Tag Archives: ਅਣਲੱਗ

Story Anlag Part IV

ਕਹਾਣੀ ਅਣਲੱਗ 

ਚੌਥਾ ਤੇ ਆਖ਼ਿਰੀ ਭਾਗ 

ਅਗਲੇ ਦਿਨ ਤੋਂ ਹੀ ਸੁਖਵੀਰ ਦੇ ਮਨ ਚ ਅੜੀ ਉਹ ਘੁੰਡੀ ਖੁੱਲ੍ਹਣ ਦੀ ਬਜਾਏ ਉਲਝਦੀ ਚਲੇ ਗਈ । ਇੱਕ ਪਾਸੇ ਕਿੰਨੇ ਹੀ ਵਰ੍ਹਿਆਂ ਮਗਰੋਂ ਕੋਈ ਐਸਾ ਸਖਸ਼ ਉਸਦੀ ਜਿੰਦਗ਼ੀ ਦਾ ਹਿੱਸਾ ਬਣਿਆ ਸੀ ਜਿਸਦਾ ਤਨ ਤੇ ਮਨ ਦੋਂਵੇਂ ਉਸਦੇ ਨਾਲ ਇੱਕੋ ਟਿਊਨ ਵਿੱਚ ਜਾਪਦੇ ਸੀ । ਦੂਸਰੇ ਪਾਸੇ ਬਚਪਨ ਤੋਂ ਹੀ ਦਿਮਾਗ਼ ਚ ਭਰੀਆਂ ਬੋਝਲ ਗੱਲਾਂ ਉਸਦੇ ਮਨ ਨੂੰ ਅਸ਼ਾਂਤ ਕਰਦੀਆਂ । ਦੋਸਤਾਂ ਦੀਆਂ ਸੈਕਸੂਲ ਐਕਟਿਵ ਕੁੜੀਆਂ ਬਾਰੇ ਸੁਣੀਆਂ ਗੱਲਾਂ ,ਰਿਲੇਸ਼ਨ ਚ ਰਹੀਆਂ ਕੁੜੀਆਂ ਤੇ ਨਾਨ ਵਰਜਨ ਕੁੜੀਆਂ ਬਾਰੇ ਕੀਤੀਆਂ ਗੱਲਾਂ ਸੁਣ ਸੁਣ ਉਸਦੇ ਮਨ ਚ ਜੋ ਇੱਕ ਮਰਦ ਈਗੋ ਬਣੀ ਸੀ ,ਉਹ ਚਾਹ ਕੇ ਵੀ ਨਹੀਂ ਨਿੱਕਲ ਰਹੀ ਸੀ । ਜੇ ਕਿਸੇ ਉਸਦੇ ਦੋਸਤ ਨੂੰ ਇਸ ਬਾਰੇ ਪਤਾ ਲੱਗਾ  ? ਜੇ ਕੱਲ੍ਹ ਨੂੰ ਗੱਲ ਖੁੱਲ੍ਹ ਕੇ ਘਰਦਿਆਂ ਸਾਹਮਣੇ ਆ ਗਈ ਫਿਰ ? ਤੇ ਵਿਆਹ ਲਈ ਕੁੜੀ ਅਣਲੱਗ ਹੋਣੀ ਚਾਹੀਦੀ ਉਸਨੇ ਇਹੋ ਜਨਮ ਤੋਂ ਹੁਣ ਤੱਕ ਸਮਾਜ ਵਿਚੋਂ ਸੁਣਿਆ ਸੀ । ਉਹ ਆਪ ਭਾਵੇਂ ਕਿਸੇ ਕੁਡ਼ੀ ਨਾਲ ਐਨੇ ਸਾਲ ਇੱਕ ਰਿਸ਼ਤੇ ਚ ਰਿਹਾ ਸੀ ਜਿਸ ਚ ਸ਼ਾਇਦ ਹੀ ਉਹਨਾਂ ਨੇ ਕੁਝ ਅਜਿਹਾ ਛੱਡਿਆ ਹੋਵੇ ਜੋ ਨਾ ਕੀਤਾ ਹੋਵੇ । ਪਰ ਕਿਸੇ ਹੋਰ ਕੁੜੀ ਨਾਲ ਰਿਸ਼ਤੇ ਚ ਆਉਣ ਲਈ ਉਸਦੇ ਆਪਣਾ ਮਨ ਝੂਠਾ ਪੈ ਗਿਆ । 
ਰਾਤੀਂ ਹੀ ਉੱਠ ਕੇ ਉਹ ਆਪਣੇ ਕਮਰੇ  ਚ ਅਲੱਗ ਸੌਂ ਗਿਆ ਸੀ । ਰਾਤ ਭਰ ਸੋਚਦਾ ਰਿਹਾ ,ਕਿਹੜੇ ਪਾਸੇ ਜਾਵੇ । ਅਗਲੇ ਦਿਨ ਸੁਵੱਖਤੇ ਉੱਠ ਕੇ ਬਿਨਾਂ ਗੁਰੀ ਨੂੰ ਉਠਾਏ ਉਹ ਆਪਣੇ ਕੰਮ ਤੇ ਚਲਾ ਗਿਆ। ਸ਼ਾਮੀ ਵੀ ਉਸ ਵੇਲੇ ਤੱਕ ਆਇਆ ਜਦੋਂ ਗੁਰੀ ਜਾ ਚੁੱਕੀ ਸੀ । ਉਸਦੇ ਆਉਣ ਤੋਂ ਪਹਿਲ਼ਾਂ ਸੌਂ ਚੁੱਕਾ ਸੀ । ਕਈ ਦਿਨ ਇਹੋ ਉਹ ਦੁਹਰਾਉਂਦਾ ਰਿਹਾ । ਮੈਸੇਜ ਜਾਂ ਕਾਲ ਤੇ ਗੁਰੀ ਨਾਲ ਸਿਰਫ ਹਾਈ ਹੈਲੋ ਕਰਦਾ । ਤੇ ਰਾਤੀਂ ਸੌਂਣ ਦਾ ਨਾਟਕ । ਗੁਰੀ ਕਿੰਨੀ ਵਾਰ ਪੁੱਛ ਚੁੱਕੀ ਸੀ ਕਿ ਇੰਝ ਦਾ ਵਿਵਹਾਰ ਦਾ ਕਾਰਨ ਪਰ ਉਹ ਕੁਝ ਨਹੀਂ ਕੰਮ ਜਾਂ ਥੱਕੇ ਹੋਏ ਦਾ ਬਹਾਨਾ ਮਾਰ ਦਿੰਦਾ । 
ਗੁਰੀ ਸਭ ਸਮਝ ਤਾਂ ਰਹੀ ਸੀ ,ਪਰ ਉਸਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਜਦੋਂ ਜੋ ਵੀ ਕੁਝ ਦੱਸਿਆ ਸੀ ਦੋਵਾਂ ਨੇ ਬਰਾਬਰ ਦੱਸਿਆ ਸੀ । ਫਿਰ ਇਸ ਗੱਲ ਤੋਂ ਹੁਣ ਸ਼ਰਮਾਉਣ ਜਾਂ ਇੰਝ ਭੱਜਣ ਦੀ ਕੀ ਲੋੜ । ਜੋ ਹੈ ਸੋ ਹੈ ਉਸਤੋਂ ਕਿੱਥੇ ਤੱਕ ਦੌੜਿਆ ਜਾ ਸਕਦਾ ? ਜੋ ਬਦਲਿਆ ਨਾ ਜਾ ਸਕੇ ਉਸਨੂੰ ਸਵੀਕਾਰ ਕਰ ਲੈਣ ਚ ਸਿਆਣਪ ਹੈ । ਵੱਧ ਤੋਂ ਵੱਧ ਇਹ ਹੋ ਸਕਦਾ ਕਿ ਅੱਗਿਉਂ ਕਦੇ ਅਜਿਹਾ ਨਾ ਹੋਵੇ ।
ਪਰ ਇਹ ਗੱਲਾਂ ਤਾਂ ਹੋਣ ਜੇ ਉਹ ਆਹਮਣੇ ਸਾਹਮਣੇ ਗੱਲ ਤਾਂ ਕਰੇ । ਪਰ ਉਹ ਤਾਂ ਜਿਵੇੰ ਦੌੜ ਹੀ ਰਿਹਾ ਹੋਵੇ । ਇੱਕ ਰਾਤ ਜਦੋਂ ਉਹ ਵਾਪਿਸ ਆਈ ਉਦੋਂ ਸ਼ਾਇਦ ਸੁਖਵੀਰ ਸੌਂ ਰਿਹਾ ਸੀ । ਉਸਨੇ ਇੱਕ ਦੋ ਵਾਰ ਬੁਲਾਇਆ ਪਰ ਉਹ ਨੀਂਦ ਆਉਂਦੀ ਹੈ ਕਹਿਕੇ ਫਿਰ ਸੌਂਣ ਲੱਗਾ । ਬਹੁਤ ਕੋਸ਼ਿਸ ਕਰਨ ਤੋਂ ਬਾਅਦ ਵੀ ਜਦੋਂ ਨਹੀਂ ਉੱਠਿਆ ਤਾਂ ਉਹ ਵੀ ਲਾਈਟ ਆਫ਼ ਕਰਕੇ ਲੇਟ ਗਈ । ਪਰ ਅੱਜ ਉਸਦੇ ਮਨ ਚ ਪੂਰੀ ਖਿਝ ਸੀ । “ਘੱਟੋ ਘੱਟ ਦੱਸੇ ਤਾਂ ਸਹੀ ਹੋਇਆ ਕੀ ਏ “। ਇੰਝ ਵੀ ਕੋਈ ਮਸਲਾ ਹੱਲ ਹੁੰਦਾ ਹੈ । ਲੇਟੇ ਲੇਟੇ ਹੀ ਉਸਨੇ ਆਪਣੇ ਕੱਪੜੇ ਉਤਾਰ ਦਿੱਤੇ ਤੇ ਸੁਖਵੀਰ ਦੇ ਜਮਾਂ ਨੇੜੇ ਹੋ ਗਈ । ਉਸਨੂੰ ਆਪਣੀਆਂ ਬਾਹਾਂ ਚ ਘੁੱਟ ਇੱਕ ਲੱਤ ਘੁਮਾ ਕੇ ਉਸਦੀਆਂ ਲੱਤਾ ਉੱਪਰ ਰੱਖ ਲਈ । ਨਿੱਘੇ ਸਰੀਰ ਤੇ ਗਰਦਨ ਤੇ ਆਉਂਦੇ ਸਾਹਾਂ ਨੇ ਸੁਖਵੀਰ ਨੂੰ ਬੇਚੈਨ ਕਰ ਦਿੱਤਾ ਸੀ ।ਪਰ ਜਿਵੇੰ ਉਸਨੇ ਆਪਣੇ ਤਨ ਮਨ ਨੂੰ ਕੁੰਡਲੀ ਮਾਰ ਲਈ ਹੋਵੇ । ਉਸਨੂੰ ਹਿਲਦਾ ਨਾ ਵੇਖ ਗੁਰੀ ਆਪਣੇ ਹੱਥ ਉਸਦੇ ਪਿੰਡੇ ਤੇ ਘੁਮਾਉਣ ਲੱਗੀ । ਹੱਥ ਖਿਸਕਦੇ ਹੋਏ ਹੇਠਾਂ ਵੱਲ ਜਾਣ ਲੱਗੇ । ਪਰ ਢਿੱਡ ਤੇ ਪਹੁੰਚਣ ਤੋਂ ਪਹਿਲ਼ਾਂ ਹੀ ਸੁਖਵੀਰ ਨੇ ਰੋਕ ਦਿੱਤੇ ।
-“ਪਲੀਜ਼ ਮੈਂ ਇਹ ਸਭ ਨਹੀਂ ਕਰਨਾ ਚਾਹੁੰਦਾ “. ਉਸਦੇ ਮਨ ਵਿੱਚੋ ਭਰੀ ਗੱਲ ਬਾਹਰ ਆ ਗਈ ।
-“ਪਰ ਕਿਉਂ ਸੁਖ,ਇਹ ਤਾਂ ਦੱਸੋ ਹੋਇਆ ਕੀ ,ਅਚਾਨਕ ਇੰਝ ਬਦਲਣ ਦਾ ਕੀ ਕਾਰਨ ? “ਗੁਰੀ ਫਿਰ ਵੀ ਉਸਨੂੰ ਪਿਆਰ ਨਾਲ ਪੁੱਛਦੀ ਗਈ। 
ਪਰ ਉਹ ਕੁਝ ਨਹੀਂ ਕੁਝ ਨਹੀਂ ਕਹਿ ਕੇ ਸਾਰਦਾ ਰਿਹਾ । ਪਰ ਅੱਜ ਗੁਰੀ ਵੀ ਜਿੱਦ ਤੇ ਸੀ ਪਿੱਛੇ ਨਹੀਂ ਸੀ ਹਟਣਾ ਚਾਹੁੰਦੀ ਉਹ ।ਤੇ ਊਸਦੀ ਜਿੱਦ ਦੇ ਅੱਗੇ ਅਖੀਰ ਸੁਖਵੀਰ ਦੇ ਮੂੰਹੋ ਸੱਚ ਨਿਕਲ ਗਿਆ ।
-ਉਸ ਦਿਨ ਜੋ ਵੀ ਹੋਇਆ ਉਸ ਮਗਰੋਂ ਇਹ ਸੁਣਨ ਮਗਰੋਂ ਕਿ ਤੈਨੂੰ ਮੇਰੇ ਤੋਂ ਪਹਿਲ਼ਾਂ ਕਿਸੇ ਹੋਰ ਨੇ ਛੂਹਿਆ ਵੀ ਹੈ ,ਮੇਰੇ ਮਨ ਚ ਗੰਦੇ ਜਿਹੇ ਅਹਿਸਾਸ ਭਰ ਦਿੱਤੇ ਹਨ ।ਤੇ ਚਾਹ ਕੇ ਵੀ ਮੈਂ ਤੇਰੇ ਨਾਲ ਇਸ ਰਿਸ਼ਤੇ ਨੂੰ ਵਿਆਹ ਤੱਕ ਨਹੀਂ ਲਿਜਾ ਸਕਦਾ । ਮੈਂ ਨਹੀਂ ਚਾਹੁੰਦਾ ਕਿ ਮੇਰੀ ਪਤਨੀ ਦੇ ਕਿਸੇ ਹੋਰ ਮਰਦ ਵੱਲੋਂ ਛੂਹੇ ਜਾਣ ਦਾ ਅਹਿਸਾਸ ਮੇਰੇ ਨਾਲ ਰਹੇ । 
ਗੁਰੀ ਨੂੰ ਜਿਵੇੰ ਇੱਕ ਦਮ ਝਟਕਾ ਲੱਗਾ ਹੋਵੇ ਉਹ ਇੱਕ ਦਮ ਉੱਠਕੇ ਪਿਛਾਂਹ ਹੋ ਗਈ  । ਹੰਝੂ ਉਸਦੇ ਗਲੇ ਤੱਕ ਆ ਕੇ ਅਟਕ ਗਏ । ਪਰ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਬੋਲੀ .
-ਸੁਖਵੀਰ ,ਤੈਨੂੰ ਇੰਝ ਕਿਉਂ ਲਗਦਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਇਹ ਸਭ ਕਰ ਰਹੀਂ ਹਾਂ ? ਸੱਚ ਕਹਾਂ ਤਾਂ ਮੇਰਾ ਤੇਰੇ ਨਾਲ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ । ਇਸ ਲਈ ਤੇਰੇ ਚਾਹੁਣ ਨਾ ਚਾਹੁਣ ਨਾਲ ਕੋਈ ਫ਼ਰਕ ਨਹੀਂ ਪੈਂਦਾ ।
ਸੁਖਵੀਰ ਨੂੰ ਜਿਵੇਂ ਕਿਸੇ ਨੇ 440 ਵੋਲਟ ਦਾ ਝਟਕਾ ਦੇ ਦਿੱਤਾ ਹੋਵੇ । ਲੇਟਿਆ ਹੋਇਆ ਉਹ ਇੱਕਦਮ ਉੱਠਕੇ ਬੈਠ ਗਿਆ ।ਗੁਰੀ ਦੇ ਮੂੰਹੋ ਨਿੱਕਲਦੇ ਸ਼ਬਦ ਬਾਹਰੋਂ ਆਉਂਦੀ ਭਿੰਨੀ ਰੋਸ਼ਨੀ ਚ ਉਸਨੂੰ ਵਿਖਰਦੇ ਨਜ਼ਰ ਆ ਰਹੀ ਸੀ । ਪੂਰੀ ਤਰ੍ਹਾਂ ਨਗਨ ਉਸਦੇ ਨਾਲ ਬੈੱਡ ਤੇ ਬੈਠੀ ਕੋਈ ਕੁੜੀ ਇਸ ਗੱਲ ਤੋਂ ਇਨਕਾਰ ਹੀ ਕਰ ਰਹੀ ਸੀ ਕਿ ਉਹ ਉਸ ਨਾਲ ਵਿਆਹ ਦੀ ਚਾਹਵਾਨ ਹੈ ਇਸ ਗੱਲ ਨੇ ਉਸਨੂੰ ਡੌਰ ਭੌਰ ਕਰ ਦਿੱਤਾ ਸੀ । ਪਰ ਗੁਰੀ ਬੋਲਦੀ ਰਹੀ ।
-ਦੇਖ ਮੈਂ ਏਥੇ ਵੈੱਲ ਸੈੱਟਲ ਹਾਂ , ਇੰਡੀਆ ਤੋਂ ਜਦੋਂ ਚਾਹਾਂ ਤੇਰੇ ਤੋਂ ਹਰ ਦਰਜ਼ੇ ਚ ਚੰਗਾ ,ਪੜ੍ਹਾਈ ,ਸ਼ਕਲ ਸੂਰਤ, ਪੈਸਾ, ਪਰਿਵਾਰ ਤੇ ਅਫਕੋਰਸ ਬਾਕੀ ਸਭ ਲਿਆ ਸਕਦੀ ਹਾਂ ਤੇ ਜਦੋਂ ਉਹ ਵਿਆਹ ਤੇ ਸਾਰੇ ਖਰਚੇ ਵੀ ਖੁਦ ਕਰਨਗੇ । ਫਿਰ ਮੈਂ ਤੇਰੇ ਨਾਲ ਵਿਆਹ ਕਿਉਂ ਕਰਵਾਵਾਂ ? ਤੇ ਸਭ ਮੇਰੇ ਰੋਹਬ ਚ ਰਹਿਣਗੇ । ਤੇਰੇ ਨਾਲ ਸਭ ਉਲਟ ਹੋਏਗਾ । 
-“ਇਸਦਾ ਮਤਲਬ ਤੈਨੂੰ ਮੇਰੇ ਨਾਲ ਪਿਆਰ ਨਹੀਂ ਹੈ ? “ਸੁਖਵੀਰ ਨੇ ਪੁੱਛਿਆ
-ਪਿਆਰ ਦਾ ਮਤਲਬ, ਮੈਂ ਉਸ ਇਨਸਾਨ ਨਾਲ ਪਿਆਰ ਕਿੰਝ ਕਰ ਸਕਦੀ ਹਾਂ ਜੋ ਮਹਿਜ਼ ਸੁਆਦ ਲਈ ਸਭ ਸੁਣਨਾ ਚਾਹੁੰਦਾ ਹੈ ਪਰ ਜਦੋਂ ਅਪਨਾਉਣ ਦੀ ਗੱਲ ਆਈ ਉਸਦੀ ਮਰਦਾਨਗੀ ਅੱਗੇ ਆ ਗਈ । ਮੈਂ ਤੇਰੇ ਨਾਲ ਹੁਣ ਵੀ ਕੱਲ ਵੀ ਮੇਰਾ ਵਿਆਹ ਹੋਣ ਤੱਕ ਸਭ ਕਿੱਸੇ ਹੋਰ ਵੀ ਸੁਆਦ ਨਾਲ ਸੁਣਾਉਣ ਲਈ ਤਿਆਰ ਹਾਂ । ਤੇ ਕਦੇ ਵਿਆਹ ਲਈ ਨਹੀਂ ਕਹਾਂਗ਼ੀ । ਇਸ ਲਈ ਮੈਂ ਹੁਣ ਵੀ ਤਿਆਰ ਹਾਂ ।” ਕਹਿਕੇ ਉਸਨੇ ਆਪਣੀਆਂ ਬਾਹਾਂ ਖੋਲ੍ਹ ਦਿੱਤੀਆ ਤੇ ਰੁਮਾਂਟਿਕ ਢੰਗ ਨਾਲ ਆਪਣੇ ਜਿਸਮ ਨੂੰ ਛੇੜਨ ਲੱਗੀ ।
ਸੁਖਵੀਰ ਦੇ ਦਿਲ ਤਾਂ ਜਿਵੇੰ ਇੱਕ ਦਮ ਬੈਠ ਗਿਆ ਹੋਵੇ ।ਜਿਸਮ ਚ ਇੱਕ ਐਸੀ ਠੰਡਕ ਸੀ ਕਿ ਉਸਦੀਆਂ ਕਾਮੁਕ ਹਰਕਤਾਂ ਉਸਨੂੰ ਗਰਮ ਕਰਨ ਜੋਗੀਆਂ ਨਹੀਂ ਸੀ ।
-ਪਰ ਮੈਨੂੰ ਇੰਝ ਲਗਦਾ ਸੀ ਕਿ ਤੂੰ ਮੈਂਨੂੰ ਦਿਲੋਂ ਹੀ ਨਹੀਂ ਸਗੋਂ ਰੂਹ ਤੋਂ ਚਾਹੁੰਦੀ ਏਂ । 
-ਮਿਸਟਰ ਸੁਖਵੀਰ! ਗੁਰੀ ਇੱਕ ਦਮ ਚੀਖ ਕੇ ਬੋਲੀ ,” ਸੋਚ ਤੇਰੀ ਜਿਸਮ ਤੋਂ ਅਗਾਂਹ ਨਹੀਂ ਗਈ ਤੇ ਗੱਲਾਂ ਦਿਲ ਤੇ ਰੂਹ ਵਾਲੀਆਂ ਕਰ ਰਿਹੈ ? ਇਸ਼ਕ ਤੇ ਤੇ ਮੁਹੱਬਤ ਨੂੰ ਇਸ ਲੈਵਲ ਤੇ ਸੋਚਣ ਤੋਂ ਪਹਿਲਾਂ ਜਿਸਮਾਂ, ਰੰਗਾਂ ਤੇ ਦੁਨੀਆਂ ਦੇ ਬਣਾਏ ਹਰ ਬੰਧਨ ਤੋਂ ਉੱਪਰ ਦੇਖਣਾ ਪੈਂਦਾ । ਸਿਰਫ਼ ਮੂੰਹ ਹਿਲਾ ਦੇਣ ਨਾਲ ਦਿਲ ਤੇ ਰੂਹ ਦੀ ਮੁਹੱਬਤ ਨਹੀਂ ਹੁੰਦੀ । ਵਕਤ ਪਏ ਤੋਂ ਸਾਬਿਤ ਕਰਨੀ ਪੈਂਦੀ ਹੈ । ਤੇ ਆਪਾਂ ਤਾਂ ਮਹਿਜ਼ ਕਿਸੇ ਨਾਲ ਅਰਸਾ ਪਹਿਲੀ ਰਿਲੇਸ਼ਨ ਚ ਕੀਤੇ ਸੈਕਸ ਨੂੰ ਹੀ ਸਵਿਕਾਰ ਨਹੀਂ ਕਰ ਸਕੇ ।
ਸੁਖਵੀਰ ਚੁੱਪ ਸੀ , ਕੀ ਉਹ ਖੁਦ ਹੀ ਕੁਝ ਰਿਸ਼ਤੇ ਬਾਰੇ ਗਲਤ ਅੰਦਾਜ਼ਾ ਲਾ ਬੈਠਾ ਸੀ ?ਜਵਾਬ ਗੁਰੀ ਨੇ ਹੀ ਦਿੱਤਾ ।
-ਰਹੀ ਗੱਲ ਤੇਰੇ ਨਾਲ ਮੁਹੱਬਤ ਦੀ ,ਹਾਂ ਉਹ ਬਿਲਕੁੱਲ ਹੈ , ਰਹੇਗੀ ਵੀ। ਤਨ ਮਨ ਤੇ ਰੂਹ ਤੋਂ । ਤੈਨੂੰ ਪਤੈ ਮੈਨੂੰ ਤੂੰ ਸ਼ੁਰੂ ਤੋਂ ਹੀ ਚੰਗਾ ਲੱਗਾ ਸੀ । ਪਰ ਆਪਣੇ ਰਿਸ਼ਤੇ ਨੂੰ ਇਸ ਲੈਵਲ ਤੱਕ ਪਹੁੰਚਣ ਲਈ ਸਮਾਂ ਇਸ ਲਈ ਲੱਗਿਆ ਕਿਉਂਕਿ ਆਪਣੇ ਦੋਵਾਂ ਦੇ ਤਨ ਮਨ ਤੇ ਰੂਹ ਤੇ ਪਹਿਲ਼ਾਂ ਦੇ ਰਿਸ਼ਤਿਆਂ ਦੇ ਪਰਛਾਵੇਂ ਸੀ । ਤੇ ਆਪਾਂ ਦੋਵਾਂ ਨੇ ਓਥੇ ਤਨ ਮਨ ਹਰ ਤਰ੍ਹਾਂ ਦੀ ਮੌਜ ਕੀਤੀ । ਤਨ ਤਾਂ ਰੋਜ ਧੋ ਵੀ ਲੈਂਦੇ ਹਾਂ ਸਭ ਮੈਲ ਉੱਤਰ ਜਾਂਦੀ ਹੈ। ਇਸਤੋਂ ਵੱਧ ਤਨ ਹੋਰ ਸੁੱਚਾ ਕਿਵੇਂ ਹੋ ਸਕਦਾ ? ਪਰ ਮਨ ਤੇ ਰੂਹ ਚ ਜਦੋਂ ਕੋਈ ਵੱਸਿਆ ਹੋਵੇ ਜਿਸ ਨਾਲ ਤੁਸੀਂ ਪਲ ਪਲ ਜੀਅ ਲਿਆ ਹੋਵੇ । ਓਥੋਂ ਮੁੜਨਾ ਤੇ ਉਸਨੂੰ ਸਾਫ ਕਰਨਾ ਮੁਸ਼ਕਿਲ ਹੈ।  ਤੇ ਇਹ ਵਕਤ ਮੰਗਦਾ ਹੈ । ਇਸ ਲਈ ਸ਼ਾਇਦ ਆਪਾਂ ਦੋਵਾਂ ਨੇ ਉਦੋਂ ਇੱਕ ਦੂਜੇ ਦੇ ਹਵਾਲੇ ਕੀਤਾ ਜਦੋਂ ਉਸ ਪੁਰਾਣੇ ਸਭ ਪਾਸਿਓਂ ਛੁਟਕਾਰਾ ਹੋ ਗਿਆ । 
ਸੁਖਵੀਰ ਨੇ ਉਸਦੇ ਵੱਲ ਤੱਕਦੇ ਹੋਏ ਹੁੰਗਾਰੇ ਚ ਸਿਰ ਹਿਲਾਇਆ । ਤੇ ਗੂਰੀ ਬੋਲਦੀ ਰਹੀ ।
– ਬੱਸ ਆਖ਼ਿਰੀ ਗੱਲ ਕਹਾਂਗ਼ੀ , ਮੈਂ ਖੁਦ ਨੂੰ ਜਿਸ ਦਿਨ ਤੇਰੇ ਹਵਾਲੇ ਕੀਤਾ ਸੀ ਉਸ ਦਿਨ ਇਸ ਦਿਲ ਵਿੱਚ ਤੇ ਰੂਹ ਵਿੱਚ ਸਿਰਫ ਤੂੰ ਸੀ ।ਮੈਂ ਉਸ ਪਾਸਿਓਂ ਉਸ ਦਿਨ ਅਣਲੱਗ ਹੋ ਗਈ ਸੀ । ਬਾਕੀ ਦੁਨੀਆਂ ਦੇ ਜਿਸਮ ਦੇ ਸੁੱਚੇ ਜਾਂ ਜੂਠੇ ਹੋਣ ਦੀ ਪਰਿਭਾਸ਼ਾ ਨੂੰ ਮੇਰੀ ਜੁੱਤੀ ਵੀ ਨਹੀਂ ਮੰਨਦੀ । ਤੇ ਮੈਨੂੰ ਲਗਦਾ ਰਿਸ਼ਤੇ ਦਿਲੋਂ ਤੇ ਰੂਹ ਤੋਂ ਅਣਲੱਗ ਹੋਣੇ ਚਾਹੀਦੇ । ਜਿਸਮ ਤਾਂ ਇੱਕ ਦਿਨ ਜਰਜ਼ਰ ਹੋ ਜਾਣੇ ਹਨ । ਬਾਕੀ ਹੁਣ ਤੇਰੀ ਮਰਜ਼ੀ ਜੋ ਤੇਰਾ ਫੈਸਲਾ ਹੋਏਗਾ ਮੈਨੂੰ ਮੰਜੂਰ ਹੈ । ਕਿਸੇ ਵੀ ਚੀਜ਼ ਲਈ ਮੈਂ ਤੈਨੂੰ ਫੋਰਸ ਨਹੀਂ ਕਰਾਂਗੀ । ਆਖਕੇ ਉਹ ਇੱਕ ਪਾਸੇ ਹੋਕੇ ਖੁਦ ਨੂੰ ਢੱਕ ਕੇ ਲੇਟ ਗਈ । 
ਸੁਖਵੀਰ ਵੀ ਕੁਝ ਦੇਰ ਸੋਚਦਾ ਸੋਚਦਾ ਲੇਟ ਗਿਆ । ਮਨ ਚ ਰਾਤ ਭਰ ਉਹੀ ਸਭ ਚਲਦਾ ਰਿਹਾ । ਸਵੇਰੇ ਜਦੋਂ ਕੰਨਾਂ ਚ ਪਈ ਗੁੱਡ ਮਾਰਨਿੰਗ ਦੀ ਆਵਾਜ਼ ਨੇ ਗੁਰੀ ਨੂੰ ਉਠਾਇਆ ਤਾਂ ਉਸਨੇ ਦੇਖਿਆ ਕਿ ਕਾਫ਼ੀ ਦੇ ਕੱਪ ਲਈ ਸੁਖਵੀਰ ਉਸਦੇ ਸਾਹਮਣੇ ਖੜ੍ਹਾ ਸੀ । ਉਸਦੇ ਅੱਖਾਂ ਚ ਸ਼ਰਾਰਤ ਹਾਸਾ ਤੇ ਮਾਫ਼ੀ ਵਰਗਾ ਕੁਝ ਸੀ । 
-“ਮੈਂ ਇੰਝ ਹੀ ਤੇਰੀ ਸੇਵਾ ਕਰਨ ਲਈ ਤਿਆਰ ਹਾਂ ਹਰ ਰੋਜ਼ ਕੀ ਤੁਸੀਂ ਮੇਰੇ ਨਾਲ ਵਿਆਹ ਕਰਵਾਓਗੇ? “,। ਉਸਦੇ ਦਿਲ ਵਿੱਚੋ ਮਰਦਾਨਗੀ ਦੇ ਅਖੌਤੀ ਦਾਅਵੇ ਉਡ ਗਏ ਸੀ । ਪਹਿਲੀ ਵਾਰ ਉਸਨੂੰ ਸਮਝ ਲੱਗੀ ਸੀ ਕਿ ਔਰਤ ਵੀ ਮਰਦ ਵਰਗੀ ਇਨਸਾਨ ਹੁੰਦੀ ਹੈ । 
ਗੁਰੀ ਨੂੰ ਨਾ ਉੱਤਰ ਦੇਣ ਦੀ ਜਰੂਰਤ ਸੀ ਤੇ ਨਾ ਹੀ ਸੁਖਵੀਰ ਨੂੰ ਉਡੀਕਣ ਦੀ । ਕਾਫ਼ੀ ਦੇ ਕੱਪ ਮੇਜ਼ ਤੇ ਰੱਖ ਉਸਨੇ ਬਿਨਾਂ ਉੱਤਰ ਤੋਂ ਹੀ ਗੁਰੀ ਨੂੰ ਬਾਹਾਂ ਚ ਭਰ ਲਿਆ । ਕੱਸੇ ਗਏ ਜਿਸਮਾਂ ਨੇ ਸਭ ਉੱਤਰ ਖੁਦ ਹੀ ਸਮਝ ਲਏ । 

【ਸਮਾਪਤ 】

ਮੇਰੀਆਂ ਹੋਰ ਲਿਖਤਾਂ ਲਗਾਤਾਰ ਹਾਸਿਲ ਕਰਨ ਲਈ ਸਾਈਟ ਨੂੰ ਫੋਲੋ ਕਰੋ ਤੇ ਆਪਣੇ ਬਾਰੇ ਵੱਧ ਜਾਣਕਾਰੀ ਇਸ ਪੇਜ਼ ਤੇ ਵੀ ਦੇ ਸਕਦੇ ਓ।

ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।

Story Anlag Part III

ਕਹਾਣੀ ਅਣਲੱਗ 
ਭਾਗ ਤੀਸਰਾ 

ਇਸ਼ਕ ਦੇ ਬੂਟੇ ਭਾਵੇਂ ਲੱਖ ਵਾਰ ਉੱਜੜਨ ਮੁੜ ਵੱਸਣ ਲਈ ਜੜ੍ਹਾਂ ਆਪਣੇ ਆਪ ਫੁੱਟਣ ਲੱਗਦੀਆਂ ਹਨ । ਔਰਤ ਮਰਦ ਦੀ ਇਹ ਬੁਨਿਆਦੀ ਖਿੱਚ ਬ੍ਰਹਮਚਾਰੀਆਂ ਦੀ ਰੂਹ ਤੱਕ ਤਰੰਗਾਂ ਛੇੜ ਦਿੰਦੀ ਹੈ । ਸੁਖਵੀਰ ਤੇ ਗੁਰੀ ਦੇ ਸਿਰਫ ਦਿਲ ਟੁੱਟੇ ਸੀ । ਹੁਣ ਹਰ ਬੀਤਦੇ ਦਿਨ ਨਾਲ,ਇੱਕ ਦੂਸਰੇ ਨਾਲ ਬਿਤਾਏ ਹਰ ਪਲ ਨਾਲ ,ਪੀਤੀ ਹਰ ਚਾਹ ਨਾਲ ,ਪਿਆਰ ਦੀ ਹਰ ਤੱਕਣੀ ਨਾਲ ਇਹ ਖਿੱਚ ਇੱਕ ਦੂਜੇ ਨੂੰ ਖਿੱਚ ਕੇ ਕੋਲ ਲੈ ਕੇ ਆ ਰਹੇ ਸੀ । ਖ਼ਾਮੋਸ਼ੀਆਂ ਵੱਧਣ ਲੱਗੀਆਂ ,ਅੱਖਾਂ ਗੱਲਾਂ ਕਰਨ ਲੱਗੀਆਂ ਹੱਥਾਂ ਦੀ ਛੂਹ ਜਿਸਮ ਚ ਤਰੰਗਾਂ ਛੇੜਨ ਲੱਗੀ ਤੇ ਇੱਕ ਇੱਕ ਪਲ ਇੱਕ ਦੂਸਰੇ ਨਾਲ ਬਿਤਾਉਣਾ ਚੰਗਾ ਜਾਪਣ ਲੱਗਾ । ਰਾਤ ਦੇ ਸੁਨਹਿਰੇ ਸੁਪਨਿਆਂ ਚ ਇੱਕ ਦੂਜੇ ਨੂੰ ਪਾ ਲੈਣ ਦੀ ਹਸਰਤ ਜਾਗ ਉੱਠੀ । ਇੱਕ ਦਿਨ ਦਿਲ ਦੇ ਉਹ ਜਜ਼ਬਾਤ ਬੁੱਲਾਂ ਤੇ ਉੱਕਰੇ ਗਏ । 
ਉਸ ਦਿਨ ਗੂਰੀ ਕੁਝ ਜ਼ਿਆਦਾ ਹੀ ਦੁਖੀ ਸੀ , ਨਾਲ ਵਾਲੇ ਸਭ ਕੋਈ ਫਿਲਮ ਵੇਖਣ ਗਏ ਹੋਏ ਸੀ । ਤੇ ਕੰਮ ਤੇ ਕਿਸੇ ਦੋਸਤ ਨਾਲ ਕੋਈ ਝਗੜਾ ਹੋ ਗਿਆ ਸੀ । “ਜਿਸ ਦਾ ਵੀ ਕਰਦੀਂ ਹਾਂ ਕੋਈ ਕਦੇ ਨਾਲ ਨਹੀਂ ਖੜਦਾ,ਉਸਦਾ ਮੈਂ ਹਰ ਵਾਰ ਸਾਥ ਦਿੱਤਾ ਤੇ ਮੇਰੀ ਵਾਰੀ ਫਿਰ ਮੈਨੂੰ ਕੱਲੇ ਛੱਡ ਦਿੱਤਾ .”।
ਰੋਂਦੀ ਉਹ ਕੰਮ ਤੋਂ ਛੇਤੀ ਛੁੱਟੀ ਲੈ ਕੇ ਆ ਗਈ ਸੀ । ਸੁਖਵੀਰ ਸ਼ਾਮ ਦੀ ਨੀਂਦ ਦੇ ਉਨੀਂਦਰੇ ਚ ਉੱਠਿਆ ਸੀ । ਕਿਸੇ ਸੁਨਹਿਰੇ ਖਵਾਬ ਨੂੰ ਗੁਰੀ ਦੇ ਰੋਣੇ ਨੇ ਤੋੜ ਦਿੱਤਾ ਸੀ । ਉਸਦੇ ਕੋਲ ਬੈੱਡ ਨਾਲ ਢੋ ਲਾਈ ਬੈਠਾ ਸੀ । 
“ਕੋਈ ਨਾ ਜੇ ਕੋਈ ਹੋਰ ਨਹੀਂ ਮੈਂ ਤਾਂ ਤੇਰੇ ਨਾਲ ਹਮੇਸ਼ਾਂ ਹਾਂ ਨਾ “। ਉਸਦੇ ਠੰਡੇ ਹੱਥਾਂ ਨੂੰ ਆਪਣੇ ਕੋਸੇ ਹੱਥਾਂ ਚ ਘੁੱਟਦੇ ਹੋਏ ਕਿਹਾ । ਗੁਰੀ ਉਸਦੇ ਮੋਢੇ ਤੇ ਸਿਰ ਰੱਖਕੇ ਡੁਸਕਣ ਲੱਗੀ । “ਤੂੰ ਵੀ ਬਾਕੀ ਸਭ ਵਾਂਗ ਹੀ ਕਰੇਗਾਂ ,ਮੇਰੇ ਨਾਲ ਸਾਰੇ ਹੀ ਐਵੇਂ ਕਰਦੇ ਹਨ .” ਗੁਰੀ ਉਸਦੇ ਮੂੰਹੋ ਵਾਰ ਵਾਰ ਨਾਲ ਰਹਿਣ ਦੀ ਗੱਲ ਸੁਣਨਾ ਚਾਹੁੰਦੀ ਸੀ । ਉਸਦੇ ਸਿਰ ਨੂੰ ਆਪਣੇ ਹੱਥਾਂ ਚ ਪਕੜ ਕੇ ਬੜੀ ਨੀਝ ਨਾਲ ਉਸਦੀਆਂ ਅੱਖਾਂ ਚ ਤੱਕਦੇ ਹੋਏ ਕਿਹਾ ,” ਮੈਂ ਹਮੇਸ਼ਾਂ ਤੇਰੇ ਨਾਲ ਰਹਾਗਾਂ “,ਵਰ੍ਹਿਆਂ ਮਗਰੋਂ ਉਹ ਸ਼ਬਦ ਅੱਜ ਕਿਸੇ ਹੋਰ ਇਨਸਾਨ ਲਈ ਉਸਨੇ ਬੋਲੇ ਸੀ . ਕੁਝ ਪਲਾਂ ਲਈ ਸਮਾਂ ਜਿਵੇੰ ਰੁਕ ਗਿਆ ਹੋਵੇ ਸਾਰੀ ਸ੍ਰਿਸ਼ਟੀ ਉਹਨਾਂ ਦੀਆਂ ਇੱਕ ਦੂਸਰੇ ਚ ਖੁੱਬਿਆਂ ਅੱਖਾਂ ਚ ਸਮਾਂ ਗਈ ਸੀ ।ਤੇਜ਼ ਧੜਕਦੇ ਦਿਲ ਇੱਕ ਪਲ ਲਈ ਰੁਕੇ ਸੀ । ਦਿਲ ਦਾ ਧੜਕਣ ਤੇ ਸਾਹ ਦਾ ਮੁੜ ਚੱਲਣਾ ਸਿਰਫ ਉਦੋਂ ਹੀ ਮਹਿਸੂਸ ਹੋਇਆ ਸੀ । ਜਦੋਂ ਗੁਰੀ ਨੂੰ ਕੋਸੇ ਹੰਝੂਆਂ ਤੇ ਉਸ ਤੋਂ ਵੀ ਵੱਧ ਗਰਮਾਹਟ ਭਰੇ ਸੁਖਵੀਰ ਦੇ ਬੁੱਲ੍ਹ ਮਹਿਸੂਸ ਹੋਏ । ਉਸਦੀਆਂ ਅੱਖਾਂ ਮਿਚ ਗਈਆਂ । ਵਰ੍ਹਿਆਂ ਤੋਂ ਸਪਰਸ਼ ਲਈ ਤਰਸਦੇ ਉਸ ਦੇ ਸਰੀਰ ਚ ਝੁਣਝੁਨੀ ਛਿੜ ਗਈ । ਸਰੀਰ ਇੱਕ ਦਮ ਝੂਠਾ ਪੈ ਗਿਆ । ਸੁਖਵੀਰ ਦੇ ਹੱਥ ਖਿਸਕਦੇ ਉਸਦੇ ਮੋਢਿਆਂ ਨੂੰ ਮਜ਼ਬੂਤੀ ਨਾਲ ਸਹਾਰਾ ਦੇ ਰਹੇ ਸੀ ।  ਉਸਦੇ ਨਰਮ ਬੁੱਲ੍ਹ ਸੁਖਵੀਰ ਦੀ ਪਕੜ ਚ ਸੀ ਤੇ ਪਲ ਪਲ ਉਸਦੇ ਚੁੰਮਣ ਦੀ ਰਫਤਾਰ ਵੱਧ ਰਹੀ ਸੀ ।ਸੁਖਵੀਰ ਦੇ ਹੱਥ ਖਿਸਕਦੇ ਉਸਦੇ ਸਰੀਰ ਵਿੱਚੋ ਜਿਵੇੰ ਕੁਝ ਗਵਾਚਿਆ ਲੱਭ ਰਹੇ ਹੋਣ । ਉਂਝ ਹੀ ਉਸਦੇ ਉੱਪਰ ਭਾਰ ਵਧਦਾ ਗਿਆ ਤੇ ਉਹ ਸੁਖਵੀਰ ਦੇ ਥੱਲੇ ਲਿਫਦੀ ਗਈ । ਆਪਣੀਆਂ ਬਾਹਾਂ ਨੂੰ ਸੁਖਵੀਰ ਦੇ ਆਸ ਪਾਸ ਕੱਸ ਲਿਆ ਸੀ । ਸੁਖਵੀਰ ਦੇ ਹੱਥਾਂ ਨੇ ਉਸਦੇ ਜਿਸਮ ਦੇ ਹਰ ਹਿੱਸੇ ਨੂੰ ਛੇੜ ਛੇੜ ਨਵਾਂ ਹੀ ਸੰਗੀਤ ਛੇੜ ਦਿੱਤਾ ਸੀ । ਹਰ ਪਲ ਜਿਸਮ ਚ ਵੱਧਦੇ ਜੋਸ਼ ਤੇ ਪਿਗਲੇਪਣ ਨੂੰ ਉਹ ਬਿਨਾਂ ਛੋਹੇ ਮਹਿਸੂਸ ਕਰ ਸਕਦੀ ਸੀ । ਮਹਿਸੂਸ ਤਾਂ ਉਸਦੇ ਉੱਪਰ ਛਾਹ ਗਏ ਸੁਖਵੀਰ ਨੂੰ ਵੀ ਕਰ ਸਕਦੀ ਸੀ । ਊਸਦੀ ਅੰਗ ਅੰਗ ਦੀ ਬੇਚੈਨੀ ਉਸਦਾ ਜਿਸਮ ਮਹਿਸੂਸ ਕਰ ਰਿਹਾ ਸੀ । ਸੁਖਵੀਰ ਦਾ ਵੀ ਇਹੋ ਹਾਲ ਸੀ । ਜਿੱਥੇ ਵੀ ਉਹ ਚੁੰਮਦਾ ਤੇ ਜਿਥੇ ਵੀ ਉਹ ਛੋਹਦਾ ਉਸਨੂੰ ਤੜਪ ,ਗਰਮੀ ਤੇ ਪਿਘਲੇ ਰਸ ਤੋਂ ਬਿਨਾਂ ਕੁਝ ਨਾ ਮਿਲਦਾ । ਕਦੋੰ ਦੋਂਵੇਂ ਕੱਪੜਿਆਂ ਤੋਂ ਬੇਪਰਵਾਹ ਹੋ ਗਏ । ਤੇ ਕਦੋੰ ਨਗਨਤਾ ਉਹਨਾਂ ਦੇ ਪਿਆਰ ਦੇ ਪਰਦੇ ਚ ਕੱਜੀ ਗਈ ਪਤਾ ਹੀ ਨਾ ਲੱਗਾ । ਜਿਸਮ ਇੱਕ ਦੂਸਰੇ ਦੇ ਹਾਣ ਦੇ ਹੋਕੇ ਇੱਕ ਦੂਸਰੇ ਚ ਇੰਝ ਸਮਾ ਗਏ ਜਿਵੇ ਕਿੰਨੇ ਹੀ ਜਨਮਾਂ ਦੀ ਪਿਆਸ ਬੁਝਾ ਰਹੇ ਹੋਣ । ਅਚਾਨਕ ਹੋਈ ਇਸ ਘਟਨਾ ਦਾ ਸੁਆਦ ਹਰ ਬੀਤਦੇ ਦੇ ਪਲ ਨਾਲ ਵਧਦਾ ਹੀ ਜਾ ਰਿਹਾ ਸੀ । ਸ਼ੁਰੁਆਤ ਤੋਂ ਪੀਕ ਵੱਲ ਜਾਂਦਿਆਂ ਰਫ਼ਤਾਰ ਵਧਦੀ ਹੀ ਚਲੀ ਗਈ । ਹੱਥਾਂ ਚ ਸਮੇਟ ਇੱਕ ਦੂਸਰੇ ਨੂੰ ਧੁਰ ਤੱਕ ਮਹਿਸੂਸ ਕਰਦੇ ਕਿੰਨੇ ਹੀ ਵਰ੍ਹਿਆਂ ਬਾਅਦ ਉਹ ਮਿਲਣ ਦੇ ਉਸ ਆਖ਼ਿਰੀ ਮੁਕਾਮ ਨੂੰ ਪਾ ਸਕੇ ਸੀ । 
…………..
ਚਰਮ ਸੁੱਖ ਦੀ ਇਹ ਅਵਸਥਾ ਸ਼ਾਇਦ ਇਸ਼ਕ ਦਾ ਵੀ ਚਰਮ ਹੁੰਦਾ ਹੈ ,ਪਰ ਕਹਾਣੀ ਦਾ ਨਹੀਂ । ਕਹਾਣੀ ਤਾਂ ਇਸਤੋਂ ਮਗਰੋਂ ਹੀ ਸ਼ੁਰੂ ਹੁੰਦੀ ਹੈ ।ਇਸੇ ਤੇ ਉੱਸਰਦੀ ਹੈ । ਇਸ ਮੁਕਾਮ ਤੇ ਪਹੁੰਚ ਇਕਰਾਰ ਪੱਕੇ ਹੋ ਗਏ ਸੀ ਤੇ ਜਿੰਦਗ਼ੀ ਨੂੰ ਨਵੇਂ ਸਿਰੋਂ ਸ਼ੁਰੂ ਕਰਨ ਦੀ ਤਮੰਨਾ । ਹੁਣ ਤਾਂ ਦਿਨ ਵੀ ਕੱਠਿਆ ਦੇ ਬੀਤਦੇ ਸੀ ਤੇ ਰਾਤਾਂ ਵੀ । ਪਰ ਯਾਦਾਂ ਕਦੇ ਕਦੇ ਮੁੜ ਸਾਹਮਣੇ ਆ ਖੜ੍ਹ ਜਾਂਦੀਆਂ ਹਨ । ਖਾਸ ਕਰਕੇ ਜਦੋਂ ਚਰਮ ਤੋਂ ਥੱਲੇ ਵੱਲ ਕੋਈ ਆਉਂਦਾ ਹੈ ਤਾਂ ਪੁਰਾਣਾ ਅੱਗੇ ਆ ਖੜਦਾ ਹੈ । ਤੇ ਉਹਨਾਂ ਨਾਲ ਵੀ ਇੰਝ ਹੀ ਹੋਇਆ । ਇੱਕ ਦੂਸਰੇ ਦੀਆਂ ਬਾਹਾਂ ਚ ਸਮਾਏ ਉਸ ਚਰਮ ਤੋਂ ਵਾਪਿਸ ਮੁੜੇ ਸੀ । ਅਚਾਨਕ ਹੀ ਕਿਸੇ ਗੱਲੋਂ ਰੀਤੂ ਦਾ ਖਿਆਲ ਆਇਆ ਤੇ ਜ਼ਿਕਰ ਸ਼ੁਰੂ ਹੋ ਗਿਆ ਸੀ । ਉਦਾਸੀ ਦੇ ਉਸ ਆਲਮ ਨੂੰ ਤੋੜਦੇ ਤੇ ਗੱਲਾਂ ਕਰਦੇ ਕਰਦੇ ਕਦੋੰ ਸੁਖਵੀਰ ਖੁਦ ਦੇ ਨਿੱਜੀ ਪਲਾਂ ਨੂੰ ਫਰੋਲਣ ਲੱਗਾ ਉਸਨੂੰ ਵੀ ਨਹੀਂ ਪਤਾ ਲੱਗਾ । ਰੀਤੂ ਨਾਲ ਬੀਤੇ ਇੱਕ ਇੱਕ ਪਲ ਪਹਿੱਲੀ ਕਿੱਸ ਤੋਂ ਅੰਤਿਮ ਮਿਲਣ ਤੱਕ ਉਸਦੇ ਮੂੰਹੋ ਮੱਲੋਮੱਲੀ ਨਿਕਲਦਾ ਚਲਾ ਗਿਆ। ਗੁਰੀ ਸੁਣਦੀ ਰਹੀ ਸਮਝਦੀ ਰਹੀ ਤੇ ਉਸਦੇ ਦੱਸਣ ਨੂੰ ਆਪਣੇ ਹਾਸੇ ਤੇ ਗੱਲਾਂ ਨਾਲ ਇਨਜੂਆਏ ਕਰਦੀ ਰਹੀ । ਜਦੋਂ ਤੱਕ ਸੁਖਵੀਰ ਨੇ ਉਸਨੂੰ ਆਪਣੀਆਂ ਬਾਹਾਂ ਚ ਘੁੱਟਕੇ ਉਸਦੇ ਬਾਰੇ ਨਹੀਂ ਪੁੱਛ ਲਿਆ ਉਦੋਂ ਤੱਕ ।
ਗੁਰੀ ਦੱਸਣਾ ਤਾਂ ਨਹੀਂ ਸੀ ਚਾਹੁੰਦੀ ਪਰ ਸੁਖਵੀਰ ਦੀ ਜਿੱਦ ਅੱਗੇ ਊਸਦੀ ਇੱਕ ਨਾ ਚੱਲੀ । ਉਸਦੇ ਵਾਰ ਵਾਰ ਤੰਗ ਕਰਨ ਤੇ ਅਖੀਰ ਉਸਨੇ ਸਭ ਦੱਸਣਾ ਸ਼ੁਰੂ ਕੀਤਾ । ਜਿਉਂ ਜਿਉਂ ਉਹ ਸੁਖਵੀਰ ਹੋਰ ਵੀ ਵਿਸਥਾਰ ਚ ਦੱਸਣ ਲਈ ਕਹਿੰਦਾ । ਨਾਲ ਨਾਲ ਉਸਦੇ ਹੱਥ ਮੁੜ ਗੁਰੀ ਦੇ ਜਿਸਮ ਨਾਲ ਖੇਡਣ ਲੱਗੇ ਸੀ । ਊਸਦੀ ਆਵਾਜ਼ ਬਦਲਦੀ ਗਈ ਖੁਦ ਦੇ ਜਿਸਮ ਚ ਵੀ ਅਲੱਗ ਹੀ ਤਰ੍ਹਾਂ ਦਾ ਜੋਸ਼ ਸੀ । ਹਰ ਨਵੀ ਗੱਲ ਤੇ ਦੱਸਣ ਨਾਲ ਉਸਦੇ ਹੱਥ ਤੇਜ਼ ਹੁੰਦੇ ਗਏ । ਸਿਰਫ ਉਸਦੇ ਹੱਥ ਹੀ ਨਹੀਂ ਸਗੋਂ ਗੁਰੀ ਦੇ ਜਿਸਮ ਚ ਵਧਦੀ ਉਤੇਜਨਾ ਉਹ ਮਹਿਸੂਸ ਕਰ ਸਕਦਾ ਸੀ । ਤੇ ਹਰ ਪਲ ਦੇ ਵਿਸਥਾਰ ਚ ਜਾਂਦੇ ਗੁਰੀ ਦੀ ਨਿਸ਼ੰਗਤਾ ਵੱਧਦੀ ਗਈ ਸ਼ਬਦ ਪਹਿਲ਼ਾਂ ਤੋਂ ਵੀ ਨਗਨ ਹੁੰਦੇ ਗਏ । ਜ਼ਿੰਦਗੀ ਚ ਪਹਿਲੀ ਵਾਰ ਆਪਣੇ ਨਿੱਜੀ ਪਲਾਂ ਨੂੰ ਕਿਸੇ ਕੋਲ ਫਰੋਲਿਆ ਸੀ । ਪਰ ਉਹ ਸੀ ਜਿਸ ਨਾਲ ਹੁਣ ਉਸਨੇ ਉਮਰ ਭਰ ਜਿਉਣ ਦਾ ਵਾਅਦਾ ਸੀ । ਇਸ ਲਈ ਹੁਣ ਸ਼ਰਮ ਨਾਮ ਦੀ ਕੋਈ ਚੀਜ਼ ਬਾਕੀ ਨਹੀਂ ਸੀ । ਉਹ ਉਦੋਂ ਤੱਕ ਬੋਲਦੀ ਰਹੀ ਜਦੋਂ ਤੱਕ ਉਤੇਜਨਾ ਨੇ ਉਸਦੇ ਬੁੱਲਾਂ ਨੂੰ ਬੋਲਣ ਤੋਂ ਰੋਕ ਨਾ ਦਿੱਤਾ । ਤੇ ਆਵਾਜ਼ ਬੋਲਦੇ ਬੋਲਦੇ ਟੁੱਟ ਗਈ ਸਾਹ ਉੱਖੜ ਗਏ ਤੇ ਉਖੜਦੇ ਸਾਹਾਂ ਨੂੰ ਸੁਖਵੀਰ ਦੇ ਸਾਹਾਂ ਨੇ ਸਹਾਰਾ ਨਹੀਂ ਦਿੱਤਾ । ਉਤੇਜਨਾ ਦੇ ਉਸ ਸ਼ਿਖਰ ਤੋਂ ਮੰਜਿਲ ਤੇ ਜਾਣ ਚ ਜੋ ਸੁੱਖ ਦੋਵਾਂ ਨੇ ਮਹਿਸੂਸ ਕੀਤਾ ਸ਼ਾਇਦ ਹੀ ਪਹਿਲ਼ਾਂ ਕੀਤਾ ਹੋਵੇ । ਉਸ ਮਗਰੋਂ ਥਕਾਵਟ ਤੇ ਸ਼ਰਮ ਨੇ ਦੋਵਾਂ ਨੂੰ ਤੋੜ ਦਿੱਤਾ ਸੀ ।
ਪਰ ਸੁਖਵੀਰ ਦੇ ਮਨ ਗਲਤਾਨ ਨਾਲ ਭਰ ਗਿਆ । ਜਿੰਦਗ਼ੀ ਭਰ ਅਣਲੱਗ ਵਰਤਣ ਵਾਲੇ ਉਸਦੇ ਜਿਸਮ ਨੇ ਜਿਹਨਾਂ ਪਲਾਂ ਨੂੰ ਮਾਣਿਆ ਉਹੀ ਉਸਨੂੰ ਕੱਚਾ ਜਿਹਾ ਕਰਨ ਲੱਗੇ । ਸਮਾਜ ਦੀ ਸੋਚ ਇੱਕ ਪਲ ਚ ਉਸਦੇ ਦਿਮਾਗ ਤੇ ਛਾ ਗਈ । ਉਹ ਇੱਕ ਵਰਜਨਿਟੀ ਖੋ ਚੁੱਕੀ ਕੁੜੀ ਨਾਲ ਇਹ ਸਭ ਕਰ ਰਿਹਾ ਤੇ ਜਿੰਦਗ਼ੀ ਬਿਤਾਉਣ ਦੀ ਸੋਚ ਰਿਹਾ ਹੈ । ਕਾਸ਼ ਉਸਨੇ ਇਹ ਸਭ ਉਸ ਕੋਲੋਂ ਨਾ ਪੁੱਛਿਆ ਹੁੰਦਾ । ਉਸਦੇ ਦਿਮਾਗ ਚ ਗੰਦੇ ਤੇ ਸੈਕੰਡ ਹੈਂਡ ਵਰਗੇ ਵਿਚਾਰ ਭਰ ਗਏ । ਕਿਸੇ ਹੋਰ ਮਰਦ ਦੀ ਛੋਹ ਉਸਨੂੰ ਆਪਣੇ ਜਿਸਮ ਚੋਂ ਮਹਿਸੂਸ ਹੋਣ ਲੱਗੀ । 
ਹਮੇਸ਼ਾ ਦੀ ਤਰ੍ਹਾਂ ਪਿਆਰ ਵਿੱਚ ਮਰਦ ਆਲੀ ਈਗੋ ਅੱਗੇ ਆ ਗਈ ਸੀ । ਜੋ ਖੁਦ ਬਾਰੇ ਸਭ ਭੁੱਲ ਕੇ ਔਰਤ ਦੇ ਪਵਿੱਤਰ ਹੋਣ ਲਈ ਸ਼ਰਤ ਲਗਾ ਰਿਹਾ ਸੀ । ਪਲਾਂ ਦੀ ਉਸ ਉਤੇਜਨਾ ਦੀ ਖੇਡ ਨੇ ਰਿਸ਼ਤੇ ਨੂੰ ਨਵੇਂ ਦੋਰਾਹੇ ਤੇ ਲਿਆ ਖੜ੍ਹਾ ਕੀਤਾ ਸੀ ।

ਚਲਦਾ ………

ਚੌਥੇ ਹਿੱਸੇ ਲਈ ਕਲਿੱਕ ਕਰੋ

Story Anlag Part II

ਕਹਾਣੀ :ਅਣਲੱਗ 
ਭਾਗ ਦੂਸਰਾ 
ਸੁਖਵੀਰ ਦਾ ਦਿਲ ਰੀਤੂ ਨਾਲ ਬਿਤਾਏ ਇੱਕ ਇੱਕ ਪਲ ਚ ਗੁੰਮ ਗਿਆ ਸੀ । ਅੰਦਰ ਤੇ ਬਾਹਰ ਦੇ ਖਾਲੀਪਣ ਨੂੰ ਭਰਨ ਲਈ ਉਸਨੇ ਫੋਨ ਚੁੱਕਿਆ ਤੇ ਹਮੇਸ਼ਾ ਦੀ ਤਰ੍ਹਾਂ ਵਟਸਐਪ ਖੋਲ੍ਹ ਕੇ ਉਸਨੂੰ ਮੈਸੇਜ ਕਰਨ ਦੀ ਸੋਚੀ । ਪਰ ਉਸਦੇ ਆਪਣੇ ਹਸਬੈਂਡ ਨਾਲ ਲੱਗੀ ਵਿਆਹ ਦੀ ਡੀਪੀ ਵੇਖ ਸਿਰਫ ਉਹੀ ਦੇਖ ਓਥੇ ਹੀ ਛੱਡ ਦਿੰਦਾ । ਅਲਵਿਦਾ ਦਾ ਆਖ਼ਿਰੀ ਮੈਸੇਜ ਪੜ੍ਹ ਕੇ ਉਹ ਪੁਰਾਣੀ ਚੈਟ ਚ ਗੁੰਮ ਜਾਂਦਾ । ਕਿੰਨੀ ਵਾਰ ਸੋਚਿਆ ਕਿ ਇਸ ਨੂੰ ਡਿਲੀਟ ਕਰ ਦਵੇ । ਪਰ ਉਂਗਲੀਆਂ ਕੰਬ ਉੱਠਦੀਆਂ । ਤੇ ਉਹ ਕਦੇ ਚੈਟ ਡਿਲੀਟ ਨਾ ਕਰ ਸਕਿਆ । 
ਤਦੇ ਗੁਰੀ ਦਾ ਮੈਸੇਜ ਫਲੈਸ਼ ਹੋਇਆ । ਸ਼ਾਇਦ ਉਸਦਾ ਖਾਣੇ ਦਾ ਬ੍ਰੇਕ ਹੋਇਆ ਸੀ। ਇਸ ਲਈ ਖੁਦ ਦੇ ਖਾਣੇ ਦੀ ਫੋਟੋ ਕਲਿੱਕ ਕਰਕੇ ਉਸਨੂੰ ਭੇਜੀ ਸੀ । ਭੂਤ ਤੇ ਭਵਿੱਖ ਚ ਉਸਨੂੰ ਆਪਣਾ ਵਰਤਨਮਾਨ ਫੱਸਿਆ ਹੋਇਆ ਜਾਪ ਰਿਹਾ ਸੀ । ਫੋਟੋ ਦੇ ਬਦਲੇ ਚ ਉਸਨੇ ਵੀਡੀਓ ਕਾਲ ਦੇ ਬਟਨ ਤੇ ਕਲਿੱਕ ਕੀਤਾ ।ਅੱਗਿਉਂ ਗੁਰੀ ਦਾ ਹੱਸਦਾ ਚਿਹਰਾ ਦਿੱਸਿਆ।
ਉਸਦੇ ਚਿਹਰੇ ਦੇ ਫਿਊਜ਼ ਉੱਡੇ ਵੇਖ ਗੁਰੀ ਸਮਝ ਗਈ ਸੀ ਕਿ ਜਰੂਰ ਆਪਣੀ ਪ੍ਰੇਮ ਕਹਾਣੀ ਨੂੰ ਕੋਸ ਰਿਹਾ ਹੋਣਾ । “ਹੁਣ ਤੇ ਉਹਦਾ ਵਿਆਹ 
ਹੋ ਗਿਆ ਹੁਣ ਤੋਂ ਘੱਟੋ ਘੱਟ ਉਸਨੂੰ ਭੁੱਲ ਜਾ “. ਇੰਝ ਹਰ ਰੋਜ ਇਸ ਤਰ੍ਹਾਂ ਦੇਵਦਾਸ ਬਣਨ ਦੀ ਕੀ ਲੋੜ ਭਲਾਂ ? 
ਗੁਰੀ ਨੇ ਕਹਿ ਤਾਂ ਦਿੱਤਾ ਸੀ ਪਰ ਉਹ ਆਪ ਕਿੰਨਾ ਕੁ ਆਪਣੇ ਹਿੱਸੇ ਨੂੰ ਭੁੱਲ ਗਈ ਸੋਚਕੇ ਉਸਦੇ ਚਿਹਰੇ ਤੇ ਉਦਾਸੀ ਦੀ ਲਕੀਰ ਫਿਰਨ ਲੱਗੀ। ਪਰ ਉਸਨੇ ਮੂੰਹ ਤੇ ਸ਼ਿਕਨ ਨਹੀਂ ਆਉਣ ਦਿੱਤਾ । ਉਹ ਹਰ ਕੋਸ਼ਿਸ਼ ਕਰਦੀ ਸੀ ਕਿ ਜਦੋਂ ਸੁਖਵੀਰ ਉਦਾਸ ਹੋਵੇ ਕਦੇ ਆਪਣੀ ਉਦਾਸੀ ਜ਼ਾਹਿਰ ਨਾ ਹੋਣ ਦਵੇ ਪਤਾ ਨਹੀਂ ਕਦੋੰ ਤੇ ਕਿਵੇਂ ਦੋਵੇਂ ਇੱਕ ਦੂਜੇ ਦੇ ਉਦਾਸ ਪਲਾਂ ਨੂੰ ਖੁਸ਼ੀ ਚ ਬਦਲਣ ਦੀ ਕੋਸ਼ਿਸ ਕਰਨ ਲੱਗੇ ਸੀ । ਟੁੱਟੇ ਹੋਏ ਟੁੱਟਿਆਂ ਨੂੰ ਵੱਧ ਸਮਝਦੇ ਹਨ । ਟੁੱਟਣ ਦਾ ਦਰਦ ਹੀ ਅਜਿਹਾ ਹੈ ਕਿ ਦੂਸਰੇ ਦਾ ਵੀ ਸਮਝ ਪੈ ਜਾਂਦਾ ਹੈ । 
ਪਰ ਸੁਖਵੀਰ ਨੇ ਕੋਸ਼ਿਸ਼ ਤਾਂ ਹਰ ਇੱਕ ਕੀਤੀ ਸੀ ਕਿ ਉਸਦਾ ਤੇ ਰੀਤੂ ਦਾ ਵਿਆਹ ਹੋ ਜਾਏ ।ਇੱਥੇ ਲਈ ਤੁਰਿਆ ਸੀ ਤਾਂ ਉਮੀਦ ਸੀ ਕਿ ਦੋ ਤਿੰਨ ਸਾਲ ਚ ਰੀਤੂ ਨੂੰ ਵਿਆਹ ਕੇ ਲੈ ਆਏਗਾ। ਤੇ ਫਿਰ ਸਿਰਫ ਉਹਨਾਂ ਦੀ ਦੁਨੀਆਂ ਹੋਵੇਗੀ । ਪਰ ਤਿੰਨ ਤੋਂ ਚਾਰ ਤੇ ਚਾਰ ਤੋੰ ਪੰਜ ਕਿੰਨਾ ਸਮਾਂ ਉਹ ਆਪਣੇ ਘਰਦਿਆ ਨੂੰ ਰੋਕ ਕੇ ਰੱਖਦੀ ਸਿਰਫ ਇੱਕ ਫੋਨ ਕਾਲ ਦੇ ਸਹਾਰੇ । ਉਮਰ ਦੇ ਸੁਨਿਹਰੇ ਵਰ੍ਹੇ ਖਵਾ ਕੇ ਵੀ ਇਹ ਫਾਸਲੇ ਨਾ ਮਿਟ ਸਕੇ । ਤੇ ਉਹ ਇੱਕ ਦਿਨ ਕਿਸੇ ਹੋਰ ਦੀ ਹੋਕੇ ਚਲੀ ਗਈ । ਦੋਵਾਂ ਕੋਲ ਕੋਈ ਆਪਸ਼ਨ ਵੀ ਨਹੀਂ ਸੀ ।
ਇਹੋ ਜਹੀ ਕਹਾਣੀ ਹੀ ਗੁਰੀ ਦੀ ਸੀ ,ਆਪਣਾ ਦੇਸ਼ ਛੱਡ ਕੋਈ ਵਿਦੇਸ਼ ਦੀ ਧਰਤੀ ਤੇ ਪੈਰ ਪਾਉਂਦਾ ਤਾਂ ਸਿਰਫ ਸਮਾਜਿਕ ਰਿਸ਼ਤੇ ਛੱਡ ਕੇ ਨਹੀਂ ਆਉਂਦਾ ਸਗੋਂ ਆਪਣਾ ਪਿਆਰ ਵੀ ਛੱਡ ਕੇ ਆਉਂਦਾ ਤੇ ਦੋਸਤ ਮਿੱਤਰ ਵੀ । ਗੁਰੀ ਵੀ ਧੰਮੀ ਨੂੰ ਇਸੇ ਲਈ ਛੱਡ ਆਈ ਸੀ । ਪਰ ਉਸਦੇ ਅਜੇ ਪੈਰ ਵੀ ਨਹੀਂ ਸੀ ਜੰਮੇ ਉਦੋਂ ਤੱਕ ਉਹ ਵਿਆਹ ਕਰਵਾ ਚੁੱਕਾ ਸੀ । ਚੰਗੇ ਘਰ ਵਿਚੋਂ ਸੀ ਤੇ ਸੋਹਣਾ ਸੁਨੱਖਾ ਸੀ ਪੂਰੇ ਟੱਬਰ ਦੀ ਆਸ ਸੀ ਕਿ ਇੱਕੋ ਵਾਰ ਕਨੇਡਾ ਸੈੱਟਲ ਹੋ ਜਾਊਗਾ । ਤੇ ਉਸਦੀਆਂ ਕੱਲੀ ਦੀਆਂ ਉਹ ਰਾਤਾਂ ਵੀ ਹਨੇਰੇ ਚ ਗੁਜਰੀਆਂ ਸੀ ।
ਇੱਥੇ ਇਸ ਬੇਸਮੈਂਟ ਚ ਜਦੋਂ ਸ਼ਿਫਟ ਕੀਤਾ ਸੀ ਤਾਂ ਦਵਿੰਦਰ ਮਿਲਿਆ ਸੀ । ਬਾਕੀ ਮੁੰਡਿਆ ਨਾਲੋਂ ਅੱਡ ਨਹੀਂ ਸੀ ਲੱਗਿਆ । ਬਿਨਾਂ ਬੁਆਏਫ੍ਰੈਂਡ ਤੋਂ ਤੇ ਬਿਨਾਂ ਰਿਸ਼ਤੇਦਾਰ ਤੋਂ ਰਹਿ ਰਹੀ ਕੁੜੀ ਨੂੰ ਸਭ ਏਥੇ ਸਮਝਦੇ ਹਨ ਕਿ ਕਿਸੇ ਨੂੰ ਵੀ ਮਿਲ ਸਕਦੀ ਹੈ । ਹਰ ਕੋਈ ਆਪਣੇ ਆਪਣੇ ਤਰੀਕੇ ਆਪਣੇ ਵੱਲ ਕਰਨ ਦੀ ਸੋਚਦਾ ਹੈ । ਤੇ ਫਿਰ ਕੁਝ ਦਿਨ ਕੱਢੇ ਤੇ ਫਿਰ ਨਵੀਂ ਵੱਲ ਇੱਕ ਤਰ੍ਹਾਂ ਨਾਲ ਸਭ ਨੇ ਇਹੋ ਰੁਟੀਨ ਬਣਾ ਲਿਆ ਹੈ । ਜਿਵੇੰ ਕੋਈ ਇੱਕੋ ਖਾਣਾ ਖਾ ਕੇ ਕੁਝ ਦਿਨ ਚ ਬੋਰ ਹੋ ਜਾਏ । ਫਿਰ ਕੁਝ ਨਵਾਂ ਲੱਭਦਾ ਫਿਰੇ । 
ਪਰ ਸੁਖਵੀਰ ਉਸਨੂੰ ਕੁਝ ਕੁ ਦਿਨਾਂ ਚ ਹੀ ਅਲੱਗ ਦਿੱਸਣ ਲੱਗਾ ਸੀ । ਬਾਕੀਆਂ ਵਾਂਗ ਨਾ ਘਟੀਆ ਜੋਕਸ ਸੀ ਨਾ ਕਿਸੇ ਵਾਰ ਚੰਗਾ ਮਾੜਾ ਕਹਿਣਾ ਕਿਸੇ ਕੁੜੀ ਕਿਸੇ ਮੁੰਡੇ ਬਾਰੇ ਊਹਦੇ ਮੂੰਹੋ ਕਦੇ ਨਹੀਂ ਸੀ ਸੁਣਿਆ । ਉਸਨੇ ਕਹਿਣਾ” ਛੱਡੋ ਸਭ ਦੀ ਲਾਈਫ ਏ ਆਪਾਂ ਕੀ ਲੈਣਾ ਕਿਸੇ ਤੋਂ “.
ਪਰ ਬਾਕੀ ਸਭ ਗੱਲਾਂ ਚ ਸੁਆਦ ਲੈਣ ਤੋਂ ਨਾ ਹਟਦੇ । ਉਹ ਦੋਵੇਂ ਹੌਲੀ ਹੌਲੀ ਅਲੱਗ ਬੈਠਣ ਲੱਗੇ । ਅੱਡ ਗੱਲਾਂ ਕਰਦੇ । ਫਿਰ ਇੱਕ ਦੂਜੇ ਲਈ ਵਕਤ ਕੱਢਦੇ ਗਏ ਤੇ ਇਸ ਰਿਸ਼ਤੇ ਨੂੰ ਇੱਕ ਵਧੀਆ ਮੁਕਾਮ ਤੇ ਲੈ ਗਏ ਸੀ । 
ਇੱਕੋ ਜਹੀ ਸਮਝ ਆਲੇ ਕਿੰਨੇ ਕੁ ਲੋਕ ਮਿਲਦੇ ਹਨ । ਸੁਖਵੀਰ ਤੇ ਗੁਰੀ ਇੱਕ ਦੂਸਰੇ ਨੂੰ ਇੱਕੋ ਜਿਹੇ ਲੱਗੇ ਸੀ । ਅਜਿਹਾ ਨਹੀਂ ਸੀ ਕਿ ਸੁਖਵੀਰ ਕੋਲ ਕੋਈ ਆਪਸ਼ਨ ਨਹੀਂ ਸੀ । ਕਈ ਕੁੜੀਆਂ ਦੇ ਪਰੋਪੋਜ਼ਲ ਉਸਨੂੰ ਆਏ ਸੀ ਪਰ ਉਹ ਹਰ ਵਾਰ ਨਾ ਕਰ ਦਿੰਦਾ ਸੀ । ਖਾਸ ਕਰਕੇ ਉਦੋਂ ਜਦੋਂ ਪਰੋਪੋਜ਼ ਕਰਨ ਵਾਲੀ ਕੁੜੀ ਕਿਸੇ ਪਾਸਿਓਂ ਹੁਣੇ ਨਿੱਕਲੀ ਹੋਵੇ ਤੇ ਫਿਰ ਦੂਸਰੇ ਪਾਸੇ ਚਲੀ ਜਾਵੇ । ਉਸਦਾ ਮਨ ਇੱਕ ਠਹਿਰਾਅ ਲੱਭ ਰਿਹਾ ਸੀ । ਤੇ ਉਸ ਲਈ ਉਹ ਆਪਣੀ ਸੋਚ ਮੁਤਾਬਿਕ ਕੁੜੀ ਦੀ ਭਾਲ ਵਿੱਚ ਸੀ । 
ਬਚਪਨ ਤੋਂ ਹੀ ਉਸਦੀ ਆਦਤ ਸੀ ਕਿ ਉਸਨੂੰ ਉਹ ਜੋ ਮਿਲੇ ਅਣਲੱਗ ਮਿਲੇ ,ਇਥੋਂ ਤੱਕ ਆਪਣੀ ਵੱਡੇ ਭਰਾ ਦੇ ਪਾਏ ਕੱਪੜੇ ਵੀ ਨਹੀਂ ਸੀ ਪਾਉਂਦਾ ।ਹਮੇਸ਼ਾ ਤੋਂ ਇੱਕੋ ਗੱਲ ਉਸਦੇ ਮਨ ਚ ਰਹੀ ਸੀ । ਕਿ ਜੋ ਮਿਲੇ ਅਣਲੱਗ ਮਿਲੇ। ਉਸਦੀ ਦਾਦੀ ਹਮੇਸ਼ਾ ਇਸ ਦਾ ਖ਼ਿਆਲ ਰੱਖਦੀ ਸੀ । ਮਾਸੀ ਮਾਮੇ ਦੇ ਮੁੰਡਿਆ ਦੇ ਕੱਪੜੇ ਵੀ ਕਦੇ ਵੀ ਨਹੀਂ ਸੀ ਪਹਿਨਣ ਦਿੱਤੇ ਗਏ ਸੀ । ਭਾਵੇਂ ਉਸਦੀ ਭੈਣ ਲਈ ਇੰਝ ਦੀ ਕੋਈ ਰੋਕ ਟੋਕ ਨਹੀਂ ਸੀ । ਉਸਨੂੰ ਚੰਗਾ ਲਗਦਾ ਸੀ ਹਮੇਸ਼ਾਂ ਉਸਨੂੰ ਹਰ ਵਾਰ ਜੋ ਵੀ ਮਿਲਦਾ ਨਵਾਂ ਨਕੋਰ ਮਿਲਦਾ ਸੀ । 
ਇਸੇ ਲਈ ਜਦੋਂ ਉਹ ਤੇ ਰੀਤੂ ਪਹਿਲੀ ਵਾਰ ਕਮਰੇ ਚ ਮਿਲੇ ਸੀ ਤਾਂ ਉਸਦੇ ਸਿਰਫ ਉਸਦੇ ਹੋਣ ਦੇ ਅਹਿਸਾਸ ਨਾਲ ਦਿਲ ਭਰਿਆ ਹੋਇਆ ਸੀ ਤੇ ਰੀਤੂ ਨੂੰ ਆਪਣੇ ਨਾਲ ਹਮੇਸ਼ਾ ਰੱਖਣਾ ਚਾਹੁੰਦਾ ਸੀ । ਆਪਣੇ ਲਈ ਬਣਾਈ ਇੱਕੋ ਇੱਕ ਕੁੜੀ ਲਗਦੀ ਸੀ ਉਸਨੂੰ । 
ਕੱਪੜੇ ਉਤਾਰਦੇ ਉਸਨੇ ਸੰਗਦੇ ਤੇ ਡਰਦੇ ਹੋਏ ਪੁੱਛਿਆ ਸੀ,” ਮੈਨੂੰ ਛੱਡੇਗਾ ਤਾਂ ਨਹੀਂ ,ਮੇਰੇ ਨਾਲ ਵਿਆਹ ਕਰਵਾਏਗਾ ਨਾ ?” 
ਉਸਦਾ ਜਵਾਬ ਵੀ ਇਹੋ ਸੀ,”ਤੇਰੇ ਤੋਂ ਬਿਨਾਂ ਮੈਂ ਆਪਣੀ ਦੁਨੀਆਂ ਸੋਚ ਵੀ ਨਹੀਂ ਸਕਦਾ।” ਸੱਚੀ ਉਦੋਂ ਉਸ ਲਈ ਰੀਤੂ ਹੀ ਊਸਦੀ ਦੁਨੀਆਂ ਸੀ । ਪਰ ਫਿਰ ਵੀ ਰੀਤੂ ਯਕੀਨ ਨਹੀਂ ਸੀ ਆਇਆ ,”ਮੇਰੀ ਸਹੁੰ ਖਾ ਕੇ ਆਖ ਭਲਾ ,”। ਉਸਦੇ ਸਿਰ ਤੇ ਹੱਥ ਰੱਖ ਉਸਦੀਆਂ ਅੱਖਾਂ ਚ ਤੱਕਕੇ ਇਹੋ ਗੱਲ ਦੁਹਰਾਈ ਸੀ । ਜਦੋਂ ਉਹਨਾਂ ਦੋਵਾਂ ਦੇ ਵਿੱਚ ਸਿਰਫ ਹਵਾ ਦਾ ਪਰਦਾ ਸੀ । ਦਿਲਾਂ ਚ ਵੀ ਦੂਰੀ ਨਹੀਂ ਸੀ । 
ਫਿਰ ਪਤਾ ਨਹੀਂ ਐਨੇ ਸਾਲ ਬੀਤ ਗਏ ਉਹ ਸਹੁੰ ਖਾਧੀ ਕਿੱਧਰ ਗਈ । ਕਿਸੇ ਦਾ ਕੱਖ ਵੀ ਨਹੀਂ ਸੀ ਵਿਗੜਿਆ । ਹਾਲਤਾਂ ਨੇ ਦੂਰੀਆਂ ਬਣਾ ਦਿੱਤੀਆਂ ਤੇ ਸਭ ਇਕਰਾਰ ਤੇ ਸਹੁੰ ਝੂਠੀਆਂ ਪੈ ਗਈਆਂ । ਜਿਹਨਾਂ ਨੂੰ ਸੱਚ ਮੰਨਕੇ ਪਤਾ ਨਹੀਂ ਕਿੰਨੀਆਂ ਰਾਤਾਂ ਨੂੰ ਉਹਨਾਂ ਨੇ ਨਿੱਘੇ ਕੀਤਾ ਸੀ । ਕਿੰਨੇ ਹੀ ਬਿਸਤਰਿਆਂ ਖੁਸ਼ਬੋ ਮਾਣੀ ਸੀ । ਬਾਹਾਂ ਨੂੰ ਅੱਜ ਵੀ ਉਹ ਉਸ ਪਲਾਂ ਦੀ ਕਸਾਵਟ ਦਾ ਅਹਿਸਾਸ ਸੀ । ਉਹ ਸਹੁੰਆਂ ਉੱਡ ਗਈਆਂ ਸੀ ਯਾਦਾਂ ਬਾਕੀ ਸੀ ਤੇ ਅੱਗੇ ਪੂਰੀ ਇੱਕ ਜ਼ਿੰਦਗੀ …….

ਚਲਦਾ …..

ਤੀਸਰੇ ਭਾਗ ਲਈ ਕਲਿੱਕ ਕਰੋ

Story Anlag Part I

This image has an empty alt attribute; its file name is images-2.jpeg

ਬੈਕਯਾਰਡ ਚ ਗੱਡੀ ਪਾਰਕ ਕਰਕੇ ਸੁਖਵੀਰ ਮਲਕੜੇ ਜਿਹੇ ਬੇਸਮੈਂਟ ਵੱਲ ਗਿਆ । ਵੈਨਕੂਵਰ ਨਾਲ ਲਗਦੇ ਇਸ ਨਿੱਕੇ ਜਿਹੇ ਟਾਊਨ ਦੇ ਅਪਰ ਸਾਈਡ ਉਹ ਤੇ ਉਸਦੇ ਦੋਸਤ ਰਹਿੰਦੇ ਸੀ । ਚਾਰ ਜਣਿਆਂ ਚ ਦੋ ਮੁੰਡੇ ਤੇ ਦੋ ਕੁੜੀਆਂ ਸੀ । ਕਈ ਹੋਰ ਵੀ ਕਦੇ ਵੀ ਓਥੇ ਆ ਜਾਂਦੇ ਖੱਪ ਕਰਦੇ ਖਾਂਦੇ ਪੀਂਦੇ ਤੇ ਸੌਂ ਜਾਂਦੇ । ਘਰ ਦਾ ਕੱਲਾਪਣ ਸਭ ਨੂੰ ਖਾਂਦਾ ਸੀ । ਇਸ ਲਈ ਆਪਣੇ ਆਪ ਨੂੰ ਬਿਜ਼ੀ ਰੱਖਣਾ ਜਾਂ ਦੋਸਤਾਂ ਚ ਗੱਪਾਂ ਮਾਰ ਟੈਮ ਕੱਢ ਲੈਣਾ ਹੀ ਸਹੀ ਲਗਦਾ ਸੀ ।
ਹੁਣ ਵੀ ਉਸਦੇ ਦੋਸਤ ਉਸਨੂੰ ਆਖ ਰਹੇ ਸੀ ਕਿ ਘਰ ਜਾ ਕੇ ਤੂੰ ਕੀ ਕਰਨਾ ਇਥੇ ਹੀ ਕਿਤੇ ਇੱਧਰ ਉੱਧਰ ਬੈਠ ਕੇ ਗੱਲਾਂ ਕਰਦੇ ਹਾਂ । ਪਰ ਉਹ ਰੁਕਿਆ ਨਾ । ਇਸ ਵੇਲੇ ਉਹ ਕਿਧਰੋਂ ਵੀ ਟੈਮ ਬਚਾ ਕੇ ਬੇਸਮੈਂਟ ਚ  ਆ ਜਾਂਦਾ ਸੀ । ਕਾਰਨ ਸਿਰਫ ਇੱਕ ਸੀ ਇਸ ਵੇਲੇ ਉਸਦੇ ਨਾਲ ਰਹਿੰਦੀ ਕੁੜੀ ਗੁਰੀ ਕੱਲੀ ਹੁੰਦੀ ਸੀ । ਬਾਕੀ ਸਾਰੇ ਦਿਨ ਰਾਤ ਤਾਂ ਓਥੇ ਹਾਹਾਕਾਰ ਹੀ ਮਚੀ ਰਹਿੰਦੀ ਸੀ । ਤੇ ਉਹ ਉਸ ਕਾਂਵਾਂਰੌਲੀ ਚ ਉਸ ਨਾਲ ਗੱਲ ਨਹੀਂ ਸੀ ਕਰ ਪਾਉਂਦਾ । ਪਤਾ ਨਹੀਂ ਕਦੋੰ ਉਸਨੂੰ ਉਸ ਨਾਲ ਬੈਠ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਦੀ ਆਦਤ ਪਏ ਗਈ ਸੀ ।
ਹਮੇਸ਼ਾ ਵਾਂਗ ਉਸਨੇ ਦਰਵਾਜ਼ੇ ਦੀ ਬੈੱਲ ਵਜਾਈ ,ਕੁਝ ਪਲਾਂ ਮਗਰੋਂ ਹੀ ਗੁਰੀ ਨੇ ਦਰਵਾਜ਼ਾ ਖੋਲ੍ਹਿਆ । ਨਹਾਕੇ ,ਕੰਮ ਵਾਲੀ ਵਰਦੀ ਚ ਤਿਆਰ ਹੋਈ ਉਹ ਜਿਵੇਂ ਉਸਦਾ ਇੰਤਜ਼ਾਰ ਹੀ ਕਰ ਰਹੀ ਹੋਵੇ । ਆਪਣੇ ਵਰਕਿੰਗ ਡੇ ਤੇ ਇੰਝ ਹੀ ਕਰਦੀ ਸੀ । ਦੇਰ ਰਾਤ ਦੀ ਸ਼ਿਫਟ ਮਗਰੋਂ ਪਹਿਲ਼ਾਂ ਸਵੇਰ ਤੱਕ ਸੌਂਦੀ ਫਿਰ ਕਲਾਸ ਲਗਾ ਕੇ ਆ ਕੇ ਸੌਂ ਜਾਂਦੀ ਸੀ। ਤੇ ਫਿਰ ਤਿਆਰ ਹੋਕੇ ਮੁੜ ਕੰਮ ਤੇ ਹਫਤੇ ਚ 5 ਦਿਨ ਇਹੋ ਰੁਟੀਨ ਸੀ ਉਸਦਾ । ਤੇ ਕੰਮ ਤੇ ਜਾਣ ਤੋਂ ਪਹਿਲ਼ਾਂ ਸੁਖਵੀਰ ਵਾਪਿਸ ਆ ਜਾਂਦਾ ਉਸ ਨਾਲ ਬੈਠ ਕੇ ਸ਼ਾਮ ਨੂੰ ਚਾਹ ਤੇ ਸਨੈਕਸ ਲੈਣਾ ਵੀ ਉਸਦੇ ਰੁਟੀਨ ਦਾ ਹਿੱਸਾ ਬਣ ਗਿਆ ਸੀ  ।
ਘਰ ਦੇ ਇੱਕ ਕੋਨੇ ਕੋਲ ਰੱਖੇ ਬੇਂਚ ਤੇ ਬੈਠ ਚਾਹ ਦੀਆਂ ਚੁਸਕੀਆਂ ਭਰਦੇ ਖਾਂਦੇ ਤੇ ਨਾਲ ਨਾਲ ਗੱਲਾਂ ਕਰਦੇ । ਸੁਖਵੀਰ ਨੂੰ ਚਾਹ ਦਾ ਐਨਾ ਝੱਸ ਨਹੀਂ ਸੀ । ਪਰ ਸਿਰਫ ਗੁਰੀ ਨਾਲ ਬੈਠਕੇ ਗੱਲਾਂ ਕਰਨ ਲਈ ਇਹ ਵੀ ਊਹਨੇ ਆਦਤ ਚ ਸ਼ੁਮਾਰ ਕਰ ਲਿਆ ਸੀ । ਉਸਨੂੰ ਇੰਝ ਲੱਗਦਾ ਸੀ ਕਿ ਕਾਲਜ ਵਾਲੀ ਆਪਣੀ ਲਾਈਫ ਨੂੰ ਇੱਕ ਵਾਰ ਫੇਰ ਤੋਂ ਜੀਅ ਰਿਹਾ ਹੋਵੇ …..ਕਿਸੇ ਦਾ ਇੰਤਜ਼ਾਰ ਕਰਨਾ … ਤੇ ਆਨੇ ਬਹਾਨੇ ਕਿਸੇ ਨਾਲ ਵਕਤ ਬਿਤਾਉਣ ਲਈ ਕੋਸ਼ਿਸ਼ ਕਰਨੀ ।
ਹੁਣ ਵੀ ਉਹ ਉਹੀ ਸਭ ਕਰ ਰਿਹਾ ਸੀ , ਪਤਾ ਨਹੀਂ ਉਸਨੂੰ ਗੁਰੀ ਚ ਕੀ ਨਜ਼ਰ ਆਇਆ ਸੀ ਮੁੜ ਉਹ ਉਹੀ ਸਭ ਕਰਨ ਲੱਗਾ ਸੀ । ਪੂਰੇ ਦਿਨ ਚ ਉਸਨੂੰ ਉਹੀ ਪਲ ਜਿੰਦਗ਼ੀ ਦੇ ਲਗਦੇ ਜੋ ਉਹ ਉਸ ਨਾਲ ਬਿਤਾ ਲੈਂਦਾ । ਨਹੀਂ ਤਾਂ ਊਸਦੀ ਜ਼ਿੰਦਗ਼ੀ ਦਾ ਸੁਨਹਿਰੀ ਪਲ ਜਹਾਜ ਚੜਦੇ ਹੀ ਪਿੱਛੇ ਛੁੱਟ ਗਏ ਸੀ ।
ਗੁਰੀ ਆਪਣੇ ਕੰਮ ਦੀਆਂ ਗੱਲਾਂ ਦੱਸਦੀ ਰਹੀ , ਕਿਸੇ ਦੀ ਸ਼ਿਕਾਇਤ ਤੋਂ ਚੁਗਲੀ ਤੋਂ ਨਿੱਕੇ ਜਿਹੇ ਤਾਅਨੇ ਤੋਂ ਬੜੀ ਛੇਤੀ ਉਹ ਦੁਖੀ ਹੋ ਜਾਂਦੀ ਸੀ । ਤੇ ਸਾਰਾ ਕੁਝ ਆ ਕੇ ਉਹ ਸੁਖਵੀਰ ਨੂੰ ਦੱਸਦੀ ਕਦੇ ਗ਼ੁੱਸੇ ਚ ਕਦੇ ਉਦਾਸੀ ਚ ਕਦੇ ਹਾਸੇ ਚ ,ਹੋਰ ਸੁਣਨ ਵਾਲਾ ਹੈ ਵੀ ਕੌਣ ਸੀ । ਸਾਰੇ ਹੀ ਸਟੂਡੈਂਟਸ ਦੀ ਲਾਈਫ ਇਹੋ ਜਹੀ ਸੀ ਇਹੋ ਸਮੱਸਿਆਵਾਂ ਸੀ । ਘਰਦਿਆਂ ਨੂੰ ਦੱਸ ਬਿਨਾਂ ਗੱਲੋਂ ਟੈਨਸ਼ਨ ਦਿੱਤੀ ਨਹੀਂ ਸੀ ਜਾਂਦੀ । ਸਿਰਫ ਇੱਕੋ ਇੱਕ ਸੁਖਵੀਰ ਸੀ ਜਿਸਨੂੰ ਉਹ ਦੱਸ ਦਿੰਦੀ ਸੀ ਉਹ ਸੁਣਦਾ ਸੀ ਤੇ ਲੋੜ ਅਨੁਸਾਰ ਸਮਝਾ ਦਿੰਦਾ ਸੀ । ਦੋ ਅਜਨਬੀਆਂ ਤੋਂ ਚੰਗੇ ਦੋਸਤ ਉਹ ਹੌਲੀ ਹੌਲੀ ਬਣ ਗਏ ਸੀ । ਗੱਲਾਂ ਕਰਦੇ ਅਕਸਰ ਉਹ ਲੇਟ ਹੋ ਜਾਂਦੇ ਫਿਰ ਕੰਮ ਤੱਕ ਪੈਦਲ ਜਾਣ ਦੀ ਬਜਾਏ ਸੁਖਵੀਰ ਉਸਨੂੰ ਕੰਮ ਤੱਕ ਡਰਾਈਵ ਕਰਕੇ ਆ ਜਾਂਦਾ ।
……….
ਸੁੰਨੀ ਹੋਈ ਬੇਸਮੈਂਟ ਚ ਵਾਪਿਸ ਆ ਉਹ ਕਾਲਜ਼ ਦੇ ਦਿਨਾਂ ਦੀਆਂ ਯਾਦਾਂ ਚ ਗੁਆਚ ਜਾਂਦਾ ਸੀ । ਆਪਣੀ ਪਹਿਲੀ ਮੁਹੱਬਤ ਦੀ ਦਾਸਤਾਨ ਉਸਦੇ ਅੱਖਾਂ ਸਾਹਮਣੇ ਘੁੰਮਣ ਲਗਦੀ । ਕਿਵੇਂ ਹਜਾਰਾਂ ਹੀ ਕੁੜੀਆਂ ਦੀ ਭੀੜ ਵਿਚੋਂ ਰੀਤੂ ਤੇ ਉਸਦੀਆਂ ਨਜ਼ਰਾਂ ਟਿੱਕੀਆ ਸੀ । ਤੇ ਫਿਰ ਕਿੰਝ ਉਹ ਉਸਦੇ ਜਾਦੂ ਚ ਜਕੜਿਆ ਉਸਦੇ ਅੱਗੇ ਪਿੱਛੇ ਮੰਡਰਾਉਂਣ ਲੱਗਾ । ਬਾਕੀ ਸਾਰੇ ਮੁੰਡੇ ਦੁਪਿਹਰ ਬਾਅਦ ਦੀਆਂ ਪ੍ਰੈਕਟੀਕਲ ਕਲਾਸਾਂ ਮਿਸ ਕਰ ਦਿੰਦੇ ਸੀ ।ਪਰ ਉਹ ਸਿਰਫ ਰੀਤੂ ਨਾਲ ਕੁਝ ਸਮਾਂ ਹੋਰ ਬਿਤਾਉਣ ਖਾਤਰ ਕਦੇ ਕਲਾਸ ਮਿਸ ਨਾ ਕਰਦਾ । ਕੁਦਰਤੀ ਉਸਦਾ ਤੇ ਰੀਤੂ ਦਾ ਪ੍ਰੈਕਟੀਕਲ ਗਰੁੱਪ ਵੀ ਇੱਕੋ ਬਣ ਗਿਆ । ਫਿਰ ਕਦੇ ਪ੍ਰੈਕਟੀਕਲ ਦੀ ਤਿਆਰੀ ਕਦੇ ਪੇਪਰ ਦੀ ਤਿਆਰੀ ਕਦੇ ਕਿਸੇ ਮਿਸ ਹੋਏ ਲੈਕਚਰ ਨੂੰ ਇੱਕ ਦੂਜੇ ਨੂੰ ਸਮਝਣ ਤੇ ਸਮਝਾਉਣ ਦਾ ਬਹਾਨਾ ਇੰਝ ਕਰਦੇ ਹੀ ਉਹ ਪਹਿਲ਼ਾਂ ਦੋਸਤੀ ਤੇ ਫਿਰ ਮੁਹੱਬਤ ਦੀਆਂ ਪੌੜੀਆਂ ਚੜ੍ਹ ਗਏ ਸੀ । 
ਉਸ ਨਾਲ ਕਾਲਜ ਦੇ ਬੈਂਚ ਤੇ ਕਲਾਸਰੂਮ ਲੈਬ ਕੰਟੀਨ ਤੇ ਮੁਹੱਬਤ ਤੱਕ ਦੇ ਸਫ਼ਰ ਦਾ ਇੱਕ ਇੱਕ ਪਲ ਅੱਜ ਵੀ ਚੇਤੇ ਚ ਵੱਸਿਆ ਹੋਇਆ ਸੀ । 
ਤੇ ਉਹ ਪਹਿਲੀ ਕਿੱਸ ਤਾਂ ਉਸਨੂੰ ਕਦੇ ਵੀ ਨਹੀਂ ਸੀ ਭੁੱਲਦੀ । ਯੂਥ ਫੈਸਟੀਵਲ ਦੀਆਂ ਤਿਆਰੀਆਂ ਚੱਲ ਰਹੀਆਂ ਸੀ । ਉਹ ਭੰਗੜੇ ਦੀ ਟਿਮ ਵਿੱਚ ਸੀ ਤੇ ਰੀਤੂ ਗਿੱਧੇ ਦੀ ਟੀਮ ਵਿੱਚ ।ਤਿਆਰੀਆਂ ਕਰਦੇ ਕਰਦੇ ਅਕਸਰ ਲੇਟ ਹੋ ਜਾਂਦੇ ਸੀ । ਉਸ ਦਿਨ ਦੀ ਪ੍ਰੈਕਟਿਸ ਕਰਕੇ ਆਪਣੇ ਸਮਾਨ ਨੂੰ ਚੱਕਣ ਲਈ ਦੋਂਵੇਂ ਆਉਡੀਟੋਰ ਦੇ ਬੈਕ ਰੂਮ ਚ ਗਏ ਸੀ । ਸ਼ਾਮ ਢਲ ਗਈ ਸੀ ਤੇ ਕਮਰੇ ਚ ਅਜੇ ਹਨੇਰਾ ਸੀ ਦੋਵਾਂ ਦੇ ਹੱਥ ਇੱਕੋ ਸਮੇਂ ਸਵਿੱਚ ਆਨ ਕਰਨ ਲਈ ਵਧੇ ਤੇ ਆਪਸ ਚ ਖਹਿ ਗਏ । ਲਾਈਟ ਦੇ ਨਾਲ ਦਿਲ ਚ ਕਈ ਜਜਬਾਤ ਜਾਗ ਗਏ । ਕਮਰੇ ਦੀ ਸ਼ਾਂ ਸ਼ਾਂ ਦੀ ਆਵਾਜ਼ ਚ ਉਹਨਾਂ ਦਾ ਸ਼ੋਰ ਵੱਧ ਗਿਆ । ਨਾ ਤਾਂ ਸੁਖਵੀਰ ਨੇ ਹੱਥ ਛੱਡਿਆ ਤੇ ਨਾ ਹੀ ਰੀਤੂ ਛੁਡਵਾ ਸਕੀ ।ਗੁੱਟ ਪਾਸੋਂ ਘੁੱਟ ਕੇ ਸੁਖਵੀਰ ਨੇ ਆਪਣੇ ਵੱਲ ਖਿੱਚਿਆ । ਚੁੰਬਕ ਨਾਲ ਲੋਹੇ ਵਾਂਗ ਰੀਤੂ ਉਸਦੇ ਗਲ ਨਾਲ ਚਿੰਬੜ ਗਈ । ਅੱਖਾਂ ਦੀ ਖਿੱਚ ਕਦੋੰ ਬੁੱਲ੍ਹਾ ਨੂੰ ਬੁਲਾਉਣ ਲੱਗੀ ਤੇ ਹਥੇਲੀਆਂ ਕਦੋੰ ਕੱਸਕੇ ਮੁੱਠੀਆਂ ਹੋ ਗਈਆਂ ਸਮੇਂ ਨੂੰ ਵੀ ਪਤਾ ਨਾ ਲੱਗਾ । ਅੱਖਾਂ ਦੀ ਸ਼ਰਾਰਤ ਬੁੱਲਾਂ ਚ ਉੱਤਰ ਆਈ । ਪਲ ਛਿਣ ਚ ਹੀ ਦੋਵਾਂ ਦੇ ਸਾਹ ਇੱਕਮਿਕ ਹੋ ਗਏ । ਕਮਰੇ ਦੀ ਆਵਾਜ਼ ਚ ਦੱਬੇ ਦੱਬੇ ਸਾਹਾਂ ਦੀ ਆਵਾਜ਼ ਰਲ ਗਈ ਸੀ । ਸਰੀਰ ਇੰਝ ਡਿੱਗ ਰਹੇ ਸੀ ਜਿਵੇੰ ਕਿਸੇ ਸਹਾਰੇ ਦੀ ਜਰੂਰਤ ਹੋਵੇ । ਰੀਤੂ ਦਾ ਪੂਰਾ ਭਾਰ ਉਸਦੀਆਂ ਬਾਹਾਂ ਤੇ ਸੀ । ਕਦੋੰ ਉਹ ਮਦਹੋਸ਼ ਦੇ ਆਲਮ ਚ ਬੁੱਲ੍ਹਾ ਤੋਂ ਗਰਦਨ ਤੇ ਖਿਸਕ ਗਿਆ ਉਸਨੂੰ ਵੀ ਪਤਾ ਨਹੀਂ ਲੱਗਾ । ਪਰ ਜਿਉਂ ਹੀ ਹੋਰ ਥੱਲੇ ਵੱਲ ਖਿਸਕਦੇ ਉਸਦੇ ਹੱਥਾਂ ਤੇ ਮੂੰਹ ਦੀ ਹਰਕਤ ਦਾ ਅੰਦਾਜ਼ਾ ਰੀਤੂ ਨੂੰ ਲੱਗਾ ਤਾਂ ਇੱਕਦਮ ਉਸਨੂੰ ਸੂਰਤ ਆਈ । ਉਹ ਇੱਕ ਦਮ ਉਸ ਕੋਲੋ ਖੁਦ ਨੂੰ ਆਜ਼ਾਦ ਕਰਵਾਉਂਦੀ ਬੋਲੀ ,” ਪਿਆਸ ਲੱਗੀ ,ਪਾਣੀ ਪੀਣਾ ।”  ਸੁਖਵੀਰ ਵੀ ਇੱਕ ਦਮ ਆਸ ਪਾਸ ਦੇਖਣ ਲੱਗਾ ਜਿਥੇ ਉਹ ਇੱਕ ਦੂਜੇ ਨਾਲ ਸਭ ਕਰ ਰਹੇ ਸੀ ਫੜੇ ਜਾਣ ਦਾ ਡਰ ਤਾਂ ਸੀ !!!
ਉਹ ਪਾਣੀ ਲੈਣ ਲਈ ਬਾਹਰ ਗਿਆ । ਉਦੋਂ ਤੱਕ ਰੀਤੂ ਆਪਣਾ ਸਮਾਨ ਚੱਕ ਦਰਵਾਜੇ ਕੋਲ ਆ ਖੜੀ ਸੀ । ਤੇ ਪਾਣੀ ਪੀ ਅੱਖਾਂ ਚ ਸ਼ਰਮਾਉਂਦੀ ਤੇ ਮੁਸਕਰਾਉਂਦੀ ਮੁੜ ਆਪਣੀ ਉਡੀਕ ਚ ਖੜੇ ਬਾਕੀ ਗਰੁੱਪ ਨਾਲ ਜਾ ਰਲੀ ।
ਸੁੰਨੇ ਕਮਰੇ ਚ ਬੈਠ ਉਹ ਹੁਣੇ ਹੁਣੇ ਬੀਤੀ ਉਸ ਘਟਨਾ ਨੂੰ ਮੁੜ ਯਾਦ ਕਰਨ ਲੱਗਾ । ਜਿਸਨੂੰ ਉਹ ਅੱਜ ਕਨੇਡਾ ਦੇ ਉਸ ਦੇ ਉਸ ਸੁੰਨੇ ਕਮਰੇ ਚ ਬੈਠ ਕੇ ਕਈ ਸਾਲਾਂ ਮਗਰੋਂ ਉਸੇ ਦਿਨ ਵਾਂਗ ਮਹਿਸੂਸ ਕਰ ਪਾ ਰਿਹਾ ਸੀ । ਪਹਿਲੀ ਮੁਹੱਬਤ ਤੇ ਪਹਿਲਾ ਚੁੰਮਣ ਕੋਈ ਭੁੱਲ ਸਕਦਾ ਭਲਾ !!! 


ਦੂਸਰੇ ਭਾਗ ਲਈ ਕਲਿੱਕ ਕਰੋ

ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।