ਫਿਤਰਤ

ਟੀਚਰਾਂ ਨੂੰ ਸੂਹਾਂ ਤਾਂ ਉਹਨਾਂ ਬਾਰੇ ਪਹਿਲਾਂ ਹੀ ਸੀ ,ਪਰ ਉਸ ਦਿਨ ਉੱਪਰਲੇ ਕਲਾਸ ਰੂਮਾਂ ਨੂੰ ਜਾਂਦੀਆਂ ਪਉੜੀਆਂ ਦੇ ਹਨੇਰੇ ਕੋਨੇ ਚ ਕਿੱਸ ਕਰਦਿਆਂ ਨੂੰ ਪ੍ਰਿੰਸੀਪਲ ਤੇ ਡੀ ਪੀ ਆਈ ਨੇ ਵੇਖ ਲਿਆ । ਐਨੇ ਰੁੱਝੇ ਹੋਏ ਸੀ ਕਿ ਨਾ ਇੱਕ ਦੂਜੇ ਦੇ ਕਪੜਿਆਂ ਦੀ ਸੂਰਤ ਸੀ ਨਾ ਹੀ ਉਹਨਾਂ ਦੇ ਆਉਣ ਦਾ ਪਤਾ ਲੱਗਾ ।
ਜਦੋਂ ਪ੍ਰਿੰਸੀਪਲ ਚੀਕੀ ਉਦੋਂ ਪ੍ਰਿੰਸ ਨੇ ਅਮਨ ਨੂੰ ਆਪਣੇ ਤੋਂ ਅਲਗ ਕੀਤਾ ।ਦੋਵੇਂ ਸਰ ਝੁਕਾ ਕੇ ਆਪਣੇ ਕਪੜੇ ਦਰੁਸਤ ਕਰਦੇ ਗਏ ਤੇ ਮਨ ਹੀ ਮਨ ਡਰ ਨਾਲ ਵੀ ਭਰ ਗਏ ।#HarjotDiKalam
ਡੀ ਪੀ ਆਈ ਨੇ ਅੱਗੇ ਹੋਕੇ ਦੋਵਾਂ ਜਣਿਆਂ ਨੂੰ ਵਾਰੀ ਵਾਰੀ ਥੱਪੜਾਂ ਨਾਲ ਝੰਬ ਦਿੱਤਾ। ਕਲਾਸ ਚ ਜਾਣ ਦਾ ਹੁਕਮ ਦਿੱਤਾ ।
ਗੱਲ ਫਟਾਫਟ ਸਾਰੇ ਸਕੂਲ ਚ ਫੈਲ ਗਈ ।ਬੱਚੇ ਕੀ ਅਧਿਆਪਕ ਕੀ ਸਾਰੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਨ ਲੱਗੇ ।ਕਿਤੇ ਵੀ ਘੁਸਰ ਮੁਸਰ ਹੁੰਦੀ ਅਮਨ ਨੂੰ ਲਗਦਾ ਉਹਦੀ ਹੀ ਗੱਲ ਹੋ ਰਹੀ ਹੈ ।ਕਿਸੇ ਨਾਲ ਅੱਖ ਮਿਲਾਣ ਦੀ ਹਿਮੰਤ ਨਹੀਂ ਸੀ ਪਰ ਉਸਦਾ ਮਨ ਅੱਗੇ ਆਉਂਦੇ ਕਿਸੇ ਖਤਰੇ ਚ ਧੜਕ ਰਿਹਾ ਸੀ ।
ਘੰਟੇ ਕੁ ਮਗਰੋਂ ਹੀ ਪ੍ਰਿੰਸੀਪਲ ਦੇ ਦਫਤਰੋਂ ਸੁਨੇਹਾ ਆ ਗਿਆ । ਅਮਨ ਤੇ ਪ੍ਰਿੰਸ ਦੋਵਾਂ ਦੇ ਮਾਪੇ ਬੈਠੇ ਸੀ ।ਪ੍ਰਿੰਸੀਪਲ ਨੇ ਤੇ ਬਾਕੀ ਟੀਚਰਾਂ ਨੇ ਮਿਰਚ ਮਸਾਲਾ ਭੁੱਕ ਕੇ ਸਾਰਾ ਕੁਝ ਦੱਸ ਦਿੱਤਾ ਸੀ ।
ਉਸਦੀ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਆਪਣੇ ਮਾਂ ਬਾਪ ਨਾਲ ਨਜਰ ਮਿਲਾ ਸਕੇ । ਪ੍ਰਿੰਸ ਦਾ ਵੀ ਇਹੋ ਹਾਲ ਸੀ ।ਖਬਰਾਂ ਅਫਵਾਹਾਂ ਉਹਨਾਂ ਸੀ ਬੱਸ ਦੇ ਸਕੂਲ ਪਿੰਡ ਪਹੁੰਚਣ ਤੋਂ ਪਹਿਲਾਂ ਪਿੰਡ ਪਹੁੰਚ ਚੁੱਕੀਆਂ ਹੋਣਗੀਆਂ ।ਦੋਵੇਂ ਡਰ ਰਹੇ ਸੀ ਪਰ ਅਮਨ ਦਾ ਜ਼ਿਆਦਾ ਬੁਰਾ ਹਾਲ ਸੀ ।
ਦੋਵਾਂ ਦੇ ਪਿੰਡ ਅੱਡ ਅੱਡ ਸੀ ਪਰ ਨੇੜੇ ਨੇੜੇ । ਪ੍ਰਿੰਸ ਇਸੇ ਸਾਲ ਕਿਸੇ ਸਕੂਲੋਂ ਹਟਕੇ ਇਥੇ ਆਇਆ ਸੀ ਪੜ੍ਹਨ ਚ ਭਾਵੇ ਫਿੱਸਡੀ ਸੀ ਪਰ ਕੁੜੀਆਂ ਉਸਤੇ ਐਵੇਂ ਡਿੱਗਦੀਆਂ ਜਿਵੇਂ ਸ਼ਹਿਦ ਤੇ ਮੱਖੀਆਂ । ਪਰ ਉਸਨੂੰ ਪਸੰਦ ਆਈ ਤਾਂ ਅਮਨ ।ਚੰਗੀ ਭਲੀ ਸਮਝਦਾਰ ਤੇ ਪੜਣ ਨੂੰ ਹੁਸ਼ਿਆਰ ।ਮਿੰਨਤਾਂ ਕਰ ਸਿਫਾਰਸ਼ਾਂ ਪਾ ਉਸਨੇ ਅਮਨ ਨੂੰ ਦੋਸਤੀ ਲਈ ਮਨਾ ਹੀ ਲਿਆ । ਕਦੋਂ ਇਹ ਦੋਸਤੀ ਪਿਆਰ ਤੱਕ ਪੁੱਜੀ ਪਤਾ ਨਾ ਲੱਗਾ ।ਦੋਨੋ ਮਿਲਦੇ ਕਦੇ ਕਲਾਸ ਤੋਂ ਪਹਿਲਾਂ ਜਾ ਬਾਅਦ ਚ । ਜਾ ਵੇਹਲੇ ਵੇਲੇ ਕਿਸੇ ਖਾਲੀ ਲੈਬ ਚ ਜਾ ਬੈਠਦੇ ।ਬਾਹਰ ਪਹਿਰੇ ਤੇ ਲਾਕੇ ਅੰਦਰ ਮਨ ਆਈਆਂ ਕਰਦੇ ।
ਅੱਜ ਪੌੜੀਆਂ ਦੇ ਜਿਸ ਕੋਂਨੇ ਦੋਵੇਂ ਇੱਕ ਦੂਜੇ ਚ ਖੋਏ ਹੋਏ ਸੀ ਓਥੇ ਪੈਰਾਂ ਦਾ ਖੜਕਾ ਕਿੰਨੀ ਦੂਰੋਂ ਹੀ ਸੁਣ ਜਾਂਦਾ ।ਪਰ ਐਨਾ ਜ਼ਿਆਦਾ ਰੁੱਝ ਗਏ ਕੇ ਪ੍ਰਿੰਸੀਪਲ ਤੇ ਡੀ ਪੀ ਆਈ ਦੇ ਆਉਣ ਦਾ ਪਤਾ ਹੀ ਨਾ ਲੱਗਾ ।
ਹੁਣ ਦੋਵੇਂ ਦੋਸ਼ੀਆਂ ਵਾਂਗ ਇੱਕ ਦੂਜੇ ਨਾਲ ਅੱਖ ਵੀ ਨਾ ਮਿਲਾ ਸਕਣ ਵਾਲੇ ਡਰ ਨਾਲ ਖੜੇ ਸੀ ।ਪ੍ਰਿੰਸੀਪਲ ਨੇ ਘਰਦਿਆਂ ਨੂੰ ਕਾਫੀ ਕੁਝ ਸੁਣਾ ਦਿੱਤਾ ਸੀ ।
ਦੋਵਾਂ ਨੂੰ ਸਾਹਮਣੇ ਖੜਾ ਕਰਕੇ ਪ੍ਰਿੰਸੀਪਲ ਨੇ ਸਾਫ ਕਹਿ ਦਿੱਤਾ ਕਿ ਅਸੀਂ ਆਪਣੇ ਸਕੂਲ ਦੇ ਬੇਇੱਜਤੀ ਨੀ ਕਰਾ ਸਕਦੇ ਇਹ ਗੱਲਾਂ ਬਾਹਰ ਜਾਣਗੀਆ ਲੋਕੀ ਜੁਆਕ ਭੇਜਨੋ ਹੱਟ ਜਾਣਗੇ । ਇਸ ਲਈ ਅਸੀਂ ਸਕੂਲੋਂ ਕੱਢ ਰਹੇ ਹਾਂ। ਕੱਲ੍ਹ ਤੋਂ ਸਕੂਲ ਨਾ ਭੇਜਣਾ । ਖੇਹਾਂ ਹੀ ਖਾਣੀਆਂ ਤਾਂ ਘਰੇ ਹੀ ਖਾਣ ।
ਅਮਨ ਲਈ ਇਹ ਉਸਦੇ ਸਾਰੇ ਸੁਫਨਿਆਂ ਦਾ ਅੰਤ ਸੀ ।ਪਰ ਪ੍ਰਿੰਸ ਨੇ ਜੋ ਉਸ ਵੇਲੇ ਕਿਹਾ ਉਸਨੇ ਤਾਂ ਉਸਦੀ ਸਾਰੀ ਜ਼ਿੰਦਗੀ ਹੀ ਇੱਕ ਪਲ ਚ ਬਦਲ ਦਿੱਤੀ। 
ਪ੍ਰਿੰਸੀਪਲ ਦੀ ਖੇਹ ਖਾਣ ਆਲੀ ਗੱਲ ਨੇ ਨਾ ਸਿਰਫ ਉਹਨਾਂ ਦੇ ਪਰਿਵਾਰ ਆਲਿਆ ਦੇ ਮੂੰਹ ਉਤਾਰ ਦਿੱਤੇ ,ਪ੍ਰਿੰਸ ਦੇ ਸੀਨੇ ਚ ਵੀ ਅੱਗ ਲਾ ਦਿੱਤੀ। ਪ੍ਰਿੰਸ ਨੇ ਲੱਗਪੱਗ ਚੀਕਦੇ ਹੋਏ ਕਿਹਾ ,” ਅਸੀਂ ਕੋਈ ਖੇਹ ਨਹੀਂ ਖਾ ਰਹੇ ,ਬਾਲਿਗ ਹਾਂ ਤੇ ਵਿਆਹ ਵੀ ਕਰਵਾਵਾਂਗੇ। ਆਪਣੀ ਪੜਾਈ ਵੀ ਕਰਾਂਗੇ। ਅਮਨ ਨੂੰ ਪ੍ਰਿੰਸ ਦੀ ਗੱਲ ਤੇ ਮਾਣ ਹੋਇਆ। ਉਸਨੂੰ ਲੱਗਾ ਜਿਵੇਂ ਉਸਦੀਆਂ ਸਾਰੀਆਂ ਭੁੱਲਾਂ ਮਾਫ ਹੋ ਗਈਆਂ ਹੋਣ। ਉਸਦੀ ਜਿੰਦਗੀ ਦੀ ਚੁਆਇਸ ਗਲਤ ਨਹੀਂ ਗਈ ਸੀ। ਉਸਨੂੰ ਅਜਿਹਾ ਮੁੰਡਾ ਮਿਲਿਆ ਸੀ ਜੋ ਉਸ ਲਈ ਸਟੈਂਡ ਲੈ ਸਕਦਾ ਸੀ ਭਰੀ ਮਹਿਫਲ ਚ। ਪਹਿਲੀ ਵਾਰ ਉਸਨੇ ਮੂੰਹ ਉੱਪਰ ਚੱਕਿਆ ਆਪਣੀ ਮਾਂ ਨਾਲ ਨਜਰ ਮਿਲਾਈ ਜਿਸਤੇ ਖੁਸ਼ੀ ਗਮੀ ਦਾ ਮਿਕਸ ਜਿਹਾ ਭਾਵ ਸੀ। ਪ੍ਰਿੰਸ ਦੇ ਮਾਂ ਬਾਪ ਦੇ ਚਿਹਰਿਆਂ ਤੇ ਹੈਰਾਨੀ ਦਾ ਭਾਵ ਸੀ। ਮਗਰੋਂ HarjotDiKalam ਫੈਸਲਾ ਹੋਇਆ ਕਿ ਦੋਵੇਂ ਜਣੇ ਸਕੂਲ ਦੇ ਵਿਦਿਆਰਥੀ ਰਹਿਣਗੇ ਸਿਰਫ ਪੇਪਰ ਦੇਣ ਤੱਕ ਬਾਰਵੀਂ ਦਾ ਆਖ਼ਿਰੀ ਸਾਲ ਸੀ। ਇਸ ਲਈ ਪੇਪਰ ਦੇ ਸਕਣਗੇ। ਪਰ ਸਕੂਲ ਨਹੀਂ ਆਉਣਗੇ। 
ਅਮਨ ਦੇ ਪਰਿਵਾਰ ਦੀ ਸੋਚ ਐਡੀ ਬੈਕਵਰਡ ਨਹੀਂ ਸੀ। ਖਾਸ ਕਰਕੇ ਉਸਦੀ ਮਾਂ ਦੀ। ਉਸਦੀ ਮਾਂ ਨੇ ਹਮੇਸ਼ਾ ਉਸਨੂੰ ਇੱਕੋ ਗੱਲ ਕਹੀ ਸੀ। ਧੀਏ , ਆਪਣੇ ਹੱਥੀਂ ਕਮਾ ਕੇ ਖਾਏਗੀ ਤਾਂ ਬੇਗਾਨੇ ਘਰ ਰਾਜ ਕਰੇਗੀ ,ਨਹੀਂ ਪੈਸੇ ਪੈਸੇ ਲਈ ਕਿਸੇ ਦੇ ਸਹਾਰੇ ਰਹੇਗੀ। ਜਦੋਂ ਆਪ ਕਮਾਉਣ ਜੋਗੀ ਉਦੋਂ ਪਿਆਰ ਕਰਿ ਵਿਆਹ ਕਰਵਾਈ ਆਪਣੀ ਮਰਜ਼ੀ ਨਾਲ ਭਾਵੇਂ। ਪਰ ਮੁੰਡਾ ਦੇਖ ਪਰਖ ਲਵੀਂ ਕੋਈ ਵੇਹਲੜ ਨਸ਼ਈ ਨਾ ਹੋਵੇ। ਤੇ ਤੇਰੇ ਨਾਲ ਹਰ ਮਾੜੇ ਚੰਗੇ ਸਮੇਂ ਖੜਨ ਵਾਲਾ ਹੋਵੇ। ਮੇਰੀ ਜ਼ਿੰਦਗੀ ਤਾਂ ਦੇਖ ਐਵੇ ਹੀ ਗੁਜਰੀ ਹੈ ਕਦੇ ਜੇਠ ਦੀਆਂ ਸੁਣੀਆਂ ਕਦੇ ਸੱਸ ਸਹੁਰੇ ਦੀਆਂ। ਖਾਣ ਪਹਿਨਣ ਦੀ ਉਮਰ ਚ ਕੁਝ ਨਾ ਹੰਢਾ ਕੇ ਵੇਖਿਆ। ਬੱਸ ਇੱਕੋ ਚੀਜ਼ ਸੀ ਕਿ ਮੇਰੇ ਧੀ ਪੁੱਤ ਪੜ੍ਹ ਕੇ ਆਪਣੇ ਫ਼ੈਸਲੈ ਮਰਜ਼ੀ ਨਾਲ ਕਰਨ ਆਜ਼ਾਦੀ ਨਾਲ ਜੀਣ। 
ਇਹ ਗੱਲਾਂ ਭੁੱਲ ਕੇ ਅਮਨ ਨੂੰ ਲੱਗਾ ਕਿ ਪਿਆਰ ਹੀ ਆਜ਼ਾਦੀ ਦਿੰਦਾ। ਜਦੋਂ ਤੋਂ ਉਸਦਾ ਪਿਆਰ ਪ੍ਰਿੰਸ ਨਾਲ ਹੋਇਆ ਸੀ ਉਦੋਂ ਤੋਂ ਲਗਦਾ ਸੀ ਜਿਵੇਂ ਉਹ ਅਜਾਦ ਹੋ ਗਈ ਹੋਵੇ। ਪ੍ਰਿੰਸ ਉਸਦੀ ਹਰ ਗੱਲ ਮੰਨਦਾ ਹਰ ਖੁਸ਼ੀ ਗਮੀ ਦਾ ਖਿਆਲ ਰੱਖਦਾ। ਉਸਨੂੰ ਰੋਂਦੀ ਵੇਖ ਰੋਂ ਲੱਗ ਜਾਂਦਾ। ਅਮਨ ਨੇ ਕਿੰਨੀਆਂ ਹੀ ਆਪਣੇ ਪਾਸ ਮੁੰਡੇ ਕੁੜੀਆਂ ਵੇਖੇ ਸੀ ਜੋ ਪਿਆਰ ਚ ਹੋਕੇ ਵੀ ਲਵ ਮੈਰਿਜ ਨਾ ਕਰਵਾ ਸਕਾ। ਘਰਦਿਆਂ ਅੱਗੇ ਜਿਹਨਾਂ ਦੀ ਬੱਸ ਨਾ ਚੱਲੀ। ਜਿਵੇਂ ਗੁਲਾਮਾਂ ਨੂੰ ਬਣਨ ਦਿੱਤਾ ਜਾਂਦਾ ਇੰਝ ਉਹਨਾਂ ਦੀਆਂ ਸੱਧਰਾਂ ਨੂੰ ਬੰਨ ਕੇ ਤੋਰ ਦਿੱਤਾ ਸੀ। 
ਪਰ ਉਸਨੂੰ ਪਤਾ ਸੀ ਕਿ ਉਹ ਲਵ ਮੈਰਿਜ ਕਰਾਏਗੀ। ਜੋ ਉਸਦੇ ਪਰਿਵਾਰ ਚ ਆਸ ਪਾਸ ਅਜੇ ਬਹੁਤ ਦੇਖਣ ਸੁਣਨ ਨੂੰ ਸੀ। ਜਿੰਦਗੀ ਨੂੰ ਆਪਣੀ ਮਰਜ਼ੀ ਨਾਲ ਜੀਣ ਦੇ ਉਸਦੇ ਸੁਪਨੇ ਸਾਕਾਰ ਸਨ। ਤੇ ਅਮਨ ਦੇ ਉਸ ਦੇ ਲਈ ਲੈ ਸਟੈਂਡ ਨਾਲ ਉਸ ਨੂੰ ਸਾਫ ਲੱਗਾ ਕਿ ਉਸਨੇ ਸਹੀ ਬੰਦਾ ਚੁਣਿਆ ਆਪਣੇ ਲਈ। 
ਪ੍ਰਿੰਸ ਦੇ ਘਰਦਿਆਂ ਨੂੰ ਵੀ ਜ਼ਿਆਦਾ ਇਤਰਾਜ਼ ਨਹੀਂ ਸੀ। ਦੋਵੇਂ ਪਰਿਵਾਰ ਇੱਕੋ ਜਿਹੇ ਸਨ। ਤੇ ਕੁੜੀ ਵੀ ਸੋਹਣੀ ਸੀ ਪਰਿਵਾਰ ਤਕੜਾ ਸੀ। ਮੁੰਡੇ ਦੀ ਪਸੰਦ ਨੂੰ ਭਲਾ ਉਹ ਕਿਉਂ ਮੋੜਨ ਲੱਗੇ ਸੀ। 
ਦੋਵਾਂ ਪਰਿਵਾਰਾਂ ਦੀ ਰਜਾਮੰਦੀ ਹੋਈ. ਦਿਨਾਂ ਚ ਹੀ ਵਿਆਹ ਹੋ ਗਿਆ। ਸਕੂਲੋਂ ਨਿੱਕਲ ਕੇ ਪ੍ਰਿੰਸ ਨੇ ਪੜਾਈ ਆਲੇ ਕੰਮ ਨੂੰ ਜਮਾਂ ਤਿਲਜਾਂਲੀ ਦੇਕੇ ਆਪਣਾ ਖੇਤੀ ਆਲਾ ਕੰਮ ਦੇਖਣ ਲੱਗਾ। ਹੁਣ ਉਸਦਾ ਸਮਾਂ ਖੇਤਾਂ ਚ ਕੱਟਦਾ ਜਾਂ ਅਮਨ ਦੀ ਬੁੱਕਲ ਚ। ਰਾਤ ਰਾਤ ਭਰ ਜਾਗਕੇ ਵੀ ਤੇ ਦੁਪਹਿਰ ਵੀ ਇੱਕ ਦੂਜੇ ਨਾਲ ਕੱਟਕੇ ਵੀ ਦੋਵਾਂ ਦਾ ਇੱਕ ਦੂਜੇ ਤੋਂ ਦਿਲ ਨਹੀਂ ਸੀ ਭਰਦਾ। ਜਿੰਨਾ ਸਮਾਂ ਇੱਕ ਦੂਜੇ ਨਾਲ ਬਿਤਾ ਰਹੇ ਸੀ ਓਨਨੀ ਹੀ ਤਾਂਘ ਵਧਦੀ ਜਾਂਦੀ ਸੀ। ਜਲਦੀ ਹੀ ਮਾਰਚ ਮਹੀਨਾ ਆ ਗਿਆ। ਉਦੋਂ ਸੂਰਤ ਸੰਭਲੀ ਜਦੋਂ ਪੇਪਰਾਂ ਦੀ ਡੇਟਸ਼ੀਟ ਸਾਹਮਣੇ ਆਗੀ। 
ਅਮਨ ਨੂੰ ਪਤਾ ਸੀ ਕਿ ਪ੍ਰਿੰਸ ਨੇ ਨਾ ਹੁਣ ਪੜਨਾ ਨਾ ਉਹਨੇ ਉਸਨੂੰ ਪੜਨ ਦੇਣਾ। ਸੋ ਉਸਨੇ ਸਾਹ ਬਣਾਈ ਕਿ ਉਹ ਆਪਣੇ ਪਿੰਡ ਚਲੇ ਜਾਵੇ ਤੇ ਓਥੋਂ ਪੇਪਰ ਦੇਕੇ ਹੀ ਵਾਪਿਸ ਪਰਤੇ। ਪਰ ਪ੍ਰਿੰਸ ਨੂੰ ਇਹ ਕਿਥੇ ਮਨਜੂਰ ਉਹਦਾ ਵੱਸ ਚਲਦਾ ਤਾਂ ਉਹ ਕਦੇ ਖੇਤ ਨਾ ਜਾਂਦਾ ਉਸਨੂੰ ਅਮਨ ਦਾ ਐਸਾ ਨਸ਼ਾ ਲੱਗਾ ਸੀ। ਅਖੀਰ ਫੈਸਲਾ ਦੋਵਾਂ ਨੇ ਕੀਤਾ ਕਿ ਉਹ ਸਿਰਫ ਰਾਤ ਨੂੰ ਹੀ ਇੱਕਲੇ ਹੋਣਗੇ ਰੂਮ ਚ ਦਿਨ ਚ ਅਮਨ ਪੜੇਗੀ। ਤੇ ਉਸਦੀ ਮਦਦ ਲਈ ਇੱਕ ਟਿਯੂਟਰ ਰੱਖ ਦਿੱਤਾ ਜਾਏਗਾ ਤਾਂ ਜੋ ਉਹਨੂੰ ਪਾਸ ਹੋਣ ਚ ਮੁਸ਼ਕਿਲ ਨਾ ਹੋਵੇ। 
ਪਿੰਡ ਦੇ ਹੀ ਸਰਕਾਰੀ ਸਕੂਲ ਚ ਪੜਾਉਣ ਵਾਲੇ ਨਾਲਦੇ ਪਿੰਡ ਦੇ ਇੱਕ ਨਵੇਂ ਨਵੇਂ ਮਾਸਟਰ ਬਣੇ ਮੁੰਡੇ ਨੂੰ ਅਮਨ ਨੂੰ ਪੜਾਉਣ ਲਈ ਰੱਖ ਦਿੱਤਾ। ਇੱਕ ਅਲਗ ਕਮਰਾ ਦੇ ਦਿੱਤਾ ਗਿਆ ਤੇ ਮਾਸਟਰ ਜਤਿੰਦਰ ਰੋਜ ਆਉਂਦਾ ਤੇ ਉਸਨੂੰ ਪੜਾ ਜਾਂਦਾ। 
ਇਨ੍ਹੀ ਦਿਨੀਂ ਅਮਨ ਨੇ ਸੱਸ ਸਹੁਰੇ ਦਾ ਇੱਕ ਅਜੀਬ ਜਿਹਾ ਰੂਪ ਉਂਝ ਉਸਦੇ ਕੱਲੀ ਪੜਦੀ ਨੂੰ ਕੋਈ ਪੁੱਛਦਾ ਨਹੀਂ ਸੀ ਪਰ ਹੁਣ ਦੋਵਾਂ ਵਿਚੋਂ ਕੋਈ ਨਾ ਕੋਈ ਕਮਰੇ ਚ ਆਇਆ ਹੀ ਰਹਿੰਦਾ। ਕਦੇ ਚਾਹ ਪੁੱਛਣ , ਕਦੇ ਮਾਸਟਰ ਦਾ ਹਾਲ ਲੈਣ ਤੇ ਕਦੇ ਅਮਨ ਦੀ ਪੜਾਈ ਵਾਰੇ। ਬਾਹਰੋਂ ਅਵਾਜ ਨਾ ਆਵੇ ਤਾਂ ਅਮਨ ਦਰਵਾਜ਼ਾ ਕਮਰੇ ਦਾ ਬੰਦ ਕਰ ਦਿੰਦੀ ਤਾਂ ਉਹਨਾਂ ਚੋਂ ਕੋਈ ਵੀ ਆਉਂਦਾ ਤਾਂ ਪੂਰਾ ਦਰਵਾਜਾ ਖੋਲ ਜਾਂਦਾ। ਹੋਰ ਨਹੀਂ ਤਾਂ ਕਿਸੇ ਕਜਨ ਦੇ ਬੱਚੇ ਨੂੰ ਕੋਲ ਬਿਠਾ ਕੇ ਪੜਨ ਲਈ ਭੇਜ ਦਿੰਦੇ। ਅਮਨ ਕੁੜਦੀ ,ਜਤਿੰਦਰ ਸਭ ਸਮਝਦਾ ਪਰ ਚੁੱਪ ਰਹਿੰਦਾ। 
ਉਹਨੇ ਸਭ ਕੁਝ ਪ੍ਰਿੰਸ ਨੂੰ ਦੱਸਿਆ ਵੀ। ਪਰ ਪ੍ਰਿੰਸ ਨੇ ਕੋਈ ਗੱਲ ਨੀ ਗੌਲੀ ਉਸਨੂੰ ਲੱਗਿਆ ਬੇਬੇ ਬਾਪੂ ਨੂੰ ਪੜਾਈ ਦੀ ਫਿਕਰ ਹੀ ਹੈ ਅਮਨ ਨੂੰ ਐਵੇਂ ਵਹਿਮ ਹੈ। 
ਇੱਕ ਦਿਨ ਤਾਂ ਹੱਦ ਹੀ ਹੋਗੀ ਜਤਿੰਦਰ ਦੀ ਕਿਸੇ ਗੱਲ ਤੇ ਅਮਨ ਹੱਸ ਰਹੀ ਸੀ ਤਾਂ ਸੱਸ ਨੇ ਵੇਖ ਲਿਆ ਉਦੋਂ ਤਾਂ ਕੁਝ ਨੀ ਕਿਹਾ ਪਰ ਮਗਰੋਂ ਜਰੂਰ ਕਹਿ ਦਿੱਤਾ ਕਿ ਐਵੇਂ ਨੀ ਪਰਾਏ ਮਰਦ ਨਾਲ ਹੱਸੀਦਾ ਹੁਣ ਤੂੰ ਵਿਆਹੀ ਵਰੀ ਏ। ਇਹ ਸਭ ਸ਼ੋਭਾ ਨਹੀਂ ਦਿੰਦਾ ਕੋਈ ਦੇਖੁ ਤਾਂ ਕਿ ਕਹੂ। 
ਉਸ ਦਿਨ ਅਮਨ ਕਈ ਸਾਲਾਂ ਬਾਅਦ ਰੋਈ। ਰੋਟੀ ਨਾ ਖਾਧੀ। ਪ੍ਰਿੰਸ ਨੇ ਬਥੇਰਾ ਸਮਝਾਇਆ ਕਿ ਸਿਆਣੇ ਕਹਿੰਦੇ ਹੀ ਹੁੰਦੇ ਉਹਨਾਂ ਦੀ ਸੋਚ ਆਪਾਂ ਨਹੀਂ ਬਦਲ ਸਕਦੇ , ਮੈਨੂੰ ਤੇਰੇ ਤੇ ਵਿਸ਼ਵਾਸ ਹੈ ਤੇ ਰਹੇਗਾ। ਤੇ ਮੈਂ ਤੇਰੇ ਨਾਲ ਹਾਂ ਹਮੇਸ਼ਾ ਬੱਸ ਇਹ ਯਕੀਨ ਰੱਖ। ਅੱਜ ਫਿਰ ਅਮਨ ਨੂੰ ਲੱਗਾ ਕਿ ਉਸਨੇ ਜੋ ਜਿੰਦਗੀ ਚ ਖੱਟਿਆ ਉਹ ਪ੍ਰਿੰਸ ਹੀ ਹੈ ਉਸਨੂੰ ਆਪਣੀ ਪਸੰਦ ਤੇ ਮਾਣ ਹੋ ਗਿਆ ਪ੍ਰਿੰਸ ਨੇ ਆਪਣੇ ਹੱਥੀਂ ਉਸ ਰਾਤ ਉਸਨੂੰ ਰੋਟੀ ਖਵਾਈ। ਦੋਵੇਂ ਸਵੇਰ ਹੋਣ ਤੱਕ ਇੱਕ ਦੂਜੇ ਦੀਆਂ ਬਾਹਾਂ ਚ ਸਮਾਏ ਰਹੇ। 
ਪੇਪਰ ਚੰਗੇ ਹੋ ਗਏ ਤੇ ਜਤਿੰਦਰ ਦਾ ਪੜਾਉਣਾ ਵੀ ਬੰਦ ਹੋ ਗਿਆ। ਸੱਸ ਸਹੁਰੇ ਨੂੰ ਪ੍ਰਿੰਸ ਨੇ ਕੁਝ ਸਮਝ ਦਿੱਤਾ ਉਹਨਾਂ ਦੀ ਵਿਵਹਾਰ ਵੀ ਬਦਲ ਗਿਆ। ਪਰ ਅਮਨ ਦਾ ਹੁਣ ਘਰ ਕੱਲੇ ਜੀਅ ਨਹੀਂ ਸੀ ਲਗਦਾ। ਪਹਿਲਾਂ ਤਾਂ ਪ੍ਰਿੰਸ ਆਨੀ ਬਹਾਨੀ ਦੁਪਹਿਰੇ ਗੇੜਾ ਮਾਰਦਾ ਸੀ ਹੌਲੀ ਹੌਲੀ ਉਹ ਵੀ ਘਟ ਗਿਆ। ਰਾਤੀ ਵੀ ਕਈ ਵਾਰ ਖੇਤ ਰੁਕ ਜਾਂਦਾ ਤਾਂ ਉਸਨੂੰ ਘਰ ਵੱਡ ਖਾਣ ਨੂੰ ਦੌੜਦਾ। 
ਅਮਨ ਨੂੰ ਆਪਣੇ ਪੇਕੇ ਯਾਦ ਆਉਂਦੇ ਜਿਥੇ ਉਹ ਪਲ ਵੀ ਘਰ ਨਹੀਂ ਟਿਕਦੀ ਸੀ ਕਦੇ ਕਿਸੇ ਘਰ ਕਿਸੇ ਕਿਸੇ ਘਰ ਸਾਰਾ ਦਿਨ ਚਾਚੀਆਂ ਤਾਈਆਂ ਤੇ ਭਾਬੀਆਂ ਚ ਰੁਝੀ ਰਹਿੰਦੀ ਸੀ ਜਦੋਂ ਵੀ ਸਕੂਲੋਂ ਵਿਹਲੀ ਹੁੰਦੀ ਸੀ। ਅਖੀਰ ਉਹ ਲਾਇਬ੍ਰੇਰੀ ਚ ਕਿਤਾਬਾਂ ਮੰਗਵਾਣ ਲੱਗੀ ਅਮਨ ਜਤਿੰਦਰ ਤੋਂ ਹੀ ਕਿਤਾਬਾਂ ਲਿਆ ਕਿ ਉਸਨੂੰ ਫੜਾ ਦਿੰਦਾ ਤੇ ਉਹ ਪੜਦੀ ਰਹਿੰਦੀ। ਇੱਕ ਦਿਨ ਕਿਧਰੋਂ ਕੋਈ ਤੋਤਾ ਫੜ ਲਿਆਇਆ ਤੇ ਘਰ ਪਿੰਜਰੇ ਚ ਪਾ ਦਿੱਤਾ। ਜਦੋਂ ਵੀ ਅਮਨ ਦਾ ਦਿਲ ਸਾਰੇ ਕਾਸੇ ਤੋਂ ਊਭ ਜਾਂਦਾ ਤਾਂ ਤੋਤੇ ਨਾਲ ਗੱਲਾਂ ਕਰਦੀ ਰਹਿੰਦੀ ਜਿਵੇਂ ਉਸਦੀ ਕੋਈ ਸਹੇਲੀ ਹੋਵੇ। ਉਹ। 
ਦਿਨ ਹਫਤੇ ਤੇ ਮਹੀਨੇ ਲੰਘੇ ਰਿਜਲਟ ਆ ਗਿਆ। ਅਮਨ ਹੁਣ ਕਾਲਜ ਪੜਨਾ ਚਾਹੁੰਦੀ ਸੀ। ਪਰ ਉਸ ਦੇ ਸੱਸ ਸਹੁਰੇ ਨੇ ਸਪਸ਼ਟ ਜਵਾਬ ਦਿੱਤਾ ਕਿ ਚੰਗੇ ਘਰਾਂ ਦੀਆਂ ਬਹੂਆਂ ਵਿਆਹ ਮਗਰੋਂ ਨੀ ਪੜਦੀਆਂ ਹੁੰਦੀਆਂ ਲੋਕ ਕੀ ਕਹਿਣਗੇ। ਅਮਨ ਇਹ ਫੈਸਲਾ ਸੁਣਕੇ ਹੱਕੀ ਬੱਕੀ ਰਹਿ ਗਈ। ਉਸਨੇ ਜਿੱਦ ਫੜ ਲਈ ਉਹ ਪੜੇਗੀ ਹੀ ਪੜੇਗੀ। ਅਮਨ ਨੂੰ ਇਹ ਪਤਾ ਸੀ ਕਿ ਪ੍ਰਿੰਸ ਉਸਦੀ ਗੱਲ ਕਦੀ ਨਹੀਂ ਮੋੜੇਗਾ। ਉਹ ਜਾਣਦਾ ਸੀ ਕਿ ਉਹ ਪੜਕੇ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹੈ। 
ਪ੍ਰਿੰਸ ਨੇ ਇਸ ਵਾਰ ਵੀ ਇੱਕ ਐਸਾ ਫੈਸਲਾ ਕੀਤਾ ਜਿਸਨੇ ਇੱਕ ਵਾਰ ਫੇਰ ਉਸਦੀ ਜਿੰਦਗੀ ਬਦਲ ਦਿੱਤੀ। 

 

 
ਅਮਨ ਜਦੋਂ ਕਈ ਸਾਲ ਪਹਿਲਾਂ ਆਪਣੀ ਕਜਨ ਨਾਲ ਉਸਦੇ ਐਨਉਲ ਫ਼ੰਕਸ਼ਨ ਚ ਕਾਲਜ ਗਈ ਸੀ ਉਸਦੇ ਮਹੌਲ ਨੇ ਅਚੰਬਿਤ ਕਰ ਦਿੱਤਾ ਸੀ ।ਕੱਲੀ ਹੀ ਉਹ ਖਾਲੀ ਕਲਾਸ ਰੂਮਾਂ ਚ ਘੁੰਮਦੀ ਰਹੀ ਸੀ ।ਉਸਨੇ ਉਦੋਂ ਹੀ ਫੈਸਲਾ ਕੀਤਾ ਸੀ ਕਿ ਪੜ੍ਹਨਾ ਹੈ ਤਾਂ ਇਸੇ ਕਾਲਜ ਵਿੱਚ ।
ਅੱਜ ਜਦੋਂ ਮੌਕਾ ਆਇਆ ਤਾਂ ਇਹ ਅੜਚਨ ਨੇ ਰਸਤਾ ਰੋਕ ਲਿਆ ।ਪਰ ਪ੍ਰਿੰਸ ਦੇ ਸਾਥ ਦਾ ਉਹਨੂੰ ਭਰੋਸਾ ਸੀ ।ਪਰ ਉਸਨੂੰ ਪ੍ਰਿੰਸ ਦੇ ਫੈਸਲੇ ਤੇ ਹੈਰਾਨੀ ਹੋਈ । ਜਦੋਂ ਉਸਨੇ ਕਿਹਾ ਕਿ ਤੂੰ ਪੜ੍ਹਨਾ ਹੀ ਹੈ ਨਾ ਪ੍ਰਾਈਵੇਟ ਪੇਪਰ ਦੇ ਲਾ ਤੈਨੂੰ ਪੜ੍ਹਨ ਤੋਂ ਨਹੀਂ ਕੋਈ ਰੋਕੇਗਾ ।ਪਰ ਰੋਜ ਕਾਲਜ ਕੌਨ ਛੱਡਣ ਜਾਊ ਤੇ ਲੈਣ ਜਾਊ। ਅੱਜ ਕੱਲ ਪੜ੍ਹਾਈ ਵੀ ਕਿਹੜੀ ਏ ਕਾਲਜਾਂ ਚ ਮੁੰਡੇ ਕੁੜੀਆਂ ਦੇ ਪੱਲੇ ਆਸ਼ਕੀ ਹੀ ਹੈ ।
ਪ੍ਰਿੰਸ ਦੀਆਂ ਗੱਲਾਂ ਸੁਣਕੇ ਅਮਨ ਦੇ ਪੈਰਾਂ ਥੱਲਿਓਂ ਜਮੀਨ ਖਿਸਕ ਗਈ ।ਉਸਨੂੰ ਲਗਦਾ ਸੀ ਕਿ ਪ੍ਰਿੰਸ ਐਵੇਂ ਦੀ ਸੋਚ ਦਾ ਨਹੀਂ ਹੈ ਉਹ ਉਸਦੀਆਂ ਖਵਾਇਸ਼ਾ ਦੀ ਕਦਰ ਕਰੇਗਾ। ਪਰ ਉਸਦੀ ਸੋਚ ਵੀ ਉਸੇ ਸੋਚ ਨਾਲ ਰਚਮਿਚ ਗਈ ਜੋ ਉਸਦੇ ਸੱਸ ਸਹੁਰੇ ਦੀ ਸੀ ।ਅਮਨ ਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਕਈ ਦਿਨ ਰੋਟੀ ਨਾ ਖਾਦੀ। ਪ੍ਰਾਈਵੇਟ ਪੜਨ ਤੋਂ ਵੀ ਇਨਕਾਰ ਕਰ ਦਿੱਤਾ । ਸਾਰਾ ਦਿਨ ਕਮਰੇ ਚ ਹੀ ਰਹਿੰਦੀ ਕਿਸੇ ਨੂੰ ਬੁਲਾਂਦੀ ਨਾ । ਪ੍ਰਿੰਸ ਨੂੰ ਵੀ ਕੋਲ ਨਾ ਫਟਕਣ ਦਿੰਦੀ ।ਘਰ ਵੀ ਕਿਸਨੂੰ ਦੱਸਦੀ ਦੱਸਦੀ ਸੀ ਤਾਂ ਸਿਰਫ ਪਿੰਜਰੇ ਚ ਬੰਦ ਤੋਤੇ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ।ਵਧੇਰੇ ਕਿਤਾਬਾਂ ਪੜਨ ਲੱਗੀ ।ਜੰਦਗੀ ਦਾ ਮਕਸਦ ਕੁਝ ਸਮਝ ਨਹੀਂ ਸੀ ਆ ਰਿਹਾ ।ਕੀ ਉਹ ਵਿਆਹ ਕਰਵਾ ਕੇ ਸਿਰਫ ਇਸ ਮਹਿਲਨੁਮਾ ਘਰ ਚ ਕੈਦ ਹੋਣ ਲਈ ਆਈ ਸੀ ? ਜਿਥੋਂ ਬਾਹਰ ਨਿਕਲਣ ਲਈ ਹਰ ਵਾਰ ਉਸਦੇ ਨਾਲ ਕੋਈ ਪਹਿਰੇਦਾਰ ਜਰੂਰੀ ਸੀ ਚਾਹੇ ਸੱਸ ਸੀ ਸਹੁਰਾ ਸੀ ਜਾਂ ਪ੍ਰਿੰਸ ਸੀ ।ਕੀ ਹਰ ਔਰਤ ਦੀ ਇਹੋ ਕਹਾਣੀ ਹੈ ਕਿਉਂ ਇਹ ਸਮਾਜ ਹਰ ਔਰਤ ਨੂੰ ਹਮੇਸ਼ਾਂ ਨਿਗ੍ਹਾਦਾਰੀ ਚ ਹੀ ਰੱਖਦਾ ।ਭਾਵੇਂ ਉਹ ਕਿੱਡੀ ਵੀ ਵਫ਼ਾਦਾਰ ਕਿਉਂ ਨਾ ਹੋਵੇ ।
ਅਮਨ ਨੂੰ ਇੱਕੋ ਰਾਹ ਨਜ਼ਰ ਆਇਆ ਕਿ ਉਹ ਪੜੇਗੀ ਪ੍ਰਾਈਵੇਟ ਹੀ, ਤੇ ਬਾਅਦ ਚ ਕੋਈ ਵਧੀਆ ਨੌਕਰੀ ਲਵੇਗੀ ਤੇ ਆਪਣੀ ਮਾਂ ਦੇ ਕਹਿਣ ਵਾਂਗ ਜ਼ਰੂਰ ਇੱਕ ਦਿਨ ਅਸਲ ਚ ਆਪਣੇ ਪੈਰਾਂ ਤੇ ਖੜੀ ਹੌਏਗੀ।
ਉਸਨੇ ਪ੍ਰਿੰਸ ਨੂੰ ਸਭ ਦੱਸ ਦਿੱਤਾ ਤੇ ਪ੍ਰਿੰਸ ਨੇ ਘਰਦਿਆਂ ਨੂੰ ਵੀ ਨੌਕਰੀ ਆਲੀ ਗੱਲ ਛੱਡਕੇ ਸਭ ਦੱਸ ਦਿੱਤਾ।ਉਹਨੂੰ ਲੱਗਿਆ ਕਿ ਇਹ ਫਤੂਰ ਏ ਨੌਕਰੀ ਦਾ ਜਦੋਂ ਤੱਕ ਸਮਾਂ ਆਊ ਉਦੋਂ ਤੱਕ ਉੱਤਰ ਜਾਊਗਾ ।
ਪਰ ਸਮੱਸਿਆ ਸੀ ਕਿ ਬਾਕੀ ਵਿਸ਼ੇ ਹੋ ਜਾਣਗੇ ਪਰ ਅੰਗਰੇਜ਼ੀ ਦਾ ਔਖਾ ਸੀ ।ਪ੍ਰਿੰਸ ਨੇ ਬਿਨਾਂ ਸਮਾਂ ਲਾਏ ਫੈਸਲਾ ਕੀਤਾ ਕਿ ਜਤਿੰਦਰ ਹੀ ਪੜਾ ਜਾਇਆ ਕਰੇਗਾ ।ਅੰਗਰੇਜ਼ੀ ਵੀ ਤੇ ਬਾਕੀ ਕੋਈ ਵਿਸ਼ਾ ਵੀ ਜਿਥੇ ਲੋੜ ਪਈ । ਪਰ ਇਸ ਵਾਰ ਉਸਨੇ ਤਾੜਨਾ ਕੀਤੀ ਘਰਦਿਆਂ ਨੂੰ ਕਿ ਪਿਛਲੀ ਵਾਰ ਵਾਂਗ ਕੋਈ ਤੰਗ ਨਾ ਕੀਤਾ ਜਾਵੇ । ਇਹ ਗੱਲ ਉਸਨੇ ਅਮਨ ਨੂੰ ਸੁਣਾ ਕੇ ਕਹੀ ਸੀ ਤਾਂ ਜੋ ਉਸਨੂੰ ਯਕੀਨ ਰਹੇ ਕਿ ਪ੍ਰਿੰਸ ਹਮੇਸ਼ਾ ਉਸਦੇ ਨਾਲ ਹੈ ਉਹ ਸੀ ਵੀ ਪਰ ਉਸਦੀ ਉਠਣੀ ਬੈਠਣੀ ਨੇ ਉਸਦੀ ਸੋਚ ਥੋੜੀ ਬਦਲ ਦਿੱਤੀ ਸੀ ਭਾਵੇਂ ਪਿਆਰ ਚ ਕੋਈ ਕਮੀ ਨਹੀਂ ਸੀ ਅਜੇ ਵੀ।ਪਰ ਉਹਦੀ ਕੇਅਰ ਪਹਿਲਾਂ ਵਾਲ਼ੀ ਨਹੀਂ ਸੀ ਉਹ ਕੰਮ ਤੇ ਅਮਨ ਚੋਣ ਕੰਮ ਨੂੰ ਪਹਿਲ ਦਿੰਦਾ ਤੇ ਕਈ ਵਾਰ ਉਸਦੀ ਸਲਾਹ ਤੇ ਹੂੰ ਹਾਂ ਕਰ ਛੱਡਦਾ ।ਪਰ ਜਦੋਂ ਮਿਠੀਆਂ ਗੱਲਾ ਕਰਦਾ ਤਾਂ ਸਿਰੇ ਲਾ ਦਿੰਦਾ ਪਰ ਉਹ ਹਾੜ੍ਹ ਦੀ ਬੱਦਲੀ ਵਾਂਗ ਕਦੇ ਕਦੇ ਹੀ ਹੁੰਦਾ ਹੁਣ ਤਾਂ ।
ਅਮਨ ਨੂੰ ਹੁਣ ਜਤਿੰਦਰ ਮਾਸਟਰ ਪੜਾਉਣ ਆਉਣ ਲੱਗ ਗਿਆ ।ਉਹ ਨੌਜਵਾਨ ਹੀ ਸੀ ਅਜੇ ।ਪਰ ਕਿਤਾਬਾਂ ਪੜ੍ਹਨ ਤੇ ਅਗਾਂਵਧੂ ਸੋਚ ਦਾ ਮਾਲਿਕ ਸੀ । ਅਮਨ ਉਸ ਨਾਲ ਖੁੱਲ ਕੇ ਗੱਲਾਂ ਕਰਦੀ ਆਪਣੀ ਜੰਦਗੀ ਦੀਆਂ ਆਪਣੀ ਸੋਚ ਦੀਆਂ ਆਪਣੇ ਆਉਣ ਆਲੇ ਪਲੈਨ ਦੀਆਂ । ਕਦੇ ਉਹ ਕਿਤਾਬਾਂ ਦੀਆਂ ਗੱਲਾਂ ਕਰਦੇ ਜੋ ਦੋਵਾਂ ਨੇ ਪੜੀਆਂ ਹੁੰਦੀਆਂ ।ਕਦੇ ਕਦੇ ਆਪਨ ਸੋਚਦੀ ਕਾਸ਼ ਪ੍ਰਿੰਸ ਵੀ ਐਵੇਂ ਹੀ ਕਿਤਾਬਾਂ ਪੜ੍ਹਦਾ ਤੇ ਉਸ ਨਾਲ ਗੱਲਾਂ ਕਰਦਾ ।ਉਹਨੂੰ ਸੁਪਨਾ ਆਉਂਦਾ ਕਿ ਜਤਿੰਦਰ ਨੇ ਬੈਠੇ ਬੈਠੇ ਰੂਪ ਵਟਾ ਲਿਆ ਹੋਵੇ ਤੇ ਉਹਨੂੰ ਆਖਦਾ ਕਿ ਮੈਂ ਤਾਂ ਘਰਦਿਆਂ ਤੋਂ ਡਰਦੇ ਨੇ ਐਵੇਂ ਕੀਤਾ ਹੋਇਆ ਮੈਂ ਤੇਰਾ ਪ੍ਰਿੰਸ ਹੀ ਹਾਂ ।ਫਿਰ ਦੋਵੇਂ ਇੱਕ ਦੂਸਰੇ ਦੀਆਂ ਬਾਹਾਂ ਦੇ ਨਿੱਘ ਚ ਕਿਤਾਬ ਪੜ੍ਹਦੇ ਪੜ੍ਹਦੇ ਸੌਂ ਜਾਂਦੇ ।
ਇਹ ਤਾਂ ਸੁਪਨਾ ਸੀ ਪਰ ਇੱਕ ਹਕੀਕਤ ਨੇ ਉਸਦੀ ਨੀਂਦ ਹਰਾਮ ਕਰ ਦਿੱਤੀ ਅਚਾਨਕ ਹੀ ।ਪ੍ਰੋਟੈਕਸਨ ਦੇ ਮਾਮਲੇ ਚ ਪਤਾ ਨੀ ਕਿਥੇ ਖੁੰਝ ਗਈ ।ਕਿ ਉਸਨੂੰ ਮਹੀਨਾ ਚੜੇ ਤੇ ਹੀ ਪਤਾ ਲੱਗਾ ਕਿ ਉਹ ਪ੍ਰੈਗਨੈਂਟ ਹੈ । ਇਸ ਲਈ ਉਹ ਤਿਆਰ ਨਹੀਂ ਸੀ ਭਾਵੇਂ ਪਹਿਲੇ ਸਾਲ ਦੇ ਪੇਪਰ ਦੇ ਦਿੱਤੇ ਸੀ ਪਰ ਉਹਦੀ ਉਮਰ ਅਜੇ ਵੀਹ ਵੀ ਨਹੀਂ ਸੀ ।ਤੇ ਉਹ ਬੱਚਾ ਨਹੀਂ ਸੀ ਚਾਹੁੰਦੀ ।
ਪ੍ਰਿੰਸ ਨੂੰ ਉਹਨੇ ਦੱਸਿਆ ਤਾਂ ਉਹ ਖੁਸ਼ੀ ਨਾਲ ਨੱਚ ਹੀ ਉੱਠਿਆ ।ਉਸਦੀ ਪੂਰੀ ਗੱਲ ਸੁਣੇ ਬਿਨਾਂ ਹੀ ਘਰ ਦੱਸ ਦਿੱਤਾ ਤੇ ਅੱਧੀਆ ਰਿਸ਼ਤੇਦਾਰੀਆਂ ਚ। ਅਮਨ ਕਹਿਣਾ ਤਾਂ ਚਾਹੁੰਦੀ ਸੀ ਕਿ ਉਹ ਅਬਾਰਸ਼ਨ ਕਰਵਾਉਣਾ ਚਾਹੁੰਦੀ ਹੈ ਪਰ ਪ੍ਰਿੰਸ ਦੀ ਖੁਸ਼ੀ ਵੇਖ ਕੇ ਉਹ ਕਹਿ ਨਾ ਸਕੀ ।ਪ੍ਰਿੰਸ ਦੀਆਂ ਅੱਖਾਂ ਚ ਪਿਆਰ ਤੇ ਉਸਦੀ ਕੇਅਰ ਦੇਖ ਕੇ ਉਹਨੇ ਇਹ ਖੁਸ਼ੀ ਉਸਦੇ ਨਾਮ ਕਰਨ ਦੀ ਸੋਚ ਹੀ ਲਈ,ਪ੍ਰਿੰਸ ਨੇ ਵੀ ਤਾਂ ਉਸਦਾ ਸਾਥ ਦਿੱਤਾ ਸੀ ਹਰ ਜਗਾਹ।
ਮਹੀਨੇ ਲੰਘੇ ਤੇ ਅਖੀਰ ਉਸਦੇ ਘਰ ਇੱਕ ਬੜੀ ਹੀ ਪਿਆਰੀ ਬੱਚੀ ਨੇ ਜਨਮ ਲਿਆ ।ਸਭ ਨੂੰ ਜਿਵੇਂ ਇੱਕ ਖਿਲਉਣਾ ਮਿਲ ਗਿਆ ਹੋਵੇ ।ਪ੍ਰਿੰਸ ਨੂੰ ਉਹਦੀ ਸੱਸ ਨੂੰ ਤੇ ਸਹੁਰੇ ਨੂੰ ਬੱਚੀ ਖਿਡਾਉਣ ਤੋਂ ਹੀ ਫੁਰਸਤ ਨਾ ਮਿਲਦੀ ।ਬੱਚੀ ਦਾ ਨਾਮ ਹੀ ਉਹਨਾਂ ਨੇ ਕਿਰਨ ਰਖਿਆ ।ਉਸਦੇ ਜੀਵਨ ਚ ਉਹ ਪਿਆਰ ਦੀਆਂ ਕਿਰਨਾਂ ਲੈ ਕੇ ਜੋ ਆਈ ਸੀ।
ਉਸਦੇ ਸਰੀਰ ਦੇ ਵਧਣ ਤੇ ਲੈ ਕੇ ਮੁੜ ਉਸੇ ਸ਼ੇਪ ਚ ਵਾਪਿਸ ਆਉਣ ਤੱਕ ਜਿਸ ਬੰਦੇ ਨੇ ਉਸਨੂੰ ਸਭ ਤੋਂ ਗੌਰ ਨਾਲ ਦੇਖਿਆ ਸੀ ਉਹ ਮਾਸਟਰ ਜਤਿੰਦਰ ਹੀ ਸੀ । ਦੋਵੇਂ ਜਿਵੇਂ ਇੱਕ ਅਲਗ ਲੈਵਲ ਤੇ ਇੱਕ ਦੂਜੇ ਦੇ ਦੋਸਤ ਹੋ ਚੁੱਕੇ ਹੋਣ ।ਜਤਿੰਦਰ ਹਮੇਸ਼ਾ ਹੀ ਕਹਿੰਦਾ ਸੀ ਕਿ ਕਿਵੇਂ ਕੁੜੀਆਂ ਨੂੰ ਆਪਣੇ ਫੈਸਲੇ ਲੈਣੇ ਚਾਹੀਦੇ ਤੇ ਕਿੰਜ ਜੀਵਨ ਜਿਉਣਾ ਚਾਹੀਦਾ ਉਹ ਉਹਨਾਂ ਔਰਤਾਂ ਦੀਆਂ ਕਹਾਣੀਆਂ ਦੱਸਦਾ ਜਿਹਨਾਂ ਨੇ ਸੱਚ ਮੁੱਚ ਆਪਣੇ ਫੈਸਲੇ ਲੈ ਕੇ ਖੁਦ ਨੂੰ ਹੀ ਨਹੀਂ ਦੁਨੀਆਂ ਨੂੰ ਹੀ ਬਦਲ ਦਿੱਤਾ ।ਅਮਨ ਵੀ ਕੋਈ ਐਸੀ ਹੀ ਕੁੜੀ ਬਣਨਾ ਚਾਹੁੰਦੀ ਸੀ ।ਜੋ ਦੁਨੀਆਂ ਦੇ ਕਿਸੇ ਹਿੱਸੇ ਆਪਣਾ ਨਾ ਚਮਕਾ ਸਕੇ। ਉਹ ਬਾਰ ਬਾਰ ਇੱਕੋ ਗੱਲ ਕਹਿੰਦੀ ਉਸਨੇ ਪਸੰਦ ਨਾਲ ਜੀਵਨ ਸਾਥੀ ਚੁਣਿਆ ਤੇ ਮਗਰੋਂ ਕਿੰਨੀਆਂ ਹੀ ਹੋਏ ਕੁੜੀਆਂ ਮੁੰਡਿਆ ਨੇ ਪਿਆਰ ਵਿਆਹ ਕਰਵਾਏ ।ਉਸਨੂੰ ਇਹ ਗੱਲ ਖੁਸ਼ੀ ਦਿੰਦੀ ਸੀ ਕਿ ਪਿਆਰ ਆਜ਼ਾਦੀ ਨਾਲ ਕਰਕੇ ਉਹ ਜੀਅ ਰਹੀਆਂ ਹਨ।ਬਸ ਸੁਪਨਾ ਸੀ ਕਿਤਾਬਾਂ ਆਲਿਆਂ ਕੁੜੀਆਂ ਵਾਂਗ ਦੁਨੀਆਂ ਬਦਲਣ ਦਾ।
ਉਸਦੀਆਂ ਗੱਲਾਂ ਨੂੰ ਪ੍ਰਿੰਸ ਖੋਖਲੀਆਂ ਤੇ ਕਿਤਾਬੀ ਆਖਦਾ ਸੀ ਉਹਨੂੰ ਲਗਦਾ ਸੀ ਕਿ ਜੋ ਲੋਕ ਕਿਤਾਬੀ ਗੱਲਾਂ ਕਰਦੇ ਹਨ ਉਹ ਅਸਲ ਜੰਦਗੀ ਦੇ ਫੈਸਲੇ ਨਹੀਂ ਲੈ ਪਾਉਂਦੇ ।
ਤਿੰਨ ਸਾਲ ਦੀ ਪੜਾਈ ਤੋਂ ਮਗਰੋਂ ਤੇ ਤੇ ਫਿਰ ਇੱਕ ਕੰਪੀਟੀਸ਼ਨ ਦੀ ਤਿਆਰੀ ਕਰਕੇ ਅਖੀਰ ਉਸਨੂੰ ਨੌਕਰੀ ਮਿਲ ਹੀ ਗਈ ।ਇਸ ਚ ਸਾਥ ਦਿੱਤਾ ਸਭ ਤੋਂ ਜ਼ਿਆਦਾ ਜਤਿੰਦਰ ਨੇ ।ਨੌਕਰੀ ਦੇ ਫਾਰਮ ਭਰਨ ਦਾ ਪਤਾ ਵੀ ਪ੍ਰਿੰਸ ਨੂੰ ਪੇਪਰ ਆਲੇ ਦਿਨ ਲੱਗਾ ਸੀ । ਅਖੀਰ ਘਰੇ ਚਿੱਠੀ ਆਈ ਜੁਆਇਨ ਕਰਨ ਲਈ ਤੇ ਭੂਚਾਲ ਆ ਗਿਆ । ਜੁਅਨਿੰਗ ਵੀ ਐਨੀ ਕੁ ਦੂਰ ਸੀ ਕਿ ਰੋਜ ਘਰ ਆਣਾ ਮੁਸ਼ਕਿਲ ਸੀ ਤੇ ਓਥੇ ਹੀ ਰਹਿਣਾ ਪੈਣਾ ਸੀ ।
ਘਰਦੇ ਅੜੇ ਹੋਏ ਸੀ ਕਿ ਨੌਕਰੀ ਨਹੀਂ ਕਰਨੀ ਅਸੀਂ ਨੌਕਰੀ ਕਰਵਾ ਕੇ ਲੋਕਾਂ ਤੋਂ ਇਹ ਨਹੀਂ ਕਹਾਉਣਾ ਕਿ ਨੂੰਹ ਦੀ ਕਮਾਈ ਖਾਂਦੇ ਨੇ । ਪ੍ਰਿੰਸ ਫੱਸਿਆ ਮਹਿਸੂਸ ਕਰ ਰਿਹਾ ਸੀ ਪਰ ਬਾਪੂ ਬੇਬੇ ਦੀ ਜਿੱਦ ਅੱਗੇ ਉਹ ਵੀ ਝੁਕ ਗਿਆ ।ਪਰ ਅਮਨ ਆਪਣੀ ਜਿੱਦ ਤੇ ਟਿਕੀ ਹੋਈ ਸੀ ।ਉਸਨੇ ਪਿਛਲੇ 5 ਸਾਲ ਇਸ ਘਰ ਦੀ ਕੈਦ ਚ ਇਹੋ ਉਮੀਦ ਨਾਲ ਕੱਟੇ ਸੀ ਕਿ ਇੱਕ ਦਿਨ ਉਹ ਆਪਣੇ ਸਾਰੇ ਫੈਸਲੇ ਖੁਦ ਕਰ ਸਕੇਗੀ ਤੇ ਇਹਨਾਂ ਨਜ਼ਰਾਂ ਤੋਂ ਬਾਹਰ ਨਿਕਲੇਗੀ ।
ਬੜੀ ਲੜਾਈ ਹੋਈ ਕਈ ਦਿਨ ਕਲੇਸ਼ ਚਲਦਾ ਰਿਹਾ ।ਪ੍ਰਿੰਸ ਘਰ ਆਉਂਦਾ ਤਾਂ ਅਮਨ ਜਾਂ ਰੋਂਦੀ ਜਾਂ ਲੜਦੀ । ਉਹਨੇ ਰਾਤੀ ਸੋਣਾ ਵੀ ਖੇਤਾਂ ਚ ਸ਼ੁਰੂ ਕਰਤਾ ।ਪਰ ਅਮਨ ਇਸ ਵਾਰ ਆਪਣੇ ਫੈਸਲੇ ਦੇ ਅਡਿਗ ਸੀ ।ਉਸਨੂੰ ਲੱਗਾ ਕਿ ਉਹ ਜੁਆਇਨ ਕਰੇਗੀ ਤੇ ਮਗਰੋਂ ਸਭ ਠੀਕ ਹੋ ਜਾਊ ।ਪਰ ਇੱਕ ਵਾਰ ਇਸ ਸਭ ਲਈ ਉਸਨੂੰ ਕਿਸੇ ਦੀ ਲੋੜ ਸੀ ।ਜੋ ਉਸਨੂੰ ਇੱਕ ਵਾਰ ਜੁਆਇਨ ਕਰਵਾ ਕੇ ਤੇ ਓਥੇ ਰਹਿਣ ਦਾ ਪ੍ਰਬੰਧ ਕਰਵਾ ਸਕੇ ।
ਉਸਨੇ ਚੁਪਕੇ ਜਤਿੰਦਰ ਨਾਲ ਫੋਨ ਤੇ ਗੱਲ ਕੀਤੀ ਕਿ ਉਹ ਉਸ ਨਾਲ ਜਾਵੇ ਤੇ ਸਭ ਪ੍ਰਬੰਧ ਕਰਵਾ ਕੇ ਆਵੇ ।ਪਰ ਜਤਿੰਦਰ ਕਿਸੇ ਵੀ ਐਸੇ ਝਗੜੇ ਚ ਨਹੀਂ ਪੈਣਾ ਚਾਹੁੰਦਾ ਸੀ ।ਉਸਨੂੰ ਲਗਦਾ ਸੀ ਕਿ ਇੰਝ ਕਰਦਿਆਂ ਕਿਸੇ ਨੇ ਦੇਖ ਲਿਆ ਪਿੰਡ ਚ ਖੰਬਾਂ ਦੀਆਂ ਦਾਰਾਂ ਬਣਦਿਆਂ ਟਾਈਮ ਨਹੀਂ ਲਗਦਾ ।ਜਤਿੰਦਰ ਦੇ ਇਸ ਵੇਲੇ ਸਾਥ ਛੱਡ ਦੇਣ ਤੇ ਅਮਨ ਰੋਣ ਹੱਕੀ ਹੋ ਗਈ ਉਸਨੂੰ ਪ੍ਰਿੰਸ ਦੀ ਗੱਲ ਸਹੀ ਲੱਗੀ ਕਿ ਕੁਝ ਲੋਕੀ ਸਿਰਫ ਗਿਆਨ ਵੰਡ ਸਕਦੇ ਅਮਲ ਨਹੀਂ ਕਰ ਸਕਦੇ ।ਪਰ ਉਸਨੇ ਜਤਿੰਦਰ ਨੂੰ ਸਾਫ ਕਹਿ ਦਿੱਤਾ ਕਿ ਉਹ ਪਾਠੀ ਲੱਗਣ ਤੋਂ ਪਹਿਲਾਂ ਉਸੀ ਵੇਟ ਕਰੇਗੀ । ਜੇ ਉਹ ਨਾ ਆਇਆ ਤਾਂ ਉਹ ਕੱਲੀ ਹੀ ਚਲੇ ਜਾਏਗੀ ਕਿਸੇ ਵੀ ਹੀਲੇ ।ਤੇ ਨਾਮ ਉਸਦਾ ਲਗਾ ਜਾਏਗੀ ।
ਜਤਿੰਦਰ ਨੂੰ ਇਹ ਤਾਂ ਪਤਾ ਸੀ ਕਿ ਉਹ ਜਾ ਨਹੀਂ ਸਕਦੀ ਕਿਤੇ ਪਰ ਉਸਦੇ ਮਨ ਚ ਡਰ ਬੈਠ ਗਿਆ । ਸਾਰੀ ਰਾਤ ਸੋਚਦਾ ਰਿਹਾ ।ਪਾਠੀ ਲੱਗਣ ਤੱਕ ਫਿਰ ਉਸਤੋਂ ਪਿਆ ਨਾ ਗਿਆ ।ਉਠਕੇ ਗੁਰਦਵਾਰੇ ਵੱਲ ਚੱਲ ਪਿਆ । ਅਮਨ ਦਾ ਘਰ ਵ ਗੁਰਦੁਆਰੇ ਸਾਹਮਣੇ ਹੀ ਸੀ ।ਗੁਰਦੁਆਰੇ ਕੋਲ ਪਹੁੰਚਿਆ ਤਾਂ ਅਮਨ ਦੇ ਘਰੋਂ ਉੱਚੀ ਅਵਾਜ਼ਾਂ ਤੇ ਭੱਜ ਦੌੜ ਜਹੀ ਦੇਖ ਕੇ ਉਸਨੂੰ ਲੱਗਾ ਕਿ ਭਾਣਾ ਵਰਤ ਗਿਆ । ਪਰ ਜਦੋਂ ਉਸਨੇ ਵਿੱਚ ਹੀ ਅਮਨ ਦੀ ਆਵਾਜ ਸੁਣੀ ਤਾਂ ਸਾਹ ਚ ਸਾਹ ਆਇਆ ।ਮਸਲਾ ਕੀ ਇਹ ਸਮਝਣ ਲਈ ਇੱਕ ਦੋ ਹੋਰ ਜਣਿਆ ਨਾਲ ਅੰਦਰ ਚਲਾ ਗਿਆ ।
ਪਤਾ ਲੱਗਾ ਕਿ ਰਾਤੀ ਕਿਸੇ ਤੋਂ ਤੋਤੇ ਦਾ ਪਿੰਜਰਾ ਖੁਲਾ ਰਹਿ ਗਿਆ ਸੀ ਜੋ ਉੱਡ ਗਿਆ ਸੀ ਤੇ ਘਰ ਚ ਕਿਤੇ ਨਹੀਂ ਸੀ ਉਹਨਾਂ ਨੂੰ ਲਗਦਾ ਸੀ ਮੂੰਹ ਹਨੇਰੇ ਚ ਮਿਲ ਗਿਆ ਤਾਂ ਠੀਕ ਦਿਨ ਚ ਕਿਤੇ ਉੱਡ ਗਿਆ ਤਾਂ ਮਿਲਣਾ ਨੀ ।ਪ੍ਰਿੰਸ ਵੀ ਘਰ ਸੀ ਉਸਨੇ ਜਤਿੰਦਰ ਨੂੰ ਦੱਸਿਆ ਕਿ ਅਮਨ ਨੇ ਨੌਕਰੀ ਨਾ ਕਰਨ ਦਾ ਫੈਸਲਾ ਕਰ ਲਿਆ ਹੈ ।ਪ੍ਰਿੰਸ ਉਸਨੂੰ ਚਾਹ ਪੀਣ ਲਈ ਬਿਠਾ ਕੇ ਆਪ ਫਿਰ ਤੋਤਾ ਹੀ ਲੱਭਣ ਲੱਗ ਗਿਆ । ਅਮਨ ਚਾਹ ਲੈ ਆਈ ਪਟ ਜਤਿੰਦਰ ਉਸ ਨਾਲ ਨਜਰਾਂ ਨਾ ਮਿਲਾ ਸਕਿਆ ।ਅਮਨ ਨੇ ਕਿਹਾ ਕਿ ਤੂੰ ਸੋਚਦਾ ਹੋਵੇਗਾ ਮੈਂ ਗਈ ਕਿਉਂ ਨੀ ,ਮੈਂ ਕਿੰਨੇ ਹੀ ਫ਼ੈਸਲੇ ਹਿੰਮਤ ਨਾਲ ਲੈ ਨੇ ਜੰਦਗੀ ਚ ਤਾਂ ਆਹ ਕਿਉਂ ਨੀ ।
ਤੈਨੂੰ ਫੋਨ ਕਰਨ ਮਗਰੋਂ ਮੈਂ ਬਹੁਤ ਸੋਚਿਆ । ਸਵੇਰੇ ਉੱਠੀ ਵੀ ਪੈਕ ਵੀ ਕਰ ਲਿਆ ਪਰ ਕਿਰਨ ਵੱਲ ਦੇਖ ਕੇ ਹੀਆ ਨਾ ਕਰ ਸਕੀ ਮੈਨੂੰ ਲਗਦਾ ਕਿ ਮੈਂ ਆਪਣੀ ਆਜ਼ਾਦੀ ਬਹੁਤ ਸਮਾਂ ਪਹਿਲਾਂ ਗਿਰਵੀ ਰੱਖ ਚੁੱਕੀ ਹਾਂ ।ਤੇ ਮੈਂ ਉਸਨੁੰ ਸਿਰਫ ਇੱਕ ਲਵ ਮੈਰਿਜ ਤੱਕ ਸੀਮਿਤ ਕਰ ਦਿੱਤਾ । ਪਰ ਆਜ਼ਾਦ ਤਬੀਅਤ ਸਿਰਫ ਲਵ ਮੈਰਿਜ ਨਹੀਂ ਹੁੰਦੀ ਸਗੋਂ ਆਪਣੇ ਫੈਸਲੇ ਆਪ ਲੈਣ ਚ ਹੁੰਦੀ ।ਇਹ ਫ਼ਿਤਰਤ ਚ ਹੁੰਦੀ ਹੈ ।ਬਿਲਕੁਲ ਉਸ ਤੋਤੇ ਵਾਂਗ ਜੋ ਬਹੁਤ ਸਾਲਾਂ ਤੋਂ ਪਿੰਜਰੇ ਚ ਕੈਦ ਸੀ ਤੇ ਮੈਂ ਹੀ ਉਸਨੂੰ ਆਜਾਦ ਕਰ ਦਿੱਤਾ ਹੁਣ ਉਹ ਕਦੇ ਵਾਪਿਸ ਨੀ ਆਊ ।ਆਜ਼ਾਦੀ ਪੰਛੀਆਂ ਦੀ ਫਿਤਰਤ ਚ ਹੁੰਦੀ ਹੈ । ਮੈਂ ਆਪਣੀ ਧੀ ਨੂੰ ਇਹੋ ਸਿਖਾਵਾਂਗੀ ।ਆਪਣੇ ਫੈਸਲੇ ਖੁਦ ਲੈਣੇ ਤੇ ਸਿਰਫ ਪਿਆਰ ਕਰ ਲੈਣ ਨੂੰ ਅਜਾਦੀ ਸਮਝ ਲੈਣ ਦੀ ਭੁੱਲ ਨਾ ਕਰ ਬੈਠਣਾ ਤੇ ਪਿੰਜਰੇ ਚ ਬੰਦ ਨਾ ਹੋ ਜਾਣਾ ।ਅਸਲ ਅਜਾਦੀ ਅਸਮਾਨ ਦੀ ਉਚਾਈਆਂ ਚ ਹੈ। ਮੈਂ ਇਹ ਕਿਤਾਬੀ ਗੱਲਾਂ ਜ਼ਿੰਦਗੀ ਚ ਅਜਮਾ ਲਈਆਂ.
ਤੇ ਜਤਿੰਦਰ ਕਦੇ ਕਮਰਿਓਂ ਬਾਹਰ ਗਈ ਅਮਨ ਵੱਲ ਵੇਖਦਾ ਕਦੇ ਪਿੰਜਰੇ ਵੱਲ ਤੇ ਕਦੇ ਵਿਹੜੇ ਚ ਤੋਤੇ ਨੂੰ ਅਵਾਜ਼ਾਂ ਮਾਰਦੇ ਉਸ ਪਰਿਵਾਰ ਵੱਲ ।ਸ਼ਾਇਦ ਪਰਿਵਾਰ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇੱਕ ਹੋਰ ਪੰਛੀ ਰਾਤੀ ਉਡਦਾ ਉਡਦਾ ਰਹਿ ਗਿਆ । #HarjotDiKalam
End
ਆਪਣੇ ਵਿਚਾਰ ਇੱਥੇ ਦੀਓ ਜੀ 

13 thoughts on “ਫਿਤਰਤ

  1. ਕਰਮਜੀਤ ਕੌਰ ਖਹਿਰਾ

   ਵਾਹ ਬੇਹੱਦ ਖੂਬਸੂਰਤ ਲਿਖਤ। ਮੈਂ ਤੁਹਾਡੀਆਂ ਲਿਖਤਾਂ ਬਹੁਤ ਰੇਅਰਲੀ ਪੜ੍ਹਦੀ ਸੀ ਜਦ ਕਦੇ ਸਕਰੀਨ ‘ਤੇ ਸਾਹਮਣੇ ਆ ਜਾਂਦੀਆਂ ਸਨ, ਪਰ ਹੁਣ ਲਗਾਤਾਰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਇਹ ਮੇਰੀ ਪਹਿਲੀ ਕਹਾਣੀ ਸੀ ਜੋ ਬਹੁਤ ਸੋਹਣੀ ਲੱਗੀ। ਵਾਹਿਗੁਰੂ ਤੁਹਾਡੀ ਕਲਮ ਨੂੰ ਹੋਰ ਮਜ਼ਬੂਤੀ ਬਖ਼ਸ਼ੇ।

   Like

   Reply
 1. Manjit

  Speechless eni vadia story choti umer de munde kudia jo galat fesla le lende ne te baad vich onha nu samj aundi hae jurar story read karni cheri hae

  Like

  Reply
 2. Rajni bala

  ਸਟੋਰੀ te bhut sohni aa but ਹਰ var ਕੁੜੀਆਂ ਨੂੰ ਹੀ ਕਿਉਂ apne ਸਪਨੇ ਮਾਰਨੇ ਪੈਂਦੇ ਆ , ਹਰ ਵਾਰ ਕੁੜੀਆਂ ਦੀ ਹੀ ਆਜ਼ਾਦੀ ਕਿਉਂ ਖੋਹੀ ਜਾਂਦੀ ਆ

  Like

  Reply

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s