
ਕਹਾਣੀ :ਅਣਲੱਗ
ਭਾਗ ਦੂਸਰਾ
ਸੁਖਵੀਰ ਦਾ ਦਿਲ ਰੀਤੂ ਨਾਲ ਬਿਤਾਏ ਇੱਕ ਇੱਕ ਪਲ ਚ ਗੁੰਮ ਗਿਆ ਸੀ । ਅੰਦਰ ਤੇ ਬਾਹਰ ਦੇ ਖਾਲੀਪਣ ਨੂੰ ਭਰਨ ਲਈ ਉਸਨੇ ਫੋਨ ਚੁੱਕਿਆ ਤੇ ਹਮੇਸ਼ਾ ਦੀ ਤਰ੍ਹਾਂ ਵਟਸਐਪ ਖੋਲ੍ਹ ਕੇ ਉਸਨੂੰ ਮੈਸੇਜ ਕਰਨ ਦੀ ਸੋਚੀ । ਪਰ ਉਸਦੇ ਆਪਣੇ ਹਸਬੈਂਡ ਨਾਲ ਲੱਗੀ ਵਿਆਹ ਦੀ ਡੀਪੀ ਵੇਖ ਸਿਰਫ ਉਹੀ ਦੇਖ ਓਥੇ ਹੀ ਛੱਡ ਦਿੰਦਾ । ਅਲਵਿਦਾ ਦਾ ਆਖ਼ਿਰੀ ਮੈਸੇਜ ਪੜ੍ਹ ਕੇ ਉਹ ਪੁਰਾਣੀ ਚੈਟ ਚ ਗੁੰਮ ਜਾਂਦਾ । ਕਿੰਨੀ ਵਾਰ ਸੋਚਿਆ ਕਿ ਇਸ ਨੂੰ ਡਿਲੀਟ ਕਰ ਦਵੇ । ਪਰ ਉਂਗਲੀਆਂ ਕੰਬ ਉੱਠਦੀਆਂ । ਤੇ ਉਹ ਕਦੇ ਚੈਟ ਡਿਲੀਟ ਨਾ ਕਰ ਸਕਿਆ ।
ਤਦੇ ਗੁਰੀ ਦਾ ਮੈਸੇਜ ਫਲੈਸ਼ ਹੋਇਆ । ਸ਼ਾਇਦ ਉਸਦਾ ਖਾਣੇ ਦਾ ਬ੍ਰੇਕ ਹੋਇਆ ਸੀ। ਇਸ ਲਈ ਖੁਦ ਦੇ ਖਾਣੇ ਦੀ ਫੋਟੋ ਕਲਿੱਕ ਕਰਕੇ ਉਸਨੂੰ ਭੇਜੀ ਸੀ । ਭੂਤ ਤੇ ਭਵਿੱਖ ਚ ਉਸਨੂੰ ਆਪਣਾ ਵਰਤਨਮਾਨ ਫੱਸਿਆ ਹੋਇਆ ਜਾਪ ਰਿਹਾ ਸੀ । ਫੋਟੋ ਦੇ ਬਦਲੇ ਚ ਉਸਨੇ ਵੀਡੀਓ ਕਾਲ ਦੇ ਬਟਨ ਤੇ ਕਲਿੱਕ ਕੀਤਾ ।ਅੱਗਿਉਂ ਗੁਰੀ ਦਾ ਹੱਸਦਾ ਚਿਹਰਾ ਦਿੱਸਿਆ।
ਉਸਦੇ ਚਿਹਰੇ ਦੇ ਫਿਊਜ਼ ਉੱਡੇ ਵੇਖ ਗੁਰੀ ਸਮਝ ਗਈ ਸੀ ਕਿ ਜਰੂਰ ਆਪਣੀ ਪ੍ਰੇਮ ਕਹਾਣੀ ਨੂੰ ਕੋਸ ਰਿਹਾ ਹੋਣਾ । “ਹੁਣ ਤੇ ਉਹਦਾ ਵਿਆਹ
ਹੋ ਗਿਆ ਹੁਣ ਤੋਂ ਘੱਟੋ ਘੱਟ ਉਸਨੂੰ ਭੁੱਲ ਜਾ “. ਇੰਝ ਹਰ ਰੋਜ ਇਸ ਤਰ੍ਹਾਂ ਦੇਵਦਾਸ ਬਣਨ ਦੀ ਕੀ ਲੋੜ ਭਲਾਂ ?
ਗੁਰੀ ਨੇ ਕਹਿ ਤਾਂ ਦਿੱਤਾ ਸੀ ਪਰ ਉਹ ਆਪ ਕਿੰਨਾ ਕੁ ਆਪਣੇ ਹਿੱਸੇ ਨੂੰ ਭੁੱਲ ਗਈ ਸੋਚਕੇ ਉਸਦੇ ਚਿਹਰੇ ਤੇ ਉਦਾਸੀ ਦੀ ਲਕੀਰ ਫਿਰਨ ਲੱਗੀ। ਪਰ ਉਸਨੇ ਮੂੰਹ ਤੇ ਸ਼ਿਕਨ ਨਹੀਂ ਆਉਣ ਦਿੱਤਾ । ਉਹ ਹਰ ਕੋਸ਼ਿਸ਼ ਕਰਦੀ ਸੀ ਕਿ ਜਦੋਂ ਸੁਖਵੀਰ ਉਦਾਸ ਹੋਵੇ ਕਦੇ ਆਪਣੀ ਉਦਾਸੀ ਜ਼ਾਹਿਰ ਨਾ ਹੋਣ ਦਵੇ ਪਤਾ ਨਹੀਂ ਕਦੋੰ ਤੇ ਕਿਵੇਂ ਦੋਵੇਂ ਇੱਕ ਦੂਜੇ ਦੇ ਉਦਾਸ ਪਲਾਂ ਨੂੰ ਖੁਸ਼ੀ ਚ ਬਦਲਣ ਦੀ ਕੋਸ਼ਿਸ ਕਰਨ ਲੱਗੇ ਸੀ । ਟੁੱਟੇ ਹੋਏ ਟੁੱਟਿਆਂ ਨੂੰ ਵੱਧ ਸਮਝਦੇ ਹਨ । ਟੁੱਟਣ ਦਾ ਦਰਦ ਹੀ ਅਜਿਹਾ ਹੈ ਕਿ ਦੂਸਰੇ ਦਾ ਵੀ ਸਮਝ ਪੈ ਜਾਂਦਾ ਹੈ ।
ਪਰ ਸੁਖਵੀਰ ਨੇ ਕੋਸ਼ਿਸ਼ ਤਾਂ ਹਰ ਇੱਕ ਕੀਤੀ ਸੀ ਕਿ ਉਸਦਾ ਤੇ ਰੀਤੂ ਦਾ ਵਿਆਹ ਹੋ ਜਾਏ ।ਇੱਥੇ ਲਈ ਤੁਰਿਆ ਸੀ ਤਾਂ ਉਮੀਦ ਸੀ ਕਿ ਦੋ ਤਿੰਨ ਸਾਲ ਚ ਰੀਤੂ ਨੂੰ ਵਿਆਹ ਕੇ ਲੈ ਆਏਗਾ। ਤੇ ਫਿਰ ਸਿਰਫ ਉਹਨਾਂ ਦੀ ਦੁਨੀਆਂ ਹੋਵੇਗੀ । ਪਰ ਤਿੰਨ ਤੋਂ ਚਾਰ ਤੇ ਚਾਰ ਤੋੰ ਪੰਜ ਕਿੰਨਾ ਸਮਾਂ ਉਹ ਆਪਣੇ ਘਰਦਿਆ ਨੂੰ ਰੋਕ ਕੇ ਰੱਖਦੀ ਸਿਰਫ ਇੱਕ ਫੋਨ ਕਾਲ ਦੇ ਸਹਾਰੇ । ਉਮਰ ਦੇ ਸੁਨਿਹਰੇ ਵਰ੍ਹੇ ਖਵਾ ਕੇ ਵੀ ਇਹ ਫਾਸਲੇ ਨਾ ਮਿਟ ਸਕੇ । ਤੇ ਉਹ ਇੱਕ ਦਿਨ ਕਿਸੇ ਹੋਰ ਦੀ ਹੋਕੇ ਚਲੀ ਗਈ । ਦੋਵਾਂ ਕੋਲ ਕੋਈ ਆਪਸ਼ਨ ਵੀ ਨਹੀਂ ਸੀ ।
ਇਹੋ ਜਹੀ ਕਹਾਣੀ ਹੀ ਗੁਰੀ ਦੀ ਸੀ ,ਆਪਣਾ ਦੇਸ਼ ਛੱਡ ਕੋਈ ਵਿਦੇਸ਼ ਦੀ ਧਰਤੀ ਤੇ ਪੈਰ ਪਾਉਂਦਾ ਤਾਂ ਸਿਰਫ ਸਮਾਜਿਕ ਰਿਸ਼ਤੇ ਛੱਡ ਕੇ ਨਹੀਂ ਆਉਂਦਾ ਸਗੋਂ ਆਪਣਾ ਪਿਆਰ ਵੀ ਛੱਡ ਕੇ ਆਉਂਦਾ ਤੇ ਦੋਸਤ ਮਿੱਤਰ ਵੀ । ਗੁਰੀ ਵੀ ਧੰਮੀ ਨੂੰ ਇਸੇ ਲਈ ਛੱਡ ਆਈ ਸੀ । ਪਰ ਉਸਦੇ ਅਜੇ ਪੈਰ ਵੀ ਨਹੀਂ ਸੀ ਜੰਮੇ ਉਦੋਂ ਤੱਕ ਉਹ ਵਿਆਹ ਕਰਵਾ ਚੁੱਕਾ ਸੀ । ਚੰਗੇ ਘਰ ਵਿਚੋਂ ਸੀ ਤੇ ਸੋਹਣਾ ਸੁਨੱਖਾ ਸੀ ਪੂਰੇ ਟੱਬਰ ਦੀ ਆਸ ਸੀ ਕਿ ਇੱਕੋ ਵਾਰ ਕਨੇਡਾ ਸੈੱਟਲ ਹੋ ਜਾਊਗਾ । ਤੇ ਉਸਦੀਆਂ ਕੱਲੀ ਦੀਆਂ ਉਹ ਰਾਤਾਂ ਵੀ ਹਨੇਰੇ ਚ ਗੁਜਰੀਆਂ ਸੀ ।
ਇੱਥੇ ਇਸ ਬੇਸਮੈਂਟ ਚ ਜਦੋਂ ਸ਼ਿਫਟ ਕੀਤਾ ਸੀ ਤਾਂ ਦਵਿੰਦਰ ਮਿਲਿਆ ਸੀ । ਬਾਕੀ ਮੁੰਡਿਆ ਨਾਲੋਂ ਅੱਡ ਨਹੀਂ ਸੀ ਲੱਗਿਆ । ਬਿਨਾਂ ਬੁਆਏਫ੍ਰੈਂਡ ਤੋਂ ਤੇ ਬਿਨਾਂ ਰਿਸ਼ਤੇਦਾਰ ਤੋਂ ਰਹਿ ਰਹੀ ਕੁੜੀ ਨੂੰ ਸਭ ਏਥੇ ਸਮਝਦੇ ਹਨ ਕਿ ਕਿਸੇ ਨੂੰ ਵੀ ਮਿਲ ਸਕਦੀ ਹੈ । ਹਰ ਕੋਈ ਆਪਣੇ ਆਪਣੇ ਤਰੀਕੇ ਆਪਣੇ ਵੱਲ ਕਰਨ ਦੀ ਸੋਚਦਾ ਹੈ । ਤੇ ਫਿਰ ਕੁਝ ਦਿਨ ਕੱਢੇ ਤੇ ਫਿਰ ਨਵੀਂ ਵੱਲ ਇੱਕ ਤਰ੍ਹਾਂ ਨਾਲ ਸਭ ਨੇ ਇਹੋ ਰੁਟੀਨ ਬਣਾ ਲਿਆ ਹੈ । ਜਿਵੇੰ ਕੋਈ ਇੱਕੋ ਖਾਣਾ ਖਾ ਕੇ ਕੁਝ ਦਿਨ ਚ ਬੋਰ ਹੋ ਜਾਏ । ਫਿਰ ਕੁਝ ਨਵਾਂ ਲੱਭਦਾ ਫਿਰੇ ।
ਪਰ ਸੁਖਵੀਰ ਉਸਨੂੰ ਕੁਝ ਕੁ ਦਿਨਾਂ ਚ ਹੀ ਅਲੱਗ ਦਿੱਸਣ ਲੱਗਾ ਸੀ । ਬਾਕੀਆਂ ਵਾਂਗ ਨਾ ਘਟੀਆ ਜੋਕਸ ਸੀ ਨਾ ਕਿਸੇ ਵਾਰ ਚੰਗਾ ਮਾੜਾ ਕਹਿਣਾ ਕਿਸੇ ਕੁੜੀ ਕਿਸੇ ਮੁੰਡੇ ਬਾਰੇ ਊਹਦੇ ਮੂੰਹੋ ਕਦੇ ਨਹੀਂ ਸੀ ਸੁਣਿਆ । ਉਸਨੇ ਕਹਿਣਾ” ਛੱਡੋ ਸਭ ਦੀ ਲਾਈਫ ਏ ਆਪਾਂ ਕੀ ਲੈਣਾ ਕਿਸੇ ਤੋਂ “.
ਪਰ ਬਾਕੀ ਸਭ ਗੱਲਾਂ ਚ ਸੁਆਦ ਲੈਣ ਤੋਂ ਨਾ ਹਟਦੇ । ਉਹ ਦੋਵੇਂ ਹੌਲੀ ਹੌਲੀ ਅਲੱਗ ਬੈਠਣ ਲੱਗੇ । ਅੱਡ ਗੱਲਾਂ ਕਰਦੇ । ਫਿਰ ਇੱਕ ਦੂਜੇ ਲਈ ਵਕਤ ਕੱਢਦੇ ਗਏ ਤੇ ਇਸ ਰਿਸ਼ਤੇ ਨੂੰ ਇੱਕ ਵਧੀਆ ਮੁਕਾਮ ਤੇ ਲੈ ਗਏ ਸੀ ।
ਇੱਕੋ ਜਹੀ ਸਮਝ ਆਲੇ ਕਿੰਨੇ ਕੁ ਲੋਕ ਮਿਲਦੇ ਹਨ । ਸੁਖਵੀਰ ਤੇ ਗੁਰੀ ਇੱਕ ਦੂਸਰੇ ਨੂੰ ਇੱਕੋ ਜਿਹੇ ਲੱਗੇ ਸੀ । ਅਜਿਹਾ ਨਹੀਂ ਸੀ ਕਿ ਸੁਖਵੀਰ ਕੋਲ ਕੋਈ ਆਪਸ਼ਨ ਨਹੀਂ ਸੀ । ਕਈ ਕੁੜੀਆਂ ਦੇ ਪਰੋਪੋਜ਼ਲ ਉਸਨੂੰ ਆਏ ਸੀ ਪਰ ਉਹ ਹਰ ਵਾਰ ਨਾ ਕਰ ਦਿੰਦਾ ਸੀ । ਖਾਸ ਕਰਕੇ ਉਦੋਂ ਜਦੋਂ ਪਰੋਪੋਜ਼ ਕਰਨ ਵਾਲੀ ਕੁੜੀ ਕਿਸੇ ਪਾਸਿਓਂ ਹੁਣੇ ਨਿੱਕਲੀ ਹੋਵੇ ਤੇ ਫਿਰ ਦੂਸਰੇ ਪਾਸੇ ਚਲੀ ਜਾਵੇ । ਉਸਦਾ ਮਨ ਇੱਕ ਠਹਿਰਾਅ ਲੱਭ ਰਿਹਾ ਸੀ । ਤੇ ਉਸ ਲਈ ਉਹ ਆਪਣੀ ਸੋਚ ਮੁਤਾਬਿਕ ਕੁੜੀ ਦੀ ਭਾਲ ਵਿੱਚ ਸੀ ।
ਬਚਪਨ ਤੋਂ ਹੀ ਉਸਦੀ ਆਦਤ ਸੀ ਕਿ ਉਸਨੂੰ ਉਹ ਜੋ ਮਿਲੇ ਅਣਲੱਗ ਮਿਲੇ ,ਇਥੋਂ ਤੱਕ ਆਪਣੀ ਵੱਡੇ ਭਰਾ ਦੇ ਪਾਏ ਕੱਪੜੇ ਵੀ ਨਹੀਂ ਸੀ ਪਾਉਂਦਾ ।ਹਮੇਸ਼ਾ ਤੋਂ ਇੱਕੋ ਗੱਲ ਉਸਦੇ ਮਨ ਚ ਰਹੀ ਸੀ । ਕਿ ਜੋ ਮਿਲੇ ਅਣਲੱਗ ਮਿਲੇ। ਉਸਦੀ ਦਾਦੀ ਹਮੇਸ਼ਾ ਇਸ ਦਾ ਖ਼ਿਆਲ ਰੱਖਦੀ ਸੀ । ਮਾਸੀ ਮਾਮੇ ਦੇ ਮੁੰਡਿਆ ਦੇ ਕੱਪੜੇ ਵੀ ਕਦੇ ਵੀ ਨਹੀਂ ਸੀ ਪਹਿਨਣ ਦਿੱਤੇ ਗਏ ਸੀ । ਭਾਵੇਂ ਉਸਦੀ ਭੈਣ ਲਈ ਇੰਝ ਦੀ ਕੋਈ ਰੋਕ ਟੋਕ ਨਹੀਂ ਸੀ । ਉਸਨੂੰ ਚੰਗਾ ਲਗਦਾ ਸੀ ਹਮੇਸ਼ਾਂ ਉਸਨੂੰ ਹਰ ਵਾਰ ਜੋ ਵੀ ਮਿਲਦਾ ਨਵਾਂ ਨਕੋਰ ਮਿਲਦਾ ਸੀ ।
ਇਸੇ ਲਈ ਜਦੋਂ ਉਹ ਤੇ ਰੀਤੂ ਪਹਿਲੀ ਵਾਰ ਕਮਰੇ ਚ ਮਿਲੇ ਸੀ ਤਾਂ ਉਸਦੇ ਸਿਰਫ ਉਸਦੇ ਹੋਣ ਦੇ ਅਹਿਸਾਸ ਨਾਲ ਦਿਲ ਭਰਿਆ ਹੋਇਆ ਸੀ ਤੇ ਰੀਤੂ ਨੂੰ ਆਪਣੇ ਨਾਲ ਹਮੇਸ਼ਾ ਰੱਖਣਾ ਚਾਹੁੰਦਾ ਸੀ । ਆਪਣੇ ਲਈ ਬਣਾਈ ਇੱਕੋ ਇੱਕ ਕੁੜੀ ਲਗਦੀ ਸੀ ਉਸਨੂੰ ।
ਕੱਪੜੇ ਉਤਾਰਦੇ ਉਸਨੇ ਸੰਗਦੇ ਤੇ ਡਰਦੇ ਹੋਏ ਪੁੱਛਿਆ ਸੀ,” ਮੈਨੂੰ ਛੱਡੇਗਾ ਤਾਂ ਨਹੀਂ ,ਮੇਰੇ ਨਾਲ ਵਿਆਹ ਕਰਵਾਏਗਾ ਨਾ ?”
ਉਸਦਾ ਜਵਾਬ ਵੀ ਇਹੋ ਸੀ,”ਤੇਰੇ ਤੋਂ ਬਿਨਾਂ ਮੈਂ ਆਪਣੀ ਦੁਨੀਆਂ ਸੋਚ ਵੀ ਨਹੀਂ ਸਕਦਾ।” ਸੱਚੀ ਉਦੋਂ ਉਸ ਲਈ ਰੀਤੂ ਹੀ ਊਸਦੀ ਦੁਨੀਆਂ ਸੀ । ਪਰ ਫਿਰ ਵੀ ਰੀਤੂ ਯਕੀਨ ਨਹੀਂ ਸੀ ਆਇਆ ,”ਮੇਰੀ ਸਹੁੰ ਖਾ ਕੇ ਆਖ ਭਲਾ ,”। ਉਸਦੇ ਸਿਰ ਤੇ ਹੱਥ ਰੱਖ ਉਸਦੀਆਂ ਅੱਖਾਂ ਚ ਤੱਕਕੇ ਇਹੋ ਗੱਲ ਦੁਹਰਾਈ ਸੀ । ਜਦੋਂ ਉਹਨਾਂ ਦੋਵਾਂ ਦੇ ਵਿੱਚ ਸਿਰਫ ਹਵਾ ਦਾ ਪਰਦਾ ਸੀ । ਦਿਲਾਂ ਚ ਵੀ ਦੂਰੀ ਨਹੀਂ ਸੀ ।
ਫਿਰ ਪਤਾ ਨਹੀਂ ਐਨੇ ਸਾਲ ਬੀਤ ਗਏ ਉਹ ਸਹੁੰ ਖਾਧੀ ਕਿੱਧਰ ਗਈ । ਕਿਸੇ ਦਾ ਕੱਖ ਵੀ ਨਹੀਂ ਸੀ ਵਿਗੜਿਆ । ਹਾਲਤਾਂ ਨੇ ਦੂਰੀਆਂ ਬਣਾ ਦਿੱਤੀਆਂ ਤੇ ਸਭ ਇਕਰਾਰ ਤੇ ਸਹੁੰ ਝੂਠੀਆਂ ਪੈ ਗਈਆਂ । ਜਿਹਨਾਂ ਨੂੰ ਸੱਚ ਮੰਨਕੇ ਪਤਾ ਨਹੀਂ ਕਿੰਨੀਆਂ ਰਾਤਾਂ ਨੂੰ ਉਹਨਾਂ ਨੇ ਨਿੱਘੇ ਕੀਤਾ ਸੀ । ਕਿੰਨੇ ਹੀ ਬਿਸਤਰਿਆਂ ਖੁਸ਼ਬੋ ਮਾਣੀ ਸੀ । ਬਾਹਾਂ ਨੂੰ ਅੱਜ ਵੀ ਉਹ ਉਸ ਪਲਾਂ ਦੀ ਕਸਾਵਟ ਦਾ ਅਹਿਸਾਸ ਸੀ । ਉਹ ਸਹੁੰਆਂ ਉੱਡ ਗਈਆਂ ਸੀ ਯਾਦਾਂ ਬਾਕੀ ਸੀ ਤੇ ਅੱਗੇ ਪੂਰੀ ਇੱਕ ਜ਼ਿੰਦਗੀ …….
ਚਲਦਾ …..