
ਕਹਾਣੀ ਅਣਲੱਗ
ਚੌਥਾ ਤੇ ਆਖ਼ਿਰੀ ਭਾਗ
ਅਗਲੇ ਦਿਨ ਤੋਂ ਹੀ ਸੁਖਵੀਰ ਦੇ ਮਨ ਚ ਅੜੀ ਉਹ ਘੁੰਡੀ ਖੁੱਲ੍ਹਣ ਦੀ ਬਜਾਏ ਉਲਝਦੀ ਚਲੇ ਗਈ । ਇੱਕ ਪਾਸੇ ਕਿੰਨੇ ਹੀ ਵਰ੍ਹਿਆਂ ਮਗਰੋਂ ਕੋਈ ਐਸਾ ਸਖਸ਼ ਉਸਦੀ ਜਿੰਦਗ਼ੀ ਦਾ ਹਿੱਸਾ ਬਣਿਆ ਸੀ ਜਿਸਦਾ ਤਨ ਤੇ ਮਨ ਦੋਂਵੇਂ ਉਸਦੇ ਨਾਲ ਇੱਕੋ ਟਿਊਨ ਵਿੱਚ ਜਾਪਦੇ ਸੀ । ਦੂਸਰੇ ਪਾਸੇ ਬਚਪਨ ਤੋਂ ਹੀ ਦਿਮਾਗ਼ ਚ ਭਰੀਆਂ ਬੋਝਲ ਗੱਲਾਂ ਉਸਦੇ ਮਨ ਨੂੰ ਅਸ਼ਾਂਤ ਕਰਦੀਆਂ । ਦੋਸਤਾਂ ਦੀਆਂ ਸੈਕਸੂਲ ਐਕਟਿਵ ਕੁੜੀਆਂ ਬਾਰੇ ਸੁਣੀਆਂ ਗੱਲਾਂ ,ਰਿਲੇਸ਼ਨ ਚ ਰਹੀਆਂ ਕੁੜੀਆਂ ਤੇ ਨਾਨ ਵਰਜਨ ਕੁੜੀਆਂ ਬਾਰੇ ਕੀਤੀਆਂ ਗੱਲਾਂ ਸੁਣ ਸੁਣ ਉਸਦੇ ਮਨ ਚ ਜੋ ਇੱਕ ਮਰਦ ਈਗੋ ਬਣੀ ਸੀ ,ਉਹ ਚਾਹ ਕੇ ਵੀ ਨਹੀਂ ਨਿੱਕਲ ਰਹੀ ਸੀ । ਜੇ ਕਿਸੇ ਉਸਦੇ ਦੋਸਤ ਨੂੰ ਇਸ ਬਾਰੇ ਪਤਾ ਲੱਗਾ ? ਜੇ ਕੱਲ੍ਹ ਨੂੰ ਗੱਲ ਖੁੱਲ੍ਹ ਕੇ ਘਰਦਿਆਂ ਸਾਹਮਣੇ ਆ ਗਈ ਫਿਰ ? ਤੇ ਵਿਆਹ ਲਈ ਕੁੜੀ ਅਣਲੱਗ ਹੋਣੀ ਚਾਹੀਦੀ ਉਸਨੇ ਇਹੋ ਜਨਮ ਤੋਂ ਹੁਣ ਤੱਕ ਸਮਾਜ ਵਿਚੋਂ ਸੁਣਿਆ ਸੀ । ਉਹ ਆਪ ਭਾਵੇਂ ਕਿਸੇ ਕੁਡ਼ੀ ਨਾਲ ਐਨੇ ਸਾਲ ਇੱਕ ਰਿਸ਼ਤੇ ਚ ਰਿਹਾ ਸੀ ਜਿਸ ਚ ਸ਼ਾਇਦ ਹੀ ਉਹਨਾਂ ਨੇ ਕੁਝ ਅਜਿਹਾ ਛੱਡਿਆ ਹੋਵੇ ਜੋ ਨਾ ਕੀਤਾ ਹੋਵੇ । ਪਰ ਕਿਸੇ ਹੋਰ ਕੁੜੀ ਨਾਲ ਰਿਸ਼ਤੇ ਚ ਆਉਣ ਲਈ ਉਸਦੇ ਆਪਣਾ ਮਨ ਝੂਠਾ ਪੈ ਗਿਆ ।
ਰਾਤੀਂ ਹੀ ਉੱਠ ਕੇ ਉਹ ਆਪਣੇ ਕਮਰੇ ਚ ਅਲੱਗ ਸੌਂ ਗਿਆ ਸੀ । ਰਾਤ ਭਰ ਸੋਚਦਾ ਰਿਹਾ ,ਕਿਹੜੇ ਪਾਸੇ ਜਾਵੇ । ਅਗਲੇ ਦਿਨ ਸੁਵੱਖਤੇ ਉੱਠ ਕੇ ਬਿਨਾਂ ਗੁਰੀ ਨੂੰ ਉਠਾਏ ਉਹ ਆਪਣੇ ਕੰਮ ਤੇ ਚਲਾ ਗਿਆ। ਸ਼ਾਮੀ ਵੀ ਉਸ ਵੇਲੇ ਤੱਕ ਆਇਆ ਜਦੋਂ ਗੁਰੀ ਜਾ ਚੁੱਕੀ ਸੀ । ਉਸਦੇ ਆਉਣ ਤੋਂ ਪਹਿਲ਼ਾਂ ਸੌਂ ਚੁੱਕਾ ਸੀ । ਕਈ ਦਿਨ ਇਹੋ ਉਹ ਦੁਹਰਾਉਂਦਾ ਰਿਹਾ । ਮੈਸੇਜ ਜਾਂ ਕਾਲ ਤੇ ਗੁਰੀ ਨਾਲ ਸਿਰਫ ਹਾਈ ਹੈਲੋ ਕਰਦਾ । ਤੇ ਰਾਤੀਂ ਸੌਂਣ ਦਾ ਨਾਟਕ । ਗੁਰੀ ਕਿੰਨੀ ਵਾਰ ਪੁੱਛ ਚੁੱਕੀ ਸੀ ਕਿ ਇੰਝ ਦਾ ਵਿਵਹਾਰ ਦਾ ਕਾਰਨ ਪਰ ਉਹ ਕੁਝ ਨਹੀਂ ਕੰਮ ਜਾਂ ਥੱਕੇ ਹੋਏ ਦਾ ਬਹਾਨਾ ਮਾਰ ਦਿੰਦਾ ।
ਗੁਰੀ ਸਭ ਸਮਝ ਤਾਂ ਰਹੀ ਸੀ ,ਪਰ ਉਸਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਜਦੋਂ ਜੋ ਵੀ ਕੁਝ ਦੱਸਿਆ ਸੀ ਦੋਵਾਂ ਨੇ ਬਰਾਬਰ ਦੱਸਿਆ ਸੀ । ਫਿਰ ਇਸ ਗੱਲ ਤੋਂ ਹੁਣ ਸ਼ਰਮਾਉਣ ਜਾਂ ਇੰਝ ਭੱਜਣ ਦੀ ਕੀ ਲੋੜ । ਜੋ ਹੈ ਸੋ ਹੈ ਉਸਤੋਂ ਕਿੱਥੇ ਤੱਕ ਦੌੜਿਆ ਜਾ ਸਕਦਾ ? ਜੋ ਬਦਲਿਆ ਨਾ ਜਾ ਸਕੇ ਉਸਨੂੰ ਸਵੀਕਾਰ ਕਰ ਲੈਣ ਚ ਸਿਆਣਪ ਹੈ । ਵੱਧ ਤੋਂ ਵੱਧ ਇਹ ਹੋ ਸਕਦਾ ਕਿ ਅੱਗਿਉਂ ਕਦੇ ਅਜਿਹਾ ਨਾ ਹੋਵੇ ।
ਪਰ ਇਹ ਗੱਲਾਂ ਤਾਂ ਹੋਣ ਜੇ ਉਹ ਆਹਮਣੇ ਸਾਹਮਣੇ ਗੱਲ ਤਾਂ ਕਰੇ । ਪਰ ਉਹ ਤਾਂ ਜਿਵੇੰ ਦੌੜ ਹੀ ਰਿਹਾ ਹੋਵੇ । ਇੱਕ ਰਾਤ ਜਦੋਂ ਉਹ ਵਾਪਿਸ ਆਈ ਉਦੋਂ ਸ਼ਾਇਦ ਸੁਖਵੀਰ ਸੌਂ ਰਿਹਾ ਸੀ । ਉਸਨੇ ਇੱਕ ਦੋ ਵਾਰ ਬੁਲਾਇਆ ਪਰ ਉਹ ਨੀਂਦ ਆਉਂਦੀ ਹੈ ਕਹਿਕੇ ਫਿਰ ਸੌਂਣ ਲੱਗਾ । ਬਹੁਤ ਕੋਸ਼ਿਸ ਕਰਨ ਤੋਂ ਬਾਅਦ ਵੀ ਜਦੋਂ ਨਹੀਂ ਉੱਠਿਆ ਤਾਂ ਉਹ ਵੀ ਲਾਈਟ ਆਫ਼ ਕਰਕੇ ਲੇਟ ਗਈ । ਪਰ ਅੱਜ ਉਸਦੇ ਮਨ ਚ ਪੂਰੀ ਖਿਝ ਸੀ । “ਘੱਟੋ ਘੱਟ ਦੱਸੇ ਤਾਂ ਸਹੀ ਹੋਇਆ ਕੀ ਏ “। ਇੰਝ ਵੀ ਕੋਈ ਮਸਲਾ ਹੱਲ ਹੁੰਦਾ ਹੈ । ਲੇਟੇ ਲੇਟੇ ਹੀ ਉਸਨੇ ਆਪਣੇ ਕੱਪੜੇ ਉਤਾਰ ਦਿੱਤੇ ਤੇ ਸੁਖਵੀਰ ਦੇ ਜਮਾਂ ਨੇੜੇ ਹੋ ਗਈ । ਉਸਨੂੰ ਆਪਣੀਆਂ ਬਾਹਾਂ ਚ ਘੁੱਟ ਇੱਕ ਲੱਤ ਘੁਮਾ ਕੇ ਉਸਦੀਆਂ ਲੱਤਾ ਉੱਪਰ ਰੱਖ ਲਈ । ਨਿੱਘੇ ਸਰੀਰ ਤੇ ਗਰਦਨ ਤੇ ਆਉਂਦੇ ਸਾਹਾਂ ਨੇ ਸੁਖਵੀਰ ਨੂੰ ਬੇਚੈਨ ਕਰ ਦਿੱਤਾ ਸੀ ।ਪਰ ਜਿਵੇੰ ਉਸਨੇ ਆਪਣੇ ਤਨ ਮਨ ਨੂੰ ਕੁੰਡਲੀ ਮਾਰ ਲਈ ਹੋਵੇ । ਉਸਨੂੰ ਹਿਲਦਾ ਨਾ ਵੇਖ ਗੁਰੀ ਆਪਣੇ ਹੱਥ ਉਸਦੇ ਪਿੰਡੇ ਤੇ ਘੁਮਾਉਣ ਲੱਗੀ । ਹੱਥ ਖਿਸਕਦੇ ਹੋਏ ਹੇਠਾਂ ਵੱਲ ਜਾਣ ਲੱਗੇ । ਪਰ ਢਿੱਡ ਤੇ ਪਹੁੰਚਣ ਤੋਂ ਪਹਿਲ਼ਾਂ ਹੀ ਸੁਖਵੀਰ ਨੇ ਰੋਕ ਦਿੱਤੇ ।
-“ਪਲੀਜ਼ ਮੈਂ ਇਹ ਸਭ ਨਹੀਂ ਕਰਨਾ ਚਾਹੁੰਦਾ “. ਉਸਦੇ ਮਨ ਵਿੱਚੋ ਭਰੀ ਗੱਲ ਬਾਹਰ ਆ ਗਈ ।
-“ਪਰ ਕਿਉਂ ਸੁਖ,ਇਹ ਤਾਂ ਦੱਸੋ ਹੋਇਆ ਕੀ ,ਅਚਾਨਕ ਇੰਝ ਬਦਲਣ ਦਾ ਕੀ ਕਾਰਨ ? “ਗੁਰੀ ਫਿਰ ਵੀ ਉਸਨੂੰ ਪਿਆਰ ਨਾਲ ਪੁੱਛਦੀ ਗਈ।
ਪਰ ਉਹ ਕੁਝ ਨਹੀਂ ਕੁਝ ਨਹੀਂ ਕਹਿ ਕੇ ਸਾਰਦਾ ਰਿਹਾ । ਪਰ ਅੱਜ ਗੁਰੀ ਵੀ ਜਿੱਦ ਤੇ ਸੀ ਪਿੱਛੇ ਨਹੀਂ ਸੀ ਹਟਣਾ ਚਾਹੁੰਦੀ ਉਹ ।ਤੇ ਊਸਦੀ ਜਿੱਦ ਦੇ ਅੱਗੇ ਅਖੀਰ ਸੁਖਵੀਰ ਦੇ ਮੂੰਹੋ ਸੱਚ ਨਿਕਲ ਗਿਆ ।
-ਉਸ ਦਿਨ ਜੋ ਵੀ ਹੋਇਆ ਉਸ ਮਗਰੋਂ ਇਹ ਸੁਣਨ ਮਗਰੋਂ ਕਿ ਤੈਨੂੰ ਮੇਰੇ ਤੋਂ ਪਹਿਲ਼ਾਂ ਕਿਸੇ ਹੋਰ ਨੇ ਛੂਹਿਆ ਵੀ ਹੈ ,ਮੇਰੇ ਮਨ ਚ ਗੰਦੇ ਜਿਹੇ ਅਹਿਸਾਸ ਭਰ ਦਿੱਤੇ ਹਨ ।ਤੇ ਚਾਹ ਕੇ ਵੀ ਮੈਂ ਤੇਰੇ ਨਾਲ ਇਸ ਰਿਸ਼ਤੇ ਨੂੰ ਵਿਆਹ ਤੱਕ ਨਹੀਂ ਲਿਜਾ ਸਕਦਾ । ਮੈਂ ਨਹੀਂ ਚਾਹੁੰਦਾ ਕਿ ਮੇਰੀ ਪਤਨੀ ਦੇ ਕਿਸੇ ਹੋਰ ਮਰਦ ਵੱਲੋਂ ਛੂਹੇ ਜਾਣ ਦਾ ਅਹਿਸਾਸ ਮੇਰੇ ਨਾਲ ਰਹੇ ।
ਗੁਰੀ ਨੂੰ ਜਿਵੇੰ ਇੱਕ ਦਮ ਝਟਕਾ ਲੱਗਾ ਹੋਵੇ ਉਹ ਇੱਕ ਦਮ ਉੱਠਕੇ ਪਿਛਾਂਹ ਹੋ ਗਈ । ਹੰਝੂ ਉਸਦੇ ਗਲੇ ਤੱਕ ਆ ਕੇ ਅਟਕ ਗਏ । ਪਰ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਬੋਲੀ .
-ਸੁਖਵੀਰ ,ਤੈਨੂੰ ਇੰਝ ਕਿਉਂ ਲਗਦਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਇਹ ਸਭ ਕਰ ਰਹੀਂ ਹਾਂ ? ਸੱਚ ਕਹਾਂ ਤਾਂ ਮੇਰਾ ਤੇਰੇ ਨਾਲ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ । ਇਸ ਲਈ ਤੇਰੇ ਚਾਹੁਣ ਨਾ ਚਾਹੁਣ ਨਾਲ ਕੋਈ ਫ਼ਰਕ ਨਹੀਂ ਪੈਂਦਾ ।
ਸੁਖਵੀਰ ਨੂੰ ਜਿਵੇਂ ਕਿਸੇ ਨੇ 440 ਵੋਲਟ ਦਾ ਝਟਕਾ ਦੇ ਦਿੱਤਾ ਹੋਵੇ । ਲੇਟਿਆ ਹੋਇਆ ਉਹ ਇੱਕਦਮ ਉੱਠਕੇ ਬੈਠ ਗਿਆ ।ਗੁਰੀ ਦੇ ਮੂੰਹੋ ਨਿੱਕਲਦੇ ਸ਼ਬਦ ਬਾਹਰੋਂ ਆਉਂਦੀ ਭਿੰਨੀ ਰੋਸ਼ਨੀ ਚ ਉਸਨੂੰ ਵਿਖਰਦੇ ਨਜ਼ਰ ਆ ਰਹੀ ਸੀ । ਪੂਰੀ ਤਰ੍ਹਾਂ ਨਗਨ ਉਸਦੇ ਨਾਲ ਬੈੱਡ ਤੇ ਬੈਠੀ ਕੋਈ ਕੁੜੀ ਇਸ ਗੱਲ ਤੋਂ ਇਨਕਾਰ ਹੀ ਕਰ ਰਹੀ ਸੀ ਕਿ ਉਹ ਉਸ ਨਾਲ ਵਿਆਹ ਦੀ ਚਾਹਵਾਨ ਹੈ ਇਸ ਗੱਲ ਨੇ ਉਸਨੂੰ ਡੌਰ ਭੌਰ ਕਰ ਦਿੱਤਾ ਸੀ । ਪਰ ਗੁਰੀ ਬੋਲਦੀ ਰਹੀ ।
-ਦੇਖ ਮੈਂ ਏਥੇ ਵੈੱਲ ਸੈੱਟਲ ਹਾਂ , ਇੰਡੀਆ ਤੋਂ ਜਦੋਂ ਚਾਹਾਂ ਤੇਰੇ ਤੋਂ ਹਰ ਦਰਜ਼ੇ ਚ ਚੰਗਾ ,ਪੜ੍ਹਾਈ ,ਸ਼ਕਲ ਸੂਰਤ, ਪੈਸਾ, ਪਰਿਵਾਰ ਤੇ ਅਫਕੋਰਸ ਬਾਕੀ ਸਭ ਲਿਆ ਸਕਦੀ ਹਾਂ ਤੇ ਜਦੋਂ ਉਹ ਵਿਆਹ ਤੇ ਸਾਰੇ ਖਰਚੇ ਵੀ ਖੁਦ ਕਰਨਗੇ । ਫਿਰ ਮੈਂ ਤੇਰੇ ਨਾਲ ਵਿਆਹ ਕਿਉਂ ਕਰਵਾਵਾਂ ? ਤੇ ਸਭ ਮੇਰੇ ਰੋਹਬ ਚ ਰਹਿਣਗੇ । ਤੇਰੇ ਨਾਲ ਸਭ ਉਲਟ ਹੋਏਗਾ ।
-“ਇਸਦਾ ਮਤਲਬ ਤੈਨੂੰ ਮੇਰੇ ਨਾਲ ਪਿਆਰ ਨਹੀਂ ਹੈ ? “ਸੁਖਵੀਰ ਨੇ ਪੁੱਛਿਆ
-ਪਿਆਰ ਦਾ ਮਤਲਬ, ਮੈਂ ਉਸ ਇਨਸਾਨ ਨਾਲ ਪਿਆਰ ਕਿੰਝ ਕਰ ਸਕਦੀ ਹਾਂ ਜੋ ਮਹਿਜ਼ ਸੁਆਦ ਲਈ ਸਭ ਸੁਣਨਾ ਚਾਹੁੰਦਾ ਹੈ ਪਰ ਜਦੋਂ ਅਪਨਾਉਣ ਦੀ ਗੱਲ ਆਈ ਉਸਦੀ ਮਰਦਾਨਗੀ ਅੱਗੇ ਆ ਗਈ । ਮੈਂ ਤੇਰੇ ਨਾਲ ਹੁਣ ਵੀ ਕੱਲ ਵੀ ਮੇਰਾ ਵਿਆਹ ਹੋਣ ਤੱਕ ਸਭ ਕਿੱਸੇ ਹੋਰ ਵੀ ਸੁਆਦ ਨਾਲ ਸੁਣਾਉਣ ਲਈ ਤਿਆਰ ਹਾਂ । ਤੇ ਕਦੇ ਵਿਆਹ ਲਈ ਨਹੀਂ ਕਹਾਂਗ਼ੀ । ਇਸ ਲਈ ਮੈਂ ਹੁਣ ਵੀ ਤਿਆਰ ਹਾਂ ।” ਕਹਿਕੇ ਉਸਨੇ ਆਪਣੀਆਂ ਬਾਹਾਂ ਖੋਲ੍ਹ ਦਿੱਤੀਆ ਤੇ ਰੁਮਾਂਟਿਕ ਢੰਗ ਨਾਲ ਆਪਣੇ ਜਿਸਮ ਨੂੰ ਛੇੜਨ ਲੱਗੀ ।
ਸੁਖਵੀਰ ਦੇ ਦਿਲ ਤਾਂ ਜਿਵੇੰ ਇੱਕ ਦਮ ਬੈਠ ਗਿਆ ਹੋਵੇ ।ਜਿਸਮ ਚ ਇੱਕ ਐਸੀ ਠੰਡਕ ਸੀ ਕਿ ਉਸਦੀਆਂ ਕਾਮੁਕ ਹਰਕਤਾਂ ਉਸਨੂੰ ਗਰਮ ਕਰਨ ਜੋਗੀਆਂ ਨਹੀਂ ਸੀ ।
-ਪਰ ਮੈਨੂੰ ਇੰਝ ਲਗਦਾ ਸੀ ਕਿ ਤੂੰ ਮੈਂਨੂੰ ਦਿਲੋਂ ਹੀ ਨਹੀਂ ਸਗੋਂ ਰੂਹ ਤੋਂ ਚਾਹੁੰਦੀ ਏਂ ।
-ਮਿਸਟਰ ਸੁਖਵੀਰ! ਗੁਰੀ ਇੱਕ ਦਮ ਚੀਖ ਕੇ ਬੋਲੀ ,” ਸੋਚ ਤੇਰੀ ਜਿਸਮ ਤੋਂ ਅਗਾਂਹ ਨਹੀਂ ਗਈ ਤੇ ਗੱਲਾਂ ਦਿਲ ਤੇ ਰੂਹ ਵਾਲੀਆਂ ਕਰ ਰਿਹੈ ? ਇਸ਼ਕ ਤੇ ਤੇ ਮੁਹੱਬਤ ਨੂੰ ਇਸ ਲੈਵਲ ਤੇ ਸੋਚਣ ਤੋਂ ਪਹਿਲਾਂ ਜਿਸਮਾਂ, ਰੰਗਾਂ ਤੇ ਦੁਨੀਆਂ ਦੇ ਬਣਾਏ ਹਰ ਬੰਧਨ ਤੋਂ ਉੱਪਰ ਦੇਖਣਾ ਪੈਂਦਾ । ਸਿਰਫ਼ ਮੂੰਹ ਹਿਲਾ ਦੇਣ ਨਾਲ ਦਿਲ ਤੇ ਰੂਹ ਦੀ ਮੁਹੱਬਤ ਨਹੀਂ ਹੁੰਦੀ । ਵਕਤ ਪਏ ਤੋਂ ਸਾਬਿਤ ਕਰਨੀ ਪੈਂਦੀ ਹੈ । ਤੇ ਆਪਾਂ ਤਾਂ ਮਹਿਜ਼ ਕਿਸੇ ਨਾਲ ਅਰਸਾ ਪਹਿਲੀ ਰਿਲੇਸ਼ਨ ਚ ਕੀਤੇ ਸੈਕਸ ਨੂੰ ਹੀ ਸਵਿਕਾਰ ਨਹੀਂ ਕਰ ਸਕੇ ।
ਸੁਖਵੀਰ ਚੁੱਪ ਸੀ , ਕੀ ਉਹ ਖੁਦ ਹੀ ਕੁਝ ਰਿਸ਼ਤੇ ਬਾਰੇ ਗਲਤ ਅੰਦਾਜ਼ਾ ਲਾ ਬੈਠਾ ਸੀ ?ਜਵਾਬ ਗੁਰੀ ਨੇ ਹੀ ਦਿੱਤਾ ।
-ਰਹੀ ਗੱਲ ਤੇਰੇ ਨਾਲ ਮੁਹੱਬਤ ਦੀ ,ਹਾਂ ਉਹ ਬਿਲਕੁੱਲ ਹੈ , ਰਹੇਗੀ ਵੀ। ਤਨ ਮਨ ਤੇ ਰੂਹ ਤੋਂ । ਤੈਨੂੰ ਪਤੈ ਮੈਨੂੰ ਤੂੰ ਸ਼ੁਰੂ ਤੋਂ ਹੀ ਚੰਗਾ ਲੱਗਾ ਸੀ । ਪਰ ਆਪਣੇ ਰਿਸ਼ਤੇ ਨੂੰ ਇਸ ਲੈਵਲ ਤੱਕ ਪਹੁੰਚਣ ਲਈ ਸਮਾਂ ਇਸ ਲਈ ਲੱਗਿਆ ਕਿਉਂਕਿ ਆਪਣੇ ਦੋਵਾਂ ਦੇ ਤਨ ਮਨ ਤੇ ਰੂਹ ਤੇ ਪਹਿਲ਼ਾਂ ਦੇ ਰਿਸ਼ਤਿਆਂ ਦੇ ਪਰਛਾਵੇਂ ਸੀ । ਤੇ ਆਪਾਂ ਦੋਵਾਂ ਨੇ ਓਥੇ ਤਨ ਮਨ ਹਰ ਤਰ੍ਹਾਂ ਦੀ ਮੌਜ ਕੀਤੀ । ਤਨ ਤਾਂ ਰੋਜ ਧੋ ਵੀ ਲੈਂਦੇ ਹਾਂ ਸਭ ਮੈਲ ਉੱਤਰ ਜਾਂਦੀ ਹੈ। ਇਸਤੋਂ ਵੱਧ ਤਨ ਹੋਰ ਸੁੱਚਾ ਕਿਵੇਂ ਹੋ ਸਕਦਾ ? ਪਰ ਮਨ ਤੇ ਰੂਹ ਚ ਜਦੋਂ ਕੋਈ ਵੱਸਿਆ ਹੋਵੇ ਜਿਸ ਨਾਲ ਤੁਸੀਂ ਪਲ ਪਲ ਜੀਅ ਲਿਆ ਹੋਵੇ । ਓਥੋਂ ਮੁੜਨਾ ਤੇ ਉਸਨੂੰ ਸਾਫ ਕਰਨਾ ਮੁਸ਼ਕਿਲ ਹੈ। ਤੇ ਇਹ ਵਕਤ ਮੰਗਦਾ ਹੈ । ਇਸ ਲਈ ਸ਼ਾਇਦ ਆਪਾਂ ਦੋਵਾਂ ਨੇ ਉਦੋਂ ਇੱਕ ਦੂਜੇ ਦੇ ਹਵਾਲੇ ਕੀਤਾ ਜਦੋਂ ਉਸ ਪੁਰਾਣੇ ਸਭ ਪਾਸਿਓਂ ਛੁਟਕਾਰਾ ਹੋ ਗਿਆ ।
ਸੁਖਵੀਰ ਨੇ ਉਸਦੇ ਵੱਲ ਤੱਕਦੇ ਹੋਏ ਹੁੰਗਾਰੇ ਚ ਸਿਰ ਹਿਲਾਇਆ । ਤੇ ਗੂਰੀ ਬੋਲਦੀ ਰਹੀ ।
– ਬੱਸ ਆਖ਼ਿਰੀ ਗੱਲ ਕਹਾਂਗ਼ੀ , ਮੈਂ ਖੁਦ ਨੂੰ ਜਿਸ ਦਿਨ ਤੇਰੇ ਹਵਾਲੇ ਕੀਤਾ ਸੀ ਉਸ ਦਿਨ ਇਸ ਦਿਲ ਵਿੱਚ ਤੇ ਰੂਹ ਵਿੱਚ ਸਿਰਫ ਤੂੰ ਸੀ ।ਮੈਂ ਉਸ ਪਾਸਿਓਂ ਉਸ ਦਿਨ ਅਣਲੱਗ ਹੋ ਗਈ ਸੀ । ਬਾਕੀ ਦੁਨੀਆਂ ਦੇ ਜਿਸਮ ਦੇ ਸੁੱਚੇ ਜਾਂ ਜੂਠੇ ਹੋਣ ਦੀ ਪਰਿਭਾਸ਼ਾ ਨੂੰ ਮੇਰੀ ਜੁੱਤੀ ਵੀ ਨਹੀਂ ਮੰਨਦੀ । ਤੇ ਮੈਨੂੰ ਲਗਦਾ ਰਿਸ਼ਤੇ ਦਿਲੋਂ ਤੇ ਰੂਹ ਤੋਂ ਅਣਲੱਗ ਹੋਣੇ ਚਾਹੀਦੇ । ਜਿਸਮ ਤਾਂ ਇੱਕ ਦਿਨ ਜਰਜ਼ਰ ਹੋ ਜਾਣੇ ਹਨ । ਬਾਕੀ ਹੁਣ ਤੇਰੀ ਮਰਜ਼ੀ ਜੋ ਤੇਰਾ ਫੈਸਲਾ ਹੋਏਗਾ ਮੈਨੂੰ ਮੰਜੂਰ ਹੈ । ਕਿਸੇ ਵੀ ਚੀਜ਼ ਲਈ ਮੈਂ ਤੈਨੂੰ ਫੋਰਸ ਨਹੀਂ ਕਰਾਂਗੀ । ਆਖਕੇ ਉਹ ਇੱਕ ਪਾਸੇ ਹੋਕੇ ਖੁਦ ਨੂੰ ਢੱਕ ਕੇ ਲੇਟ ਗਈ ।
ਸੁਖਵੀਰ ਵੀ ਕੁਝ ਦੇਰ ਸੋਚਦਾ ਸੋਚਦਾ ਲੇਟ ਗਿਆ । ਮਨ ਚ ਰਾਤ ਭਰ ਉਹੀ ਸਭ ਚਲਦਾ ਰਿਹਾ । ਸਵੇਰੇ ਜਦੋਂ ਕੰਨਾਂ ਚ ਪਈ ਗੁੱਡ ਮਾਰਨਿੰਗ ਦੀ ਆਵਾਜ਼ ਨੇ ਗੁਰੀ ਨੂੰ ਉਠਾਇਆ ਤਾਂ ਉਸਨੇ ਦੇਖਿਆ ਕਿ ਕਾਫ਼ੀ ਦੇ ਕੱਪ ਲਈ ਸੁਖਵੀਰ ਉਸਦੇ ਸਾਹਮਣੇ ਖੜ੍ਹਾ ਸੀ । ਉਸਦੇ ਅੱਖਾਂ ਚ ਸ਼ਰਾਰਤ ਹਾਸਾ ਤੇ ਮਾਫ਼ੀ ਵਰਗਾ ਕੁਝ ਸੀ ।
-“ਮੈਂ ਇੰਝ ਹੀ ਤੇਰੀ ਸੇਵਾ ਕਰਨ ਲਈ ਤਿਆਰ ਹਾਂ ਹਰ ਰੋਜ਼ ਕੀ ਤੁਸੀਂ ਮੇਰੇ ਨਾਲ ਵਿਆਹ ਕਰਵਾਓਗੇ? “,। ਉਸਦੇ ਦਿਲ ਵਿੱਚੋ ਮਰਦਾਨਗੀ ਦੇ ਅਖੌਤੀ ਦਾਅਵੇ ਉਡ ਗਏ ਸੀ । ਪਹਿਲੀ ਵਾਰ ਉਸਨੂੰ ਸਮਝ ਲੱਗੀ ਸੀ ਕਿ ਔਰਤ ਵੀ ਮਰਦ ਵਰਗੀ ਇਨਸਾਨ ਹੁੰਦੀ ਹੈ ।
ਗੁਰੀ ਨੂੰ ਨਾ ਉੱਤਰ ਦੇਣ ਦੀ ਜਰੂਰਤ ਸੀ ਤੇ ਨਾ ਹੀ ਸੁਖਵੀਰ ਨੂੰ ਉਡੀਕਣ ਦੀ । ਕਾਫ਼ੀ ਦੇ ਕੱਪ ਮੇਜ਼ ਤੇ ਰੱਖ ਉਸਨੇ ਬਿਨਾਂ ਉੱਤਰ ਤੋਂ ਹੀ ਗੁਰੀ ਨੂੰ ਬਾਹਾਂ ਚ ਭਰ ਲਿਆ । ਕੱਸੇ ਗਏ ਜਿਸਮਾਂ ਨੇ ਸਭ ਉੱਤਰ ਖੁਦ ਹੀ ਸਮਝ ਲਏ ।
【ਸਮਾਪਤ 】
ਮੇਰੀਆਂ ਹੋਰ ਲਿਖਤਾਂ ਲਗਾਤਾਰ ਹਾਸਿਲ ਕਰਨ ਲਈ ਸਾਈਟ ਨੂੰ ਫੋਲੋ ਕਰੋ ਤੇ ਆਪਣੇ ਬਾਰੇ ਵੱਧ ਜਾਣਕਾਰੀ ਇਸ ਪੇਜ਼ ਤੇ ਵੀ ਦੇ ਸਕਦੇ ਓ।