
ਕਾਮਦੇਵ ਦੇ 5 ਕਾਮ ਬਾਣ ( Kaamdev de Panj Baan)
ਭਾਰਤੀ ਪਰੰਪਰਾ ਵਿੱਚ ਕਾਮ ਵੀ ਇੱਕ ਦੇਵ ਹੈ , ਕਾਮਦੇਵ। ਕੋਕ ਸ਼ਾਸ਼ਤਰ ਦਾ ਲਿਖਾਰੀ ਕਾਮ ਦੇਵ ਦੇ ਕੁੱਲ ਪੰਜ ਬਾਣ ਦਸਦਾ ਹੈ। ਕਾਮ ਬਾਣ ਅਸਲ ਚ ਔਰਤ ਤੇ ਮਰਦ ਵਿਚਲੀ ਖਿੱਚ ਦਾ ਕਾਰਨ ਹਨ। ਇਹਨਾਂ ਦੀ ਸੁਯੋਗ ਵਰਤੋਂ ਨਾ ਕਰਕੇ ਬਹੁਤ ਵਾਰ ਲੋਕੀ ਅੰਨ੍ਹੇਵਾਹ ਵਰਤਦੇ ਹੋਏ ਅੰਨ੍ਹੇ ਹੋਕੇ ਆਪਣੀ ਜਿੰਦਗੀ ਵੀ ਗਵਾ ਬੈਠਦੇ ਹਨ।
ਇਹ ਪੰਜ ਬਾਣ ਹਨ, ਸ਼ਬਦ ਬਾਣ, ਸਪਰਸ਼ ( ਛੂਹ ਜਾਂ ਟੱਚ ), ਰੂਪ ਅਰਥਾਤ ਖੂਬਸੂਰਤੀ , ਗੰਧ ਅਰਥਾਤ ਖੁਸ਼ਬੂ, ਤੇ ਰਸ ।
ਸ਼ਬਦ ਬਾਣ ਕੰਨਾਂ ਰਾਂਹੀ ਅਸਰ ਕਰਦਾ ਹੈ, ਸਪਰਸ਼ ਰਸ ਸਕਿਨ ਜਾਂ ਚਮੜੀ ਰਾਂਹੀ, ਰੂਪ ਜਾਂ ਖੂਬਸੂਰਤੀ ਅੱਖਾਂ ਰਾਂਹੀ ਰਸ ਜੀਭ ਰਾਂਹੀ ਤੇ ਗੰਧ ਜਾਂ ਖੁਸ਼ਬੂ ਨੱਕ ਰਾਂਹੀ।
ਸ਼ਬਦ ਬਾਣ: ਗੁੱਸੇ ਚ ਆਖੇ ਸ਼ਬਦ ਬੋਲੇ ਹੋਏ ਬੋਲ ਜਿੱਥੇ ਲੜਾਈ ਦਾ ਕਾਰਨ ਬਣਦੇ ਹਨ ਓਥੇ ਪਿਆਰ ਨਾਲ ਬੋਲੇ ਹੋਏ ਬੋਲ ਕਿਸੇ ਨੂੰ ਵੀ ਪਿਘਲਾ ਦੇਣ ਦਾ ਜਜ਼ਬਾ ਰੱਖਦੇ ਹਨ। ਸ਼ਾਇਰ ਤੇ ਕਵੀ ਆਪਣੇ ਸ਼ਬਦਾਂ ਰਾਂਹੀ ਹੀ ਸਰੋਤਿਆਂ ਨੂੰ ਕੀਲ ਕੇ ਪ੍ਰੇਮੀ ਬਣਾ ਲੈਂਦੇ ਹਨ। ਸ਼ਬਦਾਂ ਦੀ ਚੋਣ ਤੇ ਸ਼ਬਦਾਂ ਦੀ ਸੁਯੋਗ ਵਰਤੋਂ ਨਾਲ ਤੁਸੀਂ ਸਿਰਫ ਪ੍ਰੇਮ ਹੀ ਹਾਸਿਲ ਨਹੀਂ ਕਰ ਸਕਦੇ ਸਗੋਂ ਦੋਸਤ ਨੂੰ ਮਿੱਤ ਬਣਾ ਸਕਦੇ ਹੋ ਜੇਕਰ ਤੁਹਾਡੀ ਬੋਲ ਬਾਣੀ ਇਸ ਯੋਗ ਨਹੀਂ ਕਿ ਤੁਸੀਂ ਕਿਸੇ ਨੂੰ ਕੀਲ ਸਕੋਂ ਤਾਂ ਤੁਹਾਡੇ ਤੇ ਗੂੰਗੇ ਆਦਮੀ ਵਿੱਚ ਕੋਈ ਫ਼ਰਕ ਨਹੀਂ।
ਜੰਗਲੀ ਹਿਰਨ ਨੂੰ ਫੜ੍ਹਨ ਲਈ ਜਦੋਂ ਸ਼ਿਕਾਰੀ ਜੰਗਲ ਵਿੱਚ ਜਾਂਦੇ ਸਨ ਤਾਂ ਉਹ ਇੱਕ ਜਗ੍ਹਾ ਜਾਲ਼ ਵਿਛਾ ਕੇ ਕੋਈ ਮਿੱਠੇ ਸੰਗੀਤ ਵਾਲਾ ਜਿਸਦੀ ਧੁਨੀ ਹਿਰਨਾਂ ਦੀ ਅਵਾਜ਼ ਵਰਗੀ ਹੋਏ ਵਜਾਉਂਦੇ ਹਨ। ਹਿਰਨਾਂ ਦਾ ਝੁੰਡ ਇਸ ਖੂਬਸੂਰਤ ਆਵਾਜ਼ ਨੂੰ ਸੁਣਕੇ ਖਾਣਾ ਪੀਣਾ ਛੱਡਕੇ ਉਹਨਾਂ ਦੇ ਪਿੱਛੇ ਪਿੱਛੇ ਤੁਰ ਪੈਂਦਾ ਹੈ। ਕਾਫੀ ਮਿਲ ਤੁਰਨ ਮਗਰੋ ਉਹ ਜਾਲ ਦੇ ਬਿਲਕੁਲ ਥੱਲੇ ਲਿਆ ਕੇ ਝੁੰਡ ਨੂੰ ਖੜਾ ਕਰ ਲੈਂਦਾ ਹੈ ਤੇ ਜਾਲ ਸੁੱਟ ਕੇ ਫੜ੍ਹ ਲੈਂਦਾ ਹੈ।
ਇਵੇਂ ਸ਼ਬਦ ਬਾਣ ਜਾਨਵਰਾਂ ਤੇ ਵੀ ਕੰਮ ਕਰਦਾ ਹੈ ਜਿਹਨਾਂ ਕੋਈ ਸ਼ਬਦ ਸੀਮਤ ਹੁੰਦੇ ਹਨ ਫਿਰ ਇਨਸਾਨਾਂ ਕੋਲ ਤਾਂ ਅਸੀਮਤ ਹਨ, ਪੰਜਾਬੀ ਚ ਹੀ ਕਿੰਨੀਆਂ ਉਦਾਹਰਣਾਂ ਹਨ ਜਿੱਥੇ ਕਿਸੇ ਲੇਖਕ ਜਾਂ ਲੇਖਕਾ ਦੇ ਸ਼ਬਦਾਂ ਦੇ ਪ੍ਰਸੰਸਕ ਹੀ ਹਮੇਸ਼ਾਂ ਲਈ ਪ੍ਰੇਮੀ ਹੋ ਗਏ ਤੇ ਬਹੁਤ ਵਾਰ ਜੀਵਨ ਸਾਥੀ ਵੀ। ਇਸੇ ਲਈ ਬਰਹਮਚਾਰੀ ਨੂੰ ਇਸ਼ਕੀਆ ਸੰਗੀਤ ਸੁਨਣਾ ਮਨ੍ਹਾ ਹੈ। ਪਰ ਕੋਈ ਕਿੱਥੋਂ ਤੱਕ ਬਚ ਸਕਦਾ।
#HarjotDiKalam
ਸਪਰਸ਼ ਜਾਂ ਛੂਹ : ਛੂਹ ਵੀ ਇੱਕ ਕਲਾ ਹੈ, ਮੈਂ ਪਹਿਲਾਂ ਵੀ ਲਿਖਿਆ ਸੀ ਕੋਮਲ ਚਮੜੀ ਨੂੰ ਛੂਹਣਾ ਤੇ ਕੋਮਲ ਤੇ ਕਠੋਰ ਚਮੜੀ ਦਾ ਮੇਲ , ਔਰਤ ਮਰਦ ਦੇ ਰੋਮਾਂ ਦੀ ਆਪਸੀ ਛੋਹ ਤਰੰਗਾਂ ਛੇੜਦੀ ਹੈ, ਬਿਜਲੀ ਦੌੜਦੀ। ਖਾਸ ਕਰਕੇ ਉਦੋਂ ਜਦੋਂ ਉਹ ਔਰਤ ਮਰਦ ਤੁਹਾਡੇ ਪਸੰਦ ਦੇ ਹੋਣ।
ਮਦਮਸਤ ਹਾਥੀ ਨੂੰ ਵਸ਼ ਵਿੱਚ ਕਰਨ ਲਈ ਹਥਣੀ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਉਹਦੀ ਛੋਹ ਨਾਲ ਹੀ ਹਾਥੀ ਇੱਕ ਦਮ ਸ਼ਾਂਤ ਹੋ ਕੇ ਸਥਿਰ ਹੋ ਜਾਂਦਾ ਹੈ।
ਜੰਗਲੀ ਹਾਥੀ ਨੂੰ ਫੜ੍ਹਨ ਲਈ ਇੱਕ ਟੋਆ ਪੁੱਟ ਕੇ ਉਹਦੇ ਤੇ ਹਲਕੀ ਲਕੜੀਆਂ ਦੇ ਨਾਲ ਢੱਕ ਕੇ ਮਿੱਟੀ ਵਿਛਾ ਕੇ , ਘਾਹ ਰੱਖ ਦਿੱਤਾ ਜਾਂਦਾ। ਹਾਥੀ ਉਸ ਟੋਏ ਵਿੱਚ ਡਿੱਗ ਜਾਂਦਾ ਹੈ। ਫਿਰ ਭੁੱਖ ਪਿਆਸ ਨਾਲ ਵਿਆਕੁਲ ਹੋਕੇ ਤੇ ਚੀਕਣ ਲਗਦਾ ਹੈ ਤਾਂ ਸਿਖਾਈਆਂ ਹੋਈਆਂ ਹਥਣੀਆਂ ਦੀ ਸੁੰਡ ਦੀ ਮਦਦ ਨਾਲ ਬਾਹਰ ਕਢਿਆ ਜਾਂਦਾ ਹੈ। ਭੁੱਖ ਪਿਆਸ ਚ ਵਿਆਕੁਲ ਹੋਕੇ ਵੀ ਉਹ ਸਪਰਸ਼ ਨਾਲ ਸ਼ਾਂਤ ਹੋ ਜਾਂਦਾ ਹੈ। ਗੁੱਸਾ ਤੇ ਦੁੱਖ ਭੁੱਲ ਜਾਂਦਾ ਹੈ। ਆਦਮੀ ਵੀ ਇਵੇਂ ਹੀ ਸਪਰਸ਼ ਜਾਂ ਛੋਹ ਨਾਲ ਇੱਕ ਦਮ ਸ਼ਾਂਤ ਹੋ ਜਾਂਦਾ ਹੈ। ਉਹਦੇ ਬਾਅਦ ਉਸਨੂੰ ਸਿਰਫ ਕਾਮ ਨਜ਼ਰ ਆਉਂਦਾ ਹੈਂ। ਔਰਤ ਵੀ ਛੂਹ ਨਾਲ ਪਿਘਲ ਕੇ ਆਪਣੇ ਪ੍ਰੇਮੀ ਵਿੱਚ ਖੋਹ ਜਾਣ ਲਈ ਉਤਾਵਲੀ ਹੁੰਦੀ ਹੈ। ਇਸ ਲਈ ਜਿਸ ਮਰਦ ਜਾਂ ਔਰਤ ਨੂੰ ਛੋਹ ਦਾ ਤਰੀਕਾ ਪਤਾ ਹੈ ਉਹ ਹਮੇਸ਼ਾਂ ਹੀ ਆਪਣੇ ਸਾਥੀ ਨੂੰ ਸੰਤੁਸ਼ਟ ਕੇ ਸਕਦਾ ਹੈ।
ਰੂਮ ਬਾਣ :
ਸਾਹਿਬਾਂ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ,
ਤੇਲ ਭੁਲੇਖੇ ਬਾਣੀਏ, ਦਿੱਤਾ ਸ਼ਹਿਦ ਉਲੱਟ।
ਜਾਂ
ਰਾਂਝੇ ਉੱਠ ਕੇ ਆਖਿਆ ਵਾਹ ਸੱਜਣ ਤੇ ਹੀਰ ਹੱਸ ਕੇ ਤੇ ਮਿਹਰਬਾਨ ਹੋ।
ਸਾਹਿਤ ਵਿੱਚ ਜਿਸ ਬਾਣ ਦਾ ਸਭ ਤੋਂ ਵੱਧ ਪ੍ਰਯੋਗ ਹੋਇਆ ਹੈ ਉਹ ਰੂਪ ਬਾਣ ਹੀ ਹੈ। ਇਸੇ ਲਈ ਵਾਰਿਸ ਸ਼ਾਹ ਹੋਵੇ ਜਾਂ ਪੀਲੂ ਭਾਵੇਂ ਕੋਈ ਹੋਰ ਹੀਰ ਤੇ ਸਾਹਿਬਾ ਦੇ ਰੂਪ ਦਾ ਵਰਣਨ ਇੱਕ ਇੱਕ ਅੰਗ ਦਾ ਵਿਸਥਾਰ ਸਹਿਤ ਕੀਤਾ ਹੈ। ਇਸਤਰੀ ਦੇ ਲੁਕੇ ਰੂਪ ਦੇ ਵਰਣਨ ਕਰਕੇ ਇਸਤਰੀ ਵਿਹੂਣੇ ਮਰਦਾਂ ਦੇ ਦਿਲਾਂ ਚ ਹੂਕ ਪੈਦਾ ਕਰਨ ਦਾ ਯਤਨ ਰਿਹਾ ਹੈ। ਇਹੀ ਚੀਜ਼ ਫਿਲਮਾਂ ਤੇ ਅੱਗੇ ਟੀਵੀ ਚ ਵੀ ਆਈ। ਖ਼ੈਰ ਰੂਪ ਹਮੇਸ਼ਾਂ ਹੀ ਖਿੱਚ ਦਾ ਪਹਿਲਾ ਬਿੰਦੂ ਰਿਹਾ ਹੈ।
ਰੂਪ ਦੀ ਖਿੱਚ ਨਾ ਹੁੰਦੀ ਤਾਂ ਮਿਰਜ਼ਾ ਨਾ ਮਾਰਿਆ ਜਾਂਦਾ, ਸੱਸੀ ਥਲਾਂ ਵਿੱਚ ਨਾ ਰੁਲਦੀ ਤੇ ਰਾਂਝਾ ਜੋਗੀ ਨਾ ਹੁੰਦਾ।
ਰੂਪ ਦਾ ਪਿਆਸਾ ਪਤੰਗਾ ਅੱਗ ਦੇ ਚਮਕਦੇ ਰੂਪ ਨੂੰ ਦੇਖਦਾ ਹੋਇਆ ਉਹਦੇ ਦੁਆਲੇ ਚੱਕਰ ਕੱਟਣ ਲਗਦਾ ਹੈ। ਖੰਭ ਸੜ੍ਹ ਜਾਣ ਮਗਰੋਂ ਵੀ ਉਹ ਉਸੇ ਰੂਪ ਰੂਪੀ ਅੱਗ ਵਿੱਚ ਭਸਮ ਹੋ ਜਾਂਦਾ ਹੈ।
ਇਸੇ ਲਈ ਰੂਪ ਦੇ ਪੱਟੇ ਨੌਜਵਾਨ ਸਾਧ ਹੋ ਜਾਂਦੇ ਹਨ ਜਾਂ ਫਿਰ ਮਾੜੇ ਟਾਈਮ ਮਾਰੇ ਜਾਂਦੇ ਹਨ।
ਰਸ ਬਾਣ: ਜੀਭ ਰਸ ਪ੍ਰਮੁੱਖ ਰਸ ਹੈ, ਹੀਰ ਦਾ ਰਾਂਝੇ ਨੂੰ ਚੂਰੀ ਖਵਾਉਣਾ ਜੀਭ ਰਸ ਦੀ ਪੂਰਤੀ ਦਾ ਪਹਿਲਾਂ ਸਾਧਨ ਹੈ, ਹਰ ਔਰਤ ਆਪਣੇ ਪਸੰਦੀਦਾ ਮਰਦ ਨੂੰ ਸੁਆਦਲਾ ਤੇ ਪਸੰਦ ਦਾ ਭੋਜਨ ਖਵਾ ਕੇ ਖੁਸ਼ ਹੁੰਦੀ ਹੈ। ਮਰਦ ਵੀ ਇਸ ਰਸ ਨੂੰ ਮਾਣ ਕੇ ਖੁਸ਼ ਹੁੰਦਾ ਹੈ ਉਹ ਵੀ ਬਾਹਰੋਂ ਵੱਖਰੇ ਪਦਾਰਥ ਲਿਆ ਕੇ ਇਸਤਰੀ ਨੂੰ ਖਵਾਉਂਦਾ ਹੈ, ਜਿਵੇਂ ਦੀ ਔਰਤ ਨੂੰ ਕਾਮ ਇੱਛਾ ਜਗਾਉਣ ਲਈ ਲੋੜ ਹੁੰਦੀ ਹੈ ਚਾਹੇ ਉਹ ਖੱਟੇ ਫਲ ਹੋਣ ਜਾਂ ਅੱਜ ਦੇ ਸਮੇਂ ਚ ਚਾਕਲੇਟ ਤੇ ਸਟਰਾਬੇਰੀ। ( ਕੁਰਕੁਰੇ ਕੋਲ ਤੇ ਲੇਜ਼ ਨਹੀਂ ਬਈ ਜਿਹੜੇ ਅੰਦਰ ਫੂਕਦੇ ਹਨ। ) ਇਸ ਲਈ ਮੇਲਿਆਂ ਤੇ ਹੱਟਾਂ ਚ ਨਜਰ ਬਚਾ ਕੇ ਖਾਧੀਆਂ ਜਲੇਬੀਆਂ ਤੇ ਮਿਠਾਈਆ ਯਾਦ ਬਣ ਜਾਂਦੀਆਂ ਹਨ। ਕਿੰਨੇ ਹੀ ਤਰ੍ਹਾਂ ਦੇ ਭੋਜਨ ਪਦਾਰਥ ਹਨ ਜਿਹੜੇ ਮਨ ਦੇ ਅੰਦਰ ਚੰਚਲ ਤੇ ਮਿੱਠੇ ਸੁਪਨੇ ਸਿਰਜਣ ਚ ਮਦਦ ਕਰਦੇ ਹਨ। ਇਸਤੋਂ ਬਿਨ੍ਹਾਂ ਸੰਗੀਤ ਵੀ ਇੱਕ ਰਸ ਹੈ ਚਾਹੇ ਉਹ ਸ਼ਬਦਾਂ ਤੋਂ ਬਿਨ੍ਹਾਂ ਹੋਏ ਉਹ ਵੀ ਇਸੇ ਤਰ੍ਹਾਂ ਰਸ ਪੈਦਾ ਕਰਦਾ ਹੈ। ਤੇ ਪ੍ਰੇਮ ਵਿੱਚ ਸੁਣਾਈ ਦਿੰਦੇ ਸਵਰ ਸ਼ੀਤਕਾਰਾ ਆਪਣੇ ਆਪ ਵਿਚ ਰਸ ਦੇ ਪੈਦਾ ਹੋਣ ਦਾ ਉੱਚਤਮ ਪ੍ਰਮਾਣ ਹਨ।
ਸੁੰਗਧ ਰਸ : ਦੇਹ ਵਿੱਚੋ ਪੈਦਾ ਹੁੰਦੀ ਸੁਗੰਧ ਖਿੱਚ ਦਾ ਪ੍ਰਮੁੱਖ ਕਾਰਨ ਹੈ, ਜਵਾਨੀ ਵਿੱਚ ਦੇਹ ਵਿੱਚੋ ਕੁਦਰਤੀ ਸੁਗੰਧ ਪੈਦਾ ਹੁੰਦੀ ਹੈ, ਜਿਹੜੀ ਔਰਤ ਮਰਦ ਨੂੰ ਜੋੜ ਕੇ ਰੱਖਦੀ ਹੈ, ਕੁਝ ਲੋਕ ਨਾ ਨਹਾ ਕੇ ਇਸਨੂੰ ਪੈਦਾ ਹੋਣ ਤੋਂ ਪਹਿਲਾਂ ਭਾਵੇਂ ਮਾਰ ਦਿੰਦੇ ਹਨ। ਬੁਢਾਪੇ ਵਿਚ ਵੀ ਇਸਨੂੰ ਕਾਇਮ ਰੱਖਣ ਲਈ ਰਾਜੇ ਮਹਾਰਾਜੇ ਤਰ੍ਹਾਂ ਤਰ੍ਹਾਂ ਦੇ ਇਤਰ ਫੁਲੇਲ ਵਰਤਦੇ ਸੀ। ਅੱਜ ਵੀ ਸੈਂਟਾ ਤੇ ਇਤਰਾਂ ਦਾ ਧੰਦਾ ਅਰਬਾਂ ਰੁਪਏ ਦਾ ਹੈ ਦੋ ਰੁਪਏ ਦਾ ਸੈਂਪੂ , 10 ਰੁਪਏ ਦੇ ਲਕਸ਼ , 100 ਰੁਪਏ ਦੇ Fox ਤੋਂ ਕਰੋੜਾਂ ਰੁਪਏ ਦੇ Shumkuh ਦਾ ਧੰਦਾ ਇਸੇ ਤੋਂ ਚਲਦਾ ਹੈ। ਪਰ ਦੇਹ ਦੀ ਅਸਲ ਖੁਸਬੂ ਦਾ ਤੋੜ ਕੋਈ ਨਹੀਂ ਕੱਢ ਸਕਦਾ ਖ਼ਾਸ ਕਰਕੇ ਜਿਸਦੀ ਆਦਤ ਹੋ ਜਾਏ। ਰਾਮ ਸਰੂਪ ਅਣਖੀ ਦੇ ਨਾਵਲ ਗੇਲੋ ਵਿੱਚ ਗੇਲੋ ਆਪਣੇ ਪ੍ਰੇਮੀ ਦੀ ਇੱਕ ਸ਼ਰਟ ਨੂੰ ਆਟਾ ਚੱਕੀ ਤੋਂ ਲੱਭ ਕੇ ਲਿਆਉਂਦੀ ਹੈ ਤਾਂ ਜੋ ਉਹਦੇ ਪਿੰਡੇ ਵਿੱਚੋ ਆਉਂਦੀ ਖ਼ੁਸ਼ਬੋ ਨੂੰ ਮੁੜ ਮਹਿਸੂਸ ਕਰ ਸਕੇ। ਇਸ ਲਈ ਬਹੁਤੀ ਵਾਰ ਲੋਕੀਂ ਕਿਸੇ ਖਾਸ ਸਕਸ਼ ਨੂੰ ਮਿਸ ਨਹੀਂ ਕਰ ਰਹੇ ਹੁੰਦੇ ਸਗੋਂ ਉਹਦੀ ਦੇਹ ਦੀ ਮਹਿਕ ਨੂੰ ਲੱਭ ਰਹੇ ਹੁੰਦੇ ਹਨ । ਖਾਸ ਕਰਕੇ ਉਹਨਾਂ ਅਖੀਰਲੇ ਪਲਾਂ ਵਿੱਚ।
ਇਸੇ ਲਈ ਸੁਗੰਧ ਚ ਬਨ੍ਹਿਆ ਹੋਇਆ ਭੌਰਾ ਰਾਤ ਵੇਲੇ ਆਪਣੇ ਆਪ ਨੂੰ ਕਮਲ ਦੇ ਫੁੱਲ ਦੀ ਖੁਸਬੂ ਚ ਗੁਆਚ ਕੇ ਉਹਦੀਆਂ ਪੱਤੀਆਂ ਵਿਚ ਰਾਤੀਂ ਛਿਪ ਜਾਂਦਾ ਹੈ। ਸੁਗੰਧ ਨੂੰ ਮਾਣਦਾ ਹੋਇਆ ਸੋਚਦਾ ਹੈ ਕਿ ਸਵੇਰੇ ਪੱਤੀਆਂ ਦੇ ਖੁਲਦੇ ਹੋਏ ਹੀ ਉੱਡ ਜਾਵਗਾਂ ਤੇ ਕੱਟਣ ਦੇ ਸਮਰਥ ਹੋਣ ਦੇ ਬਾਵਜ਼ੂਦ ਉਹਨਾਂ ਵਿੱਚੋ ਖੋਲ੍ਹ ਬਣਾ ਕੇ ਉੱਡਦਾ ਨਹੀਂ।
ਸਵੇਰ ਤੋਂ ਪਹਿਲਾਂ ਨਦੀ ਚ ਨਹਾਉਣ ਆਏ ਹਾਥੀ ਮਸਤੀ ਕਰਦੇ ਹੋਏ ਕਮਲ ਦੇ ਫੁੱਲਾਂ ਨੂੰ ਉਖਾੜ ਕੇ ਫੁੱਲ ਸਮੇਤ ਖ਼ਾ ਜਾਂਦੇ ਹਨ ਤੇ ਭੌਰਾ ਵੀ ਇਸੇ ਕਰਕੇ ਮਾਰਿਆ ਜਾਂਦਾ।
ਇਸੇ ਲਈ ਕਾਮ ਚ ਬਿਹਬਲ ਹੋਏ ਮਰਦ ਔਰਤ ਵੀ ਆਖਰੀ ਵਾਰ ਆਖਰੀ ਵਾਰ ਕਰਦੇ ਹੋਏ ਬਹੁਤ ਵਾਰ ਗ਼ੈਰ ਸਬੰਧਾਂ ਚ ਮਾਰੇ ਜਾਂਦੇ ਹਨ, ਹਰ ਵਾਰ ਸੋਚਦੇ ਹੋਏ ਕਿ ਹੁਣ ਛੇਤੀ ਹੀ ਖਤਮ। ਪਰ ਸੁਗੰਧ ਬਾਣ ਜਾਂ ਹੋਰ ਬਾਣਾਂ ਦੇ ਸਾਹਮਣੇ ਉਹਨਾਂ ਦਾ ਵੱਸ ਨਹੀਂ ਚਲਦਾ।
ਖਾਸ ਕਰਕੇ ਕਾਮੀ ਮਰਦਾਂ ਬਾਰੇ ਲਿਖਿਆ ਗਿਆ ਹੈ ਕਿ
न जातु कामः कामानां उपभोगेन शाम्यति ।
हविषा कृष्णवर्त्मेव भूय एवाभिवर्धते ।
ਕਾਮ ਭੋਗ ਨਾਲ ਸ਼ਾਂਤ ਨਹੀਂ ਹੁੰਦਾ ਪਰ ਭੋਗਣ ਨਾਲ ਹੋਰ ਵਧਦਾ ਹੈ, ਜਿਵੇਂ ਅੱਗ ਵਿੱਚ ਘਿਓ ਪਾਉਣ ਨਾਲ ਵਧੇਰੇ ਭਟਕਦਾ ਹੈ।
( ਬਾਅਦ ਦੀਆਂ ਖੋਜਾਂ ਇਹ ਦੱਸਦੀ ਹੈ ਕਿ ਸਮੇਂ ਤੇ ਉਮਰ ਮੁਤਾਬਕ ਕਾਮ ਪੂਰਤੀ ਨਾ ਹੋਣ ਕਰਕੇ ਕਾਮੁਕਤਾ ਵਧਦੀ ਹੈ, ਫਰਾਈਡ ਤੇ ਹੋਰ ਮਨੋਵਿਗਿਆਨੀ ਇਸ ਗੱਲ ਨਾਲ ਹੀ ਸਹਿਮਤ ਹਨ, ਓਸ਼ੋ ਦਾ ਦਰਸ਼ਨ ਇਸ ਉੱਤੇ ਅਧਾਰਤ ਹੈ , ਨਵੀਂ ਸਦੀ ਦਾ ਸਾਹਿਤ ਇਸ ਗੱਲ ਨੂੰ ਵਾਰ ਵਾਰ ਆਖਣ ਦਾ ਯਤਨ ਵੀ ਹੈ)
(ਕੋਕ ਸ਼ਾਸਤਰ ਤੇ ਅਧਾਰਿਤ ਤੇ ਮੇਰੇ ਹੋਰ ਗਿਆਨ ਸਰੋਤਾਂ ਦੀ ਵਰਤੋਂ ਨਾਲ ਮੁੜ ਲਿਖਣ ਦਾ ਇੱਕ ਯਤਨ, ਜਿਵੇਂ ਕਿ ਆਖਰੀ ਗਲ ਚ ਦੱਸਿਆ ਹੈ ਕੋਕ ਸਾਸ਼ਤਰ ਦਾ ਕਾਫੀ ਗਿਆਨ ਪੁਰਾਣਾ ਤੇ ਰੂੜੀਵਾਦੀ ਹੋ ਚੁੱਕਾ ਹੈ, ਭਾਵੇਂ ਉਸ ਵਿੱਚ ਕਾਫੀ ਕੁਝ ਇਸਤਰੀ ਮਰਦ ਦੇ ਰਿਸ਼ਤੇ ਨੂੰ ਸਮਝਣ ਦਾ ਵੀ ਯਤਨ ਹੈ ਪਰ ਬਹੁਤ ਕੁਝ ਗਲਤ ਧਾਰਨਾਵਾਂ ਵੀ ਹਨ ਜਿਹੜੀਆਂ ਅਜੋਕੇ ਮਨੋਵਿਗਿਆਨ ਤੇ ਸਰੀਰਕ ਵਿਗਿਆਨ ਨੇ ਰੱਦ ਕਰ ਦਿੱਤੀਆਂ ਹਨ। )
ਤਸਵੀਰ : (ਖੁਜਰਾਹੋ ਦੇ ਮੰਦਰ ਤੇ ਰਤਿ ਤੇ ਕਾਮਦੇਵ ਦੀ ਤਸਵੀਰ )
ਹਰਜੋਤ ਸਿੰਘ
70094 52602

History and Knowledge of Sexuality , Sex Erotica Eroticism and Stories and article related to it. Kok Sashtra is one among such thing.
For more you may contact on above