ਹੀ ਉਹ ਪਿੱਛੇ ਛੁੱਟਦੇ ਜਾਂਦੇ ਖੇਤਾਂ ਤੇ ਦਰੱਖਤਾਂ ਨੂੰ ਤੱਕ ਰਹੀ ਸੀ।ਇੰਝ ਜਾਪ ਰਿਹਾ ਸੀ ਕਿ ਇਹ ਰੁੱਖ ਤੇ ਖੇਤ ਨਾ ਹੋਣ ਸਗੋਂ ਉਹਦੇ ਬੀਤੇ ਪਲ ਹੋਣ ਜੋ ਪਿੱਛੇ ਛੁੱਟ ਰਹੇ ਹੋਣ।…………….ਜਲੰਧਰ ,ਕੋਠੀ ਤੱਕ ਪਹੁੰਚੇ ਤਾਂ ਘਰ ਗਿਣਵੇਂ ਚੁਣਵੇਂ ਹੀ ਬੰਦੇ ਬਚੇ ਸੀ।ਵਿਚੋਲੇ ਦੀ ਘਰਵਾਲੀ ਹੀ ਉਸਦੇ ਨਾਲ ਓਥੇ ਤੱਕ ਗਈ ਸੀ।ਕੋਠੀ ਨੂੰ ਕਾਫੀ ਸਜਾਇਆ ਗਿਆ ਸੀ।ਗਈ ਰਾਤ ਤੱਕ ਬਾਕੀ ਬਚੇ ਲੋਕ ਨੱਚਦੇ ਰਹੇ। ਗਿਣਵੇਂ ਚੁਣਵੇਂ ਲੋਕਾਂ ਚ ਹੀ ਗੱਲਾਂ ਹੁੰਦੀਆਂ ਰਹੀਆਂ।ਸਿਵਾਏ ਪਾਣੀ ਵਾਰਨ ਤੋਂ ਕੋਈ ਹੋਰ ਰਸਮੋਂ ਰਿਵਾਜ਼ ਨਹੀਂ ਕੀਤਾ ਗਿਆ।ਉਹਨੂੰ ਇਹ ਗੱਲ ਥੋੜ੍ਹੀ ਹੈਰਾਨੀ ਭਰੀ ਲੱਗੀ। ਉਹ ਖੁਦ ਥੱਕ ਚੁੱਕੀ ਸੀ ਤੇ ਅਰਾਮ ਕਰਨਾ ਚਾਹੁੰਦੀ ਸੀ।ਇਸ ਲਈ 8 ਕੁ ਵਜੇ ਹੀ ਆਪਣੇ ਕਮਰੇ ਚ ਆ ਗਈ। ਕਿਸੇ ਨੇ ਕੱਲ੍ਹ ਦੇ ਸਫ਼ਰ ਨੂੰ ਦੇਖਦੇ ਹੋਏ ਕੋਈ ਇਤਰਾਜ ਵੀ ਨਾ ਕੀਤਾ।ਉਹਨੂੰ ਉਸਦਾ ਕਮਰਾ ਦਿਖਾ ਦਿੱਤਾ ਗਿਆ। ਪੂਰੇ ਦਾ ਪੂਰਾ ਕਮਰਾ ਫ਼ਿਲਮੀ ਅੰਦਾਜ਼ ਚ ਸਜਾਇਆ ਗਿਆ ਸੀ।ਰੰਗ ਬਰੰਗੇ ਗੁਬਾਰੇ,ਫੁੱਲਾਂ ਦੀ, ਸੈਂਟ ਦੀ ਖੁਸ਼ਬੂ ਸੀ।ਰਾਜੇ ਰਾਣੀਆਂ ਵਰਗਾ ਵੱਡਾ ਪਲੰਘ ਸੀ।ਆਪਣੇ ਭਾਰੀ ਭਰਕਮ ਲਹਿੰਗੇ ਨੂੰ ਸੰਭਾਲ ਕੇ ਉਹ ਉਸ ਵੱਡੇ ਪਲੰਘ ਦੇ ਇੱਕ ਨਿੱਕੇ ਕੋਨੇ ਚ ਗਰਮ ਕੰਬਲ ਨੂੰ ਲਪੇਟ ਕੇ ਲੇਟ ਗਈ। ਸੌਣ ਲਈ ਬੰਦੇ ਨੂੰ ਐਨੀਂ ਕੁ ਜਗ੍ਹਾ ਹੀ ਚਾਹੀਦੀ ਹੈ।

ਵਿਆਹ ਦੀ ਭੱਜ ਦੌੜ ਮਗਰੋਂ ਅੱਜ ਮਸੀਂ ਹੀ ਉਹ ਨੀਂਦ ਦੀ ਆਗੋਸ਼ ਚ ਪਹੁੰਚੀ ਸੀ।ਪਿੰਡੇ ਨਾਲ ਕੰਬਲ ਦੇ ਲਿਪਟਦੇ ਹੀ ਉਹ ਇੱਕ ਦਮ ਸੌਂ ਗਈ। ਸੌਂਦੇ ਹੀ ਸੁਪਨਿਆਂ ਦੀ ਰੰਗੀਨ ਦੁਨੀਆਂ ਚ ਗੁਆਚ ਗਈ।ਸੁਪਨੇ ਸਾਡੇ ਜੀਵਨ ਦੀ ਹਕੀਕਤ ਤੇ ਮਨ ਦੀਆਂ ਇੱਛਾਵਾਂ ਦਾ ਸੁਮੇਲ ਹੁੰਦੇ ਹਨ। ਇਹ ਸਾਡੇ ਭੂਤ,ਸਾਡੇ ਵਰਤਮਾਨ ਤੇ ਸਾਡੇ ਭਵਿੱਖ ਲਈ ਦੇਖੇ ਸੁਪਨਿਆਂ ਨੂੰ ਇੱਕੋ ਥਾਂ ਮੇਲ ਦਿੰਦੇ ਹਨ।ਛਿੰਦਾ ਉਸਦਾ ਬੀਤਿਆ ਵੇਲਾ ਸੀ, ਚਰਣੀ ਉਸਦਾ ਵਰਤਮਾਨ,ਉਸਦੇ ਮਨ ਦੇ ਚਾਅ ਉਸਦਾ ਭਵਿੱਖ ਸਨ।ਉਸਨੇ ਵੇਖਿਆ ਕਿ ਉਹ ਤੇ ਛਿੰਦਾ ਇੱਕ ਦੂਸਰੇ ਚ ਗੁਆਚੇ ਇੱਕ ਅੱਧ ਹਨੇਰੇ ਕਮਰੇ ਚ ਲੇਟੇ ਹੋਏ ਹਨ।ਦੁਨੀਆਂ ਤੋਂ ਬੇਖ਼ਬਰ, ਇੱਕ ਦੂਸਰੇ ਨੂੰ ਸਮਝਦੇ ਹੋਏ,ਪਹਿਚਾਣਦੇ ਹੋਏ ਹਰ ਸਫ਼ਰ ਹਰ ਮੰਜਿਲ ਨੂੰ ਉਲੰਘ ਰਹੇ ਹਨ। ਉਸਦੇ ਪਿੰਡੇ ਤੋਂ ਸੁਹਾਗ ਦੀਆਂ ਨਿਸ਼ਾਨੀਆਂ,ਉਸਦਾ ਲਾਲ ਸੂਹਾ ਲਹਿੰਗਾ, ਉਸਦੇ ਹੱਥੀ ਪਾਇਆ ਚੂੜਾ,ਉਸਦੇ ਮੱਥੇ ਸੁਹਾਗ ਦਾ ਟਿੱਕਾ ਸਭ ਇੱਕ ਇੱਕ ਕਰਕੇ ਛਿੰਦੇ ਨੇ ਆਪ ਉਤਾਰਿਆ। ਇੰਝ ਪਿਆਰ ਨਾਲ ਕਿ ਜਿਥੋਂ ਵੀ ਕੁਝ ਉਤਾਰਦਾ ਓਥੇ ਉਤਾਰਨ ਤੋਂ ਪਹਿਲਾਂ ਤੇ ਉਤਾਰਨ ਤੋਂ ਮਗਰੋਂ ਆਪਣੇਹੱਥ ਨਾਲ ਨਿਸ਼ਾਨ ਖਤਮ ਕਰਦਾ, ਫਿਰ ਬੁੱਲਾਂ ਨਾਲ ਚੁੰਮਦਾ ਫਿਰ ਉਹਦੀਆਂ ਅੱਖਾਂ ਚ ਤੱਕਦਾ।ਉਹ ਸ਼ਰਮਾਉਂਦੀ ਅੱਖਾਂ ਮੀਟ ਲੈਂਦੀ। ਅੱਖਾਂ ਹਟਦੇ ਹੀ ਫਿਰ ਉਹਦੇ ਵੱਲ ਤੱਕਦੀ। ਇੰਚ ਇੰਚ ਤੋਂ ਸ਼ੂਰੁ ਹੋਇਆ ਉਸਦਾ ਜਿਸਮ ਹੌਲੀ ਹੌਲੀ ਪਰਦਿਆਂ ਤੋਂ ਬਾਹਰ ਹੁੰਦਾ ਗਿਆ।ਹੁਣ ਤਾਂ ਪਰਦਾ ਸੀ ਬੱਸ ਸੰਗ ਦਾ ਪਰਦਾ ਸੀ।ਹੁਣ ਤਾਂ ਵੇਖਣ ਵਾਲੀਆਂ ਅੱਖਾਂ ਚ ਉਸਦਾ ਰੰਗ ਘੁਲ਼ ਗਿਆ ਸੀ।ਉਸਨੂੰ ਲੱਗਾ ਜਿਵੇਂ ਹੱਥਾਂ ਤੇ ਲੱਗੀ ਮਹਿੰਦੀ ਦਾ ਰੰਗ ਹੋਰ ਸੂਹਾ ਹੋ ਗਿਆ ਹੋਵੇ।ਜਿਵੇਂ ਉਸਦਾ ਭਾਰ ਵੱਧ ਗਿਆ ਹੋਵੇ। ਜਿਵੇਂ ਉਹਦਾ ਜਿਸਮ ਸਫੇਦ ਨਹੀਂ ਅੱਗ ਚ ਤਪੇ ਲੋਹੇ ਵਾਂਗ ਤਪਣ ਲੱਗਾ ਹੋਵੇ।ਉਸਦੇ ਦਿਲ ਹੁਣੇ ਬਾਹਰ ਡਿੱਗ ਜਾਣ ਲਈ ਤਿਆਰ ਹੋਵੇ,ਸੀਨੇ ਤੇ ਘੁੰਮਦੇ ਛਿੰਦੇ ਦੇ ਹੱਥ ਵਿੱਚ ਹੀ ਅੜਕ ਗਿਆ ਹੋਵੇ। #HarjotDiKalam ਤਦੇ ਉਸਨੂੰ ਪੈਰਾਂ ਦਾ ਖੜਾਕ ਸੁਣਾਈ ਦਿੰਦਾ ਹੈ।ਉਹਨੂੰ ਸਮਝ ਤਾਂ ਨਹੀਂ ਲਗਦੀ ਪਰ ਡਰ ਜਰੂਰ ਲਗਦਾ ਹੈ। ਡਰ ਛਿੰਦੇ ਦੇ ਚਿਹਰੇ ਤੇ ਵੀ ਉੱਤਰ ਆਉਂਦਾ ਹੈ।ਉਹ ਉਸਨੂੰ ਲੂਕਾ ਦਿੰਦੀ ਹੈ। ਪਤਾ ਨਹੀਂ ਕਿਵੇਂ ਉਹ ਕੰਬਲ ਚ ਇੰਝ ਲੁਕ ਜਾਂਦਾ ਹੈ ਜਿਵੇਂ ਕੋਈ ਸਿਰਹਾਣਾ ਹੋਵੇ। ਉਹ ਸਿਰਹਾਣੇ ਨੂੰ ਆਪਣੇ ਸੀਨੇ ਨਾਲ ਘੁੱਟ ਲੈਂਦੀ ਹੈ।ਤਦੇ ਅਚਾਨਕ ਦਰਵਾਜ਼ਾ ਖੁਲ੍ਹਦਾ ਹੈ। ਮਗਰ ਇੱਕ ਤੇਜ਼ ਰੋਸ਼ਨੀ ਹੈ।ਉਹ ਦੇਖ ਨਹੀਂ ਪਾਉਂਦੀ ਕੌਣ ਹੈ। ਬੱਸ ਸਿਰਹਾਣੇ ਨੂੰ ਆਪਣੇ ਸੀਨੇ ਨਾਲ ਘੁੱਟ ਕੇ ਰੱਖਦੀ ਹੈ। ਸੁੱਤੇ ਹੋਣ ਦਾ ਬਹਾਨਾ ਕਰਨ ਲਈ ਅੱਖਾਂ ਜ਼ੋਰ ਦੀ ਘੁੱਟਦੀ ਹੈ। ਪਰ ਦਿਲ ਦੀ ਧੜਕਣ ਹੋਰ ਵੀ ਤੇਜ਼ ਹੈ ਪਰ ਇਹ ਪਿਆਰ ਕਰਕੇ ਨਹੀਂ ਸਗੋਂ ਡਰ ਕਰਕੇ ਹੈ। ਪੈਰ ਦਾ ਖੜਾਕ ਉਸਦੇ ਵੱਲ ਵਧਦਾ ਹੈ।ਉਸਨੂੰ ਜਾਪਦਾ ਹੈ ਕਿ ਜਿਵੇਂ ਕੋਈ ਉਸਦੇ ਸਿਰਹਾਣੇ ਆ ਕੇ ਖੜ੍ਹ ਗਿਆ ਹੈ ਉਸ ਵੱਲ ਤੱਕ ਰਿਹਾ ਹੈ। ਉਹਨੂੰ ਡਰ ਲਗਦਾ ਹੈ ਕਿ ਮਤੇ ਉਹ ਛਾਤੀ ਨਾਲ ਘੁੱਟੇ ਛਿੰਦੇ ਵੱਲ ਨਾ ਤੱਕ ਲਵੇ। ਉਹ ਜੋਰ ਨਾਲ ਘੁੱਟਦੀ ਹੈ।ਪਰ ਡਰ ਨਾਲ ਸਾਹ ਬੇਕਾਬੂ ਹੋ ਜਾਂਦੇ ਹਨ। ਇੱਕ ਦਮ ਉੱਠਦੀ ਹੈ।ਸਿਰਹਾਣੇ ਚਰਨਜੀਤ ਖੜ੍ਹਾ ਸੀ।ਉਹ ਅੱਧ ਡਰੀ ਅੱਧ ਚੁੱਪ ਪਸੀਨੇ ਚ ਭਿੱਜੀ ਉਸ ਵੱਲ ਤੱਕਦੀ ਹੈ। ਸਿਰਹਾਣੇ ਵੱਲ ਵੇਖਦੀ ਹੈ। ਕੁਝ ਦੇਰ ਲਈ ਬਿਲਕੁੱਲ ਚੁੱਪ।ਸਮਝਦੀ ਹੈ ਕਿ ਸੁਪਨਾ ਸੀ ਜੋ ਸੀ।ਦਿਮਾਗ ਕੁਝ ਪਲ ਚ ਥਾਂ ਸਿਰ ਆਉਂਦਾ ਹੈ।ਚਰਨਜੀਤ ਉਸਦੇ ਇੰਝ ਡਰਕੇ ਉੱਠ ਬੈਠਣ ਤੋਂ ਹੈਰਾਨ ਹੁੰਦਾ ਹੈ।ਉਹਦੇ ਚਿਹਰੇ ਦੇ ਬਦਲਦੇ ਰੰਗ ਦੇਖਕੇ ਕੁਝ ਬੁਝਣ ਦੀ ਕੋਸ਼ਿਸ਼ ਕਰਦਾ ਹੈ। ਪਾਣੀ ਦਾ ਗਿਲਾਸ ਭਰਕੇ ਉਸਨੂੰ ਫੜਾਉਂਦਾ ਹੈ। ਪਹਿਲੀ ਗੱਲ ਮਨਜੀਤ ਨੂੰ ਚਰਨਜੀਤ ਚ ਇਹੋ ਭਲੀ ਲੱਗੀ। ਉਹਦੇ ਮਨ ਦੀ ਹਾਲਤ ਸਮਝੀ ਤੇ ਉਸਨੂੰ ਪਾਣੀ ਫੜਾਇਆ। ਤੇ ਪੁੱਛਿਆ।”ਕੀ ਹੋਇਆ ਮਨਜੀਤ ,ਕੋਈ ਬੁਰਾ ਸੁਪਨਾ ਵੇਖ ਰਹੀ ਸੀ ?” ਉਸਦੀ ਇੱਕ ਭਾਬੀ ਨੇ ਹੀ ਦੱਸਿਆ ਸੀ ਕਿ ਇਥੋਂ ਦੀਆਂ ਕੁੜੀਆਂ ਇੰਗਲੈਂਡ ਵਰਗੀਆਂ ਨਹੀਂ ਹਨ ਭਾਈ, ਪਹਿਲੀ ਰਾਤ ਤੋਂ ਡਰ ਜਾਂਦੀਆਂ। ਇਸ ਲਈ ਹਿਸਾਬ ਨਾਲ ਚੱਲੀਂ ।”ਨਹੀਂ,ਵੈਸੇ ਹੀ ਸ਼ਾਇਦ ਕਮਰੇ ਚ ਸਾਹ ਘੁੱਟ ਹੋ ਰਿਹਾ ਸੀ,ਦਰਵਾਜ਼ਾ ਖੁਲ੍ਹਦੇ ਹੀ ਤਾਜ਼ੀ ਹਵਾ ਨੇ ਦਿਲ ਦੀ ਧੜਕਨ ਵਧਾ ਦਿੱਤੀ “।ਜਿਸ ਸੁਪਨੇ ਚ ਉਹ ਤੇ ਉਸਦਾ ਪਿਆਰ ਸੀ ਓਹਨੂੰ ਉਹ ਬੁਰਾ ਕਿਵੇਂ ਆਖ ਸਕਦੀ ਸੀ। ਆਪਣੀ ਹਿੱਕ ਨਾਲ ਲੱਗੇ ਸਿਰਹਾਣਾ ਉਸਨੂੰ ਅਜੇ ਵੀ ਛਿੰਦਾ ਹੀ ਜਾਪ ਰਿਹਾ ਸੀ।ਆਖਕੇ ਉਹ ਥੋੜ੍ਹਾ ਪਿੱਛੇ ਹਟਕੇ ਬੈਠ ਗਈ।ਘੜੀ ਦੀ ਸੂਈ ਵੱਲ ਤੱਕਿਆ 11 ਵੱਜਣ ਵਾਲੇ ਸੀ। ਕਾਫ਼ੀ ਲੇਟ ਸੀ।ਚਰਨਜੀਤ ਆਪਣੇ ਕੱਪੜੇ ਉਤਾਰ ਕੇ ਨਾਈਟ ਸੂਟ ਵਿੱਚ ਸੀ।ਉਹ ਪਿੱਛੇ ਹਟ ਕੇ ਬੈੱਡ ਤੇ ਜਗ੍ਹਾ ਬਣਾਉਣ ਲੱਗੀ। ਉਹਦੀ ਬਣਾਈ ਜਗ੍ਹਾ ਤੋਂ ਹਟਵਾਂ ਚਰਨਜੀਤ ਬੈੱਡ ਤੇ ਢੋਹ ਲਗਾ ਕੇ ਬੈਠ ਗਿਆ। ਉਹਦੇ ਵੱਲ ਇੱਕ ਟੱਕ ਤੱਕਣ ਲੱਗਾ। ਇੰਝ ਤੱਕਦੇ ਵੇਖ ਉਹਨੇ ਨਜ਼ਰ ਝੁਕਾ ਲਈ ਪਤਾ ਨਹੀਂ ਕਿਉਂ।”ਮੈਨੂੰ ਨਹੀਂ ਸੀ ਲਗਦਾ ਕਿ ਖੂਬਸੂਰਤੀ ਦੇ ਮਾਮਲੇ ਚ ਇੱਥੋਂ ਦੀਆਂ ਕੁੜੀਆਂ ਇੰਗਲੈਂਡ ਨੂੰ ਵੀ ਟੱਕਰ ਦੇ ਸਕਦੀਆਂ,ਸੱਚ ਕਹਾਂ ਤਾਂ ਤੈਥੋਂ ਵੱਧ ਸੋਹਣੀ ਕੁੜੀ ਮੈਂ ਪੰਜਾਬ ਚ ਪਹਿਲੀ ਵਾਰ ਦੇਖੀ ਏ।”ਆਪਣੀ ਤਾਰੀਫ ਸੁਣ ਕੇ ਮਨਜੀਤ ਦਾ ਮੁੜ ਉਹਦੇ ਵੱਲ ਦੇਖ ਸਕਣ ਦਾ ਹੀਆ ਨਾ ਪਿਆ।ਉਹ ਕੁਝ ਨਾ ਬੋਲੀ।ਫਿਰ ਉਹਨੂੰ ਅਚਾਨਕ ਯਾਦ ਆਇਆ ਕਿ ਵਿਚੋਲਣ ਨੇ ਆਖਿਆ ਸੀ ਕਿ ਉਹ ਚਰਨਜੀਤ ਦੇ ਆਉਂਦੇ ਹੀ ਦੁੱਧ ਗਰਮ ਕਰਕੇ ਜਰੂਰ ਲੈ ਕੇ ਜਾਏ।ਪਹਿਲੀ ਰਾਤ ਦਾ ਸ਼ਗਨ ਹੁੰਦਾ।”ਤੁਸੀਂ ਬੈਠੋ, ਮੈਂ ਦੁੱਧ ਗਰਮ ਕਰਕੇ ਲੈ ਕੇ ਆਉਂਦੀ ਹਾਂ।”ਉਹ ਬਿਨਾਂ ਉਸ ਵੱਲ ਦੇਖੇ ਓਥੋਂ ਉਠੀ ਰਸੋਈ ਚ ਗਈ।ਦੱਸੇ ਅਨੁਸਾਰ ਸਭ ਕੁਝ ਮਿਲਾ ਕੇ ਦੁੱਧ ਗਰਮ ਕਰਕੇ ਲੈ ਕੇ ਆਈ।ਵਾਪਿਸ ਆਈ ਤਾਂ ਚਰਨਜੀਤ ਕੰਬਲ ਚ ਲਿਪਟਿਆ ਹੋਇਆ ਰਜ਼ਾਈ ਚ ਊਂਘ ਰਿਹਾ ਸੀ।ਆਪਣੇ ਹਿਸਾਬ ਨਾਲ ਉਹਨੇ ਕਈ ਤਰੀਕੇ” ਸੁਣਿਓ , ਜੀ ਪਤਾ ਨਹੀਂ ਕੀ ਕੁਝ ਲਗਾ ਕੇ ਖੜਕਾ ਕੇ ਉਠਾਉਣ ਦੀ ਕੋਸ਼ਿਸ ਕੀਤੀ। ਪਰ ਉਹਨੂੰ ਪਤਾ ਨਾ ਲੱਗਾ।ਅਖ਼ੀਰ ਨਾਮ ਲੈ ਕੇ ਹੀ ਬੁਲਾਇਆ।”ਚਰਨਜੀਤ” ਇੱਕ ਦਮ ਅੱਖਾਂ ਖੁੱਲੀਆਂ,ਉਹਦੇ ਵੱਲ ਤੱਕਿਆ, ਮੁਸਕਰਾਇਆ।”ਦੁੱਧ, ਕੋਸਾ ਹੀ ਹੈ, ਪੀਣ ਵਾਲਾ” ਆਖ ਕੇ ਉਹਨੇ ਅੱਖਾਂ ਝੁਕਾ ਲਈਆਂ।ਇੱਕ ਹੱਥ ਨਾਲ ਗਲਾਸ ਨੂੰ ਪਕੜ ਕੇ ਦੂਸਰੇ ਹੱਥ ਨਾਲ ਉਸਦੀ ਬਾਂਹ ਪਕੜ ਕੇ ਉਹਨੂੰ ਆਪਣੇ ਕੋਲ ਖਿੱਚ ਲਿਆ।ਜਿੰਨੀ ਕੁ ਥਾਂ ਸੀ ਉਸ ਨਾਲ ਉਹਦਾ ਸਰੀਰ ਅੱਧਾ ਚਰਨਜੀਤ ਤੇ ਹੀ ਝੁਕ ਹੀ ਗਿਆ। ਚਰਨਜੀਤ ਦਾ ਮੂੰਹ ਉਸਦੇ ਸੱਜੇ ਮੋਢੇ ਦੇ ਉੱਪਰੋਂ ਸੀ ਖੱਬੇ ਪਾਸਿਓਂ ਬਾਂਹ ਵਲ ਕੇ ਗਿਲਾਸ ਨੂੰ ਦੋਵੇਂ ਹੱਥਾਂ ਨਾਲ ਪਕੜ ਲਿਆ ਉਹ ਵੀ ਬਾਹਾਂ ਦੇ ਸ਼ਿਕੰਜੇ ਚ ਜਕੜੀ ਗਈ। ਸ਼ਰਮ ਤੇ ਇੱਕ ਅਜੀਬ ਅਹਿਸਾਸ ਨਾਲ ਭਰ ਗਈ।ਚਰਨਜੀਤ ਨੇ ਇੱਕ ਘੁੱਟ ਦੁੱਧ ਦੀ ਖੁਦ ਭਰੀ, ਦੂਸਰੀ ਘੁੱਟ ਉਸਨੂੰ ਭਰਾਈ।ਇੰਝ ਹੀ ਘੁੱਟ ਘੁੱਟ ਕਰਦੇ ਹੋਏ,ਗਲਾਸ ਖ਼ਤਮ ਹੋਇਆ।ਗਿਲਾਸ ਨੂੰ ਪਾਸੇ ਰੱਖਕੇ ਉਹਦੇ ਮੋਢੇ ਤੋਂ ਵਾਲ ਹਟਾ ਕੇ ਉਹਦੇ ਗਲੇ ਦੇ ਉੱਪਰੋਂ ਉਹਨੇ ਆਪਣੇ ਬੁੱਲ ਟਿਕਾ ਕੇ ਰਗੜ ਕੇ ਸਾਫ਼ ਕੀਤੇ। ਤੇ ਇੱਕ ਉਂਗਲ ਮਨਜੀਤ ਦੇ ਬੁੱਲ੍ਹਾ ਤੇ ਫਿਰ ਕੇ ਉਸਦੇ ਬੁੱਲਾਂ ਨੂੰ ਸਾਫ਼ ਕੀਤਾ।”ਮੈਂ ਬਹੁਤ ਥੱਕੀ ਹੋਈ ਹਾਂ,ਆਪਾਂ ਇਹ ਸਭ ਕੱਲ੍ਹ ਕਰ ਸਕਦੇ ਹਾਂ” ।ਮਨਜੀਤ ਕੋਈ ਵੀ ਬਹਾਨਾ ਲਗਾ ਕੇ ਬਚਣਾ ਚਾਹੁੰਦੀ ਸੀ। ਪਤਾ ਨਹੀਂ ਕਿੰਝ ਉਸਦੇ ਮੂੰਹੋ ਇਹ ਗੱਲ ਕਹਿ ਹੋ ਗਈ।”ਓਕੇ,ਐਜ ਯੂ ਵਿਸ਼” ਆਖ ਕੇ ਚਰਨਜੀਤ ਨੇ ਉਸਦੇ ਚਿਹਰੇ ਨੂੰ ਆਪਣੇ ਵੱਲ ਘੁਮਾਇਆ। ਤੇ ਉਹਦੇ ਮੱਥੇ ਨੂੰ ਚੁੰਮਿਆ।” ਸੂਟ ਚੇਂਜ ਕਰ ਲਵੋ” ਆਖ ਕੇ ਉਹਨੂੰ ਛੱਡ ਦਿੱਤਾ।ਮਨਜੀਤ ਨੂੰ ਇਸ ਵਿਵਹਾਰ ਦੀ ਭੋਰਾ ਉਮੀਦ ਨਹੀਂ ਸੀ।ਉਹ ਉਠੀ ਤੇ ਵਾਸ਼ਰੂਮ ਚ ਗਈ।ਵਾਸ਼ਰੂਮ ਕੀ ਸੀ ਪੂਰਾ ਕਮਰਾ ਸੀ,ਨਹਾਉਣ ਲਈ ਟੱਬ ਸੀ, ਪੂਰਾ ਆਦਮ ਕੱਦ ਸ਼ੀਸ਼ਾ ਸੀ। ਇੱਕ ਇੱਕ ਕਰਕੇ ਉਹਨੇ ਗਹਿਣੇ ਉਤਾਰੇ,ਆਪਣੇ ਹੱਥਾਂ ਨਾਲ, ਛਿੰਦੇ ਦਾ ਸੁਪਨਾ ਮੁੜ ਅੱਖਾਂ ਸਾਹਵੇਂ ਘੁੰਮ ਗਿਆ।ਅੱਖਾਂ ਚ ਹੰਝੂ ਆ ਗਏ। ਆਪਣੇ ਮੋਢੇ ਤੇ ਲੱਗੇ ਦੁੱਧ ਦੇ ਨਿਸ਼ਾਨ ਨੂੰ ਮਹਿਸੂਸ ਕਰਦੇ ਹੋਏ ਉਸਨੂੰ ਲੱਗਾ ਜਿਵੇਂ ਉਹ ਦੋ ਪੁੜਾਂ ਚ ਪਿਸ ਰਹੀ ਹੋਵੇ। ਕਦੋੰ ਇੱਕ ਪਾਸਾ ਹੋਏਗਾ। ਕਦੋੰ ਭੂਤ ਤੇ ਭਵਿੱਖ ਨੂੰ ਵਰਤਮਾਨ ਜੁਦਾ ਕਰੇਗਾ।ਉਹਨੇ ਕੱਪੜੇ ਉਤਾਰੇ,ਤੇ ਪਹਿਲੀ ਵਾਰ ਜਿੰਦਗ਼ੀ ਚ ਖੁਦ ਨੂੰ ਆਦਮ ਕੱਦ ਸ਼ੀਸ਼ੇ ਚ ਤੱਕਿਆ। ਸੱਚ ਸੀ,ਜੋ ਵੀ ਕਿਹਾ ਜਾਂਦਾ ਸੀ ਉਸ ਬਾਰੇ ਉਹਨੂੰ ਆਪਣੀ ਖੂਬਸੂਰਤੀ ਤੇ ਰਸ਼ਕ ਹੋਇਆ। ਫ਼ਿਲਮੀ ਐਕਟਰਰਸ ਨੂੰ ਮਾਤ ਪਾਉਂਦੀ ਸੀ ਉਸਦੀ ਖੂਬਸੂਰਤੀ।ਅਫਸੋਸ ਇਹੋ ਸੀ ਕਿ ਜਿਸਦੀ ਹੋਣਾ ਚਾਹੁੰਦੀ ਸੀ ਉਸਦੀ ਨਾ ਹੋ ਸਕੀ।ਉਹ ਨਾਈਟ ਸੂਟ ਪਹਿਨ ਕੇ ਕਮਰੇ ਚ ਆਈ। ਇਹ ਵੀ ਉਸ ਲਈ ਪਹਿਲਾ ਤਜਰਬਾ ਸੀ। ਉਸਨੇ ਸੁਣਿਆ ਹੀ ਸੀ ਕਿ ਅਮੀਰਾਂ ਦੇ ਦਿਨ ਦੇ ਕੱਪੜੇ ਅਲੱਗ ਹੁੰਦੇ ਹਨ ਰਾਤ ਦੇ ਅਲੱਗ। ਪਹਿਲੀ ਵਾਰ ਦਾ ਮੌਕਾ ਸੀ ਜਦੋਂ ਉਸਨੇ ਟਰੈਕ ਸੂਟ ਵਰਗਾ ਇਹ ਪੈਂਟ ਟੀ ਸ਼ਰਟ ਪਾਈਆਂ ਸੀ। ਕਾਲਜ ਚ ਸਪੋਰਟਸ ਵਾਲੀਆਂ ਕੁੜੀਆਂ ਵੀ ਟਰੈਕ ਸੂਟ ਸਿਰਫ ਗਰਾਉਂਡ ਚ ਜਾ ਕੇ ਪਾਉਂਦੀਆਂ ਸੀ ,ਸੰਗਦੀਆਂ ਹੋਈਆਂ ਜਾਂ ਮੁੰਡਿਆਂ ਤੋਂ ਦੀਆਂ ਟਿੱਪਣੀਆਂ ਤੋਂ ਡਰਦੀਆਂ ਹੋਈਆਂ।ਉਹ ਜਦੋਂ ਬਾਹਰ ਆਈ,ਸੋਚ ਰਹੀ ਸੀ ਸ਼ਾਇਦ ਚਰਨਜੀਤ ਜਾਗ ਰਿਹਾ ਹੋਵੇ। ਪਰ ਉਹ ਸੌਂ ਚੁੱਕਾ ਸੀ। ਅੱਖਾਂ ਬੰਦ ਸੀ। ਲਾਈਟ ਬੰਦ ਕਰਕੇ ਬੈੱਡ ਦੇ ਦੂਸਰੇ ਕਿਨਾਰੇ ਉਹ ਖੁਦ ਨੂੰ ਕੰਬਲ ਚ ਲਪੇਟ ਕੇ ਸੌਣ ਦਾ ਯਤਨ ਕਰਨ ਲੱਗੀ। ਨੀਂਦ ਉਸਤੋਂ ਕੋਹਾਂ ਦੂਰ ਚਲੇ ਗਈ। ਕੁਝ ਮਿੰਟ ਦੀ ਝੱਟ ਨੇ ਪਤਾ ਨਹੀਂ ਨੀਂਦ ਦੀ ਪੱਟੀਮੇਸ ਕਰ ਦਿੱਤੀ ਸੀ ਜਾਂ ਉਹਦਾ ਮਨ ਹੁਣ ਦੋ ਕਿਸ਼ਤੀਆਂ ਚ ਘੁੰਮ ਰਿਹਾ ਸੀ। ਵਿਆਹੀ ਜਾਣ ਮਗਰੋਂ ਉਸਦੇ ਫਰਜ਼ ਬਦਲ ਚੁੱਕੇ ਸੀ,ਮਨ ਨੂੰ ਬਦਲਣਾ ਜਰੂਰੀ ਸੀ। ਅੱਜ ਤਾਂ ਚਰਨਜੀਤ ਨੇ ਉਸਦੀ ਗੱਲ ਮੰਨ ਲਈ,ਪਰ ਕਦੋੰ ਤੱਕ ਮੰਨੇਗਾ। ਕੌਣ ਜਾਣਦਾ ? ਅੱਜ ਨਹੀਂ ਤਾਂ ਕੱਲ੍ਹ ਉਹ ਆਪਣੀ ਇੱਛਾ ਪੂਰੀ ਕਰ ਹੀ ਲਵੇਗਾ।ਉਹ ਸੋਚਦੀ ਰਹੀਂ ਵਿਉਂਤਦੀ ਰਹੀ ਕਿੰਝ ਇਸ ਤੋਂ ਪਾਰ ਜਾਏਗੀ। ਕਿੰਝ ਸੁਪਨਿਆਂ ਬਦਲਣਗੇ। ਨੀਂਦ ਫਿਰ ਵੀ ਉੱਡ ਗਈ। ਕਈ ਵਾਰ ਪਾਣੀ ਪੀਤਾ। ਕਈ ਵਾਰ ਪਾਸੇ ਬਦਲੇ।ਸਿਰਹਾਣੇ ਨੂੰ ਛਾਤੀ ਨਾਲ ਘੁੱਟਿਆ। ਫਿਰ ਵੀ ਨੀਂਦ ਉਦੋਂ ਹੀ ਆਈ ਜਦੋਂ ਆਉਣਾ ਸੀ।ਸਵੇਰੇ ਉਹ ਜਾਗੀ ਤਾਂ ਅਲਾਰਮ ਵੱਜ ਰਿਹਾ ਸੀ।ਘਰ ਚ ਚਹਿਲ ਪਹਿਲ ਚ ਰਸੋਈ ਚ ਖੜਕਾ ਦੜਕਾ ਸੀ। ਆਵਾਜ਼ਾਂ ਸਨ।ਉਸਦੇ ਕੋਲ ਬੈੱਡ ਖਾਲੀ ਸੀ ਸ਼ਾਇਦ ਚਰਨਜੀਤ ਕਦੋੰ ਦਾ ਜਾਗ ਉੱਠਾ ਸੀ। ਉਹ ਉੱਠੀ ਉਸਨੂੰ ਵੱਡੇ ਘਰ ਚ ਰਹਿਣ ਦਾ ਹਲੇ ਕੋਈ ਚੱਜ ਨਹੀਂ ਸੀ। ਉਹਨੇ ਵਿਚੋਲਣ ਨੂੰ ਲੱਭਾ,ਜੋ ਹਲੇ ਰਜਾਈ ਚ ਬੈਠੀ ਚਾਹ ਪੀ ਰਹੀ ਸੀ। ਤੇ ਭੁੱਖਿਆ ਵਾਂਗ ਗਪਲ ਗਪਲ ਖਾ ਰਹੀ ਸੀ। ਕੋਲੇ ਭੂਆ ਬੈਠੀ ਸੀ ।”ਇੰਝ ਕਰ ਬਹੂ,ਨਹਾ ਕੇ ਫਰੈੱਸ ਹੋਜਾ, ਆਪਣਾ ਬੈਗ ਤਿਆਰ ਕਰ ਲਓ ਤੁਸੀਂ ਫਿਰ ਛੇਤੀ ਨਿਕਲੋ ਮਨਾਲੀ ਲਈ, ਸਿਆਲ ਦੇ ਦਿਨ ਹਨ,ਦਿਨ ਨਿਕਲਦੇ ਦਾ ਪਤਾ ਨਹੀਂ ਲਗਦਾ,।””ਸੈਂਡੀ,ਤੂੰ ਆਪਣੀ ਭਾਬੀ ਨਾਲ ਤਿਆਰੀ ਕਰਵਾ ਦੇ ਜਾਣ ਦੀ “.ਉਹ ਆਪਣੀ ਕੁਡ਼ੀ ਵੱਲ ਮੁਖਾਤਿਬ ਹੋਕੇ ਬੋਲੀ।ਉਹਨੇ ਪਹਿਲੀ ਵਾਰ ਸੈਂਡੀ ਵੱਲ ਚੰਗੀ ਤਰ੍ਹਾਂ ਤੱਕਿਆ ਸੀ।ਇੰਝ ਲਗਦਾ ਸੀ ਜਿਵੇਂ ਉਹਨੂੰ ਧੱਕੇ ਨਾਲ ਇਸ ਵਿਆਹ ਤੇ ਲਿਆਂਦਾ ਹੋਵੇ ਤੇ ਉਹ ਭੋਰਾ ਖ਼ੁਸ਼ ਨਾ ਹੋਵੇ। ਬੱਸ ਹੁਕਮ ਵਜਾ ਰਹੀ ਸੀ।”ਓਕੇ ,ਮੌਮ ਕਰਵਾ ਦਿੰਦੀ ਹਾਂ,” ਆਖਕੇ ਉਹ ਮਨਜੀਤ ਦੇ ਨਾਲ ਨਾਲ ਤੁਰ ਪਈ।”ਤੁਸੀਂ ਨਹਾ ਲਵੋ, ਉਦੋਂ ਤੱਕ ਮੈਂ ਚੰਨੀ ਲਈ ਪੈਕਿੰਗ ਕਰ ਦਿੰਦੀ ਹਾਂ,ਫਿਰ ਤੁਸੀਂ ਦੱਸ ਦਿਓ.” ਸੈਂਡੀ ਨੇ ਕਿਹਾ।ਮਨਜੀਤ ਉਹਦੇ ਅਜੀਬ ਵਿਹਾਰ ਬੋਲਣ ਦੇ ਤਰੀਕੇ ਸਭ ਕਾਸੇ ਤੋਂ ਹੈਰਾਨ ਸੀ,ਪਤਾ ਨਹੀਂ ਕੁੜੀਆਂ ਸਾਰੀਆਂ ਹੀ ਓਥੇ ਇਵੇਂ ਹੋਣ।ਉਹ ਸੋਚਦੀ ਨਹਾਉਣ ਲਈ ਚਲੇ ਗਈ।

ਲੋਹਡ਼ੀ ਲੰਘ ਚੁੱਕੀ ਸੀ, ਬਸੰਤ ਕਿਧਰੇ ਨੇੜੇ ਹੀ ਝਾਤੀਆਂ ਮਾਰ ਰਹੀ ਸੀ।ਸਵੇਰੇ ਧੁੰਦ ਨਾਲ ਹੀ ਦਿਨ ਦੀ ਸ਼ੁਰੂਆਤ ਹੋਈ ਸੀ। ਸੂਰਜ ਥੋੜੀ ਝਾਤੀ ਮਾਰ ਰਿਹਾ ਸੀ ਤੇ ਛੁਪ ਜਾਂਦਾ ਸੀ। ਜਦੋਂ ਉਹ ਘਰੋਂ ਨਿੱਕਲੇ ਸੀ ਤਾਂ ਪੂਰੀ ਤਿਆਰੀ ਨਾਲ ਨਿੱਕਲੇ,ਅੱਗੇ ਵੀ ਮੌਸਮ ਇਵੇਂ ਦਾ ਹੀ ਹੋਣ ਦੀ ਸੰਭਾਵਨਾ ਸੀ। ਜਲੰਧਰੋਂ ਨਿੱਕਲ ਕੇ ਮੌਸਮ ਥੋੜ੍ਹਾ ਖੁੱਲ੍ਹ ਗਿਆ।ਹਿਮਾਚਲ ਚ ਐਂਟਰੀ ਕਰਦੇ ਹੀ ਧੁੰਦ ਤਾਂ ਉੱਡ ਗਈ ਪਰ ਠੰਡ ਦਾ ਇੱਕ ਨਵਾਂ ਅਹਿਸਾਸ ਹੋਇਆ। ਪੰਜਾਬ ਦੀ ਠੰਡ ਨਾਲੋਂ ਇਹ ਵੱਖਰੀ ਕਿਸਮ ਦੀ ਠੰਡ ਸੀ।ਡਰਾਈਵਰ ਭੇਤੀ ਬੰਦਾ ਸੀ ਸਭ ਰਾਹਾਂ, ਢਾਬਿਆਂ ਦਾ ਜਾਣਕਾਰ ਸੀ। ਜਿੱਥੇ ਵੀ ਚਾਹ ਪੀਣ ਲਈ ਜਾਂ ਖਾਣਾ ਖਾਣ ਲਈ ਰੁਕਿਆ ਸਭ ਕੁਝ ਸੁਆਦਲਾ ਸੀ।ਮਨਜੀਤ ਤੇ ਚਰਨਜੀਤ ਦੋਵੇਂ ਜ਼ਿਆਦਾ ਨਹੀਂ ਸੀ ਬੋਲ ਰਹੇ ਬੱਸ ਨਿੱਕੀਆਂ ਨਿੱਕੀਆਂ ਗੱਲਾਂ ਹੀ ਕਰ ਰਹੇ ਸੀ।ਮਨਜੀਤ ਨੂੰ ਚੰਗਾ ਲੱਗਾ ਕਿ ਉਹ ਉਸਨੂੰ ਨਾਮ ਦੇ ਨਾਲ ਬੁਲਾ ਰਿਹਾ ਸੀ ਤੇ ਉਸਨੂੰ ਵੀ ਕਿਹਾ ਕਿ ਉਹ ਉਹਨੂੰ ਨਾਮ ਨਾਲ ਹੀ ਬੁਲਾਵੇ ਜਾਂ ਸਿਰਫ ਚੰਨੀ ਜਿਵੇਂ ਬਾਕੀ ਸਭ ਬੁਲਾਉਂਦੇ ਸੀ। ਮਨਜੀਤ ਨੂੰ ਉਹ ਵਲੈਤ ਬਾਰੇ ਦੱਸਦਾ ਰਿਹਾ। ਉਹਨੂੰ ਹਿਮਾਚਲ ਦਾ ਸਾਰਾ ਮੌਸਮ ਹੀ ਇੰਗਲੈਂਡ ਵਰਗਾ ਜਾਪ ਰਿਹਾ ਸੀ। ਕੁੱਲੂ ਘਾਟੀ ਤਾਂ ਇੰਝ ਜਾਪ ਰਹੀ ਸੀ ਜਿਵੇਂ ਕਿਸੇ ਇੰਗਲਿਸ਼ ਕਾਉਂਟੀ ਦੇ ਪਿੰਡ ਚ ਘੁੰਮ ਰਿਹਾ ਹੋਵੇ। ਪੂਰਾ ਨਜ਼ਾਰਾ ਹੀ ਉਹੋ ਸੀ। ਕਈ ਘੰਟਿਆਂ ਦੇ ਇਸ ਸਫ਼ਰ ਚ ਉਹ ਕਿੰਨਾ ਕੁਝ ਹੀ ਇੱਕ ਦੂਸਰੇ ਬਾਰੇ ਦੱਸ ਚੁੱਕੇ ਸੀ ਸਿਵਾਏ ਮਨਜੀਤ ਦੇ ਆਪਣੇ ਪ੍ਰੇਮ ਰਿਸ਼ਤੇ ਤੋਂ ਬਿਨਾਂ ਉਹ ਸਭ ਦੱਸ ਚੁੱਕੀ ਸੀ, ਰਿਸ਼ਤੇ ਬਾਰੇ ਉਹ ਦੱਸੇ ਜਾਂ ਨਾ ਇਹ ਸਮਝ ਨਹੀਂ ਸੀ ਆ ਰਹੀ।ਚਰਨਜੀਤ ਦੀਆਂ ਕਈ ਗੱਲਾਂ ਉਸਨੂੰ ਬੇਹੱਦ ਚੰਗੀਆਂ ਲੱਗੀਆਂ ਸੀ। ਜਿਵੇਂ ਉਹ ਗੱਡੀ ਚੋ ਉੱਤਰ ਕੇ ਉਹਦੀ ਉਡੀਕ ਕਰਦਾ, ਉਹਨੂੰ ਆਪਣੇ ਪਿੱਛੇ ਨਹੀਂ ਸਗੋਂ ਬਰਾਬਰ ਲੈ ਕੇ ਚਲਦਾ, ਉਸਨੂੰ ਘੁੰਡ ਮਨਾ ਕਰ ਦਿੱਤਾ ਸੀ।ਪਿੰਡਾਂ ਚ ਤਾਂ ਉਹਨੇ ਇਹੋ ਵੇਖਿਆ ਸੀ ਕਿ ਨਵੀਂ ਵਿਆਹੀ ਜੋੜੀ ਇੱਕ ਦੂਸਰੇ ਤੋਂ ਐਨੀਂ ਦੂਰ ਹੋਕੇ ਤੁਰਦੀ ਸੀ ਜਿਵੇਂ ਦੋ ਪਰਦੇਸੀ ਤੁਰੇ ਜਾਂਦੇ ਹੋਣ। ਇਹ ਚੰਨੀ ਵਿੱਚ ਨਹੀਂ ਸੀ। #HarjotDiKalamਉਸਨੇ ਕਾਲਜ਼ ਆਉਂਦੇ ਪੰਜਾਬੀ ਮੈਗਜ਼ੀਨ ਚ ਕਈ ਕਹਾਣੀਆਂ ਪੜ੍ਹੀਆਂ ਸੀ, ਜੋ ਬਾਹਰਲੇ ਮੁਲਕ ਦੇ ਜੀਵਨ ਬਾਰੇ ਸੀ। “ਚੰਨ ਪਰਦੇਸੀ” ਫਿਲਮ ਵੇਖੀ ਸੀ। ਤੇ ਉਸ ਦਾ ਨਾਇਕ ਉਸਦੇ ਨਾਲ ਪੜ੍ਹਦੀਆਂ ਕਿੰਨੀਆ ਹੀ ਕੁੜੀਆਂ ਦਾ ਨਾਇਕ ਸੀ।ਉਸਨੂੰ ਵੀ ਉਹ ਫਿਲਮ ਚੰਗੀ ਲੱਗੀ ਸੀ। ਪਰ ਉਸਦਾ ਚੰਨ ਪ੍ਰਦੇਸੀ ਨਹੀਂ ਦੇਸ਼ ਵਿਚੋਂ ਹੀ ਸੀ।”ਬੰਦੇ ਨੂੰ ਸਹੀ ਸਾਥ ਮਿਲ ਜਾਏ ਤੇ ਤੋਰੀ ਫੁਲਕੇ ਜਿਹਾ ਰੁਜ਼ਗਾਰ ਤਾਂ ਇਥੇ ਹੀ ਵਲੈਤ ਹੈ”. ਛਿੰਦਾ ਉਹਨੂੰ ਅਕਸਰ ਹੀ ਕਿਹਾ ਕਰਦਾ ਸੀ।”ਆਪਾਂ ਵੀ ਹੋਰਾਂ ਵਾਂਗ ਹਨੀਮੂਨ ਮਨਾਉਣ ਚੱਲਾਂਗੇ … ਸ਼ਿਮਲੇ” ਉਹਦਾ ਡ੍ਰੀਮ ਸੀ। ਓਥੇ ਜਿਵੇਂ ਤੁਸੀਂ ਮਰਜ਼ੀ ‘ਮਾਲ ਰੋਡ’ ਉੱਤੇ ਬਾਹਾਂ ਚ ਬਾਂਹਾਂ ਪਾ ਕੇ ਘੁੰਮੋ ਅੰਗਰੇਜ਼ਾਂ ਵਾਂਗ ਕੋਈ ਨਹੀਂ ਦੇਖਦਾ ਨਹੀਂ ਕੋਈ ਟੋਕਦਾ ਨਹੀਂ।ਪਤਾ ਨਹੀਂ ਕਿਉਂ ਮੁੜ ਮੁੜ ਹਰ ਘੜੀ ਮਨਜੀਤ ਛਿੰਦੇ ਦੀਆਂ ਯਾਦਾਂ ਚ ਗੁਆਚ ਜਾਂਦੀ ਸੀ। ਕਦੋੰ ਖਹਿੜਾ ਛੁਟੇਗਾ ਦਿਮਾਗ ਦੀ ਇਸ ਭੱਜ ਦੌੜ ਤੋਂ ? ਉਹ ਸੋਚਦੀ …. ਪਤਾ ਨਹੀਂ ..ਹਰ ਸੁਪਨਾ ਜ਼ਰਾ ਜਿੰਨੇ ਖੜਾਕ ਉੱਤੇ ਜਾਗ ਉੱਠਦਾ ਹੈ।ਸੋਚਦੇ ਸੋਚਦੇ ਉਹ ਇਵੇਂ ਹੀ ਚਲਦੀ ਗੱਡੀ ਚ ਸੌਂ ਗਈ। ਐਨੇ ਲੰਮੇ ਸਫ਼ਰ ਦੀ ਆਦੀ ਨਹੀਂ ਸੀ।ਥਕਾਵਟ ਲਾਜ਼ਮੀ ਸੀ। ਜਦੋਂ ਉੱਠੀ ਤਾਂ ਉਸਦਾ ਸਿਰ ਚੰਨੀ ਦੇ ਮੋਢਿਆਂ ਤੇ ਸੀ ਉਹਨੇ ਆਪਣੀ ਬਾਂਹ ਉੱਪਰੋਂ ਜੱਫੀ ਵਾਂਗ ਲਪੇਟੀ ਹੋਈ ਸੀ।ਡਰਾਈਵਰ ਦੇ ਹੁੰਦਿਆਂ ਉਹਨੂੰ ਇਹ ਵਿਹਾਰ ਅਜ਼ੀਬ ਲੱਗਾ ਉਹ ਝੱਟਪਟ ਉੱਠੀ ਆਪਣੇ ਆਪ ਨੂੰ ਸਹੀ ਕੀਤਾ। ਪਰ ਉਹਨੂੰ ਅਜੀਬ ਲੱਗ ਰਿਹਾ ਸੀ ਕਿ ਕਿੰਝ ਕਹੇ ਕਿ ਇੰਝ ਬਾਂਹ ਰੱਖੀ ਹੋਈ ਚ ਉਹਨੂੰ ਸੰਗ ਲੱਗ ਰਹੀ ਹੈ। ਬੋਲਕੇ ਉਹ ਕਹਿ ਨਹੀਂ ਸੀ ਸਕਦੀ।ਤੇ ਇੰਝ ਚੰਨੀ ਨੂੰ ਸਮਝ ਨਹੀਂ ਸੀ ਆ ਰਹੀ।ਅਖੀਰ ਗੱਡੀ ਰੁਕਵਾ ਕੇ ਕੁਝ ਦੇਰ ਆਸ ਪਾਸ ਵੇਖਣ ਦਾ ਬਹਾਨਾ ਲਗਾ ਕੇ ਉਹ ਬਾਹਰ ਨਿੱਕਲੀ। ਇੱਕਦਮ ਠੰਡ ਮਹਿਸੂਸ ਕਰਕੇ ਉਸਨੇ ਆਪਣੀਆਂ ਬਾਹਾਂ ਛਾਤੀ ਨਾਲ ਘੁੱਟੀਆਂ ਤੇ ਕਿੰਨਾ ਸਮਾਂ ਡੁੱਬਦੇ ਸੂਰਜ ਨੂੰ ਨਿਹਾਰਦੀ ਰਹੀ। ਚੰਨੀ ਵੀ ਗੱਡੀ ਚੋ ਉੱਤਰ ਕੇ ਬਾਹਰ ਆ ਗਿਆ। ਉਹਨੂੰ ਫਿਰ ਤੋਂ ਬਾਂਹ ਚ ਵਲ ਕੇ ਬਿਲਕੁੱਲ ਉਸ ਕੋਲ ਆ ਖੜ੍ਹਾ ਹੋਇਆ। ਜਿਸਤੋਂ ਬਚਦੀ ਆਈ ਸੀ ਉਹ ਹੁਣ ਸ਼ਰੇਆਮ ਹੀ ਹੋ ਗਿਆ। ਪਰ ਹੁਣ ਹੋ ਵੀ ਕੀ ਸਕਦਾ ਸੀ ਉਹ ਦੋਵੇਂ ਹੀ ਉਂਝ ਹੀ ਖੜ੍ਹੇ ਕੁਦਰਤ ਨੂੰ ਵੇਖਦੇ ਰਹੇ।ਪਲ ਸਕੂਨ ਭਰੇ ਸੀ, ਕੁਝ ਅਲੱਗ ਸੀ,ਕੁਝ ਐਸਾ ਜੋ ਉਹ ਮਹਿਸੂਸ ਕਰ ਰਹੀ ਸੀ ਜਿਵੇਂ ਉਹ ਡੋਰ ਨਾਲ ਬੱਝੀ ਇੱਕ ਪਾਸੇ ਖਿੱਚੀ ਜਾ ਰਹੀ ਸੀ,ਚੰਨੀ ਵੱਲ ਕਿਉਂ ? ਇਹਦਾ ਉੱਤਰ ਉਹ ਲੱਭਣਾ ਚਾਹੁੰਦੀ ਸੀ।ਉਹ ਉਥੇ ਕਿੰਨਾ ਸਮਾਂ ਖੜ੍ਹੇ ਰਹੇ ਉਦੋਂ ਤੱਕ ਜਦੋਂ ਤੱਕ ਡਰਾਈਵਰ ਨੇ ਮੁੜ ਆਕੇ ਨਾ ਕਿਹਾ ਕਿ ਛੇਤੀ ਚੱਲਣਾ ਚਾਹੀਦਾ ਹੈ। ਅੱਗੇ ਬਰਫਵਾਰੀ ਕਰਕੇ ਜਾਮ ਹੋ ਸਕਦਾ।ਉਹ ਮੁੜ ਗੱਡੀ ਚ ਬੈਠੇ। ਹੁਣ ਉਹ ਖੁਦ ਹੀ ਚੰਨੀ ਦੇ ਮੋਢੇ ਤੇ ਸਿਰ ਰੱਖਕੇ ਬੈਠੀ ਸੀ। ਸੰਗ ਵਾਲਾ ਸੁਭਾਅ ਉੱਡ ਗਿਆ ਸੀ। ਫੂਲ ਔਰ ਕਾਂਟੇ ਦਾ ਗਾਣਾ ” ਧੀਰੇ ਧੀਰੇ ਪਿਆਰ ਕੋ ਵਡਾਨਾ ਹੈ” ਕੈਸਿਟ ਡਰਾਈਵਰ ਦੀ ਟੇਪ ਰਿਕਾਰਡਰ ਤੇ ਵੱਜਣ ਲੱਗਾ।……..ਜਦੋਂ ਮਨਾਲੀ ਪਹੁੰਚੇ ਤਾਂ ਹਨੇਰਾ ਹੋ ਗਿਆ ਸੀ। ਚਾਰੋਂ ਪਾਸੇ ਬਿਜਲੀ ਦੀ ਚਮਕ ਸੀ। ਤਾਜ਼ੀ ਬਰਫਵਾਰੀ ਹੋ ਕੇ ਹਟੀ ਸੀ।ਬਿਜਲੀ ਤੇ ਚੰਨ ਦੀ ਰੋਸ਼ਨੀ ਚ ਬਰਫ਼ ਨਾਲ ਅੱਖਾਂ ਚੁੰਧਿਆ ਰਹੀਆਂ ਸਨ।ਗੱਡੀਆਂ ਦੀ ਰਫ਼ਤਾਰ ਧੀਮੀ ਸੀ।ਹੋਟਲ ਤੱਕ ਪਹੁੰਚਦੇ ਹੋਰ ਵੀ ਲੇਟ ਹੋ ਗਏ ਸੀ।ਮਨਜੀਤ ਤਾਂ ਪੂਰੀ ਤਰ੍ਹਾਂ ਥੱਕ ਚੁੱਕੀ ਸੀ। ਕਮਰੇ ਚ ਪਹੁੰਚ ਕੇ ਉਸਨੂੰ ਸਿਰਫ ਇੱਕੋ ਗੱਲ ਤੱਕ ਮਤਲਬ ਸੀ ਆਰਾਮ ਤੇ ਨੀਂਦ ਤੱਕ। ਉਹ ਜਾਂਦੇ ਹੀ ਬੈੱਡ ਤੇ ਢੇਰੀ ਹੋ ਗਈ। ਚੰਨੀ ਨੇ ਖਾਣੇ ਲਈ ਪੁੱਛਿਆ ਤਾਂ ਉਸਨੇ ਜੋ ਕੁਝ ਵੀ ਮੰਗਵਾਉਣਾ ਹੈ ਮੰਗਵਾ ਲਵੋ ਆਖ ਕੇ ਉਹ ਮੁੜ ਗਰਮ ਕੰਬਲ ਚ ਲਿਪਟ ਗਈ। ਘੰਟਾ ਕੁ ਹੀ ਲੇਟੀ ਸੀ ਜਦੋਂ ਖਾਣਾ ਤਿਆਰ ਹੋਕੇ ਆ ਗਿਆ ਸੀ। ਉਸਨੇ ਵੇਖਿਆ ਕਿ ਚੰਨੀ ਉਦੋਂ ਤੱਕ ਫਰੈਸ਼ ਹੋ ਚੁੱਕਾ ਸੀ। ਉਸਦੀ ਹਿੰਮਤ ਤਾਂ ਨਹੀਂ ਸੀ ਉੱਠਣ ਦੀ ਪਰ ਚੰਨੀ ਦੇ ਜ਼ੋਰ ਦੇਣ ਤੇ ਉਹ ਉੱਠੀ,ਵਾਸ਼ਰੂਮ ਜਾ ਕੇ ਥੋੜ੍ਹਾ ਫਰੈਸ਼ ਹੋਈ ਤੇ ਕੱਪੜੇ ਬਦਲੇ।ਫਿਰ ਉਹ ਖਾਣ ਲਈ ਬੈਠੀ। ਉਸਦੇ ਚਿਹਰੇ ਤੇ ਥਕਾਵਟ ਸਾਫ਼ ਝਲਕ ਰਹੀ ਸੀ।ਚੰਨੀ ਨੇ ਪਤਾ ਨਹੀਂ ਕਿਥੋਂ ਅੰਗਰੇਜ਼ੀ ਸ਼ਰਾਬ ਦੀ ਬੋਤਲ ਮੰਗਵਾ ਲਈ ਸੀ …”ਇਫ਼ ਯੂ ਡੌਟ ਮਾਇੰਡ ਮੈਂ ਪੀ ਸਕਦਾ ਹਾਂ?” ਉਹਨੇ ਬੋਤਲ ਖੋਲਣ ਤੋਂ ਪਹਿਲਾਂ ਪੁੱਛਿਆ । “ਕੋਈ ਗੱਲ ਨਹੀਂ “ਮਨਜੀਤ ਨੇ ਬਿਨਾਂ ਕਿਸੇ ਸ਼ਿਕਵੇ ਤੋਂ ਕਿਹਾ। ਉਹ ਖਾਣਾ ਲਗਾਉਣ ਲੱਗੀ ਤੇ ਪੁੱਛਿਆ ਹੁਣੇ ਹੀ ਖਾਓਗੇ ਕਿ ਕੁਝ ਦੇਰ ਰੁਕ ਕੇ” “ਥੋੜ੍ਹਾ ਰੁਕ ਜਾਂਦੇ ਹਾਂ ,ਤੂੰ ਵੀ ਉਦੋਂ ਤੱਕ ਕੁਝ ਮੰਗਵਾ ਲੈ ਜੂਸ ਵਗੈਰਾ”””ਨਹੀਂ ਫਿਰ ਭੁੱਖ ਨਹੀਂ ਲੱਗਣੀ'”ਓਕੇ, ਕਦੀ ਡਰਿੰਕ ਕੀਤੀ ?”ਮਨਜੀਤ ਉਸ ਵੱਲ ਇੰਝ ਝਾਕੀ ਪਤਾ ਨਹੀਂ ਕੀ ਪੁੱਛ ਲਿਆ ਹੋਵੇ। “ਬਿਲਕੁੱਲ ਨਹੀਂ, ਕਦੇ ਸੋਚਿਆ ਵੀ ਨਹੀਂ ,ਡਰਿੰਕ ਕਰਨ ਵਾਲੀਆਂ ਕੁੜੀਆਂ ਦੇ ਚਰਚੇ ਕਾਲਜ਼ ਚ ਅਫੇਅਰ ਵਾਲੀਆਂ ਕੁੜੀਆਂ ਨਾਲੋਂ ਵੀ ਭੈੜੇ ਤਰੀਕੇ ਨਾਲ ਹੁੰਦੇ ਸੀ,ਪਿੰਡ ਤਾਂ ਲੋਕੀਂ ਕੁੜੀ ਨੂੰ ਮਾਰ ਹੀ ਦੇਣ “ਉਹਨੇ ਕਿਹਾ।”ਟਰਾਈ ਕਰਕੇ ਵੇਖੋ, ਥਕਾਵਟ ਉੱਤਰ ਜਾਏਗੀ….” ਚੰਨੀ ਨੇ ਕਿਹਾ ਤਾਂ ਇੰਝ ਲੱਗਾ ਜਿਵੇਂ ਉਹਦੀ ਪ੍ਰੀਖਿਆ ਲੈ ਰਿਹਾ ਹੋਵੇ।”ਨਹੀਂ ਮੈਨੂੰ ਤਾਂ ਸਮੇਲ ਹੀ ਨਹੀਂ ਪ੍ਸੰਦ ਇਸਦੀ, ਸੌਰੀ ਉਹਨੇ ਮਨਾ ਕੀਤਾ “।”ਕੁਝ ਨਹੀਂ ਹੁੰਦਾ ਇਸਦਾ ਟੇਸਟ ਇਵੇਂ ਦਾ ਨਹੀਂ ਹੁੰਦਾ “ਚੰਨੀ ਨੇ ਇੱਕ ਗਿਲਾਸ ਚ ਉਸ ਲਈ ਨਿੱਕਾ ਪੈਗ ਬਣਾਉਂਦੇ ਹੋਏ ਕਿਹਾ।ਥੋੜੀ ਨਾ ਨੁੱਕਰ ਤੋਂ ਬਾਅਦ ਉਸਨੇ ਪਕੜ ਹੀ ਲਿਆ। ਤੇ ਨੱਕ ਬੰਦ ਕਰਕੇ ਇੱਕੋ ਸਾਹ ਚ ਪੀ ਲਿਆ। ਜਿਸ ਨਾਲ ਇੱਕ ਦਮ ਹੁੱਥੂ ਵੀ ਆ ਗਿਆ।ਚੰਨੀ ਹੱਸਣ ਲੱਗਾ।ਬੋਲਿਆ”ਇੰਜ ਨਹੀਂ ਪੀਂਦੇ ਇਹ ਵਾਈਨ ਏ ਇਸਨੂੰ ਹੌਲੀ ਹੌਲੀ ਪੀਣਾ ਹੁੰਦਾ ਸਿਪ ਸਿਪ ਕਰਕੇ। “ਮਨਜੀਤ ਦੇ ਸਿਰ ਨੂੰ ਜਿਵੇਂ ਕੁਝ ਚੜ੍ਹ ਗਿਆ ਹੋਏ ਉਹਨੇ ਫਟਾਫਟ ਆਪਣੇ ਸਿਰ ਨੂੰ ਘੁੱਟਿਆ।ਕੁਝ ਮਿੰਟਾਂ ਮਗਰੋਂ ਉਹ ਠੀਕ ਹੋਈ। ਉਸਨੂੰ ਟੇਸਟ ਐਨਾ ਬੁਰਾ ਨਾ ਲੱਗਾ ਤੇ ਪਤਾ ਨਹੀਂ ਕਿਉਂ ਚੰਨੀ ਦਾ ਹਾਸਾ ਵੀ ਬਹੁਤ ਮੋਹ ਭਰਿਆ ਲੱਗਾ। ਉਹਨੂੰ ਆਪਣੀ ਮੂਰਖਤਾ ਤੇ ਹਾਸਾ ਵੀ ਆ ਰਿਹਾ ਸੀ।ਉਹਦੇ ਕੋਲ ਗੱਲ ਕਰਨ ਲਈ ਕੁਝ ਖਾਸ ਨਹੀਂ ਸੀ ਉਹ ਚੁੱਪ ਚਾਪ ਬੈਠੀਂ ਕਦੇ ਚੰਨੀ ਨੂੰ ਤੇ ਕਦੇ ਬਾਹਰ ਵੇਖ ਰਹੀ ਸੀ। ਚੰਨੀ ਨੇ ਉਸਨੂੰ ਇੱਕ ਹੋਰ ਗਲਾਸ ਬਣਾ ਕੇ ਫੜਾ ਦਿੱਤਾ।ਉਹ ਵੀ ਹੁਣ ਉਸ ਦੀ ਨਕਲ ਕਰਦੀ ਸਿਪ ਸਿਪ ਕਰਦੀ ਪੀਣ ਲੱਗੀ। ਕਮਰੇ ਚ ਚਲਦੇ ਕਿਸੇ ਇੰਗਲਿਸ਼ ਮਿਊਜ਼ਿਕ ਦਾ ਉਸਨੂੰ ਥੋੜ੍ਹਾ ਥੋੜ੍ਹਾ ਨਸ਼ਾ ਹੋਣ ਮਗਰੋਂ ਹੀ ਪਤਾ ਲੱਗਾ ਸੀ।ਕੁਝ ਵੀ ਸੀ ਮਹੌਲ ਇਵੇਂ ਦਾ ਬਣ ਗਿਆ ਕਿ ਉਹ ਹੁਣ ਭੋਰਾ ਵੀ ਬੱਝੀ ਹੋਈ ਮਹਿਸੂਸ ਨਹੀਂ ਸੀ ਕਰ ਰਹੀ। ਸਭ ਕੁਝ ਸ਼ਾਂਤ ਜਿਹਾ ਸੀ ਕੋਈ ਕਾਹਲ ਨਹੀਂ ਸੀ। ਨਿੱਕੀਆਂ ਨਿੱਕੀਆਂ ਗੱਲਾਂ ਸੀ ਜੋ ਚੰਨੀ ਹੀ ਕਰ ਰਿਹਾ ਸੀ ਉਹ ਬੱਸ ਸੁਣ ਰਹੀ ਸੀ।ਚੰਨੀ ਕਈ ਪੈੱਗ ਲਗਾ ਕੇ ਵੀ ਸ਼ਰਾਬੀ ਨਹੀਂ ਸੀ ਜਾਪ ਰਿਹਾ।ਅਜੀਬ ਤਾਂ ਉਸਨੂੰ ਵੀ ਕੁਝ ਨਹੀਂ ਸੀ ਲੱਗ ਰਿਹਾ ਸਿਰਫ ਇਹੋ ਸੀ ਕਿ ਸਰੀਰ ਹੌਲਾ ਮਹਿਸੂਸ ਹੋ ਰਿਹਾ ਸੀ। ਉਸਨੇ ਹੀ ਵਾਈਨ ਖਤਮ ਹੋਣ ਮਗਰੋਂ ਰੋਟੀ ਲਗਾਈ ਤੇ ਫਿਰ ਦੋਵਾਂ ਨੇ ਖਾਧੀ।ਜਦੋਂ ਉਹ ਉੱਠੀ ਉਹਨੂੰ ਅਹਿਸਾਸ ਹੋਇਆ ਥੋੜ੍ਹਾ ਨਸ਼ੇ ਦਾ, ਇੱਕ ਵਾਰ ਲੜਖਦਾ ਵੀ ਗਈ ਫਿਰ ਸੰਭਲੀ। ਵਾਸ਼ਰੂਮ ਜਾ ਕੇ ਆ ਕੇ ਉਹ ਲੇਟ ਗਈ।ਅੱਖਾਂ ਮੱਲੋ ਮੱਲੀ ਮੀਚ ਹੋ ਗਈਆਂ ਸੀ। ਨੀਂਦ ਨਹੀਂ ਸੀ ਆ ਰਹੀ ਪਰ ਫਿਰ ਵੀ ਲੇਟ ਰਹੀ। ਚੰਨੀ ਦੀਆਂ ਕਮਰੇ ਚ ਤੁਰਨ ਦੀਆਂ ਵਾਸ਼ਰੂਮ ਜਾਣ ਦੀਆਂ ਆਵਾਜ਼ਾਂ ਉਹ ਨੋਟ ਕਰ ਰਹੀ ਸੀ। ਫਿਰ ਲਾਈਟ ਬੰਦ ਹੋਣ ਤੱਕ ਤੇ ਚੰਨੀ ਦੇ ਬੈੱਡ ਤੇ ਡਿੱਗਣ ਤੱਕ ਉਹ ਹਰ ਆਵਾਜ਼ ਨੂੰ ਪਤਾ ਨਹੀਂ ਕਿਉਂ ਜਾਂਚ ਤੇ ਪਰਖ ਰਹੀ ਸੀ। ਜਿਵੇਂ ਆਉਣ ਵਾਲੇ ਪਲਾਂ ਦਾ ਉਹਨੂੰ ਅੰਦਾਜ਼ਾ ਹੋ ਗਿਆ ਹੋਵੇ।ਉਸਦਾ ਖੁਦ ਦਾ ਤਨ ਮਨ ਖੁਦ ਨੂੰ ਤਿਆਰ ਕਰ ਚੁੱਕਾ ਹੋਵੇ। #HarjotDiKalamਉਸਨੂੰ ਖੁਦ ਵੱਲ ਖਿਸਕਦਾ ਕੁਝ ਮਹਿਸੂਸ ਹੋ ਰਿਹਾ ਸੀ। ਉਹ ਚੰਨੀ ਤੋਂ ਉਲਟ ਮੂੰਹ ਘੁਮਾ ਕੇ ਪਈ ਸੀ। ਪਰ ਕੰਬਲ ਚ ਖਿਸਕਦੇ ਹੋਏ ਚੰਨੀ ਉਸਦੇ ਪੂਰਾ ਕਰੀਬ ਆ ਗਿਆ ਸੀ। ਮਨਜੀਤ ਦਾ ਦਿਲ ਜੋਰ ਦੀ ਧੜਕਿਆ ਜਦੋਂ ਚੰਨੀ ਦੇ ਹੱਥ ਨੇ ਹਨੇਰੇ ਵਿਚੋਂ ਹੀ ਪਤਾ ਨਹੀਂ ਕਿਵੇਂ ਉਸਦੇ ਲੱਕ ਕੋਲੋ ਅਣਕੱਜੇ ਹਿੱਸੇ ਨੂੰ ਛੋਹਿਆ । ਉਹਨੇ ਆਪਣੇ ਮੂੰਹੋ ਕੁਝ ਵੀ ਆਵਾਜ਼ ਨਿੱਕਲਣ ਤੋਂ ਰੋਕੀ। ਚੰਨੀ ਦੀਆਂ ਉਂਗਲਾਂ ਉਸਦੇ ਢਿੱਡ ਉੱਤੇ ਪਹੁੰਚ ਕੇ ਘੁੰਮਣ ਲੱਗੀਆਂ। ਉਹਨੂੰ ਆਪਣੇ ਵੱਲ ਖਿਸਕਾਉਣ ਲੱਗੀਆਂ।ਇੱਕ ਹੱਥ ਉਸਨੇ ਚੰਨੀ ਦੇ ਘੁੰਮਦੇ ਹੱਥ ਤੇ ਟਿਕਾ ਦਿੱਤਾ ਪਰ ਰੋਕਣ ਲਈ ਨਹੀਂ… ਦੂਸਰੇ ਹੱਥ ਨਾਲ ਉਹਨੇ ਉਸਦੇ ਮੱਥੇ ਤੋਂ ਹੱਥ ਹਟਾ ਕੇ ਆਪਣੇ ਵੱਲ ਉਸਦੇ ਮੂੰਹ ਘੁਮਾ ਲਿਆ। ਪਲ ਪਲ ਚ ਉਹਨੂੰ ਸਾਹਾਂ ਦੀ ਗਰਮੀ ਆਪਣੇ ਚਿਹਰੇ ਤੇ ਮਹਿਸੂਸ ਹੋਣ ਲੱਗੀ। ਕਦੋੰ ਉਹ ਸਾਹ ਉਸਦੇ ਸਾਹਾਂ ਚ ਇੱਕਮਿਕ ਹੋ ਗਏ ਪਤਾ ਵੀ ਨਾ ਲੱਗਾ। ਢਿੱਡ ਤੇ ਘੁੰਮਦੇ ਹੱਥ ਤੇ ਉਸਦੀ ਪਕੜ ਸਖਤ ਹੋ ਗਈ ਸੀ। ਇਹ ਸਖ਼ਤੀ ਚੁੰਮਣ ਦੀ ਰਫ਼ਤਾਰ ਨਾਲ ਵਧ ਰਹੀ ਸੀ। ਪੇਟ ਤੇ ਸੱਜੇ ਖੱਬੇ ਘੁੰਮਦੇ ਹੱਥ ਫਿਰ ਉੱਪਰ ਥੱਲੇ ਘੁੰਮਣ ਲੱਗੇ ਕੁਝ ਹੀ ਪਲਾਂ ਚ ਉਹਦੇ ਆਪਣੇ ਹੱਥ ਬਿਲਕੁੱਲ ਹੀ ਹਰਕਤ ਕਰਨੋਂ ਹਟ ਕੇ ਸਿਰਫ ਚੰਨੀ ਦੇ ਮੋਢਿਆਂ ਤੇ ਰੱਖੇ ਗਏ ਤੇ ਚੰਨੀ ਦੇ ਹੱਥ ਜਿਸਮ ਦੇ ਉਚਾਈ ਨੂੰ ਮਿਣਦੇ ਹੋਏ ਜਿਵੇਂ ਪਹਾੜਾਂ ਤੇ ਘਾਟੀਆਂ ਚ ਗੁਆਚ ਗਏ ਹੋਣ। ਉਸਦੇ ਹੱਥਾਂ ਦੀਆਂ ਹਰਕਤਾਂ ਉਂਗਲਾਂ ਦੀਆਂ ਸ਼ਰਾਰਤਾਂ ਨੇ ਮਨਜੀਤ ਨੂੰ ਬੇਸੁੱਧ ਕਰ ਦਿੱਤਾ ਸੀ। ਦੋਵੇਂ ਕੱਪੜੇ ਉਤਾਰ ਕੇ ਕਦੋੰ ਸਿਰਫ ਇੱਕ ਕੰਬਲ ਦੀ ਓਟ ਚ ਲਿਪਟ ਕੇ ਇੱਕ ਦੂਸਰੇ ਨਾਲ ਚਿਪਕ ਗਏ ਭੋਰਾ ਪਤਾ ਵੀ ਨਾ ਲੱਗਾ। ਉਸਦੇ ਚਿਹਰੇ ਨੂੰ ਚੁੰਮਦਾ ਹੋਇਆ ਚੰਨੀ ਉਸਦੇ ਜਿਸਮ ਉੱਪਰ ਖਿਸਕਦਾ ਹੀ ਚਲਾ ਗਿਆ। ਉਸਦੀ ਜੀਭ ਤਿੱਖੀ ਛੁਰੀ ਵਾਂਗ ਤਪਦੇ ਜਿਸਮ ਨੂੰ ਕੋਸੇ ਕੋਸੇ ਸੇਕ ਨਾਲ ਠਾਰਦੀ ਚਲੀ ਗਈ।ਉਸਦੇ ਬੁੱਲਾਂ ਦੇ ਨਿਸ਼ਾਨ ਮਨਜੀਤ ਨੂੰ ਇੰਝ ਲੱਗਾ ਕਿ ਸ਼ਾਇਦ ਜਿੰਦਗ਼ੀ ਭਰ ਹੀ ਸਰੀਰ ਤੋਂ ਨਹੀਂ ਉੱਤਰਣਗੇ। ਉਸਦੇ ਹੱਥਾਂ ਨੇ ਉਹਦੇ ਜਿਸਮ ਦੇ ਹਰ ਹਿੱਸੇ ਨੂੰ ਛੋਹਿਆ ,ਮਹਿਸੂਸ ਕੀਤਾ,ਤਾਰ ਵਾਂਗ ਟੁਣਕਾ ਕੇ ਵੇਖਿਆ।ਫਿਰ ਇਹੋ ਕੁਝ ਉਸਦੇ ਬੁੱਲ੍ਹਾ ਤੇ ਜੀਭ ਨੇ ਸਿਰਫ ਦੁਹਰਾਇਆ। ਇਸ ਹੱਦ ਤੱਕ ਉਹ ਪਿਘਲ ਚੁੱਕੀ ਸੀ ਕਿ ਉਹਨੇ ਅੱਗੇ ਕੁਝ ਵੀ ਕਹਿਣ ਤੋਂ ਪਹਿਲਾਂ ਸਿਰਫ ਤੇ ਸਿਰਫ ਚੰਨੀ ਨੂੰ ਆਪਣੇ ਨਾਲ ਘੁੱਟ ਲਿਆ ਸ਼ਾਇਦ ਰੋਕਣ ਲਈ ਉਹ ਇਹ ਤੜਪ ਨੂੰ ਹੋਰ ਸਹਿਣ ਨਹੀਂ ਸੀ ਕਰ ਪਾ ਰਹੀ। ਚੰਨੀ ਉਸਦੀ ਤੜਪ ਉਸਦੇ ਅਹਿਸਾਸ ਨੂੰ ਛੇਤੀ ਹੀ ਸਮਝ ਗਿਆ ਸੀ। ਉਸਨੂੰ ਬਾਂਹਾਂ ਚ ਘੁੱਟ ਕੇ ਉਹ ਨਾਲ ਅੰਤਿਮ ਮੰਜਿਲ ਵੱਲ ਵਧਣ ਲੱਗਾ.ਮਾਹੌਲ ਚ ਜਿਵੇਂ ਇੱਕ ਤਣਾਅ ਆ ਗਿਆ ਹੋਵੇ। ਪਸੀਨੇ ਨਾਲ ਤਰਬਤਰ ਜਿਵੇਂ ਹਾੜ ਦਾ ਮਹੀਨਾ ਹੋਵੇ। ਨਰਮ ਗੱਦੇ ਵੀ ਬੜੀ ਮੁਸ਼ਕਿਲ ਨਾਲ ਬਿਜਲੀ ਤਰੰਗਾਂ ਤੋਂ ਤੇਜ਼ ਹਰਕਤਾਂ ਨੂੰ ਸੋਖ ਰਹੇ ਸੀ।ਮਨਜੀਤ ਤਾਂ ਜਿਵੇਂ ਖੁਦ ਬੇਕਾਬੁ ਹੋਏ ਉਹ ਨਾ ਸਿਰਫ ਆਪਣੀਆਂ ਹਰਕਤਾਂ ਆਪਣੀ ਕਾਹਲੀ ਤੇ ਜੋਸ਼ ਨੂੰ ਮਹਿਸੂਸ ਮਰ ਸਕਦੀ ਸੀ ਸਗੋਂ ਉਹਨੂੰ ਆਪਣੀਆਂ ਆਵਾਜ਼ਾਂ ਵੀ ਨੋਟ ਹੋ ਰਹੀਆਂ ਸੀ। ਉਹ ਆਵਾਜ਼ਾਂ ਪਤਾ ਨਹੀਂ ਕਿਥੋਂ ਆ ਰਹੀਆਂ ਸੀ ਜੋ ਦਿਲ ਦੇ ਕਿਸੇ ਕੋਨੇ ਚ ਦੱਬੀਆਂ ਹੋਈਆਂ ਸੀ ਜਾਂ ਕਿਸੇ ਸੰਗ ਸ਼ਰਮ ਦੇ ਓਹਲੇ।ਜਦੋਂ ਤੱਕ ਦੋਵੇ ਥੱਕ ਕੇ ਢੇਰੀ ਨਾ ਹੋ ਗਏ ਉਦੋਂ ਤੱਕ ਤੂਫ਼ਾਨ ਦਾ ਦੌਰ ਚਲਦਾ ਰਿਹਾ।ਚੰਨੀ ਨੇ ਉਸ ਉੱਤੇ ਕੰਬਲ ਲਪੇਟ ਕੇ ਆਪਣੇ ਨਾਲ ਘੁੱਟ ਲਿਆ। ਉਹ ਚਾਹੁੰਦੀ ਸੀ ਕਿ ਉਹ ਉਠ ਕੇ ਵਾਸ਼ਰੂਮ ਜਾਏ ਪਰ ਅਜਿਹਾ ਨਾ ਹੋਇਆ। ਇੰਝ ਹੀ ਬਾਹਾਂ ਚ ਸਮਾ ਕੇ ਉਹ ਸੁੱਤੇ ਰਹੇ।………ਕਾਫ਼ੀ ਸੂਰਜ ਚੜ੍ਹੇ ਤੋਂ ਉਹ ਉੱਠੀ ਸੀ। ਚੰਨੀ ਸ਼ਾਇਦ ਪਹਿਲਾਂ ਉੱਠ ਗਿਆ ਸੀ। ਸਿਰ ਚ ਥੋੜ੍ਹਾ ਦਰਦ ਸੀ ਤੇ ਸਰੀਰ ਵਿੱਚ ਵੀ ..ਰਾਤ ਦਾ ਸਾਰਾ ਸੀਨ ਉਸਦੇ ਅੱਖਾਂ ਸਾਹਵੇਂ ਘੁੰਮ ਗਿਆ ਸੀ। ਉਸਦੇ ਮਨ ਚ ਹੁਣ ਇੱਕੋ ਡਰ ਸੀ ਕਿ ਕਿਤੇ ਉਸਦੀਆਂ ਹਰਕਤਾਂ ਤੋਂ ਚੰਨੀ ਉਸਨੂੰ “ਗਲਤ ” ਕੁੜੀ ਤਾਂ ਨਹੀਂ ਸਮਝ ਲਵੇਗਾ ਉਸਦੇ ਪਿਛਲੇ ਰਿਸ਼ਤੇ ਬਾਰੇ ਤਾਂ ਪਤਾ ਨਹੀਂ ਲੱਗ ਜਾਏਗਾ…ਕਿਉਂਕਿ ਉਸ ਨਾਲ ਅਜਿਹਾ ਕੁਝ ਵੀ ਨਹੀਂ ਸੀ ਹੋਇਆ ਜੋ ਵਿਆਹ ਦੀ ਪਹਿਲੀ ਰਾਤ ਕੁਆਰੀ ਕੁੜੀ ਨਾਲ ਵਾਪਰਦਾ ਹੈ।ਉਹ ਕਿਵੇਂ ਚੰਨੀ ਦਾ ਸਾਹਮਣਾ ਕਰੇਗੀ ……..

ਚਨੀ ਬਾਲਕੋਨੀ ਵਿੱਚੋਂ ਕਮਰੇ ਚ ਦਾਖ਼ਿਲ ਹੋਇਆ ਤਾਂ ਨਜ਼ਰ ਮਿਲੀ ਮਨਜੀਤ ਨੇ ਅੱਖਾਂ ਝੁਕਾ ਲਈਆਂ, ਉਸ ਕੋਲ ਭੋਰਾ ਵੀ ਹਿੰਮਤ ਨਹੀਂ ਸੀ ਉਸ ਦੀਆਂ ਦਗਦੀਆਂ ਅੱਖਾਂ ਵੱਲ ਵੇਖਣ ਦੀ।”ਗੁੱਡ ਮਾਰਨਿੰਗ”ਆਖਦੇ ਹੋਏ ਉਹ ਉਹਦੇ ਕੋਲ ਬੈੱਡ ਤੇ ਮਿਲੀ ਥੋੜੀ ਥਾਂ ਤੇ ਆ ਬੈਠਿਆ।”ਗੁੱਡ ਮਾਰਨਿੰਗ” ਖੁਦ ਨੂੰ ਆਪਣੇ ਚ ਸਮੇਟਦੇ ਹੋਏ ਮਨਜੀਤ ਨੇ ਜਵਾਬ ਦਿੱਤਾ।”ਯੂ ਵਾਜ਼ ਔਸਮ ਔਨ ਬੈੱਡ, ਮੈਨੂੰ ਤਾਂ ਲਗਦਾ ਸੀ ਕਿ ਇੰਡੀਆ ਦੀ ਕੁੜੀ ਨੂੰ ਤਾਂ ਬਹੁਤ ਕੁਝ ਸਿਖਾਉਣਾ ਪਵੇਗਾ, ਮੈੰ ਤਾਂ ਇਹੋ ਸੁਣਿਆ ਸੀ ਕਿ ਬੈਕਵਾਰਡ ਸੋਚ ਹੋਣ ਕਰਕੇ ਸਾਫ਼ ਸਫ਼ਾਈ ਦਾ ਵੀ ਧਿਆਨ ਨਹੀਂ ਰੱਖਦੀਆਂ,ਪਰ ਇੱਕੋ ਰਾਤ ਚ ਤੂੰ ਮੇਰੀ ਸੋਚ ਬਦਲ ਦਿੱਤੀ। ਯੋਰ ਰਿਸਪਾਂਸ ਵਾਜ ਔਸਮ ” ਉਹਨੇ ਔਸਮ ਸ਼ਬਦ ਦੁਹਰਾਇਆ।ਮਨਜੀਤ ਚੁੱਪ ਸੀ, ਅੱਖਾਂ ਝੁਕੀਆਂ ਹੋਈਆਂ ਸੀ। ਉਹਨੂੰ ਨਹੀਂ ਸੀ ਪਤਾ ਕਿ ਸਾਰਾ ਕੁਝ ਕਿਵੇਂ ਹੋਇਆ। ਪਰ ਚੰਨੀ ਦੀਆਂ ਗੱਲਾਂ ਨੇ ਉਹਦੇ ਦਿਲੋਂ ਇੱਕ ਭਾਰ ਉਤਾਰ ਦਿੱਤਾ। ਉਸ ਵਿਚੋਂ ਕੁਝ ਵੀ ਅਜਿਹਾ ਨਹੀਂ ਸੀ ਜੋ ਉਹਦੇ ਮਨ ਦਾ ਭੈਅ ਸੀ, ਉਹ ਇੱਕਦਮ ਖ਼ਾਰਿਜ ਹੋ ਗਏ ਸੀ।ਬੈਠੇ ਬੈਠੇ ਹੀ ਚੰਨੀ ਉਸਦੇ ਮੋਢੇ ਉੱਤੇ ਝੁਕ ਗਿਆ।ਉਹਦੇ ਬੁੱਲਾਂ ਨੂੰ ਆਪਣੇ ਬੁੱਲਾਂ ਚ ਕੱਸ ਕੇ ਚੁੰਮਣ ਲੱਗਾ।ਉਸਦਾ ਅਚਾਨਕ ਕੀਤਾ ਇਹ ਹਮਲਾ ਮਨਜੀਤ ਨੂੰ ਚੰਗਾ ਲੱਗਾ।ਨਸ਼ੇ ਨਾਲੋਂ ਇਹ ਪਲ ਉਹਨੂੰ ਵਧੇਰੇ ਸੁਆਦਲੇ ਲੱਗੇ। ਉਸਦੇ ਖੁੱਲ੍ਹੇ ਵਾਲਾ ਚ ਘੁੰਮਦੇ ਚੰਨੀ ਦੇ ਹੱਥ ਉਹਦੀ ਗਰਦਨ ਤੇ ਪਿਛਲੇ ਹਿੱਸੇ ਨੂੰ ਜਕੜ ਰਹੇ ਸੀ ।ਜੁਆਬ ਚ ਉਸਦੇ ਆਪਣੇ ਹੱਥ ਵੀ ਚੰਨੀ ਦੇ ਵਾਲਾਂ ਚ ਘੁੰਮਣ ਲੱਗੇ।ਬਾਲਕੋਨੀ ਚ ਖੁੱਲ੍ਹੀ ਖਿੜਕੀ ਠੰਡੀ ਫਰਾਟੇ ਵਾਲ਼ੀ ਹਵਾ ਅੰਦਰ ਭੇਜ ਰਹੀ ਸੀ।ਚੁੰਮਦੇ ਹੀ ਮਨਜੀਤ ਦਾ ਨਗਨ ਸਰੀਰ ਕਮਰੇ ਤੇ ਬਾਹਰ ਦੀ ਰੋਸ਼ਨੀ ਚ ਚਮਕਣ ਲੱਗਾ ਸੀ।ਤਦੇ ਫੋਨ ਦੇ ਘੰਟੀ ਵੱਜੀ। ਦੋਵੇਂ ਇੱਕਦਮ ਅਲੱਗ ਹੋ ਗਏ। ਮਨਜੀਤ ਥੋੜ੍ਹਾ ਹੋਸ਼ ਚ ਪਰਤੀ।ਉਹਨੇ ਸੰਗਦੇ ਹੋਏ ਆਪਣੇ ਆਪ ਨੂੰ ਢੱਕ ਲਿਆ।ਚੰਨੀ ਨੇ ਕਾਲ ਪਿਕ ਕੀਤੀ। ਡਰਾਈਵਰ ਦੀ ਕਾਲ ਸੀ। ਆਖਿਆ ਸੀ ਘੁੰਮਣ ਲਈ ਨਿਕਲਣ ਦਾ ਇਹੋ ਸਹੀ ਸਮਾਂ ਫਿਰ ਨਹੀਂ ਤਾਂ ਆਉਂਦੇ ਹੋਏ ਹਨ੍ਹੇਰਾ ਹੋ ਜਾਏਗਾ।ਮਨਜੀਤ ਨੂੰ ਤਿਆਰ ਹੋਣ ਲਈ ਆਖ ਕੇ ਉਹ ਬ੍ਰੇਕਫਾਸਟ ਲਈ ਔਰਡਰ ਕਰਨ ਲੱਗਾ। ਆਪਣੇ ਕੱਪੜਿਆਂ ਨੂੰ ਲੱਭ ਕੇ ਉਹ ਬੜੀ ਮੁਸ਼ਕਿਲ ਨਾਲ ਕੰਬਲ ਚ ਹੀ ਨਾਈਟ ਸੂਟ ਪਾ ਕੇ ਉੱਠੀ। ਕੁੜੀਆਂ ਵਾਲੀ ਸੰਗ ਉਸਦੇ ਸੁਭਾਅ ਸੀ ਹਲੇ ਵੀ ਬਾਕੀ ਸੀ ਕਿਸੇ ਅੱਗੇ ਬਿਲਕੁੱਲ ਨਗਨ ਹੋਣਾ। ਇਹ ਤਾਂ ਉਸਨੇ ਕਦੇ ਕਿਸੇ ਸਹੇਲੀ ਸਾਹਮਣੇ ਵੀ ਨਹੀਂ ਸੀ ਕੀਤਾ। ਨਹਾ ਕੇ ਉਸਨੇ ਆਪਣਾ ਸਭ ਤੋਂ ਖਾਸ ਸੂਟ ਪਹਿਨਿਆ। ਫਿੱਕੇ ਗੁਲਾਬੀ ਰੰਗ ਦਾ ਸੂਟ ਜਿਸ ਚ ਉਸਦਾ ਪੂਰਾ ਹੁਸਨ ਦਮਕ ਰਿਹਾ ਸੀ। ਉਸ ਉੱਪਰ ਮੇਕਅੱਪ ਤੇ ਚੰਗੀ ਤਰ੍ਹਾਂ ਕੀਤੀ ਗੁੱਤ।ਚੂੜੇ ਕਰਕੇ ਉਸਦੇ ਹੁਸਨ ਚ ਅਲੱਗ ਹੀ ਚਮਕ ਸੀ। ਲੰਘੀ ਰਾਤ ਦੀ ਦਾ ਨਸ਼ਾ ਅਜੇ ਵੀ ਕਾਸ਼ਨੀ ਅੱਖਾਂ ਵਿੱਚੋਂ ਡੁੱਲ੍ਹ ਰਿਹਾ ਸੀ।”ਕੋਈ ਜੀਨ-ਟੌਪ ਨਹੀਂ ਏ ?” ਚੰਨੀ ਨੇ ਉਹਦੇ ਵੱਲ ਤੱਕਦੇ ਹੋਏ ਕਿਹਾ।”ਨਹੀਂ , ਮੈਂ ਕਦੇ ਜੀਨ ਨਹੀਂ ਪਾਈ” ਮਨਜੀਤ ਨੇ ਜਵਾਬ ਦਿੱਤਾ।”ਚਲੋ ਅੱਜ ਬਜ਼ਾਰ ਤੋਂ ਲੈ ਆਵਾਂਗੇ।” ਚੰਨੀ ਨੇ ਫਿਰ ਕਿਹਾ ਉਹਦੇ ਵੱਲ ਤੱਕ ਕੇ ਮੁਸਕਰਾ ਪਿਆ।”ਇੰਝ ਮੈਂ ਸੋਹਣੀ ਨਹੀਂ ਲਗਦੀ ?” ਉਹਨੇ ਦਬਵੇ ਬੋਲ ਚ ਡਰਦੇ ਡਰਦੇ ਪੁੱਛਿਆ।”ਸੋਹਣੀ! ਸੋਹਣੀ ਤਾਂ ਤੂੰ ਹਰ ਪਾਸਿਓਂ ਏ, ਕੁਝ ਵੀ ਪਾਵੇਗੀ ,ਕੁਝ ਨਾ ਵੀ ਪਾਵੇਗੀ ਫਿਰ ਵੀ ਸੋਹਣੀ ਹੀ ਲੱਗੇਗੀ , ਸਗੋਂ ਤੂੰ ਕੱਪੜਿਆਂ ਨੂੰ ਪਾ ਕੇ ਸੋਹਣਾ ਬਣਾਉਂਦੀ ਏ “. ਚੰਨੀ ਨੇ ਕਿਹਾ।”ਬੱਲੇ, ਬੜੇ ਸ਼ਾਇਰ ਬਣੇ ਹੋਏ ਓ” “ਬੱਸ ਕਦੇ ਕਦੇ ਬੂਟਾ ਸਿੰਘ ਸ਼ਾਦ ਨੂੰ ਪੜ੍ਹ ਲੈਂਦਾ ਸੀ, ਪੰਜਾਬੀ ਨਾ ਭੁੱਲ ਜਾਏ ਇਸ ਲਈ ,ਓਥੋਂ ਹੀ ਸਿੱਖਿਆ ਸਭ”” ਪਰ ਪੰਜਾਬੀ ਸੂਟ ਛੱਡਕੇ ਫ਼ਿਰ ਜੀਨ ਦੀ ਗੱਲ ਕਿਉਂ “”ਜੀਨ ਟੌਪ ਪਾ ਕੇ ਪਹਾੜਾਂ ਤੇ ਘੁੰਮਣਾ ਸੌਖਾ, ਕਿਥੇ ਇਹ ਜੁੱਤੀ ਪਾ ਕੇ ਚੁੰਨੀ ਦੁੱਪਟੇ ਲਪੇਟਦੀ ਰਹੇਂਗੀ, ਜੀਨ ਟੌਪ ਉੱਪਰ ਸਵੈਟ ਸ਼ਰਟ ਜਾਂ ਜੈਕਟ ਤੇ ਨਾਲ ਸਪੋਰਟਸ ਸੂਜ਼ ਬੱਸ ਕੁਝ ਵੀ ਸੰਭਾਲਣ ਦਾ ਝੰਜਟ ਖ਼ਤਮ।”ਉਹਦਾ ਲੌਜਿਕ ਸਮਝਕੇ ਉਹ ਥੋੜ੍ਹਾ ਝੇਂਪ ਗਈ। ਜਰੂਰ ਹੀ ਉਸ ਨਾਲੋ ਵੱਧ ਘੁੰਮਿਆ ਫਿਰਿਆ ਏ।”ਬਾਕੀ ਰਹੀ ਪੰਜਾਬੀ ਸੂਟ ਦੀ ਗੱਲ ,ਮੈਂ ਤਾਂ ਚਾਹਾਂਗਾ ਜੇ ਤੇਰੀ ਮਰਜ਼ੀ ਹੋਈ ਤੂੰ ਓਥੇ ਇੰਗਲੈਂਡ ਚ ਮੇਰੇ ਨਾਲ ਜਿਸ ਫੰਕਸ਼ਨ ਤੇ ਵੀ ਜਾਵੇ। ਪੰਜਾਬੀ ਸੂਟ ਪਾ ਕੇ ਜਾਵੇ। ਓਥੇ ਤਾਂ ਪੰਜਾਬਣਾਂ ਚ ਪੰਜਾਬੀ ਸੂਟ ਦਾ ਰਿਵਾਜ਼ ਹੀ ਖ਼ਤਮ ਹੋਣ ਲੱਗ ਗਿਆ ਹੈ।” ਚੰਨੀ ਨੇ ਫ਼ਿਰ ਦੁਹਰਾਇਆ। ਮਨਜੀਤ ਨੂੰ ਪੂਰੀ ਗੱਲ ਵਿੱਚੋ ਜੋ ਗੱਲ ਵਧੀਆ ਲੱਗੀ ਉਹ ਇਹੋ ਸੀ ” ਜੇ ਤੇਰੀ ਮਰਜ਼ੀ ਹੋਈ” । ਇਹ ਕਿੱਦਾਂ ਦਾ ਮੁਲਕ ਏ ਜਿੱਥੇ ਘਰਵਾਲੀ ਦੀ ਖਾਣ ਪਹਿਨਣ ਤੇ ਪੀਣ ਚ ਮਰਜ਼ੀ ਪੁੱਛੀ ਜਾਂਦੀ ਐ। ਉਹਨੂੰ ਚੰਨੀ ਕਿਸੇ ਹੋਰ ਗ੍ਰਹਿ ਤੋਂ ਆਇਆ ਨਿਵਾਸੀ ਲੱਗਣ ਲੱਗਾ। #harjotdikalam ਜਦੋਂ ਬਾਂਹ ਤੋਂ ਪਕੜ ਕੇ ਉਹਨੇ ਆਪਣੇ ਪਾਸ ਖਿੱਚਿਆ ਤਾਂ ਉਹ ਚੁੰਬਕ ਦੀ ਤਰ੍ਹਾਂ ਉਹਦੇ ਸੀਨੇ ਨੂੰ ਚਿਪਕ ਗਈ। ਬਾਹਾਂ ਦੇ ਨਿੱਘ ਦਾ ਇੱਕ ਅਲੱਗ ਹੀ ਅਹਿਸਾਸ ਸੀ । ਜਦੋਂ ਤੱਕ ਬ੍ਰੇਕਫ਼ਾਸਟ ਦੇਣ ਆਏ ਵੇਟਰ ਨੇ ਬੈੱਲ ਨਾ ਵਜਾਈ,ਉਦੋਂ ਤੱਕ।ਬ੍ਰੇਕਫ਼ਾਸਟ ਕਰਕੇ ਉਹ ਦੋਵੇਂ ਘੁੰਮਣ ਲਈ ਨਿੱਕਲ ਗਏ। ਮਨਾਲੀ ਦੀਆਂ ਖੂਬਸੂਰਤ ਵਾਦੀਆਂ ਚ ਜਿੱਥੇ ਚਾਰੋਂ ਪਾਸੇ ਬਰਫ਼ ਹੀ ਬਰਫ਼ ਦਿਸਦੀ ਸੀ। ਉਸ ਵਿਚੋਂ ਹਜਾਰਾਂ ਹੀ ਸੂਰਜ ਚਮਕ ਰਹੇ ਸੀ।………ਕੀ ਕੋਈ ਇੱਕ ਰਾਤ ਚ ਜਾਂ ਕੁਝ ਦਿਨਾਂ ਦੇ ਸਾਥ ਚ ਕਿਸੇ ਨੂੰ ਅਚਾਨਕ ਇੰਝ ਭੁਲਾ ਸਕਦਾ? ਜਿਵੇਂ ਮਨਜੀਤ ਨੂੰ ਭੁੱਲ ਗਿਆ। ਕਿਵੇਂ ਉਹ ਟੁੱਟਦੀ ਟੁੱਟਦੀ ਇੱਕ ਸੁੱਕੇ ਪੱਤੇ ਵਾਂਗ ਚੰਨੀ ਦੀ ਗੋਦ ਚ ਆ ਡਿੱਗੀ ਤੇ ਮੁੜ ਹਰਿਆ ਗਈ।ਮਨਜੀਤ ਦੇ ਖਿਆਲਾਂ ਵਿੱਚੋ ਜੋ ਛਿੰਦਾ ਪਲ ਪਲ ਰਿਸਦਾ ਸੀ ਉਹ ਚੰਨੀ ਦੇ ਨਿੱਘੇ ਤੇ ਅਪੱਤਣ ਭਰੇ ਵਿਹਾਰ ਨੇ ਉਹਦੇ ਧਿਆਨ ਨੂੰ ਥੋੜ੍ਹਾ ਘੁਮਾ ਦਿੱਤਾ ਸੀ। ਉਸਦੀ ਗੱਲ ਮੰਨੀ ਉਸਦੇ ਨਾਲ ਕਿਤੇ ਵੀ ਕਿਸੇ ਪ੍ਰਕਾਰ ਦਾ ਕੁਝ ਥੋਪਣ ਦੀ ਕੋਸ਼ਿਸ਼ ਨਾ ਕੀਤੀ। ਉਹਨੂੰ ਉਸਦੇ ਸਮਰਪਣ ਲਈ ਸਮਾਂ ਦਿੱਤਾ।ਰਹਿੰਦੀ ਕਸਰ ਵਾਈਨ ਨੇ ਕੱਢ ਦਿੱਤੀ।ਨਸ਼ੇ ਦੇ ਅਸਰ ਚ ਇਨਸਾਨ ਦੀਆਂ ਸੋਚਾਂ ਢਿੱਲੀਆਂ ਹੋ ਜਾਂਦੀਆਂ ਹਨ।ਉਸਦੀ ਮੂਲ ਪ੍ਰਵਿਰਤੀ ਉਸਤੇ ਹਾਵੀ ਹੋ ਜਾਂਦੀ ਹੈ। ਮਨ ਚ ਲੁਕਿਆ ਕਾਮ ਤੇ ਕਾਮੁਕ ਇੱਛਾਵਾਂ ਜਿਸਮ ਵਿਚੋਂ ਰਿਸਣ ਦਾ ਰਾਹ ਲੱਭ ਲੈਂਦੀਆਂ ਹਨ। ਐਸੇ ਵੇਲੇ ਤਰਕ ਭੁੱਲ ਜਾਂਦੇ ਹਨ। ਭੂਤਕਾਲ ਧੁੰਦਲਾ ਹੋ ਜਾਂਦਾ ਹੈ।ਜੁਆਨ ਸਾਥ, ਕੱਲਾਪਨ ਤੇ ਰੁਮਾਂਸ ਭਰਿਆ ਮੌਸਮ ਹਰ ਇੱਕ ਸੋਚ ਉੱਤੇ ਭਾਰੀ ਪੈ ਜਾਂਦਾ ਹੈ।ਮਨਜੀਤ ਦੇ ਮਨ ਚ ਵੀ ਇਹੋ ਹੋਇਆ ਤੇ ਜਿਉਂ ਜਿਉਂ ਚੰਨੀ ਉਸਦੇ ਜਿਸਮ ਨੂੰ ਕਬਜਾਉਂਦਾ ਚਲੇ ਗਿਆ ਉਹ ਉਸ ਦੇ ਨਾਲ ਨਾਲ ਵਹਿੰਦੀ ਚਲੇ ਗਈ।ਉਸਨੂੰ ਖੁਦ ਚ ਸਮਾ ਕੇ ਉਹਨੂੰ ਲੱਗਾ ਜਿਵੇਂ ਉਹ ਪੂਰਨ ਹੋ ਗਈ ਹੋਵੇ।ਤਨ ਨੇ ਉਸਨੂੰ ਪ੍ਰਵਾਨ ਕਰ ਲਿਆ ਸੀ।ਪੁਰਾਣੀ ਲਕੀਰ ਉੱਪਰੋਂ ਇੱਕ ਨਵੀਂ ਲਕੀਰ ਸਿਰਜੀ ਗਈ। ਤੇ ਉਹਦੀ ਪਰਵਰਿਸ਼ ਵੀ ਇਹੋ ਕਹਿੰਦੀ ਸੀ ਕਿ ਹੁਣ ਜੋ ਕੁਝ ਹੈ ਇਹੋ ਹੈ ਤੇ ਉਸਨੇ ਸਵੀਕਾਰ ਵੀ ਲਿਆ। ਸਵਿਕਾਰਨ ਤੋਂ ਬਿਨਾ ਹੱਲ ਵੀ ਤਾਂ ਕੋਈ ਨਹੀਂ ਸੀ, ਜਿਸਮ ਦਾ ਜੁੜਾਵ, ਮਨ ਦੇ ਜੁੜਨ ਲਈ ਇੱਕ ਰਾਹ ਬਣਾ ਗਿਆ ਸੀ। ਮਨ ਉੱਤੇ ਚੰਨੀ ਹੌਲੀ ਹੌਲੀ ਕਬਜ਼ਾ ਜਮਾ ਹੀ ਰਿਹਾ ਸੀ। ਇਸੇ ਲਈ ਮਨਜੀਤ ਨੂੰ ਸਾਰਾ ਦਿਨ ਘੁੰਮਦੇ ਹੋਏ ਵੀ ਉਹਦੀ ਹਰ ਹਰਕਤ ਤੇ ਪਿਆਰ ਆ ਰਿਹਾ ਸੀ ਹਰ ਗੱਲ ਚ ਕੁਝ ਮਹਿਸੂਸ ਹੋ ਰਿਹਾ ਸੀ।ਪਰ ਛਿੰਦੇ ਨੂੰ ਭੁੱਲਿਆ ਜਾ ਸਕਦਾ? ਕੀ ਇਨਸਾਨ ਆਪਣੇ ਪਿਛੋਕੜ ਤੋਂ ਐਨੀਂ ਛੇਤੀ ਖਹਿੜਾ ਛੁਡਾ ਸਕਦਾ ? ਉੱਤਰ ਤਾਂ ਨਹੀਂ ਹੀ ਹੈ। ਜਦੋਂ ਨਵਾਂ ਕੁਝ ਵਾਪਰਦਾ ਹੈ ਤਾਂ ਪਾਸਟ ਕਿਸੇ ਪੋਟਲੀ ਚ ਬੰਦ ਹੋਕੇ ਦਿਲ ਦੇ ਕਿਸੇ ਕੋਨੇ ਚ ਲੁਕ ਜਾਂਦਾ ਹੈ। ਫਿਰ ਅਚਾਨਕ ਕਦੇ ਵਿਹਲੇ ਬੈਠੇ, ਕੁਝ ਸੋਚਦੇ ,ਸੌਂਦੇ ਜਾਂ ਕਰਦੇ ਹੋਏ ਉਸ ਪੋਟਲੀ ਵਿੱਚੋ ਕੁਝ ਸੂਈ ਵਰਗਾ ਤਿੱਖਾ ਜਿਹਾ ਚੁਬਦਾ ਹੈ। ਦਿਲ ਇੱਕ ਦਮ ਧੜਕ ਉਠਦਾ ਹੈ। ਸੂਲ ਦਾ ਦਰਦ ਤੇ ਕਿਸੇ ਯਾਦ ਦਾ ਪਰਛਾਵਾਂ ਬਣਕੇ ਦਿਮਾਗ ਚ ਤੈਰ ਉੱਠਦਾ ਹੈ। ਇਹ ਹਰ ਇੱਕ ਨਾਲ ਹੁੰਦਾ ਹੈ। ਮਨਜੀਤ ਨਾਲ ਵੀ ਹੋਏਗਾ ਤੇ ਹੋ ਵੀ ਰਿਹਾ।ਨਸ਼ੇ ਚ ਵੀ ਰਾਤੀਂ ਪਿਆਰ ਕਰਦੇ ਹੋਏ ਕਈ ਵਾਰ ਛਿੰਦੇ ਦਾ ਨਾਮ ਉਹਦੇ ਬੁੱਲਾਂ ਤੇ ਆਉਂਦਾ ਹੋਇਆ ਰੁੱਕ ਗਿਆ ਸੀ।ਸੌਣ ਤੋਂ ਪਹਿਲਾਂ ਉਹਦੀਆਂ ਅੱਖਾਂ ਚ ਇੱਕ ਵਾਰ ਹੰਝੂ ਜਿਹੇ ਆ ਗਏ ਸੀ।”ਕਾਸ਼!! ਅੱਜ ਉਹ ਹੁੰਦਾ ” ਹੁਣ ਵੀ ਚੰਨੀ ਦੀਆਂ ਹਰਕਤਾਂ ਵਿਚੋਂ ਉਹਨੂੰ ਛਿੰਦੇ ਦਾ ਝਾਉਲਾ ਪੈਂਦਾ। ਦਿਮਾਗ ਚ ਜਿਵੇਂ ਛਿੰਦੇ ਤੇ ਚੰਨੀ ਦਾ ਚਿਹਰਾ ਇੱਕਮਿਕ ਹੋ ਗਿਆ ਹੋਵੇ। ਜ਼ੋਰ ਪਾਉਣ ਤੇ ਵੀ ਦੋਵਾਂ ਦੀਆਂ ਸ਼ਕਲਾਂ ਨੂੰ ਮੁਸ਼ਕਿਲ ਨਾਲ ਜੁਦਾ ਕਰ ਪਾ ਰਹੀ ਸੀ।ਸ਼ਾਇਦ ਹੌਲੀ ਹੌਲੀ ਹੀ ਸਭ ਯਾਦਾਂ ਪੋਟਲੀ ਚ ਬੰਨ੍ਹੀਆਂ ਜਾ ਰਹੀਆਂ ਸੀ ਉਮਰ ਭਰ ਸੂਲਾਂ ਬਣ ਰੜਕਣ ਲਈ।……….ਰਸਤੇ ਚ ਆਉਂਦੇ ਹੀ ਉਹਨੇ ਸਭ ਤੋਂ ਪਹਿਲਾਂ ਹੀ ਜੀਨਜ਼ , ਟੌਪ ,ਜੈਕਟ , ਸਪੋਰਟਸ ਸੂਜ ਦਵਾਏ। ਪੂਰਾ ਦਿਨ ਘੁੰਮਦੇ ਰਹੇ। ਸੂਰਜ ਛਿਪੇ ਤੇ ਹੀ ਹੋਟਲ ਵਾਪਿਸ ਆਏ । ਆਉਂਦੇ ਹੀ ਥਕਾਵਟ ਨਾਲ ਚੁਰ ਉਹ ਕੰਬਲ ਚ ਦੁਬਕ ਗਈ ਸੀ। ਚੰਨੀ ਥੱਕਦਾ ਨਹੀਂ ਸੀ ਉਹ ਫਿਰ ਤੋਂ ਮਾਰਕੀਟ ਚਲਾ ਗਿਆ ਸੀ।ਉਹ ਸੁੱਤੀ ਰਹੀ, ਕਿੰਨੇ ਹੀ ਸੁਪਨਿਆਂ ਚ ਅਜੀਬ ਅਜੀਬ ਜਿਹੇ ਕਿਰਦਾਰ ਸਨ। ਉਹ ਆਪ ਵੀ ਅਜ਼ੀਬ ਸੀ। ਖੁਦ ਦੀ ਸਮਝ ਨਹੀਂ ਸੀ। ਪੂਰੀ ਸਮਝ ਤਾਂ ਉਹਨੂੰ ਚੰਨੀ ਦੀ ਵੀ ਨਹੀਂ ਸੀ ਆਈ ਹਲੇ। ਆਉਣ ਵਾਲੀ ਰਾਤ ਬਹੁਤ ਕੁਝ ਨਵਾਂ ਸਾਹਮਣੇ ਲਿਆਉਣ ਵਾਲੀ ਸੀ। ਰਾਤ ਦੀ ਨੀਂਦ ਤੇ ਦਿਨ ਦੀ ਥਕਾਵਟ ਜ਼ੋਰ ਨਾਲ ਉਹ ਪਲਾਂ ਚ ਖੁਦ ਚ ਗੁਆਚ ਗਈ ।

ਜਦੋਂ ਮਨਜੀਤ ਉੱਠੀ ਤਾਂ ਚੰਨੀ ਉਸ ਨਾਲ ਅਮਰਵੇਲ੍ਹ ਵਾਂਗ ਲਿਪਟਿਆ ਪਿਆ ਸੀ। ਉਸਦੇ ਹੱਥ ਗਰਦਨ ਦੇ ਉੱਪਰੋਂ ਘੁੰਮੇ ਹੋਏ ਸੀ। ਇੱਕ ਲੱਤ ਉਸਦੀਆਂ ਲੱਤਾਂ ਦੇ ਵਿਚਕਾਰ ਅਟਕੀ ਹੋਈ ਸੀ। ਉਸਦੇ ਕੋਸੇ ਸਾਹ ਉਹਦੀ ਗਰਦਨ ਤੇ ਸੀ। ਉਸਨੂੰ ਬਿਨਾਂ ਉਠਾਏ , ਬਿਨਾਂ ਤੰਗ ਕੀਤੇ ਹੋਏ ਇੰਝ ਸੁੱਤਾ ਸੀ ਜਿਵੇਂ ਪਤਾ ਨਹੀਂ ਕਿੰਨੇ ਕੁ ਵਰ੍ਹਿਆਂ ਦਾ ਇਸ਼ਕ ਹੋਵੇ। ਕਿਸੇ ਸਿਆਣੇ ਨੇ ਹੀ ਹਨੀਮੂਨ ਦੀ ਕਾਢ ਕੱਢੀ ਹੋਣੀ। ਬਿਨਾਂ ਤੀਸਰੇ ਦੀ ਦਖਲ ਤੋਂ ਦੋ ਜੀਅ ਕਿੰਝ ਇੱਕ ਦੂਸਰੇ ਤੇ ਨਿਰਭਰ ਹੋਕੇ ,ਵਕਤ ਬਿਤਾ ਕੇ ਕਰੀਬ ਆ ਸਕਦੇ ਹਨ। ਇਹ ਮਨਜੀਤ ਨੂੰ ਦੋ ਦਿਨਾਂ ਚ ਸਮਝ ਆ ਗਿਆ ਸੀ। ਉਸਨੇ ਪਾਸਾ ਪਲਟਕੇ ਉਸ ਵੱਲ ਮੂੰਹ ਕੀਤਾ ਤੇ ਚਿਹਰੇ ਨੂੰ ਨਿਹਾਰਨ ਲੱਗੀ। ਘੱਟ ਰੋਸ਼ਨੀ ਚ ਨਕਸ਼ ਉੱਘੜਨ ਲਗਦੇ ਹਨ। ਇੰਝ ਲਗਦਾ ਹੁੰਦਾ ਜਿਵੇਂ ਸੁਪਨਾ ਵੇਖ ਰਹੇ ਹੋਈਏ। ਮੱਲੋ ਮੱਲੀ ਖਿੱਚ ਵੱਧ ਜਾਂਦੀ ਹੈ। ਉਹਨੂੰ ਵੀ ਚੰਨੀ ਤੇ ਪਿਆਰ ਆ ਰਿਹਾ ਸੀ। ਮਨਜੀਤ ਨੇ ਦਿਲ ਚ ਉੱਠਦੇ ਵਾਧੂ ਸਵਾਲਾਂ ਨੂੰ ਸਮੇਟਣ ਲਈ ਚੰਨੀ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ। ਘਿਸਰਦੀ ਹੋਈ ਉਸਦੇ ਹੋਰ ਕਰੀਬ ਚਲੇ ਗਈ ਐਨੀ ਕੁ ਕਰੀਬ ਦੋਹਾਂ ਵਿਚਾਲੇ ਸਾਹ ਆਉਣ ਲਈ ਥਾਂ ਨਹੀਂ ਸੀ ਬਚੀ। ਇੱਕ ਦੂਸਰੇ ਦੇ ਸਾਹਾਂ ਚ ਸਾਹ ਰਚਣ ਲੱਗੇ ਸੀ। ਚੰਨੀ ਵੀ ਜਾਗ ਗਿਆ ਸੀ।ਜੱਫੀ ਦਾ ਜਵਾਬ ਉਸਨੇ ਜੱਫੀ ਨਾਲ ਦਿੱਤਾ। ਕੋਲ ਘਿਸਰਨ ਦਾ ਜਵਾਬ ਆਪਣੀ ਲੱਤ ਨੂੰ ਉਸਦੀਆਂ ਲੱਤਾਂ ਤੇ ਟਿਕਾ ਕੇ ਦਿੱਤਾ। ਉਸਦੇ ਭਾਰੇ ਪੈਰ ਨੇ ਮਨਜੀਤ ਦੇ ਪੈਰ ਤੇ ਫਿਸਲਣਾ ਸ਼ੁਰੂ ਕੀਤਾ। ਨਰਮ ਨਰਮ ਪੈਰਾਂ ਉੱਤੇ ਮੱਖਣ ਵਾਂਗ ਪੰਜੇ ਦੀਆਂ ਉਂਗਲਾਂ ਤਿਲਕ ਰਹੀਆਂ ਸੀ। ਹੱਥ ਨੇ ਗਰਦਨ ਨੂੰ ਧੌਣ ਤੋਂ ਪਕੜ ਕੇ ਪੰਜੇ ਚ ਦਬਾ ਲਿਆ ਤੇ ਚਿਹਰੇ ਨੂੰ ਆਪਣੇ ਚਿਹਰੇ ਕੋਲ ਖਿਸਕਾ ਲਿਆ। ਦੋਹਾਂ ਦੇ ਬੁੱਲ੍ਹ ਆਪਸ ਚ ਜੁੜ ਗਏ। ਸਰਦੀ ਕਰਕੇ ਖੁਸ਼ਕ ਹੋਏ ਬੁੱਲਾਂ ਨੂੰ ਜੀਭ ਦੇ ਰਸ ਨੇ ਸਿਲ੍ਹਾ ਕਰ ਦਿੱਤਾ ਸੀ। ਖੁਸ਼ਕੀ ਭਾਵੇਂ ਘਟ ਰਹੀ ਸੀ ਪਰ ਪਿਆਸ ਵੱਧ ਰਹੀ ਸੀ। ਅੰਗ ਅੰਗ ਜਿਵੇਂ ਮਿਲਾਪ ਲਈ ਤੜਪ ਰਿਹਾ ਹੋਵੇ। ਰੇਸ਼ਮ ਵਰਗੇ ਕੂਲੇ ਹਿੱਸੇ ਵੀ ਸੂਈ ਦੀ ਨੋਕਾਂ ਵਾਂਗ ਚੁਬਣ ਲੱਗੇ ਸੀ। ਚੰਨੀ ਦੇ ਹੱਥ ਨੇ ਲੱਕ ਦੇ ਹੇਠੋ ਉਸਦੇ ਭਰਵੇਂ ਮਾਸ ਨੂੰ ਉਂਗਲਾਂ ਚ ਭਰਿਆ ਤੇ ਆਪਣੇ ਵੱਲ ਖਿਸਕਾਇਆ। ਫਿਰ ਦੋਵੇਂ ਇਹੋ ਵਾਰ ਵਾਰ ਦੁਹਰਾਉਣ ਲੱਗੇ। ਪੱਟਾਂ ਚ ਪੱਟਾਂ ਦੀ ਇਸ ਰਗੜ ਨੇ ਮੂੰਹ ਵਿੱਚੋਂ ਆਹਾਂ ਤੇ ਜਿਸਮ ਚੋਂ ਚਿੰਗਾੜੀਆਂ ਸਿੰਮਣ ਲਗਾ ਦਿੱਤੀਆਂ ਸੀ। ਹਰ ਪਲ ਨਾਲ ਇਹ ਹਰਕਤ ਤੇਜ਼ ਹੁੰਦੀ ਗਈ। ਭਰਵੇਂ ਮਾਸ ਤੋਂ ਥੱਲੇ ਖਿਸਕਦੇ ਹੋਏ ਚੰਨੀ ਦੇ ਹੱਥ ਆਪਣੇ ਨਿਸ਼ਾਨੇ ਤੇ ਪਹੁੰਚ ਚੁੱਕੇ ਸੀ। ਉਸਦੀਆਂ ਉਂਗਲਾਂ ਹੁਣ ਸਿਰਫ ਤੇ ਸਿਰਫ ਮਨਜੀਤ ਨੂੰ ਬੇਚੈਨ ਕਰ ਰਹੀਆਂ ਸੀ। ਉਸਦਾ ਸਰੀਰ ਖੁਦ ਨੂੰ ਆਪਣੇ ਚ ਸਮਾ ਲੈਣਾ ਚਾਹੁੰਦਾ ਸੀ। ਚੰਨੀ ਦਾ ਖੁਦ ਦਾ ਬੁਰਾ ਹਾਲ ਸੀ। ਗਰਮੀ ਪਸੀਨੇ ਤੇ ਸਾਹ ਨਾਲ ਉਹ ਹਰ ਹਰਕਤ ਤੇਜ਼ ਕਰ ਰਿਹਾ ਸੀ। ਆਪਣੀ ਸਮਝ ਵਰਤਦੇ ਹੀ ਉਸਨੇ ਸਭ ਕੱਪੜੇ ਉਤਾਰ ਸੁੱਟੇ। ਦੋਵੇਂ ਹੀ ਮੰਜਿਲ ਵੱਲ ਦੌੜਨ ਲਈ ਤਿਆਰ ਸੀ। ਜਿਸਮ ਇੱਕ ਦੂਸਰੇ ਨੂੰ ਸਮਝ ਚੁੱਕੇ ਸੀ। ਅੰਗ ਰਸਤਾ ਤਲਾਸ਼ ਚੁੱਕੇ ਸੀ। ਜਜ਼ਬਾਤ ਤਰਾਸ਼ੇ ਜਾ ਚੁੱਕੇ ਸਨ। ਉਸਦੇ ਜਿਸਮ ਉੱਤੇ ਚੰਨੀ ਇੱਕ ਬੇਹੱਦ ਅਨੁਭਵੀ ਤੇ ਦਿਲ ਦੇ ਕਰੀਬ ਸਵਾਰ ਵਾਂਗ ਖੇਡ ਰਿਹਾ ਸੀ। ਕੁਝ ਵੀ ਬੋਲਣ ਦੀ ਜਰੂਰਤ ਨਹੀਂ ਸੀ। ਦੋਵੇਂ ਹੱਥਾਂ ਦੇ ਇਸ਼ਾਰੇ ਸਮਝ ਰਹੇ ਸੀ। ਸਾਹਾਂ ਦੀ ਰਫਤਾਰ ਪਕੜ ਚ ਸੀ। ਬੇਕਾਬੂ ਹਹੋਏ ਜੁਆਲਾਮੁਖੀ ਦੇ ਫਟਣ ਤੋਂ ਪਹਿਲਾਂ ਹੀ ਦੋਵੇਂ ਥੱਕ ਕੇ ਚੂਰ ਸਨ। ਇੱਕ ਦੂਸਰੇ ਦੀਆਂ ਬਾਹਾਂ ਵਿੱਚ ਸਨ। ਘੁੱਟਦੇ ਹੋਏ। ਕਿ ਸੋਚਦੇ ਹੋਏ ਪਤਾ ਨਹੀਂ ! ਤੂਫ਼ਾਨ ਗੁਜਰ ਜਾਣ ਮਗਰੋਂ ਕੁਝ ਪਲਾਂ ਲਈ ਦਿਮਾਗ ਸੁੰਨ ਹੋ ਜਾਂਦਾ ਨਾ ਕੁਝ ਸੁਣਦਾ ਨਾ ਮਹਿਸੂਸ ਹੁੰਦਾ। ਇੱਕ ਆਨੰਦ ਦੀ ਅਵਸਥਾ। #HarjotDiKalam…………………….ਅਚਾਨਕ ਮਨਜੀਤ ਨੂੰ ਲੱਗਾ ਜਿਵੇਂ ਚੰਨੀ ਰੋ ਰਿਹਾ ਹੋਵੇ। ਪਹਿਲਾਂ ਲੱਗਾ ਜਿਵੇਂ ਭੁਲੇਖਾ ਹੋਵੇ। ਪਰ ਫਿਰ ਉਸਦੀਆਂ ਅੱਖਾਂ ਚ ਤੱਕਿਆ ਸੱਚ ਵਿੱਚ ਚਮਕ ਸੀ। ਪਰ ਰੋ ਕਿਉਂ ਰਿਹਾ।ਇਹ ਉਹਨੂੰ ਸਮਝ ਨਾ ਆਈ। “ਤੁਸੀਂ ਰੋ ਕਿਉਂ ਰਹੇ ਹੋ ” ਉਸਨੇ ਪੁੱਛਿਆ। “ਬੱਸ, ਐਵੇਂ ਹੀ ” ਚੰਨੀ ਨੇ ਕਿਹਾ। “ਐਵੇ ਹੀ ਕੌਣ ਰੋਂਦਾ ਹੁੰਦਾ , ਕੋਈ ਸੱਟ ਤਾਂ ਨਹੀਂ ਲੱਗੀ ?””ਨਹੀਂ , ਬੱਸ ਮਨ ਐਵੇਂ ਹੀ ਭਰ ਆਇਆ “.ਕਾਮ ਦੇ ਉੱਚਤਮ ਪੱਧਰ ਤੋਂ ਵਾਪਿਸ ਆਉਣ ਮਗਰੋਂ ਇਨਸਾਨ ਦਾ ਮਨ ਆਪਣੇ ਜਜ਼ਬਾਤੀ ਹਿੱਸੇ ਦੇ ਨੇੜੇ ਆ ਜਾਂਦਾ ਹੈ , ਇਸ ਲਈ ਅਕਸਰ ਇਸ ਖੇਡ ਮਗਰੋਂ ਰੋਣਾ ਆ ਹੀ ਜਾਂਦਾ। ਖਾਸ ਕਰਕੇ ਉਦੋਂ ਜਦੋਂ ਦਿਲ ਉੱਤੇ ਕੋਈ ਗਹਿਰੀ ਚੋਟ ਹੋਵੇ। ਜਦੋਂ ਕੋਈ ਡਰ, ਕੋਈ ਭੇਦ ਦੋਵਾਂ ਚ ਸਾਂਝਾ ਨਾ ਹੋਵੇ। ਇਹ ਮਨ ਬੜਾ ਗੁੰਝਲ ਭਰਪੂਰ ਹੈ। ਬੜੀਆਂ ਹੁੱਜਤਾਂ ਕਰਦਾ ਹੈ। ਪਰ ਜਜਬਾਤੀ ਹੋਕੇ ਬਹੁਤ ਕੁਝ ਗੁਆ ਬੈਠਦਾ ਹੈ। ਉਮਰਾਂ ਦੇ ਭੇਦ ਮਿੰਟਾਂ ਚ ਖੋਲ੍ਹ ਦਿੰਦਾਂ ਹੈ। “ਦੱਸੋ , ਹੁਣ ਤਾਂ ਆਪਾਂ ਉਮਰ ਭਰ ਦੇ ਸਾਂਝੀਦਾਰ ਹਾਂ ,ਕੁਝ ਵੀ ਦੱਸ ਸਕਦੇ ਹੋ ,ਨਾਲੇ ਆਦਮੀ ਵੀ ਕਦੇ ਰੋਂਦੇ ਵੇਖੇ? ਰੋਣਾ ਤਾਂ ਤੀਂਵੀਆਂ ਦਾ ਕੰਮ ਹੁੰਦਾ ” ਮਨਜੀਤ ਨੇ ਕਿਹਾ। “ਤੂੰ ਬਹੁਤ ਚੰਗੀ ਏ , ਬੱਸ ਇਸੇ ਲਈ ਰੋਣਾ ਆ ਗਿਆ ” ਚੰਨੀ ਨੇ ਕਿਹਾ। “ਇਹਦੇ ਚ ਰੋਂਣ ਵਾਲੀ ਕੀ ਗੱਲ ਜੇ ਤੁਹਾਨੂੰ ਚੰਗੀ ਘਰਵਾਲੀ ਮਿਲੀ ਤੇ ਖੁਸ਼ ਹੋਣ ਵਾਲੀ ਗੱਲ ਹੈ। “”ਹਾਂ ,ਪਰ ਜੇ ਤੁਹਾਨੂੰ ਜ਼ਿੰਦਗੀ ਵਿੱਚ ਸਾਰੇ ਹੀ ਬੁਰੇ ਲੋਕ ਮਿਲੇ ਹੋਣ ਫ਼ੇਰ ? ਜਿਹਨਾਂ ਨੇ ਹਰ ਵਾਰ ਖੁਦ ਦੀ ਗੱਲ ਪੁਗਾਈ ਹੋਵੇ , ਆਪਣਾ ਕਿਹਾ ਮਨਾਇਆ ਹੋਵੇ ,ਤੁਹਾਨੂੰ ਨਿਕੰਮਾ , ਵੇਹਲੜ ,ਨਲਾਇਕ ਆਖ ਕੇ ਭੰਡਿਆ ਹੋਏ ਤੇ ਲੋਕਾਂ ਸਾਹਮਣੇ ਵੀ ਇਹੋ ਕਿਹਾ ਹੋਵੇ ਫੇਰ ?””ਇਹ ਤੁਹਾਨੂੰ ਕੌਣ ਕਹਿੰਦਾ “”ਇਸ ਨਾਲ ਤਾਂ ਕੋਈ ਮਤਲਬ ਨਹੀਂ ਕੌਣ ਕਹਿੰਦਾ , ਕਹਿੰਦਾ ਕੌਣ ਨਹੀਂ ? ਇਹ ਪੁੱਛਣ ਵਾਲੀ ਗੱਲ ਏ। ਮੇਰਾ ਤਾਂ ਉਸ ਘਰ ਚ ਮਨ ਘੁੱਟਦਾ ਏ। ਹਰ ਵੇਲੇ ਸ਼ਿਕਾਇਤ ਹਰ ਵੇਲੇ ਡਿਮਾਂਡ ਹਰ ਵੇਲੇ ਝਿੜਕਾਂ , ਹਰ ਵੇਲੇ ਲੜਾਈ. …….ਤੇਰੇ ਨਾਲ ਬੀਤੇ ਇਹ ਦੋ ਦਿਨ ਇੰਝ ਹਨ ਜਿਵੇਂ ਸਵਰਗ ਚ ਵਿਚਰ ਰਿਹਾ ਹੋਵਾਂ , ਸਭ ਬੰਧਨ ਇੱਕ ਦਮ ਖੁੱਲੇ , ਤੈਨੂੰ ਮੇਰੇ ਤੋਂ ਕੋਈ ਸ਼ਿਕਾਇਤ ਤਾਂ ਨਹੀਂ ? ਕੋਈ ਗਲਤੀ ਜੋ ਮੈਂ ਕੀਤੀ ਹੋਵੇ “ਮਨਜੀਤ ਹੈਰਾਨ ਹੋ ਰਹੀ ਸੀ ਉਹ ਸੋਚ ਰਹੀ ਸੀ ਕਿ ਅਚਾਨਕ 6 ਫੁੱਟ ਦੇ ਕਰੀਬ ਇਸ ਗਭਰੂ ਜਵਾਨ ਨੂੰ ਕੀ ਹੋ ਗਿਆ ?ਉਹ ਕਿਸਦੀ ਗੱਲ ਕਰ ਰਿਹਾ ਹੈ। ਕੋਈ ਨਸ਼ਾ ਤਾਂ ਇਸਨੇ ਕੀਤਾ ਹੋਇਆ ਨਹੀਂ ਲਗਦਾ। ਫਿਰ ਇਹ ਇੰਝ ਕੀ ਬੋਲ ਰਿਹਾ ਹੈ। “ਦੱਸ ਮਨਜੀਤ ਬੋਲਦੀ ਕਿਉਂ ਨਹੀਂ ?” ਉਹਨੇ ਮੁੜ ਆਪਣੀ ਗੱਲ ਦੁਹਰਾਈ। “ਨਹੀਂ ਮੈਨੂੰ ਕੀ ਸ਼ਿਕਾਇਤ ਹੋ ਸਕਦੀ ? ਮੈਂ ਤਾਂ ਬਹੁਤ ਖੁਸ਼ ਹਾਂ , ਮੈਂ ਜੋ ਕੁਝ ਬੁਰਾ ਸੁਣਿਆ ਸੀ ਵਿਆਹ ਮਗਰੋਂ ਹੋਣ ਦਾ ਸਭ ਉਸਤੋਂ ਉਲਟ ਹੋਇਆ , ਸਭ ਐਨਾ ਚੰਗਾ ਹੈ ਕਿ ਮੈਨੂੰ ਆਪਣੀ ਕਿਸਮਤ ਤੇ ਯਕੀਨ ਨਹੀਂ ਹੋ ਰਿਹਾ। ਤੁਸੀਂ ਬਹੁਤ ਚੰਗੇ ਹੋ। .. ਭਲਾ ਤੁਹਾਨੂੰ ਕੌਣ ਇੰਝ ਤੰਗ ਕਰ ਸਕਦਾ ?”ਚੰਨੀ ਉਹਦੀਆਂ ਅੱਖਾਂ ਚ ਤੱਕ ਰਿਹਾ ਸੀ , ਜਿਵੇਂ ਅੱਖਾਂ ਪੜ੍ਹ ਰਿਹਾ ਹੋਵੇ। ਉਹਦੀਆਂ ਅੱਖਾਂ ਚ ਸੱਚਾਈ ਜਾਪੁ ਰਹੀ ਸੀ। ਉਹਨੇ ਸੱਚ ਸੁਣਿਆ ਸੀ , ਸ਼ਾਇਦ ਇੰਡੀਆ ਦੇ ਲੋਕਾਂ ਚ ਹਲੇ ਜਜ਼ਬਾਤ ਬਾਕੀ ਹਨ ,ਰਿਸ਼ਤਿਆਂ ਦੀ ਸਮਝ ਵੀ ਬਾਕੀ ਹੈ। ਇੰਗਲੈਂਡ ਚ ਪਤਾ ਨਹੀਂ ਕਿਉਂ ਪੈਸੇ ਥੱਲੇ ਖੁਰ ਰਹੇ ਸੀ। ਰ ਇਥੇ ਉਹ ਜਜਬਾਤ ਨੂੰ ,ਮਨਜੀਤ ਦੇ ਨਿਰਛਲ ਪਿਆਰ ਨੂੰ ਉਹ ਮਹਿਸੂਸ ਕਰ ਪਾ ਰਿਹਾ ਸੀ। ” ਤੇਰੇ ਇਸ ਪਿਆਰ ਤੇ ਮਾਸੂਮੀਅਤ ਨੂੰ ਵੇਖ ਮੈਨੂੰ ਮੇਰੀ ਬੇਬੇ ਦੀ ਯਾਦ ਆ ਰਹੀ , ਮੈਂ ਸਿਰਫ ਬਾਰਾਂ ਵਰ੍ਹਿਆਂ ਦਾ ਸੀ ਜਦੋਂ ਉਸਤੋਂ ਅਲੱਗ ਹੋਇਆ। ਚਾਰ ਸਾਲ ਮਗਰੋਂ ਉਹ ਇੰਡੀਆ ਚ ਖਪ ਗਈ , ਮੈਂ ਉਹਦਾ ਚਿਹਰਾ ਵੀ ਨਾ ਦੇਖ ਸਕਿਆ, ਪਤਾ ਨਹੀਂ ਉਹਨੇ ਕਿਵੇਂ ਦਿਲ ਤੇ ਪੱਥਰ ਰੱਖ ਮੈਨੂੰ ਬਾਹਰ ਘੱਲ ਦਿੱਤਾ ਸੀ। ਪਹਿਲਾਂ ਦਸ ਸਾਲ ਬਿਨਾਂ ਘਰਵਾਲੇ ਤੋਂ ਜਿਉਂਦੀ ਰਹੀ ਫਿਰ ਚਾਰ ਸਾਲ ਪੁੱਤ ਤੋਂ ,ਇਸੇ ਦੁੱਖ ਚ ਘੁਲਦੀ ਘੁਲਦੀ ਉਹ ਮਰ ਗਈ ,ਮੈਨੂੰ ਸਮਝ ਨਹੀਂ ਲੱਗੀ ਕਿ ਉਹਨੇ ਆਪਣੀ ਉਮਰ ਉਸ ਆਦਮੀ ਲਈ ਗਾਲ ਲਈ ਜਿਹੜਾ ਮਰਨ ਤੇ ਉਸਦੇ ਭੋਗ ਉੱਤੇ ਵੀ ਇੱਕ ਦਿਨ ਲਈ ਆਇਆ ਸੀ। ਜਾਂ ਮੇਰੇ ਲਈ ਜੋ ਉਸਦੀ ਚਿਤਾ ਨੂੰ ਅੱਗ ਵੀ ਨਾ ਦੇ ਸਕਿਆ। ਮਨਜੀਤ ਤੈਨੂੰ ਇੱਕ ਗੱਲ ਕਹਾਂ ਇਸ ਦੁਨੀਆਂ ਤੋਂ ਬਚਣਾ ਬਹੁਤ ਔਖਾ , ਜਜ਼ਬਾਤੀ ਲੋਕਾਂ ਨੂੰ ਦੁਨੀਆਂ ਮਰਨ ਤੱਕ ਲੁੱਟਦੀ ਏ , ਜਜਬਾਤ ਨੂੰ ਵੀ ,ਸਰੀਰ ਨੂੰ ਵੀ ਤੇ ਪੈਸੇ ਨੂੰ ਵੀ ਤੂੰ ਬਚ ਕੇ ਰਹੀਂ। “”ਮੇਰੇ ਨਾਲ ਤੁਸੀਂ ਹੋ , ਜਿਸ ਪਲ ਬਾਪੂ ਧੀ ਦਾ ਪੱਲਾ ਕਿਸੇ ਮਰਦ ਦੇ ਹੱਥ ਸੌਂਪ ਦਿੰਦਾ , ਉਸੇ ਦਿਨ ਉਹ ਮਰਦ ਸਾਡੀਆਂ ਸਭ ਗੱਲਾਂ ਲਈ ਉੱਤਰਦਾਈ ਹੋ ਜਾਂਦਾ। ਸਮਾਜ਼ ਸ਼ਾਇਦ ਇਹੋ ਚਾਹੁੰਦਾ ,ਹੁਣ ਤੁਸੀਂ ਹੀ ਹੋ ਮੇਰੇ ਲਈ ਜੋ ਹੋ ,ਮੇਰੇ ਆਪਣੇ ਖਵਾਬ ,ਮੇਰੇ ਆਪਣੇ ਸ਼ੌਂਕ ,ਮੇਰੀਆਂ ਆਪਣੀਆਂ ਉਡਾਰੀਆਂ ਘਰ ਦੀ ਦਲਹੀਜ ਟੱਪਦੇ ਹੀ ਖ਼ਤਮ ਹੋ ਗਈਆਂ। “”ਇੰਝ ਨਹੀਂ ਹੁੰਦਾ , ਇਹ ਇਥੇ ਹੁੰਦਾ ਹੋਊ ,ਓਥੇ ਨਹੀਂ ,ਓਥੇ ਤੇ ਇੰਝ ਦੀਆਂ ਗੱਲਾਂ ਕਰਨ ਵਾਲੀਆਂ ਔਰਤਾਂ ਨੂੰ ਲੋਕ ਵੇਚ ਕੇ ਪੈਸੇ ਵੱਟ ਲੈਂਦੇ ਹਨ , ਚਾਹੇ ਤੂੰ ਮੇਰੇ ਬਾਰੇ ਕੁਝ ਵੀ ਸੋਚ ਪਰ ਕਦੇ ਮੇਰੀ ਮਾਂ ਵਾਂਗ ਆਪਣੀ ਜਿੰਦਗੀ ਬਰਬਾਦ ਨਾ ਕਰੀਂ। ਮੈਂ ਮਾਂ ਨੂੰ ਮੂੰਹ ਛੁਪਾ ਕੇ ਰੋਂਦਿਆਂ ਬਹੁਤ ਤੱਕਿਆ ਸੀ। ਉਹ ਚਿਹਰਾ ਭੁੱਲਦਾ ਨਹੀਂ “” ਮੈਂ ਹਾਂ ਹੁਣ , ਮੈਂ ਤੁਹਾਨੂੰ ਸਭ ਦੁੱਖ ਭੁਲਾ ਦਿਆਂਗੀ , ਤੁਸੀਂ ਮੇਰਾ ਸਾਥ ਦਵੋਗੇ ਨਾ ?”ਚੰਨੀ ਕੁਝ ਨਾ ਬੋਲ ਸਕਿਆ। ਚੁੱਪ ਰਿਹਾ ਉਹਨੂੰ ਇੱਕ ਵਾਰ ਹੋਰ ਖੁਦ ਨਾਲ ਘੁੱਟ ਲਿਆ। ਦੋਵੇਂ ਇੰਝ ਹੀ ਲੇਟੇ ਰਹੇ। ਮਨਜੀਤ ਪੁੱਛਣਾ ਤਾਂ ਚਾਹੁੰਦੀ ਸੀ ਕਿ ਉਹ ਕੌਣ ਹੈ ਜੋ ਤੰਗ ਕਰ ਰਿਹਾ। ਉਹਨੂੰ ਪਰਿਵਾਰ ਚ ਤਾਂ ਕੋਈ ਗੱਲ ਐਸੀ ਨਹੀਂ ਸੀ ਲੱਗੀ। ਪਰ ਉਹ ਪੁੱਛਕੇ ਹੋਰ ਦੁਖੀ ਨਹੀਂ ਸੀ ਕਰਨਾ ਚਾਹੁੰਦੀ। ਅੱਜ ਨਹੀਂ ਤਾਂ ਕੱਲ੍ਹ ਪਤਾ ਲੱਗ ਹੀ ਜਾਣਾ ਸੀ। ਡਿਨਰ ਕਰਕੇ ਦੋਵੇਂ ਫਿਰ ਤੋਂ ਇੱਕ ਦੂਸਰੇ ਦੀਆਂ ਬਾਹਾਂ ਚ ਸਮਾ ਕੇ ਸੌਂ ਗਏ , ਪਿਆਰ ਦੇ ਜਾਮ ਮੁੜ ਮੁੜ ਭਰਦੇ , ਛਲਕਦੇ ਤੇ ਡੁੱਲਦੇ। ਸੁੱਤਿਆਂ ਅੱਧ-ਸੁੱਤਿਆਂ ਰਾਤ ਗੁਜਰ ਰਹੀ ਸੀ। ਪਰ ਇਹਨਾਂ ਪਲਾਂ ਚ ਜੋ ਸੁਆਦ ਹੁਣ ਇਹ ਦੁੱਖ ਸੁਖ ਸਾਂਝੇ ਕਰਨ ਮਗਰੋਂ ਆਇਆ ਸੀ ਉਹ ਪਹਿਲਾਂ ਨਹੀਂ ਸੀ ਆਇਆ। ਜਿਉਂ ਜਿਉਂ ਤੁਸੀਂ ਆਪਣੇ ਸਾਥੀ ਦੇ ਕਰੀਬ ਹੁੰਦੇ ਹੋ , ਮਨ ਚ ਸਾਫ਼ਗੋਈ ਆਉਂਦੀ ਜਾਂਦੀ ਹੈ ਆਨੰਦ ਵਧਦਾ ਜਾਂਦਾ ਹੈ ……………………………ਅਗਲੀ ਸਵੇਰ ਜਦੋਂ ਉੱਠੇ ਤਾਂ ਜਲੰਧਰ ਤੋਂ ਹੋਟਲ ਦੇ ਫੋਨ ਤੇ ਫੋਨ ਆਉਣ ਦਾ ਸੁਨੇਹਾ ਆਇਆ ਸੀ। ਜੋ ਪੈਸੇ ਦੀ ਗੱਲ ਹੋਈ ਸੀ ਉਹਦੇ ਚ ਰਹਿੰਦੇ ਸਮਾਨ ਨੂੰ ਹਲੇ ਪਹੁੰਚਾਇਆ ਨਹੀਂ ਸੀ ਗਿਆ। ਫੋਨ ਜਿਸਦਾ ਵੀ ਸੀ ਚੰਨੀ ਨੇ ਇਹ ਤਾਂ ਨਹੀਂ ਦੱਸਿਆ ਪਰ ਇਹ ਜਰੂਰ ਸੀ ਕਿ ਮਨਜੀਤ ਘਰ ਸੁਨੇਹਾ ਲਾ ਕੇ ਤੁਰੰਤ ਆਖ ਦੇਵੇ ਕਿਉਕਿ ਉਹਨਾਂ ਨੇ ਵਾਪਸੀ ਦੀ ਤਿਆਰੀ ਵੀ ਕਰਨੀ ਹੈ। ਮਨਜੀਤ ਦੇ ਆਪਣੇ ਪਿੰਡ ਤਾਂ ਫੋਨ ਦੀ ਲਾਈਨ ਹੀ ਨਹੀਂ ਸੀ ਅਜੇ ਤੱਕ ਉਹ ਸੁਨੇਹਾ ਕਿਵੇਂ ਭੇਜ ਸਕਦੀ ਸੀ। ਫੋਨ ਤਾਂ ਅਜੇ ਸ਼ਹਿਰ ਚ ਵੀ ਟਾਂਵੇ ਟੱਲੇ ਬੰਦੇ ਕੋਲ ਸੀ। ਫਿਰ ਉਹਨੂੰ ਯਾਦ ਆਇਆ ਕਿ ਆੜਤੀਏ ਦੀ ਦੁਕਾਨ ਤੇ ਫੋਨ ਹੈ। ਨਾਮ ਉਸਨੂੰ ਯਾਦ ਸੀ। ਟੈਲੀਫੋਨ ਡਾਇਰੈਕਟਰੀ ਚੋਣ ਨੰਬਰ ਲੱਭ ਕੇ ਪਹਿਲਾਂ ਜਲੰਧਰ ਐਕਸਚੇਂਜ ਚ ਲਾਇਆ ਫਿਰ ਓਥੋਂ ਕਾਲ ਆੜਤੀਏ ਦੀ ਦੁਕਾਨ ਤੇ ਟਰਾਂਸਫਰ ਕਰਵਾਈ। ਉਸ ਕੋਲ ਸੁਨੇਹਾ ਘੱਲਿਆ। ਪਰ ਉਹਨੂੰ ਸਮਝ ਨਹੀਂ ਸੀ ਆਈ ਕਿ ਐਨੀ ਕੁ ਗੱਲ ਉਹ ਖੁਦ ਵੀ ਜਾ ਕੇ ਆਖ ਸਕਦੇ ਸੀ। ਐਡੀ ਦੂਰ ਤੰਗ ਕਰਨ ਦੀ ਕੀ ਲੋੜ ਸੀ। ਦੋ ਵਾਰ ਉਹ ਫੋਨ ਕਰ ਚੁੱਕੇ ਸੀ। ਇਹੋ ਗੱਲ ਉਸਨੇ ਚੰਨੀ ਨੂੰ ਆਖੀ। ” ਮੈਨੂੰ ਕੀ ਪਤਾ ” ਚੰਨੀ ਪਹਿਲੀ ਵਾਰ ਕਿਸੇ ਗੱਲ ਤੇ ਰੁੱਖਾ ਤੇ ਬੇਸੁਆਦਾ ਬੋਲਿਆ ਸੀ। ਦੁਪਹਿਰ ਤੱਕ ਇਸ ਗੱਲ ਦੀ ਚਿੰਤਾ ਘਟੀ। ਸ਼ਾਮੀ ਘੁੰਮਦੇ ਤੇ ਰਾਤੀਂ ਸੁੱਤਿਆ ਤੱਕ ਸਭ ਨਾਰਮਲ ਸੀ। ਪੰਜ ਦਿਨ ਦੇ ਸਭ ਤੋਂ ਯਾਦਗਾਰ ਪਲ ਬਿਤਾ ਕੇ ਉਹ ਵਾਪਿਸ ਪਰਤੇ ਸੀ। ਵਾਪਿਸ ਜਲੰਧਰ ਉਸ ਘਰ ਚ ਜਿਥੇ ਚੰਨੀ ਘੁਟਣ ਮਹਿਸੂਸ ਕਰ ਰਿਹਾ ਸੀ , ਜਿਥੇ ਕਿੰਨੀਆਂ ਹੀ ਪਰਤਾਂ ਉਧੜਨ ਲਈ ਮਨਜੀਤ ਦਾ ਇੰਤਜਾਰ ਕਰ ਰਹੀਆਂ ਸੀ।

ਵਾਪਿਸ ਜਲੰਧਰ ਪਰਤੇ ਤਾਂ ਘਰ ਵਿੱਚ ਹਫੜਾ-ਦਫੜੀ ਸੀ।ਜਾਣ ਦੀ ਕਾਹਲੀ ਸੀ। ਵਾਪਸੀ ਦੀਆਂ ਟਿਕਟਾਂ ਬੁੱਕ ਸਨ ਅਗਲ਼ੇ ਹਫਤੇ ਹੀ ਫਲਾਈਟ ਸੀ। ਇਸ ਕਾਹਲੀ ਨਾਲੋਂ ਵੱਧ ਸਮੱਸਿਆ ਸੀ ਕਿ ਕੈਸ਼ ਹਲੇ ਤੱਕ ਪੁੱਜਦਾ ਨਹੀਂ ਸੀ ਹੋਇਆ, ਸੋਨਾ ਵੀ ਹਲੇ ਪੂਰਾ ਨਹੀਂ ਸੀ ਆਇਆ।ਸੁਨੇਹਾ ਭਾਵੇਂ ਪਿੰਡੋਂ ਆ ਗਿਆ ਸੀ ਕਿ ਬੈਂਕਾਂ ਦੀ ਹੜਤਾਲ ਕਰਕੇ ਐਨ ਮੌਕੇ ਤੇ ਕੈਸ਼ ਮਿਲਣ ਚ ਸਮੱਸਿਆ ਆ ਰਹੀ ਸੀ। ਪਰ ਓਧਰੋਂ ਹਲੇ ਵੀ ਪੂਰੀ ਗੱਲ ਨਹੀਂ ਸੀ ਹੋਈ।ਪਿੰਡ ਵਾਲੇ ਭਾਵੇਂ ਫ਼ਿਕਰਮੰਦ ਸੀ ਪਰ ਉਹ ਚਾਹੁੰਦੇ ਸੀ ਕਿ ਜਾਣ ਤੋਂ ਪਹਿਲਾਂ ਹਰ ਹੀਲੇ ਸਭ ਸਮਾਨ ਪੂਰਾ ਕਰ ਦੇਣਗੇ। ਵੈਸੇ ਵੀ ਮੁੰਡਾ ਜਾਂਦੀ ਵਾਰੀ ਮਿਲਕੇ ਜਾਏਗਾ ਤੇ ਕੁੜੀ ਨੂੰ ਪਿੰਡ ਛੱਡਕੇ ਹੀ ਜਾਏਗਾ ਉਦੋਂ ਉਹਦੇ ਕੋਲ ਹੀ ਭੇਜ ਦੇਣਗੇ।ਪਰ ਪਤਾ ਨਹੀਂ ਵਲੈਤੀਆਂ ਦੇ ਮਨ ਚ ਕਾਹਦਾ ਅਵਿਸ਼ਵਾਸ ਸੀ। ਕਿਸੇ ਨੇ ਉਹਨਾਂ ਨੂੰ ਘਰ ਜਾਂਦਿਆਂ ਨੂੰ ਚੱਜ ਨਾਲ ਬੁਲਾਇਆ ਵੀ ਨਹੀਂ। ਨਾ ਪਾਣੀ ਪੁੱਛਿਆ ਨਾ ਚਾਹ ਬੱਸ ਇੱਕੋ ਗੱਲ ਰਟੀ ਰਟਾਈ ਕਿ ਪਤਾ ਨਹੀਂ ਕੀ ਬਣੂ ਕੀ ਨਹੀਂ ਬਣੂ ਹਲੇ।ਇਸ ਗੱਲੋਂ ਚੰਨੀ ਇੱਕ ਵਾਰ ਖਿਝ ਗਿਆ,ਤੇ ਉਂਝ ਹੀ ਬੋਲਿਆ,” ਇਹ ਨਹੀਂ ਦਿਸਦਾ ਕਿ ਐਡੀ ਦੂਰੋਂ ਸਫਰ ਕਰਕੇ ਆਏਂ ਹਾਂ ,ਅਗਲਿਆਂ ਨੇ ਮੂੰਹ ਨਾਲ ਆਖ ਦਿੱਤਾ ਕਿ ਆ ਜਾਣਗੇ ਤਾਂ ਦੇ ਦੇਣਗੇ। ਮੈਂ ਆਪ ਮਨਜੀਤ ਨੂੰ ਛੱਡਣ ਗਿਆ ਲੈ ਆਵਾਗਾਂ,ਇਹ ਨਹੀਂ ਦੇਖਣਾ ਕਿ ਕੋਈ ਥੱਕਿਆ ਹੋਇਆ ਤੋਤੇ ਵਾਂਗ ਰਟ ਲਾਈ ਏ”.ਭੂਆ ਇੱਕਦਮ ਚੁੱਪ ਹੋ ਗਈ,ਉਹਦੀਆਂ ਅੱਖਾਂ ਚ ਗੁੱਸਾ ਵੇਖ ਕੇ। ਮਨਜੀਤ ਨੂੰ ਉਹਦਾ ਗੁੱਸਾ ਭਾਵੇਂ ਜਾਇਜ਼ ਲੱਗਿਆ, ਪਰ ਉਹਨੂੰ ਓਥੇ ਛੱਡ ਆਉਣ ਦਾ ਭਾਵ ਉਹਦੇ ਮਨ ਚ ਖਿੱਚ ਜਿਹੀ ਪਾਉਣ ਲੱਗਾ। ਇੱਕ ਹੋਰ ਵਿਛੋੜਾ!! ਇੱਕੋ ਜਿੰਦਗ਼ੀ ਚ ਕੀ ਕੁਝ ਮੁੜ ਮੁੜ ਸਹਿਣਾ! ਸੋਚਕੇ ਉਹਦਾ ਦਿਲ ਘਟਣ ਲੱਗਾ।ਉਹ ਉਠਕੇ ਬੈੱਡਰੂਮ ਚ ਚਲੇ ਗਈ ਤੇ ਆਪਣੇ ਬੈੱਡ ਤੇ ਗੁਆਚ ਗਈ।ਅੱਥਰੂ ਮੱਲੋ ਜੋਰੀ ਨਿੱਕਲ ਆਏ। ਭਾਵੇਂ ਇਹ ਪਤਾ ਸੀ ਕਿ ਮੁੜ ਉਹਨਾਂ ਨੇ ਮਿਲਣਾ ਹੀ ਸੀ ਪਰ ਅੱਜ ਤਾਂਈ ਉਹਨੇ ਅਜਿਹਾ ਨਹੀਂ ਸੀ ਦੇਖਿਆ ਕਿ ਐਨੀਂ ਛੇਤੀ ਵਿਆਹ ਕੇ ਕੋਈ ਕੁੜੀ ਮੁੜ ਘਰ ਰਹੇ। ਹੋ ਤਾਂ ਇਹ ਵੀ ਜੱਗੋਂ ਤੇਰ੍ਹਵੀਂ ਰਹੀ ਸੀ। ਇੱਕ ਤੋਂ ਬਾਅਦ ਇੱਕ।ਪਤਾ ਨਹੀਂ ਉਹ ਕਦੋੰ ਸੌ ਗਈ, ਨੀਂਦ ਉਦੋਂ ਹੀ ਖੁੱਲ੍ਹੀ ਜਦੋਂ ਭੂਆ ਨੇ ਆ ਕੇ ਜਗਾਇਆ।”ਮਨਜੀਤ ਕੁੜੇ ਉੱਠ ਭਾਈ ਕੁਝ ਚਾਹ ਪਾਣੀ ਪੀ ਲੈ ,ਨਹਾ ਧੋ ਕੇ “।ਭੂਆ ਨੇ ਬੜੇ ਪਿਆਰ ਨਾਲ ਆਖਿਆ।ਉਹ ਉਠ ਕੇ ਬੈਠ ਗਈ।”ਬੱਸ ਭੂਆ ਥੋੜਾ ਸਿਰ ਦਰਦ ਕਰਦਾ ਸੀ” ਉਹਨੇ ਬੈਠਦੇ ਹੋਏ ਕਿਹਾ।”ਆਹੋ ਭਾਈ,ਸਫ਼ਰ ਦਾ ਕੰਮ ਏ ਥਕਾਵਟ ਤਾਂ ਹੋ ਹੀ ਜਾਂਦੀ ਹੈ, ਨਾਲੇ ਭਾਈ ਆਹ ਨਾ ਗਹਿਣੇ ਪਾ ਨਹੀਂ ਸੌਂਦੇ ਹੁੰਦੇ,ਕੋਈ ਇੱਧਰ ਉੱਧਰ ਬਿਸਤਰੇ ਚ ਫੱਸ ਕੇ, ਡਿੱਗ ਕੇ, ਗੁਆਚ ਜਾਂਦਾ ਹੁੰਦਾ, ਮਾਂ ਨੇ ਬਹੁਤੀ ਲਾਡਲੀ ਰੱਖੀ ਹੋਈ ਲਗਦਾ !” ਭੂਆ ਨੇ ਮੁੜ ਆਖਿਆ ਪਤਾ ਨਹੀਂ ਮਾਂ ਨੂੰ ਮਿਹਣਾ ਸੀ ਜਾਂ ਉਹਨੂੰ ਬੇਅਕਲ ਆਖਿਆ ਸੀ।”ਬੱਸ ਰਾਤ ਨੂੰ ਤਾਂ ਉਤਾਰ ਹੀ ਦੇਣੇ ਸੀ,ਇਹ ਤਾਂ ਐਵੇਂ ਨੀਂਦ ਆ ਗਈ ਸੀ।” ਉਹਨੇ ਗੱਲ ਨੂੰ ਖਤਮ ਕਰਦੇ ਹੋਏ ਕਿਹਾ।”ਲਿਆ ਮੈਂ ਰੱਖ ਦਿੰਦੀ ਹਾਂ ,ਜਿਥੇ ਬਾਕੀ ਕੀਮਤੀ ਸਮਾਨ ਪਿਆ ਓਥੇ ਹੀ ,ਐਥੇ ਕੋਈ ਐਵੇਂ ਹੱਥ ਪੱਲਾ ਮਾਰਦਾ ਫਿਰਦਾ”।ਉਹਨੇ ਹੱਥਾਂ ਨਾਲ ਉਤਾਰਨ ਦਾ ਇਸ਼ਾਰਾ ਕੀਤਾ। “ਕਿਥੇ ਪਏ ਨੇ ਬਾਕੀ?”ਉਸੇ ਮਨ ਹੀ ਉਹ ਉਤਾਰਨ ਲੱਗੀ ਤੇ ਬੈਗ ਵੱਲ ਇਸ਼ਾਰਾ ਕੀਤਾ।”ਹਾਏ ਭੋਲੀ ਕੁੜੀ ,ਭਲਾਂ ਜੇ ਕੋਈ ਬੈਗ ਫਰੋਲ ਲਵੇਂ ਇਵੇਂ ਲਵਾਰਿਸ ਨਹੀਂ ਛੱਡੀਦਾ ਹੁੰਦਾ ਇਹ ਸਭ”।ਗਹਿਣਿਆਂ ਵਾਲੀ ਲਾਲ ਰੰਗ ਦੀ ਡੱਬੀ ਖੋਲ੍ਹੀ ,ਇੱਕੋ ਨਿਗ੍ਹਾ ਚ ਸਾਰੇ ਨਗ ਗਿਣੇ ਕਿ ਪੂਰੇ ਹਨ। ਬਾਕੀ ਕਾਂਟੇ ਵਾਲੀਆਂ ਤੇ ਹਾਰ ਮਨਜੀਤ ਕੋਲੋ ਫੜ੍ਹ ਕੇ ਵਿੱਚ ਧਰ ਲਏ।”ਤੇਰੀ ਅਮਾਨਤ ਹੈ ਜਦੋਂ ਜੀਅ ਕੀਤਾ ਮੈਂਥੋਂ ਲੈਲੀ,ਬਜ਼ੁਰਗਾਂ ਦੀ ਤਾਂ ਰਾਖੀ ਹੀ ਹੁੰਦੀ ਐ ਭਾਈ।”ਆਖ ਕੇ ਭੂਆ ਆਪਣੇ ਕਮਰੇ ਚ ਲੈ ਗਈ।”ਨਾਲੇ ਹੁਣ ਬੈਠੀਂ ਨਾ ਰਹੀ ਨਹਾ ਧੋ ਲੈ ,ਫਿਰ ਰੋਟੀ ਟੁੱਕ ਕਰਨਾ, ਹੁਣ ਤਾਂ ਭਾਈ ਚੰਨੀ ਤੇਰੇ ਹੱਥ ਦੀਆਂ ਪੱਕੀਆਂ ਹੀ ਖਾਊਗਾ”.। ਆਖ ਕੇ ਉਹ ਬਾਹਰ ਨਿੱਕਲ ਗਈ।ਉਸਨੂੰ ਇਸ ਗੱਲ ਦਾ ਭੋਰਾ ਅਹਿਸਾਸ ਹੀ ਨਹੀਂ ਸੀ ਕਿ ਹੁਣ ਘਰ ਦਾ ਇਹ ਕੰਮ ਵੀ ਉਹਦੇ ਜਿੰਮੇ ਲੱਗੇਗਾ।ਉਹ ਉੱਠ ਕੇ ਵਾਸ਼ਰੂਮ ਚ ਫਟਾਫਟ ਨ੍ਹਾਤੀ ਤੇ ਫਿਰ ਰਸੋਈ ਚ ਜਾ ਕੇ ਰੋਟੀ ਟੁੱਕ ਦਾ ਵੇਖਣ ਲੱਗੀ। #harjotdikalam……ਉਹਨੇ ਸਭ ਕੁਝ ਪੁੱਛ ਪੁੱਛ ਕੇ ਹੀ ਬਣਾਇਆ ,ਦਾਲ ਸਬਜ਼ੀ ਰੋਟੀਆਂ ਸਭ ਕੁਝ ਉਹਦੇ ਹੱਥ ਚ ਹੁਨਰ ਤਾਂ ਸੀ। ਪਰ ਕਿਸੇ ਨੇ ਇੱਕ ਪਲ ਲਈ ਵੀ ਉਹਦੀ ਤਾਰੀਫ ਨਾ ਕੀਤੀ।ਭੂਆ ਨੂੰ ਲੂਣ ਜਿਆਦਾ ਲੱਗਾ ਸੀ ਤੇ ਨਣਦ ਨੂੰ ਮਿਰਚ ਚੰਨੀ ਸਿਰ ਸੁੱਟਕੇ ਜੋ ਮਿਲਿਆ ਉਹੀ ਖਾ ਰਿਹਾ ਸੀ।ਰੋਟੀ ਖਾਂਦੇ ਹੀ ਇਹ ਫੈਸਲਾ ਹੋ ਗਿਆ ਕਿ ਹੁਣ ਜਾਂ ਵੇਲੇ ਦੀ ਪੈਕਿੰਗ ਕੀਤੀ ਜਾਵੇ।ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਅਚਾਨਕ ਹੀ ਜਾਣ ਲਈ ਕਾਹਲੀ ਕਿਉਂ ਹੋ ਰਹੀ ਹੈ।”ਤੁਸੀਂ ਤਾਂ ਹੋਲੀ ਦੇ ਮਗਰੋਂ ਕਹਿ ਰਹੇ ਸੀ ਜਾਣ ਲਈ ਫਿਰ ਐਨੀਂ ਕਾਹਲੀ ਕਿਉਂ “ਉਹਨੇ ਚਾਣਚੱਕ ਹੀ ਚੰਨੀ ਨੂੰ ਪੁੱਛਿਆ।”ਓਥੇ ਬਹੁਤ ਬਿਜ਼ੀ ਹੁੰਦਾ ਭਾਈ ਸਭ, ਇੰਡੀਆ ਥੋੜ੍ਹੋ ਆ ਕਿ ਜੇ ਵਿਆਹ ਗਏ ਮਹੀਨਾ ਓਥੋਂ ਹੀ ਨਾ ਮੁੜੇ, ਮਰਗ ਤੇ ਗਏ ਤਾਂ ਪੰਦਰਾਂ ਦਿਨ। ਹੁਣ ਕੰਮ ਦਾ ਜ਼ੋਰ ਆ ਗਿਆ ਇੱਕ ਦਮ , ਨਾਲੇ ਵਿਆਹ ਹੋ ਗਿਆ ਹੁਣ ਇਥੇ ਹੋਰ ਕਰਨਾ ਵੀ ਕੀ ਏ ਕੰਮ ਕਾਰ ਕਰਾਂਗਾ ਤਾਂ ਰੋਟੀ ਮਿਲੁ। ਵਿਹਲੜ ਬੰਦੇ ਨੂੰ ਓਥੇ ਕੋਈ ਨਹੀਂ ਪੁੱਛਦਾ।” ਚੰਨੀ ਦੇ ਥਾਵੇਂ ਭੂਆ ਨੇ ਜਵਾਬ ਦਿੱਤਾ। ਉਹਦੇ ਜਵਾਬ ਚ ਕੁਝ ਤਿੱਖੀ ਚੋਭ ਸੀ । ਚਾਹਕੇ ਵੀ ਮਨਜੀਤ ਦੁਬਾਰਾ ਨਾ ਪੁੱਛ ਸਕੀ।ਰਾਤ ਗਈ ਤੱਕ ਉਹ ਪੈਕਿੰਗ ਕਰਦੇ ਰਹੇ।ਕਦੋੰ ਉਹ ਸੁੱਤੀ ਕਦੋੰ ਉੱਠੀ ਉਹਨੂੰ ਵੀ ਪਤਾ ਨਾ ਲੱਗਾ। ਨਾ ਹੀ ਉਹਨੂੰ ਇਹ ਪਤਾ ਲੱਗਾ ਕਿ ਕਦੋੰ ਚੰਨੀ ਉਸ ਕੋਲ ਸੌਂ ਕੇ ਉੱਠ ਕੇ ਚਲਾ ਗਿਆ।ਘਰ ਪਹੁੰਚਦੇ ਹੀ ਉਹ ਕਾਫੀ ਦੂਰ ਦੂਰ ਹੀ ਰਹੀ ਰਿਹਾ ਸੀ। ਬੋਲ ਚਾਲ ਇੱਕ ਦਮ ਘੱਟ ਗਈ ਸੀ।ਜਿਸ ਦਿਨ ਪਿੰਡ ਜਾਣਾ ਸੀ। ਉਸ ਦਿਨ ਉਹ ਜਲਦੀ ਹੀ ਤਿਆਰ ਹੋ ਗਈ ਸੀ।ਤਿਆਰ ਹੋਣ ਮਗਰੋਂ ਉਹਨੇ ਭੂਆ ਕੋਲੋਂ ਗਹਿਣੇ ਮੰਗੇ।ਉਸਦੀ ਮੰਗ ਤੇ ਇੱਕ ਵਾਰ ਤਾਂ ਉਹ ਹੜਬੜਾ ਗਈ ਜਿਵੇਂ ਭੁੱਲ ਹੀ ਗਈ ਹੋਏ ਕੇ ਅਜਿਹਾ ਕੁਝ ਉਹਦੇ ਕੋਲ ਵੀ ਸੀ।”ਉਹ ਭਾਈ ਉਹ ਤਾਂ ਮੈਂ ਪੈਕ ਕਰਤੇ ਗਲਤੀ ਨਾਲ, ਹੁਣ ਤਾਂ ਸਾਰਾ ਕੁਝ ਦੁਬਾਰਾ ਖੋਲ੍ਹ ਖੁਲ੍ਹਈਆ ਹੋਊ “”ਪਰ, ਮੈਂ ਇਵੇਂ ਵਿਆਹੀ ਵਰ੍ਹੀ ਸੁੰਨੇ ਕੰਨੀ ਜਾਂਦੀ ਚੰਗੀ ਨਹੀਂ ਲੱਗਣਾ” ਮਨਜੀਤ ਨੇ ਸਹਿਜ ਸੁਭਾਅ ਆਖਿਆ।”ਲੈ ਭਾਈ ਤੈਨੂੰ ਤਾਂ ਇਤਬਾਰ ਹੀ ਨਹੀਂ” ਉਹ ਮੁੜ ਬੰਨ੍ਹੇ ਗਹਿਣਿਆਂ ਨੂੰ ਖੋਲ੍ਹਦੀ ਹੋਈ ਬੋਲਣ ਲੱਗੀ.”ਨਹੀਂ ਕੀਲੁ ਲੋੜ ਏ ਭਾਬੀ ਤੂੰ ਮੇਰੇ ਵਾਲਾ ਸੈੱਟ ਪਾ ਜਾ, ਆ ਮੈਨੂੰ ਸੋਨੇ ਦਾ ਗਹਿਣਿਆਂ ਦਾ ਕੋਈ ਸੌਂਕ ਨਹੀਂ। ” ਨਣਦ ਨੇ ਅਹਿਸਾਨ ਜਿਹਾ ਜਤਾਉਂਦੇ ਹੋਏ ਕਿਹਾ। ਭੂਆ ਨਾ ਆਪਣੀ ਪੜਤਾਲ ਓਥੇ ਹੀ ਰੋਕ ਦਿੱਤੀ।”ਆਹੋ ਇਹ ਠੀਕ ਏ,ਓਥੇ ਆ ਕੇ ਤੂੰ ਇਹਦੇ ਇਹਨੂੰ ਮੋੜ ਦਵੀ ਤੇ ਆਪਣੇ ਲੈ ਲਵੀਂ।”ਜਿਵੇਂ ਕਿਹਾ ਉਵੇ ਹੀ ਮਨਜੀਤ ਨੇ ਮੰਨ ਲਿਆ।ਤਿਆਰ ਹੋਕੇ ਉਹ ਸਵੇਰੇ ਹੀ ਨਿੱਕਲ ਗਏ। ਉਸਨੇ ਚੰਨੀ ਨੂੰ ਬਥੇਰਾ ਰਾਤ ਰੁਕਣ ਲਈ ਕਿਹਾ ਪਰ ਉਹ ਬਿਜ਼ੀ ਹੋਣ ਬਾਰੇ ਆਖ ਕੇ ਉਹਨੂੰ ਚੁੱਪ ਕਰਵਾ ਦਿੰਦਾ।ਇਸ ਗੱਲੋਂ ਉਹਦਾ ਦਿਲ ਭਰ ਆਇਆ ਤੇ ਉਹ ਰੋਣ ਲੱਗੀ। ਵਿਛੋੜੇ ਦਾ ਅਹਿਸਾਸ ਵਧਣ ਲੱਗਾ ਸੀ। ਦੂਰ ਦੂਰ ਰਹਿੰਦਾ ਚੰਨੀ ਅਚਾਨਕ ਹੀ ਪਿਘਲ ਜਿਹਾ ਗਿਆ।ਉਹਨੇ ਭਾਵੇਂ ਰੁਕਣ ਲਈ ਮਨ੍ਹਾ ਕਰ ਦਿੱਤਾ ਪਰ ਏਅਰਪੋਰਟ ਤੱਕ ਉਸ ਨੂੰ ਪਰਿਵਾਰ ਨਾਲ ਲਿਜਾਣਾ ਜਰੂਰ ਮੰਨ ਲਿਆ।……….ਘਰ ਪਹੁੰਚੇ ਤਾਂ ਪੂਰੀ ਆਓ ਭਗਤੋ ਹੋਈ ਸੀ। ਜੁਆਈ ਦਾ ਵਿਆਹ ਮਗਰੋਂ ਪਹਿਲਾ ਗੇੜਾ ਸੀ ਇਸ ਲਈ ਹਰ ਤਰ੍ਹਾਂ ਦਾ ਪਕਵਾਨ ਬਣਿਆ ਸੀ। ਸਵੇਰੇ ਹੀ ਕੁੱਕੜ ਰਿਝਾ ਲਿਆ ਗਿਆ ਸੀ। ਪਰ ਚੰਨੀ ਦੀ ਸੋਚ ਪੈਸੇ ਤੇ ਅਟਕੀ ਹੋਈ ਸੀ।ਇਸ ਲਈ ਗੱਜਣ ਛੇਤੀ ਹੀ ਉਹਨੂੰ ਨਾਲ ਲੈ ਕੇ ਪਹਿਲਾਂ ਆੜਤੀਏ ਕੋਲ ਗਿਆ ਫਿਰ ਬੈਂਕ।ਗੱਲਾਂ ਗੱਲਾਂ ਚ ਇਹ ਭੇਤ ਖੁਲ੍ਹ ਗਿਆ ਕਿ ਐਨਾ ਪੈਸਾ ਕੈਸ਼ ਤਾਂ ਲਿਜਾਇਆ ਹੀ ਨਹੀਂ ਜਾ ਸਕਦਾ। ਏਅਰਪੋਰਟ ਤੇ ਹੀ ਰੋਕ ਦਿੱਤਾ ਜਾਏਗਾ।ਸਿਰਫ਼ ਵਾਇਰ ਟਰਾਂਸਫਰ ਹੀ ਹੋ ਸਕਦਾ। ਊਹਦੇ ਲਈ ਓਧਰ ਬੈਂਕ ਦਾ ਖਾਤਾ ਤੇ ਇਧਰੋਂ ਰਿਜ਼ਰਵ ਬੈਂਕ ਦੀ ਮਨਜ਼ੂਰੀ ਦੀ ਲੋੜ ਸੀ। ਹੋ ਸਕਦਾ ਕੁਝ ਟੈਕਸ ਭਰਨਾ ਪਵੇ।ਇਹ ਨਵੀਂ ਸਮੱਸਿਆ ਸੀ। ਇਹਦੇ ਬਾਰੇ ਪਹਿਲਾਂ ਸੋਚਿਆ ਹੀ ਨਹੀਂ ਸੀ।ਜਿੰਨਾ ਕੁ ਘੱਟੋ ਘੱਟ ਉਹ ਲਿਜਾ ਸਕਦੇ ਸੀ ਓਨਾ ਕੁ ਉਹਨਾਂ ਕੁ ਉਹਨਾਂ ਕੋਲ ਪਹਿਲਾਂ ਹੀ ਸੀ।ਇਸਤੇ ਅਖੀਰ ਫੈਸਲਾ ਇਹੋ ਹੋਇਆ ਕਿ ਕੁਝ ਦਿਨ ਪੈਸੇ ਨੂੰ ਬੈਂਕ ਖਾਤੇ ਚ ਹੀ ਰਖਵਾ ਦਿੰਦੇ ਆਂ ,ਹੋਰ ਨਹੀਂ ਤਾਂ ਮਨਜੀਤ ਤੇ ਚੰਨੀ ਦੇ ਸਾਂਝੇ ਖਾਤੇ ਵਿੱਚ ਫਿਰ ਜਦੋਂ ਵੀ ਓਧਰੋਂ ਕਾਗਜ਼ ਆਏ ਤੇ ਇਧਰੋਂ ਅਪਰੂਵਲ ਹੋਈ ਤਾਂ ਭੇਜ ਦਿੱਤਾ ਜਾਏਗਾ।ਇੰਝ ਹੀ ਹੋਇਆ, ਉਸੇ ਪੈਰੀਂ ਦੋਵਾਂ ਦਾ ਸਾਂਝਾ ਖਾਤਾ ਖੁਲਵਾ ਦਿੱਤਾ ਗਿਆ। ਤੇ ਆੜਤੀਏ ਦੀ ਗਵਾਹੀ ਹੋ ਗਈ। ਵਿਆਹ ਦਾ ਸਬੂਤ ਉਹ ਪੰਚੇਤ ਤੇ ਗੁਰਦਵਾਰੇ ਤੋਂ ਪਹਿਲਾਂ ਹੀ ਲਿਖਵਾ ਚੁੱਕੇ ਸੀ।ਉਸ ਦਿਨ ਫਿਰ ਚੰਨੀ ਦਾ ਪੂਰਾ ਦਿਨ ਇਸੇ ਚ ਲੰਘ ਗਿਆ। ਦਿਲ ਵੀ ਬੁਝ ਗਿਆ ਲਗਦਾ ਸੀ। ਉਹ ਸ਼ਹਿਰ ਤੋਂ ਹੀ ਜਲੰਧਰ ਨੂੰ ਮੁੜ ਗਿਆ ਸੀ। ਜਾਂਦੇ ਹੋਏ ਇਹ ਵੀ ਨਾ ਦੱਸਕੇ ਗਿਆ ਕਿ ਦਿੱਲੀ ਤੱਕ ਛੱਡਣ ਲਈ ਉਹ ਲੈ ਕੇ ਜਾਣਗੇ ਕਿ ਨਹੀਂ!! ਮਨਜੀਤ ਨੂੰ ਕੋਈ ਉਮੀਦ ਨਹੀਂ ਸੀ ਕਿ ਉਹ ਆਏਗਾ ਵੀ ।ਪਰ ਉਹ ਆਇਆ ,ਆਪਣੀ ਕਹੀ ਤੇ ਪੱਕਾ ਰਿਹਾ। ਉਹ ਗਈ ਨਾਲ ਬਾਪੂ ਤੇ ਭਰਾ ਸੀ।ਰਸਤੇ ਚ ਭਾਵੇਂ ਉਹਨਾਂ ਚ ਇੱਕ ਚੁੱਪ ਹੀ ਰਹੀ ਤੇ ਨਾਲ ਬੈਠ ਕੇ ਖਾਣ ਤੋਂ ਬਿਨਾਂ ਤੇ ਅੰਦਰ ਜਾਂਦੇ ਹੋਏ ਹੋਈ ਸਲਾਮ ਤੋਂ ਬਿਨਾਂ ਕੁਝ ਵੀ ਖਾਸ ਨਹੀਂ ਸੀ।ਪਰ ਜਾਂਦੀ ਵਾਰ ਲਈ ਇਹ ਵੀ ਉਸਦੇ ਡਿਗਦੇ ਮਨ ਨੂੰ ਸਹਾਰਾ ਦੇਣ ਵਾਲਾ ਸੀ। ਬਾਕੀ ਟੱਬਰ ਦੇ ਰੱਖੇ ਸੁਭਾਅ ਤੇ ਬਨਾਉਟੀ ਹਾਸੇ ਨਾਲੋ ਉਹਨੂੰ ਚੰਨੀ ਦੀ ਅਸਲ ਚੁੱਪ ਵਧੇਰੇ ਵਧੀਆ ਲੱਗੀ ਸੀ।ਇਹੋ ਸੋਚਦੀ ਹੋਈ ਉਹ ਵਾਪਿਸ ਪਰਤੀ ਸੀ, ਚੰਨੀ ਕੋਲੋ ਇਹ ਵਾਦਾ ਲੈ ਕੇ ਕਿ ਉਹ ਜਿੰਨੀ ਛੇਤੀ ਹੋ ਸਕੇ ਉਹਨੂੰ ਵੀਜ਼ਾ ਭੇਜ ਆਪਣੇ ਕੋਲ ਬੁਲਾ ਲਵੇਗਾ।”ਪਰ ਕਿੰਨੀ ਜਲਦੀ ਇਹ ਤਾਂ ਸਿਰਫ਼ ਰੱਬ ਹੀ ਜਾਣਦਾ ਹੈ” ਮਨਜੀਤ ਨੇ ਸੋਚਿਆ ਹਰ ਪਲ ਹੀ ਹੁਣ ਤੋਂ ਹੀ ਸਾਲਾਂ ਵਰਗਾ ਲੱਗ ਰਿਹਾ ਸੀ।

ਹਨੇਰੀ ਰਾਤ ਚ ਕੋਈ ਚਮਕਦੀ ਬਿਜ਼ਲੀ ਦੀ ਲਿਸ਼ਕੋਰ ਜਿਹੀ ਵੱਜ ਕੇ ਖ਼ਤਮ ਹੋਏ ਜਾਏ ਤੇ ਨਾਲ ਬੱਦਲਾਂ ਦੀ ਗੜਗੜਾਹਟ ਗੂੰਜ ਉੱਠੇ, ਤੇ ਉਸ ਮਗਰੋਂ ਸਭ ਸ਼ਾਂਤ ਹੋ ਜਾਏ ਰਾਤ ਦੀ ਸ਼ਾਂ ਸ਼ਾਂ ਬਾਕੀ ਬਚੇ। ਰੂਹ ਤੇ ਦੇਹ ਸੁੰਨੀ ਸੁੰਨੀ ਜਾਪੇ। ਕੰਨ ਆਵਾਜਰ ਹੋ ਜਾਣ ਤੇ ਬੰਦ ਅੱਖਾਂ ਕਿਸੇ ਇੱਕ ਵਿਚਾਰ ਤੇ ਟਿਕਣ ਤੋੰ ਇਨਕਾਰੀ ਹੋਣ, ਕੁਝ ਅਜਿਹਾ ਹੀ ਹੁਣ ਮਨਜੀਤ ਨੂੰ ਮਹਿਸੂਸ ਹੋ ਰਿਹਾ ਸੀ।ਪਿਛਲੇ ਕੁਝ ਮਹੀਨੇ,ਫ਼ਿਰ ਹਫ਼ਤੇ ਤੇ ਆਖਿਰੀ ਕੁਝ ਦਿਨ ਇੰਝ ਹੀ ਸਭ ਭਰੇ ਭਰੇ ਸੀ ਤੇ ਹੁਣ ਅਚਾਨਕ ਸਭ ਸੁੰਨਾ ਸੀ ਜਿਵੇਂ ਹੱਥ ਚ ਫੜ੍ਹੀ ਰੇਤ ਕਿਰ ਗਈ ਹੋਏ। ਜਿਵੇਂ ਉਸਨੇ ਕੁਝ ਹੀ ਮਹੀਨਿਆਂ ਚ ਦੂਹਰੀ ਤੀਹਰੀ ਜਿੰਦਗ਼ੀ ਜੀਅ ਲਈ ਹੋਵੇ। ਇੱਕ ਉੱਡਦੀ ਤਿਤਲੀ ਤੋਂ ਵਿਆਹੀ ਔਰਤ ਤੱਕ ਦਾ ਸਫ਼ਰ,ਅਹਿਸਾਸ ਤੇ ਹੋਰ ਬਹੁਤ ਕੁਝ।ਕੁਝ ਵੀ ਹੁਣ ਪਹਿਲੇ ਜਿਹਾ ਨਹੀਂ ਸੀ ਰਿਹਾ,ਕਿੰਨਾ ਕੁਝ ਬਦਲ ਗਿਆ ਸੀ। ਉਹ ਵੀ ਤਾਂ ਬਦਲ ਗਈ ਸੀ।”ਤੇ ਤੈਨੂੰ ਹੁਣ ਭਲਾਂ ਛਿੰਦੇ ਦੀ ਭੋਰਾ ਯਾਦ ਨਹੀਂ ਆਉਂਦੀ ? “ਉਹਦੀ ਸਹੇਲੀ ਨੇ ਉਸਦੀ ਸਭ ਕਹਾਣੀਆਂ ਸੁਣਨ ਪਿੱਛੋਂ ਆਖਿਆ।ਭੁੱਲਿਆ ਵਿਸਰਿਆ ਖਿਆਲ ,ਜਿਵੇਂ ਕੋਈ ਗੱਲ ਜ਼ੁਬਾਨ ਤੇ ਹੋਏ ਪਰ ਬਾਹਰ ਨਾ ਆਉਣਾ ਚਾਹੇ, ਇਹੋ ਹਾਲ ਹੁਣ ਛਿੰਦੇ ਦੀ ਯਾਦ ਸੀ। ਉਹਦੀਆਂ ਅੱਖਾਂ ਚਮਕ ਉੱਠੀਆਂ,ਥੋੜ੍ਹਾ ਪਾਣੀ ਮੱਲੋ ਮੱਲੀ ਸਿੰਮ ਆਇਆ ਸੀ। ਉਸਨੂੰ ਬਲਵੰਤ ਗਾਰਗੀ ਦੇ ਨਾਟਕ “ਲੋਹਾ-ਕੁੱਟ” ਚ ਕਹੀ ਗੱਲ ਯਾਦ ਆਈ ਤੇ ਜਿਸਦੀ ਸਮਝ ਵੀ ਆਈ। ਜਿੱਥੇ ਸੰਤੀ ਆਪਣੇ ਪ੍ਰੇਮੀ ਨੂੰ ਆਖਦੀ ਏ ,” ਤੀਂਵੀ ਜਦੋਂ ਅੱਗ ਦੁਆਲੇ ਮਰਦ ਦਾ ਲੜ ਫੜਕੇ ਤੁਰਦੀ ਹੈ ਤਾਂ ਇਸ ਅੱਗ ਵਿੱਚ ਪਿਛਲਾ ਸਭ ਕੁਝ ਭਸਮ ਹੋ ਜਾਂਦਾ ਹੈ,ਮਾਂ ਬਾਪ ਪਰਾਏ ਹੋ ਜਾਂਦੇ ਹਨ। ਆਪਣਾ ਵਿਹੜਾ ਬਿਗਾਨਾ। ਹਰ ਮਰਦ ਓਪਰਾ”ਛਿੰਦਾ ਵੀ ਉਸ ਲਈ ਓਪਰਾ ਮਰਦ ਹੋ ਗਿਆ ਸੀ।ਤੇ ਉਹਨੂੰ ਆਪਣੇ ਜ਼ਿਹਨ ਚ ਵੀ ਲਿਆ ਕੇ ਉਹ ਪਾਪੀ ਨਹੀਂ ਬਣਨਾ ਚਾਹੁੰਦੀ ਸੀ।ਹੁਣ ਉਹਨੂੰ ਸਿਰਫ਼ ਉਡੀਕ ਸੀ ਤਾਂ ਇੰਗਲੈਂਡ ਤੋਂ ਆਉਂਦੀ ਚਿੱਠੀ ਦੀ ਜਾਂ ਸੁਨੇਹੇ ਦੀ। ਕਦੋੰ ਬਹੁੜੇਗੀ ਤੇ ਉਹ ਇਸ ਓਪਰੇ ਘਰ ਨੂੰ ਛੱਡ ਆਪਣੇ ਘਰ ਜਾਏਗੀ।ਉਹਨੂੰ ਜਾਪਿਆ ਔਰਤ ਦਾ ਘਰ ਕੋਠੀ ਮਹਿਲ ਨਹੀਂ ਹੁੰਦੇ, ਆਪਣੇ ਮਰਦ ਦੀ ਨਿੱਘੀ ਬੁੱਕਲ਼ ਹੀ ਹੁੰਦਾ। ਜਿਸਦੇ ਆਸਰੇ ਉਹ ਪੂਰੀ ਜ਼ਿੰਦਗੀ ਗੁਜ਼ਾਰ ਸਕਦੀ ਹੈ।ਇਸੇ ਹੀ ਉਡੀਕ ਚ ਹੁਣ ਦਿਨ ਗੁਜ਼ਰ ਰਹੇ ਸੀ। ਮਹੀਨਾ ,ਦੋ ਮਹੀਨੇ। #harjotdikalam……………..ਨਿੱਤ ਫੋਨ ਆਉਂਦੇ ਸੀ, ਤਿੰਨ ਵਾਰ ਚਿੱਠੀ ਵੀ ਆ ਗਈ ਸੀ।ਹਰ ਫੋਨ ਹਰ ਚਿੱਠੀ ਚ ਪੈਸੇ ਦਾ ਹੀ ਸੁਨੇਹਾ ਹੁੰਦਾ।ਮਨਜੀਤ ਬਾਰੇ ਕੋਈ ਗੱਲ ਨਾ ਹੁੰਦੀ। ਚਿੱਠੀ ਪੜ੍ਹਕੇ ਸੁਨੇਹਾ ਸੁਣਕੇ ਟੱਬਰ ਮੂੰਹ ਜਿਹਾ ਤੱਕਦਾ ਰਹਿੰਦਾ।ਸਾਰੇ ਕਾਗਜ਼ ਪੱਤਰ ਤਿਆਰ ਸਨ, ਓਧਰੋਂ ਵੀ ਪੈਸੇ ਭੇਜਣ ਲਈ ਪਤਾ ਆ ਗਿਆ ਸੀ। ਗੱਜਣ ਤੇ ਗੁਰਬੇਜ਼ ਦੋਵੇਂ ਬੰਨ੍ਹੇ ਦਿਨ ਜਲੰਧਰ ਗਏ। ਬੈਂਕ ਦੀ ਮੁੱਖ ਬਰਾਂਚ ਚ ਸਾਰਾ ਕੰਮ ਹੋਣਾ ਸੀ। ਓਥੇ ਵਾਹਵਾ ਭੀੜ ਸੀ। ਚਲਾਨ ਕਟਵਾਉਂਦੇ ਤੇ ਕਾਗਜ਼ੀ ਪੱਤਰੀ ਕਰਦੇ ਦੁਪਹਿਰ ਦੀ ਰੋਟੀ ਦਾ ਟੈਮ ਹੋ ਗਿਆ।ਓਥੋਂ ਕੋਠੀ ਨੇੜੇ ਹੀ ਸੀ,ਸੋਚਿਆ ਚਲੋ ਕੋਠੀ ਦਾ ਦੇਖ ਹੀ ਆਈਏ ਕੀ ਪ੍ਰਬੰਧ ਕਰਕੇ ਗਏ ਨੇ ,ਆਖਦੇ ਸੀ ਨੌਕਰ ਨੂੰ ਛੱਡ ਜਾਣੀ ਕਿਰਾਏ ਤੇ ਨਹੀਂ ਦੇਣੀ ਐਵੇਂ ਕੋਈ ਕਬਜ਼ਾ ਕਰ ਲਊ।ਟਾਬੇ ਤੋਂ ਤੰਦੂਰੀ ਰੋਟੀਆਂ ਛਕ ਕੇ ਚਾਹ ਦੇ ਕੱਪ ਅੰਦਰ ਸੁੱਟ ਉਹ ਤੁਰਦੇ ਹੀ ਨਿੱਕਲ ਗਏ।ਕੋਠੀ ਨੂੰ ਕੋਈ ਜੰਦਰਾ ਨਹੀਂ ਸੀ, ਉਹਨਾਂ ਬੈੱਲ ਵਜਾਈ ਤੇ ਕੋਈ ਦਸਾਂ ਮਿੰਟਾਂ ਪਿੱਛੋਂ ਨੇਪਾਲੀ ਬਾਹਰ ਆਇਆ। ਉਹਨੇ ਪਹਿਲਾਂ ਨਹੀਂ ਸੀ ਦੇਖਿਆ।”ਹੋਰ ਭਾਈ ਸਭ ਸਾਂਭ ਸੰਭਾਲ ਵਧੀਆ ਚਲਦੀ, ਤੈਨੂੰ ਪਹਿਲੀ ਵਾਰ ਤੱਕਿਆ” ਗੱਜਣ ਨੇ ਅਪਣੱਤ ਦਿਖਾਉਦੇ ਹੋਏ ਕਿਹਾ।ਨੇਪਾਲੀ ਨੂੰ ਸਮਝ ਨਾ ਪਈ।”ਇਥੇ ਤਾਂ ਅਸੀਂ ਇਸੇ ਮਹੀਨੇ ਸ਼ਿਫਟ ਹੋਏ,ਦੇਖਣਾ ਕਿਸਨੇ ਸੀ,ਤੁਸੀਂ ਮਾਲਿਕ ਨੂੰ ਜਾਣਦੇ ਹੋ,ਤਾਂ ਅੰਦਰ ਆ ਕੇ ਮਿਲ ਲਓ”.ਸਮਝ ਉਹਨਾਂ ਨੂੰ ਕੁਝ ਨਾ ਪਸੀ।”ਕੀ ਮਜ਼ਾਕ ਕਰਦਾਂ ਪਿਆਂ,ਮਾਲਿਕ ਤੇ ਵਲੈਤ ਗਏ ਮਹੀਨਾ ਹੋ ਗਿਆ।”ਹੁਣ ਨੇਪਾਲੀ ਨੂੰ ਸਮਝ ਆ ਗਈ।”ਅੱਛਾ ਅੱਛਾ ਤੁਸੀਂ ਪੁਰਾਣੇ ਕਿਰਾਏਦਾਰ ਦੇ ਰਿਸ਼ਤੇਦਾਰ ਹੋ, ਸਰਦਾਰ ਜੀ ਹੁਣ ਤਾਂ ਇਹ ਕੋਠੀ ਮੇਰੇ ਮਾਲਿਕ ਨੇ ਕਿਰਾਏ ਤੇ ਲੈ ਲਈ ਏ,ਵਲੈਤ ਵਾਲਿਆ ਦੇ ਮਗਰੋਂ””ਇਹ ਕੋਠੀ ਵਲੈਟਨ ਵਾਲਿਆਂ ਦੀ ਨਹੀਂ ਸੀ ?””ਨਾ ਨਾ ਇਹ ਤਾਂ ਪੀਏਪੀ ਚੌਂਕ ਵਾਲੇ ਇਮੀਗ੍ਰੇਸ਼ਨ ਏਜੰਟ ਅਰੋੜਾ ਜੀ ਦੀ ਪ੍ਰਾਪਰਟੀ ਏ “.ਕੇਰਾਂ ਤਾਂ ਦੋਵਾਂ ਦੇ ਪੈਰਾਂ ਥੱਲਿਓਂ ਜਮੀਨ ਖਿਸਕ ਗਈ, ਜੇ ਕੋਠੀ ਕਿਰਾਏ ਤੇ ਵੀ ਸੀ ਤਾਂ ਵੀ ਝੂਠ ਬੋਲਣ ਦੀ ਕੀ ਲੋੜ ਸੀ। ਸੱਚ ਦੱਸਣ ਨਾਲ ਕਾਹਦਾ ਹਰਜ਼, ਫਿਰ ਵੀ ਕੀ ਗੱਲ ਸੀ ਇਥੇ ਕੋਠੀ ਚ ਕਿਹੜਾ ਸਦਾ ਬਹਿਣਾ ਸੀ।ਦੋਵੇਂ ਆਪੋ ਆਪ ਚ ਕਿੰਨਾ ਹੀ ਸ਼ਰਮਿੰਦਾ ਹੋਏ। ਉਨ੍ਹੀ ਪੈਰੀਂ ਵਾਪਿਸ ਮੁੜ ਆਏ। ਲਾਲਚੀ ਸੁਭਾਅ ਤਾਂ ਪਹਿਲਾਂ ਹੀ ਲਗਦਾ ਸੀ,ਪਰ ਕੋਠੀ ਵਾਲੀ ਗੱਲ ਸੁਣਕੇ ਤਾਂ ਉਹਨਾਂ ਦੇ ਦਿਲ ਕੱਚੇ ਜਿਹੇ ਹੋਗੇ।ਪੈਸੇ ਵਾਇਰ ਕਰਨ ਲੱਗੇ ਮਨ ਨਾ ਕਰੇ, ਜੇ ਪੈਸੇ ਲੈ ਕੇ ਵੀ ਕੁੜੀ ਨੂੰ ਨਾ ਬੁਲਾਇਆ ਤਾਂ ਉਹ ਕਿਹਨੂੰ ਫੜ੍ਹਨਗੇ ? ਪਿਛਲੀ ਵਾਰ ਜਿੰਨੀ ਵੀ ਸੁਨੇਹਾ ਆਇਆ ਸੀ ਹਰ ਵਾਰ ਪੈਸੇ ਹੀ ਦੀ ਗੱਲ ਹੋਈ ਸੀ, ਕੁੜੀ ਬਾਰੇ ਕਿਸੇ ਨੇ ਇੱਕ ਵਾਰ ਵੀ ਨਹੀਂ ਸੀ ਪੁੱਛਿਆ।ਦਿਲ ਚ ਧੂੜਕੂ ਜਿਹਾ ਵੱਜਾ।ਮੱਲੋ ਮੱਲੀ ਮੂੰਹੋ ਵਾਹਿਗੁਰੂ ਨਿਕਲਣ ਲੱਗਾ।ਬੈਂਕ ਚੋਂ ਕਾਗਜ਼ ਮੁੜਵਾ ਕੇ ਉਹ ਸਿੱਧੇ ਬਚਿੱਤਰ ਵਿਚੋਲੇ ਦੇ ਦੁਕਾਨ ਤੇ ਵੱਜੇ।ਪਾਣੀ ਬਾਅਦ ਚ ਪੀਤਾ ਪਹਿਲਾਂ ਸਾਰੀ ਵਿਥਿਆ ਕਹਿ ਸੁੱਟੀ। ਬਚਿੱਤਰ ਡੌਰ ਭੌਰ ਜਿਹਾ ਹੋ ਗਿਆ।”ਐਡੀ ਕੋਈ ਗੱਲ ਨਹੀਂ, ਆਪਾਂ ਨੂੰ ਵੀ ਸਮਝਣ ਚ ਗਲਤੀ ਹੋ ਸਕਦੀ ਕਿ ਕੋਠੀ ਮੁੱਲ ਲਈ ਸੀ ਕਿ ਕਿਰਾਏ ਤੇ,ਨਾਲੇ ਬਾਹਰਲੇ ਲੋਕਾਂ ਨੂੰ ਭਾਈ ਪੰਜਾਬੀ ਘੱਟ ਵੱਧ ਹੀ ਆਉਂਦੀ ਕੀ ਪਤਾ ਕਿਰਾਏ ਤੇ ਜਾਂ ਮੁੱਲ ਚ ਫਰਕ ਨਾ ਪਤਾ ਹੋਵੇ ਦੱਸਣ ਲੱਗੇ”.”ਇਹ ਗੱਲ ਚੱਲ ਮੰਨਲੀ, ਪਰ ਕੁੜੀ ਦਾ ਪਾਸਪੋਟ ਆਏ ਨੂੰ ਵੀ ਅੱਧਾ ਮਹੀਨਾ ਹੋ ਗਿਆ, ਉਹ ਤਾਂ ਕੋਈ ਗੱਲ ਹੀ ਨਹੀਂ ਕਰਦੇ ਰਾਹਦਾਰੀ ਦੀ,ਬੱਸ ਪੈਸੇ ਪੈਸੇ ਕਰੀ ਜਾਂਦੇ ਨੇ। ਮੈਂ ਤਾਂ ਕਹਿਨਾ ਪੈਸੇ ਕੁੜੀ ਦੇ ਨਾਲ ਭੇਜੀਏ, ਹੁਣ ਤਾਂ ਪੈਸੇ ਬਹਾਨੇ ਗੱਲ ਕਰੀ ਜਾਂਦੇ ।ਮਗਰੋਂ ਇਹ ਵੀ ਨਾ ਕਰਨ,ਤੂੰ ਇੱਕ ਵਾਰ ਗੱਲ ਤਾਂ ਕਰਕੇ ਦੇਖ ਉਹਨਾਂ ਨਾਲ”।”ਚੱਲ ਤੇਰੇ ਮਨ ਨੂੰ ਤਸੱਲੀ ਹੋਜੂ ਮੈਂ ਕੱਲ੍ਹ ਉਹਨਾਂ ਦੇ ਜਾਂਦਾ ਹਾਂ ਪਿੰਡ ਓਥੋਂ ਕਰਵਾਊਗਾ ਫੋਨ, ਫਿਰ ਦੇਖਦੇ ਆ ਕੀ ਕਹਿੰਦੇ, ਰਾਹਦਾਰੀ ਆਲੇ ਕੰਮ ਨੂੰ ਲਗਦਾ ਟੈਮ ਤਾਂ ਫਿਰ ਵੀ ਕਰਦਾਂ ਪਤਾ ਕੱਲ੍ਹ””ਤੂੰ ਸਾਡੀ ਗੱਲ ਨਹੀਂ ਸਮਝਦਾ ਭਾਈ, ਅਸੀਂ ਕਾਹਨੂੰ ਕਾਹਲੀ ਕਰਨੀ ਸੀ ਐਨੀਂ, ਉਹ ਤਾਂ ਇਹ ਗੱਲ ਵੀ ਨਹੀਂ ਗੌਲਦੇ ਕਿ ਭਾਈ ਕੁੜੀ ਦਾ ਪੈਰ ਭਾਰੀ ਆ,ਐਵੇਂ ਕੋਈ ਉੱਨੀ ਨਿੱਕੀ ਹੋ ਗਈ ਸਾਰੀ ਉਮਰ ਲਈ ਸਾਨੂੰ ਮਿਹਣਾ ਰਹੂ”. ਗੁਰਬੇਜ਼ ਨੇ ਗੱਲ ਖੋਲ੍ਹਦੇ ਹੋਏ ਕਿਹਾ।”ਹੱਛਾ, ਤੇ ਇਹ ਗੱਲ ਏ,ਦੱਸਿਆ ਨਹੀਂ ਸੀ ਉਹਨਾਂ ਨੂੰ “”ਦੱਸਿਆ ਸੀ, ਉਹ ਤਾਂ ਇਵੇਂ ਬੋਲੇ ਜਿਵੇਂ ਪਤਾ ਨਹੀਂ ਸੱਪ ਸੁੰਘ ਗਿਆ ਹੋਏ,ਕਹਿੰਦੇ ਜੁਆਕ ਦੀ ਕੀ ਲੋੜ ਸੀ ਹਲੇ,ਭਲਾਂ ਇਹ ਗੱਲਾਂ ਬੰਦੇ ਦੇ ਹੱਥ ਹੁੰਦੀਆਂ ਜੋ ਰੱਬ ਦੀ ਕਰਨੀ” ਗੁਰਬੇਜ਼ ਬੋਲਿਆ।”ਅਸੀਂ ਫਿਰ ਕਾਹਲੀ ਕੀਤੀ,ਖੌਰੇ ਪੈਸੇ ਵੱਲੋਂ ਤੰਗ ਹੋ ਗਏ ਹੋਣ,ਅੱਜ ਪੂਰੇ ਹੀਲੇ ਕਰਕੇ ਪੈਸੇ ਭੇਜ ਦੇਣੇ ਸੀ,ਪਰ ਹੁਣ ਆਹ ਨਵੀਂ ਗੱਲ ਨਿੱਕਲ ਆਈ,ਮੇਰੇ ਤਾਂ ਚਿੱਤ ਨੂੰ ਡੋਬੂ ਜਿਹੇ ਪਈ ਜਾਂਦੇ” ਗੱਜਣ ਦੀਆਂ ਅੱਖਾਂ ਭਰ ਆਈਆਂ।”ਦਿਲ ਤੇ ਭਾਰ ਨਾ ਸੁੱਟ,ਮੈਂ ਕਰਦਾਂ ਗੱਲ ਸਿੱਧੀ ਚੰਨੀ ਨਾਲ ,ਦਿਨ ਤਰੀਕ ਬੰਨ ਕੇ ਲੈ ਲੈਂਦੇ ਹਾਂ” ਹੁਣ ਤੁਸੀਂ ਜਾਓ ਆਰਾਮ ਨਾਲ, ਫਿਰ ਗੱਲ ਕਰਕੇ ਜਿਵੇਂ ਉਹ ਕਹਿਣਗੇ ਸਲਾਹ ਬਣਾ ਲਵਾਂਗੇ।ਬਚਿੱਤਰ ਕੋਲੋਂ ਤਸੱਲੀ ਜਿਹੀ ਲੈਕੇ ਦੋਵੇਂ ਵਾਪਿਸ ਪਿੰਡ ਪਰਤ ਆਏ।ਦੋਵਾਂ ਦੇ ਚਿਹਰੇ ਉਖੜੇ ਹੋਏ ਹੋਰ ਹੀ ਕਹਾਣੀ ਆਖ ਰਹੇ ਸੀ।ਚਿੱਤ ਤਾਂ ਮਨਜੀਤ ਦਾ ਵੀ ਕੁਝ ਕੁ ਦਿਨ ਤੋਂ ਘਾਬਰਿਆ ਹੋਇਆ ਸੀ। ਜਿਸ ਦਿਨ ਦੇ ਉਹ ਗਏ ਸੀ, ਇੱਕ ਵੀ ਸੁਨੇਹਾ ਨਹੀਂ ਸੀ ਆਇਆ। ਇਸ ਲਈ ਉਹ ਆਪਣੇ ਅੰਦਰੋਂ ਆਏ ਇਸ ਨਵੇਂ ਸੁਨੇਹੇ ਤੋਂ ਡਰ ਗਈ ਸੀ। ਉਹ ਚਾਹੁੰਦੀ ਸੀ ਕਿ ਜਦੋਂ ਉਸਦਾ ਬੱਚਾ ਪਹਿਲੀ ਕਿਲਕਾਰੀ ਮਾਰੇ ਤਾਂ ਚੰਨੀ ਦਾ ਹੱਥ ਉਸਦੇ ਹੱਥਾਂ ਚ ਹੋਵੇ…..ਪਰ ਉਹ ਹੱਥ ਹੀ ਨਹੀਂ ਸਗੋਂ ਖੁਸ਼ਬੂ ਵੀ ਸੱਤ ਸਮੁੰਦਰ ਦੂਰ ਸੀ।ਸਭ ਕੁਝ ਮਲਾਹਾਂ ਦੇ ਹੱਥ ਵੱਸ ਸੀ ਜਾਂ ਰੱਬ ਦੇ। ਬੇਬੇ ਬਾਪੂ ਨੇ ਆਪਸ ਚ ਘੁਸਰ ਮੁਸਰ ਕੀਤੀ। ਊਹਦੇ ਨਾਲ ਕੋਈ ਗੱਲ ਸਿੱਧੀ ਨਾ ਕੀਤੀ।ਸਿਰਫ ਐਨਾ ਹੀ ਆਖਿਆ ਕਿ ਬਚਿੱਤਰ ਚੰਨੀ ਨਾਲ ਸਿੱਧੀ ਗੱਲ ਕਰੂ ਤੇ ਸਭ ਖ਼ਬਰਸਾਰ ਲੈ ਕੇ ਆਊਗਾ।ਹੁਣ ਉਸਨੂੰ ਦਿਨ ਚੜ੍ਹਨ ਤੋਂ ਵੱਧ ਉਡੀਕ ਬਚਿਤਰ ਦੇ ਆਉਣ ਦੀ ਹੁੰਦੀ। ਰੋਜ ਦਿਨ ਚੜ੍ਹ ਰਿਹਾ ਸੀ ਤੇ ਢਲ ਰਿਹਾ। ਉਡੀਕ ਲੰਮੀ ਹੋ ਰਹੀ ਸੀ। ਗਰਮੀ ਦੀ ਸ਼ਾਮ ਦੇ ਪਰਛਾਵਿਆਂ ਵਾਂਗ …..

ਬਚਿੱਤਰ ਜਦੋਂ ਪਹਿਲੀ ਵਾਰੀ ਪਿੰਡ ਗਿਆ ਸੀ, ਉਦੋਂ ਹੀ ਪਤਾ ਲੱਗ ਗਿਆ ਸੀ ਕਿ ਮਾਮਲਾ ਸ਼ੱਕੀ ਜਿਹਾ ਹੋ ਗਿਆ ਹੈ। ਕੋਠੀ ਵਾਲੀ ਗੱਲ ਸੱਚ ਹੀ ਨਿੱਕਲੀ, ਕਿਰਾਏ ਉੱਤੇ ਸੀ।ਬਾਕੀ ਕਿਸੇ ਗੱਲ ਨੂੰ ਲੈ ਕੇ ਉਹਦੇ ਚਾਚੇ ਤਾਇਆਂ ਨੇ ਪੈਰ ਤੇ ਪਾਣੀ ਨਾ ਪੈਣ ਦਿੱਤਾ। ਚੰਨੀ ਨਾਲ ਵੀ ਗੱਲ ਨਾ ਕਰਵਾਈ, ਹਰ ਵਾਰ ਜਦੋਂ ਵੀ ਆਈ ਐੱਸ ਡੀ(ISD) ਉੱਤੇ ਪੰਜਾਹ ਰੁਪਏ ਫੂਕ ਕੇ ਕਾਲ ਕਰਦੇ ਤਾਂ ਚੰਨੀ ਘਰ ਨਾ ਹੁੰਦਾ। ਭੂਆ ਹੁੰਦੀ ਜਾਂ ਕੁਡ਼ੀ ਜਾਂ ਕਦੇ ਕਦੇ ਪਿਉ। ਹਰ ਕੋਈ ਸੁੱਖ ਸਾਂਦ ਪੁੱਛਦਾ,ਆਖਦਾ ਕੱਲ੍ਹ ਨੂੰ ਐਨੇ ਵਜੇ ਕਰ ਲਿਓ ,ਪਰਸੋਂ ਕਰ ਲਿਓ।ਫਿਰ ਮੁੜ ਕੇ ਗੱਲ ਪੈਸਿਆਂ ਤੇ ਆ ਖੜ੍ਹਦੀ।ਸਿੱਧਾ ਕੋਈ ਨਾ ਕੋਈ ਆਖਦਾ, ਟੇਢੇ ਨਾਲ ਆਖਦੇ,” ਲੈ ਚੰਨੀ ਦਾ ਕੰਮ ਖੜ੍ਹਾ ਇਸ ਪਾਸਿਓਂ,ਫਲਾਣੀ ਥਾਵੇਂ ਦੇਣੇ, ਕਦੇ ਆਖਣਾ ਵਿਆਹ ਤੇ ਖਰਚ ਵਾਲਿਆਂ ਦੇ ਮੋੜਨੇ ਕਦੇ ਕੁਝ ਕਦੇ ਕੂਝ।”ਬਚਿੱਤਰ ਟਾਲ ਮਟੋਲ ਕਰਦਾ। ਇਸ਼ਾਰੇ ਚ ਦੱਸਦਾ ਹੋਏ ਕੁੜੀ ਨੂੰ ਲੈ ਕੇ ਜਾਓਗੇ ਤਾਂ ਪੈਸੇ ਭੇਜਾਂਗਾ।ਫਿਰ ਉਹ ਫਾਈਲ ਦੇ ਸਰਕਾਰੀ ਖਰਚੇ ਵਕੀਲ ਪਤਾ ਨਹੀਂ ਕੀ ਕੁਝ ਗਿਣਾ ਦਿੰਦੇ। ਫਿਰ ਤਾਂ ਚਾਚੇ ਤਾਇਆਂ ਨੇ ਵੀ ਬਚਿੱਤਰ ਨੂੰ ਟਾਲਣਾ ਸ਼ੁਰੂ ਕਰ ਦਿੱਤਾ। ਉਹਦੇ ਆਉਂਦੇ ਹੀ ਇਧਰ ਓਧਰ ਹੋ ਜਾਂਦੇ, ਕਦੇ ਆਖਦੇ ਭਾਈ ਸਾਨੂੰ ਨਹੀਂ ਪਤਾ ਤੁਹਾਡੀ ਗੱਲ ਤੁਸੀਂ ਹੀ ਸਮਝੋ, ਹੁਣ ਤਾਂ ਦੋ ਪਰਿਵਾਰਾਂ ਦੀ ਆਪਸੀ ਗੱਲ ਹੈ।ਭੂਆ ਨੇ ਫ਼ਿਰ ਇੱਕ ਦਿਨ ਸਿੱਧਾ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਪੈਸੇ ਨਾ ਭੇਜੇ ਸਾਡੇ ਵੱਲੋਂ ਕੁੜੀ ਨੂੰ ਲਿਜਾਣ ਦੀ ਨਾਂਹ ਹੀ ਸਮਝੋ, ਅਸੀਂ ਤਲਾਕ ਦੇਕੇ ਹੋਰ ਵਿਆਹ ਕਰਵਾ ਲਵਾਂਗੇ। ਅਸੀਂ ਕੋਈ ਮੁੰਡਾ ਸੁੱਟਿਆ ਹੋਇਆ ਨਾ ਕੋਈ ਐਬ ਏ ਬਥੇਰੇ ਹੋਰ ਰਿਸ਼ਤੇ ਆਉਂਦੇ, ਲੋਕੀ ਬੁੱਕਾਂ ਚ ਭਰ ਕੇ ਪੈਸੇ ਦੇਣ ਨੂੰ ਤਿਆਰ ਨੇ। ਨਾਲੇ ਗੱਡੀ ਨਾਲੇ ਸੋਨਾ। ਅਸੀਂ ਤਾਂ ਵਿਆਹ ਕੀਤਾ ਸੀ ਚਲੋ ਸਾਊ ਟੱਬਰ ਏ। ਇਹ ਤਾਂ ਸਾਡੇ ਨਾਲ ਹੀ ਚਾਰ ਸੌ ਬੀਸੀਆਂ ਕਰਨ ਲੱਗੇ ਨੇ। ਦੇਖ ਭਾਈ ਬਚਿੱਤਰ ਹੁਣ ਓਦਣ ਹੀ ਫੋਨ ਕਰੀਂ ਜਿੱਦਣ ਪੈਸੇ ਸਾਡੇ ਕੋਲ ਆਗੇ ।ਨਹੀਂ ਭਾਈ ਆਪਣੀ ਗੱਲ ਖਤਮ ਸਮਝੋ।ਬਚਿੱਤਰ ਦਾ ਜਿਵੇਂ ਅੰਦਰ ਹਿੱਲ ਗਿਆ।ਆਹ ਤਾਂ ਉਹਨੇ ਉਮਰ ਭਰ ਦਾ ਕਲੰਕ ਖੱਟ ਲਿਆ। ਐਵੇਂ ਦੇ ਲਾਲਚੀ ਬੰਦੇ ਹੋਣਗੇ ਉਹਨੂੰ ਭੋਰਾ ਅੰਦਾਜ਼ਾ ਨਹੀਂ ਸੀ। ਦਾਜ਼ ਦਹੇਜ ਦਾ ਲਾਲਚ ਚੱਲ ਹਰ ਕੋਈ ਨੂੰ ਹੁੰਦਾ ਪਰ ਪੈਸੇ ਨਾਲ ਮੁੰਡਾ ਤੋਲ ਦੇਣਾ ਕਿੱਡੀ ਭੈੜੀ ਗੱਲ ਏ।ਸੁਣਕੇ ਉਹ ਫਿਰ ਜਾ ਵੜਿਆ ਚੰਨੀ ਦੇ ਪਿੰਡ,ਅੱਗਿਓਂ ਉਹ ਕੋਈ ਜਦੋਂ ਥਾਂ ਸਿਰ ਨਾ ਦਿੱਤੀ ਤਾਂ ਬਹਿਸ ਹੋ ਗਈ। ਗਰਮਾ ਗਰਮੀ ਹੋ ਗਈ। ਉੱਚੀ ਉੱਚੀ ਬੋਲਦੇ ਸੁਣ ਲੋਕ ਕੱਠੇ ਹੋਗੇ।ਬਹੁਤੇ ਬੰਦਿਆ ਨੂੰ ਬਚਿੱਤਰ ਦਾ ਪਤਾ ਸੀ ਬਈ ਵਿਚੋਲਗਿਰੀ ਕਰਦਾ ਪਰ ਤੀਜੇ ਕੁ ਦਿਨ ਹੀ ਇਹਨਾਂ ਦੇ ਘਰ ਕਿਉਂ ਆਉਂਦਾ ਇਹਦਾ ਕੋਈ ਪਤਾ ਨਹੀਂ ਸੀ।ਅੱਜ ਪਤਾ ਲੱਗ ਗਿਆ ਕਿ ਅਸਲ ਮਸਲਾ ਕੀ ਏ। ਭਲੇ ਬੰਦਿਆ ਨੇ ਆਕੇ ਬਹਿਸ ਬੰਦ ਕਰਵਾਈ।ਪਰ ਚਾਚਿਆਂ ਤਾਇਆਂ ਨੇ ਆਖ ਦਿੱਤਾ ਕਿ ਉਹ ਮੁੜ ਉਹਨਾਂ ਦੇ ਵਿਹੜੇ ਪੈਰ ਨਾ ਪਾਵੇ। ਆਪਣਾ ਉਹਨਾਂ ਨਾਲ ਨਜਿੱਠ , ਜੇ ਅਸੀਂ ਰਿਸ਼ਤੇ ਨੂੰ ਆਖਿਆ ਤਾਂ ਇਹਦਾ ਮਤਲਬ ਸਾਨੂੰ ਮੁੱਲ ਲੈ ਲਿਆ ਕਿਸੇ ਨੇ ? ਸਾਡਾ ਤੇਰਾ ਸਾਬ ਖਤਮ ਭਾਈ।ਬਚਿੱਤਰ ਨਿਮੋਝੂਣਾ ਹੋ ਕਿ ਵਾਪਿਸ ਪਿੰਡ ਨੂੰ ਤੁਰ ਪਿਆ। ਇਹ ਹਾੜ੍ਹ ਦਾ ਅੰਤ ਸੀ। ਕਣਕਾਂ ਵੱਢੀਆਂ ਨੂੰ ਮਹੀਨੇ ਬੀਤ ਗਏ ਸੀ। ਹੁਣ ਹਰੇਕ ਖੇਤ ਪਾਣੀ ਦਾ ਭਰਿਆ ਤਲਾਅ ਜਿਹਾ ਜਾਪਦਾ ਸੀ। ਕੱਦੂ ਕਰਨ ਲਈ ਟਰੈਕਟਰ ਮਾਰੋ ਮਾਰ ਖੇਤਾਂ ਚ ਫਿਰ ਰਹੇ ਸੀ। ਬਿਜ਼ਲੀ ਦੀਆਂ ਮੋਟਰਾਂ ਪਾਣੀ ਕੱਢਦੀਆਂ ਇੰਝ ਜਾਪਦੀਆਂ ਸੀ ਜਿਵੇਂ ਦੁੱਧ ਵਹਾ ਰਹੀਆਂ ਹੋਣ। ਨਵੀਂ ਬਣੀ ਸਰਕਾਰ ਨੇ ਆਉਂਦਿਆਂ ਹੀ ਪਹਿਲੀ ਵਾਰ ਪੰਜਾਬ ਚ ਖੇਤੀ ਲਈ ਮੁਫ਼ਤ ਬਿਜਲੀ ਦੇਣ ਦੇ ਆਪਣੇ ਵਾਅਦੇ ਨੂੰ ਨਿਭਾਇਆ ਸੀ।ਜਿਥੇ ਕੱਦੂ ਹੋ ਗਿਆ ਸੀ ਓਥੇ ਯੂਪੀ ਬਿਹਾਰ ਤੋਂ ਆਏ ਪਰਵਾਸੀ ਪਿੱਠ ਤੇ ਝੁਕੇ ਤੇ ਪੱਟਾਂ ਤੱਕ ਗਾਰੇ ਚ ਲਿਬੜੇ ਝੋਨੇ ਦੀ ਪਨੀਰੀ ਲਾ ਰਹੇ ਸੀ। ਹਰ ਕੋਈ ਰੁੱਝਿਆ ਹੋਇਆ ਸੀ। ਸੱਥ ਚ ਭੀੜ ਘੱਟ ਸੀ। ਪਿੰਡ ਦੇ ਦਰਵਾਜ਼ੇ ਵੀ ਉਹੀ ਬੁੱਢੇ ਠੇਰੇ ਬੈਠੇ ਸੀ ਜੋ ਕੰਮ ਜੋਗੇ ਨਹੀਂ ਸੀ,ਉਹਨਾਂ ਦੀ ਤਾਂ ਬਾਰਾਂ ਮਹੀਨੇ ਤੀਹ ਦਿਨ ਸੀਪ ਚਲਦੀ ਹੀ ਰਹਿੰਦੀ ਸੀ।ਸੀਪ ਤੋਂ ਬਚਿੱਤਰ ਨੂੰ ਖਿਆਲ ਮੁੜ ਓਥੇ ਹੀ ਟਿਕ ਗਿਆ ਕਿ ਸੀਪ ਊਹਦੇ ਨਾਲ ਵੀ ਲੱਗ ਗਈ ਏ। ਉਹ ਬੱਸ ਅੱਡੇ ਵੱਲ ਤੁਰਦਾ ਗਿਆ। ਆਸ ਪਾਸ ਕੌਣ ਕੀ ਕਰ ਰਿਹਾ ਕਿਥੋਂ ਆ ਰਿਹਾ ਉਹਨੂੰ ਭੋਰਾ ਨਹੀਂ ਸੀ ਪਤਾ।ਰਸਤੇ ਚ ਤੁਰਦੇ ਹੋਏ ਉਹ ਚਲਦੀ ਬੰਬੀ ਤੇ ਪਾਣੀ ਪੀਣ ਲਈ ਰੁਕਿਆ।ਪਹਿਲਾਂ ਪਰਨੇ ਨੂੰ ਗਿੱਲਾ ਕਰ ਮੂੰਹ ਪੂੰਝਿਆ ਫਿਰ ਹੱਥ ਪੈਰ ਧੋਤੇ।ਆਉਣ ਵੇਲੇ ਉਹਨੇ ਸੋਚਿਆ ਸੀ ਕਿ ਪਿੰਡੋਂ ਬਾਹਰ ਅੱਡੇ ਦੇ ਨੇੜੇ ਇਸ ਬੰਬੀ ਤੇ ਉਹ ਨਹਾ ਕੇ ਜਾਏਗਾ। ਪਰ ਸਭ ਰੌਲੇ ਨੇ ਉਹਦਾ ਮਨ ਖੱਟਾ ਕਰ ਦਿੱਤਾ ਸੀ।ਪਾਣੀ ਪੀ ਰਿਹਾ ਸੀ ਕਿ ਨੌਜਵਾਨ ਟਰੈਕਟਰ ਤੋਂ ਉੱਤਰ ਕੇ ਊਹਦੇ ਨਾਲ ਆ ਖੜਾ ਹੋਇਆ।”ਮੁੰਡਾ ਤਾਂ ਪਹਿਲਾਂ ਹੀ ਓਥੇ ਵਿਆਹਿਆ ਹੋਇਆ “ਮੁੰਡੇ ਨੇ ਉੱਤਰਦੇ ਹੀ ਕਿਹਾ।ਬਚਿੱਤਰ ਦੇ ਸੰਘ ਚ ਜਿਵੇਂ ਪਾਣੀ ਹੀ ਨਹੀਂ ਸਗੋਂ ਸਾਹ ਵੀ ਅੜ੍ਹ ਗਿਆ ਹੋਏ।”ਕਿਹੜਾ ਮੁੰਡਾ ?” ਉਹਨੇ ਮਨ ਹੀ ਮਨ ਰੱਬ ਨੂੰ ਧਿਆਇਆ ਤੇ ਆਖਿਆ ਕਿ ਹੇ ਮੇਰੇ ਮਾਲਕਾ ਚੰਨੀ ਦੀ ਗੱਲ ਨਾ ਹੋਏ।”ਚੰਨੀ, ਉਹਦੇ ਕਰਕੇ ਹੀ ਤੁਸੀਂ ਲੜ ਰਹੇ ਸੀ ਪੰਚਾਂ ਦੇ”।ਚੰਨੀ ਦਾ ਟੱਬਰ ਪਿੰਡ ਦੇ ਮੁੱਢਲੇ ਪੰਚਾਂ ਵਿਚੋਂ ਸੀ , ਇਹੋ ਅੱਲ੍ਹ ਪਈ ਹੋਈ ਸੀ।ਬਚਿੱਤਰ ਦਾ ਸਾਹ ਸੂਤਿਆ ਗਿਆ।”ਤੁਹਾਨੂੰ ਕਿਵੇਂ ਪਤਾ ?”ਪਿੰਡੋਂ ਇੱਕ ਹੋਰ ਟੱਬਰ ਗਿਆ ਹੋਇਆ, ਉਹਨਾਂ ਦਾ ਮੇਲ ਜੋਲ ਹੈਗਾ ਪਿੰਡ ਚ, ਓਥੋਂ ਪਤਾ ਲੱਗਾ, ਇਹ ਤਾਂ ਹੁਣ ਸਾਰੇ ਪਿੰਡ ਨੂੰ ਪਤਾ,ਬਈ ਇਹ ਸਾਲੇ ਤੋਲੇ ਤੋਲੇ ਦੀਆਂ ਮੁੰਦੀਆਂ ਪਿੱਛੇ ਵਿਕ ਗਏ, ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜ਼ਮੀਰ ਹੀ ਮਰਗੀ ਸਾਲਿਆਂ ਦੀ ,ਵੱਡੇ ਬਣੇ ਫਿਰਦੇ ਲਾਡ ਸਾਬ… ਭੈਣ… ਮਾਂ….. ਮੁੰਡਾ ਗਾਲ੍ਹਾਂ ਕੱਢਦਾ ਜਾ ਰਿਹਾ ਸੀ। ਪਰ ਬਚਿੱਤਰ ਦੇ ਕੰਨ ਸੁਣਨ ਤੋਂ ਰਹਿ ਗਏ ਸੀ।ਮੁੰਡੇ ਦੀ ਗੱਲ ਉਹਦੇ ਕੰਨਾਂ ਚ ਗੂੰਜਦੀ ਗਈ।ਘਰ ਗਿਆ ਤੇ ਜਾਂਦੇ ਹੀ ਮੰਜੇ ਤੇ ਪੈ ਗਿਆ। ਢਿੱਡ ਦੁਖਣ ਲੱਗਾ, ਉਲਟੀਆਂ ਤੇ ਦਸਤ ਲੱਗ ਗਏ।ਜਾਪਦਾ ਸੀ ਜਿਵੇਂ ਗਰਮੀ ਲੱਗ ਗਈ ਹੋਵੇ। ਗਰਮੀ ਦੇ ਇਸ ਮੌਸਮ ਚ ਵੀ ਕਾਂਬੇ ਦਾ ਬੁਖਾਰ ਚੜ੍ਹ ਗਿਆ ਸੀ।ਪਾਪ ਹੋ ਜਾਣ ਦਾ ਅਹਿਸਾਸ ਉਹਦੇ ਦਿਲ ਨੂੰ ਲੱਗ ਗਿਆ ਸੀ।……..ਗੱਜਣ ਕਈ ਵਾਰ ਬਚਿੱਤਰ ਨੂੰ ਮਿਲ ਆਇਆ ਸੀ, ਪਰ ਹਰ ਵਾਰ ਊਹਦੇ ਕੋਲੋ ਇੱਕੋ ਗੱਲ ਸੁਣਦੀ ਸੀ। ਕਿ ਇਸ ਵਾਰ ਹੋਊ ਗੱਲ ਮੁੰਡੇ ਨਾਲ ਇਸ ਸਾਲ ਹੋਊ। ਹੁਣ ਜਦੋਂ ਉਹ ਇਸ ਵਾਰ ਦੁਕਾਨ ਤੇ ਗਿਆ ਤਾਂ ਅੱਗਿਓ ਬਚਿੱਤਰ ਦੀ ਥਾਵੇਂ ਉਹਦਾ ਮੁੰਡਾ ਬੈਠਾ ਸੀ।ਪਤਾ ਲੱਗਾ ਕਿ ਉਹਨੂੰ ਹਫ਼ਤਾ ਹੋਇਆ ਤੇ ਬੁਖਾਰ ਹੀ ਨਹੀਂ ਉੱਤਰਦਾ ਸੀ ।ਉੱਪਰੋਂ ਪਤਾ ਨਹੀਂ ਡਾਕਟਰ ਕਹਿੰਦਾ ਹੈਜ਼ਾ ਹੋ ਗਿਆ ਅੰਦਰ ਕੁਝ ਰੁਕਦਾ ਨਹੀਂ ਸੀ,ਬੱਸ ਓਰਆਰਐੱਸ ਹੀ ਪੀਂਦਾ ਜਾਂ ਗੁਲੂਕੋਜ਼ ਹੀ ਚੜ੍ਹਦਾ ਰਿਹਾ। ਹੁਣ ਕੱਲ੍ਹ ਪਰਸੋਂ ਦਾ ਹੀ ਬੈਠਣ ਉੱਠਣ ਲੱਗਾ।ਅਚਾਨਕ ਬਿਮਾਰ ਹੋਣ ਦੀ ਗੱਲ ਗੱਜਣ ਦੇ ਗਲੇ ਨਾ ਉੱਤਰੀ ਕਿ ਕੀ ਪਤਾ ਮਿਲਣ ਤੋਂ ਹੀ ਟਰਕਾਉਂਦਾ ਹੋਏ। ਕੰਮ ਤਾਂ ਉਹਨੂੰ ਸ਼ਹਿਰ ਕਈ ਸੀ ਜਰੂਰੀ। ਪਰ ਹਰ ਵਾਰ ਸ਼ਹਿਰ ਤੋਂ ਘਰ ਜਾਂਦੇ ਹੀ ਮਨਜੀਤ ਉਹਦੇ ਮੂੰਹ ਵੱਲ ਇੰਝ ਤੱਕਦੀ ਸੀ ਕਿ ਕੋਈ ਸੁਨੇਹਾ ਆਇਆ ਹੋਵੇ। ਨਾਂਹ ਨਾਂਹ ਚ ਸਿਰ ਹਿਲਾਉਂਦੇ ਹੋਏ ਉਹ ਆਪ ਹੀ ਸ਼ਰਮਿੰਦਾ ਜਿਹਾ ਹੋ ਜਾਂਦਾ ਸੀ। ਸੋਚਿਆ ਚਲੋ ਖ਼ਬਰਸਾਰ ਲੈ ਆਉਂਦੇ ਹਾਂ ,ਕੋਈ ਉੱਘ ਸੁੱਘ ਤਾਂ ਦਵੇਗਾ ਹੀ।ਇਹੋ ਸੋਚ ਉਹ ਬਚਿੱਤਰ ਵੱਲ ਨੂੰ ਹੋ ਤੁਰਿਆ।ਸਵੇਰੇ ਸਵੇਰੇ ਕੋਈ ਹਾੜ ਦੀ ਬੱਦਲੀ ਗਰਜ਼ ਕੇ ਮੀਂਹ ਪਾ ਕੇ ਹਟੀ ਸੀ।ਚੜ੍ਹਦੇ ਪਾਸਿਓਂ ਜਾਪਦਾ ਸੀ ਜਿਵੇਂ ਸੌਣ ਦੀਆਂ ਝੜੀਆਂ ਤੋੰ ਪਹਿਲਾਂ ਦੀ ਆਮਦ ਹੋਵੇ, ਪਰ ਇਸ ਵੇਲੇ ਸੂਰਜ ਪੂਰਾ ਲਿਸ਼ਕ ਰਿਹਾ ਸੀ ਚਮਕ ਰਿਹਾ ਸੀ। ਜਦੋਂ ਬਚਿੱਤਰ ਕੋਲ ਪਹੁੰਚਿਆ ਤਾਂ ਉਹ ਬੈਠਕ ਚ ਪਿਆ ਦਾਤੀ ਫਰੇ ਪੱਖੇ ਦੀ ਹਵਾ ਚ ਉਸਲਵੱਟੇ ਲੈ ਰਿਹਾ ਸੀ।”ਇਹ ਚੰਗਾ ਥੋਡੇ ਵੱਲ ਦੁਪਹਿਰੇ ਬਿਜਲੀ ਆ ਜਾਂਦੀ,ਸਾਡੇ ਤਾਂ ਕੱਟ ਲੈਂਦੇ ਇਸ ਵੇਲੇ ਕੀ ਵਾਰ ਦਿਨੇ ਕਈ ਵਾਰ ਰਾਤੀਂ” ਮਾਮੂਲੀ ਗਲ ਬਾਤ ਕਰਕੇ ਉਹਨੇ ਗੱਲ ਕਰਨ ਦੇ ਨਜ਼ਰੀਏ ਤੋਂ ਗੱਲ ਤੋਰੀ।”ਬੱਸ ਅਸੀਂ ਮੋਟਰਾਂ ਤੋਂ ਲਾਈਨ ਅੱਡ ਕਰਵਾ ਲਈ, ਸ਼ਹਿਰ ਆਲੀ ਲਾਈਨ ਪੈ ਗਈ,ਇਹ ਨੀ ਜਾਂਦੀ ਚੌਵੀ ਘੰਟੇ, ਮੋਟਰਾਂ ਵਾਲੀ ਦਾ ਜੱਬ ਸੀ” ਬਚਿੱਤਰ ਨੇ ਆਖਿਆ। ਗੱਲ ਪੂਰੀ ਕਰਕੇ ਚੁੱਪੀ ਹੋ ਗਈ। ਨੂੰਹ ਉਹਦੇ ਲਈ ਲੱਸੀ ਲੈ ਆਈ ਘੁੱਟ ਭਰਦੇ ਉਹ ਉਹਦੀ ਸਿਹਤ ਬਾਰੇ ਪੁੱਛਦਾ ਰਿਹਾ। ਸੁਲਾਹ ਮਾਰੀ ਕਿ ਜਲੰਧਰ ਲੈ ਚਲਦਾ ਓਥੇ ਢਿੱਡ ਦਾ ਡਾਕਟਰ ਹੈਗਾ ਵਧੀਆ।ਬਚਿੱਤਰ ਹੂੰ ਹਾਂ ਜਿਹੀ ਕਰਦਾ ਰਿਹਾ,ਜਿਵੇਂ ਉਡੀਕ ਰਿਹਾ ਹੋਏ ਕਿ ਕਦੋੰ ਛੁਰੇ ਵਰਗਾ ਸਵਾਲ ਉਹਦੀ ਹਿੱਕ ਚ ਵੱਜੇ ਤੇ ਉਹਦੇ ਦਿਲ ਦਾ ਦਰਦ ਸਾਂਝਾ ਹੋ ਸਕੇ,ਖਬਰੇ ਇਸ ਨਾਲ ਕੁਝ ਦਰਦ ਘੱਟ ਜਾਵੇ।”ਫਿਰ ਹੋਈ ਗੱਲ ਚੰਨੀ ਨਾਲ ” ਗੱਜਣ ਨੇ ਜਕਦੇ ਜਕਦੇ ਪੁੱਛਿਆ।ਬਚਿੱਤਰ ਦੀਆਂ ਅੱਖਾਂ ਚ ਹੰਝੂ ਨਿੱਕਲ ਆਏ।”ਧੋਖਾ ਹੋ ਗਿਆ ਗੱਜਣ ਸਿਹਾਂ , ਆਪਾਂ ਸਿਖ਼ਰ ਦੁਪਹਿਰੇ ਲੁੱਟੇ ਗਏ, ਮੁੰਡਾ ਪਹਿਲਾ ਹੀ ਵਿਆਹਿਆ ਹੋਇਆ ਓਥੇ ਵਲੈਤ ਚ “.ਗੱਜਣ ਤ੍ਰਬਕ ਕੇ ਇੰਝ ਉੱਠਿਆ ਜਿਵੇ ਬਿਜਲੀ ਦਾ ਕਰੰਟ ਲੱਗ ਗਿਆ ਹੋਏ। ਉਹਦੀਆਂ ਅੱਖਾਂ ਖੁੱਲ ਗਈਆਂ,ਚਿਹਰੇ ਤੇ ਪਸੀਨਾ ਚੋਣ ਲੱਗਾ। ਕੁਝ ਪਲ ਲਈ ਜਿਵੇਂ ਸੁਰਤੀ ਘੁੰਮ ਗਈ ਹੋਏ। ਫ਼ਿਰ ਹੰਝੂ ਡਿੱਗਣ ਲੱਗੇ। ਬੜੇ ਸਹਾਰੇ ਨਾਲ ਉਹ ਕੁਰਸੀ ਤੇ ਬੈਠਿਆ।”ਸੱਚ! ” ਉਹਨੇ ਪੁੱਛਿਆ ।”ਆਹੋ ਇਸ ਝੋਰੇ ਨੇ ਮੈਨੂੰ ਮੰਜੇ ਨਾਲ ਜੋੜਤਾ” ਬਚਿੱਤਰ ਨੇ ਕਿਹਾ। “ਪਰ ਤੂੰ ਤਾਂ ਕਹਿੰਦਾ ਸੀ ਬੰਦੇ ਆਪਣੇ ਨੇ “। ਗੱਜਣ ਨੇ ਸਵਾਲ ਕੀਤਾ।”ਮਰੇ ਮੁੱਕਰੇ ਦਾ ਵੀ ਕੋਈ ਇਤਬਾਰ ਹੁੰਦਾ,ਸਭ ਦੇ ਮੂੰਹ ਬਦਲ ਗਏ “ਬਚਿੱਤਰ ਨੇ ਕਿਹਾ।”ਹੇ ਮੇਰੇ ਮਾਲਕਾ,ਮੈਂ ਆਪਣੇ ਹੱਥੀ ਹੀ ਆਪਣੀ ਧੀ ਨੂੰ ਬਰਬਾਦੀ ਦੇ ਲੜ੍ਹ ਲਾ ਛੱਡਿਆ,ਉਹ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਾ ਰਹਿ” ਉਹ ਪੱਗ ਦੇ ਲੜ ਨਾਲ ਅੱਖਾਂ ਪੂੰਝ ਕੇ ਰੋਣ ਲੱਗਾ।ਉਸਦੇ ਮਨ ਚ ਬੱਸ ਇੱਕੋ ਖਿਆਲ ਸੀ ਕਿ ਉਹ ਮਨਜੀਤ ਨਾਲ ਨਜ਼ਰਾਂ ਕਿਸ ਤਰ੍ਹਾਂ ਮਿਲਾ ਪਾਏਗਾ।

ਹਨੇਰਾ ਕਾਫ਼ੀ ਡੂੰਗਾ ਹੋ ਗਿਆ ਸੀ, ਬਿਜਲੀ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ। ਪਾਣੀ ਛਿੜਕ ਵਿਹੜੇ ਚ ਮੰਜੇ ਡਾਹੀ ਤੇ ਮੱਛਰ ਦਾਨੀ ਚ ਪਈ ਮਨਜੀਤ ਧੂਲ ਭਰੀ ਮਿੱਟੀ ਮਗਰੋਂ ਸਾਫ਼ ਹੋਏ ਅਸਮਾਨ ਨੂੰ ਨਿਹਾਰ ਰਹੀ ਸੀ। ਦੂਰ ਕਿਸੇ ਕੋਨੇ ਵਿੱਚ ਅਸਮਾਨੀ ਬਿਜਲੀ ਦਾ ਲਿਸ਼ਕਾਰਾ ਪੈ ਰਿਹਾ ਸੀ। ਜਾਪਦਾ ਸੀ ਅੱਧੀ ਰਾਤ ਮਗਰੋਂ ਤਪਦੀ ਧਰਤ ਉੱਤੇ ਧਾਵਾ ਬੋਲ ਦੇਣਗੇ। ਵੈਸੇ ਵੀ ਝੋਨੇ ਦੇ ਕੱਦੂ ਨੂੰ ਮਾਹੌਲ ਚ ਭਾਦੋਂ ਜਿਹੀ ਹੁੰਮਸ ਭਰ ਛੱਡੀ ਸੀ।ਮਨਜੀਤ ਨੇ ਸੁਣਿਆ ਸੀ ਕਿ ਵਲੈਤ ਚ ਇਹ ਰੁੱਤ ਬਹੁਤ ਸੁਹਾਵਣੀ ਹੁੰਦੀ ਹੈ। ਅਕਤੂਬਰ ਨਵੰਬਰ ਵਰਗੀ ਥੋੜ੍ਹੀ ਥੋੜ੍ਹੀ ਠੰਡ ਇਸੇ ਵੇਲੇ ਦੁਨੀਆਂ ਭਰ ਦੇ ਸੈਲਾਨੀ ਉਸ ਵੱਲ ਖਿਚੇ ਚਲੇ ਆਉਂਦੇ ਹਨ। ਲੋਕ ਲੰਮੀਆਂ ਸੈਰਾਂ ਪਿਕਨਿਕ ਪਲੈਨ ਕਰਦੇ ਹਨ। ਉਹ ਸੋਚ ਰਹੀ ਸੀ ਕਿ ਇਹ ਤਾਰੇ ਜੋ ਉਹ ਵੇਖ ਰਹੀ ਹੈ ਕੀ ਓਥੋਂ ਵੀ ਦਿਸਦੇ ਹੋਣਗੇ ਇੰਝ ਹੀ ਸ਼ਾਂਤ ਤੇ ਮਨ ਨੂੰ ਸ਼ਾਂਤੀ ਭਰਨ ਵਾਲੇ। ਜਦੋਂ ਵੀ ਉਹਨੂੰ ਅਸਮਾਨ ਚ ਸ਼ਾਂਤੀ ਵਿਖਦੀ ਚੰਨੀ ਮੁੜ ਊਹਦੇ ਦਿਮਾਗ ਚ ਭਰ ਜਾਂਦਾ। ਪਲ ਪਲ ਕਰਕੇ ਬੀਤਿਆ ਸਮਾਂ ਉਹਦੀਆਂ ਅੱਖਾਂ ਸਾਹਮਣੇ ਸਾਕਾਰ ਹੋ ਜਾਂਦਾ।ਉਹਦਾ ਹੱਥ ਮੱਲੋ ਮੱਲੀ ਆਪਣੇ ਢਿੱਡ ਉੱਪਰੋਂ ਦੌੜਦਾ ਤੇ ਉਹਨਾਂ ਪਲਾਂ ਦੀ ਨਿਸ਼ਾਨੀ ਨੂੰ ਛੋਹ ਕੇ ਉਹ ਆਪਣੇ ਆਪ ਤੋਂ ਹੀ ਸ਼ਰਮਾ ਜਾਂਦੀ। #HarjotDiKalam ਇਹ ਉਸਦਾ ਛੇਵਾਂ ਮਹੀਨਾ ਚੱਲ ਰਿਹਾ ਸੀ,ਹੁਣ ਤਾਂ ਢਿੱਡ ਲੁਕਾਉਣ ਤੇ ਵੀ ਲੁਕਦਾ ਨਹੀਂ ਸੀ। ਹਰ ਪਾਸਿਓਂ ਵਧਾਈਆਂ ਸੀ। ਪੁੱਤ ਹੋਣ ਦੀਆਂ ਅਸੀਸਾਂ ਸੀ। ਸੁਹਾਗਣ ਹੋਣ ਦੀ ਅਸੀਸ ਸੀ।ਸਭ ਕੁਝ ਬੇਸੁਆਦਾ ਹੋ ਜਾਂਦਾ ਜਦੋਂ ਉਹਨੂੰ ਜਾਪਦਾ ਕਿ ਉਹ ਇਹ ਦੁੱਖ ਇਹ ਸੁੱਖ ਇਹ ਅਹਿਸਾਸ ਕੱਲੀ ਜੀਅ ਰਹੀ ਹੈ।ਔਰਤ ਹਮੇਸ਼ਾਂ ਇੱਕ ਵਫ਼ਾਦਾਰ ਸਾਥੀ ਚੁਣਦੀ ਹੈ ਕਿ ਉਹ ਜਦੋਂ ਇਸ ਦੌਰ ਵਿੱਚੋ ਗੁਜ਼ਰੇ ਉਹ ਉਸਦਾ ਸਾਥ ਦੇ ਸਕੇ ਉਸਨੂੰ ਸੰਭਾਲ ਸਕੇ। ਜੀਵਨਸਾਥੀ ਦੇ ਸਾਥ ਤੋਂ ਬਗੈਰ ਔਰਤ ਦਾ ਮਾਂ ਬਣਨ ਇੱਕ ਸਜ਼ਾ ਤੋਂ ਵੱਧਕੇ ਕੁਝ ਨਹੀਂ ਹੈ। ਜਦੋਂ ਗੱਜਣ ਗੇਟ ਤੋੰ ਲੰਘਿਆ ਉਹ ਉੱਠ ਬੈਠੀ ਸੀ। ਇਹ ਜਾਣਦੇ ਹੋਏ ਵੀ ਕਿ ਜੋ ਬੁਰਾ ਹੋ ਗਿਆ ਉਸਤੋਂ ਵੱਧ ਬੁਰਾ ਕੁਝ ਨਹੀਂ ਹੋ ਸਕਦਾ।ਗੇਟ ਤੇ ਕੋਲ ਹੀ ਲੱਗੇ ਨਲਕੇ ਤੋੰ ਪਹਿਲਾਂ ਉਸਨੇ ਹੱਥ ਪੈਰ ਤੇ ਮੂੰਹ ਧੋਤਾ ਫਿਰ ਪਾਣੀ ਆਪਣੇ ਸਿਰ ਦੇ ਉੱਪਰੋਂ ਵਗਾਹ ਕੇ ਮਾਰਿਆ, ਜੇ ਕੋਈ ਬਲਾ ਪਿੱਛਾ ਕਰਦੀ ਹੋਏ ਤਾਂ ਵਾਪਿਸ ਦੌਡ਼ ਜਾਏ। ਫ਼ਿਰ ਇੱਕ ਗੇੜਾ ਅੰਦਰ ਮਾਰ ਕੇ ਉਹ ਵਾਪਿਸ ਆਇਆ।ਬੁਝੇ ਜਿਹੇ ਮਨ ਨਾਲ ਉਹਦਾ ਹਾਲ ਪੁੱਛਿਆ।ਬਾਪੂ ਦਾ ਇੰਝ ਦਾ ਦਿਲ ਢਾਹੁ ਬੋਲ ਉਹਨੇ ਕਦੇ ਨਹੀਂ ਸੀ ਸੁਣਿਆ। ਆਵਾਜ਼ ਚ ਨਾ ਕੋਈ ਗੜਕ ਸੀ ਨਾ ਮੜਕ ਤੋਰ ਵੀ ਇੰਝ ਸੀ ਜਿਵੇਂ ਕੋਈ ਕਿੰਨੀ ਵਾਰ ਡਿੱਗ ਕੇ ਉੱਠਾ ਹੋਵੇ। ਧੀਆਂ ਪੁੱਤਾਂ ਦੇ ਦੁੱਖ ਬੁਢਾਪੇ ਨੂੰ ਦੁਖਦਾਈ ਬਣਾ ਦਿੰਦੇ ਹਨ, ਨਹੀਂ ਇਸ ਉਮਰ ਚ ਕੱਢਣ ਪਾਉਣ ਨੂੰ ਕੁਝ ਨਹੀਂ ਹੁੰਦਾ ਸਿਵਾਏ ਬੀਤੇ ਦੀਆਂ ਯਾਦਾਂ ਤੇ ਔਲਾਦ ਦੀਆਂ ਖੁਸ਼ੀਆਂ ਦੇ।ਮਨਜੀਤ ਚਾਹ ਕੇ ਵੀ ਕੁਝ ਨਾ ਪੁੱਛ ਸਕੀ ਕਿ ਬਾਪੂ ਕੀ ਕਹਿਣਾ ਚਾਹੁੰਦਾ ਸੀ। ਨਾ ਹੀ ਉਹਨੇ ਕੁਝ ਆਖਿਆ। ਬੇਬੇ ਨਾਲ ਵੀ ਕੋਈ ਬਹੁਤੀ ਗੱਲ ਨਾ ਕੀਤੀ ਨਾ ਹੀ ਮੁੰਡੇ ਨਾਲ। ਮੱਝਾਂ ਵੱਲੋਂ ਬਾਹਲੀ ਹੋਕੇ ਉਹ ਥੋੜ੍ਹੀ ਬਹੁਤ ਰੋਟੀ ਖਾ ਕੇ ਮੰਜੇ ਤੇ ਲੇਟ ਗਿਆ। ਪਤਾ ਨਹੀਂ ਸਬਜ਼ੀ ਚ ਉਹਨੂੰ ਲੂਣ ਜਿਆਦਾ ਲੱਗਾ ਸੀ।ਬਾਕੀ ਟੱਬਰ ਵੀ ਰੋਟੀ ਟੁੱਕ ਮੁਕਾ ਕੇ ਮੰਜਿਆਂ ਤੇ ਬੈਠ ਗਿਆ।ਇੱਕ ਅਜ਼ੀਬ ਖਾਮੋਸ਼ੀ ਸੀ। ਜਿਵੇਂ ਹੁਣੇ ਹਨੇਰੇ ਚ ਕੋਈ ਅਚਾਨਕ ਬੰਬ ਫਟ ਜਾਏਗਾ ਤੇ ਲਿਸ਼ਕੋਰ ਨਾਲ ਸਭ ਭਰ ਜਾਏਗਾ।ਅਖੀਰ ਪ੍ਰਸਿੰਨੀ ਨੇ ਹੀ ਡਰਦੇ ਡਰਦੇ ਜਿਹੇ ਪੁੱਛਿਆ।”ਕੋਈ ਖਬਰਸਾਰ ਮਿਲੀ, ਇਵੇਂ ਢਿੱਲਾ ਜਿਹਾ ਮੂੰਹ ਕਿਉਂ ਕਰੀਂ ਬੈਠਾਂ ?”ਗੱਜਣ ਦੇ ਅੰਦਰ ਦਾ ਗੁਬਾਰ ਜਿਵੇਂ ਇਸੇ ਸਵਾਲ ਦੀ ਉਡੀਕ ਵਿੱਚ ਸੀ।”ਪਤਾ ਨਹੀਂ ਸੱਚ ਏ ਕਿ ਝੂਠ ਬਚਿੱਤਰ ਦੱਸਦਾ ਕਿ ਮੁੰਡਾ ਤਾਂ ਪਹਿਲਾਂ ਹੀ ਵਿਆਹਿਆ ਹੋਇਆ,ਮੇਰੇ ਤਾਂ ਸੁਣਕੇ ਹੀ ਸਾਹ ਸੁੱਕ ਗਏ। ” ਆਖਦੇ ਹੀ ਗੱਚ ਭਰ ਆਇਆ ਸੀ।ਇੱਕ ਦਮ ਸ਼ਾਂਤੀ ਭੰਗ ਹੋ ਗਈ, ਪ੍ਰਸਿੰਨੀ ਨੇ ਵਾਹਿਗੁਰੂ ਵਾਹਿਗੁਰੂ ਆਖਿਆ ਦੋਵੇਂ ਹੱਥ ਜੋੜਕੇ ਅਸਮਾਨ ਵੱਲ ਤੱਕਿਆ। ਊਹਦੇ ਕੰਨੀ ਮਨਜੀਤ ਦੇ ਰੋਣ ਦੀ ਆਵਾਜ਼ ਪਈ।ਸ਼ਾਇਦ ਸਭ ਨੂੰ ਇਸ ਬੁਰੇ ਖਿਆਲ ਦਾ ਆਭਾਸ ਕੁਝ ਮਹੀਨੇ ਤੋਂ ਹੋਣ ਲੱਗਾ ਸੀ। ਅੱਜ ਮਹਿਜ਼ ਉਸ ਉੱਪਰ ਮੋਹਰ ਲੱਗੀ ਸੀ। ਸ਼ਾਂਤੀ ਦੇ ਸ਼ੋਰ ਚ ਸਿਰਫ ਮਨਜੀਤ ਰੋ ਰਹੀ ਸੀ, ਪ੍ਰਸਿੰਨੀ ਨੇ ਹੰਝੂ ਪਤਾ ਨਹੀਂ ਕਿਥੇ ਲੁਕੋ ਲੈ ਸੀ ਤੇ ਗੱਜਣ ਦਾ ਦਿਲ ਜਿਵੇਂ ਹੁਣ ਪੱਥਰ ਹੋ ਗਿਆ ਹੋਏ।……………ਗੁਰਬੇਜ਼ ਨੂੰ ਪਤਾ ਲੱਗਾ ਤਾਂ ਉਹ ਵੀ ਭੱਜਿਆ ਆਇਆ। ਜੋ ਹੋਇਆ ਪਿਛਾਂਹ ਨਹੀਂ ਸੀ ਮੁੜਿਆ ਜਾ ਸਕਦਾ ਪਰ ਕੋਈ ਹੱਲ ਤੇ ਕੱਢਣਾ ਹੀ ਪੈਣਾ ਨਹੀਂ ਤਾਂ ਕੁੜੀ ਦੀ ਜਿੰਦਗ਼ੀ ਰੁਲਜੂ। ਦੋ ਢਾਈ ਮਹੀਨੇ ਚ ਮਾਂ ਬਣ ਜਾਣਾ,ਜੇ ਕੁਝ ਨਾ ਹੱਲ ਕੀਤਾ ਤਾਂ ਦੁਬਾਰਾ ਵਿਆਹ ਚ ਤਾਂ ਕੋਈ ਪੱਕੀ ਉਮਰ ਦਾ ਹੀ ਮੁੰਡਾ ਮਿਲੂਗਾ। ਸੋਨੇ ਵਰਗੀ ਕੁੜੀ ਦੀ ਜਵਾਨੀ ਦੇ ਇੰਝ ਗਲ ਜਾਣ ਦਾ ਭਲਾਂ ਕਿਸੇ ਨੂੰ ਤਾਂ ਦੁੱਖ ਹੋਣਾ ਚਾਹੀਦਾ ਸੀ। ਕਈ ਸਲਾਹ ਮਸ਼ਵਰੇ ਹੋਏ। ਕਈ ਸਿਆਣੇ ਤੇ ਪੜ੍ਹੇ ਲਿਖੇ ਬੰਦਿਆ ਨੂੰ ਜਾ ਕੇ ਮਿਲੇ।ਹਰ ਕੋਈ ਦੁੱਖ ਤਾਂ ਸੁਣਦਾ ਪਰ ਵਿੱਚੋ ਵਿੱਚੋ ਸੁਣਾ ਦਿੰਦੇ,” ਤੁਸੀਂ ਮੂਰਖ ਸੀ ਪਹਿਲਾਂ ਪੜਤਾਲ ਕਰਨੀ ਸੀ,”। ਭਲਾਂ ਚੋਰ ਲੁਟੇਰੇ ਕਦੇ ਪੜਤਾਲ ਕਰਨ ਮਗਰੋਂ ਵੀ ਰੋਕੇ ਜਾ ਸਕੇ ਨੇ। ਬੀਬੇ ਬੰਦੇ ਬਣਕੇ ਜਦੋਂ ਕੋਈ ਇੰਝ ਕਰ ਸਕਦਾ ਸਮਾਂ ਮੁਸ਼ਕਿਲ ਆ ਹੀ ਗਿਆ।ਕਈ ਤਰੀਕੇ ਸੀ ਪੁਲਿਸ ਚ ਜਾਇਆ ਜਾ ਸਕਦਾ ਸੀ ਐਂਬੈਸੀ ਚ ਸ਼ਿਕਾਇਤ ਕੀਤੀ ਜਾ ਸਕਦੀ ਸੀ ਭਾਰਤ ਸਰਕਾਰ ਦੇ ਮੰਤਰਾਲੇ ਚ ਪੁੱਜਿਆ ਜਾ ਸਕਦਾ ਸੀ। ਪਰ ਪੱਕੀ ਖ਼ਬਰ ਤੋਂ ਬਿਨਾਂ ਪੂਰੀ ਜਾਣਕਾਰੀ ਬਿਨਾਂ ਇਹ ਵੀ ਮੁਸ਼ਕਿਲ ਜਿਹਾ ਸੀ। ਉੱਪਰੋਂ ਹਰ ਜਗ੍ਹਾ ਬਿਨਾਂ ਪੈਸੇ ਤੋਂ ਅੱਗੇ ਵਧਣਾ ਸੌਖਾ ਨਹੀਂ ਸੀ।ਅਖੀਰ ਬਚਿੱਤਰ ਨੇ ਇੱਕ ਸੰਸਥਾ ਜੋ ਐੱਨ ਆਰ ਆਈ ਦੇ ਧੋਖੇ ਤੋਂ ਮਦਦ ਲਈ ਬਣੀ ਸੀ ਉਹਦੀ ਪਹੁੰਚ ਕਈ ਮੁਲਕਾਂ ਵਿੱਚ ਸੀ। ਤੇ ਸਰਕਾਰੀ ਦਰਬਾਰੇ ਵੀ ਪੁੱਛ ਸੀ ਉਸ ਕੋਲ ਜਾਣ ਦੀ ਸੋਚੀ।ਬਕਾਇਦਾ ਫੀਸ ਲਈ ਜਾਣੀ ਸੀ।ਸਾਰੇ ਕਾਗਜ਼ ਪਤੱਰ ਬਣਾਏ ਜਾਣੇ ਸੀ ਤਸਦੀਕ ਹੋਣੇ ਸੀ। ਹਰ ਇੱਕ ਗੱਲ ਦੀ ਬਕਾਇਦਾ ਨੋਟਿੰਗ ਹੋਣੀ ਸੀ।ਫਿਰ ਵੀ ਹਲੇ ਧੱਕੇ ਸੀ। ਦਿਨ ਹਫਤੇ ਮਹੀਨੇ ਲੰਘਦੇ ਪਤਾ ਹੀ ਨਾ ਲੱਗਾ। ਜਦੋਂ ਤੱਕ ਜਣੇਪਾ ਹੋਣ ਦਾ ਵੇਲਾ ਆ ਗਿਆ ਸੀ। ਮਨਜੀਤ ਦਾ ਘਰੋਂ ਨਿਕਲਣਾ ਬੰਦ ਹੋ ਗਿਆ ਜਿੱਥੇ ਵੀ ਉਹਦੀ ਲੋੜ ਸੀ ਨਹੀਂ ਸੀ ਜਾ ਸਕਦੀ ।ਫਿਰ ਊਹਦੇ ਘਰ ਬੱਚੇ ਦੀ ਕਿਲਕਾਰੀ ਵੱਜੀ ਤਾਂ ਜਿਵੇਂ ਕੁਝ ਪਲ ਲਈ ਉਹਦਾ ਦੁੱਖ ਘਟ ਗਿਆ। ਪਰਿਵਾਰ ਨੂੰ ਸਮਝ ਨਹੀਂ ਸੀ ਕਿ ਖੁਸ਼ੀ ਮਨਾਉਣ ਕਿ ਦੁੱਖ । ਇਹ ਤਾਂ ਕੁਆਰੀ ਧੀ ਪਾਸ ਬੱਚਾ ਹੋ ਵਰਗਾ ਦੁੱਖ ਜਾਪ ਰਿਹਾ ਸੀ ਭਾਵੇਂ ਹੋਇਆ ਸਭ ਦੀ ਸਹਿਮਤੀ ਤੇ ਮਾਨਤਾ ਪ੍ਰਾਪਤ ਤਰੀਕੇ ਨਾਲ ਹੀ ਸੀ।ਸਮੇਂ ਚ ਆਈ ਖੜੋਤ ਟੁੱਟ ਗਈ ਸੀ। ਦਿਵਾਲੀ ਕਾਲੀ ਹੋ ਕੇ ਗੁਜ਼ਰ ਗਏ ਸੀ। ਸਰਦੀ ਇੰਝ ਜਾਪਦੀ ਜਿਵੇਂ ਊਹਦੇ ਜਿਸਮ ਨੂੰ ਠਾਰਨ ਤੋਂ ਸਿਵਾਏ ਕੁਝ ਨਾ ਕਰਦੀ ਹੋਵੇ। ਉਹਦਾ ਰੰਗ ਬਦਾਮੀ ਤੋਂ ਸਲੇਟੀ ਜਿਹਾ ਹੋ ਗਿਆ। ਅੱਖਾਂ ਡੂੰਗੀਆਂ ਧੱਸ ਗਈਆਂ। ਉਠਦੇ ਬਹਿੰਦੇ ਜਿਵੇਂ ਲੱਤਾਂ ਭਾਰ ਨਾ ਝੱਲਦੀਆਂ ਹੋਣ।ਕਦੇ ਕਦੇ ਉਹਦੀਆਂ ਛਾਤੀਆਂ ਚੋਂ ਵੀ ਦੁੱਧ ਸੁੱਕ ਜਾਂਦਾ। ਉਹਨੂੰ ਯਕੀਨ ਨਾ ਆਉਂਦਾ ਜੋ ਛਾਤੀਆਂ ਬੱਚੇ ਬਾਰੇ ਪਤਾ ਲੱਗਣ ਮਗਰੋਂ ਬੰਨ੍ਹ ਮਾਰੇ ਪਾਣੀ ਵਾਂਗ ਇੰਝ ਜਾਪਦੀਆਂ ਸਨ ਉਹ ਇੰਝ ਸੁੱਕ ਵੀ ਸਕਦੀਆਂ ਸਨ।ਝੋਰਾ ਇਨਸਾਨ ਦੇ ਮਨ ਤਨ ਨੂੰ ਖਾ ਹੀ ਜਾਂਦਾ ਹੈ।ਹੁਣ ਤਾਂ ਉਹ ਸਿਰਫ਼ ਬੱਚੇ ਲਈ ਖਾ ਰਹੀ ਸੀ ,ਉਸੇ ਲਈ ਜਿਉਣਾ ਚਾਹੁੰਦੀ ਸੀ , ਚਾਹੁੰਦੀ ਸੀ ਕਿ ਉੱਡ ਕੇ ਘੱਟੋ ਘੱਟ ਉਸਨੂੰ ਹੀ ਵਲੈਤ ਛੱਡ ਆਏ ਉਹ ਤਾਂ ਇੱਥੋਂ ਦਾ ਨਹੀਂ ਏ ਨਾ ਵਲੈਤ ਦਾ ਏ।ਇਹੋ ਗੱਲ ਨੇ ਉਹਨੂੰ ਕੁਝ ਹੌਂਸਲਾ ਦਿੱਤਾ ਉਹਦੀਆਂ ਅੱਖਾਂ ਚ ਚਮਕ ਆਈ, ਕਿ ਕਾਨੂੰਨੀ ਰੂਪ ਚ ਬੱਚਾ ਜੇਕਰ ਚੰਨੀ ਦਾ ਸਾਬਿਤ ਹੋ ਜਾਂਦਾ ਤਾਂ ਉਹਨੂੰ ਹਰ ਹਾਲਾਤ ਚ ਬੱਚੇ ਨੂੰ ਨਾਲ ਲਿਜਾਣਾ ਹੀ ਪਵੇਗਾ। ਉਹਨੂੰ ਕੁਝ ਧਰਵਾਸ ਹੋਈ। ਉਹ ਬੱਚੇ ਲਈ ਤੇ ਕੁਝ ਆਪਣੀ ਬਚੀ ਹੋਈ ਉਮੀਦ ਲਈ ਵੀ ਇਹਨਾਂ ਸਭ ਨੁਕਤਿਆਂ ਤੇ ਲੜ੍ਹਨਾ ਚਾਹੁੰਦੀ ਸੀ। ਉਹਦੇ ਮਨ ਚ ਹੁਣ ਚੰਨੀ ਤੋਂ ਬਿਨਾਂ ਕਿਸੇ ਹੋਰ ਨਾਲ ਸੋਚਣਾ ਪਾਪ ਲਗਦਾ ਸੀ। ਚੰਨੀ ਭਾਵੇਂ ਉਹਨੂੰ ਕੋਲ ਨਾ ਰੱਖੇ ਪਰ ਓਥੇ ਬੁਲਾ ਕੇ ਕਿਸੇ ਖੂੰਜੇ ਚ ਰੱਖ ਦਵੇ ਉਹ ਓਥੇ ਵੀ ਰਹਿਣ ਲਈ ਤਿਆਰ ਸੀ। ਭਾਵੇਂ ਇਹ ਵੀ ਨਾ ਕਬੂਲੇ ਕਿ ਉਹਦਾ ਵਿਆਹ ਹੋਇਆ। ਬੱਸ ਆਪਣੇ ਕੋਲ ਰੱਖ ਲਵੇ ਕਿਸੇ ਵੀ ਹੀਲੇ ।ਇਹੋ ਸੋਚਦੇ ਬੱਚੇ ਨੂੰ ਖੇਡ ਯੋਗ ਕਰਦੇ ਕਰਦੇ ਵਿਆਹ ਦੀ ਵਰ੍ਹੇਗੰਢ ਚੁੱਪ ਕਰਕੇ ਲੰਘ ਗਈ।ਸਮਾਂ ਨਾ ਹੀ ਕਿਸੇ ਦੀ ਉਡੀਕ ਕਰਦਾ ਹੈ ਨਾ ਕਿਸੇ ਨਾਲ ਢਿੱਲ ਵਰਤਦਾ ਹੈ।ਮਨਜੀਤ ਦੀ ਜਿੰਦਗ਼ੀ ਇੱਕ ਸਾਲ ਮਗਰੋਂ ਹੁਣ ਇੱਕ ਨਵੇਂ ਮੋੜ ਤੇ ਸੀ ਜਿਥੇ ਬਹੁਤ ਕੁਝ ਬਦਲ ਗਿਆ ਸੀ।

ਕਾਗ਼ਜ਼ ਪੱਤਰ ਤਿਆਰ ਕਰਦੇ ਹੋਏ ਸਾਰਾ ਸਾਰਾ ਦਿਨ ਉਹ ਸ਼ਹਿਰ ਚ ਭੱਜਦੇ ਫ਼ਿਰਦੇ, ਗੱਜਣ, ਬਚਿੱਤਰ , ਮਨਜੀਤ ਦੇ ਨਾਲ ਹੋਰ ਕਈ ਪਤਵੰਤੇ ਸੱਜਣ ਤੁਰਦੇ ਫਿਰਦੇ ਰਹਿੰਦੇ। ਕੇਸ ਤਿਆਰ ਕਰਵਾਉਂਦੇ ਹੋਏ ਲੋਕ ਹੋਰ ਹੀ ਹੋਰ ਨਜਰਾਂ ਨਾਲ ਤੱਕਦੇ ਸੀ। ਕਿਸੇ ਨੂੰ ਉਹ ਵਿਚਾਰੀ ਨਜ਼ਰ ਆਉਂਦੀ ਕਿਸੇ ਦੀਆਂ ਨਜਰਾਂ ਵਿੱਚ ਕੁਝ ਅਜ਼ੀਬ ਜਿਹਾ ਹੁੰਦਾ ਜਿਵੇਂ ਉਹਦੇ ਚਿਹਰੇ ਤੋਂ ਕੁਝ ਲੱਭ ਰਹੇ ਹੋਣ।ਕਿਧਰੇ ਨਜ਼ਰਾਂ ਮਿਲ ਜਾਂਦੀਆਂ ਤਾਂ ਬੁੱਲਾਂ ਉੱਤੇ ਇੱਕ ਅਜ਼ੀਬ ਜਿਹੀ ਹਾਸੀ ਹੁੰਦੀ। ਕੋਈ ਕਾਗਜ਼ ਪੱਤਰ ਫੜ੍ਹਦੇ ਫੜ੍ਹਾਉਂਦੇ ਅਚਾਨਕ ਉਂਗਲਾਂ ਛੋਹ ਜਾਂਦਾ। ਕੋਈ ਬੇਧਿਆਨੇ ਹੀ ਸਰੀਰ ਨੂੰ ਇਧਰ ਓਧਰ ਛੋਹ ਲੈਂਦਾ।ਲੋਕਾਂ ਦੀਆਂ ਨਜ਼ਰਾਂ ਉਸ ਲੁ ਬਦਲ ਗਈਆਂ ਸਨ। ਸ਼ਾਇਦ ਇਸ ਲਈ ਉਹ ਇਕੱਲੀ ਸੀ ਤੇ ਆਪਣੇ ਪਤੀ ਤੋਂ ਸਾਲ ਤੋਂ ਵੱਧ ਹੋਏ ਦੂਰ ਰਹਿ ਰਹੀ ਸੀ। ਹਰ ਮਰਦ ਕਿ ਵਿਆਹਿਆ ਕੀ ਕੁਆਰਾ ਊਹਦੇ ਵਿਚੋਂ ਆਪਣਾ ਕੋਈ ਆਪਸ਼ਨ ਲੱਭ ਰਿਹਾ। ਮਾਂ ਦੀ ਕਹੀ ਗੱਲ ਯਾਦ ਆਉਂਦੀ ਕਿ ਪਤੀ ਹੀ ਪਤਨੀ ਦਾ ਮਾਲਿਕ ਹੁੰਦਾ ਉਸਤੋਂ ਦੂਰ ਹੁੰਦੇ ਹੀ ਕੋਈ ਵੀ ਉਸਨੂੰ ਲੁੱਟ ਸਕਦਾ। ਇਸ ਲਈ ਔਰਤ ਹਮੇਸ਼ਾ ਅਪਣੇ ਮਰਦ ਨਾਲ ਹੀ ਚੰਗੀ ਲਗਦੀ ਹੈ। ਐਵੇਂ ਦੇ ਮਰਦ ਜੋ ਹਰ ਰਾਹ ਜਾਂਦੀ ਔਰਤ ਲਈ ਲਾਰਾਂ ਸੁੱਟ ਰਹੇ ਹੋਣ ਭਲਾਂ ਉਹਨਾਂ ਦੀਆਂ ਪਤਨੀਆਂ ਨੂੰ ਇਹ ਨਹੀਂ ਪਤਾ ? ਬੇਸਹਾਰਾ ਤੇ ਮਜਬੂਰ ਔਰਤ ਨੂੰ ਆਪਣੀਆਂ ਬਾਹਾਂ ਚ ਦੱਬ ਲੈਣ ਅੱਖਾਂ ਨਾਲ ਨੋਚ ਲੈਣ ਚ ਭਲਾਂ ਕਾਹਦੀ ਮਰਦਾਨਗੀ। ਉਹ ਸੋਚਦੀ।ਖੈਰ, ਉਹ ਹਰ ਪਲ ਬਚ ਬਚ ਕੇ ਪੈਰ ਧਰਦੀ ਸੀ। ਹਰ ਪਲ ਬਾਪੂ ਦਾ ਪਰਛਾਵਾਂ ਬਣ ਕੇ ਤੁਰਦੀ ਸੀ। ਫ਼ਿਰ ਵੀ ਡਰਦੀ ਸੀ ਕਿ ਕੋਈ ਆਕੇ ਦਬੋਚ ਹੀ ਨਾ ਲਵੇ।ਅਖ਼ੀਰ ਮਹੀਨੇ ਕੁ ਦੀ ਖੱਜਲ ਖੁਆਰੀ ਮਗਰੋਂ ਸਭ ਕੇਸ ਤਿਆਰ ਹੋ ਗਿਆ। ਅਗਲੀ ਸਵੇਰ ਹੀ ਪਰਵਾਸੀ ਭਲਾਈ ਸੰਸਥਾ ਦੇ ਦਫ਼ਤਰ ਚਲੇ ਗਏ।ਦਫਤਰ ਕਾਹਦਾ ਸੀ ਕਿਸੇ ਮਹਿਲਨੁਮਾ ਕੋਠੀ ਵਰਗਾ ਸੀ। ਗੇਟ ਵਧਦੇ ਹੀ ਵੱਡਾ ਲਾਅਨ ਸੀ। ਜਿਸ ਵਿੱਚ ਕਈ ਕਤਾਰਾਂ ਚ ਕੁਰਸੀਆਂ ਲੱਗਿਆਂ ਹੋਈਆਂ ਸੀ। ਕੋਈ ਚਾਲੀ ਪੰਜਾਹ ਬੰਦੇ ਬੈਠੇ ਹੋਣੇ। ਉਹਨਾਂ ਇੱਕ ਲੱਤ ਉਚਕਾ ਕੇ ਤੁਰਦੇ ਤੇ ਵਰਦੀ ਜਿਹੀ ਪਾਈ ਬੰਦੇ ਨੂੰ ਪੁੱਛਿਆ ਕਿ ਪਵਿਤਰ ਸਿੰਘ ਜੀ ਨੂੰ ਮਿਲਣਾ ਜੋ ਸੰਸਥਾ ਦਾ ਮੁਖੀ ਸੀ।”ਇਹ ਸਾਰੇ ਬੰਦੇ ਪਵਿੱਤਰ ਜੀ ਨੂੰ ਹੀ ਮਿਲਣ ਲਈ ਬੈਠੇ ਹਨ। ਆਪਣੀ ਕੁਰਸੀ ਸੰਭਾਲ ਲਵੋ, ਵਾਰੀ ਆਉਂਦੇ ਹੀ ਬੁਲਾ ਲਿਆ ਜਾਏਗਾ। ਤੁਸੀਂ ਪਹਿਲੀ ਵਾਰ ਆਏ ਹੋ ਤਾਂ ਫ਼ੀਸ ਦੀ ਪਹਿਲੀ ਕਿਸ਼ਤ ਕੈਸ਼ ਜਮਾਂ ਕਰਵਾ ਦੀਓ,ਬਾਕੀ ਕੰਮ ਹੋਣ ਮਗਰੋਂ।””ਓਕੇ ਜਨਾਬ ,ਪਰ ਇਹ ਸਭ ਬੰਦੇ …ਕੱਠ ਕਿਉਂ ਹੈ ? “”ਇਹ ਵੀ ਤੁਹਾਡੇ ਵਾਂਗ ਐੱਨ ਆਰ ਆਈ ਪੀੜਤ ਹਨ,ਧੀਆਂ ਨੂੰ ਜਹਾਜ਼ ਚੜ੍ਹਾਉਂਦੇ ਚੜ੍ਹਾਉਂਦੇ ਕਿਤੇ ਹੋਰ ਹੀ ਚੜ੍ਹਾ ਬੈਠੇ,”। ਸੁਲਤਾਨ ਜਿਵੇਂ ਕਿ ਉਹਦੇ ਲੱਗੇ ਬੈਜ ਤੇ ਲਿਖਿਆ ਹੋਇਆ ਸੀ,ਉਸਨੇ ਦੋ-ਅਰਥੀ ਗੱਲ ਕਰਦੇ ਹੋਏ ਕਿਹਾ।ਗੱਜਣ ਸਿੰਘ ਧੀ ਦੀ ਸ਼ਰਮ ਮੰਨਦਾ ਹੋਇਆ ਇੰਝ ਦਿਖਾਇਆ ਜਿਵੇਂ ਕੁਝ ਸੁਣਿਆ ਨਾ ਹੋਏ, ਉਹ ਤਾਂ ਹੁਣ ਮਨਜੀਤ ਤੇ ਘੁੰਮਦੀਆਂ ਨਜ਼ਰਾਂ ਨੂੰ ਵੀ ਅਣਦੇਖਾ ਕਰਨ ਲੱਗਾ ਸੀ। ਜਿਸਮ ਨੂੰ ਤਾਂ ਕੱਜਿਆ ਜਾ ਸਕਦਾ ਪਰ ਅਸ਼ਲੀਲ ਨਜ਼ਰ ਨੂੰ ਕੱਜਣ ਵਾਲਾ ਕੋਈ ਕੱਪੜਾ ਨਹੀਂ ਬਣਿਆ।ਉਹ ਕੁਰਸੀਆਂ ਤੇ ਬੈਠ ਕੇ ਵਾਰੀ ਨੂੰ ਉਡੀਕਣ ਲੱਗੇ। ਲੋਕ ਇੱਕ ਇੱਕ ਕਰਦੇ ਅੰਦਰੋਂ ਆ ਰਹੇ ਸੀ ਜਾ ਰਹੇ ਸੀ।ਗੱਲਾਂ ਸੁਣਦੇ ਹੋਏ ਪਤਾ ਲੱਗ ਰਿਹਾ ਸੀ ਕੁਝ ਪਹਿਲੀ ਵਾਰ ਆਏ ਸੀ ਕੁਝ ਕੋਈ ਨਵੀਂ ਜਾਣਕਾਰੀ ਪਤਾ ਕਰਨ ਆਏ ਸੀ ਕੁਝ ਹੋਰ ਕੁਝ।ਸਾਂਝਾ ਇਹੋ ਸੀ ਕਿ ਸਭ ਕੁੜੀਆਂ ਦੇ ਹੱਥ ਚੂੜਾ ਸੀ ਜਾਂ ਗੋਦੀ ਨਿਆਣੇ। ਮਨਜੀਤ ਨੂੰ ਲੱਗਾ ਕਿ ਇਸ ਦੁੱਖ ਚ ਉਹ ਘੱਟੋ ਘੱਟ ਇਕੱਲੀ ਨਹੀਂ ਸੀ।ਹੋਰ ਵੀ ਕਿੰਨੇ ਸਨ ,ਆਪਣੇ ਵਰਗੇ ਹੋਰ ਦੁਖੀ ਦੇਖ ਕੇ ਮਨ ਨੂੰ ਵੀ ਧਰਵਾਸ ਮਿਲਦਾ ਇਵੇਂ ਹੀ ਉਹਨੂੰ ਮਿਲਿਆ ਸੀ। ਉਹਨੇ ਅਸਮਾਨ ਵੱਲ ਦੇਖਦੇ ਹੋਏ ਧੰਨਵਾਦ ਕਰਨ ਲੱਗੀ। ਉਹਨੇ ਵੇਖਿਆ ਕਿ ਉੱਪਰ ਛੱਤ ਤੇ ਕੋਈ ਨੌਜਵਾਨ ਮੁੰਡਾ ਊਹਦੇ ਵੱਲ ਗੌਰ ਨਾਲ ਤੱਕ ਰਿਹਾ ਸੀ।ਇੱਕ ਪਲ ਲਈ ਨਜ਼ਰ ਮਿਲੀ ਤੇ ਉਸਨੇ ਹਟਾ ਲਈ। ਤੇ ਆਪਣੀ ਚੁੰਨੀ ਨੂੰ ਠੀਕ ਕਰਨ ਲੱਗੀ। ਤੇ ਮੂੰਹ ਘੁਮਾ ਕੇ ਹੋਰ ਪਾਸੇ ਵੇਖਣ ਲੱਗੀ। ਕੁਝ ਪਲ ਲੰਘੇ ਤਾਂ ਉਹਨੇ ਫ਼ਿਰ ਤੋਂ ਉੱਪਰ ਵੱਲ ਤੱਕਿਆ,ਹਲੇ ਵੀ ਉਹ ਮੁੰਡਾ ਉਸ ਵੱਲ ਹੀ ਵੇਖ ਰਿਹਾ ਸੀ। ਉਹਨੇ ਫਿਰ ਤੋਂ ਆਪਣੀ ਨਜ਼ਰ ਘੁਮਾ ਲਈ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਉਸਦੀ ਨਜ਼ਰ ਤੋਂ ਬਚਕੇ ਕਿਥੇ ਬੈਠੇ।ਕੁਝ ਦੇਰ ਮਗਰੋਂ ਉਹਨੇ ਮੁੜ ਉੱਪਰ ਦੇਖਿਆ ਤਾਂ ਉਹ ਮੁੰਡਾ ਓਥੇ ਨਹੀਂ ਸੀ। ਮਨਜੀਤ ਨੇ ਸੁੱਖ ਦਾ ਸਾਹ ਲਿਆ।ਹੁਣ ਉਹ ਆਰਾਮ ਨਾਲ ਬੈਠ ਸਕਦੀ ਸੀ।ਤਦੇ ਕੁਝ ਦੇਰ ਬਾਅਦ ਸੁਲਤਾਨ ਆਇਆ।”ਤੁਹਾਡਾ ਨਾਮ ਕੁੜੇ…” “ਮਨਜੀਤ ” “ਮਨਜੀਤ ਤੇ ਬਾਪੂ ਜੀ ਤੁਸੀਂ ਆਜੋ ਮੇਰੇ ਨਾਲ” ਆਖਦਾ ਹੋਇਆ ਉਹ ਲੰਙ ਮਾਰਦਾ ਹੋਇਆ ਉਹਨਾਂ ਦੇ ਅੱਗੇ ਤੁਰ ਪਿਆ। ਦੋਵਾਂ ਨੂੰ ਕੋਈ ਸਮਝ ਨਾ ਪਈ ਕਿ ਆਖਿਰ ਕੀ ਹੋਇਆ।ਉਹ ਇੱਕ ਦੂਸਰੇ ਵੱਲ ਤੱਕਦੇ ਹੋਏ ਉਹਦੇ ਮਗਰ ਮਗਰ ਤੁਰ ਪਏ। ਆਮ ਰਾਹ ਤੋਂ ਅਲੱਗ ਉਹ ਇੱਕ ਹੋਰ ਗਲਿਆਰੇ ਵਿੱਚੋ ਗੁਜ਼ਰੇ ਤੇ ਇੱਕ ਕਮਰੇ ਸਾਹਮਣੇ ਰੁਕ ਗਏ। ਉਹਨਾਂ ਕੋਲ਼ੋਂ ਫਾਈਲ ਫੜਕੇ ਉਹ ਅੰਦਰ ਗਿਆ। ਫਿਰ ਕੁਝ ਮਿੰਟਾਂ ਚ ਵਾਪਿਸ ਆ ਗਿਆ। “ਅੰਦਰ ‘ਕਾਕਾ ਜੀ’ ਬੈਠੇ ਹਨ, ਤੁਸੀਂ ਆਪਣਾ ਮਸਲਾ ਇਹਨਾਂ ਨੂੰ ਦੱਸ ਦੇਵੋ ,ਫੀਸ ਦੀ ਗੱਲ ਵੀ ਕਰ ਲਿਓ, ਇਹ ਤੁਹਾਡਾ ਕੰਮ ਛੇਤੀ ਕਰਵਾ ਦੇਣਗੇ। ਇਹ ਕੋਈ ਕੋਈ ਕੇਸ ਦੇਖਦੇ ਹਨ”. ਆਖ ਕੇ ਉਸਨੇ ਦਰਵਾਜ਼ਾ ਖੋਲ੍ਹ ਦਿੱਤਾ।ਉਹ ਦੋਵੇਂ ਅੰਦਰ ਵੜੇ ਤਾਂ ਮਨਜੀਤ ਦੇਖ ਕੇ ਹੈਰਾਨ ਰਹਿ ਗਈ ਕਿ ਇਹ ਤਾਂ ਉਹੀ ਮੁੰਡਾ ਸੀ ਜੋ ਕੁਝ ਦੇਰ ਪਹਿਲਾਂ ਉਹਨੂੰ ਖੜ੍ਹਾ ਤੱਕ ਰਿਹਾ ਸੀ ਇਥੇ ਉਹ ਹੁਣ ਟੌਹਰ ਨਾਲ ਬੈਠਾ ਮੁੱਛ ਨੂੰ ਤਾਅ ਦਿੰਦਾ ਹੋਇਆ ਅਣਜਾਣ ਬਣਿਆ ਸ਼ਾਇਦ ਉਹਨਾਂ ਦੀ ਫਾਈਲ ਹੀ ਪੜ੍ਹ ਰਿਹਾ ਸੀ। ਇੱਕ ਵਾਰ ਮਨਜੀਤ ਦੇ ਮਨ ਨੂੰ ਕਿਸੇ ਅਣਹੋਣੀ ਦਾ ਆਭਾਸ ਹੋਇਆ। ਪਰ ਅਗਲ਼ੇ ਹੀ ਪਲ ਕਾਕਾ ਜੀ ਦਾ ਚਿਹਰਾ ਉੱਪਰ ਉੱਠਿਆ ਤੇ ਉਹਨੇ ਗੱਜਣ ਸਿੰਘ ਨੂੰ ਬੋਲਦੇ ਹੋਏ ਕਿਹਾ, “ਆਓ ਬਾਪੂ ਜੀ ਬੈਠੋ , ਤੁਹਾਡੀ ਹੀ ਫਾਈਲ ਦੇਖ ਰਿਹਾ ਸੀ , ਮੇਰਾ ਨਾਮ ਅਮਰਜੀਤ ਉਰਫ ਕਾਕਾ ਹੈ ਪਵਿੱਤਰ ਸਿੰਘ ਸੀ ਮੇਰੇ ਫਾਦਰ ਸਾਬ ਨੇ ਅਸੀਂ ਰਲ ਕੇ ਕੰਮ ਕਰਦੇ ਹਾਂ, ਮੈਨੂੰ ਲੱਗਿਆ ਜਿਵੇ ਮੈਂ ਤੁਹਾਨੂੰ ਕਿਤੇ ਵੇਖਿਆ ਹੋਇਆ ਤਾਂ ਤੁਹਾਨੂੰ ਸੱਦ ਲਿਆ। ਆਖਿਆ ਉਹਨੇ ਗੱਜਣ ਸਿੰਘ ਨੂੰ ਸੀ ਪਰ ਨਜ਼ਰਾਂ ਉਸਦੀਆਂ ਮਨਜੀਤ ਉੱਤੇ ਸਨ।ਕਿਹੜਾ ਇਲਾਕਾ ਆਪਣਾ ?” ਗੱਜਣ ਸਿੰਘ ਨੇ ਆਪਣਾ ਪਿੰਡ ਕੀ ਆਪਣਾ ਪੂਰਾ ਕੁਨਬਾ ਗਿਣਾ ਦਿੱਤਾ ਰਿਸ਼ਤੇਦਾਰ , ਆੜਤੀਆ ,ਪਟਵਾਰੀ ਹਰ ਇੱਕ ਦਾ ਨਾਮ ਦੱਸ ਦਿੱਤਾ ,ਸ਼ਾਇਦ ਕਿਧਰੇ ਕੋਈ ਜੋੜ ਬਣ ਜਾਏ ਤੇ ਕੰਮ ਸੁਖਾਲਾ ਹੋ ਜਾਏ। “ਅੱਛਾ ਅੱਛਾ ਫਿਰ ਮੈਨੂੰ ਲਗਦਾ ਕਿਤੇ ਆਪਾਂ ਆੜਤੀਏ ਕੋਲ ਨਾ ਮਿਲੇ ਹੋਈਏ,ਉਹਨਾਂ ਨਾਲ ਆਪਣਾ ਖਾਸਾ ਸਾਬ ਕਿਤਾਬ ਆ, ਅਮਰਜੀਤ ਨੇ ਗੱਲ ਮੁਕਾਉਂਦੇ ਹੋਏ ਕਿਹਾ। ਦੋਵੇਂ ਕੁਰਸੀਆਂ ਤੇ ਬੈਠੇ ਸੀ ਤਦੇ ਚਾਹ ਆ ਗਈ ।ਅਮਰਜੀਤ ਸਵਾਲ ਜਵਾਬ ਕੜਨ ਲੱਗਾ । ਵਿਆਹ ਤੋਂ ਲੈ ਕੇ ਹੁਣ ਤੱਕ ਦੀ ਪੂਰੀ ਕਹਾਣੀ ਗੱਜਣ ਸਿੰਘ ਨੇ ਸੁਣਾ ਦਿੱਤੀ ਸੀ। ਚਾਹ ਪੀਂਦੇ ਪੀਂਦੇ ਪੂਰੀ ਗੱਲ ਮੁਕ ਗਈ ਸੀ। ਗੱਲ ਸੁਣਾਉਦੇ ਸੁਣਾਉਂਦੇ ਹੋਏ ਗੱਜਣ ਕਈ ਵਾਰ ਭਾਵੁਕ ਹੋਇਆ। ਉਸਨੂੰ ਭਾਵੁਕ ਹੋਇਆ ਦੇਖ ਅਮਰਜੀਤ ਅੱਖਾਂ ਘੁਮਾ ਲੈਂਦਾ ਤੇ ਹੌਂਸਲਾ ਨਾ ਛੱਡਣ ਨੂੰ ਆਖਦਾ। ਪਰ ਗੱਲ ਸੁਣਦੇ ਸੁਣਦੇ ਉਹ ਮੁੜ ਮੁੜ ਮਨਜੀਤ ਵੱਲ ਤੱਕਦਾ ਜਿਸਦੀਆਂ ਨਜਰਾਂ ਮੇਜ਼ ਦੇ ਇੱਕ ਕੋਨੇ ਚ ਗੱਡੀਆਂ ਹੋਈਆਂ ਸੀ। ਓਥੇ ਹੀ ਜਿਵੇਂ ਜੰਮ ਗਈਆਂ ਹੋਣ। ਸਾਰੀ ਗੱਲ ਸੁਣਕੇ ਉਸਨੇ ਪੁੱਛਿਆ, ” ਫਿਰ ਐਨਾ ਵਕਤ ਕਿਉਂ ਲਗਾ ਦਿੱਤਾ,ਸਾਡੇ ਕੋਲ ਆਉਣ ਵਿੱਚ ,ਕਿਧਰੇ ਮੁੰਡੇ ਨੇ ਹੋਰ ਵਿਆਹ ਨਾ ਕਰਵਾ ਲਿਆ ਹੋਏ,ਮੈਨੂੰ ਲਗਦਾ ਤੁਹਾਡੇ ਕੋਲ ਹੁਣ ਕੋਈ ਖ਼ਬਰ ਨਹੀਂ ਹੋਣੀ ਉਹਦੀ ” “ਬੱਸ ਕੁੜੀ ਦਾ ਪੈਰ ਭਾਰੀ ਸੀ,ਫ਼ਿਰ ਬੱਚਾ ਛੋਟਾ ਸੀ ਹੁਣ ਘਰ ਰਹਿਣ ਜੋਗਾ ਹੋਇਆ ਤਾਂ ਆਏਂ ਹਾਂ ” ਗੱਜਣ ਸਿੰਘ ਨੇ ਉੱਤਰ ਦਿੱਤਾ।” ਅੱਛਾ ਅੱਛਾ, ਇੰਝ ਕਰੋ ਬਾਪੂ ਜੀ ਤੁਸੀਂ ਉਡੀਕ ਕਰੋ ਬਾਹਰ,ਮੈਂ ਕੁਝ ਸਵਾਲ ਕੁੜੀ ਨਾਲ ਕਰ ਲਵਾਂ ਤਾਂ ਜੋ ਸਾਨੂੰ ਅੱਗੇ ਕਾਰਵਾਈ ਕਰਨ ਚ ਆਸਾਨੀ ਹੋਏ” ਹੱਥ ਜੋੜਦਾ ਹੋਇਆ ਗੱਜਣ ਸਿੰਘ ਤੁਰੰਤ ਖੜ੍ਹਾ ਹੋ ਕੇ ਬਾਹਰ ਨਿਕਲ ਗਿਆ, ਜਿਵੇਂ ਕੋਈ ਨੌਕਰ ਹੋਏ।ਉਸਦੇ ਬਾਹਰ ਜਾਂਦੇ ਹੀ ਅਮਰਜੀਤ ਨੇ ਮਨਜੀਤ ਨੂੰ ਪਹਿਲਾ ਸਵਾਲ ਪੁੱਛਿਆ,” ਕਿੰਨਾ ਪੜ੍ਹੇ ਹੋਏ ਹੋ ਮਨਜੀਤ ? “ਉਸਦਾ ਨਾਮ ਬੋਲਣ ਦਾ ਲਹਿਜ਼ਾ ਹੀ ਅਲੱਗ ਸੀ ਜਿਵੇਂ ਕੋਈ ਚਿਰਾਂ ਤੋਂ ਜਾਣ ਪਹਿਚਾਣ ਵਾਲਾ ਵਿਅਕਤੀ ਹੋਏ।

“ਜੀ ਮੈਂ ਬੀਐੱਡ ਅਧੂਰੀ ਛੱਡੀ ਹੋਈ ਹੈ” ਮਨਜੀਤ ਨੇ ਉੱਤਰ ਦਿੱਤਾ।”ਓਹ ਵੈਰੀ ਨਾਇਸ ,ਫ਼ਿਰ ਤਾਂ ਕਾਫੀ ਪੜ੍ਹੇ ਲਿਖੇ ਹੋਏ ਹੋ, ਫ਼ਿਰ ਜੇ ਤੁਹਾਡੇ ਵਰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਧੋਖਾ ਖਾਣ ਲੱਗ ਜਾਣ ਫ਼ਿਰ ਅਨਪੜ੍ਹ ਦਾ ਕੀ ਬਣੇਗਾ। ਘੱਟੋ ਘੱਟ ਤੁਹਾਨੂੰ ਤਾਂ ਪੁੱਛ ਪੜਤਾਲ ਕਰਨੀ ਚਾਹੀਦੀ ਸੀ।””ਕੁੜੀਆਂ ਨੂੰ ਕੌਣ ਪੁੱਛਦਾ ਸਰ, ਮਾਂ ਬਾਪ ਗਲੋਂ ਬੋਝ ਤੇ ਜਿੰਮੇਵਾਰੀ ਲਾਹੁਣ ਦੀ ਕਰਦੇ ਹਨ,ਸੋਚਦੇ ਤਾਂ ਉਹ ਭਲਾ ਹੀ ਹਨ। ਪਰ ਇਹਦੇ ਵਿੱਚ ਕੋਈ ਕੁੜੀ ਦੀ ਮਰਜ਼ੀ ਨਹੀਂ ਹੁੰਦੀ ਨਾ ਕੋਈ ਸਵਾਲ ਕਰਨ ਦੀ ਇਜਾਜ਼ਤ ਸਿਰਫ ਹਾਂ ਚਾਹੀਦੀ। ਬੱਸ ਇਹੋ ਮੇਰੇ ਨਾਲ ਹੋਇਆ। ਇਹਨਾਂ ਮਾਮਲਿਆਂ ਚ ਅਨਪੜ੍ਹ ਪੜ੍ਹੇ ਲਿਖੇ ਚ ਕੋਈ ਫ਼ਰਕ ਨਹੀਂ.””ਵੈਸੇ ਬੁਰਾ ਨਾ ਮੰਨਣਾ ,ਤੁਹਾਡਾ ਤੇ ਮੁੰਡੇ ਦਾ ਕੀ ਨਾਮ ਸੀ ਚਰਨਜੀਤ ਨਾਲ ਰਿਸ਼ਤਾ ਕਿਹੋ ਜਿਹਾ ਸੀ ?”” ਇਸ ਚ ਬੁਰਾ ਮੰਨਣ ਵਾਲੀ ਕੀ ਗੱਲ ਉਵੇਂ ਜਿਵੇਂ ਹੀ ਸੀ ਜਿਵੇਂ ਆਮ ਪਤੀ ਪਤਨੀ ਵਰਗਾ ਹੁੰਦਾ , ਚੰਨੀ ਆਮ ਮੁੰਡਿਆਂ ਨਾਲੋਂ ਕੁਝ ਚੰਗਾ ਹੀ ਸੀ ਜਿਵੇਂ ਮੈਂ ਘਰਵਾਲਿਆਂ ਬਾਰੇ ਸੁਣਿਆ ਸੀ ਉਸਤੋਂ ਅਲੱਗ, ਮੈਨੂੰ ਤਾਂ ਹੁਣ ਵੀ ਸਮਝ ਨਹੀਂ ਆਉਂਦੀ ਕਿ ਉਹ ਇੰਝ ਨਿਰਮੋਹਾ ਜਿਹਾ ਕਿਉਂ ਹੋ ਗਿਆ।””ਫ਼ਿਰ ਹੁਣ ਤਾਂ ਸਭ ਕੁਝ ਯਾਦ ਹੀ ਆਉਂਦਾ ਹੋਣਾ ਉਸ ਨਾਲ ਬੀਤਿਆ ਹੋਇਆ, ਰਾਤਾਂ ਨੂੰ ਇੰਝ ਕੱਲਿਆਂ ਕੱਢਣਾ ਬਹੁਤ ਔਖਾ …” ਅਮਰਜੀਤ ਨੇ ਕਿਹਾ। #harjotdikalamਉਹਦੇ ਸਵਾਲ ਤੇ ਮਨਜੀਤ ਇੱਕ ਵਾਰ ਕੰਬ ਹੀ ਗਈ। ਉਹਨੇ ਬੂਹੇ ਵੱਲ ਦੇਖਿਆ ਤੇ ਫਿਰ ਉਹਦੀਆਂ ਨਜ਼ਰਾਂ ਵੱਲ ਜੋ ਉਹਨੂੰ ਘੂਰ ਰਹੀਆਂ ਸੀ,ਅੱਖਾਂ ਚ ਹੁਣ ਤਰਸ ਨਹੀਂ ਕੋਈ ਲਾਲਸਾ ਟਪਕ ਰਹੀ ਸੀ। ਇੰਝ ਲੱਗਿਆ ਜਿਵੇਂ ਉਹ ਕਿਸੇ ਅੱਗੇ ਨੰਗੀ ਬੈਠੇ ਹੋਏ ਤੇ ਉਹ ਉਸਨੂੰ ਘੂਰ ਰਿਹਾ ਹੋਵੇ ਉਹਨੇ ਕੋਸ਼ਿਸ਼ ਕੀਤੀ ਕਿ ਆਪਣੇ ਜਿਸਮ ਨੂੰ ਕੱਜ ਸਕੇ।ਕੱਪੜੇ ਪਾੜ ਦੀਆਂ ਨਜਰਾਂ ਤੋੰ ਕੁਝ ਵੀ ਕੱਜ ਸਕਣਾ ਮੁਮਕਿਨ ਨਹੀਂ ਹੁੰਦਾ। ਜੋ ਮਰਜ਼ੀ ਪਹਿਨ ਲਵੋ।ਉਹਦਾ ਉੱਤਰ ਨਾ ਆਇਆ।”ਦੇਖੋ ਮੈਂ ਤੁਹਾਨੂੰ ਕਿਸੇ ਵਹਿਮ ਚ ਨਹੀਂ ਰੱਖਣਾ ਚਾਹੁੰਦਾ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੰਮ ਹੋਏ ਤੁਹਾਨੂੰ ਮੈਨੂੰ ਮਿਲਣਾ ਪੈਣਾ…””ਹੁਣ ਮਿਲ ਤਾਂ ਰਹੇਂ ਹਾਂ ….””ਇੰਝ ਨਹੀਂ ਕੱਲੇ ਆਓ, ਮੇਰੀ ਕੋਠੀ ਕਿਸੇ ਵੀ ਦਿਨ ਤਾਂ ਹੀ ਕੁਝ ਹੋ ਸਕਦਾ..””ਅਸੀਂ ਤਾਂ ਬਾਕੀ ਸਭ ਵਾਂਗ ਫ਼ੀਸ ਜਮਾਂ ਕਰਵਾ ਕੇ ਹੀ ਕੰਮ ਕਰਵਾਉਣਾ””ਉਸ ਚੱਕਰ ਚ ਤੁਹਾਡੇ ਬਹੁਤ ਪੈਸੇ ਖ਼ਰਾਬ ਹੋਣੇ, ਫ਼ਿਰ ਗੇੜੇ ਹੀ ਗੇੜੇ ਦੇਖੋ ਬਾਹਰ ਰੋਜ਼ ਕਿੰਨੇ ਕੇਸ ਆਉਂਦੇ, ਇਹ ਤਾਂ ਅਸੀਂ ਹਾਂ ਜੋ ਇਹਨਾਂ ਨੂੰ ਫੌਲੋ ਕਰਦੇ ਹਾਂ ਸਰਕਾਰ ਤਾਂ ਗੌਲਦੀ ਵੀ ਨਹੀਂ, ਫਿਰ ਵੀ ਲੱਖਾਂ ਤੱਕ ਦਾ ਖਰਚਾ ਆ ਜਾਂਦਾ ਤੇ ਉਸ ਮਗਰੋਂ ਵੀ ਕੁਝ ਪੱਕਾ ਨਹੀਂ …..””ਪਰ ਅਸੀਂ ਤਾਂ ਤੁਹਾਡਾ ਬਹੁਤ ਨਾਮ ਸੁਣਿਆ “”ਕੇਸ ਹੱਲ ਹੁੰਦੇ ਨੇ, ਜਿਹੜੇ ਅਸੀਂ ਡੱਟ ਕੇ ਫੌਲੋ ਕਰਦੇ ਹਾਂ,ਬਹੁਤ ਜਗ੍ਹਾ ਰਿਸ਼ਵਤਾਂ ਦੇਣੀਆਂ ਪੈਂਦੀਆਂ ਓਧਰ ਵਕੀਲਾਂ ਨੂੰ ਦੇਣੇ ਜੋ ਲੋਕ ਪਰਿਵਾਰ ਨਾਲ ਮਿਲ ਕੇ ਦਬਾਅ ਪਾਉਂਦੇ ਉਹਨਾਂ ਨੂੰ ਵੀ ਦੇਣੇ ਪੈਂਦੇ, ਪੈਂਦੇ ਇਧਰ ਐਂਬੈਸੀ ਤੇ ਪੁਲਿਸ ਵਾਲੇ ਬਿਨਾਂ ਪੈਸੇ ਤੋਂ ਕੁਝ ਨਹੀਂ ਕਰਦੇ। ਤੁਹਾਡੇ ਕੇਸ ਬਾਰੇ ਸਭ ਨੇ ਉੱਕਾ ਹੀ ਨਾਂਹ ਕਰ ਦੇਣੀ ਹੈ। ਐਨਾ ਪੁਰਾਣਾ ਹੈ ਤੇ ਉੱਪਰੋਂ ਓਧਰ ਵਿਆਹਿਆ ਹੋਇਆ….ਇਸ ਲਈ ਕੋਈ ਇਹਦੇ ਵਿਚ ਜੇ ਖੂਦ ਇੰਟ੍ਰਸਟ ਲੈ ਕੇ ਹੱਲ ਨਹੀਂ ਕੰਮ ਕਰੇਗਾ ਕੁਝ ਨਹੀਂ ਬਣੇਗਾ….”” ਤੁਸੀਂ ਜਿੰਨੇ ਪੈਸੇ ਕਹੋ ਅਸੀਂ ਦਵਾਗੇ….” ਮਨਜੀਤ ਨੇ ਕਿਹਾ।”ਤੁਹਾਨੂੰ ਲਗਦਾ ਮੈਨੂੰ ਪੈਸੇ ਦੀ ਕੋਈ ਕਮੀ ਏ, ਮੈੰ ਆਪਣੇ ਵਕਤ ਨੂੰ ਪੈਸੇ ਲਈ ਨਹੀਂ ਖਰਾਬ ਕਰ ਸਕਦਾ, ਮੈੰ ਹੀ ਹਾਂ ਜੋ ਤੁਹਾਡੇ ਕੇਸ ਨੂੰ ਸਿਰੇ ਲਾ ਸਕਦਾ ਪਰ ਉਹਦੀ ਕੀਮਤ ਪੈਸਾ ਨਹੀਂ …ਤੇਰੇ ਨਾਲ ਬੱਸ ਕੁਝ ਸਮਾਂ ਬਿਤਾਉਣ ਦੀ ਇੱਛਾ ਹੈ….,””ਪਰ ਮੈਂ ਕਿਸੇ ਗ਼ੈਰ ਮਰਦ ਨੂੰ ਆਪਣੇ ਨੇੜੇ ਵੀ ਨਹੀਂ ਆਉਣ ਦਵਾਂਗੀ ,ਮੈਂ ਚੰਨੀ ਦੀ ਹੋ ਚੁੱਕੀ ਹਾਂ ਉਸਤੋਂ ਬਿਨਾਂ ਕਿਸੇ ਬਾਰੇ ਸੋਚਣਾ ਵੀ ਮੇਰੇ ਲਈ ਪਾਪ ਵਰਗਾ ….””ਤੇ ਚੰਨੀ ਉਹ ਕਿਸ ਕਿਸ ਨਾਲ ਖੇਹ ਖਾ ਰਿਹਾ ਹੋਏਗਾ ਤੈਨੂੰ ਪਤਾ ਵੀ ਨਹੀਂ….ਜੇ ਇਹ ਪਾਪ ਵੀ ਲਗਦਾ ਤਾਂ ਵੀ ਕਰਨਾ ਹੀ ਪੈਣਾ…ਖੂਦ ਲਈ ਨਾ ਸਹੀ ਆਪਣੇ ਬੱਚੇ ਦੇ ਭਵਿੱਖ ਲਈ .ਕੀ ਤੂੰ ਉਮਰ ਭਰ ਉਹਨੂੰ ਜਵਾਬ ਦੇ ਸਕੇਗੀ ਕਿ ਉਹਦਾ ਪਿਉ ਕਿਥੇ ਹੈ ? ਲੋਕਾਂ ਦੇ ਮਿਹਣੇ ,ਉਹਦੇ ਦੋਸਤਾਂ ਦੇ ਸਵਾਲ ਕੁਝ ਵੀ ….””ਨਹੀਂ ਅਸੀਂ ਕਿਤੋਂ ਹੋਰ ਹੀ ਸਭ ਪਤਾ ਕਰਵਾ ਲਵਾਂਗੇ ….ਫਾਈਲ ਦੇ ਦਿਓ “.”ਬੇਸ਼ੱਕ ਲੈ ਜਾਓ, ਮਨਜੀਤ ਜੀ ਤੁਹਾਨੂੰ ਕੀ ਲਗਦਾ , ਬਾਕੀ ਜਗ੍ਹਾ ਇਹ ਕੰਮ ਅਰਾਮ ਨਾਲ ਹੋ ਜਾਣਗੇ ? ਇਥੇ ਸਿਰਫ਼ ਮੈਂ ਇਕੱਲਾ ਹਾਂ ਓਥੇ ਹਰ ਪੌੜੀ ਤੇ ਇੱਕ ਨਵਾਂ ਮਰਦ ਮਿਲੇਗਾ ,ਸਭ ਦੀ ਇੱਕੋ ਇੱਛਾ ,ਤੇ ਸਭ ਦੇ ਮਨ ਚ ਇੱਕੋ ਵਿਚਾਰ…ਇਹਨੂੰ ਸਾਲ ਹੋ ਗਿਆ ਕੱਲੀ ਰਹਿੰਦੀ ਨੂੰ , ਇਹਨੂੰ ਤਾਂ ਲੋੜ ਰਹਿੰਦੀ ਹੋਣੀ ਹੁਣ ਆਦਮੀ ਦੀ ….”ਉਹਦੀ ਗੱਲ ਸੁਣਕੇ ਇੱਕ ਪਲ ਚ ਮਨਜੀਤ ਮੁੜ ਬੈਠ ਗਈ। ਚੁੱਪ ਚਾਪ ਕੁਝ ਸੋਚਣ ਲੱਗੀ।”ਇਸਦੀ ਕੀ ਗਰੰਟੀ ਕਿ ਇਸ ਨਾਲ ਮੇਰੀ ਸਮੱਸਿਆ ਹੱਲ ਹੋ ਜਾਏਗੀ ? “ਮਨਜੀਤ ਨੇ ਪੁੱਛਿਆ।” ਗਰੰਟੀ ਤਾਂ ਹੁਣ ਵੀ ਨਹੀਂ,ਪਰ ਮੇਰੀ ਜ਼ੁਬਾਨ ਹੈ ਕਿ ਮੈਂ ਪੂਰੀ ਵਾਹ ਲਗਾ ਦੇਵਾਂਗਾ.””ਪਰ ਮੈਂ ਕਿਵੇਂ ਕਿਸੇ ਤੋਂ ਬਗੈਰ ਘਰੋਂ ਨਿਕਲ ਸਕਦੀਂ ਹਾਂ,ਮੇਰੇ ਨਾਲ ਬਾਪੂ ਨੇ ਰਹਿਣਾ ਹੀ ਰਹਿਣਾ”।” ਇਹ ਰਾਹ ਹੁਣ ਤੁਸੀਂ ਵੇਖਣੇ ਹਨ ਕਿ ਕਿਵੇਂ ਬਚਿਆ ਜਾਏ, ਕੋਈ ਤਾਂ ਬਹਾਨਾ ਲਗਾ ਕੇ ਆਓਗੇ ਹੀ ….ਤੁਹਾਡੀ ਫਾਈਲ ਮੈਂ ਰੱਖ ਲਈ , ਤੇ ਕੱਲ੍ਹ ਤੁਸੀਂ ਜਿਥੋਂ ਚਾਹੋਂ ਓਥੋਂ ਮੈਂ ਗੱਡੀ ਚੋਂ ਲੈ ਜਾਵਾਂਗਾ।””ਨਹੀਂ ਕੱਲ੍ਹ ਨਹੀਂ, ਤੁਸੀਂ ਪਹਿਲਾਂ ਉਸ ਬਾਰੇ ਕੁਝ ਪਤਾ ਤਾਂ ਕਰੋ, ਆਪਾਂ ਇੱਕ ਹਫਤੇ ਬਾਅਦ ਮਿਲਾਂਗੇ। ਬੀਐੱਡ ਕਾਲਜ਼ ਕੋਲ ਮੇਰੀ ਦੋਸਤ ਦਾ ਘਰ ਹੈ ਓਥੋਂ ਦੁਪਹਿਰ ਵੇਲੇ ਮੈਨੂੰ ਲੈ ਜਾਇਓ।””ਪੜ੍ਹੀਆਂ ਲਿਖਿਆ ਕੁੜੀਆਂ ਬੜੀ ਛੇਤੀ ਮੋਲ-ਭਾਵ ਤੇ ਆ ਹੀ ਜਾਂਦੀਆਂ”ਬਦਲੇ ਚ ਅਮਰਜੀਤ ਸਿਰਫ਼ ਮੁਸਕਰਾਇਆ।”ਵੈਸੇ ਕਿੰਨੀਆ ਕੁੜੀਆਂ ਦਾ ਕੇਸ ਸਪੈਸ਼ਲ ਇੰਟ੍ਰਸਟ ਲੈ ਕੇ ਹੱਲ ਕਰ ਚੁੱਕੇ ਹੋ ?””ਕੋਈ ਗਿਣਤੀ ਨਹੀਂ …..” ਅਮਰਜੀਤ ਦੇ ਚਿਹਰੇ ਉੱਤੇ ਸ਼ੈਤਾਨੀ ਮੁਸਕਾਨ ਸੀ ਜਿਵੇਂ ਦੀ ਕੁੜੀਆਂ ਦੀ ਗਿਣਤੀ ਕਰਦੇ ਹਰ ਆਦਮੀ ਦੇ ਚਿਹਰੇ ਤੇ ਹੁੰਦੀ ਹੈ ਜਦੋਂ ਉਸ ਤੋਂ ਪੁਛਿਆ ਜਾਂਦਾ ਕਿ ਉਹ ਕਿੰਨੇ ‘ਸ਼ਿਕਾਰ’ ਕਰ ਚੁੱਕਾ।ਤਦੇ ਦਰਵਾਜ਼ਾ ਖੜਕਿਆ। ਸੁਲਤਾਨ ਦਾਖਿਲ ਹੀ ਹੋਇਆ। “ਕਾਕਾ ਜੀ ,ਬਾਪੂ ਜੀ ਦਿੱਲੀ ਚੱਲੇ ਨੇ,ਪੁੱਛਦੇ ਪਏ ਕੋਈ ਜਰੂਰੀ ਕੇਸ ਹੋਏ ਤਾਂ ਦੱਸ ਦਿਓ…..””ਆਹ ਫਾਈਲ ਦੇ ਦਿਓ ਬਾਪੂ ਜੀ ਨੂੰ ਤੇ ਆਖੋ ਕਿ ਕਾਕਾ ਜੀ ਦੇ ਖਾਸ ਮਿੱਤਰ ਦੀ ਹੈ ਤੇ ਇੱਕ ਰਸੀਦ ਕਟਵਾ ਕੇ ਇਹਨਾਂ ਨੂੰ ਦੇ ਦਿਓ, ‘ਫ਼ੀਸ’ ਫਿਕਸ ਹੋ ਗਈ ਹੈ।ਫਾਈਲ ਫੜ੍ਹਦੇ ਹੋਏ ਸੁਲਤਾਨ ਦੇ ਚਿਹਰੇ ਤੇ ਖਚਰਾ ਹਾਸਾ ਸੀ,ਉਹਨੇ ਇੱਕ ਵਾਰੀ ਮਨਜੀਤ ਨੂੰ ਉੱਪਰ ਤੋਂ ਥੱਲੇ ਤੱਕ ਨਿਹਾਰਿਆ। ਉਹਨੂੰ ਕਾਕਾ ਜੀ ਜਿੰਦਗ਼ੀ ਤੇ ਰਸ਼ਕ ਹੋ ਰਿਹਾ ਸੀ। ਬਾਹਰ ਨਿਕਲ ਗਿਆ।”ਇਹ ਫ਼ੀਸ ਬਾਪੂ ਨੂੰ ਨਾ ਦਿਓ, ਆਪਣੇ ਬੱਚੇ ਦੇ ਨਾਮ ਕਰਵਾ ਦਿਓ, ਬਜ਼ੁਰਗਾਂ ਨੂੰ ਸ਼ੱਕ ਹੋ ਜਾਂਦੇ ਸੌ ਸਵਾਲ ਕਰਨਗੇ ਤੁਹਾਨੂੰ “।ਮਨਜੀਤ ਚੁੱਪ ਚਾਪ ਸੁਣਦੀ ਰਹੀ।ਸੁਲਤਾਨ ਰਸੀਦ ਲੈ ਆਇਆ ਤੇ ਉਹਨੂੰ ਫੜਾ ਦਿੱਤੀ। ਉਹ ਉੱਠ ਕੇ ਬਾਹਰ ਚਲੀ ਗਈ।ਗੱਜਣ ਸਿੰਘ ਉਹਨੂੰ ਹੀ ਉਡੀਕ ਰਿਹਾ ਸੀ। ਊਹਦੇ ਚਿਹਰੇ ਤੋਂ ਸਵਾਲ ਜਵਾਬ ਪੜ੍ਹਨ ਲੱਗਾ। ਪਰ ਕੁਝ ਨਹੀਂ ਪੜ੍ਹਿਆ।ਉਹਨੇ ਰਸੀਦ ਗੱਜਣ ਸਿੰਘ ਨੂੰ ਫੜਾ ਦਿੱਤੀ।”ਕਹਿੰਦੇ ਅਗਲ਼ੇ ਹਫਤੇ ਪਤਾ ਕਰ ਜਾਇਓ। ” ਗੱਲਾਂ ਕਰਦੇ ਹੋਏ ਉਹ ਕੋਠਿਓ ਬਾਹਰ ਨਿਕਲ ਗਏ।ਸਵੇਰ ਦੇ ਘਰੋਂ ਤੁਰੇ ਹੋਇਆਂ ਮਸੀਂ ਇੱਕ ਇੱਕ ਪਰੌਂਠਾ ਖਾਧਾ ਸੀ। ਹੁਣ ਦੁਪਹਿਰ ਹੋ ਗਈ ਸੀ ਤੇ ਸਿਰਫ ਚਾਹ ਪੀਤੀ ਸੀ। ਬੰਦਾ ਜਿੰਨੇ ਮਰਜ਼ੀ ਦੁੱਖ ਨਾਲ ਭਰਿਆ ਹੋਏ ਢਿੱਡ ਨੂੰ ਤਾਂ ਫਿਰ ਵੀ ਭੁੱਖ ਲਗਦੀ ਹੈ।ਬਾਹਰ ਨਿਕਲਦੇ ਹੀ ਉਹ ਇੱਕ ਢਾਬੇ ਕੋਲ ਰੁਕ ਗਏ।ਓਥੇ ਚਾਹ ਮੰਗਵਾ ਕੇ ਘਰੋਂ ਲਿਆਂਦੇ ਆਚਾਰ ਨਾਲ ਪਰੌਂਠੇ ਖਾਣ ਲੱਗੇ। ਉਹਨਾਂ ਦੇ ਆਸ ਪਾਸ ਬਹੁਤੇ ਕੋਠੀ ਚੋਂ ਹੀ ਆਈ ਸੀ। ਮੇਲੇ ਵਰਗਾ ਮਾਹੌਲ ਸੀ ਅੰਦਰ।ਧੰਨ ਸੀ ਇਹ ਲੋਕ ਜਿਹਨਾਂ ਨੇ ਇਸ ਦੁੱਖਾਂ ਚ ਡੁੱਬੇ ਲੋਕਾਂ ਦੇ ਦੁੱਖ ਦੂਰ ਕਰਨ ਨੂੰ ਵੀ ਧੰਦਾ ਬਣਾ ਛੱਡਿਆ ਸੀ।ਉਹ ਰੋਟੀ ਖਾਣ ਲੱਗੀ। ਤਦੇ ਉਹਨੇ ਤੱਕਿਆ ਕਿ ਉਹਦੇ ਸਾਹਮਣੇ ਬੈਠੀ ਨਵ ਵਿਆਹੀ ਕੁੜੀ ਫੁੱਟ ਫੁੱਟ ਕੇ ਰੋਣ ਲੱਗੀ।ਮਨਜੀਤ ਦਾ ਆਪਣਾ ਗਲਾ ਭਰ ਆਇਆ। ਉਹਦੀ ਭੁੱਖ ਪਹਿਲਾਂ ਹੀ ਮਰੀ ਹੋਈ ਸੀ। ਹੁਣ ਉਹਨੇ ਉਂਝ ਹੀ ਰੋਟੀ ਲਪੇਟ ਕੇ ਰੱਖ ਦਿੱਤੀ। ਢਿੱਡ ਨੂੰ ਫੂਕਣ ਲਈ ਗਰਮ ਗਰਮ ਚਾਹ ਪੀਣ ਲੱਗੀ।ਉਸਨੂੰ ਲੱਗਾ ਖੌਰੇ ਦੁੱਖ ਦੀ ਇਸ ਅੱਗ ਨੂੰ ਅੱਗ ਹੀ ਸਾੜ ਸਕੇ।ਸ਼ਾਮ ਤੱਕ ਉਹ ਪਿੰਡ ਪਰਤੇ ਸੀ, ਥੱਕੇ ਟੁੱਟੇ ਉਵੇਂ ਹੀ ਸੌਂ ਗਏ ਸੀ। ਰਾਤ ਉਹਨੂੰ ਸੱਚਮੁੱਚ ਪਹਾੜ ਜਿਹੀ ਲਗਦੀ ਸੀ। ਪਰ ਜਿਸ ਦਿਨ ਦਾ ਉਹਦੇ ਘਰ ਜਸਪ੍ਰੀਤ ਆਇਆ ਸੀ ਉਹਨੂੰ ਆਪਣੇ ਬਹੁਤੇ ਦੁੱਖ ਭੁੱਲ ਗਏ ਸੀ। ਊਹਦੇ ਨਿੱਕੇ ਨਿੱਕੇ ਹੱਥਾਂ ਨਾਲ ਖੇਡਦੇ ਹੋਏ,ਲਾਡ ਲਡਾਉਂਦੇ ਹੋਏ ਉਹ ਦਿਨ ਰਾਤ ਵੀ ਭੁੱਲ ਜਾਂਦੀ ਸੀ।ਪਰ ਇਹ ਰਾਤਾਂ ਊਹਦੇ ਲਈ ਮੁੜ ਪਹਾੜ ਬਣਨ ਲੱਗੀਆਂ ਸੀ। ਉਹ ਵਾਰ ਵਾਰ ਸੋਚ ਰਹੀ ਸੀ ਕਿ ਜੋ ਉਹ ਕਰਨ ਜਾ ਰਹੀ ਹੈ ਕਿ ਉਹ ਸਹੀ ਹੈ ? ਆਪਣੇ ਫੈਸਲੇ ਨੂੰ ਜਸਤੀਫ਼ਾਈ ਕਰ ਰਹੀ ਸੀ, ਮੁੜ ਮੁੜ ਤੋੜ ਭੰਨ ਕਰ ਰਹੀ ਸੀ। ਸੋਚ ਰਹੀ ਸੀ ਜੇ ਨਾ ਜਾਵੇ ਫਿਰ ? ਉਹਨੂੰ ਫਿਰ ਖਿਆਲ ਆਉਂਦਾ ਇੰਝ ਇਥੇ ਕਿੰਨੀ ਦੇਰ ਬੈਠੀ ਰਹੇਗੀ ?ਕੱਲ੍ਹ ਹੀ ਤਾਏ ਘਰੋਂ ਉਹ ਜਸਪ੍ਰੀਤ ਨੂੰ ਫੜ੍ਹਨ ਗਈ ਸੀ । ਜਾਂਦੇ ਹੀ ਤਾਈ ਨੇ ਆਖਿਆ ਸੀ,” ਲੈ ਆ ਗਈ ਵਲੈਤੀਏ ਦੀ ਮਾਂ” ਵਲੈਤੀਆ ਬੜਾ ਚੱਬ ਕੇ ਆਖਿਆ ਸੀ ਜਿਵੇਂ ਉਹਨੂੰ ਮਖੌਲ ਕੀਤਾ ਹੋਏ।ਲੋਕੀਂ ਕਹਿੰਦੇ ਕਿ ਭਰਾਵਾਂ ਤੇ ਸਾਂਝੇ ਟੱਬਰ ਤੇ ਪਿੰਡਾਂ ਵਰਗੀ ਕੋਈ ਰੀਸ ਨਹੀਂ। ਕਿੰਨਾ ਝੂਠ ਬੋਲਦੇ ਨੇ ਲੋਕ। ਆਪਣੇ ਲੋਕਾਂ ਨੂੰ ਨਿੱਕੀ ਨਿੱਕੀ ਗੱਲ ਤੇ ਮਿਹਣੇ ਮਾਰ ਮਾਰ ਕੇ ਨਾ ਜਿਊਣ ਦਿੰਦੇ ਹਨ ਨਾ ਮਰਨ। ਨਿੱਕੀ ਲੜਾਈ ਚ ਵੀ ਇਹ ਝੱਟ ਜਖ਼ਮਾਂ ਤੇ ਲੂਣ ਭੁੱਕ ਦਿੰਦੇ ਹਨ।ਇਹਨਾਂ ਲੋਕਾਂ ਨਾਲੋਂ ਤਾਂ ਦੁਸ਼ਮਣ ਚੰਗੇ ਘੱਟੋ ਘੱਟ ਪਤਾ ਤਾਂ ਹੁੰਦਾ ਕਿ ਉਹ ਮਾੜਾ ਤਕਾਉਂਦੇ ਨੇ।ਉਹਦਾ ਮਨ ਫਿਰ ਵੀ ਤੋੜ ਭੰਨ ਵਿੱਚ ਸੀ ….,ਹੁਣ ਤਾਂ ਉਹਦਾ ਰੱਬ ਨੂੰ ਵੀ ਕੁਝ ਕਹਿਣ ਨੂੰ ਦਿਲ ਨਹੀਂ ਸੀ ਕਰਦਾ ਸਭ ਕਾਸੇ ਤੋਂ ਵਿਸ਼ਵਾਸ ਜਿਹਾ ਉੱਠ ਗਿਆ ਸੀ। ਪਰ ਉਹਦਾ ਦਿਲ ਚ ਹਲੇ ਵੀ ਡਰ ਸੀ। ਉਹ ਨਹੀਂ ਸੀ ਚਾਹੁੰਦੀ ਕਿ ਉਹ ਦਿਨ ਆਵੇ ਜਿਸ ਦਿਨ ਦਾ ਉਸਨੇ ਇਕਰਾਰ ਕੀਤਾ ਸੀ ।

ਮਨਜੀਤ ਰੋਜ਼ ਦੀ ਤਰ੍ਹਾਂ ਉੱਠੀ ਤੇ ਤਿਆਰ ਹੋਈ, ਜਸਪ੍ਰੀਤ ਨੂੰ ਘੁੱਟ ਕੇ ਆਪਣੇ ਗਲ ਨਾਲ ਲਗਾਇਆ। ਪਿਆਰ ਕੀਤਾ। ਫ਼ਿਰ ਇੱਕ ਵਾਰ ਫ਼ਿਰ ਤੋਂ ਉਹ ਉਸਨੂੰ ਘਰ ਛੱਡ ਕੇ ਜਾ ਰਹੀ ਸੀ। ਘਰੋਂ ਸਹੇਲੀ ਨੂੰ ਮਿਲਣ ਤੇ ਕਾਲਜ਼ ਤੋਂ ਪਿਛਲੇ ਸਾਲ ਦੇ ਬਚੇ ਪੇਪਰਾਂ ਬਾਰੇ ਪਤਾ ਕਰਨ ਦਾ ਬਹਾਨਾ ਲਗਾ ਕੇ ਨਿੱਕਲੀ ਸੀ। ਘਰਦਿਆਂ ਨੂੰ ਸੀ ਚਲੋ ਘਰ ਬੈਠ ਕੇ ਸਾਰਾ ਦਿਨ ਬੋਰ ਤੇ ਤੰਗ ਹੋਣ ਨਾਲੋ ਇਹ ਤਾਂ ਚੰਗਾ ਹੀ ਹੈ। ਮਾਂ-ਬਾਪ ਉਹਦੇ ਦੁੱਖਾਂ ਲਈ ਖੁਦ ਨੂੰ ਦੋਸ਼ੀ ਹੀ ਸਮਝਦੇ ਸੀ, ਇਸ ਲਈ ਪਹਿਲਾਂ ਵਰਗੀ ਰੋਕ ਟੋਕ ,ਸਮਝੌਤੀਆਂ , ਅਕਲਾਂ ਹੁਣ ਨਹੀਂ ਸਨ ਦਿੰਦੇ। ਪਹਿਲੀਆਂ ਨੇ ਕਿੰਨੇ ਕੁ ਘਰ ਸਵਾਰੇ ਸੀ ਜੋ ਹੁਣ ਸੰਵਰ ਜਾਂਦੇ। ਸਗੋਂ ਉਹ ਤਾਂ ਖੂਦ ਆਖਦੇ ਸੀ ਕਿ ਕਿਸੇ ਸਹੇਲੀ ਨੂੰ ਬੁਲਾ ਲਿਆ ਕਰ ਕਿਸੇ ਘਰ ਬੈਠ ਜਾਇਆ ਕਰ।ਪਰ ਜਿਥੇ ਜਾਂਦੇ ਲੋਕ ਖੁੰਦਕੀ ਗੱਲਾਂ ਕਰਦੇ ,ਦੋਹਰੇ ਅਰਥਾਂ ਵਿੱਚ ਬੋਲਦੇ, ਲਾਲਚੀ ,ਬੇਵਕੂਫ ਤੱਕ ਆਖ ਦਿੰਦੇ। ਬੱਸ ਉਹ ਸੁਣਦੀ ਚੁੱਪ ਚਾਪ ਮੂੰਹ ਵੱਟ ਲੈਂਦੀ।ਰਿਸ਼ਤੇਦਾਰਾਂ ਤੋਂ ਆਂਢੀ ਗੁਆਂਢੀ ਸਭ ਤੋਂ ਮੋਹ ਟੁੱਟ ਗਿਆ ਸੀ। ਸਭ ਚੋਬਾਂ ਹੀ ਮਾਰਦੇ ਸੀ। ਨਾਲੇ ਦੁੱਖ ਪੁੱਛਦੇ ਸੀ ਨਾਲੇ ਹੱਸਦੇ ਸੀ। ਦੁਨੀਆਂ ਡਾਢੀ ਹੈ ਆਪਣੇ ਸੁੱਖ ਤੇ ਸੁਖੀ ਨਹੀਂ ਹੁੰਦੀ ਦੂਜੇ ਦੇ ਦੁੱਖ ਤੇ ਹੁੰਦੀ ਹੈ ਆਪਣੇ ਦੁੱਖ ਨਾਲ਼ੋਂ ਦੂਸਰੇ ਦਾ ਨੂੰ ਸੁਖੀ ਵੇਖ ਵੱਧ ਦੁਖੀ ਹੁੰਦੀ ਹੈ। ਉਹਦਾ ਦਿਲ ਕਰਦਾ ਸੀ ਸਭ ਦੇ ਨਿਕਲਦੇ ਦੰਦਾਂ ਨੂੰ ,ਮੁਸਕੜੀਏ ਹਾਸੇ ਨੂੰ ਗਰਮ ਪਾਣੀ ਨਾਲ ਸਾੜ ਦੇਵੇ।ਇੱਕ ਗੁੱਸਾ ਇੱਕ ਬੇਬਸੀ ਉਹਦੇ ਅੰਦਰ ਭਰ ਗਈ ਸੀ।ਅੱਜ ਸਭ ਕੁਝ ਦੱਬ ਕੇ ਹੀ ਉਹ ਸ਼ਹਿਰ ਆਈ ਸੀ। ਕੁਝ ਦੇਰ ਬੈਠੀ, ਸਹੇਲੀ ਨੂੰ ਸਭ ਸਮਝਾ ਦਿੱਤਾ ਸੀ ਕਿ ਕਾਲਜ਼ ਤੋੰ ਕੀ ਕੁਝ ਪਤਾ ਕਰਨਾ। ਕੁਝ ਕਿਤਾਬਾਂ ਵੀ ਮੰਗਵਾ ਲਈਆਂ ਸੀ। ਦੋਵੇਂ ਕਿੰਨਾ ਟਾਈਮ ਲੰਘੇ ਟਾਈਮ ਨੂੰ ਚੇਤੇ ਕਰਦੀਆਂ ਰਹੀਆਂ।ਤੇ ਇਸ ਘਰ ਵਿਚ ਵੜਦੇ ਹੀ ਊਹਦੇ ਮਨ ਚ ਛਿੰਦਾ ਫਿਰ ਤੋਂ ਤਾਜ਼ਾ ਹੋ ਗਿਆ। ਸਭ ਮੁਲਾਕਾਤਾਂ ਤਾਜੀਆਂ ਹੋ ਗਈਆਂ ਅੱਖਾਂ ਸਾਹਵੇਂ ਹੀ ਆ ਖਲੋਤਾ। ਇੰਝ ਹੀ ਕਿੰਨੀ ਵਾਰ ਉਹ ਇਥੋਂ ਹੀ ਇੱਕ ਦੂਸਰੇ ਨੂੰ ਮਿਲੇ ਸੀ।ਸਮੇਂ ਨੇ ਜਿਵੇਂ ਪੂਰਾ ਚੱਕਰ ਕੱਟ ਲਿਆ ਹੋਏ ,ਜਿਵੇਂ ਉਹ ਕਿਸੇ ਦੂਸਰੇ ਜਨਮ ਦੀ ਗੱਲ ਹੋਏ ,ਜਾਂ ਕੋਈ ਸੁਪਨਾ। ਸਭ ਧੁੰਦਲਾ ਜਿਹਾ ਯਾਦ ਸੀ, ਗ਼ਮ ਬੰਦੇ ਨੂੰ ਕਿੰਨਾ ਕੁਝ ਭੁਲਾ ਦਿੰਦੇ ਹਨ ਕਿੰਨਾ ਕੁਝ ਧੁੰਦਲਾ ਕਰ ਦਿੰਦੇ ਹਨ ਇਹ ਤਾਂ ਮਹਿਜ਼ ਜਦੋਂ ਕੋਈ ਬੈਠ ਕੇ ਸੋਚਦਾ ਉਦੋਂ ਹੀ ਪਤਾ ਲਗਦਾ।ਬਾਹਰ ਧਰਤੀ ਤਪ ਰਹੀ ਸੀ। ਜਿਵੇਂ ਪਾਪਾਂ ਦੀ ਗਵਾਹ ਬਣਕੇ ਥੱਕ ਗਈ ਹੋਏ। ਸੂਰਜ ਇੰਝ ਮਘ ਰਿਹਾ ਸੀ ਜਿਵੇਂ ਪਾਪਾਂ ਦੀ ਇਸ ਦੁਨੀਆਂ ਨੂੰ ਭਸਮ ਹੀ ਕਰ ਦੇਣਾ ਚਾਹੁੰਦਾ ਹੋਵੇ। ਦੁਖੀ ਹਿਰਦਿਆਂ ਨੂੰ ਤਾਂ ਤਪਦੀ ਹੋਈ ਲੂੰ ਵੀ ਪੱਛੋਂ ਜਾਪਦੀ ਹੈ।ਮੂੰਹ ਬਾਹਾਂ ਵਲੇਟ ਕੇ ਵੀ ਉਹਨੂੰ ਗਰਮੀ ਖਾ ਰਹੀ ਸੀ।ਮਿਥੇ ਵੇਲੇ ਕਾਰ ਆ ਪਹੁੰਚੀ ਤੇ ਉਹ ਉਸ ਚ ਬੈਠ ਗਈ। ਕਾਰ ਦੇ ਡਰਾਈਵਰ ਨੇ ਨਾਮ ਤੋਂ ਸਿਵਾਏ ਕੁਝ ਨਹੀਂ ਪੁੱਛਿਆ। ਅੰਦਰ ਵੜਦੇ ਹੀ ਏਸੀ ਦੀ ਹਵਾ ਨੇ ਜਿਵੇਂ ਊਹਦੇ ਤਪਦੇ ਮਗਜ਼ ਨੂੰ ਕੁਝ ਧਰਵਾਸ ਜਿਹੀ ਦਿੱਤੀ ਹੋਵੇ। ਸੋਚ ਰਹੀ ਸੀ ਸੂਰਜ ਤਾਂ ਐਂਵੇ ਹੀ ਪਾਪੀਆਂ ਨੂੰ ਸਾੜ ਦੇਣ ਦਾ ਅਸਫ਼ਲ ਯਤਨ ਕਰ ਰਿਹਾ ਹੈ। ਇਹ ਤਾਂ ਪੈਸੇ ਤੇ ਪਹੁੰਚ ਦੇ ਜ਼ੋਰ ਤੇ ਇਥੇ ਹੀ ਸਵਰਗ ਬਣਾਏ ਬੈਠੇ ਹਨ। ਮਜ਼ਬੂਰੀ ਵੱਸ ਕਿੰਨੀਆਂ ਹੀ ਅਪਸਰਾਵਾਂ ਸ਼ਿਕਾਰ ਹੋ ਜਾਂਦੀਆਂ ਹਨ।ਉਹ ਚਾਹੁੰਦੀ ਸੀ ਇਹ ਸਫਰ ਕਦੇ ਨਾ ਮੁੱਕੇ, ਪਰ ਇਹ ਝੱਟ ਮੁੱਕ ਗਿਆ। ਤੇ ਕੋਠੀ ਅੰਦਰ ਉਹਨੂੰ ਉਤਾਰ ਦਿੱਤਾ। ਦੁਪਹਿਰ ਦਾ ਸਮਾਂ ਸੀ,ਕੋਠੀ ਸੁੰਨਸਾਨ ਸੀ। ਚਾਰੋਂ ਪਾਸੇ ਪਾਰਕ,ਕੰਧਾਂ ਉੱਤੇ ਲਟਕਦੀਆਂ ਵੇਲਾਂ, ਦਰਖਤ ਕੋਠੀ ਨੂੰ ਠੰਡਕ ਦੇ ਰਹੇ ਸਨ। ਲੂੰ ਕਿਧਰੇ ਬਾਹਰ ਹੀ ਰਹਿ ਗਈ ਸੀ। ਇਹ ਠੰਡੀ ਹਵਾ ਉਹਦੇ ਕਾਲਜੇ ਨੂੰ ਸਾੜ ਰਹੀ ਸੀ।ਡਰਾਈਵਰ ਉਹਨੂੰ ਕਮਰੇ ਦਾ ਰਸਤਾ ਸਮਝਾ ਕੇ ਚਲਾ ਗਿਆ ਸੀ। ਉਹਨੇ ਕਮਰੇ ਚ ਪਹੁੰਚ ਕੇ ਦਰਵਾਜ਼ਾ ਖੜਕਾਇਆ ਤਾਂ ਸਾਹਮਣੇ ਅਮਰਜੀਤ ਰਾਜਿਆਂ ਵਰਗੇ ਬੈੱਡ ਉੱਤੇ ਖਿਲਰਿਆ ਬੈਠਾ ਸੀ। ਅੰਦਰ ਵੜਦੇ ਹੀ ਉਹਨੂੰ ਏਸੀ ਦੀ ਠੰਡਕ ਦਾ ਅਹਿਸਾਸ ਹੋਇਆ। ਤਦੇ ਅਮਰਜੀਤ ਕੰਬਲ ਚ ਲੁਕ ਕੇ ਬੈਠਾ ਸੀ। ਸ਼ਿਕਾਰ ਖੁਦ ਚੱਲ ਕੇ ਸ਼ਿਕਾਰੀ ਪਾਸ ਆ ਰਿਹਾ ਸੀ। ਉਹਦੀਆਂ ਅੱਖਾਂ ਉਹਨੂੰ ਹੀ ਤਾੜ ਰਹੀਆਂ ਸੀ। ਕੁਝ ਪਲ ਹਾਲ ਚਾਲ ਪੁੱਛਦੇ ਰਹੇ। ਫ਼ਿਰ ਇੱਕ ਨੌਕਰ ਆਇਆ ਤੇ ਦੋ ਗਲਾਸ ਜੂਸ ਦੇ ਗਿਆ। ਦੋਵੇਂ ਪੀਂਦੇ ਰਹੇ। ਅਮਰਜੀਤ ਨੇ ਰੋਟੀ ਆਫ਼ਰ ਕੀਤੀ ਪਰ ਉਹਨੇ ਇਨਕਾਰ ਕਰ ਦਿੱਤਾ।ਜਦੋਂ ਬੰਦੇ ਨੂੰ ਸਜ਼ਾ ਲੱਗੀ ਹੁੰਦੀ ਉਹਨੂੰ ਲਗਦਾ ਕਿ ਜੋ ਵੀ ਹੋਣਾ ਛੇਤੀ ਹੋਏ ਤੇ ਇਹ ਤਕਲੀਫ਼ ਖਤਮ ਹੋਏ। ਇਹੋ ਹਾਲ ਮਨਜੀਤ ਦਾ ਸੀ। ਉਹ ਉਸ ਪਲ ਨੂੰ ਉਡੀਕ ਕੇ ਦੁਖੀ ਹੋਣ ਦੀ ਵਜਾਏ ਚਾਹੁੰਦੀ ਸੀ ਕਿ ਸਭ ਛੇਤੀ ਮੁੱਕੇ। ਇਹ ਮੁੱਕ ਨਹੀਂ ਸੀ ਰਿਹਾ।”ਕੁਝ ਪਤਾ ਕੀਤਾ, ਉਹਨਾਂ ਬਾਰੇ” ਮਨਜੀਤ ਨੂੰ ਅਚਾਨਕ ਯਾਦ ਆਇਆ ਕਿਉਂ ਇੱਥੇ ਕਿਉਂ ਹੈ।”ਇਸ ਜੁਮੇ ਤੱਕ ਸਾਰਾ ਕੁਝ ਸਾਫ਼ ਹੋ ਜਾਏਗਾ,ਓਧਰ ਦਾ ਪਤਾ ਵੀ ਮਿਲ ਗਿਆ ਹੈ, ਸਾਡਾ ਇੱਕ ਬੰਦਾ ਮਿਲ ਕੇ ਆਏਗਾ,ਕੋਸ਼ਿਸ ਕਰੇਗਾ ,ਸਭ ਮਿਲ ਕੇ ਸੁਲਝਾ ਲਵੇ, ਜੇ ਨਾ ਹੋਇਆ ਫ਼ਿਰ ਕਾਨੂੰਨੀ ਤਰੀਕੇ ਸਭ ਨਜਿੱਠਿਆ ਜਾਏਗਾ। ਵਕੀਲ ਨਾਲ ਗੱਲ ਹੋਈ ਸੀ ਕਿ ਉਹ ਮੁੱਕਰ ਨਹੀਂ ਸਕਦੇ, ਵਿਆਹ ਦਾ ਸਬੂਤ ਤਾਂ ਹੈ ਹੀ ਫੋਟੋਆਂ ਤੇ ਬਾਕੀ ਸਭ ,ਹਨੀਮੂਨ ਦੇ ਹੋਟਲ ਤੇ ਟੈਕਸੀ ਬਿਲ ਹਨ,ਤੁਹਾਡਾ ਦੋਵਾਂ ਦਾ ਸਾਂਝਾ ਬੈਂਕ ਖਾਤਾ ਹੈ। ਜਿਥੋਂ ਹੀ ਸਿੱਧਾ ਸਿਧਾ ਸਾਫ਼ ਹੁੰਦਾ ਕਿ ਬੱਚਾ ਵੀ ਉਸਦਾ, ਬੱਸ ਸਮੱਸਿਆ ਇਹੋ ਹੈ ਕਿ ਜੇ ਉਹਨੇ ਓਧਰ ਵਿਆਹ ਕਰਵਾ ਕੇ ਵੀ ਵਿਆਹ ਕਰਵਾਇਆ ਇਧਰ ਫ਼ਿਰ ਉਹ ਅੰਦਰ ਹੋਜੇਗਾ….ਇਹੋ ਪੱਕਾ ਕਰਨ ਸਾਡਾ ਬੰਦਾ ਜਾਏਗਾ ਤੇ ਕੋਈ ਵਿਚਲਾ ਰਸਤਾ ਵੇਖਾਂਗੇ। “,ਮਨਜੀਤ ਨੂੰ ਥੋੜ੍ਹਾ ਸੁੱਖ ਦਾ ਸਾਹ ਆਇਆ।”ਪਰ ਤੇਰੇ ਜਿਹੀ ਸੁਨੱਖੀ ਜਨਾਨੀ ਨੂੰ ਪਾ ਕੇ ਤਾਂ ਬੰਦਾ ਮੇਮਾਂ ਨੂੰ ਭੁੱਲ ਜਾਏ,ਉਹਦਾ ਪਤਾ ਨਹੀਂ ਸਹੁਰੀਂ ਦੀ ਮੱਤ ਮਾਰੀ ਗਈ ਹੈ, ਜੋ ਤੈਨੂੰ ਭੁੱਲ ਬੈਠਾ।” ਕੁਰਸੀ ਤੋਂ ਉਹਨੂੰ ਆਪਣੇ ਉੱਪਰ ਧੂੰਹਦੇ ਹੋਏ ਕਿਹਾ। ਉਹਦੀ ਇਸ ਖਿੱਚ ਦੇ ਨਾਲ ਜਿਵੇਂ ਉਹ ਪੱਥਰ ਜਿਹੀ ਹੋ ਗਈ ਹੋਵੇ। ਸਰੀਰ ਇੱਕ ਦਮ ਸੁੰਨ। ਕਿਸੇ ਹਿੱਸੇ ਚ ਕੋਈ ਹਰਕਤ ਨਹੀਂ ਸੀ ਹੋ ਰਹੀ । ਜਿਵੇਂ ਕੋਈ ਪੱਥਰ ਨਾਲ ਖੇਡ ਰਿਹਾ ਹੋਏ। ਜਿਸ ਵਿੱਚੋਂ ਅਹਿਸਾਸ ਹੋ ਮੁੱਕ ਚੁੱਕੇ ਹੋਣ। ਹਵਸ਼ ਨਾਲ ਭਰੇ ਚਿਹਰਿਆਂ ਨੂੰ ਤਾਂ ਸਰੀਰ ਤੋੰ ਅੱਗੇ ਕੁਝ ਨਹੀਂ ਦਿਸਦਾ, ਜਜ਼ਬਿਆਂ ਦੀ ਕੋਈ ਕੀਮਤ ਨਹੀਂ ਹੁੰਦੀ। ਉਹ ਤਾਂ ਚਾਹੁਣ ਤਾਂ ਬੁੱਤ ਨਾਲ ਵੀ ਆਪਣੀ ਇੱਛਾ ਪੂਰੀ ਕਰ ਸਕਦੇ ਹਨ। ਬੱਸ ਮਾਸ ਦੇ ਬਣੇ ਹੋਣ। ਅਮਰਜੀਤ ਵੀ ਇਹੋ ਕਰ ਰਿਹਾ ਸੀ ਸਿਰਫ਼ ਮਾਸ ਦੇ ਇੱਕ ਖਿਡੌਣੇ ਨਾਲ ਖੇਡ ਰਿਹਾ ਸੀ, ਜਿਸ ਵਿੱਚੋਂ ਔਰਤ ਮਨਫ਼ੀ ਹੋ ਚੁੱਕੀ ਸੀ।ਜਿਸ ਵਿਚੋਂ ਇੱਕ ਔਰਤ ਦੇ ਅਹਿਸਾਸ ਤਾਂ ਕਮਰੇ ਤੋਂ ਬਾਹਰ ਹੀ ਡਿੱਗ ਗਏ ਸਨ। ਠੰਡੇ ਜਿਸਮਾਂ ਨਾਲ ਪਿਆਰ ਬੁਝਾ ਕੇ ਕੋਈ ਕਿ ਸਾਬਿਤ ਕਰ ਸਕਦਾ ? ਇੱਕ ਗਿਣਤੀ ਹੀ ਵਧਾ ਸਕਦਾ। ” ਇੱਕ ਸ਼ਿਕਾਰ ਹੋਰ” . ਮਨਜੀਤ ਲਈ ਸਾਰਾ ਕਿਸੇ ਬੁਰੇ ਸੁਪਨੇ ਵਾਂਗ ਬੀਤ ਰਿਹਾ ਸੀ। ਅਮਰਜੀਤ ਹਲਕਾਏ ਹੋਏ ਦੀ ਤਰ੍ਹਾਂ ਜਿਵੇਂ ਉਹਨੂੰ ਚੁੰਢਣ ਦੀ ਕੋਸ਼ਿਸ਼ ਕਰਦਾ ਉਹਦੇ ਮਨ ਚ ਰੱਬ ਲਈ ਦੁਨੀਆਂ ਲਈ ਮਰਦਾਂ ਦੀਆਂ ਘਟੀਆਂ ਨਜ਼ਰਾਂ ਦਾ ਦਰਦ ਸੀਨੇ ਚ ਉੱਤਰ ਜਾਂਦਾ। ਖੁੱਲੀ ਤਿਜੋਰੀ ਵਾਂਗ ਉਹ ਲੁੱਟਦਾ ਰਿਹਾ, ਕਿਸੇ ਖਿਡੌਣੇ ਨਾਲ ਖੇਡਦਾ ਖੇਡਦਾ ਉਹ ਹਫ਼ ਕੇ ਲੇਟ ਗਿਆ। ਊਹਦੇ ਮਨ ਤੇ ਭਾਵੇਂ ਜਿੱਤ ਜਿਹੀ ਜਾਪਦੀ ਸੀ ਪਰ ਅੰਦਰੋਂ ਇੰਝ ਲਗਦਾ ਸੀ ਜਿਵੇਂ ਹਾਰ ਗਿਆ ਹੋਏ। ਉਸਨੇ ਜਿਸਮ ਨੂੰ ਭਾਵੇਂ ਪਾ ਲਿਆ ਸੀ ਪਰ ਉਹ ਨਾ ਪਾ ਸਕਿਆ ਜੋ ਅਸਲ ਚ ਚਾਹੀਦਾ ਸੀ, ਉਹ ਅਹਿਸਾਸ ਜੋ ਸਿਰਫ਼ ਉਦੋਂ ਹੀ ਜਾਗਦਾ ਹੈ ਜਦੋਂ ਕੋਈ ਔਰਤ ਆਪਣੀ ਮਰਜ਼ੀ ਨਾਲ ਕਿਸੇ ਮਰਦ ਦੇ ਗਲ ਵਿਚ ਬਾਹਾਂ ਪਾਉਂਦੀ ਹੈ। ਇਥੇ ਤਾਂ ਕੋਈ ਵਿਰੋਧ ਨਹੀਂ ਸੀ ਕੋਈ ਮਰਜ਼ੀ ਨਹੀਂ ਸੀ ਕੋਈ ਪਰਬਤ ਸੰਗ ਟੱਕਰਾਂ ਮਾਰ ਆਪਣਾ ਆਪ ਗੁਆ ਕੇ ਪੈ ਗਿਆ ਸੀ। ਤੇ ਉਹ ਹਲੇ ਹੋਰ ਚਾਹੁੰਦਾ ਸੀ …. ……….. ਜਦੋਂ ਉਹ ਮੁੜ ਕਾਰ ਚ ਬੈਠੀ ਤਾਂ ਆਪਣੇ ਨਾਲ ਬੀਤੇ ਇਸ ਅਨੁਭਵ ਨੂੰ ਭੁੱਲ ਜਾਣਾ ਚਾਹੁੰਦੀ ਸੀ। ਜਿਵੇਂ ਨਿੱਕੇ ਹੁੰਦਿਆਂ ਡਿੱਗ ਕੇ ਮਾਂ ਆਖਦੀ ਸੀ ਕਿ ਵੇਖ ਕੀੜੀ ਦਾ ਆਟਾ ਡੁੱਲ੍ਹ ਗਿਆ ਤੇ ਉਹ ਸੱਟ ਨੂੰ ਕੁਝ ਪਲ ਲਈ ਭੁੱਲ ਜਾਂਦੇ ਸੀ। ਇੰਝ ਹੀ ਉਹ ਸੋਚਦੀ ਹੁਣ ਵੀ ਕੋਈ ਹੋਏ ਤੇ ਆਖੇ ਕਿ ਕੀੜੀ ਦਾ ਆਟਾ ਡੁੱਲ੍ਹ ਗਿਆ। ਪਰ ਇਹ ਤਾਂ ਇੱਕ ਐਸਾ ਜਖਮ ਸੀ ਜੋ ਪਤਾ ਨਹੀਂ ਕਦੋੰ ਤੱਕ ਰਿਸਣਾ ਸੀ। ਅਚਾਨਕ ਹੀ ਕਿਧਰੋਂ ਹਵਾ ਚੱਲਣ ਲੱਗੀ ਸੀ, ਤੇਜ਼ ਹਨੇਰੀ ਧੂੜ ਭਰੀ ਉਹ ਚਹੁੰਦੀ ਸੀ ਕਿ ਇਹ ਸਫਰ ਛੇਤੀ ਮੁੱਕੇ ਪਰ ਹੁਣ ਇਹ ਮੁੱਕਣ ਵਿੱਚ ਨਹੀਂ ਸੀ ਆ ਰਿਹਾ।ਉਹ ਛੇਤੀ ਉੱਡ ਕੇ ਘਰ ਪਹੁੰਚਣਾ ਚਾਹੁੰਦੀ ਸੀ। ਪਰ ਸਮੇਂ ਦੀ ਆਪਣੀ ਰਫ਼ਤਾਰ ਹੈ ਸਾਡੇ ਜਜ਼ਬਿਆਂ ਅਨੁਸਾਰ ਨਹੀਂ ਚਲਦਾ। ਉਹ ਪਹੁੰਚੀ ਤਾਂ ਉਹਦੀ ਹਾਲਤ ਦੇਖ ਕੇ ਇੱਕ ਵਾਰ ਤਾਂ ਉਸਦੀ ਸਹੇਲੀ ਹੈਰਾਨ ਹੀ ਰਹਿ ਗਈ।ਉਸਨੂੰ ਬਿਠਾਇਆ, ਪਾਣੀ ਪਿਲਾਇਆ ਤੇ ਉਹਦੇ ਤੋਂ ਸਭ ਪੁੱਛਣ ਲੱਗੀ। ਪਰ ਕੋਈ ਇਵੇਂ ਦਾ ਕੁਝ ਵੀ ਦੱਸਦਾ ਹੁੰਦਾ। ਸਿਰਫ ਇਹ ਦੱਸਿਆ ਕਿ ਉਹ ਗਲਤ ਸਮਝ ਕੇ ਜ਼ਬਰਦਸਤੀ ਕਰਨ ਲੱਗਾ ਸੀ ….. ਪਰ ਬਹੁਤ ਕੁਝ ਅੱਖਾਂ ਸਮਝ ਜਾਂਦੀਆਂ ਹਨ। ਸਹੇਲੀ ਵੀ ਜਾਣਦੀ ਸੀ ਇਸ ਦੇਸ਼ ਚ ਬਿਨਾਂ ਕੁਝ ਦਿੱਤੇ ਕਿਸੇ ਤੋਂ ਕੋਈ ਉਮੀਦ ਨਹੀਂ ਹੋ ਸਕਦੀਂ ਤੇ ਔਰਤ ਕੋਲੋਂ ਸਹੀ ਕੰਮ ਬਦਲੇ ਵੀ ਇੱਕੋ ਮੰਗ ਹੁੰਦੀ ਹੈ ਉਹ ਹੈ ਜਿਸਮ ਦੀ…ਐਸੇ ਵੇਲੇ ਕੋਈ ਕੋਈ ਸਧਾਰਨ ਬੰਦਾ ਬੇਹੱਦ ਸਧਾਰਨ ਗੱਲ ਵੀ ਆਖ ਦਿੰਦਾ ਤਾਂ ਸਮਝੋ ਉਹ ਬੱਦਲਾਂ ਵਿੱਚੋ ਸੂਰਜ ਦੀ ਕਿਰਨ ਵਿਖਾਉਣ ਵਰਗਾ ਹੁੰਦਾ। ਸਹੇਲੀ ਨੇ ਵੀ ਇਹੋ ਆਖਿਆ,” ਜੇ ਛਿੰਦੇ ਨਾਲ ਬੀਤਿਆ ਸਭ ਭੁੱਲ ਗਿਆ ਹੈ, ਇਹ ਵੀ ਭੁੱਲ ਹੀ ਜਾਏਗਾ।”.ਮਨਜੀਤ ਦੀਆਂ ਅੱਖਾਂ ਇੱਕ ਪਲ ਲਈ ਟੱਡੀਆਂ ਰਹਿ ਗਈਆਂ। ਉਹਦੇ ਦਿਲ ਨੂੰ ਕੁਝ ਹੌਂਸਲਾ ਬੱਝਾ। ਇਹ ਸਭ ਸ਼ਾਇਦ ਥੋੜ੍ਹ-ਚਿਰਾ ਹੈ। ਵਕਤ ਇਸਨੂੰ ਵੀ ਲਪੇਟ ਲਵੇਗਾ।ਉਹ ਸਭ ਗੱਲਾਂ ਕਰ ਪਤਾ ਕਰਕੇ ਕਿਤਾਬਾਂ ਲੈ ਕੇ ਪਿੰਡ ਦੀ ਬੱਸ ਜਾ ਚੜ੍ਹੀ, ਹੁਣ ਉਸਦੇ ਕੱਪੜੇ ਦਰੁਸਤ ਸੀ,ਚਿਹਰੇ ਤੇ ਉਦਾਸੀ ਕੁਝ ਘਟ ਗਈ ਸੀ।ਵਗਦੀ ਹਨੇਰੀ ਕਿਧਰੋਂ ਪਾਣੀ ਦੇ ਛਿੱਟੇ ਲਿਆ ਕੇ ਸੁੱਟ ਰਹੀ ਸੀ। ਉਸਦਾ ਚਿਹਰਾ ਭਿੱਜ ਰਿਹਾ ਸੀ। ਜਦੋਂ ਪਿੰਡ ਉੱਤਰੀ ਤਾਂ ਮੀਂਹ ਆ ਗਿਆ ਸੀ ਉਹਨੇ ਕਿਤਾਬਾਂ ਦੇ ਬੈਗ ਨੂੰ ਛਾਤੀ ਨਾਲ ਘੁੱਟ ਲਿਆ ਸੀ। ਤੇਜ਼ ਮੀਂਹ ਦਾ ਪਾਣੀ ਊਹਦੇ ਪੂਰੇ ਜਿਸਮ ਨੂੰ ਛੋਹ ਗਿਆ। ਪਾਣੀ ਇਵੇਂ ਚੋ ਰਿਹਾ ਸੀ ਜਿਵੇਂ ਊਹਦੇ ਜਿਸਮ ਚੋਂ ਨਿਕਲ ਰਿਹਾ ਹੋਏ। ਇਸ ਠੰਡੇ ਜਿਹੇ ਅਹਿਸਾਸ ਨੇ ਊਹਦੇ ਅੰਗਾਂ ਨੂੰ ਜਿਵੇਂ ਫੁਰਤੀਲਾ ਕਰ ਦਿੱਤਾ ਹੋਏ। ਜਜ਼ਬਿਆਂ ਨਾਲ ਭਰੇ ਹੋਏ ਉਹ ਜਿਵੇਂ ਫੈਲਣ ਲੱਗੇ ਸੀ। ਊਸਨੂੰ ਅਹਿਸਾਸ ਸੀ ਪਾਣੀ ਦੇ ਇਸ ਅਹਿਸਾਸ ਨੇ ਚਿਰਾਂ ਵਿੱਚ ਦੱਬੇ ਅਹਿਸਾਸ ਊਹਦੇ ਅੰਦਰ ਜਗਾ ਦਿੱਤੇ ਸਨ। ਪਾਣੀ ਨਾਲ ਭਿੱਜ ਕੇ ਅਮਰਜੀਤ ਦੀਆਂ ਸਭ ਛੋਹਾਂ ਸਭ ਬੂੰਦਾਂ ਮਿੱਟੀ ਚ ਰਚ ਗਈਆਂ ਸਨ।ਉਹ ਹੈਰਾਨ ਸੀ ਕਿ ਦੋ ਘੰਟੇ ਘੁਲਣ ਮਗਰੋਂ ਵੀ ਜੋ ਅਹਿਸਾਸ ਉਹ ਨਾ ਜਗਾ ਸਕਾ ਮਹਿਜ਼ ਕੁਝ ਮਿੰਟਾਂ ਦੀ ਬਾਰਿਸ਼ ਨੇ ਉਹਦੇ ਅੰਦਰ ਭਰ ਦਿੱਤੇ।ਚੁੰਨੀ ਚ ਲਪੇਟੇ ਮੂੰਹ ਅੰਦਰ ਤੇ ਅੱਖਾਂ ਚ ਭਰੇ ਹੰਝੂਆਂ ਨਾਲ ਉਹ ਖੁੱਲ੍ਹ ਕੇ ਹੱਸੀ।…..ਆਪਣੇ ਆਪ ਨੂੰ ਦਰੁਸਤ ਕਰਕੇ ਉਸ ਰਾਤ ਉਹ ਜਸਪ੍ਰੀਤ ਨੂੰ ਹਮੇਸ਼ਾ ਦੀ ਤਰ੍ਹਾਂ ਗਲ ਨਾਲ ਘੁੱਟ ਕੇ ਲਾ ਕੇ ਸੁੱਤੀ, ਪਤਾ ਨਹੀਂ ਹਾਲੇ ਹੋਰ ਕੀ ਕੁਝ ਝੱਲਣਾ ਬਾਕੀ ਏ ਤੇ ਕਦੋੰ ਤੱਕ ….ਇਹਦਾ ਕੋਈ ਅੰਤ ਨਹੀਂ ਹੈ… ਹਰ ਮੋੜ ਤੇ ਇੰਝ ਹੀ ਕਿੰਨੇ ਲੋਕ ਮਿਲਨਗੇ ਕੌਣ ਜਾਣਦਾ।

ਸ਼ੁੱਕਰਵਾਰ ਦੋਵੇਂ ਬਾਪ-ਧੀ ਮੁੜ ਕੋਠੀ ਜਾ ਵੱਜੇ। ਕਿੰਨਾ ਦੁੱਖ ਭਰਿਆ ਸਫ਼ਰ ਹੈ, ਖ਼ੁਦਾਰੀ ਨੂੰ ਛੱਡ ਕੇ ਮੰਗਤਿਆਂ ਵਾਂਗ ਕਿਸੇ ਦਰ ਉੱਤੇ ਜਾ ਖੜ੍ਹੇ ਹੋਣਾ। ਔਲਾਦ ਦੇ ਦੁੱਖ ਬੰਦੇ ਨੂੰ ਲਹਿ ਬਹਿੰਦੇ ਹਨ, ਧੀਆਂ ਦੇ ਉਸਤੋਂ ਵੀ ਵੱਧ।ਖ਼ਾਸ ਕਰ ਉਦੋਂ ਜਦੋਂ ਤੁਸੀਂ ਭੋਲੇ ਹੋਵੋਂ ਤੇ ਗਿਰਝਾਂ ਝਪਟਾਂ ਮਾਰਨ ਲਈ ਤਿਆਰ ਹੋਣ। ਗੱਜਣ ਦੀ ਸਿਹਤ ਵੀ ਦਿਨੋਂ ਦਿਨ ਡਿੱਗਣ ਲੱਗੀ ਸੀ। ਹੁਣ ਤੁਰਦਿਆਂ ਸਾਹ ਚੜ੍ਹਨ ਲੱਗਾ ਸੀ। ਚਿਹਰਾ ਦਾ ਜਲਾਲ਼ ਬੁੱਝ ਗਿਆ ਸੀ। ਕੋਠੀ ਤੱਕ ਵੀ ਰਿਕਸ਼ਾ ਕਿਰਾਏ ਤੇ ਲੈ ਕੇ ਗਏ ਸੀ, ਮਨਜੀਤ ਨੇ ਆਖਿਆ ਸੀ ਉਹ ਕੱਲੀ ਚਲੇ ਜਾਏਗੀ, ਪਰ ਊਹਨੂੰ ਕੱਲਿਆਂ ਤੋਰ ਦੇਣ ਦੇ ਉਹ ਹੱਕ ਚ ਨਹੀਂ ਸੀ। ਲੋਕਾਂ ਦਾ ਕਿਸੇ ਨੇ ਕੀ ਮੂੰਹ ਫੜ੍ਹ ਲੈਣਾ ਸੀ ? ਖੰਭਾਂ ਦੀਆਂ ਡਾਰਾਂ ਬਣਾਉਣ ਲਈ ਕੋਈ ਚਿਰ ਨਹੀਂ ਲਾਉਂਦਾ। ਅੱਜ ਉਹਨਾਂ ਉਡੀਕ ਨਹੀਂ ਕੀਤੀ, ਸਿੱਧਾ ਹੀ ਜਾ ਅਮਰਜੀਤ ਦੇ ਕਮਰੇ ਦੇ ਬਾਹਰ ਜਾ ਬੈਠੇ। ਉਡੀਕਣ ਲਈ ਕਿਹਾ ਗਿਆ। ਓਥੇ ਪਹਿਲਾਂ ਹੀ ਕੋਈ ਬਜ਼ੁਰਗ ਬੈਠਾ ਸੀ।ਥੋੜ੍ਹੇ ਚਿਰ ਮਗਰੋਂ ਕੋਈ ਕੁੜੀ ਬਾਹਰ ਨਿੱਕਲੀ। ਉਹਦਾ ਮੂੰਹ ਬੁਝਿਆ ਹੋਇਆ ਸੀ। ਅੱਖਾਂ ਝੁਕੀਆਂ ਹੋਈਆਂ। ਮਨਜੀਤ ਸਮਝ ਗਈ ਕਿ ਜਰੂਰ ਊਹਨੂੰ ਵੀ ਮਿਲਣ ਲਈ ਆਖਿਆ ਗਿਆ ਹੋਏਗਾ। “ਐਵੇਂ ਦੇ ਲੋਕਾਂ ਦੇ ਕੀੜੇ ਕਿਉਂ ਨਹੀਂ ਪੈਂਦੇ”.ਉਹਨੇ ਮਨ ਹੀ ਮਨ ਸੋਚਿਆ। ਦਿਲ ਇੱਕ ਦਮ ਖੱਟਾ ਹੋ ਗਿਆ। ਐਸੀ ਜ਼ਿੱਲਤ ਨਾਲ ਜਿਉਣ ਨਾਲੋਂ ਮਰਨਾ ਚੰਗਾ ਹੈ…..ਵਾਰੀ ਆਈ ਤੇ ਦੋਵੇਂ ਅੰਦਰ ਗਏ।ਉਹੀ ਮੁਸਕੜੀਏ ਹਾਸਾ ਉਹੀ ਬੈਠਣ ਬੋਲਣ ਦਾ ਤਰੀਕਾ ਭੋਰਾ ਕੁਝ ਵੀ ਨਹੀਂ ਸੀ ਬਦਲਿਆ।ਸੁਲਤਾਨ ਕੋਲੋਂ ਫਾਈਲ ਮੰਗਵਾਈ ਗਈ। ਦੋਵੇਂ ਹਲੇ ਵੀ ਇਸ ਗੱਲ ਦੀ ਫ਼ਿਕਰ ਸੀ ਕਿ ਨਵਾਂ ਕੀ ਪਤਾ ਲੱਗਾ।”ਤੁਹਾਡੀ ਗੱਲ ਸਹੀ ਸੀ, ਚਰਨਜੀਤ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਸੀ, ਪਰ ਭਾਰਤ ਆਉਣ ਤੋਂ ਪਹਿਲਾਂ ਉਹਨੇ ਤਲਾਕ ਲੈ ਲਿਆ ਸੀ, ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਉਹ ਇਹ ਹੈ ਕਿ ਭਾਰਤ ਆ ਕੇ ਵਿਆਹ ਕਰਵਾਉਣ ਦਾ ਇੱਕੋ ਇੱਕ ਕਾਰਨ ਉਹ ਪੈਸਾ ਲੈ ਕੇ ਓਧਰ ਆਪਣੇ ਬਿਜਨਸ਼ ਨੂੰ ਵਧਾਉਣਾ ਚਾਹੁੰਦੇ ਸੀ।ਇਸ ਲਈ ਤੁਹਾਡੇ ਨਾਲ ਪੈਸੇ ਦੀ ਡੀਲ ਹੋਈ ਸੀ।ਕੁੜੀ ਨੂੰ ਇਥੇ ਹੀ ਛੱਡਕੇ ਕੁਝ ਮਹੀਨਿਆਂ ਮਗਰੋਂ ਤਲਾਕ ਦੇਣ ਦੀ ਸੋਚ ਸੀ, ਹੁਣ ਉਹ ਵੀ ਫ਼ਸੇ ਬੈਠੇ ਹਨ, ਨਾ ਪੈਸੇ ਪੂਰੇ ਮਿਲੇ, ਉੱਪਰੋਂ ਜੁਆਕ ਗਲ ਪੈ ਗਿਆ।ਭਾਵੇ ਬੱਚਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਉਹਨਾਂ ਦਾ ਪਰ ਇਹ ਉਹਨਾਂ ਦੇ ਗਲ ਪੈ ਗਿਆ”।ਮਨਜੀਤ ਤੇ ਗੱਜਣ ਦੇ ਮੂੰਹ ਅੱਡੇ ਰਹਿ ਗਏ।”ਹੁਣ ਅੱਗੇ ਉਹ ਚਾਹੁੰਦੇ ਕੀ ਹਨ?””ਤਲਾਕ, ਉਹ ਤਾਂ ਕਹਿੰਦੇ ਸੀ ਕਿ ਫ਼ੈਸਲਾ ਹੋ ਜਾਏ ਤਾਂ ਵਧੀਆ ਉਹ ਚਾਹੁੰਦੇ ਹੀ ਨਹੀਂ ਕਿ ਮਨਜੀਤ ਕਦੇ ਓਥੇ ਜਾਏ,ਪੈਸੇ ਮਿਲਣ ਦੀ ਚਾਹਤ ਚ ਉਹਨਾਂ ਨੇ ਕਾਫ਼ੀ ਕਰਜ਼ ਲੈ ਕੇ ਕੰਮ ਵਧਾ ਲਿਆ ਪਰ ਵਾਪਸੀ ਹੋ ਨਾ ਸਕੀ, ਇਸ ਲਈ ਸਾਰਾ ਕੰਮ ਚੌਪਟ ਹੈ, ਇਹਦੇ ਲਈ ਕਸੂਰਵਾਰ ਮੰਨਦੇ ਨੇ ਮਨਜੀਤ ਨੂੰ, ਇਹਦੀ ਕੋਈ ਸ਼ਕਲ ਵੇਖਣ ਨੂੰ ਰਾਜ਼ੀ ਨਹੀਂ,””ਚੰਨੀ ਵੀ ?””ਹਾਂ ਉਹ ਵੀ,ਵੈਸੇ ਵੀ ਉਹ ਨਸ਼ੇ ਚ ਟੁੰਨ ਰਹਿ ਕੇ ਕੋਈ ਗੱਲ ਨਾ ਸਮਝਦਾ ਹੈ ਨਾ ਸੁਣਦਾ ਹੈ, ਜੋ ਉਹਦੀ ਭੂਆ ਬੋਲਦੀ ਏ ਉਹੀ ਬੋਲੀ ਬੋਲਦਾ ਹੈ”.”ਫ਼ਿਰ ਤੁਹਾਡੀ ਕੀ ਗੱਲ ਹੋਈ ?””ਸਾਡੇ ਅਟਾਰਨੀ ਨੇ ਉਹਨੂੰ ਸਮਝਾਇਆ ਕਿ ਵਿਆਹ ਦੇ ਪੱਕੇ ਸਬੂਤ ਹਨ, ਬੱਚੇ ਦੇ ਵੀ ,ਉਹਦੀ ਤਾਂ ਜਨਮ ਤੋਂ ਹੀ ਬ੍ਰਿਟਿਸ਼ ਨੈਸ਼ਨਲਿਟੀ ਬਣਦੀ ਹੈ.ਜੇਕਰ ਉਹ ਸ਼ਿਕਾਇਤ ਕਰ ਦਿੰਦੇ ਹਨ ਤਾਂ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀਂ ਹੈ ਤੇ ਇਹ ਵਲੈਤ ਏ ਇਥੇ ਇੰਡੀਆ ਵਾਂਗ ਵੀਹ ਵੀਹ ਸਾਲ ਕੇਸ ਨਹੀਂ ਚਲਦੇ। ਵੀਹਾਂ ਦਿਨਾਂ ਚ ਵੀ ਫੈਸਲਾ ਆ ਜਾਂਦਾ। ਇਸ ਲਈ ਆਪਣਾ ਪੜ੍ਹਿਆ ਲਿਖਿਆ ਵਿਚਾਰ ਲਵੋ, ਕੁੜੀ ਤੇ ਬੱਚੇ ਦੀ ਜਿੰਦਗ਼ੀ ਖਰਾਬ ਨਾ ਕਰੋ। ਜਿਹੜੇ ਤੱਪੜ ਨੇ ਉਹ ਵੀ ਵਿਕ ਜਾਣਗੇ।””ਫ਼ਿਰ ਕੀ ਜਵਾਬ ਦਿੱਤਾ “”ਕਹਿੰਦੇ ਵਕੀਲ ਨਾਲ ਗੱਲ ਕਰਕੇ ਦੱਸਾਂਗੇ, ਹੋ ਸਕਦਾ ਸਿੱਧਾ ਤੁਹਾਡੇ ਕੋਲ ਹੀ ਹੁਣ ਰਾਬਤਾ ਕਰਨ, ਪਰ ਤੁਸੀਂ ਕੋਈ ਰਾਬਤਾ ਸਾਨੂੰ ਬਾਹਰ ਰੱਖ ਕੇ ਨਹੀਂ ਕਰਨਾ। ਨਹੀਂ ਹੋ ਸਕਦਾ ਤੁਹਾਨੂੰ ਭਰਮਾ ਹੀ ਲੈਣ।””ਹੁਣ ਫਿਰ?”” ਉਡੀਕ ਕਰੋ, ਨਹੀਂ ਤਾਂ ਹਫ਼ਤੇ ਮਗਰੋਂ ਸਾਡਾ ਅਟਾਰਨੀ ਮੁੜ ਉਹਨਾਂ ਘਰ ਜਾਏਗਾ, ਨਹੀਂ ਤਾਂ ਪਬਲਿਕ ਸਪੇਸ ਚ ਉਹਨਾਂ ਦੀਆਂ ਕਰਤੂਤਾਂ ਆਉਣਗੀਆਂ….””ਧੰਨਵਾਦ ਜੀ”ਉਹ ਉੱਠ ਕੇ ਜਾਣ ਲੱਗੇ।”ਉਮੀਦ ਹੈ ਸਾਡੀ ਸੇਵਾ ਜਰੂਰ ਪ੍ਸੰਦ ਆਈ ਹੋਵੇਗੀ” ਅਮਰਜੀਤ ਨੇ ਦੋਹਰੇ ਅਰਥਾਂ ਵਿੱਚ ਪੁੱਛਿਆ। ਖਚਰਾ ਹਾਸਾ ਸਾਹਮਣੇ ਆਉਣ ਲੱਗਾ ਸੀ।ਉਹ ਚੁੱਪ ਚਾਪ ਬਾਹਰ ਨਿੱਕਲ ਆਏ। ਕੁਝ ਉਮੀਦ ਬੱਝੀ ਸੀ ਪਰ ਊਹਦੇ ਲਈ ਆਪਣੇ ਆਪ ਨੂੰ ਮਾਰ ਕੇ ਪਾਉਣ ਦੀ ਗੱਲ ਮਨਜੀਤ ਦੇ ਦਿਲ ਚ ਚੁਬਦੀ ਜਾ ਰਹੀ ਸੀ। ਕੀ ਉਹ ਇਹਨੂੰ ਬਦਲ ਸਕਦੀ ਸੀ ,ਕੀ ਕੋਈ ਹੋਰ ਤਰੀਕਾ ਸੀ ? ਉਹਦਾ ਮਨ ਬਸ ਇਹੋ ਸੋਚ ਰਿਹਾ ਸੀ।ਕੀ ਸੱਚਮੁੱਚ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆਉਂਦਾ ਹੈ ?ਉਹ ਦੂਸਰੀ ਕੁੜੀ ਦਾ ਝੁਕਿਆ ਹੋਇਆ ਚਿਹਰਾ ਉਹਦੀਆਂ ਅੱਖਾਂ ਸਾਹਮਣੇ ਘੁੰਮਣ ਲੱਗਾ।******ਇੱਕ ਹਫ਼ਤਾ ਲੰਘਿਆ ਹੀ ਸੀ ਜਦੋਂ ਉਹਨਾਂ ਦਾ ਬਚਿੱਤਰ ਰਾਂਹੀ ਸੁਨੇਹਾ ਆ ਗਿਆ ਸੀ। ਊਹਦੇ ਚਾਚੇ ਤਾਇਆਂ ਨੇ ਆ ਕੇ ਬੈਠ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਪੈਸਿਆਂ ਦੀ ਗੱਲ ਹੋਈ ਕਿ ਚਲੋ ਕੁਝ ਪੈਸੇ ਭੇਜ ਦੇਵੋ ਫ਼ਿਰ ਕਾਗਜ਼ ਪੱਤਰ ਭੇਜ ਦੇਣਗੇ।ਜਿਵੇਂ ਵੀ ਜੋ ਵੀ ਗੱਲ ਹੋਈ ਹੁਣ ਸਭ “ਕੋਠੀ” ਹੀ ਹੁੰਦੀ ਸੀ. ਅਮਰਜੀਤ ਹੁਣ ਨਹੀਂ ਸੀ ਦਿਸਦਾ, ਸਭ ਉਹਦੇ ਬਾਕੀ ਬੰਦੇ ਦੇਖਦੇ। ਉਹ ਹੁਣ “ਬਾਪੂ ਜੀ” ਨੂੰ ਵੀ ਮਿਲ ਚੁੱਕੇ ਸੀ। ਕੇਸ ਚ ਤੇਜ਼ੀ ਵੇਖ ਕੇ ਉਹਨਾਂ ਨੇ ਥੋੜ੍ਹਾ ਜ਼ੋਰ ਪਾਇਆ। ਅਖ਼ੀਰ ਦਬਾਅ ਥੱਲੇ ਆ ਕੇ ਝੁਕ ਹੀ ਗਏ ਤੇ ਵੀਜ਼ੇ ਲਈ ਜਰੂਰੀ ਕਾਗਜ਼ਾਤ ਭੇਜ ਹੀ ਦਿੱਤੇ ।ਸਭ ਕੁਝ ਹੁੰਦਿਆਂ ਤਿੰਨ ਮਹੀਨੇ ਤੋਂ ਵੱਧ ਬੀਤ ਗਏ। ਦਿਨ ਮਹੀਨੇ ਤੇ ਰੁੱਤਾਂ ਬਦਲਦੀਆਂ ਜਾਂਦੀਆਂ ਸਨ।ਅਖ਼ੀਰ ਜਿਸ ਦਿਨ ਵੀਜ਼ੇ ਲਈ ਪੱਤਰ ਆਏ ਤਾਂ ਉਹ ਵੀ ਕੋਠੀ ਹੀ ਮਿਲਿਆ।ਪੱਤਰਕਾਰਾਂ ਦਾ ਪੂਰਾ ਜਮਾਵੜਾ ਸੀ, ਫੋਟੋਆਂ ਖਿੱਚੀਆਂ ਗਈਆਂ। ਜਿਹਦੇ ਚ “ਬਾਪੁ ਜੀ” ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਨੇ ਇੱਕ ਦੁਖਿਆਰੀ ਧੀ ਦੀ ਮਦਦ ਕੀਤੀ ਤੇ ਧੋਖੇਬਾਜ਼ ਲੋਕਾਂ ਨੂੰ ਸਿੱਧੇ ਰਸਤੇ ਪਾਇਆ।ਅਗਲ਼ੇ ਦਿਨ ਇਹੋ ਖ਼ਬਰ ਅਖਬਾਰਾਂ ਚ ਵੱਡੀ ਸੁਰਖੀ ਬਣ ਕੇ ਲੱਗੀ।ਪਰ ਸਭ ਕੁਝ ਦੇਖ ਕੇ ਵੀ ਉਹਦਾ ਮਨ ਭਰ ਆਉਂਦਾ ਸੀ। ਕਦੇ ਸੋਚਦੀ ਜੋ ਇਨਸਾਨ ਜਹਾਜ ਚੜ੍ਹਦੇ ਹੀ ਊਹਨੂੰ ਭੁੱਲ ਗਿਆ ਉਸ ਕੋਲ ਹੀ ਕਿਉਂ ਉਹ ਜਾ ਰਹੀ ਹੈ। ਊਹਦੇ ਪਹਿਲਾ ਵਿਆਹੇ ਹੋਣ ਬਾਰੇ ਨਸ਼ੇ ਚ ਟੁੰਨ ਹੋਣ ਬਾਰੇ ਊਹਨੂੰ ਨਾ ਯਾਦ ਕਰਨ ਬਾਰੇ ਊਹਦੇ ਮਨ ਚ ਇੱਕ ਕਚਿਆਣ , ਇੱਕ ਨਫਰਤ ਤੇ ਇੱਕ ਜ਼ਹਿਰ ਭਰਨ ਲੱਗੀ ਸੀ।ਕੋਈ ਇਹੋ ਜਿਹਾ ਵੀ ਹੋ ਸਕਦਾ? ਪਰ ਅਗਲ਼ੇ ਹੀ ਪਲ ਉਹ ਸੋਚਦੀ ਕਿ ਦੁਨੀਆਂ ਤਾਂ ਦੋਗਲੇ ਕਿਰਦਾਰਾਂ ਨਾਲ ਭਰਿਆ ਪਿਆ। ਇਹ ਤਾਂ ਵਾਹ ਪੈਣ ਤੇ ਹੀ ਪਤਾ ਲਗਦਾ। ਉਹ ਤਾਂ ਹੁਣ ਦੇਖ ਚੁੱਕੀ ਸੀ। ਹੰਢਾ ਚੁੱਕੀ ਸੀ।ਊਹਦੇ ਰਿਸ਼ਤੇਦਾਰਾਂ, ਆਂਢੀ ਗੁਆਂਢੀਆਂ ਦੇ ਭਰਾਵਾਂ ਥਾਵੇਂ ਲਗਦੇ ਰਿਸ਼ਤਿਆਂ ਚ ਵੀ ਉਹਦੇ ਲਈ ਨਜ਼ਰਾਂ ਬਦਲ ਚੁੱਕੀਆਂ ਸਨ। ਵਿਆਹੇ ਵਰ੍ਹੇ ਕੁਆਰੇ ਸਭ ਇੱਕ ਹੀ ਨਜਰ ਨਾਲ ਵੇਖਦੇ ਸੀ।ਉਹ ਹੁਣ ਓਥੋ ਜਾਣਾ ਚਾਹੁੰਦੀ ਸੀ, ਭਾਵੇਂ ਅੱਗੇ ਨਰਕ ਹੀ ਮਿਲੇ, ਘੱਟੋ ਘੱਟ ਇਹਨਾਂ ਨਜਰਾਂ ਤੋਂ ਤਾਂ ਬਚ ਸਕੇਗੀ। ਹੁਣ ਊਹਨੂੰ ਬੱਸ ਉਡੀਕ ਸੀ ਫਟਾਫਟ ਸਭ ਪ੍ਰੋਸੈੱਸ ਪੂਰਾ ਹੋਏ ਤੇ ਉਹ ਇਥੋਂ ਜਾਵੇ ਬੱਸ ਹੁਣ ਮੈਡੀਕਲ ਤੇ ਜਾਣ ਲਈ ਕੁਝ ਖਰੀਦਦਾਰੀ ਕਰਨ ਦੀ ਲੋੜ ਸੀ।ਮਨਜੀਤ ਦੇ ਸੁਫ਼ਨੇ ਹੁਣ ਉਡਾਨ ਭਰਨ ਲੱਗੇ ਸੀ।

ਸਭ ਤਿਆਰੀਆਂ ਮੁਕੰਮਲ ਹੋ ਰਹੀਆਂ ਸੀ, ਪਰ ਇਸ ਤਿਆਰੀ ਵਿੱਚ ਵਲੈਤ ਵਾਲਿਆਂ ਦਾ ਕੋਈ ਰੋਲ ਨਹੀਂ ਸੀ, ਉਹਨਾਂ ਨੇ ਤਾਂ ਮੁੜ ਕੇ ਕੋਈ ਸੁਨੇਹਾ ਵੀ ਨਹੀਂ ਸੀ ਘੱਲਿਆ। ਸਿਰਫ਼ ਇਹੋ ਆਖ ਛੱਡਿਆ ਸੀ ਕਿ ਆਉਣ ਵੇਲੇ ਫਲਾਈਟ ਦਾ ਨਾਮ ਤੇ ਸਮਾਂ ਜਰੂਰ ਪਹਿਲਾਂ ਪਹੁੰਚਾ ਦੇਣ ਤੇ ਪੈਸੇ ਲਿਆਉਣੇ ਨਾ ਭੁੱਲਣ।ਤਿਆਰੀ ਕਰਦਿਆਂ, ਕੱਪੜੇ ਲੀੜੇ ਤੇ ਗਹਿਣੇ ਗੱਟੇ ਫਰੋਲਦੇ ਹੋਏ ਜਦੋਂ ਮਨਜੀਤ ਨੇ ਗਹਿਣੇ ਖੋਲ੍ਹ ਕੇ ਵੇਖੇ ਤਾਂ ਉਹਦਾ ਇੱਕ ਦਮ ਹੈਰਾਨ ਰਹਿ ਗਈ। ਗਹਿਣਿਆਂ ਦਾ ਰੰਗ ਹੀ ਬਦਰੰਗ ਹੋਇਆ ਪਿਆ ਸੀ।ਇੱਕ ਵਾਰੀ ਮਨਜੀਤ ਨੂੰ ਲੱਗਾ ਜਿਵੇਂ ਕਿਸੇ ਨੇ ਅਦਲਾ ਬਦਲੀ ਕੀਤੀ ਹੋਏ, ਪਰ ਡਿਜ਼ਾਈਨ ਤਾਂ ਉਹੋ ਹੀ ਸੀ ਜੋ ਨਣਦ ਨੇ ਫੜਾਏ ਸੀ।ਪ੍ਰਸਿੰਨੀ ਨੇ ਵੇਖੇ ਤਾਂ ਉਹਦਾ ਵੀ ਮੂੰਹ ਵੀ ਉੱਡ ਗਿਆ। ਜਦੋਂ ਸੁਨਿਆਰੇ ਕੋਲੋਂ ਪਤਾ ਕਰਵਾਏ ਤਾਂ ਪਤਾ ਲੱਗਾ ਕਿ ਇਹ ਤਾਂ ਨਕਲੀ ਸੀ, ਸੋਨੇ ਦੀ ਝਾਲ ਹੀ ਫੇਰੀ ਹੋਈ ਸੀ ਜੋ ਪਈ ਪਈ ਉੱਤਰ ਗਈ ਸੀ।ਇਹ ਗਹਿਰਾ ਅਹਿਸਾਸ ਸੀ ਕਿ ਉਹਨਾਂ ਦਾ ਵਾਹ ਠੱਗ ਲੋਕਾਂ ਨਾਲ ਪਿਆ ਹੈ। ਪਤਾ ਨਹੀਂ ਮਨਜੀਤ ਓਥੇ ਜਾ ਕੇ ਕੀ ਭੁਗਤੇਗੀ।ਇਹ ਡਰ ਮਨ ਨੂੰ ਖਾ ਰਿਹਾ ਸੀ। ਪਰ ਅੱਗੇ ਖੂਹ ਪਿੱਛੇ ਖਾਈ ਵਾਲਾ ਕੰਮ ਸੀ। ਮੂੰਹ ਚ ਕੋਹੜ ਕਿਰਲੀ ,ਖਾਵੇ ਤਾਂ ਕੋਹੜੀ ਛੱਡੇ ਤਾਂ ਅੰਨ੍ਹਾ।ਹੁਣ ਮੈਡੀਕਲ ਕਰਵਾਉਣ ਲਈ ਹਸਪਤਾਲ ਜਾਣਾ ਸੀ। ਇਸ ਭੱਜ ਦੌਡ਼ ਚ ਇੱਕ ਛੋਟ ਹੋ ਗਈ ਸੀ ਕਿ ਉਹਨੂੰ ਹੁਣ ਕੱਲੀ ਨੂੰ ਜਾਣ ਤੋਂ ਕੋਈ ਰੋਕ ਟੋਕ ਨਹੀਂ ਸੀ ਰਹੀ। ਜਹਾਜ਼ ਵੀ ਤਾਂ ਕੱਲ੍ਹੇ ਚੜ੍ਹ ਕੇ ਹੀ ਜਾਣਾ ਸੀ। ਓਥੇ ਕੱਲੀ ਨੇ ਬਹੁਤ ਕੁਝ ਕਰਨਾ ਸੀ।ਹਸਪਤਾਲ ਚ ਡਾਕਟਰ ਬਹੁਤ ਮੁਸ਼ਕਿਲ ਨਾਲ ਹੀ ਮਿਲਦਾ ਸੀ। ਸਭ ਟੈਸਟ ਕਰਵਾ ਲਏ ਸੀ ਬੱਸ ਆਖਿਰੀ ਮੋਹਰ ਤੇ ਫਿਜ਼ਿਕਲ ਐਗਜਾਮੀਨੇਸਨ ਬਾਕੀ ਸੀ। ਉਹ ਦੋ ਤਿੰਨ ਵਾਰ ਇੰਝ ਹੀ ਵਾਪਿਸ ਆਈ ਹਰ ਵਾਰ ਸਟਾਫ਼ ਕੋਈ ਨਾ ਕੋਈ ਗੱਲ ਆਖ ਦਿੰਦਾ।”ਅਪਰੇਸ਼ਨ ਚ ਬਿਜ਼ੀ ਹਨ””ਹਲੇ ਆਏ ਨੀ””ਐੱਮ ਐੱਲ ਏ ਦੇ ਘਰ ਗਏ ਨੇ “ਐੱਸ ਡੀ ਐੱਮ ਦੀ ਮੰਮੀ ਬਿਮਾਰ ਸੀ”ਲੋਕ ਸਵੇਰ ਤੋਂ ਲਾਈਨਾਂ ਚ ਲੱਗੇ ਰਹਿੰਦੇ ਕਿਉਂਕਿ ਇਹ ਡਾਕਟਰਨੁਮਾ ਅਫਸਰ ਪੇਟ ਦਾ ਮਾਹਿਰ ਵੀ ਸੀ ।ਅਖ਼ੀਰ ਇਹ ਜਵਾਬ ਮਿਲਦਾ ਤਾਂ ਉਸਦੇ ਪ੍ਰਾਈਵੇਟ ਕਲੀਨਿਕ ਵਿੱਚ ਜਾ ਕੇ ਖਹਿੜਾ ਛੁਡਵਾ ਦਿੰਦੇ। ਰੋਜ਼ ਰੋਜ਼ ਊਹਨੂੰ ਦੇਖਦੇ ਹੋਏ ਇੱਕ ਦਿਨ ਸਫ਼ਾਈ-ਕਰਮੀ ਨੇ ਪੁੱਛਿਆ ,” ਮੈਡਮ ਤੁਸੀਂ ਰੋਜ ਆਉਂਦੇ ਹੋ , ਕੋਈ ਖ਼ਾਸ ਕੰਮ ਏ””ਡਾਕਟਰ ਕੋਲੋ ਮੈਡੀਕਲ ਦੀ ਕਰਵਾਉਣਾ ਤੇ ਆਖਿਰੀ ਰਿਪੋਰਟ ਲੈਣੀ ਸੀ””ਤੁਸੀਂ ਫ਼ੀਸ ਦੇ ਦਿੱਤੀ?””ਉਹ ਤਾਂ ਜਮਾਂ ਕਰਵਾਈ ਹੋਈ ਏ “”ਨਹੀਂ ਨਹੀਂ ਸਰਕਾਰੀ ਨਹੀਂ, ਮੈਡੀਕਲ ਚ ਤਾਂ ਅਲੱਗ ਅਸੂਲ ਏ, ਨੌਕਰੀ ਵਾਲਿਆਂ ਲਈ ,ਅੱਡ ਰੇਟ ਏ ਤੇ ਬਾਹਰ ਵਾਲਿਆਂ ਲਈ ਅੱਡ, ਗਿਣਕੇ ਗਾਂਧੀ ਦੇ ਦਸ ਨੋਟ ਉਹਦੀ ਪੀਏ ਦੇ ਮੱਥੇ ਮਾਰੋਗੇ ਤਾਂ ਡਾਕਟਰ ਤਾਂ ਤੁਹਾਨੂੰ ਲੰਚ ਟਾਈਮ ਚ ਸਮਾਂ ਦੇ ਦਵੇਗਾ”।ਊਹਨੂੰ ਪਹਿਲੀ ਵਾਰ ਗੱਲ ਦਿਮਾਗ ਚ ਵੜੀ ਕੇ ਬਾਕੀ ਸਟਾਫ਼ ਕੀ ਸਮਝਾਉਣਾ ਚਾਹੁੰਦਾ ਸੀ।ਉਸਨੇ ਉਂਝ ਹੀ ਕੀਤਾ। ਜਾ ਕੇ ਥੋੜ੍ਹੀ ਬੇਨਤੀ ਕੀਤੀ, ਜਰੂਰੀ ਦੱਸਿਆ ਤੇ ਫ਼ਿਰ ਚੁਪਕੇ ਜਿਹੇ ਨੋਟ ਕੱਢਕੇ ਫਾਈਲ ਦੇ ਅੰਦਰ ਪਾ ਕੇ ਫੜ੍ਹਾ ਦਿੱਤੇ।ਪੀਏ ਨੇ ਫਾਈਲ ਧਿਆਨ ਨਾਲ ਦੇਖੀ ਅੱਖਾਂ ਨਾਲ ਹੀ ਨੋਟ ਗਿਣੇ। ਫਾਈਲ ਅੰਦਰ ਲੈ ਕੇ ਗਈ।”ਠੀਕ ਏ ਇੱਕ ਵਜੇ ਆ ਜਾਇਓ”ਗੱਲ ਸਿਰੇ ਚੜ੍ਹ ਗਈ।ਉਹ ਵਾਪਿਸ ਇੱਕ ਵਜੇ ਆਈ ਤੇ ਡਾਕਟਰ ਨੇ ਉਹਦੀ ਫਾਈਲ ਦੇਖੀ,ਸਭ ਟੈਸਟ ਨਾਰਮਲ ਸੀ, ਕੋਈ ਕਿਤੇ ਰੁਕਾਵਟ ਨਹੀਂ ਸੀ। ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਫ਼ਿਰ ਡਾਕਟਰ ਨੇ ਕਿਹਾ,” ਠੀਕ ਏ, ਸਭ ਇਵੇਂ ਕਰੋ ਨਾਲ ਦੇ ਕਮਰੇ ਚ ਜਾਓ ਤੇ ਕੱਪੜੇ ਉਤਾਰੋ ਮੈਂ ਆ ਰਿਹਾਂ”ਇੱਕ ਵਾਰ ਊਹਦੇ ਹੋਸ਼ ਉੱਡ ਗਏ।’ਕੋਈ ਲੇਡੀ-ਡਾਕਟਰ ਨਹੀਂ ਹੈ ?””ਨਹੀਂ, ਇਥੇ ਲੇਡੀ ਹੋਏ ਜੈਂਟਸ ਸਭ ਦਾ ਮੈਡੀਕਲ ਐਗਜਾਮ ਮੈਂ ਹੀ ਕਰਦਾਂ ਹਾਂ।”ਉਹ ਇੱਕ ਦਮ ਸੁੰਨ ਹੋ ਗਈ ਕਿਸੇ ਅਣਜਾਣ ਸਖਸ਼ ਅੱਗੇ ਇੰਝ ਕੱਪੜੇ ਉਤਾਰ ਦੇਣੇ ਊਹਨੂੰ ਮਨ ਹੀ ਮਨ ਵੱਢ ਰਿਹਾ ਸੀ।ਪਰ ਕੋਈ ਰਾਹ ਨਹੀਂ ਸੀ। ਫ਼ਿਰ ਵੀ ਉਹਨੇ ਕਿਹਾ,” ਤੁਸੀਂ ਪੈਸੇ ਹੀ ਵੱਧ ਲੈ ਕੇ ਇਹ ਇੰਝ ਹੀ ਕਰਦੋ.””ਨਹੀਂ ਨਹੀਂ ਇੰਝ ਨਹੀਂ ਹੋ ਸਕਦਾ, ਕੋਈ ਮੁਸ਼ਕਲ ਆ ਸਕਦੀ ਏ, ਡਰੋ ਨਾ ਡਾਕਟਰ ਤੇ ਮਰੀਜ਼ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ। “ਊਹਨੂੰ ਕੁਝ ਧਰਵਾਸ ਹੋਇਆ।ਉਹ ਕਮਰੇ ਚ ਗਈ ਤੇ ਕੱਪੜੇ ਉਤਾਰ ਕੇ ਉਡੀਕਣ ਲੱਗੀ। ਅੰਡਰ-ਗਾਰਮੈਂਟਸ ਤੋਂ ਬਿਨਾਂ ਸਭ ਕੁਝ ਉਤਾਰ ਦਿੱਤਾ। ਕਮਰੇ ਚ ਪੂਰਾ ਹਨੇਰਾ ਸੀ, ਹਨੇਰੇ ਚ ਉਹਦੀਆਂ ਅੱਖਾਂ ਦੇਖਣ ਦੀ ਆਦੀ ਹੋ ਗਈਆਂ ਸੀ।ਜਦੋਂ ਡਾਕਟਰ ਕਮਰੇ ਚ ਦਾਖਿਲ ਹੋਇਆ ਤਾਂ ਤਾਂ ਰੋਸ਼ਨੀ ਜਿਵੇਂ ਉਹਦੀਆਂ ਅੱਖਾਂ ਚ ਰਚ ਗਈ ਹੋਵੇ।ਡਾਕਟਰ ਨੇ ਫਿਰ ਕਿਹਾ” ਪੂਰੇ ਕੱਪੜੇ ਉਤਾਰੋ।”ਕਿਸੇ ਗੁੱਡੀ ਵਾਂਗ ਉਹਨੇ ਪੂਰੇ ਕੱਪੜੇ ਤੁਰੰਤ ਉਤਾਰ ਦਿੱਤੇ। ਡਾਕਟਰ ਕੋਲ ਮਹਿਜ਼ ਇੱਕ ਟਾਰਚ ਸੀ। ਉਹ ਸਰੀਰ ਦੇ ਹਰ ਹਿੱਸੇ ਤੇ ਟਾਰਚ ਲਗਾ ਕੇ ਦੇਖਦਾ ਤੇ ਬੋਲਦਾ,” ਸਾਨੂੰ ਵੇਖਣਾ ਪੈਂਦਾ ਹੈ ਕਿ ਕਿਸੇ ਜਿਸਮ ਦੇ ਹਿੱਸੇ ਤੇ ਕੋਈ ਵਾਇਰਲ ਜਬਿਮਾਰੀ ਦਾ ਦਾਗ ਤਾਂ ਨਹੀਂ।” ਉਹਨੇ ਪੂਰੇ ਸਰੀਰ ਨੂੰ ਇੰਝ ਹੀ ਟਾਰਚ ਨਾਲ ਬੜੀ ਬਾਰੀਕੀ ਨਾਲ ਦੇਖਿਆ।ਭਾਵੇਂ ਡਾਕਟਰ ਵਾਂਗ ਗੱਲ ਕਰ ਰਿਹਾ ਸੀ ਪਰ ਵਿਵਹਾਰ ਨਹੀਂ ਸੀ ਉਵੇਂ ਦਾ , ਨਾ ਕੋਈ ਗਲਵਜ਼ ਸੀ, ਨਾ ਹੀ ਮੂੰਹ ਤੇ ਕੁਝ ਲਗਾਇਆ ਹੋਇਆ ਸੀ। ਜਿੰਨਾ ਕੁ ਉਸਨੇ ਸੁਣਿਆ ਸੀ ਕਿ ਤੇ ਨਾ ਹੀ ਕੋਈ ਹੋਰ ਖ਼ਾਸ ਯੰਤਰ।ਇਸ ਲਈ ਉਸਨੂੰ ਅਜ਼ੀਬ ਲੱਗ ਰਿਹਾ ਸੀ। ਅਗਲ਼ੇ ਪਲ ਹੋਰ ਵੀ ਲੰਘਣ ਚ ਮੁਸ਼ਕਿਲ ਸਨ। ਹੁਣ ਉਹਦੇ ਸਰੀਰ ਚ ਕਿਸੇ ਕਿਸਮ ਦੀ ਗਿਲਟੀ ਲੱਭਣ ਲਈ ਉਹ ਵੱਖ ਵੱਖ ਹਿੱਸਿਆਂ ਦੇ ਮਾਸ ਨੂੰ ਫੜ ਕੇ ਵੇਖ ਰਿਹਾ ਸੀ। ਸਭ ਕੁਝ ਇੰਝ ਦੇਰੀ ਨਾਲ ਤੇ ਹੌਲੇ ਕਰ ਰਿਹਾ ਸੀ ਕਿ ਉਹਦਾ ਸਾਹ ਘੁੱਟਿਆ ਜਾਣ ਲੱਗਾ। ਪ੍ਰੰਤੂ ਜਦੋਂ ਤੱਕ ਤਸੱਲੀ ਨਾ ਹੋਈ ਉਦੋਂ ਤੱਕ ਉਹ ਕਰਦਾ ਰਿਹਾ। ਕੋਈ ਤੁਹਾਨੂੰ ਕਿਸ ਇੱਛਾ ਨਾਲ ਛੂਹ ਰਿਹਾ ਦਿਮਾਗ ਨੂੰ ਬਹੁਤ ਛੇਤੀ ਸਮਝ ਆ ਜਾਂਦੀ ਹੈ। ਸਜ਼ਾ ਵਰਗਾ ਇਹ ਸਮਾਂ ਬਹੁਤ ਮੁਸ਼ਕਿਲ ਨਾਲ ਨਿਕਲਿਆ। ਤੇ ਉਹ ਅਖੀਰ ਛੱਡ ਕੇ ਬਾਹਰ ਹੀ ਚਲਾ ਗਿਆ। ਕੱਪੜੇ ਪਾ ਕੇ ਉਹ ਵੀ ਬਾਹਰ ਆ ਗਈ।”ਵੈਸੇ ਲਗਦਾ ਨਹੀਂ, ਤੁਸੀਂ ਵਿਆਹੇ ਹੋਏ ਤੇ ਇੱਕ ਬੱਚੇ ਦੀ ਮਾਂ ਹੋ, ਕੋਈ ਵੀ ਕਹੇਗਾ ਕਿ ਕੁਆਰੇ ਹੋ”। ਉਹਦੇ ਮੂੰਹ ਤੇ ਫ਼ਰੇਬ ਭਰਿਆ ਹਾਸਾ ਸੀ। ” ਧੰਨਵਾਦ” ਮਨਜੀਤ ਸਿਰਫ਼ ਐਨਾ ਹੀ ਕਹਿ ਸਕੀ।ਉਸ ਮਗਰੋਂ ਉਹ ਫਾਈਲ ਲੈਕੇ ਬਾਹਰ ਗਈ ਤੇ ਉਹਦੇ ਹੱਥ ਮੈਡੀਕਲ ਫਿੱਟ ਹੋਣ ਦਾ ਸਰਟੀਫਿਕੇਟ ਦੇ ਦਿੱਤਾ।ਉਹ ਡਾਕਟਰ ਵੱਲ ਫਿਰ ਉਹਦੀ ਪੀਏ ਵੱਲ ਦੇਖ ਕੇ ਮੁਸਕਰਾਈ।ਬਾਹਰ ਨਿੱਕਲੀ ਤਾਂ ਪਿਛਲੇ ਕਈ ਦਿਨਾਂ ਤੋਂ ਰੋਜ਼ ਹੀ ਮਿਲਦੀ ਇੱਕ ਬਜ਼ੁਰਗ ਬੇਬੇ ਟੱਕਰ ਗਈ।ਊਹਦੇ ਘਰਵਾਲੇ ਦੀ ਮੌਤ ਹੋ ਗਈ ਸੀ ਤੇ ਮੌਤ ਦੇ ਸਰਟੀਫਿਕੇਟ ਉੱਤੇ ਡਾਕਟਰ ਪਾਸੋਂ ਸਾਈਨ ਕਰਵਾਉਣ ਲਈ ਉਹ ਕਈ ਦਿਨ ਤੋਂ ਆ ਰਹੀ ਸੀ ਤਾਂ ਜੋ ਪੈਨਸ਼ਨ ਲਈ ਜਮਾਂ ਕਰ ਸਕੇ।ਅੱਜ ਫ਼ਿਰ ਟੱਕਰੀ।,” ਵੱਡਾ ਡਾਕਟਰ ਹੈ ਅੰਦਰ “”ਹਾਂ , ਹੈ.”” ਪਰ ਮੈਨੂੰ ਤਾਂ ਕਹਿੰਦੇ ਕਿ ਹੈ ਨਹੀਂ ਕੱਲ੍ਹ ਆਇਓ “ਮਨਜੀਤ ਦਾ ਦਿਲ ਇੱਕ ਦਮ ਦਰਦ ਨਾਲ ਉੱਛਲ ਗਿਆ। ਕਿਹੋ ਜਿਹੀ ਦੁਨੀਆਂ ਮਰਨ ਦੇ ਸਰਟੀਫਿਕੇਟ ਤੇ ਵੀ ਰਿਸ਼ਵਤਾਂ ਤੇ ਧੱਕੇ !!!ਉਹਨੇ ਬੇਬੇ ਪਾਸੋਂ ਫਾਈਲ ਫੜ੍ਹੀ ਤੇ ਲਿਆ ਕੇ ਪੀਏ ਦੀ ਮੇਜ਼ ਤੇ ਪਟਕਦੇ ਹੋਏ ਇੱਕ ਨੋਟ ਕੱਢਕੇ ਫਾਈਲ ਉੱਤੇ ਰੱਖਦੇ ਹੋਏ ਕੁਝ ਗੁੱਸੇ ਤੇ ਬੇਬਸੀ ਨਾਲ ਪੁੱਛਿਆ ” ਮੌਤ ਦੇ ਪ੍ਰਮਾਣ ਪੱਤਰ ਲਈ ਕਿੰਨੀ ਸੇਵਾ ?”ਪੀਏ ਇੱਕ ਦਮ ਦਹਿਲ ਗਈ।ਉਹਨੇ ਫਾਈਲ ਚੁੱਕੀ ਤੇ ਅੰਦਰ ਡਾਕਟਰ ਪਾਸ ਗਈ। ਪੰਜਾਂ ਮਿੰਟਾਂ ਚ ਸਾਈਨ ਕਰਵਾ ਕੇ ਲੈ ਆਈ ਤੇ ਪ੍ਰਮਾਣ ਪੱਤਰ ਉਹਦੇ ਹੱਥ ਚ ਦੇ ਦਿੱਤਾ।ਉਹ ਨੋਟ ਨੂੰ ਛੱਡਕੇ ਬਾਹਰ ਚਲੇ ਗਏ। ਹੌਲੀ ਜਹੇ ਹੀ ਪੀਏ ਨੇ ਚੁੱਕ ਕੇ ਦਰਾਜ ਵਿੱਚ ਰੱਖ ਲਿਆ।ਊਹਦੇ ਮਨ ਚ ਹਰ ਪਲ ਤੇ ਮਿਲਦੀਆਂ ਬੇਈਮਾਨੀ ਘਟੀਆ ਪ੍ਰਬੰਧ ਲਈ ਇੱਕ ਗੁੱਸਾ ਸੀ, ਬੱਸ ਉਹ ਛੇਤੀ ਤੋਂ ਛੇਤੀ ਇਥੋਂ ਉੱਡ ਜਾਣਾ ਚਾਹੁੰਦੀ ਸੀ। ਸਭ ਪੱਕਾ ਹੁੰਦਾ ਗਿਆ, ਲੋਕਾਂ ਦੀਆਂ ਰਿਸ਼ਤੇਦਾਰਾਂ ਦੀਆਂ ਗੱਲਾਂ ਬਦਲਣ ਲੱਗ ਗਿਆ, ਲਹਿਜ਼ਾ ਬਦਲ ਗਿਆ। ਸਭ ਆਪਣਾਪਣ ਦਿਖਾਉਣ ਲੱਗੇ। ਜਾਣ ਤੋਂ ਪਹਿਲਾਂ ਮਿਲ ਕੇ ਜਾਣ ਲੱਗੇ। ਕਦੇ ਕੋਈ ਆਉਂਦਾ ਤੇ ਕਦੇ ਕੋਈ। ਤੇ ਇੱਕ ਦਿਨ ਉਹਦੀ ਸਹੇਲੀ ਵੀ ਆਈ, ਕੱਲੀ ਨਹੀਂ ਨਾਲ ਇੱਕ ਸੁਨੇਹਾ, ਛਿੰਦੇ ਦਾ ਕੀ ਉਹ ਉਹਨੂੰ ਇੱਕ ਵਾਰ ਮਿਲਣਾ ਚਾਹੁੰਦਾ ….ਅਚਾਨਕ ਹੀ ਜਿਵੇਂ ਕੋਈ ਹਵਾ ਵਿੱਚੋ ਪ੍ਰਗਟ ਹੋ ਗਿਆ ਹੋਏ ਇੰਝ ਦਾ ਹੀ ਇਨ੍ਹ ਸੁਨੇਹਾ ਸੀ ……

ਮਨਜੀਤ ਤੇ ਛਿੰਦੇ ਦੀ ਉਸ ਆਖਿਰੀ ਮੁਲਾਕਾਤ ਨੂੰ ਦੋ ਸਾਲ ਬੀਤ ਗਏ ਸੀ। ਇਹਨਾਂ ਦੋ ਸਾਲਾਂ ਚ ਕਿੰਨਾ ਹੀ ਕੁਝ ਬਦਲ ਗਿਆ ਸੀ।ਪਰ ਕਿ ਜਜ਼ਬਾਤ ਬਦਲ ਗਏ ਸੀ ? ਇਹ ਤਾਂ ਇੰਝ ਸੀ ਜਿਵੇਂ ਕੋਈ ਅਚਾਨਕ ਉਹਦੀਆਂ ਅੱਖਾਂ ਸਾਹਮਣੇ ਆ ਖੜ੍ਹਾ ਹੋਵੇ ਪਰ ਦਿਮਾਗ ਪਛਾਨਣ ਤੋਂ ਇਨਕਾਰ ਕਰ ਦੇਵੇ। ਹੁਣ ਉਹ ਕੀ ਕਰੇ ਕੀ ਨਾ ਕਰੇ ਇਹੋ ਮੁੜ ਮੁੜ ਉਹਦੇ ਮਨ ਚ ਘੁੰਮ ਰਿਹਾ ਸੀ।ਹੁਣ ਮਿਲਕੇ ਖਬਰੇ ਮੁੜ ਕਦੇ ਮਿਲਣਾ ਵੀ ਹੋਏਗਾ ਕਿ ਨਹੀਂ ?ਦਿਨ ਬੀਤ ਰਹੇ ਸੀ, ਟਿਕਟਾਂ ਹੋ ਗਈਆਂ ਸੀ। ਤਰੀਕ ਬੰਨ੍ਹੀ ਗਈ ਸੀ।ਸਾਰਾ ਸਮਾਨ ਬੰਨ੍ਹਿਆ ਗਿਆ ਸੀ। ਲੋਕਾਂ ਦੀਆਂ ਹਦਾਇਤਾਂ, ਮਾਂ ਦੇ ਹੰਝੂ ਤੇ ਬਾਪ ਦੀ ਮਜ਼ਬੂਰੀ ਭਰਾ ਦੀ ਜ਼ਿੰਮੇਵਾਰੀ, ਬੱਚੇ ਦਾ ਭਵਿੱਖ ਤੇ ਹੋਰ ਕਿੰਨਾ ਕੁਝ ਉਹਦੇ ਮੋਢਿਆਂ ਤੇ ਟੰਗਿਆ ਹੋਇਆ ਸੀ।ਇਸ ਭਾਰ ਥੱਲੇ ਉਹ ਦੋ ਸਾਲਾਂ ਚ ਕਈ ਵਾਰ ਲਿਫੀ ਸੀ, ਕਈ ਵਾਰ ਟੁੱਟੀ ਸੀ ਕਈ ਵਾਰ ਲੁੱਟੀ ਗਈ ਸੀ। ਹੁਣ ਸਭ ਜਖ਼ਮਾਂ ਨੂੰ ਸਹਿਕੇ ਮੁੜ ਉੱਠਣਾ ਉਹਨੇ ਸਿੱਖ ਲਿਆ ਸੀ।ਉਹ ਇੱਕ ਨੌਜਵਾਨ ਕੁੜੀ ਤੋੰ ਭਾਰਤੀ-ਔਰਤ ਬਣ ਚੁੱਕੀ ਸੀ, ਐਸੀ ਔਰਤ ਜਿਸਦੀ ਆਪਣੀ ਚੰਚਲਤਾ, ਮਧੁਰਤਾ, ਸੁਫ਼ਨੇ ਗਾਇਬ ਹੋ ਗਏ ਸੀ। ਜਿਸਨੂੰ ਆਪਣੇ ਜਿਸਮ ਵਿੱਚੋ ਉਹ ਮਹਿਕ ਖ਼ਤਮ ਹੋ ਗਈ ਜਾਪਦੀ ਸੀ ਜਿਸਦਾ ਕਿ ਛਿੰਦਾ ਦੀਵਾਨਾ ਸੀ। ਉਹਦੀਆਂ ਅੱਖਾਂ ਦੀ ਸ਼ਰਾਰਤ ਦੀ ਥਾਵੇਂ ਡੂੰਘੀ ਸੋਚ ਨੇ ਢੱਕ ਲਈਆਂ ਸੀ। ਉਸਦੀਆਂ ਗੱਲਾਂ ਦੇ ਟੋਏ ਪ੍ਰੇਸ਼ਾਨੀਆਂ ਨੇ ਦੱਬ ਲਏ ਸੀ। ਉਹਦੇ ਮਨ ਦੇ ਚਾਵਾਂ ਨੂੰ ਸਰੇਬਜਾਰ ਲੁੱਟ ਲਿਆ ਗਿਆ ਸੀ।ਜਿਵੇਂ ਉਹ ਮਿੱਧੇ ਗਏ ਸਨ ਉਹਨਾਂ ਦਾ ਮਹਿਕ ਸਕਣਾ ਮੁਮਕਿਨ ਨਹੀਂ ਸੀ।ਤੇ ਦੋ ਸਾਲਾਂ ਚ ਇੱਕ ਵਾਰੀ ਵੀ ਉਹਦੀ ਖ਼ਬਰ ਨਹੀਂ ਸੀ ਪੁੱਛੀ ਗਈ। ਫ਼ਿਰ ਹੁਣ ਮਿਲਣ ਦਾ ਕੀ ਮਤਲਬ ? ਹੁਣ ਉਹ ਮਨਜੀਤ ਜੋ ਉਹ ਕਾਲਜ਼ ਵਾਲੀ ਫੁਰਤੀ ਨਾਲ, ਚੰਚਲਤਾ ਨਾਲ ਭਰੀ ਹੋਈ ਕੁੜੀ ਸੀ ਖ਼ਤਮ ਹੋ ਗਈ ਸੀ। ਹੁਣ ਤਾਂ ਜੋ ਬਚੀ ਸੀ ਉਹ ਸੀ ਇੱਕ ਔਰਤ ਜੋ ਵਲੈਤਣ ਹੋ ਗਈ ਸੀ ਜਿਸਦਾ ਇੱਕ ਬੱਚਾ ਸੀ ਪਤੀ ਸੀ ਤੇ ਇੱਕ ਨਵਾਂ ਪਰਿਵਾਰ ਵੀ, ਜੋ ਜਿਵੇਂ ਸੀ ਉਸ ਨਾਲ ਹੀ ਰਹਿਣਾ ਉਹਦੇ ਮੱਥੇ ਤੇ ਉੱਘੜ ਗਿਆ ਸੀ।ਹੁਣ ਇਹੋ “ਲੇਖ” ਲੈ ਕੇ ਉਹ ਉੱਡਣ ਲੱਗੀ ਸੀ। ਉਸਨੇ ਛਿੰਦੇ ਨੂੰ ਮਿਲਣ ਲਈ ਨਾਂਹ ਕਰ ਦਿੱਤੀ। ਉਹ ਨਹੀਂ ਸੀ ਚਾਹੁੰਦੀ ਊਹਨੂੰ ਅੰਦਰ ਤੱਕ ਜਾਨਣ ਵਾਲਾ ਊਹਨੂੰ ਇੰਝ ਬਦਲਿਆ ਦੇਖ ਹੈਰਾਨ ਹੋ ਜਾਏ। ਉਹ ਨਹੀਂ ਸੀ ਚਾਹੁੰਦੀ ਕਿ ਮਸੀਂ ਮਸੀਂ ਸਭ ਸਹੀ ਹੋਏ ਚ ਕੋਈ ਹੋਰ ਅੜਚਨ ਆ ਪਵੇ।ਵਕਤ ਨੇ ਊਹਦੇ ਅੰਦਰੋਂ ਫੈਸਲਾ ਲੈਣ ਦੇ ਅਧਿਕਾਰ ਸੀਮਿਤ ਕਰ ਦਿੱਤੇ ਸੀ। ਹੁਣ ਉਹ ਸਭ ਕੁਝ ਇੱਕੋ ਸ਼ੀਸ਼ੇ ਵਿੱਚੋ ਤੱਕ ਰਹੀ ਸੀ,ਉਹ ਸੀ ਆਪਣੇ ਬੱਚੇ ਦੇ ਭਵਿੱਖ ਦਾ ਸ਼ੀਸ਼ਾ!!!ਵਲੈਤ ਵਾਲਿਆਂ ਨੂੰ ਆਉਣ ਦੀ ਤਰੀਕ , ਫਲਾਈਟ ਦਾ ਸਮਾਂ ਸਭ ਨ ਕਰਵਾ ਦਿੱਤਾ ਗਿਆ ਸੀ। ਪਰ ਉਹਦੇ ਮਨ ਚ ਅਜੇ ਵੀ ਖਿਆਲ ਹੀ ਸੀ ਕਿ ਪਤਾ ਨਹੀਂ ਲੈਣ ਵੀ ਅਉਣਗੇ ਜਾਂ ਨਹੀਂ।ਭਲਾਂ ਜੇ ਨਾ ਆਏ ਫ਼ਿਰ !!!ਐਨਾ ਸਭ ਹੋਣ ਮਗਰੋਂ ਐਨਾ ਵਕਤ ਲੰਘ ਜਾਣ ਮਗਰੋਂ ਵੀ ਇੱਕ ਵਾਰ ਵੀ ਕਿਸੇ ਪਰਿਵਾਰਕ ਮੈਂਬਰ ਨੇ ਉਹਦੇ ਨਾਲ ਗੱਲ ਨਹੀਂ ਸੀ ਕੀਤੀ।ਫਿਰ ਵੀ ਪਤਾ ਨਹੀਂ ਉਹ ਖਿੱਚੀ ਜਾ ਰਹੀ ਸੀ ਜਿਵੇਂ ਕਿਸੇ ਨੇ ਬੰਨ੍ਹ ਦਿੱਤਾ ਹੋਵੇ ਤੇ ਉਸ ਕੋਲ ਕੋਈ ਹੋਰ ਰਾਹ ਨਾ ਹੋਵੇ। ਹੁਣ ਤਾਂ ਇਸੇ ਰਾਹੇ ਤੁਰਨਾ ਸੀ ਭਾਵੇਂ ਕੁਝ ਮਿਲੇ ਜਾਂ ਖੁਆਰ ਹੋਏ।ਜਦੋਂ ਕੋਈ ਆਪਸ਼ਨ ਹੀ ਨਾ ਹੋਏ ਤਾਂ ਫ਼ੈਸਲੇ ਲੈਣੇ ਸੌਖੇ ਹੋ ਜਾਂਦੇ ਹਨ।…………..ਫ਼ਿਰ ਇੱਕ ਦਿਨ ਉਹ ਵੀ ਆਇਆ ਜਦੋਂ ਉਹ ਦਿੱਲੀ ਹਵਾਈ ਅੱਡੇ ਲਈ ਘਰੋਂ ਸੁਵੱਖਤੇ ਨਿੱਕਲੀ ਪੂਰੇ ਪਰਿਵਾਰ ਨਾਲ।ਪਿੰਡ ਦੇ ਲੋਕਾਂ ਲਈ ਇਹ ਕਿਸੇ ਤਮਾਸ਼ੇ ਤੋਂ ਘੱਟ ਨਹੀਂ ਸੀ। 8-9 ਘੰਟੇ ਦੇ ਸਫ਼ਰ ਮਗਰੋਂ ਉਹ ਹਵਾਈ ਅੱਡੇ ਪਹੁੰਚੀ। ਅੱਡੇ ਚ ਵੜਦੇ ਊਹਨੂੰ ਅਹਿਸਾਸ ਨਹੀਂ ਸੀ ਕਿ ਇਹ ਮਹਿਜ਼ ਜਹਾਜ਼ ਦਾ ਸਫ਼ਰ ਨਹੀਂ ਹੈ ਸਗੋਂ ਜਿੰਦਗ਼ੀ ਦਾ ਇੱਕ ਨਵਾਂ ਸਫਰ ਹੈ।ਜਿਥੇ ਹੁਣ ਊਹਦੇ ਨਾਲ ਸਾਏ ਦੀ ਤਰ੍ਹਾਂ ਕੋਈ ਨਹੀਂ ਹੋਏਗਾ, ਸਭ ਕੁਝ ਖੂਦ ਕਰਨਾ ਹੋਏਗਾ। ਇੱਥੇ ਕੁੜੀ ਮੁੰਡੇ ਵਾਲਾ ਫ਼ਰਕ ਮਿਟ ਜਾਏਗਾ। ਨਹੀਂ ਤਾਂ ਹੁਣ ਤੱਕ ਕਿਸੇ ਬੰਦੇ ਨੂੰ ਬੁਲਾਉਂਦੇ ਹੀ ਲੋਕਾਂ ਦੀਆਂ ਨਜਰਾਂ ਅਜ਼ੀਬ ਤੱਕਦੀਆਂ ਸੀ, ਹੁਣ ਉਹ ਸਭ ਖ਼ਤਮ ਹੋਣ ਵਾਲਾ ਸੀ।ਉਹਨੇ ਏਅਰ ਇੰਡੀਆ ਦੇ ਕਾਊਂਟਰ ਤੋਂ ਬੋਰਡਿੰਗ ਪਾਸ ਲੈ ਕੇ ਸਮਾਨ ਜਮਾਂ ਕਰਵਾ ਦਿੱਤਾ। ਉਹਨੂੰ ਨਹੀਂ ਸੀ ਪਤਾ ਇਹ ਸਮਾਨ ਕਿਥੇ ਤੇ ਕਿਵੇਂ ਮਿਲੇਗਾ, ਇਸ ਲਈ ਪੁੱਛਿਆ ਵੀ। ਕਾਊਂਟਰ ਤੇ ਬੈਠੀ ਕੁੜੀ ਨੇ ਸਭ ਸਮਝਾ ਦਿੱਤਾ। ਉਹਦੇ ਲਈ ਭੋਜਨ ਤੇ ਸੀਟ ਵੀ ਪਰੈਫਰ ਕਰਕੇ ਵਿੰਡੋ ਕਰ ਦਿੱਤੀ।ਵੀਜ਼ਾ ਚੈੱਕ ਕਰਵਾ ਕੇ ਤੇ ਤਲਾਸ਼ੀ ਕਰਵਾ ਕੇ ਉਹਨੂੰ ਗੇਟ ਨੰਬਰ ਦੱਸਿਆ ਗਿਆ। ਜਿਥੇ ਉਹਨੇ ਬੈਠ ਕੇ ਉਡੀਕ ਕੀਤੀ, ਉਸਦੇ ਆਸ ਪਾਸ ਕਿੰਨੇ ਹੀ ਲੋਕ ਉਡੀਕ ਰਹੇ ਸੀ। ਕੋਈ ਕਿਤਾਬ ਪੜ੍ਹ ਰਿਹਾ ਸੀ, ਕੋਈ ਅਖ਼ਬਾਰ ਤੇ ਕੋਈ ਗੱਲਾਂ ਕਰ ਰਿਹਾ ਸੀ। ਸਾਹਮਣੇ ਲੱਗੀ ਡਿਸਪਲੇ ਤੇ ਫਲਾਈਟ ਦੀ ਸੂਚੀ ਆ ਰਹੀ ਸੀ।ਉਹਦੇ ਮਨ ਚ ਇੱਕ ਕਾਹਲੀ ਸੀ ਤੇ ਇੱਕ ਉਡੀਕ ਵੀ,ਜਿਵੇਂ 100 ਮੀਲ ਦੌੜਨ ਮਗਰੋਂ ਮਹਿਜ਼ ਕੁਝ ਮੀਟਰ ਹੀ ਬਚੇ ਹੋਣ………….ਬੋਰਡਿੰਗ ਚ ਊਹਨੂੰ ਪਹਿਲ ਮਿਲੀ ਸੀ, ਸੁਰੰਗਨੁਮਾ ਰੈਂਪ ਰਾਂਹੀ ਜਹਾਜ਼ ਚ ਚੜ੍ਹਦੇ ਹੋਏ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਫ਼ਿਲਮੀ ਦੁਨੀਆਂ ਵਿੱਚ ਵਿਚਰ ਰਹੀ ਹੋਵੇ।ਬੋਰਡਿੰਗ ਖਤਮ ਹੋਣ ਮਗਰੋਂ ਸੀਟ ਬੈਲਟ ਬੰਨ੍ਹਣ ਬਾਰੇ ਏਅਰ ਹੋਸਟਸ ਸਮਝਾਉਣ ਲੱਗੀਆਂ। ਫ਼ਿਰ ਜਹਾਜ਼ ਰਨਵੇ ਤੇ ਕਿਸੇ ਤੇਜ਼ ਰਫ਼ਤਾਰ ਪੁਰਾਣੇ ਟਰੱਕ ਵਾਂਗ ਖੜਕਾ ਕਰਦਾ ਦੌੜਿਆ।ਫਿਰ ਇੱਕ ਦਮ ਉੱਪਰ ਉੱਠਿਆ ਤੇ ਸਵਾਰੀਆਂ ਪਿੱਛੇ ਵੱਲ ਹੋ ਗਈਆਂ। ਇੰਝ ਹੀ ਕਈ ਮਿੰਟ ਉਹ ਉੱਪਰ ਉੱਠਦਾ ਰਿਹਾ।ਧਰਤੀ ਤੇ ਦਿਸਦੇ ਘਰ ਮਕਾਨ,ਵਾਹਨ ਨਿੱਕੇ ਹੁੰਦੇ ਹੁੰਦੇ ਕੀੜੀਆਂ ਵਰਗੇ ਹੋ ਗਏ ਸੀ। ਫਿਰ ਇੱਕ ਦਮ ਸਿੱਧਾ ਹੋਇਆ। ਦਿਮਾਗ ਚ ਹਵਾ ਪਾਣੀ ਪਤਾ ਨਹੀਂ ਕੀ ਘੁੰਮਣ ਲੱਗਾ ਸੀ।ਫ਼ਿਰ ਕਦੀ ਸੱਜੇ ਵੱਲ ਟੇਢਾ ਹੁੰਦਾ ਤੇ ਕਦੀ ਖੱਬੇ ਵੱਲ। ਪਰ ਹਰ ਵਾਰ ਸਭ ਕੁਝ ਹੋਰ ਵੀ ਛੋਟਾ ਹੋ ਜਾਂਦਾ। ਕਿਧਰੇ ਕਿਧਰੇ ਕੋਈ ਨਦੀ ਦਿਸਦੀ ਕੋਈ ਨਾਲ। ਸਭ ਕੁਝ ਇੱਕ ਮਿੱਕ ਹੋ ਗਿਆ ਸੀ। ਫਿਰ ਇੰਝ ਹੀ ਉਹਨੇ ਮੋੜ ਕੱਟਿਆ। ਸੂਰਜ ਇੱਕ ਪਾਸੇ ਤੋੰ ਦੂਸਰੇ ਪਾਸੇ ਖਿਸਕ ਗਿਆ ਸੀ।ਹੁਣ ਬੱਦਲਾਂ ਤੋਂ ਉੱਪਰ ਪਹੁੰਚਦੇ ਹੀ ਜਹਾਜ਼ ਇੱਕ ਦਮ ਸ਼ਾਂਤ ਹੋ ਗਿਆ। ਜਿਵੇਂ ਕਿਧਰੇ ਜਾ ਹੀ ਨਾ ਰਿਹਾ ਹੋਏ। ਇੱਕ ਥਾਵੇਂ ਸ਼ਾਂਤ ਖਲੋ ਗਿਆ ਹੋਏ।ਸੀਟ ਬੈਲਟ ਖੋਲ੍ਹਣ ਲਈ ਆਖ ਦਿੱਤਾ ਸੀ। ਫਿਰ ਕੁਝ ਪਲ ਮਗਰੋਂ ਖਾਣਾ ਸਰਵ ਹੋਣ ਲੱਗਾ। ਲੋਕੀਂ ਧੜਾਧੜ ਖਾਣ ਲੱਗੇ , ਡਰਿੰਕ ਵੀ ਖੁੱਲ੍ਹ ਕੇ ਵਰਤੀ ਜਾ ਰਹੀ ਸੀ। ਉਹਨੇ ਸਿਰਫ ਸੁਣਿਆ ਸੀ ਅੱਜ ਵੇਖ ਵੀ ਰਹੀ ਸੀ। ਪੀਣ ਵਾਲੇ ਪੀ ਰਹੇ ਸਨ। ਸ਼ਾਇਦ ਬਹੁਤੇ ਰੈਗੂਲਰ ਸਫ਼ਰ ਵਾਲੇ ਸੀ। ਬੱਚਾ ਕੁਝ ਦੇਰ ਮਗਰੋਂ ਦੁੱਧ ਪੀ ਕੇ ਸੌਂ ਗਿਆ ਸੀ। ਖਾਣਾ ਖਾਣ ਮਗਰੋਂ ਉਸਨੂੰ ਵੀ ਜ਼ੋਰ ਦੀ ਨੀਂਦ ਆਈ। ਜੋ ਮੁੜ ਕੇ ਬੱਚੇ ਦੇ ਜਾਗਣ ਨਾਲ ਹੀ ਟੁੱਟੀ। ਉਦੋਂ ਤੱਕ ਅੱਧ ਤੋਂ ਵੱਧ ਸਫ਼ਰ ਬੀਤ ਗਿਆ ਸੀ।……ਉਤਰਨ ਵੇਲੇ ਮੁੜ ਸੀਟ ਬੈਲਟ ਬੰਨ੍ਹੀ ਗਈ। ਫਿਰ ਹਵਾ ਦਾ ਸ਼ੋਰ ਹੋਇਆ ਇੰਝ ਲੱਗਾ ਸੀ ਜਿਵੇਂ ਉਹ ਕਿਧਰੇ ਗਏ ਹੀ ਨਾ ਹੋਣ। ਬੱਸ ਉੱਤਰਨ ਤੇ ਚੜ੍ਹਨ ਦਾ ਹੀ ਵਕਫਾ ਲੰਮਾ ਸੀ। ਪਹਿਲਾਂ ਵਾਂਗ ਹੀ ਹਵਾ ਦਾ ਸ਼ੋਰ, ਧਰਤੀ ਨਾਲ ਜਹਾਜ ਦੀ ਛੂਹ ਤੇ ਤੇਜ਼ ਦੌਡ਼ ਮਗਰੋਂ ਉਹ ਵਲੈਤ ਦੀ ਧਰਤੀ ਨੂੰ ਛੋਹ ਸਕੇ।ਫਿਰ ਜਹਾਜ ਚ ਅਨਾਉਂਸ ਹੋਇਆ , “ਯੂ ਆਰ ਵੈਲਕਮ ਟੂ ਹੀਥਰੋ ਏਅਰਪੋਰਟ।”ਨਾਲ ਹੀ ਤਾਪਮਾਨ ਤੇ ਸਮਾਂ ਦੱਸਿਆ। ਲੋਕਾਂ ਨੇ ਜੈਕਟਾਂ ਪਾ ਲਈਆਂ।ਹੌਲੀ ਹੌਲੀ ਉੱਤਰਨ ਲੱਗੇ। ਬਾਹਰ ਸਾਹਮਣੇ ਬੱਸਾਂ ਚ ਜਿਸ ਚ ਚੜ੍ਹ ਕੇ ਏਅਰਪੋਰਟ ਦੇ ਗੇਟ ਤੱਕ ਜਾਣਾ ਸੀ।ਮਨਜੀਤ ਨੇ ਧਰਤੀ ਤੇ ਜਦੋਂ ਪੈਰ ਰੱਖਿਆ ਤਾਂ ਉਹ ਕੰਬ ਜਿਹੀ ਗਈ ਇੱਕ ਅੱਥਰੂ ਉਹਦੀਆਂ ਅੱਖਾਂ ਵਿੱਚੋਂ ਮੱਲੋ ਮੱਲੀ ਡੁੱਲ੍ਹ ਗਿਆ।ਖੁਸ਼ੀ ਕਿ ਗ਼ਮੀ ਦਾ ਐਸੇ ਪਲ ਚ ਇਹ ਫ਼ੈਸਲਾ ਕਰਨਾ ਮੁਮਕਿਨ ਨਹੀਂ ਹੁੰਦਾ।…………(ਸਮਾਪਤ)(ਇਥੇ ਵਲੈਤਣ ਦੀ ਸੀਰੀਜ਼ ਦਾ ਪਹਿਲਾ ਭਾਗ ਖ਼ਤਮ ਹੁੰਦਾ ਹੈ, ਤੇ ਇਥੋਂ ਨਵਾਂ ਭਾਗ ਸ਼ੁਰੂ ਹੋਏਗਾ….ਜੋ ਮਨਜੀਤ ਤੋਂ ਨਹੀਂ ਕਿਸੇ ਹੋਏ ਕਿਰਦਾਰ ਤੋਂ ਸ਼ੁਰੂ ਹੋਏਗਾ ਪਰ ਜੁੜੇਗਾ ਇੱਥੇ ਆ ਕੇ ਹੀ )ਉਸਨੂੰ ਵਲੈਤਣ-ਸੀਜ਼ਨ 2 ਕਹਾਂਗੇ, ਇਸ ਕਹਾਣੀ ਦੇ ਘੱਟ ਤੋੰ ਘੱਟ ਚਾਰ ਸੀਜ਼ਨ ਲਿਖੇ ਜਾਣੇ ਹਨ। ਕਹਾਣੀ ਸਭ ਦਿਮਾਗ ਚ ਤੁਰੀ ਫਿਰਦੀ ਹੈ ਬੱਸ ਥੋੜ੍ਹੀ ਰਿਸਰਚ ਕਰਨੀ ਹੈ ਇੰਗਲੈਂਡ ਦੇ “ਉਸ ਸਮੇਂ ਬਾਰੇ” ਕੁਝ ਥਾਵਾਂ ਬਾਰੇ ਤੇ ਹੋਰ ਵੀ ਜੋ ਕਹਾਣੀ ਨੂੰ ਸੁਪੋਰਟ ਕਰਨ ਲਈ ਜਰੂਰੀ ਹਨ। ਪਰ ਬਹੁਤ ਛੇਤੀ ਹੀ ਇਹ ਸਭ ਹੋਏਗਾ।ਇਸ ਕਹਾਣੀ ਨੂੰ ਪਿਆਰ ਦੇਣ ਲਈ ਸ਼ੁਕਰੀਆ। ਸ਼ਨੀਵਾਰ ਤੱਕ ਪੀਡੀਐੱਫ ਮਿਲ ਜਾਏਗੀ। ਟੈਲੀਗ੍ਰਾਮ ਚੈਨਲ, ਤੇ ਵਟਸਐਪ ਉੱਤੇ ਵੀ ਫੇਸਬੁੱਕ ਪੇਜ਼ ਉੱਤੇ ਵੀ ਲਿੰਕ ਮਿਲ ਜਾਏਗਾ।ਇੱਕ ਵਾਰ ਸਭ ਦਾ ਫਿਰ ਤੋਂ ਧੰਨਵਾਦ। 28 ਦਸੰਬਰ ਤੋੰ ਹੁਣ ਤੱਕ ਇੱਕ ਲੰਮਾ ਸਫ਼ਰ ਸੀ ਜਿਸ ਚ ਕਹਾਣੀ ਦਾ ਅਪਡੇਟ ਕਈ ਵਾਰੀ ਕਈ ਕਾਰਨਾਂ ਕਰਕੇ ਰੁਕਿਆ। ਕੋਸ਼ਿਸ਼ ਰਹੇਗੀ ਹੁਣ ਜੋ ਵੀ ਲਿਖਾਂ ਇਸਦੇ ਨਾਲ ਜਾਂ ਇਸਤੋਂ ਬਿਨਾਂ ਉਹ ਬੇਰੋਕ ਹੀ ਲਿਖਾਂ ।।)ਹਰਜੋਤ ਸਿੰਘ ਵਟਸਐਪ:70094-52602( ਪਿਛਲੇ ਭਾਗਾਂ ਲਈ ਫੇਸਬੁੱਕ ਪੇਜ਼ ਵੇਖੋ ਜਾਂ ਮੈਸੇਜ ਕਰੋ ਜਾਂ ਉਡੀਕ ਕਰੋ ਪੀਡੀਐੱਫ ਦੀ ਜਾਂ ਪ੍ਰਤੀਲਿਪੀ ਤੇ ਵੇਖੋ.)

ਫੇਸਬੁੱਕ. instagram

Novel PDF Download STORY Uncategorized

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: