Tag Archives: ਸਰੀਰਕ

ਰਿਸ਼ਤੇ ਕਿਉਂ ਨਹੀਂ ਨਿਭਦੇ ?

ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ ਦੀਆਂ ਤਲਾਕ ਲੈਣ ਦੀਆਂ ਖ਼ਬਰ ਸੁਣਕੇ ਤੇ ਨਾਲ ਇਹ ਸੁਣਕੇ ਕਿ ਇਹ ਰਿਸ਼ਤਾ ਸ਼ੋਇਬ ਦੀ ਬੇਵਫਾਈ ਕਰਕੇ ਟੁੱਟ ਰਿਹਾ ਹੈ ਤਾਂ ਸਵਾਲ ਇਹ ਸਾਹਮਣੇ ਆਉਂਦਾ ਹੈ ਕਿ ਕਿਹੜੀ ਚੀਜ਼ ਹੈ ਜਿਹੜੀ ਇਨਸਾਨ ਨੂੰ ਵਫਾਦਾਰ ਰੱਖ ਸਕਦੀ ਹੈ।
ਕਿਸੇ ਆਮ ਖਾਸ ਮੌਡਲ ਨੂੰ ਵੀ ਮਾਤ ਪਾਉਂਦੀ ਸਾਨੀਆ ਦੀ ਖੂਬਸੂਰਤੀ ਤੇ ਇੱਕ ਸਫ਼ਲ ਖਿਡਾਰੀ, ਆਤਮ ਨਿਰਭਰ ਕੁੜੀ, ਤੇ ਆਪਣੀ ਕਾਬਲੀਅਤ ਦੇ ਦਮ ਤੇ ਘਰ ਘਰ ਚ ਜਾਣੀ ਜਾਣ ਵਾਲੀ ਕੁੜੀ ਸੀ।
ਇਹੀ ਚੀਜ਼ ਸ਼ੋਇਬ ਮਲਿਕ ਲਈ ਕਹੀ ਜਾ ਸਕਦੀ ਹੈ, ਜਿਸਨੇ ਪਾਕਿਸਤਾਨ ਦੇ ਕਪਤਾਨ ਤੱਕ ਦਾ ਸਫ਼ਰ ਤਹਿ ਕੀਤਾ ਹੈ।
ਪਰ ਸ਼ਾਇਦ ਰਿਸ਼ਤੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਤੇ ਵਫ਼ਾਦਾਰੀ ਤੇ ਰਿਸ਼ਤੇ ਦਾ ਨਿੱਭਣਾ ਇਸ ਗੱਲ ਤੇ ਭੋਰਾ ਨਿਰਭਰ ਨਹੀਂ ਕਰਦੀ ਕਿ ਸਾਹਮਣੇ ਵਾਲਾ ਕਿੰਨਾ ਖੂਬਸੂਰਤ ਹੈ , ਅਮੀਰ ਹੈ ਮਸਹੂਰ ਹੈ।
ਇੱਕ ਵਾਰੀ ਕੱਪੜੇ ਉੱਤਰ ਜਾਣ ਮਗਰੋਂ ਜਿਸਮਾਨੀ ਖੂਬਸੂਰਤੀ ਦਾ ਭਰਮ ਟੁੱਟ ਹੀ ਜਾਂਦਾ ਹੈ। ਨਗਨ ਹੋਏ ਸਰੀਰਾਂ ਨੂੰ ਭੋਗ ਲੈਣ ਮਗਰੋ ਇੱਕ ਸਰੀਰ ਤੋਂ ਦੂਸਰੇ ਸਰੀਰ ਵਿਚਲਾ ਫ਼ਰਕ ਮਾਮੂਲੀ ਜਿਹਾ ਜਾਪਣ ਲਗਦਾ ਹੈ। ਇਸ ਲਈ ਸਰੀਰਕ ਤੌਰ ਤੇ ਖ਼ੂਬਸੂਰਤ ਹੋਕੇ ਵੀ ਇਹ ਸੋਚਣਾ ਕਿ ਰਿਸ਼ਤਾ ਨਿਭ ਜਾਣ ਚ ਸੌਖ ਹੋਏਗੀ ਜਰੂਰੀ ਨਹੀਂ ਹੁੰਦਾ।
ਸਫ਼ਲਤਾ, ਅਮੀਰੀ, ਮਸ਼ਹੂਰ ਹਸਤੀ ਵਾਲਾ ਲਗਾਓ ਵੀ ਉਦੋਂ ਤਕ ਹੁੰਦਾ ਜਦੋਂ ਤੱਕ ਤੁਸੀ ਕਿਸੇ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ ਉਹਦੇ ਨਾਲ ਵਕਤ ਨਹੀਂ ਬਿਤਾਉਂਦੇ।
ਇੱਕ ਵਾਰ ਵਕਤ ਬਿਤਾ ਲੈਣ ਮਗਰੋਂ, ਕੋਲ ਰਹਿਣ ਮਗਰੋਂ ਉਹਨੂੰ ਪਾ ਲੈਣ ਮਗਰੋਂ ਉਹ ਵੀ ਆਮ ਹੀ ਹੋ ਜਾਂਦਾ, ਜਿਵੇਂ ਆਪਾਂ ਕਿਸੇ ਨੂੰ ਆਮ ਮਿਲੀਏ ਨਿੱਜੀ ਜ਼ਿੰਦਗੀ ਚ। ਇਸ ਲਈ ਇਹ ਵੀ ਕਿਸੇ ਨੂੰ ਬਹੁਤੀ ਦੇਰ ਬਨ੍ਹ ਕੇ ਨਹੀਂ ਰੱਖ ਸਕਦੀ। ਇਹ ਵੀ ਇੱਕ ਭਰਮ ਹੀ ਹੈਂ। #HarjotDiKalam
ਤੀਸਰਾ ਸਮਾਂ ਐਸਾ ਕੀ ਆਪਸ਼ਨ ਹਰ ਕਿਸੇ ਕੋਲ ਵੱਧ ਗਏ ਹਨ, ਕੌਣ। ਕਿਧਰ ਕਦੋਂ ਤੁਰ ਪਵੇ ਕੋਈ ਪਤਾ ਨੀ। ਇਸ ਲਈ ਰਿਸ਼ਤੇ ਬਿਨ੍ਹਾਂ ਵਫਾਦਾਰੀ ਤੋਂ ਨਿਭਣੇ ਔਖਾ ਹਨ ।
ਤੇ ਵਫਾਦਾਰੀ ਜਾਂ ਰਿਸ਼ਤੇ ਨਿਭਾਉਣ ਦਾ ਵਲ ਨਾ ਤਾਂ ਜਿਸਮਾਨੀ ਖੂਬਸੂਰਤੀ ਨਾਲ ਹੈ, ਨਾ ਮਸਹੂਰੀ ਨਾਲ ਨਾ ਹੀ ਕਿਸੇ ਨੂੰ ਕੰਟਰੋਲ ਕਰਕੇ ਰੱਖਣ ਨਾਲ ਹੀ ਹੈ।
ਇਹ ਸਿਰਫ ਤੇ ਸਿਰਫ਼ ਤੁਹਾਡਾ ਕਿਸੇ ਨਾਲ ਜੁੜੇ ਹੋਣ ਨਾਲ ਹੈ, ਜਿਨ੍ਹਾਂ ਚਿਰ ਰਿਸ਼ਤੇ ਵਿਚ ਸਮਝ ਨਹੀਂ, ਵਿਸ਼ਵਾਸ਼ ਨਹੀਂ , ਇੱਕ ਦੂਸਰੇ ਨਾਲ ਮਾਨਸਿਕ ਸਾਂਝ ਨਹੀਂ ਓਨਾ ਚਿਰ ਕੋਈ ਰਿਸ਼ਤਾ ਨਹੀਂ ਨਿਭ ਸਕਦਾ ਹੈ। ਇੱਕ ਕਾਮਯਾਬ ਰਿਸ਼ਤਾ ਤਦ ਹੀ ਉਹ ਸਕਦਾ ਜੇਕਰ ਉਸ ਵਿਚ ਮਾਨਸਿਕ , ਸਰੀਰਕ, ਸਮਾਜਿਕ ਸੰਤੁਸ਼ਟੀ ਦਾ ਭਾਵ ਹੋਵੇ। ਇਹ ਆਪਸ ਵਿਚ ਜੁੜੇ ਹੋਏ ਹਨ।
ਬਿਨ੍ਹਾਂ ਮਨ ਜੁੜੇ ਮਾਨਸਿਕ ਸੰਤੁਸ਼ਟੀ ਨਹੀਂ ਹੋ ਸਕਦੀ ਤੇ ਬਿਨ੍ਹਾਂ ਸਰੀਰਕ ਸੰਤੁਸ਼ਟੀ ਤੋਂ ਮਨ ਦੂਰ ਹੋ ਜਾਂਦੇ ਹਨ। ਰਿਸ਼ਤੇ ਬਹੁਤ ਗੁੰਝਲਾਂ ਭਰੇ ਹਨ ਤੇ ਸਮੇਂ ਨਾਲ ਇਹ ਗੁੰਝਲਾਂ ਵਧ ਹੀ ਰਹੀਆਂ ਹਨ। ਕਿਉਕਿ ਅੱਜ ਦੇ ਸਮੇਂ ਚ ਉਡੀਕ ਕਰਕੇ ਸੁਆਰਨ ਦਾ ਸਮਾਂ ਕੋਈ ਨਹੀਂ ਦਿੰਦਾ। ਹਰ ਕੋਈ ਨਵੇਂ ਰਾਹ ਵੱਲ ਭਜਦਾ ਹੈ। ਇੱਕ ਵੱਲ ਭੱਜੋ ਤਾਂ 10 ਮਿਲਦੇ ਹਨ, ਪਰ ਚਿਰ ਸਥਾਈ ਬਹੁਤ ਘੱਟ ਹਨ।
ਭਾਵੇਂ ਇਹ ਬਹੁਤ ਚੰਗੀ ਗੱਲ ਹੈ ਕਿ ਬੁਰੇ ਰਿਸ਼ਤੇ ਵਿੱਚੋ ਬਾਹਰ ਨਿਕਲਣਾ ਤੇ ਦਿੱਲੀ ਦੇ ਸ਼ਰਧਾ ਤੇ ਆਫ਼ਤਾਬ ਵਾਲੇ ਕੇਸ ਵਾਂਗ ਕਿਸੇ ਦੇ ਖਤਮ ਹੋਣ ਤੋਂ ਪਹਿਲਾਂ ਬਚ ਨਿਕਲਣਾ ਪਰ ਉਹ ਇੱਕ ਆਤਮਘਾਤੀ ਕਦਮ ਹੈ ਕਿ ਤੁਸੀ ਕਿਸੇ ਐਬੁਜਿਵ ਬੰਦੇ/ ਔਰਤ ਨਾਲ ਰਹੋ। ਮੌਤ ਤੋਂ ਵਧੀਆ ਜ਼ਿੰਦਗੀ ਤੇ ਮੌਤ ਵਰਗੀ ਜ਼ਿੰਦਗੀ ਨਾਲੋ ਅਲੱਗ ਹੋਕੇ ਜਿਉਣਾ ਬੇਹਤਰ ਹੈ।
ਪਰ ਗੱਲ ਇਹੋ ਮੁੱਕਦੀ ਹੈ ਕਿ ਬਿਨ੍ਹਾਂ ਕਿਸੇ ਨਾਲ ਮਾਨਸਿਕ ਸਮਝ ਸਮਝ ਤੇ ਵਿਸ਼ਵਾਸ ਤੋਂ ਕੋਈ ਰਿਸ਼ਤਾ ਨਹੀਂ ਨਿਭ ਸਕਦਾ। ਨਹੀਂ ਨਿਭਦਾ ਤਾਂ ਬਾਹਰ ਨਿੱਕਲ ਆਉਣਾ ਜਰੂਰੀ ਵੀ ਹੈ।

ਹਰਜੋਤ ਸਿੰਘ
7009452602