
ਨੂਰ ਅੱਜ ਦੇ ਸਾਰੇ ਮਰੀਜਾਂ ਨੂੰ ਨਿਪਟਾ ਕੇ ਅਜੇ ਅਗਲੇ ਗੇੜ ਤੋਂ ਪਹਿਲ਼ਾਂ ਕੁਝ ਪਲ ਲਈ ਰੈਸਟ ਰੂਮ ਚ ਜਾ ਕੇ ਬੈਠੀ ਹੀ ਸੀ ਕਿ ਇੰਟਰਕਾਮ ਤੇ ਰਿਸੈਪਸ਼ਨ ਕੁੜੀ ਦਾ ਫੋਨ ਆ ਗਿਆ । ਕੋਈ ਜਾਣ ਪਛਾਣ ਵਿਚੋਂ ਉਹਨੂੰ ਮਿਲਣਾ ਚਾਹੁੰਦਾ ਸੀ । ਰਿਸਪੈਨਿਸਟ ਨਾਮ ਨਾ ਦੱਸ ਸਕੀ, ਕੋਈ ਇਥੋਂ ਦਾ ਜਾਣਕਾਰ ਹੁੰਦਾ ਤਾਂ ਜ਼ਰੂਰ ਮੈਸੇਜ ਕਰਕੇ ਜਾਂ ਫੋਨ ਕਰਕੇ ਆਉਂਦਾ ।
ਇੰਝ ਬਿਨਾਂ ਬੁਲਾਏ ਕੌਣ ਆ ਗਿਆ ਉਹ ਸੋਚਦੀ ਸੋਚਦੀ ਉੱਠ ਖੜੀ ਤੇ ਆਪਣੇ ਮਰੀਜ਼ ਦੇਖਣ ਵਾਲੇ ਕਮਰੇ ਚ ਆਈ ।
ਅੱਗਿਓ ਸਾਹਮਣੇ ਗਗਨ ਨੂੰ ਵੇਖ ਕੇ ਉਹ ਇੱਕ ਦਮ ਝੇਂਪ ਗਈ । ਸਿਰਫ ਗਗਨ ਹੀ ਨਹੀਂ ਸੀ ਸਗੋਂ ਉਸਦੀ ਮਾਂ ਵੀ ਸੀ । ਉਸਨੇ ਉਵੇਂ ਹੀ ਡੌਰ ਭੌਰ ਹੋਈ ਨੇ ਆਂਟੀ ਦੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ ਕੀਤੀ ।
-“ਜੁਗ ਜੁਗ ਜੀਅ ਧੀਏ ,ਵਾਹਿਗੁਰੂ ਤੈਨੂੰ ਪੁੱਤ ਦੀ ਦਾਤ ਬਖਸ਼ਣ ।” ਆਂਟੀ ਨੇ ਉਸਨੂੰ ਪੈਰ ਤੋਂ ਪਹਿਲਾਂ ਹੋ ਬੋਚਦੇ ਹੋਏ ਕਿਹਾ । ਉਸਨੂੰ ਆਂਟੀ ਦੀ ਅਸੀਸ ਨੇ ਇੱਕ ਕੰਡਾ ਜਿਹਾ ਚੋਬ ਦਿੱਤਾ । ਪਰ ਮਨ ਦੀ ਚੀਸ ਨੂੰ ਜੀਭ ਥੱਲੇ ਦੱਬਕੇ ਉਸਨੇ ਗਗਨ ਨੂੰ ਆਪਣੀ ਜੱਫੀ ਚ ਘੁੱਟ ਲਿਆ । ਕਈ ਸਾਲਾਂ ਮਗਰੋਂ ਅੱਜ ਉਹ ਮਸੀਂ ਮਿਲੀਆਂ ਸੀ । ਦੋਂਵੇਂ ਸਕੂਲ ਚ 12ਵੀਂ ਤੱਕ ਕੱਠੀਆਂ ਪੜੀਆਂ ਸੀ ।ਉਸ ਤੋਂ ਮਗਰੋਂ ਸਿਰਫ ਕੁਝ ਇੱਕ ਸਮੇਂ ਤੇ ਉਹਨਾਂ ਦੀ ਗੱਲ ਹੋਈ ਸੀ । ਤੇ ਆਖ਼ਿਰੀ ਵਾਰ ਕਰੀਬ ਤਿੰਨ ਸਾਲ ਪਹਿਲ਼ਾਂ ।
“ਇੰਝ ਬਿਨਾਂ ਕਿਸੇ ਅਗਾਊਂ ਮੈਸੇਜ ਦੇ ਤੇ ਉਹ ਵੀ ਕਲੀਨਿਕ ਵਿੱਚ ਕਿਵੇਂ ਆਉਣਾ ਹੋਇਆ ? ਤੁਸੀਂ ਘਰ ਆ ਜਾਂਦੇ ਕੱਠੇ ਕੱਠੇ ਬਹਿਕੇ ਲੰਚ ਡਿਨਰ ਕਰਦੇ । ”
ਨੂਰ ਨੇ ਝਕਦੇ ਝਕਦੇ ਪੁੱਛਿਆ ।
“ਬੱਸ ਧੀਏ , ਸੋਚਿਆ ਜਾਂਦੇ ਜਾਂਦੇ ਤੈਨੂੰ ਮਿਲ ਜਾਵਾਂ। ਨਾਲ਼ੇ ਐਵੇਂ ਦੇ ਕੰਮਾਂ ਚ ਆਪਣਾ ਧੀ ਪੁੱਤ ਕੰਮ ਆਉਂਦਾ । ” ਗਗਨ ਦੀ ਮਾਂ ਨੇ ਮੂੰਹ ਲਟਕਾ ਕੇ ਉਤੱਰ ਦਿੱਤਾ ।
ਗਗਨ ਅਜੇ ਤੱਕ ਚੁੱਪ ਹੀ ਬੈਠੀ ਸੀ । ਉਸਦੇ ਚਿਹਰੇ ਤੇ ਉਸਦਾ ਚਿਰਪਰਿਚਿਤ ਮੁਸਕਰਾਹਟ ਗਾਇਬ ਸੀ । ਪਰ ਇਸ ਮੁਲਕ ਚ ਆ ਕੇ ਤਾਂ ਖਿੜੇ ਖਿੜੇ ਫੁੱਲਾਂ ਵਰਗੇ ਚਿਹਰੇ ਵੀ ਠੰਡੇ ਜਜਬਾਤਾਂ ਚ ਮੁਰਝਾ ਜਾਂਦੇ ਹਨ । ਗਗਨ ਨੂੰ ਵੀ ਇਸ ਭੱਜ ਦੌੜ ਨੇ ਮੁਰਝਾ ਦਿੱਤਾ ਹੋਏਗਾ ।
ਉਸਨੇ ਗਗਨ ਦੇ ਕੰਮ ਬਾਰੇ ਪੁੱਛਣਾ ਚਾਹਿਆ । ਪਰ ਉੱਤਰ ਹਰ ਵਾਰ ਉਸਦੀ ਮਾਂ ਦਿੰਦੀ ।
ਅਖ਼ੀਰ ਉਸਦੀ ਮਾਂ ਨੇ ਹੀ ਢਿੱਡ ਨੰਗਾ ਕੀਤਾ । ਉਹਨੇ ਦੱਸਿਆ ਕਿ ਜਿੱਦ ਕਰ ਕਰ ਕੇ ਇਹ ਕਨੇਡਾ ਆਈ ਸੀ । ਤੇ ਇਥੇ ਕਿਸੇ ਮੁੰਡੇ ਨਾਲ ਰਹਿੰਦੀ ਰਹੀ । ਉਹ ਮੁੰਡਾ ਵੀ ਪੀ ਆਰ ਹੋ ਗਿਆ ਤੇ ਇਹ ਵੀ ਹੋ ਗਈ । ਹੁਣ ਉਹ ਮੁੰਡਾ ਤਾਂ ਚੁੱਪ ਚੁਪੀਤੇ ਵਿਆਹ ਕਰਵਾ ਆਇਆ ਇੰਡੀਆ ਜਾ ਕੇ ਤੇ ਇਸਦੇ ਪੇਟ ਚ ਕਲੰਕ ਛੱਡ ਗਿਆ । ਇਹਦੇ ਲਈ ਅਸੀਂ ਇੰਡੀਆ ਮੁੰਡਾ ਦੇਖੀ ਬੈਠੇ ਸੀ । ਅਗਲੇ ਵਿਆਹ ਦਾ ਸਾਰਾ ਖਰਚ ਕਰਨ ਨੂੰ ਤਿਆਰ ਬੈਠੇ ਹਨ । ਨਾਲੇ ਇਹਦੇ ਭਰਾ ਲਈ ਰਿਸ਼ਤਾ ਕਰਵਾ ਕੇ ਉਹਨੂੰ ਵਿਆਹ ਕੇ ਇੱਧਰ ਭਿਜਵਾ ਦੇਣਗੇ ।
ਪਰ ਇਹਨੇ ਆਹ ਨਵਾਂ ਹੀ ਜੱਭ ਛੇੜ ਲਿਆ । ਇੰਡੀਆ ਹੁੰਦੇ ਇਹਦੇ ਪਿਓ ਭਰਾ ਵੱਢ ਦਿੰਦੇ ਇਹਨੂੰ ।
ਦੱਸਦਿਆਂ ਆਂਟੀ ਦਾ ਗੜੁੱਚ ਭਰ ਆਇਆ । ਉਸਨੂੰ ਸ਼ਾਇਦ ਆਪਣੀ ਧੀ ਦੇ ਦੁੱਖ ਨਾਲੋਂ ਪੁੱਤਰ ਦੇ ਬਾਹਰ ਨਾ ਪਹੁੰਚ ਸਕਣ ਦਾ ਦੁੱਖ ਵਧੇਰੇ ਸੀ । “ਬੱਸ ਧੀਏ ਇਹਦਾ ਉਪਰੇਸ਼ਨ ਕਰਵਾ ਦੇ ਇੰਡੀਆ ਜਾਣ ਤੋਂ ਪਹਿਲ਼ਾਂ ਓਧਰ ਤਾਂ ਰੌਲਾ ਪੈਜੁ ਨਾਲੇ ਸੌਖਾ ਨਹੀਂ ਹੁੰਦਾ ।”
ਪਰ ਨੂਰ ਜਾਣਦੀ ਸੀ ਕਿ ਕਨੇਡਾ ਚ ਮਾਂ ਭਾਵੇਂ ਕੁਆਰੀ ਹੋਵੇ ਫਿਰ ਵੀ ਉਹਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੁੰਦਾ । ਉਹ ਗਗਨ ਤੋਂ ਸਭ ਜਾਣਕੇ ਹੀ ਕੁਝ ਕਹਿ ਸਕਦੀ ਸੀ ।
ਗਗਨ ਦੇ ਚੈੱਕਅੱਪ ਦੇ ਬਹਾਨੇ ਉਸਨੂੰ ਅੰਦਰ ਦੇ ਕਮਰੇ ਲੈ ਗਈ ।ਤੇ ਆਂਟੀ ਨੂੰ ਓਥੇ ਹੀ ਛੱਡ ਦਿੱਤਾ ।
ਗਗਨ ਨੇ ਜੋ ਉਸਨੂੰ ਦੱਸਿਆ ਉਹ ਇੱਥੇ ਆਈਆਂ ਬਹੁਤੀਆਂ ਕੁੜੀਆਂ ਦੀ ਕਹਾਣੀ ਸੀ । ਪਰ ਉਹਨਾਂ ਚ ਜ਼ਿਆਦਾ ਸਮਝਦਾਰ ਹੋਣ ਕਰਕੇ ਬੱਚੇ ਦੀ ਸਟੇਜ ਤਾਂ ਨਾ ਪਹੁੰਚਣ ਪਰ ਜ਼ਖਮ ਜਰੂਰ ਗਹਿਰੇ ਖਾ ਲੈਂਦੀਆਂ ਹਨ । ਤੇ ਗਗਨ ਤੇ ਉਸਦੀ ਕਹਾਣੀ ਕਿੰਨੀਂ ਜੁੜੀ ਹੋਈ ਸੀ । ਸਕੂਲ ਚ ਬਣੇ ਉਹਨਾਂ ਨਾਜ਼ੁਕ ਉਮਰ ਦੇ ਰਿਸ਼ਤਿਆਂ ਤੋਂ ਹੁਣ ਤੀਕ ਬਹੁਤ ਕੁਝ ਜੁੜਿਆ ਹੋਇਆ ਸੀ ।