
ਬੈਕਯਾਰਡ ਚ ਗੱਡੀ ਪਾਰਕ ਕਰਕੇ ਸੁਖਵੀਰ ਮਲਕੜੇ ਜਿਹੇ ਬੇਸਮੈਂਟ ਵੱਲ ਗਿਆ । ਵੈਨਕੂਵਰ ਨਾਲ ਲਗਦੇ ਇਸ ਨਿੱਕੇ ਜਿਹੇ ਟਾਊਨ ਦੇ ਅਪਰ ਸਾਈਡ ਉਹ ਤੇ ਉਸਦੇ ਦੋਸਤ ਰਹਿੰਦੇ ਸੀ । ਚਾਰ ਜਣਿਆਂ ਚ ਦੋ ਮੁੰਡੇ ਤੇ ਦੋ ਕੁੜੀਆਂ ਸੀ । ਕਈ ਹੋਰ ਵੀ ਕਦੇ ਵੀ ਓਥੇ ਆ ਜਾਂਦੇ ਖੱਪ ਕਰਦੇ ਖਾਂਦੇ ਪੀਂਦੇ ਤੇ ਸੌਂ ਜਾਂਦੇ । ਘਰ ਦਾ ਕੱਲਾਪਣ ਸਭ ਨੂੰ ਖਾਂਦਾ ਸੀ । ਇਸ ਲਈ ਆਪਣੇ ਆਪ ਨੂੰ ਬਿਜ਼ੀ ਰੱਖਣਾ ਜਾਂ ਦੋਸਤਾਂ ਚ ਗੱਪਾਂ ਮਾਰ ਟੈਮ ਕੱਢ ਲੈਣਾ ਹੀ ਸਹੀ ਲਗਦਾ ਸੀ ।
ਹੁਣ ਵੀ ਉਸਦੇ ਦੋਸਤ ਉਸਨੂੰ ਆਖ ਰਹੇ ਸੀ ਕਿ ਘਰ ਜਾ ਕੇ ਤੂੰ ਕੀ ਕਰਨਾ ਇਥੇ ਹੀ ਕਿਤੇ ਇੱਧਰ ਉੱਧਰ ਬੈਠ ਕੇ ਗੱਲਾਂ ਕਰਦੇ ਹਾਂ । ਪਰ ਉਹ ਰੁਕਿਆ ਨਾ । ਇਸ ਵੇਲੇ ਉਹ ਕਿਧਰੋਂ ਵੀ ਟੈਮ ਬਚਾ ਕੇ ਬੇਸਮੈਂਟ ਚ ਆ ਜਾਂਦਾ ਸੀ । ਕਾਰਨ ਸਿਰਫ ਇੱਕ ਸੀ ਇਸ ਵੇਲੇ ਉਸਦੇ ਨਾਲ ਰਹਿੰਦੀ ਕੁੜੀ ਗੁਰੀ ਕੱਲੀ ਹੁੰਦੀ ਸੀ । ਬਾਕੀ ਸਾਰੇ ਦਿਨ ਰਾਤ ਤਾਂ ਓਥੇ ਹਾਹਾਕਾਰ ਹੀ ਮਚੀ ਰਹਿੰਦੀ ਸੀ । ਤੇ ਉਹ ਉਸ ਕਾਂਵਾਂਰੌਲੀ ਚ ਉਸ ਨਾਲ ਗੱਲ ਨਹੀਂ ਸੀ ਕਰ ਪਾਉਂਦਾ । ਪਤਾ ਨਹੀਂ ਕਦੋੰ ਉਸਨੂੰ ਉਸ ਨਾਲ ਬੈਠ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਦੀ ਆਦਤ ਪਏ ਗਈ ਸੀ ।
ਹਮੇਸ਼ਾ ਵਾਂਗ ਉਸਨੇ ਦਰਵਾਜ਼ੇ ਦੀ ਬੈੱਲ ਵਜਾਈ ,ਕੁਝ ਪਲਾਂ ਮਗਰੋਂ ਹੀ ਗੁਰੀ ਨੇ ਦਰਵਾਜ਼ਾ ਖੋਲ੍ਹਿਆ । ਨਹਾਕੇ ,ਕੰਮ ਵਾਲੀ ਵਰਦੀ ਚ ਤਿਆਰ ਹੋਈ ਉਹ ਜਿਵੇਂ ਉਸਦਾ ਇੰਤਜ਼ਾਰ ਹੀ ਕਰ ਰਹੀ ਹੋਵੇ । ਆਪਣੇ ਵਰਕਿੰਗ ਡੇ ਤੇ ਇੰਝ ਹੀ ਕਰਦੀ ਸੀ । ਦੇਰ ਰਾਤ ਦੀ ਸ਼ਿਫਟ ਮਗਰੋਂ ਪਹਿਲ਼ਾਂ ਸਵੇਰ ਤੱਕ ਸੌਂਦੀ ਫਿਰ ਕਲਾਸ ਲਗਾ ਕੇ ਆ ਕੇ ਸੌਂ ਜਾਂਦੀ ਸੀ। ਤੇ ਫਿਰ ਤਿਆਰ ਹੋਕੇ ਮੁੜ ਕੰਮ ਤੇ ਹਫਤੇ ਚ 5 ਦਿਨ ਇਹੋ ਰੁਟੀਨ ਸੀ ਉਸਦਾ । ਤੇ ਕੰਮ ਤੇ ਜਾਣ ਤੋਂ ਪਹਿਲ਼ਾਂ ਸੁਖਵੀਰ ਵਾਪਿਸ ਆ ਜਾਂਦਾ ਉਸ ਨਾਲ ਬੈਠ ਕੇ ਸ਼ਾਮ ਨੂੰ ਚਾਹ ਤੇ ਸਨੈਕਸ ਲੈਣਾ ਵੀ ਉਸਦੇ ਰੁਟੀਨ ਦਾ ਹਿੱਸਾ ਬਣ ਗਿਆ ਸੀ ।
ਘਰ ਦੇ ਇੱਕ ਕੋਨੇ ਕੋਲ ਰੱਖੇ ਬੇਂਚ ਤੇ ਬੈਠ ਚਾਹ ਦੀਆਂ ਚੁਸਕੀਆਂ ਭਰਦੇ ਖਾਂਦੇ ਤੇ ਨਾਲ ਨਾਲ ਗੱਲਾਂ ਕਰਦੇ । ਸੁਖਵੀਰ ਨੂੰ ਚਾਹ ਦਾ ਐਨਾ ਝੱਸ ਨਹੀਂ ਸੀ । ਪਰ ਸਿਰਫ ਗੁਰੀ ਨਾਲ ਬੈਠਕੇ ਗੱਲਾਂ ਕਰਨ ਲਈ ਇਹ ਵੀ ਊਹਨੇ ਆਦਤ ਚ ਸ਼ੁਮਾਰ ਕਰ ਲਿਆ ਸੀ । ਉਸਨੂੰ ਇੰਝ ਲੱਗਦਾ ਸੀ ਕਿ ਕਾਲਜ ਵਾਲੀ ਆਪਣੀ ਲਾਈਫ ਨੂੰ ਇੱਕ ਵਾਰ ਫੇਰ ਤੋਂ ਜੀਅ ਰਿਹਾ ਹੋਵੇ …..ਕਿਸੇ ਦਾ ਇੰਤਜ਼ਾਰ ਕਰਨਾ … ਤੇ ਆਨੇ ਬਹਾਨੇ ਕਿਸੇ ਨਾਲ ਵਕਤ ਬਿਤਾਉਣ ਲਈ ਕੋਸ਼ਿਸ਼ ਕਰਨੀ ।
ਹੁਣ ਵੀ ਉਹ ਉਹੀ ਸਭ ਕਰ ਰਿਹਾ ਸੀ , ਪਤਾ ਨਹੀਂ ਉਸਨੂੰ ਗੁਰੀ ਚ ਕੀ ਨਜ਼ਰ ਆਇਆ ਸੀ ਮੁੜ ਉਹ ਉਹੀ ਸਭ ਕਰਨ ਲੱਗਾ ਸੀ । ਪੂਰੇ ਦਿਨ ਚ ਉਸਨੂੰ ਉਹੀ ਪਲ ਜਿੰਦਗ਼ੀ ਦੇ ਲਗਦੇ ਜੋ ਉਹ ਉਸ ਨਾਲ ਬਿਤਾ ਲੈਂਦਾ । ਨਹੀਂ ਤਾਂ ਊਸਦੀ ਜ਼ਿੰਦਗ਼ੀ ਦਾ ਸੁਨਹਿਰੀ ਪਲ ਜਹਾਜ ਚੜਦੇ ਹੀ ਪਿੱਛੇ ਛੁੱਟ ਗਏ ਸੀ ।
ਗੁਰੀ ਆਪਣੇ ਕੰਮ ਦੀਆਂ ਗੱਲਾਂ ਦੱਸਦੀ ਰਹੀ , ਕਿਸੇ ਦੀ ਸ਼ਿਕਾਇਤ ਤੋਂ ਚੁਗਲੀ ਤੋਂ ਨਿੱਕੇ ਜਿਹੇ ਤਾਅਨੇ ਤੋਂ ਬੜੀ ਛੇਤੀ ਉਹ ਦੁਖੀ ਹੋ ਜਾਂਦੀ ਸੀ । ਤੇ ਸਾਰਾ ਕੁਝ ਆ ਕੇ ਉਹ ਸੁਖਵੀਰ ਨੂੰ ਦੱਸਦੀ ਕਦੇ ਗ਼ੁੱਸੇ ਚ ਕਦੇ ਉਦਾਸੀ ਚ ਕਦੇ ਹਾਸੇ ਚ ,ਹੋਰ ਸੁਣਨ ਵਾਲਾ ਹੈ ਵੀ ਕੌਣ ਸੀ । ਸਾਰੇ ਹੀ ਸਟੂਡੈਂਟਸ ਦੀ ਲਾਈਫ ਇਹੋ ਜਹੀ ਸੀ ਇਹੋ ਸਮੱਸਿਆਵਾਂ ਸੀ । ਘਰਦਿਆਂ ਨੂੰ ਦੱਸ ਬਿਨਾਂ ਗੱਲੋਂ ਟੈਨਸ਼ਨ ਦਿੱਤੀ ਨਹੀਂ ਸੀ ਜਾਂਦੀ । ਸਿਰਫ ਇੱਕੋ ਇੱਕ ਸੁਖਵੀਰ ਸੀ ਜਿਸਨੂੰ ਉਹ ਦੱਸ ਦਿੰਦੀ ਸੀ ਉਹ ਸੁਣਦਾ ਸੀ ਤੇ ਲੋੜ ਅਨੁਸਾਰ ਸਮਝਾ ਦਿੰਦਾ ਸੀ । ਦੋ ਅਜਨਬੀਆਂ ਤੋਂ ਚੰਗੇ ਦੋਸਤ ਉਹ ਹੌਲੀ ਹੌਲੀ ਬਣ ਗਏ ਸੀ । ਗੱਲਾਂ ਕਰਦੇ ਅਕਸਰ ਉਹ ਲੇਟ ਹੋ ਜਾਂਦੇ ਫਿਰ ਕੰਮ ਤੱਕ ਪੈਦਲ ਜਾਣ ਦੀ ਬਜਾਏ ਸੁਖਵੀਰ ਉਸਨੂੰ ਕੰਮ ਤੱਕ ਡਰਾਈਵ ਕਰਕੇ ਆ ਜਾਂਦਾ ।
……….
ਸੁੰਨੀ ਹੋਈ ਬੇਸਮੈਂਟ ਚ ਵਾਪਿਸ ਆ ਉਹ ਕਾਲਜ਼ ਦੇ ਦਿਨਾਂ ਦੀਆਂ ਯਾਦਾਂ ਚ ਗੁਆਚ ਜਾਂਦਾ ਸੀ । ਆਪਣੀ ਪਹਿਲੀ ਮੁਹੱਬਤ ਦੀ ਦਾਸਤਾਨ ਉਸਦੇ ਅੱਖਾਂ ਸਾਹਮਣੇ ਘੁੰਮਣ ਲਗਦੀ । ਕਿਵੇਂ ਹਜਾਰਾਂ ਹੀ ਕੁੜੀਆਂ ਦੀ ਭੀੜ ਵਿਚੋਂ ਰੀਤੂ ਤੇ ਉਸਦੀਆਂ ਨਜ਼ਰਾਂ ਟਿੱਕੀਆ ਸੀ । ਤੇ ਫਿਰ ਕਿੰਝ ਉਹ ਉਸਦੇ ਜਾਦੂ ਚ ਜਕੜਿਆ ਉਸਦੇ ਅੱਗੇ ਪਿੱਛੇ ਮੰਡਰਾਉਂਣ ਲੱਗਾ । ਬਾਕੀ ਸਾਰੇ ਮੁੰਡੇ ਦੁਪਿਹਰ ਬਾਅਦ ਦੀਆਂ ਪ੍ਰੈਕਟੀਕਲ ਕਲਾਸਾਂ ਮਿਸ ਕਰ ਦਿੰਦੇ ਸੀ ।ਪਰ ਉਹ ਸਿਰਫ ਰੀਤੂ ਨਾਲ ਕੁਝ ਸਮਾਂ ਹੋਰ ਬਿਤਾਉਣ ਖਾਤਰ ਕਦੇ ਕਲਾਸ ਮਿਸ ਨਾ ਕਰਦਾ । ਕੁਦਰਤੀ ਉਸਦਾ ਤੇ ਰੀਤੂ ਦਾ ਪ੍ਰੈਕਟੀਕਲ ਗਰੁੱਪ ਵੀ ਇੱਕੋ ਬਣ ਗਿਆ । ਫਿਰ ਕਦੇ ਪ੍ਰੈਕਟੀਕਲ ਦੀ ਤਿਆਰੀ ਕਦੇ ਪੇਪਰ ਦੀ ਤਿਆਰੀ ਕਦੇ ਕਿਸੇ ਮਿਸ ਹੋਏ ਲੈਕਚਰ ਨੂੰ ਇੱਕ ਦੂਜੇ ਨੂੰ ਸਮਝਣ ਤੇ ਸਮਝਾਉਣ ਦਾ ਬਹਾਨਾ ਇੰਝ ਕਰਦੇ ਹੀ ਉਹ ਪਹਿਲ਼ਾਂ ਦੋਸਤੀ ਤੇ ਫਿਰ ਮੁਹੱਬਤ ਦੀਆਂ ਪੌੜੀਆਂ ਚੜ੍ਹ ਗਏ ਸੀ ।
ਉਸ ਨਾਲ ਕਾਲਜ ਦੇ ਬੈਂਚ ਤੇ ਕਲਾਸਰੂਮ ਲੈਬ ਕੰਟੀਨ ਤੇ ਮੁਹੱਬਤ ਤੱਕ ਦੇ ਸਫ਼ਰ ਦਾ ਇੱਕ ਇੱਕ ਪਲ ਅੱਜ ਵੀ ਚੇਤੇ ਚ ਵੱਸਿਆ ਹੋਇਆ ਸੀ ।
ਤੇ ਉਹ ਪਹਿਲੀ ਕਿੱਸ ਤਾਂ ਉਸਨੂੰ ਕਦੇ ਵੀ ਨਹੀਂ ਸੀ ਭੁੱਲਦੀ । ਯੂਥ ਫੈਸਟੀਵਲ ਦੀਆਂ ਤਿਆਰੀਆਂ ਚੱਲ ਰਹੀਆਂ ਸੀ । ਉਹ ਭੰਗੜੇ ਦੀ ਟਿਮ ਵਿੱਚ ਸੀ ਤੇ ਰੀਤੂ ਗਿੱਧੇ ਦੀ ਟੀਮ ਵਿੱਚ ।ਤਿਆਰੀਆਂ ਕਰਦੇ ਕਰਦੇ ਅਕਸਰ ਲੇਟ ਹੋ ਜਾਂਦੇ ਸੀ । ਉਸ ਦਿਨ ਦੀ ਪ੍ਰੈਕਟਿਸ ਕਰਕੇ ਆਪਣੇ ਸਮਾਨ ਨੂੰ ਚੱਕਣ ਲਈ ਦੋਂਵੇਂ ਆਉਡੀਟੋਰ ਦੇ ਬੈਕ ਰੂਮ ਚ ਗਏ ਸੀ । ਸ਼ਾਮ ਢਲ ਗਈ ਸੀ ਤੇ ਕਮਰੇ ਚ ਅਜੇ ਹਨੇਰਾ ਸੀ ਦੋਵਾਂ ਦੇ ਹੱਥ ਇੱਕੋ ਸਮੇਂ ਸਵਿੱਚ ਆਨ ਕਰਨ ਲਈ ਵਧੇ ਤੇ ਆਪਸ ਚ ਖਹਿ ਗਏ । ਲਾਈਟ ਦੇ ਨਾਲ ਦਿਲ ਚ ਕਈ ਜਜਬਾਤ ਜਾਗ ਗਏ । ਕਮਰੇ ਦੀ ਸ਼ਾਂ ਸ਼ਾਂ ਦੀ ਆਵਾਜ਼ ਚ ਉਹਨਾਂ ਦਾ ਸ਼ੋਰ ਵੱਧ ਗਿਆ । ਨਾ ਤਾਂ ਸੁਖਵੀਰ ਨੇ ਹੱਥ ਛੱਡਿਆ ਤੇ ਨਾ ਹੀ ਰੀਤੂ ਛੁਡਵਾ ਸਕੀ ।ਗੁੱਟ ਪਾਸੋਂ ਘੁੱਟ ਕੇ ਸੁਖਵੀਰ ਨੇ ਆਪਣੇ ਵੱਲ ਖਿੱਚਿਆ । ਚੁੰਬਕ ਨਾਲ ਲੋਹੇ ਵਾਂਗ ਰੀਤੂ ਉਸਦੇ ਗਲ ਨਾਲ ਚਿੰਬੜ ਗਈ । ਅੱਖਾਂ ਦੀ ਖਿੱਚ ਕਦੋੰ ਬੁੱਲ੍ਹਾ ਨੂੰ ਬੁਲਾਉਣ ਲੱਗੀ ਤੇ ਹਥੇਲੀਆਂ ਕਦੋੰ ਕੱਸਕੇ ਮੁੱਠੀਆਂ ਹੋ ਗਈਆਂ ਸਮੇਂ ਨੂੰ ਵੀ ਪਤਾ ਨਾ ਲੱਗਾ । ਅੱਖਾਂ ਦੀ ਸ਼ਰਾਰਤ ਬੁੱਲਾਂ ਚ ਉੱਤਰ ਆਈ । ਪਲ ਛਿਣ ਚ ਹੀ ਦੋਵਾਂ ਦੇ ਸਾਹ ਇੱਕਮਿਕ ਹੋ ਗਏ । ਕਮਰੇ ਦੀ ਆਵਾਜ਼ ਚ ਦੱਬੇ ਦੱਬੇ ਸਾਹਾਂ ਦੀ ਆਵਾਜ਼ ਰਲ ਗਈ ਸੀ । ਸਰੀਰ ਇੰਝ ਡਿੱਗ ਰਹੇ ਸੀ ਜਿਵੇੰ ਕਿਸੇ ਸਹਾਰੇ ਦੀ ਜਰੂਰਤ ਹੋਵੇ । ਰੀਤੂ ਦਾ ਪੂਰਾ ਭਾਰ ਉਸਦੀਆਂ ਬਾਹਾਂ ਤੇ ਸੀ । ਕਦੋੰ ਉਹ ਮਦਹੋਸ਼ ਦੇ ਆਲਮ ਚ ਬੁੱਲ੍ਹਾ ਤੋਂ ਗਰਦਨ ਤੇ ਖਿਸਕ ਗਿਆ ਉਸਨੂੰ ਵੀ ਪਤਾ ਨਹੀਂ ਲੱਗਾ । ਪਰ ਜਿਉਂ ਹੀ ਹੋਰ ਥੱਲੇ ਵੱਲ ਖਿਸਕਦੇ ਉਸਦੇ ਹੱਥਾਂ ਤੇ ਮੂੰਹ ਦੀ ਹਰਕਤ ਦਾ ਅੰਦਾਜ਼ਾ ਰੀਤੂ ਨੂੰ ਲੱਗਾ ਤਾਂ ਇੱਕਦਮ ਉਸਨੂੰ ਸੂਰਤ ਆਈ । ਉਹ ਇੱਕ ਦਮ ਉਸ ਕੋਲੋ ਖੁਦ ਨੂੰ ਆਜ਼ਾਦ ਕਰਵਾਉਂਦੀ ਬੋਲੀ ,” ਪਿਆਸ ਲੱਗੀ ,ਪਾਣੀ ਪੀਣਾ ।” ਸੁਖਵੀਰ ਵੀ ਇੱਕ ਦਮ ਆਸ ਪਾਸ ਦੇਖਣ ਲੱਗਾ ਜਿਥੇ ਉਹ ਇੱਕ ਦੂਜੇ ਨਾਲ ਸਭ ਕਰ ਰਹੇ ਸੀ ਫੜੇ ਜਾਣ ਦਾ ਡਰ ਤਾਂ ਸੀ !!!
ਉਹ ਪਾਣੀ ਲੈਣ ਲਈ ਬਾਹਰ ਗਿਆ । ਉਦੋਂ ਤੱਕ ਰੀਤੂ ਆਪਣਾ ਸਮਾਨ ਚੱਕ ਦਰਵਾਜੇ ਕੋਲ ਆ ਖੜੀ ਸੀ । ਤੇ ਪਾਣੀ ਪੀ ਅੱਖਾਂ ਚ ਸ਼ਰਮਾਉਂਦੀ ਤੇ ਮੁਸਕਰਾਉਂਦੀ ਮੁੜ ਆਪਣੀ ਉਡੀਕ ਚ ਖੜੇ ਬਾਕੀ ਗਰੁੱਪ ਨਾਲ ਜਾ ਰਲੀ ।
ਸੁੰਨੇ ਕਮਰੇ ਚ ਬੈਠ ਉਹ ਹੁਣੇ ਹੁਣੇ ਬੀਤੀ ਉਸ ਘਟਨਾ ਨੂੰ ਮੁੜ ਯਾਦ ਕਰਨ ਲੱਗਾ । ਜਿਸਨੂੰ ਉਹ ਅੱਜ ਕਨੇਡਾ ਦੇ ਉਸ ਦੇ ਉਸ ਸੁੰਨੇ ਕਮਰੇ ਚ ਬੈਠ ਕੇ ਕਈ ਸਾਲਾਂ ਮਗਰੋਂ ਉਸੇ ਦਿਨ ਵਾਂਗ ਮਹਿਸੂਸ ਕਰ ਪਾ ਰਿਹਾ ਸੀ । ਪਹਿਲੀ ਮੁਹੱਬਤ ਤੇ ਪਹਿਲਾ ਚੁੰਮਣ ਕੋਈ ਭੁੱਲ ਸਕਦਾ ਭਲਾ !!!