Tag Archives: ਸਾਹਿਤ

ਕਹਾਣੀ ਇਸ਼ਕ ਦੀ ਤਿਕੋਣ ਭਾਗ : ਤੀਸਰਾ

ਕਹਾਣੀ ਇਸ਼ਕ ਦੀ ਤਿਕੋਣ 
ਭਾਗ : ਤੀਸਰਾ 

ਚੰਗੇ ਦਿਨ ਲੰਘ ਜਾਂਦੇ ਹਨ ਪਤਾ ਨਹੀਂ ਲਗਦਾ ਲੰਘਦੀਆਂ ਤਾਂ ਦੁੱਖਾਂ ਦੀਆਂ ਘੜੀਆਂ ਨਹੀਂ । ਪਰ ਚੰਗੇ ਦਿਨਾਂ ਚ ਵੀ ਚੰਨੋ ਨੇ ਸੱਸ ਸਹੁਰੇ ਦੀ ਪੂਰੀ ਸੇਵਾ ਕੀਤੀ । ਸੱਸ ਨੂੰ ਕੋਈ ਕੰਮ ਨਾ ਕਰਨ ਦਿੰਦੀ ਹਰ ਕੰਮ ਅੱਗੇ ਹੋ ਕਰਦੀ । ਫਿਰ ਸਹੁਰਾ ਬਿਮਾਰ ਹੋਇਆ ਤਾਂ ਉਸਦੀ ਵੀ ਸੇਵਾ ਕੀਤੀ । ਤੇ ਸੱਸ ਵੀ ਇੱਕ ਦਿਨ ਅਚਾਨਕ ਹਰਟ ਅਟੈਕ ਨਾਲ ਤੁਰ ਗਈ ਕੁਝ ਕੁ ਮਹੀਨੇ ਚ ਸਹੁਰਾ ਵੀ ਤੁਰ ਗਿਆ ।
ਹੁਣ ਬੱਚੇ 8 ਤੇ 6 ਸਾਲ ਦੇ ਹੋ ਗੁਏ ਸੀ ਵਿਆਹ ਨੂੰ ਵੀ ਨੌਂ ਸਾਲ ਲੰਘ ਗਏ । ਪਰ ਪਿਆਰ ਉਵੇਂ ਜਵਾਨ ਸੀ । ਪਹਿਲਾਂ ਤਾਂ ਜਦੋਂ ਜੀਤ ਗੱਡੀ ਲੈ ਕੇ ਜਾਂਦਾ ਸੀ ਤਾਂ ਉਹਦਾ ਘਰ ਦਿਲ ਲੱਗ ਜਾਂਦਾ ਤੇ ਹੁਣ ਸੱਸ ਸਹੁਰਾ ਜਾਣ ਮਗਰੋਂ ਜਦੋਂ ਬੱਚੇ ਵੀ ਸਕੂਲ ਜਾਣ ਲੱਗੇ ਘਰ ਵੱਢ ਵੱਢ ਖਾਣ ਆਉਂਦਾ । 
ਘਰ ਰੰਗੀਨ ਟੀਵੀ ਲੈ ਲਿਆ ਸੀ । ਪਿੰਡ ਚ ਕੇਬਲ ਆ ਗਈ ਸੀ ਉਹ ਵੀ ਲਗਵਾ ਲਈ । ਫਿਰ ਵੀ ਦੋ ਬੱਚਿਆਂ ਨਾਲ ਉਹਨੂੰ ਰਾਤ ਨੂੰ ਡਰ ਲਗਦਾ । ਦਿਨੇ ਕੱਲਾ ਮਹਿਸੂਸ ਹੁੰਦਾ । ਗੁਆਂਢ ਦੀ ਕੋਈ ਨਾ ਕੋਈ ਤੀਂਵੀ ਕੁੜੀ ਆ ਕੇ ਬੈਠ ਜਾਂਦੀ । ਤਾਂ ਦਿਲ ਲੱਗਿਆ ਰਹਿੰਦਾ ਨਹੀਂ ਤਾਂ ਕੁਝ ਨਾ ਖਾਣ ਨੂੰ ਦਿਲ ਕਰਦਾ ਨਾ ਬਣਾਉਣ ਨੂੰ ।
ਇਸਤੋਂ ਬਿਨਾਂ ਜੋ ਉਹਨਾਂ ਘਰ ਆਉਂਦਾ ਸੀ ਉਹ ਸੀ ਨਰਿੰਦਰ । ਜਦੋਂ ਯੂ ਵਿਆਹ ਕੇ ਆਈ ਸੀ ਉਦੋਂ ਉਹ ਅਜੇ ਮਸਾਂ ਜੁਆਨ ਹੋਣਾ ਸ਼ੁਰੂ ਹੋਇਆ ਸੀ । ਸਕੂਲੋਂ ਦਸਵੀਂ ਕੀਤੀ ਸੀ ਅਜੇ । ਉਸਦਾ ਘਰ ਆਉਣਾ ਜਾਣਾ ਸ਼ੁਰੂ ਤੋਂ ਸੀ । ਸੱਸ ਸਹੁਰੇ ਕੋਲ ਕਿੰਨਾ ਕਿੰਨਾ ਸਮਾਂ ਬੈਠੇ ਰਹਿੰਦਾ । ਮੁੰਡੇ ਕੁੜੀ ਨੂੰ ਗੋਦੀ ਚੁੱਕ ਖਿਡਾਈ ਜਾਂਦਾ । ਕਦੇ ਦੁਕਾਨ ਲੈ ਜਾਂਦਾ ਕਦੇ ਕਿਤੇ । ਕਿਸੇ ਕੰਮ ਨੂੰ ਆਖੋ ਤੇ ਝੱਟ ਆਖੇ ਲੱਗਕੇ ਕਰ ਆਉਂਦਾ ਕੋਈ ਚੀਜ਼ ਮੰਗਵਾਉਣੀ ਹੋਵੇ ਭੇਜਣੀ ਹੋਵੇ ।ਸੱਸ ਸਹੁਰੇ ਦੇ ਵੇਲੇ ਸਹੁਰੇ ਦੀ ਟਹਿਲ ਚ ਊਹਨੇ ਕਿੰਨਾ ਹੀ ਸਾਥ ਦਿੱਤਾ ਸੀ । ਦਿਨ ਦੇ ਕਈ ਘੰਟੇ ਉਸਦੇ ਘਰ ਬੀਤਦੇ ਸੀ ।ਹੁਣ ਵੀ ਮੁੰਡੇ ਕੁੜੀ ਖਿਡਾਉਣ ਸਕੂਲ ਛੱਡ ਕੇ ਆਉਣ ਤੇ ਲੈਕੇ ਜਾਣ ਤੇ ਕਦੇ ਕਦੇ ਪੜਾਉਣ ਲਈ ਵੀ ਮਦਦ ਕਰ ਦਿੰਦਾ ।
ਉਸਦਾ ਇੰਝ ਜੀਤ ਘਰ ਰਹਿਣਾ ਨਾ ਤਾਂ ਉਸਦੇ ਘਰਦਿਆਂ ਨੂੰ ਪਸੰਦ ਸੀ ਤੇ ਨਾ ਹੀ ਪਿੰਡ ਵਾਲਿਆਂ ਨੂੰ ਪਿੰਡ ਚ ਹੋਰ ਕਿਸੇ ਨਾਲ ਚੰਨੋ ਦੀ ਬੋਲਬਾਣੀ ਜਿਆਦਾ ਨਹੀਂ ਸੀ । ਇਸ ਲਈ ਬਾਕੀ ਆਪਣੇ ਆਪ ਨੂੰ ਮਰਦ ਕਹਿੰਦੇ ਲੋਕਾਂ ਲਈ ਗੱਲਾਂ ਲਈ ਵਧੀਆ ਵਿਸ਼ਾ ਸੀ ।ਲੋਕੀ ਆਖਦੇ ਸੀ ਕਿ ਨਰਿੰਦਰ ਤਾਂ ਜੀਤ ਦੇ ਘਰ ਹੀ ‘ਜੁਆਨ’ ਹੋਇਆ ।
ਇਹੋ ਗੱਲ ਕਿਸੇ ਨੇ ਜੀਤ ਨੂੰ ਆਖ ਦਿੱਤੀ ਸੀ ਇੱਕ ਦਿਨ “ਚੱਲ ਭਾਈ , ਤੂੰ ਬਾਹਰ ਪੈਸੇ ਕਮਾ ਰਿਹਾ ਸੋਹਣੇ ,ਘਰ ਤਾਂ ਨਰਿੰਦਰ ਸਾਂਭ ਹੀ ਲੈਂਦਾ ।”
ਇਹ ਗੱਲ ਉਸਦੇ ਦਿਲ ਚ ਕੱਚ ਵਾਂਗ ਚੁਬ ਗਈ ਸੀ । ਪਰ ਉਸਨੂੰ ਚੰਨੋ ਤੇ ਖੁਦ ਨਾਲੋਂ ਜਿਆਦਾ ਵਿਸ਼ਵਾਸ਼ ਸੀ । ਤੇ ਅੱਜ ਵੀ ਜੋ ਤੜਪ ਉਹਨਾਂ ਦੇ ਮਿਲਣ ਚ ਸੀ ਇਸ ਗੱਲ ਚ ਰੱਤੀ ਵੀ ਉਹਨੂੰ ਸ਼ੱਕ ਨਹੀਂ ਸੀ ਕਿ ਚੰਨੋ ਕਦੇ ਇੰਝ ਕਰੇਗੀ । ਜਦੋਂ ਤੁਸੀਂ ਕਿਸੇ ਦੀ ਜਿਸਮ ਤੇ ਰੂਹ ਨਾਲ ਪਲ ਰੱਜ ਕੇ ਜੀਏ ਹੁਣ ਤਾਂ ਜ਼ਰਾ ਜਿੰਨਾਂ ਉਤਾਰ ਚੜਾਅ ਦੱਸ ਦਿੰਦਾ ਹੈ ਕਿ ਤੁਹਾਡਾ ਸਾਥੀ ਇਮਾਨਦਾਰ ਹੈ ਜਾਂ ਨਹੀਂ । ਜੀਤ ਇਸ ਚ ਧੋਖਾ ਨਹੀਂ ਸੀ ਖਾ ਸਕਦਾ । ਪਰ ਜਿਵੇਂ ਨਜ਼ਰ ਪੱਥਰ ਪਾੜ ਦੇਵੇ ਉਵੇਂ ਚੁਗਲੀ ਪੱਥਰ ਵਰਗੇ ਵਿਸ਼ਵਾਸ ਨੂੰ ਪਿਘਲਾ ਦਿੰਦੀ ਹੈ। ਉਹਨੂੰ ਹੋਰ ਡਰਾਇਵਰਾਂ ਦੀਆਂ ਪਿੰਡ ਦੀਆਂ ਹੋਰ ਤੀਂਵੀਆਂ ਮਰਦਾਂ ਦੀਆਂ ਗੱਲਾਂ ਦਿਮਾਗ ਚ ਫਿਰਨ ਲੱਗੀਆਂ ਸੀ । ਇੱਕ ਸ਼ੱਕ ਜਿਹਾ ਦਿਮਾਗ ਚ ਵੜ ਗਿਆ। 
ਘਰ ਆਏ ਨੂੰ ਕਈ ਦਿਨ ਤੋਂ ਕੰਨੀ ਵੱਟ ਰਿਹਾ ਸੀ । ਇੱਕ ਦੋ ਵਾਰ ਬੱਚਿਆਂ ਨੂੰ ਨਰਿੰਦਰ ਚਾਚਾ ਨਰਿੰਦਰ ਚਾਚਾ ਕਹਿਣ ਤੋਂ ਘੂਰ ਦਿੱਤਾ । ਚੰਨੋ ਨੂੰ ਵਾਰ ਵਾਰ ਨਰਿੰਦਰ ਨੂੰ ਬੁਲਾ ਕੇ ਲਿਆਉਣ ਟੌਕ ਦਿੱਤਾ। ਪਹਿਲੇ ਇੱਕ ਦੋ ਦਿਨ ਨੂੰ ਛੱਡ ਕੇ ਉਹ ਚੰਨੋ ਤੋਂ ਦੂਰ ਜਿਹਾ ਰਹਿਣ ਲੱਗਾ । ਚੰਨੋ ਕੋਲ ਆਉਣ ਦੀ ਕੋਸ਼ਿਸ਼ ਕਰਦੀ ਕੋਈ ਬਹਾਨਾ ਲਗਾ ਦਿੰਦਾ ਜਾਂ ਇੰਝ ਵਿਵਹਾਰ ਕਰਦਾ ਜਿਵੇਂ ਸੌਂ ਰਿਹਾ ਹੋਵੇ । ਚੰਨੋ ਉਸਦੀਆਂ ਹਰਕਤਾਂ ਤੋਂ ਸਮਝ ਤਾਂ ਰਹੀ ਸੀ ਕਿ ਕੁਝ ਹੋਇਆ ਹੈ ਪਰ ਕੀ ਹੋਇਆ ਇਹ ਨਹੀਂ ਪਤਾ ।ਕਈ ਵਾਰ ਪੁੱਛਣ ਤੇ ਵੀ ਨਾ ਦੱਸਿਆ । ਪਰ ਕਦੋਂ ਤੱਕ ਇੰਝ ਬੁਝੇ ਬੁਝੇ ਇੱਕ ਦੂਸਰੇ ਤੋਂ ਦੂਰ ਰਹਿ ਸਕਦੇ ਸੀ ।
ਅਗਲੀ ਸਵੇਰ ਜਦੋਂ ਬੱਚੇ ਅਜੇ ਸਕੂਲ ਗਏ ਹੀ ਸੀ ਤੇ ਚੰਨੋ ਨਹਾ ਕੇ ਵਾਲ ਗਿੱਲੇ ਤੌਲੀਏ ਨਾਲ ਬੰਨ ਬੈੱਡਰੂਮ ਚ ਆਈ ਤੇ ਉਹਨੂੰ ਨਹਾਉਣ ਲਈ ਆਖਣ ਲੱਗੀ । ਤਾਂ ਜਿਵੇਂ ਉਸਦੀ ਨਹਾਤੀ ਦੀ ਖੁਸ਼ਬੂ ਨੇ ਕਈ ਦਿਨਾਂ ਦੇ ਬੰਨ੍ਹ ਨੂੰ ਤੋੜ ਦਿੱਤਾ ਹੋਵੇ । ਜੀਤ ਨੇ ਬਾਂਹ ਕੋਲੋ ਫੜ ਕੇ ਚੰਨੋ ਨੂੰ ਆਪਣੇ ਕੋਲ ਖਿੱਚ ਲਿਆ । ਵਾਲਾਂ ਨਾਲ ਬੰਨ੍ਹਿਆ ਤੌਲੀਆ ਖੁਲ੍ਹ ਕੇ ਡਿੱਗ ਗਿਆ ਗਿੱਲੇ ਵਾਲ ਸਿਧੇ ਜੀਤ ਦੇ ਮੂੰਹ ਤੇ ਆ ਵੱਜੇ ਉਸਦੀਆਂ ਅੱਖਾਂ ਪੂਰੀ ਤਰਾਂ ਜਾਗ ਗਈਆਂ । ਤਾਜ਼ੀ ਖੁਸ਼ਬੂ ਲਈ ਉਹਨੇ ਚੰਨੋ ਨੂੰ ਆਪਣੇ ਨਾਲ ਘੁੱਟ ਕੇ ਬੱਚਿਆਂ ਬਾਰੇ ਪੁੱਛਿਆ ਤਾਂ ਬੱਚਿਆਂ ਦੇ ਸਕੂਲ ਦੀ ਗੱਲ ਸੁਨਕੇ ਉਸਨੇ ਆਪਣੀ ਪਕੜ ਹੋਰ ਵੀ ਜੋਰ ਦੀ ਕਰ ਦਿੱਤੀ ।
-“ਫਿਰ ਮਤਲਬ ਆਪਾਂ ਕੱਲੇ ਦੁਪਿਹਰ ਤੱਕ ਜੋ ਮਰਜ਼ੀ ਕਰੀਏ ?”ਜੀਤ ਨੇ ਕਿਹਾ ।
-“ਅੱਜ ਅਚਾਨਕ ਇਸ਼ਕ ਕਿਥੋਂ ਜਾਗ ਗਿਆ ,ਰੋਜ ਤੇ ਜਨਾਬ ਨੂੰ ਨੀਦ ਆ ਜਾਂਦੀ ਸੀ ਜਾਂ ਸਿਰ ਦੁਖਦਾ ਸੀ । ਹੁਣ ਵੀ ਛੱਡੋ ਮੈਨੂੰ ।,ਚੰਨੋ ਨੇ ਛੁਟਣ ਦੀ ਕੋਸ਼ਿਸ਼ ਕਰਦੇ ਕਿਹਾ ।”
“-ਅੱਜ ਤੇਰੇ ਵਾਲਾਂ ਤੇ ਨਹਾਤੇ ਪਿੰਡੇ ਦੀ ਖੁਸ਼ਬੋ ਨੇ ਸਾਰਾ ਕੁਝ ਹਟਾ ਦਿੱਤਾ ।”
“-ਇਹ ਖਸ਼ਬੂ ਕਿਹੜਾ ਪਹਿਲੀ ਵਾਰ ਲੈ ਰਹੇਂ ਹੋ ,ਸਾਲ ਹੀ ਬੀਤ ਗਏ ਇਸੇ ਖਸ਼ਬੂ ਨੂੰ ਮਹਿਸੂਸ ਕਰਦਿਆਂ ।ਤੇ ਦੋ ਬੱਚੇ ਵੀ ਹੋ ਗਏ । ਹੁਣ ਇਸ ਚ ਕੀ ਤਾਜ਼ਾ ?”
“ਮੇਰੇ ਲਈ ਤੂੰ ਅਜੇ ਵੀ ਓਨੀ ਹੀ ਤਾਜ਼ੀ ਏ ,ਜਿੰਨੀ ਪਹਿਲੇ ਦਿਨ ਸੀ । ਮੇਰੇ ਲਈ ਤੂੰ ਬਿਲਕੁਲ ਨਹੀਂ ਬਦਲੀ ਤੇ ਨਾ ਹੀ ਮੈਂ ਕਿਸੇ ਹੋਰ ਵੱਲ ਤੈਥੋਂ ਬਿਨਾਂ ਤੱਕਿਆ ਵੀ ਹੈ ਨਾ ਹੀ ਸੋਚ ਸਕਦਾਂ ।”
“ਮੇਰੇ ਲਈ ਤਾਂ ਇਸ ਜਨਮ ਚ ਹੀ ਨਹੀਂ ਅਗਲੇ ਕਈ ਜਨਮਾਂ ਚ ਵੀ ਸਿਰਫ ਤੁਸੀਂ ਹੋ । ਸਿਰਫ ਤੁਹਾਡੀ ਛੋਹ ਚਾਹੀਦੀ ਹਰ ਜਨਮ ਚ ਭਾਵੇਂ ਕਿਸੇ ਵੀ ਜੂਨ ਵਿੱਚ ਹੋਵਾਂ । “
ਚੰਨੋ ਦੀ ਗੱਲ ਸੁਣਕੇ ਉਸਦੇ ਮਨ ਨੂੰ ਜਿਵੇਂ ਧਰਵਾਸ ਮਿਲ ਗਈ ਹੋਵੇ ।
ਪਰ ਫਿਰ ਵੀ ਆਪਣੇ ਸ਼ੱਕ ਨੂੰ ਕੱਢਣ ਲਈ ਉਸਨੇ ਚੰਨੋ ਨੂੰ ਬੈੱਡ ਤੇ ਲਿਟਾ ਉਸ ਨੂੰ ਆਪਣੇ ਜੁੱਸੇ ਨਾਲ ਢਕਦੇ ਹੋਏ ਥੋੜਾ ਝਿਜਕਦੇ ਹੋਏ ਕਿਹਾ ,”ਪਰ ਤੈਨੂੰ ਨਹੀਂ ਪਤਾ,ਤੇਰੇ ਤੇ ਨਰਿੰਦਰ ਬਾਰੇ ਲੋਕ ਕੀ ਕੀ ਗੱਲ ਕਰਦੇ ਹਨ ਪਰਸੋਂ ਹੀ ਕਿਸੇ ਨੇ ਕਿਹਾ ਕਿ ਘਰ ਤਾਂ ਨਰਿੰਦਰ ਸਾਂਭ ਲੈਂਦਾ…….
ਚੰਨੋ ਨੇ ਉਸਦੇ ਮੂੰਹ ਤੇ ਹੱਥ ਰੱਖ ਦਿੱਤਾ ,” ਤੇ ਤੁਸੀ ਇਸ ਗੱਲੋਂ ਇੰਝ ਵਿਹਾਰ ਕਰ ਰਹੇ ਸੀ ? ਕੀ ਕਿਸੇ ਗਲੀ ਦੇ ਕੁੱਤੇ ਦੇ ਭੌਂਕਣ ਦਾ ਵੀ ਮੇਰੇ ਤੇ ਸ਼ੱਕ ਕਰੋਗੇ ? 
-“ਨਹੀਂ ਮੈਨੂੰ ਤੇਰੇ ਤੇ ਕੋਈ ਸ਼ੱਕ ਨਹੀ ਹੈ ਪਰ ਉਸ ਗੱਲ ਨੇ ਮੇਰੇ ਦਿਮਾਗ ਨੂੰ ਭਰ ਦਿੱਤਾ ਮੈਂ ਸਿਰਫ ਤੈਨੂੰ ਛੂਹ ਕੇ ਦੱਸ ਸਕਦਾ ਕਿ ਕਿਸੇ ਹੋਰ ਨੇ ਨਹੀਂ ਛੋਹਿਆ । “
-“ਡਰਾਈਵਰ ਸਾਬ ,ਔਰਤ ਜੇ ਚਾਹੇ ਮਰਦ ਦੀ ਉਡੀਕ ਚ ਉਮਰ ਭਰ ਬਿਨਾਂ ਕਿਸੇ ਹੋਰ ਦੀ ਛੋਹ ਤੋਂ ਦਿਨ ਕੱਟ ਲੈਂਦੀ ਹੈ ਬਸ ਆਉਣ ਦੀ ਉਮੀਦ ਹੋਵੇ । ਤੁਸੀਂ ਤਾਂ ਫਿਰ ਵੀ ਮੇਰੇ ਅੰਗ ਸੰਗ ਰਹਿੰਦੇ ਹੋ ਹਰ ਪਲ ।ਪਰ ਥੋਨੂੰ ਸ਼ੱਕ ਹੋਊ ਇਹ ਉਮੀਦ ਨਹੀਂ ਸੀ ।
ਚੰਨੋ ਦੀਆਂ ਅੱਖਾਂ ਚ ਹੰਝੂ ਆ ਗਏ ।ਜੀਤ ਉਸਨੂੰ ਚੁੱਪ ਕਰਵਾਉਂਦਾ ਰਿਹਾ । ਤੇ ਬੜੀ ਮੁਸ਼ਕਲ ਨਾਲ ਉਸਨੂੰ ਸਮਝਾਇਆ ਤੇ ਯਕੀਨ ਕਰਵਾਇਆ ਕਿ ਉਸਨੂੰ ਸ਼ੱਕ ਨਹੀਂ ਬੱਸ ਇੱਕ ਮਨ ਚ ਸਵਾਲ ਸੀ । ਜੋ ਸੀ ਉਹਨੁ ਸਾਫ ਦੱਸ ਵੀ ਦਿੱਤਾ ।ਉਵੇਂ ਹੀ ਚੰਨੋ ਨੂੰ ਉਸਨੇ ਨਾਲ ਘੁੱਟ ਲਿਆ ਆਪਣੇ । ਕਿੰਨੇ ਹੀ ਮਿੰਟ ਇੰਝ ਇੱਕ ਦੂਸਰੇ ਦੀਆਂ ਬਾਹਾਂ ਚ ਸਮਾਏ ਬੀਤ ਗਏ । 
ਅਖੀਰ ਸੋਚ ਸੋਚ ਚੰਨੋ ਨੇ ਆਖਿਆ ਜੇ ਲੋਕਾਂ ਦਾ ਐਨਾ ਹੀ ਖਿਆਲ ਹੈ ਤੁਸੀਂ ਟਰੱਕ ਕਿਰਾਏ ਤੇ ਦੇ ਦੇਵੋ ਖੁਦ ਏਥੇ ਕਿਸੇ ਸਕੂਲ ਚ ਵੈਨ ਵਗੈਰਾ ਚਲਾ ਲਵੋ । ਬੱਚੇ ਵੀ ਵੱਡੇ ਹੋ ਰਹੇ ਹਨ ।ਬਾਪ ਆਸ ਪਾਸ ਰਹੂ ਤਾਂ ਦੇਖਭਾਲ ਵੀ ਸਹੀ ਹੋਜੂ ।
ਜੀਤ ਦੀਆਂ ਅੱਖਾਂ ਇਸ ਵਿਚਾਰ ਤੇ ਚਮਕ ਉੱਠੀਆਂ । 
-ਬੱਸ ਆਹ ਗੇੜਾ ਮਾਰ ਕੇ ਅਗਲੇ ਗੇੜੇ ਤੱਕ ਡਰਾਈਵਰ ਲੱਭ ਗੱਡੀ ਕਿਰਾਏ ਤੇ ਦੇ ਦਿੰਦੇ ਹਾਂ ਤੇ ਮੈਂ ਕਿਸੇ ਸਕੂਲ ਵਾਲੇ ਨਾਲ ਗੱਲ ਕਰ ਲੈਂਦਾ ਹਾਂ ।
ਕਹਿਕੇ ਉਸਨੇ ਚੰਨੋ ਨੂੰ ਆਪਣੇ ਗਲ ਨਾਲ ਘੁੱਟ ਲਿਆ । ਦੋਵਾਂ ਦੇ ਚਿਹਰੇ ਇੱਕ ਦੂਸਰੇ ਚ ਖੁੱਭੇ ਹੋਏ ਸੀ ।ਤੇ ਫਿਰ ਚੰਨੋ ਨੇ ਹੌਲੀ ਜਹੇ ਕੰਨ ਚ ਕਿਹਾ:-
-“ਚਲੋ ਹੁਣ ਮੈਨੂੰ ‘ਫਰੀ’ ਕਰੋ ।ਮੈਂ ਹੋਰ ਵੀ ਕੰਮ ਮੁਕਉਣੇ ਬੱਚਿਆਂ ਦੇ ਆਉਣ ਤੋਂ ਪਹਿਲਾਂ “।
-ਅੱਛਾ ਤੇ ਐਨੇ ਦਿਨ ਬਿਨਾਂ ‘ਫਰੀ’ ਤੋਂ ਹੀ ਕੰਮ ਕਰ ਹੀ ਰਹੀ ਸੀ ।
-ਮੈਂ ਤੇ ਕਿੰਨੀ ਵਾਰ ਕੋਸ਼ਿਸ ਕੀਤੀ ,ਤੁਸੀਂ ਹੀ ਨਹੀਂ ਸੀ ਨੇੜੇ ਆਉਂਦੇ ।
-ਤੇ ਅੱਜ ਸਭ ਦੂਰੀਆਂ ਦਾ ਹਿਸਾਬ ਬਰਾਬਰ ਹੋ ਜਾਏਗਾ ।
ਆਪਣੀਆਂ ਬਾਹਾਂ ਚ ਚੰਨੋ ਨੂੰ ਘੁੱਟ ਕੇ ਉਸਨੂੰ ਸੱਚ ਚ ਪਿਆਰ ਦੀ ਕਮੀ ਲੱਗ ਰਹੀ ਸੀ । ਤੇ ਜਿਉਂ ਜਿਉਂ ਉਹ ਇੱਕ ਦੂਸਰੇ ਚ ਸਮਾਉਂਦੇ ਗੁਏ ਤਿਉਂ ਤਿਉਂ ਦੋਹਾਂ ਦੇ ਇੱਕ ਦੂਸਰੇ ਲਈ ਇਮਾਨਦਾਰੀ ਮਹਿਸੂਸ ਹੁੰਦੀ ਗਈ । ਇਹ ਸ਼ਾਇਦ ਉਹਨਾਂ ਦੇ ਸਭ ਤੋਂ ਵਧੀਆ ਮਿਲਣਾਂ ਚੋਂ ਇੱਕ ਸੀ । ਪਹਿਲੀ ਤਰਕਾਰ ਹੋਈ ਸੀ ਤੇ ਉਸਤੋਂ ਮਗਰੋਂ ਐਨਾ ਜਬਰਦਸਤ ਪਿਆਰ । ਤੇ ਦੋਵਾਂ ਦੇ ਮਨ ਚ ਇਹ ਵੀ ਸੀ ਕਿ ਹੁਣ ਆਉਣ ਵਾਲੇ ਕੁਝ ਦਿਨਾਂ ਦੇ ਵਿਛੋੜੇ ਮਗਰੋਂ ਹਰ ਬੰਨਵੇ ਦਿਨਾਂ ਚ ਪੈਂਦੀ ਦੂਰੀ ਖਤਮ ਹੋਣ ਵਾਲੀ ਸੀ ।ਜਦੋਂ ਦੋਹੇ ਇੱਕ ਦੂਸਰੇ ਦੀਆਂ ਬਾਹਾਂ ਚ ਨਿੱਖੜੇ ਇੱਕ ਸੰਤੁਸ਼ਟੀ ਸੀ ਚਿਹਰੇ ਤੇ । 
ਪਰ ਇਸ ਗੱਲੋਂ ਅਣਜਾਣ ਕਿ ਭਵਿੱਖ ਦੀ ਗੋਦ ਵਿੱਚ ਉਹਨਾਂ ਲਈ ਕੀ ਹੈ !!!
ਚਲਦਾ :–