Tag Archives: ishk

ਕਹਾਣੀ : ਇਸ਼ਕ-ਤਿਕੋਣ ਭਾਗ ਪਹਿਲਾ

ਕਹਾਣੀ : ਇਸ਼ਕ-ਤਿਕੋਣ 
ਭਾਗ ਪਹਿਲਾ 
“ਤੂੰ ਪੈ ਨਰਿੰਦਰ ਨਾਲ ,ਮੈਂ ਆਪੇ ਦੇਖੂੰ ਤੈਨੂੰ ਕਿਹੜਾ ਕੁਝ ਕਹਿੰਦਾ “। ਜੀਤ ਦੀ ਆਵਾਜ਼ ਰਿਕਾਰਡਰ ਵਿਚੋਂ ਗੂੰਜ ਉੱਠੀ । ਮਗਰੋਂ ਚੰਨੋ ਦੀ ਆਵਾਜ਼ ਦੀ ਰੋਣਹਾਕੀ ਤੇ ਨਰਿੰਦਰ ਦੀਆਂ ਕੁਝ ਹੌਲੀ ਬੋਲਦੇ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ ।
ਪੂਰੇ ਪਿੰਡ ਦੇ ਕੱਠ ਚ ਇਹ ਰਿਕਾਰਡਰ ਚੱਲ ਰਿਹਾ ਸੀ । ਸਿਰ ਥੱਲੇ ਨੂੰ ਸੁੱਟੀ ਸਾਰੇ ਪਤਵੰਤੇ ਤੇ ਬਾਕੀ ਪਿੰਡ ਦੇ ਲੋਕੀ ਸੁਣ ਰਹੇ ਸੀ । ਕੁਝ ਮੁਸ਼ਕੜੀਏ ਹੱਸ ਰਹੇ ਸੀ । ਕੁਝ ਚੰਨੋ ਵੱਲ ਇਕਟੱਕ ਵੇਖ ਰਹੇ ਸੀ । ਕਈ ਨਰਿੰਦਰ ਦੀ ਕਿਸਮਤ ਤੇ ਰਸ਼ਕ ਕਰੇ ਸੀ । ਪਿੰਡ ਦੀ ਕਹਿੰਦੀ ਕਹਾਉਂਦੀ ਗਲਗਲ ਵਰਗੀ ਨਾਰ ਨਰਿੰਦਰ ਨੂੰ ਸੌਂਣ ਲਈ ਉਸਦੇ ਪਤੀ ਵੱਲੋਂ ਹੀ ਆਖਣਾ ਲੋਕਾਂ ਦੀ ਲਾਰ ਟਪਕਾਉਣ ਲਈ ਕਾਫ਼ੀ ਸੀ । 
ਚੰਨੋ ਜੀਤ ਨੂੰ ਛੱਡ ਕੇ ਨਰਿੰਦਰ ਦੇ ਘਰ ਵੱਸਣਾ ਚਾਹੁੰਦੀ ਸੀ । ਉਹ ਚਾਹੁੰਦੀ ਸੀ ਕਿ ਉਹ ਆਪਣੇ ਮੁੰਡੇ ਕੁੜੀ ਨਾਲ ਨਰਿੰਦਰ ਨਾਲ ਘਰ ਵਸਾ ਲਵੇ ਤੇ ਜੀਤ ਨਾਲ ਫੈਸਲਾ ਹੋ ਜਾਏ । ਇਸੇ ਲਈ ਉਹਨੇ ਇਹ ਸਾਬਿਤ ਕਰਨ ਲਈ ਕਿ ਉਸਦਾ ਸੰਬੰਧ ਨਰਿੰਦਰ ਨਾਲ ਜੋ ਵੀ ਸੀ ਉਹ ਜੀਤ ਦੀ ਸਹਿਮਤੀ ਤੇ ਜਿੱਦ ਨਾਲ ਸੀ । ਪਰ ਉਹ ਸੰਬੰਧ ਕਿਵੇਂ ਇੱਥੇ ਤੱਕ ਪਹੁੰਚਿਆ ਤੇ ਦਸਾਂ ਸਾਲਾਂ ਚ ਕੀ ਕੁਝ ਹੋਇਆ ਲੰਮੀ ਕਥਾ ਹੈ । 
ਜੀਤ ਦੋ ਭਰਾਵਾਂ ਵਿਚੋਂ ਨਿੱਕਾ ਸੀ । ਹਿੱਸੇ ਆਈ ਜ਼ਮੀਨ ਨੂੰ ਪਟੇ ਤੇ ਦੇਕੇ ਉਸਨੇ ਗੱਡੀ ਪਾ ਲਈ ਸੀ । ਮਾਂ -ਬਾਪ ਦੋਂਵੇਂ ਉਹਦੇ ਨਾਲ ਹੀ ਰਹਿੰਦੇ ਸੀ । ਹਸਮੁੱਖ ਪਰਿਵਾਰ ਸੀ । ਘਰ ਖੁਸ਼ੀ ਤੇ ਤੰਦਰੁਸਤੀ ਸੀ ।ਤਿੰਨੋ ਜੀਅ ਰੱਜ ਪੁੱਜ ਕੇ ਖਾਂਦੇ ਸੀ ਤੇ ਰੱਬ ਦਾ ਸ਼ੁਕਰ ਕਰਦੇ ਸੀ । 
ਜੀਤ ਸੋਹਣਾ ਸੁਨੱਖਾ ਤੇ ਸ਼ੁਕੀਨ ਗੱਬਰੂ ਸੀ । ਆਪਣੀ ਗੱਡੀ ਚ ਹਰ ਵੇਲੇ ਟੇਪ ਵਜਾ ਕੇ ਰੱਖਦਾ । ਛਿੰਦਾ ,ਮਾਣਕ ਤੇ ਸਦੀਕ ਤੇ ਗੀਤ ਰੱਜ ਕ ਸੁਣਦਾ ਤੇ ਗੱਜ ਕੇ ਵਜਾਉਂਦਾ । ਜਦੋਂ ਗੱਡੀ ਚਲਾ ਰਿਹਾ ਹੁੰਦਾ ਤਾਂ ਥਕਾਨ ਕਰਕੇ ਰੰਗ ਫਿੱਕਾ ਪੈ ਜਾਂਦਾ ਫਿਰ ਵੀ ਜੁੱਸੇ ,ਸ਼ੁਕੀਨੀ ਕਰਕੇ ਅੱਡ ਪਛਾਣਿਆ ਜਾਂਦਾ। 
ਫਿਰ ਜਦੋਂ ਜਿੱਦਣ ਗੱਡੀ ਤੋਂ ਵਾਪਿਸ ਮੁੜਦਾ ਤਾਂ ਟੋਹਰੀ ਪੱਗ ਬੰਨਕੇ ਪੂਰੀ ਸ਼ੁਕੀਨੀ ਨਾਲ ਪਿੰਡ ਚ ਨਿੱਕਲਦਾ ਤਾਂ ਬੁੜੀਆ ਕੁਡ਼ੀਆਂ ਅਸ਼ ਅਸ਼ ਕਰ ਉਠਦੀਆਂ । ਪਰ ਉਹਨੇ ਕਦੇ ਕਿਸੇ ਵੱਲ ਅੱਖ ਭਰਕੇ ਨਾ ਵੇਖਿਆ । ਭਾਵੇ ਉਹਨੂੰ ਵੇਖ ਕਿੰਨੀਆਂ ਹੀ ਨੌਜਵਾਨ ਕੁੜੀਆਂ ਜਾਂ ਵਿਆਹੀਆਂ ਵਰੀਆਂ ਦੇ ਦਿਲ ਪਿਘਲੇ ਹੋਣ ।ਕਈਆਂ ਸ਼ਰੀਕ ਚ ਲਗਦੀਆਂ ਭਾਬੀਆਂ ਇਸ਼ਾਰੇ ਚ ਚਾਹ ਲਈ ਸੁਲਾਹ ਵੀ ਮਾਰਦੀਆਂ । ਬਾਹਰੋਂ ਕੋਈ ਮੇਕਅੱਪ ਦੇ ਸਮਾਨ ਲਈ ਮੰਗ ਕਰ ਦਿੰਦੀਆਂ । ਉਹ ਮੰਗਾਂ ਪੂਰੀਆਂ ਕਰ ਦਿੰਦਾ ਪਰ ਕਦੀ ਕਿਸੇ ਦੀ ਮਾਰੀ ਸੁਲਾਹ ਤੇ ਹਾਸੇ ਠੱਠੇ ਚ ਕੀਤੇ ਮਜ਼ਾਕ ਨੂੰ ਚੁੱਪ ਕਰਕੇ ਦੜ ਵੱਟ ਲੈਂਦਾ । ਅਸਮਾਨਾਂ ਚ ਗੋਲੇ ਕਬੂਤਰ ਵਾਂਗ ਕੱਲਾ ਉਡਾਰੀਆਂ ਮਾਰਦਾ ਇਹ ਪੰਛੀ ਪਤਾ ਨਹੀਂ ਕਿਸ ਕਬੂਤਰੀ ਦੀ ਉਡੀਕ ਕਰ ਰਿਹਾ ਸੀ । 
ਤੇ ਜਦੋਂ ਦੇਖ ਦਿਖਾਈ ਚ ਊਹਨੇ ਚੰਨੋ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਦੇਖਦਿਆਂ ਹੀ ਊਹਨੇ ਹਾਂ ਕਰ ਦਿੱਤੀ ਸੀ । ਉਸਨੂੰ ਲੱਗਾ ਜਿਵੇਂ ਚੰਨੋ ਦਾ ਹੁਸਨ ਉਸਦੇ ਹਾਣ ਦਾ ਹੋਵੇ । ਦੇਸ਼ ਭਰ ਚ ਘੁੰਮਦੇ ਊਹਨੇ ਕਿੰਨੀਆਂ ਹੀ ਸੋਹਣੀਆਂ ਮੁਟਿਆਰਾਂ ਵੇਖੀਆਂ ਸੀ ਪਰ ਚੰਨੋ ਉਹਨਾਂ ਨਾਲੋਂ ਕਈ ਰੱਤੇ ਉੱਪਰ ਸੀ । ਸ਼ਗਨ ਮਗਰੋਂ ਮੁਕਲਾਵਾ ਹੋ ਗਿਆ ਤੇ ਵਿਆਹ ਚ ਸਾਲ ਪੈ ਗਿਆ । ਐਨਾ ਸਮਾਂ ਉਹਨੂੰ ਚੰਨੋ ਬਿਨਾਂ ਕੱਟਣਾ ਮੁਸ਼ਕਿਲ ਲਗਦਾ ਸੀ । ਵਿਚੋਲੇ ਤੋਂ ਇੱਕ ਫੋਟੋ ਮੰਗਵਾ ਕੇ ਉਸਨੇ ਗੱਡੀ ਚ ਵੱਡੀ ਕਰਕੇ ਲਗਵਾ ਲਈ । ਤਸਵੀਰ ਚ ਸਿਰਫ ਉਸਦਾ ਚਿਹਰਾ ਦਿਸਦਾ ਸੀ । ਫਿਰ ਵੀ ਉਸਦੇ ਚਿਹਰੇ ਦਾ ਨੂਰ ਉਸਦੇ ਹੁਸਨ ਦੀ ਝਲਕ ਲਈ ਕਾਫੀ ਸੀ । ਉਸਨੂੰ ਚੰਨੋ ਦਾ ਹੁਸਨ ਬੰਬੇ ਦੀਆਂ ਹੀਰੋਆਨਾਂ ਨਾਲੋਂ ਵੱਧ ਲਗਦਾ ।ਜਿਹਨਾਂ ਦੇ ਅੱਧ ਤੋਂ ਵੱਧ ਕਪੜੇ ਉਤਾਰਕੇ ਵੀ ਉਹਦੇ ਮੁਕਾਬਲਾ ਨਹੀਂ ਸੀ ਕਰ ਸਕਦੀਆਂ । “ਕਿੱਥੇ ਮੁੱਲ ਦਾ ਦੁੱਧ ਪੀ ਕੇ ਜੁਆਨ ਹੋਇਆਂ ਉਹ ਤੇ ਕਿੱਥੇ ਮੱਖਣ ਘਿਓ ਨਾਲ ਪਲੀ ਪੰਜਾਬਣ , ਕਿੱਥੇ ਮੁਕਾਬਲਾ ਇਸ ਹੁਸਨ ਦਾ !” ਜੀਤ ਸੋਚਦਾ । ਗੱਡੀ ਚ ਲਿਫਟ ਮੰਗ ਬੈਠਣ ਵਾਲਾ ਜਦੋਂ ਵੀ ਫੋਟੋ ਵੱਲ ਵੇਖਦਾ ਇੱਕੋ ਗੱਲ ਪੁੱਛਦਾ ਇਹ ਕਿਹੜੀ ਫਿਲਮ ਦੀ ਐਕਟਰਨੀ ਹੈ ?
ਉਹ ਮੁੱਛਾਂ ਨੂੰ ਵੱਟ ਦੇਕੇ ਇੱਕੋ ਗੱਲ ਆਖਦਾ ,”ਇਹ ਆਪਣੇ ਹੋਣ ਵਾਲੇ ਪਰਿਵਾਰ ਦੀ ਐਕਟਰਨੀ ਹੈ “। ਆਖ ਉਹ ਟੇਪ ਰਿਕਾਰਡਰ ਦੀ ਆਵਾਜ਼ ਚੱਕ ਦਿੰਦਾ ਤੇ ਗੱਡੀ ਦੇ ਐਕਸਲਰੇਟਰ ਤੇ ਪੈਰ ਮੱਲੋਮੱਲੀ ਦੱਬ ਹੋ ਜਾਂਦਾ ।
ਵਿਚੋਲੇ ਕੋਲੋ ਉਹ ਹਰ ਗੇੜੇ ਚੰਨੋ ਨੂੰ ਖ਼ਤ ਭੇਜ ਦਿੰਦਾ ਤੇ ਉਹਦਾ ਜਵਾਬ ਮੰਗਵਾ ਲੈਂਦਾ । ਉਹ ਦੱਸਦਾ ਕਿ ਉਹ ਕਿਸ ਸ਼ਹਿਰੋਂ ਆਇਆ ਤੇ ਕਿਸ ਸ਼ਹਿਰ ਜਾਏਗਾ ਕਿੱਥੇ ਕੀ ਵੇਖਿਆ ਤੇ ਕਿਥੋਂ ਕੀ ਉਸ ਲਈ ਲੈ ਕੇ ਆਇਆ । ਫਿਰ ਦੱਸਦਾ ਕਿ ਅਗਲੇ ਗੇੜੇ ਕਿੱਥੇ ਜਾਏਗਾ ਓਥੇ ਕੀ ਕੀ ਮਿਲਦਾ ਹੈ । ਹਰ ਖ਼ਤ ਚ ਉਹ ਪੁੱਛਦਾ ਕਿ ਉਸ ਲਈ ਕੀ ਕੀ ਲੈ ਕੇ ਆਵੇ । ਚੰਨੋ ਦੀ ਮੰਗ ਕੀਤੀ ਹਰ ਚੀਜ਼ ਨੂੰ ਖਰੀਦਦਾ ਤੇ ਆਪਣੀ ਇੱਕ ਟਰੰਕ ਚ ਜਿੰਦਰਾ ਮਾਰ ਕੇ ਰੱਖ ਲੈਂਦਾ । ਕਿਤੋਂ ਕੋਈ ਸ਼ਾਲ ਕਿਤੋਂ ਕੋਈ ਗਾਨੀ ਕਿਤੋਂ ਕੋਈ ਮੇਕਅੱਪ ਦਾ ਹੋਰ ਸਮਾਨ ,ਪੱਖੀਆਂ, ਝੁਮਕੇ ਤੇ ਪਤਾ ਨਹੀਂ ਕੀ ਕੀ । ਬਿੰਦੀਆਂ ਸੁਰਖੀਆਂ ਤੇ ਹੋਰ ਕਿੰਨਾ ਹੀ ਨਿੱਕ ਸੁੱਕ । ਖਰੀਦ ਖਰੀਦ ਸਾਰਾ ਟਰੰਕ ਭਰ ਲਿਆ ਸੀ । ਉਡੀਕ ਉਡੀਕ ਚ ਨਾ ਸਿਰਫ ਉਸਦਾ ਟਰੰਕ ਸਗੋਂ ਉਸਦਾ ਦਿਲ ਵੀ ਉਛਲਣ ਲੱਗਾ ਸੀ । ਇੱਕ ਸਾਲ ਉਸ ਲਈ ਜਿਵੇਂ ਬਣਬਾਸ ਲੱਗ ਰਿਹਾ ਸੀ । ਜਿੰਨੀ ਉਮਰ ਹੁਣ ਤੱਕ ਬੀਤ ਗਈ ਉਸਨੂੰ ਲਗਦਾ ਉਸਤੋਂ ਵੱਧ ਸਮਾਂ ਉਹਨੇ ਇਸ ਇੱਕ ਕੁ ਸਾਲ ਚ ਜੀਅ ਲਿਆ ਸੀ । ਪਰ ਸਮਾਂ ਸੀ ਲੰਘਣ ਦਾ ਨਾਮ ਨਹੀਂ ਸੀ ਲਈ ਰਿਹਾ । ਜੇ ਗੱਡੀ ਚਲਾ ਰਿਹਾ ਹੁੰਦਾ ਤਾਂ ਸਾਹਮਣੇ ਲੱਗੀ ਤਸਵੀਰ ਚ ਧਿਆਨ ਹੁੰਦਾ । ਨਹੀਂ ਤਾਂ ਬਟੂਏ ਚੋਂ ਕੱਢ ਉਸਦੀ ਤਸਵੀਰ ਨੂੰ ਚੁੰਮਦਾ ਰਹਿੰਦਾ ਤੇ ਸੀਨੇ ਨਾਲ ਲਾ ਕੇ ਰੱਖਦਾ । 
ਆਪਣੀ ਕਿਸਮਤ ਤੇ ਉਸਨੂੰ ਸੱਚਮੁੱਚ ਯਕੀਨ ਨਾ ਹੁੰਦਾ ਭਾਵੇਂ ਉਹ ਆਪ ਕਿੰਨਾ ਸੁਨੱਖਾ ਤੇ ਭਰਵਾਂ ਨੌਜਵਾਨ ਸੀ ਇੱਕਲਾ ਹੀ ਕੁਇੰਟਲ ਦੀ ਬੋਰੀ ਮੋਢੇ ਨਾਲ ਚੁੱਕ ਲੈਂਦਾ ਸੀ । ਕਿਤੋਂ ਸ਼ਾਇਰੀ ਪੜ੍ਹਦਾ ,ਗੀਤਾਂ ਦੇ ਬੋਲ ਸੁਣਦਾ ਤਾਂ ਉਹੀ ਖ਼ਤ ਚ ਉਤਾਰ ਕੇ ਚੰਨੋ ਨੂੰ ਭੇਜ ਦਿੰਦਾ । ਓਧਰੋਂ ਉਸੇ ਬਿਰਹਾ ਅਵਸਥਾ ਚ ਉਸਦੇ ਖ਼ਤ ਆਉਂਦੇ । ਮੀਲਾਂ ਦੀ ਦੂਰੀ ਸੀ ਫਿਰ ਵੀ ਦਿਲਾਂ ਚ ਜੋੜ ਹੋ ਗਿਆ ਸੀ । 
ਰੱਬ ਨੇ ਉਹਨਾਂ ਦੀ ਜੋੜੀ ਜਰੂਰ ਆਪ ਬਣਾਈ ਹੋਣੀ ਏ । ਨਹੀਂ ਤੇ ਇੱਥੇ ਵਿਆਹ ਮਗਰੋਂ ਵੀ ਕੋਈ ਇੰਝ ਖੁਲ੍ਹ ਕੇ ਉਹਨੇ ਕਿਸੇ ਦਾ ਪਿਆਰ ਇੱਕ ਦੂਸਰੇ ਦੀ ਕਦਰ ਤੇ ਚਿੰਤਾ ਨਹੀਂ ਵੇਖੀ ਸੀ ਜਿੰਨਾ ਉਹਨਾਂ ਨੂੰ ਹੁਣ ਸੀ । ਇੱਕ ਦੂਸਰੇ ਦੇ ਖ਼ਤ ਆਉਣ ਦਾ ਪਤਾ ਉਹਨਾਂ ਦੇ ਦਿਲ ਨੂੰ ਪਹਿਲ਼ਾਂ ਲੱਗ ਜਾਂਦਾ ਤੇ ਉਸੇ ਦਿਨ ਵਿਚੋਲਾ ਖ਼ਤ ਦੇ ਜਾਂਦਾ ।
ਉਹ ਕਈ ਵਾਰ ਪੜ੍ਹਕੇ ਚੁੰਮਕੇ ਉਸਨੂੰ ਟਰੰਕ ਚ ਸਾਂਭ ਲੈਂਦਾ । ਕਈ ਵਾਰ ਸਭ ਲਿਆਂਦੇ ਸਮਾਨ ਨੂੰ ਕੱਢ ਕੇ ਵੇਖਦਾ ਤੇ ਤਸਵੱਰ ਕਰਦਾ ਕਿ ਇਹ ਪਹਿਨ ਕੇ ਇਹ ਲਗਾ ਕੇ ਚੰਨੋ ਕਿਵੇਂ ਲੱਗੇਗੀ । ਇਹ ਅਤਰ ਫੁਲੇਲ ਲਗਾ ਕੇ ਉਸਦਾ ਫੁੱਲਾਂ ਵਰਗੀ ਦੇਹ ਹੋਰ ਵੀ ਮਹਿਕ ਜਾਏਗੀ । 
ਆਪਣੇ ਹੀ ਖਿਆਲਾਂ ਚ ਖੋਕੇ ਉਸਦਾ ਚਿੱਤ ਭਾਰਾ ਹੋ ਜਾਂਦਾ । ਫਿਰ ਉਹ ਉਸੇ ਹੀ ਅਵਸਥਾ ਚ ਉਸਨੂੰ ਖ਼ਤ ਲਿਖਦਾ । ਇੰਝ ਲਗਦਾ ਕਈ ਜਨਮਾਂ ਦੇ ਵਿਛੋੜੇ ਮਗਰੋਂ ਮਿਲਣ ਦਾ ਪਲ ਆਉਣ ਵਾਲਾ ਹੋਵੇ ।ਉਹ ਚੜਦੇ ਚੰਨ ਚੋਂ ਸਿਰਫ ਉਸੇ ਦਾ ਚਿਹਰਾ ਦੇਖਦਾ । ਉਹਨੂੰ ਚੰਨੋ ਪੂਰਨਮਾਸ਼ੀ ਦੇ ਚੰਨ ਤੋਂ ਵੀ ਵਧੇਰੇ ਸੋਹਣੀ ਲਗਦੀ ਸੀ । ਤੇ ਉਹ ਹੈ ਵੀ ਸੀ ਇਸ ਚ ਕੋਈ ਸ਼ੱਕ ਨਹੀਂ ਸੀ । ਪੰਜਾਂ ਭਾਈਆਂ ਦੀ ਇਕੱਲੀ ਭੈਣ ਸੀ । ਖੁੱਲ੍ਹੇ ਪਰਿਵਾਰ ਤੇ ਮਾਹੌਲ ਚ ਪਲੀ । ਪੰਜ ਜਮਾਤਾਂ ਵੀ ਪਾਸ ਕੀਤੀਆਂ । ਖੁੱਲ੍ਹ ਕੇ ਖਾਧਾ ਪੀਤਾ ਤੇ ਹੰਢਾਇਆ ਸੀ । ਸਭ ਦੀ ਲਾਡਲੀ ਸੀ । ਹਾਸੇ ਤੇ ਖੁੱਲ੍ਹੇ ਡੁੱਲੇ ਮਹੌਲ ਚ ਪਲੀ ਸੀ । ਹੱਡਾਂ ਪੈਰਾਂ ਦੀ ਵੀ ਖੁਲੀ ਸੀ । ਉਹਦੀ ਮਾਂ ਨੂੰ ਚਿੰਤਾ ਹੁੰਦੀ ਕਿ ਐਨੀ ਹੱਡਾਂ ਪੈਰਾਂ ਦੀ ਖੁੱਲੀ ਤੇ ਹੁਸਨ ਭਰੀ ਕੁੜੀ ਲਈ ਮੁੰਡਾ ਮਿਲ ਵੀ ਜਾਊ । ਤੇ ਇਸ ਸੁਕੀਨਣ ਦੀ ਸੀਟੀ ਰਲ ਵੀ ਜਾਊ ਉਸ ਨਾਲ । ਕਿਤੇ ਕੋਈ ਦਲਿੱਦਰ ਨਾ ਗਲ ਪੈਜੇ । ਫਿਰ ਜਦੋਂ ਵਿਚੋਲੇ ਨੇ ਜੀਤ ਦੀ ਦੱਸ ਪਾਈ ਤਾਂ ਪਹਿਲ਼ਾਂ ਤਾਂ ਝਿਜਕ ਸੀ ਕਿ ਡਰਾਈਵਰ ਤਾਂ ਕੋਈ ਨਸ਼ਾ ਪੱਤਾ ਨਹੀਂ ਛੱਡਦੇ ਤੇ ਮਗਰੋਂ ਕਈ ਕਈ ਮਹੀਨੇ ਗਏ ਨਹੀਂ ਮੁੜਦੇ ਕਿਥੋਂ ਇਹ ਵਿਚਾਰੀ ਕੱਲੀ ਰਾਤਾਂ ਕੱਢੇਗੀ । ਪਰ ਪਰਿਵਾਰ ਤੇ ਮੁੰਡੇ ਦੀ ਤਾਰੀਫ ਸੁਣਕੇ ਇੱਕ ਵਾਰ ਮਿਲਣ ਦਾ ਹੀਆ ਕਰ ਲਿਆ । ਤੇ ਜੀਤ ਨੂੰ ਵੇਖ ਝੱਟ ਹਾਂ ਕਰ ਦਿੱਤੀ ਜਿਵੇਂ ਉਸਦੇ ਮੂੰਹ ਤੇ ਭਰਵੇ ਸਰੀਰ ਤੇ ਹਸਮੁੱਖ ਚਿਹਰੇ ਤੇ ਲਿਖਿਆ ਹੋਵੇ ਕਿ ਕੋਈ ਨਸ਼ਾ ਨਹੀਂ ਕਰਦਾ ਤੇ ਇਸ ਤੋਂ ਵਧੀਆ ਕੋਈ ਵਰ ਨਹੀਂ ਹੋਏਗਾ । ਡਰਾਈਵਰਾਂ ਲਈ ਨਾ ਨੁੱਕਰ ਕਰਦੀ ਚੰਨੋ ਨੇ ਸਿਰਫ ਇੱਕ ਵਾਰ ਵੇਖ ਕੇ ਹੀ ਜੀਤ ਲਈ ਹਾਂ ਕਰ ਦਿੱਤੀ । ਸ਼ਾਇਦ 
“ਇੱਕੋ ਤੱਕਣੀ ਦੇ ਨਾਲ ਮੋਹ ਲਿਆ,ਸੱਜਣ ਦੀ ਕਰਾਰੀ ਅੱਖ ਨੇ ।”
ਜਿਵੇਂ ਜਿਵੇਂ ਦੋਹਾਂ ਦੇ ਵਿਆਹ ਦੀਆਂ ਘੜੀਆਂ ਨੇੜੇ ਆ ਰਹੀਆਂ ਸੀ ਬੇਚੈਨੀ ਵੱਧ ਰਹੀ ਸੀ । ਫਿਰ ਚਿੱਠੀ ਤੁਰੀ ਤੇ ਦਿਨ ਬੰਨ੍ਹਿਆ ਗਿਆ ।ਬੰਨ੍ਹੇ ਦਿਨ ਤਾਂ ਝੱਟ ਆ ਖੜਦੇ ਹਨ । ਵਿਆਹ ਦੀਆਂ ਤਿਆਰੀਆਂ ਹੋਈਆਂ । ਕੜਾਹੀ ਚੜੀ ਮੇਲ ਪੁੱਜਿਆ ਤੇ ਅਖੀਰ ਜੰਞ ਢੁੱਕੀ ।