“ਨਿਆਈਆਂ ਵਾਲਾ ਖੂਹ “
ਮੈਂ ਇਸ ਪਿੰਡ ਚ ਲਾਇਆ ਦੂਸਰਾ ਖੂਹ ਸੀ । ਮੇਰਾ ਵੱਡਾ ਭਰਾ ਇਸ ਪਿੰਡ ਦੇ ਦਰਵਾਜ਼ੇ ਚ ਲਾਇਆ ਪਹਿਲਾ ਖੂਹ ਸੀ । ਉਹ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਸੀ ਤੇ ਮੈਂ ਉਹਨਾਂ ਲਈ ਖਾਣ ਲਈ ਕਿੰਨਾ ਕੁਝ ਉਗਾ ਕੇ ਦਿੰਦਾ ਰਿਹਾ । ਅੱਜ ਮੇਰੇ ਆਸ ਪਾਸ ਕਿੰਨੇ ਹੀ ਘਰ ਉੱਸਰ ਗਏ ਹਨ । ਮੈਨੂੰ ਢੱਕ ਦਿੱਤਾ ਗਿਆ । ਪਰ ਹਲੇ ਵੀ ਆਸ ਪਾਸ ਖੜੇ ਰੁੱਖਾਂ ਦੀ ਛਾਂ ਹੇਠ ਹਰ ਵੇਲੇ ਕੋਈ ਨਾ ਕੋਈ ਬੈਠਾ ਹੀ ਰਹਿੰਦਾ । ਕਿੰਨੇ ਹੀ ਮੁੰਡੇ ਖੂੰਡੇ ਖੜੇ ਰਹਿੰਦੇ ਹਨ ।ਭਾਵੇਂ ਮੇਰੀ ਜਵਾਨੀ ਦੇ ਦਿਨ ਨਿੱਕਲਾ ਗਏ । ਪਰ ਅੱਜ ਵੀ ਆਪਣੀ ਅੱਖੀਂ ਤੱਕੇ ਨੌਜਵਾਨਾਂ ਆਪਣੀ ਪਾਣੀ ਚ ਧੋਤੇ ਕਿੰਨੇ ਜਵਾਨ ਜਿਸਮਾਂ ਦੇ ਦ੍ਰਿਸ਼ ਕਾਇਮ ਹਨ । ਪਰ ਤੁਸੀਂ ਸੋਚ ਰਹੇ ਹੋਵੋਗੇ । ਕਿ ਅੱਜ ਮੈਂ ਤੁਹਾਨੂੰ ਇਹ ਕਿਉਂ ਦੱਸ ਰਿਹਾ ਹਾਂ ।
ਇੱਕ ਗੱਲ ਬੜੇ ਚਿਰਾਂ ਚੋਂ ਮੇਰੇ ਮਨ ਚ ਅਟਕੀ ਹੋਈ ਸੀ । ਅੱਜ ਵੀ ਕੋਈ ਬਜ਼ੁਰਗ ਐਥੇ ਬੈਠੇ ਨੌਜਵਾਨਾਂ ਨੂੰ ਪਿੰਡ ਛੱਡ ਪਿੰਡੋਂ ਬਾਹਰ ਵੱਸ ਗਏ ਟੱਬਰ ਦੀ ਗੱਲ ਸੁਣਾ ਰਿਹਾ । ਪਰ ਉਹ ਕਿਉ ਚਲੇ ਗਏ । ਇੱਕ ਕੁੜੀ ਦੀ ਕਰਕੇ । ਤੇ ਜਦੋਂ ਵੀ ਮੈਨੂੰ ਉਹ ਕੁੜੀ ਦੀ ਗੱਲ ਯਾਦ ਆਉਂਦੀ ਹੈ ਤਾਂ ਉਹ ਪੂਰੀ ਕਹਾਣੀ ਮੇਰੇ ਅੱਖਾਂ ਸਾਹਵੇਂ ਘੁੰਮ ਜਾਂਦੀ ਹੈ।
ਸਾਰੀ ਕਹਾਣੀ ਤੇ ਸਾਰਾ ਕੁਝ ਮੇਰੇ ਆਸ ਪਾਸ ਮੇਰੇ ਪਾਣੀ ਤੇ ਮੇਰੀਆਂ ਅੱਖਾਂ ਸਾਹਵੇਂ ਹੀ ਘਟਿਆ ਸੀ । ਉਦੋਂ ਮੈਂ ਵੀ ਅਜੇ ਜੁਆਨ ਸੀ । ਇਸ ਪਿੰਡ ਦੀਆਂ ਨਿਆਈਆਂ ਚ ਇਕੱਲਾ ਖੂਹ ਸੀ । ਅਜੇ ਪਿੰਡ ਨਵਾਂ ਨਵਾਂ ਬੰਨਿਆ ਸੀ ।25 -30 ਘਰ ਸੀ ਕੁੱਲ । ਉਹਨਾਂ ਵਿਚੋਂ ਜਿਹੜੇ ਖੇਤੀ ਕਰਦੇ ਸੀ ਵਾਰੀ ਵਾਰੀ ਪਾਣੀ ਵਰਤ ਲੈਂਦੇ ਸੀ । ਇਹ ਕਰੀਬ 50-60 ਸਾਲ ਪੁਰਾਣੀ ਗੱਲ ਹੈ । ਹਲੇ ਉਦੋਂ ਸਾਲ ਚ ਇੱਕ ਵਾਰ ਕੋਈ ਫ਼ਸਲ ਬੀਜਦਾ ਸੀ ।
ਮੈਨੂੰ ਉਹ ਕੁੜੀ ਯਾਦ ਆਉਂਦੀ ਹੈ ।ਮੈਂ ਸੁਣਿਆ ਜਿੱਦਣ ਉਹ ਜੰਮੀ ਸੀ ਪੂਰਨਮਾਸ਼ੀ ਸੀ । ਤੇ ਉਹਦਾ ਰੰਗ ਉਸ ਚਮਕਦੇ ਚੰਨ ਤੋਂ ਵੀ ਵੱਧ ਗੋਰਾ ਸੀ । ਦੇਖਦਿਆਂ ਹੀ ਦਾਈ ਨੇ ਉਸਦਾ ਨਾਮ ਸੋਹਣੀ ਰੱਖ ਦਿੱਤਾ ਸੀ । ਤੇ ਹਰ ਕੋਈ ਉਹਨੂੰ ਸੋਹਣੀ ਹੀ ਆਖਦਾ ਸੀ । ਨਾਮ ਤੇ ਕੰਮ ਦੋਂਵੇਂ ਸੋਹਣੇ ਕਰਦੀ ਸੀ । ਹੱਥਾਂ ਪੈਰਾਂ ਦੀ ਐਡੀ ਖੁੱਲ੍ਹੀ ਕਿ ਮੇਰੇ ਪਾਣੀ ਚ ਕਣਕ ਧੋ ਆਪੇ ਟੋਕਰੀ ਭਰ ਕੇ ਚੁੱਕ ਲੈਂਦੀ ਸੀ। ਜਿਉਂ ਜਿਉਂ ਉਹ ਵੱਡੀ ਹੁੰਦੀ ਗਈ ।ਉਸਦੇ ਹੱਡਾਂ ਚ ਤਾਕਤ ਵਧਦੀ ਗਈ । ਉਸਦਾ ਆਪਣਾ ਆਪ ਜਿਵੇਂ ਕੱਪੜਿਆਂ ਤੋਂ ਬਾਹਰ ਹੁੰਦਾ ਗਿਆ । ਜਿੰਨਾਂ ਉਹ ਕੱਜਣ ਦੀ ਕੋਸ਼ਿਸ਼ ਕਰਦੀ ਓਨਾ ਹੀ ਵੱਧ ਦਿਸਦਾ । ਉਸਦੀਆਂ ਹਾਣ ਦੀਆਂ ਹੀ ਨਹੀਂ ਸਗੋਂ ਚਾਚੀਆਂ ਤਾਈਆਂ ਵੀ ਮਖੌਲ ਕਰਦੀਆਂ ਜਿਸ ਗੱਭਰੂ ਦੇ ਲੜ ਲੱਗੇਗੀ ਉਸਦੇ ਭਾਵੇਂ ਚੰਨ ਤੇ ਸੂਰਜ ਇੱਕੋ ਵੇਲੇ ਬਾਹਾਂ ਚ ਸਮਾ ਗਿਆ । ਉਹ ਇਹਨਾਂ ਗੱਲਾਂ ਤੇ ਸ਼ਰਮਾ ਜਾਂਦੀ । ਉਸਨੂੰ ਆਪਣਾ ਹੁਸਨ ਸੱਚੀ ਚੰਨ ਵਰਗਾ ਤੇ ਪਿੰਡੇ ਦਾ ਸੇਕ ਸੂਰਜ ਵਰਗਾ ਹੀ ਲਗਦਾ ਸੀ । ਬਾਹਰੋਂ ਛਾਂਤ ਤੇ ਅੰਦਰ ਕਿੰਨੇ ਹੀ ਤੂਫ਼ਾਨ । ਆਪਣੇ ਵਗਦੇ ਪਾਣੀ ਵਿੱਚ ਮੈਂ ਉਹਨੂੰ ਕਿੰਨੀ ਵਾਰ ਨਹਾਉਂਦੇ ਹੋਏ ਤੱਕਿਆ ਸੀ । ਕੱਪੜਿਆਂ ਸਣੀ ਉਹ ਨਹਾਉਂਦੀ ਤੇ ਉਸ ਮਗਰੋਂ ਜੋ ਉਸਦੇ ਹੁਸਨ ਲਾਟ ਵਾਂਗ ਚਮਕਦਾ ਤਾਂ ਮੈਨੂੰ ਇੱਕ ਰਮਤੇ ਸਾਧੂ ਕੋਲੋ ਸਣੀ ਹੀਰ ਦੀ ਖੂਬਸੂਰਤੀ ਚੇਤੇ ਆ ਜਾਂਦੀ । ਇਹ ਜਰੂਰ ਹੀਰ ਹੀ ਏ ਸਿਰਫ ਨਾਮ ਬਦਲ ਕੇ ਸੋਹਣੀ ਰੱਖ ਏਥੇ ਜਨਮ ਲਿਆ ਹੈ । ਪਰ ਇਸਦਾ ਰਾਂਝਾ ?
ਇਸਦੇ ਰਾਂਝੇ ਨੂੰ ਪਹਿਲੇ ਦਿਨ ਜਦੋਂ ਮੈਂ ਤੱਕਿਆ ਸੀ ਤਾਂ ਅਸੀਂ ਕੱਠੇ ਹੀ ਵੇਖਿਆ ਸੀ । ਉਸ ਦਿਨ ਵੀ ਇਥੇ ਹੀ ਵਗਦੇ ਖਾਲ ਚ ਕੱਪੜੇ ਧੋਂਦੀ ਪਈ ਸੀ । ਉੱਚਾ ਲੰਮਾ ਗੱਭਰੂ ਸੀ ਕੁੜਤਾ ਚਾਦਰਾ ਪਾਈ ਤੇ ਗਲ ਚ ਕੈਂਠਾ ਸੀ । ਬੜੀ ਸੋਹਣੀ ਪੋਚਵੀਂ ਪੱਗ ਬੰਨੀ ਹੋਈ ਸੀ । ਐਸੀ ਪੱਗ ਏਧਰ ਦੇ ਮੁੰਡੇ ਅਜੇ ਘੱਟ ਹੀ ਬੰਨ੍ਹਦੇ ਸੀ । ਮੋਟੀਆਂ ਅੱਖਾਂ ਤੇ ਕੁੰਡਵੀ ਮੁਚ ਤੇ ਕਣਕਵਾਨਾ ਰੰਗ ਸੀ ਉਸਦਾ । ਪਤਾ ਨਹੀਂ ਨਿਆਈਆਂ ਚ ਇੱਕ ਪਰੀ ਵਰਗੀ ਕੁੜੀ ਨੂੰ ਕਪੜੇ ਧੋਂਦੇ ਵੇਖ ਐਧਰ ਆਇਆ ਸੀ ਜਾਂ ਸੱਚੀ ਲੰਮੇ ਸਫ਼ਰ ਚ ਸੱਚੀ ਪਾਣੀ ਦੀ ਪਿਆਸ ਸੀ ।
ਉਦੋਂ ਤੱਕ ਉਹ ਕੱਪੜੇ ਧੋ ਕੇ ਕੱਪੜੇ ਬੰਨ੍ਹ ਚੁੱਕੀ ਸੀ । ਉਸ ਗੱਬਰੂ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੱਤਾ । ਫਿਰ ਵੀ ਉਸਦੀ ਅੱਖ ਚੋਰੀ ਚੋਰੀ ਵਾਰ ਵਾਰ ਵੇਖਣ ਦਾ ਯਤਨ ਕਰ ਰਹੀ ਸੀ ।
ਗੱਭਰੂ ਨੇ ਉਸ ਵੱਲ ਸਿੱਧਾ ਤੱਕਦੇ ਪੁੱਛਿਆ ,”ਮੈਂ ਪਾਣੀ ਪੀ ਸਕਦਾ ਹਾਂ ?”
“ਬਿਲਕੁਲ ਜੀ ,ਸਾਂਝਾ ਖੂਹ ਹੈ ਕੋਈ ਵੀ ਪੀ ਸਕਦਾ “। ਉਹ ਰੁੱਖੇ ਸੁਭਾਅ ਚ ਆਪਣੇ ਮਨ ਦੀ ਚੋਰੀ ਨੂੰ ਛੁਪਾਉਂਦੇ ਹੋਏ ਬੋਲੀ ।
ਗੱਭਰੂ ਨੂੰ ਐਨੇ ਸੋਹਣੇ ਚਿਹਰੇ ਤੋਂ ਸ਼ਾਇਦ ਐਨੇ ਰੁੱਖੇ ਜਵਾਬ ਦੀ ਆਸ ਨਹੀਂ ਸੀ ।
“ਕੀ ਤੁਹਾਡੇ ਪਿੰਡ ਚ ਸਾਰੇ ਹੀ ਐਨੇ ਰੁੱਖੇ ਸੁਭਾਅ ਦੇ ਹਨ ਕਿ ਆਏ ਮਹਿਮਾਨ ਨੂੰ ਇੰਝ ਬੋਲਦੇ ਹਨ ? ਗੱਭਰੂ ਨੇ ਫਿਰ ਤੋਂ ਪੁਛਿਆ । ਇਸ ਵਾਰ ਉਹ ਚੁੱਪ ਕਰ ਗਈ । ਉਸਦੇ ਸਵਾਲ ਦਾ ਜਵਾਬ ਦੇ ਨਾ ਸਕੀ ਸ਼ਾਇਦ ਆਪਣੇ ਆਪ ਤੇ ਜ਼ਬਤ ਨਹੀਂ ਰੱਖ ਪਾ ਰਹੀ ਸੀ । ਗੱਭਰੂ ਨੇ ਪਾਣੀ ਪੀਤਾ ਤੇ ਓਥੋਂ ਉਸ ਵੱਲ ਬਿਨਾਂ ਦੇਖੇ ਜਾਣ ਲੱਗਾ ।
ਸੋਹਣੀ ਨੇ ਜਾਂਦੇ ਨੂੰ ਰੋਕਦੇ ਕਿਹਾ ,ਆਹ ਕੱਪੜਿਆਂ ਦੀ ਪੰਡ ਸਿਰ ਤੇ ਰਖਵਾ ਦੇ ।” ਇਸਤੋਂ ਕਈ ਗੁਣਾ ਭਾਰੀ ਪੰਡ ਖੁਦ ਚੱਕ ਲੈਂਦੀ ਸੀ ।ਪਰ ਸ਼ਾਇਦ ਉਸਦੇ ਮਨ ਚ ਉਸਨੂੰ ਨਿਹਾਰ ਕੇ ਵੇਖਣ ਦੀ ਇੱਛਾ ਨੇ ਉਸ ਕੋਲੋ ਇਹ ਬੁਲਵਾ ਦਿੱਤਾ ।
ਗੱਭਰੂ ਰੁੱਕ ਗਿਆ ਉਸਨੇ ਉਸਦੀ ਕੱਪੜਿਆਂ ਦੀ ਬੱਧੀ ਪੰਡ ਨੂੰ ਹੱਥ ਲਵਾ ਕੇ ਸਿਰ ਤੇ ਰਖਵਾਉਣ ਲੱਗਾ । ਸੋਹਣੀ ਦੀ ਚੁੰਨੀ ਖਿਸਕ ਗਲ ਚ ਪੈ ਗਈ ਸੀ । ਉਹ ਚੁੰਨੀ ਵੱਲੋਂ ਬੇਧਿਆਨ ਸੀ ਜਾਂ ਜਾਣ ਬੁੱਝ ਕੇ ਪਤਾ ਨਹੀਂ । ਪਰ ਉਸ ਗੱਭਰੂ ਦੀ ਨਿਗ੍ਹਾ ਉਸਦੇ ਹੁਸਨ ਨੂੰ ਐਨਾ ਕੁ ਬੇਪਰਦ ਤੱਕਿਆ ਸੀ ਸ਼ਾਇਦ ਸੋਹਣੀ ਤੋਂ ਬਿਨਾਂ ਕਿਸੇ ਹੋਰ ਨੇ ਨਾ ਦੇਖਿਆ ਹੋਵੇ । ਉਸਦੀ ਨਿਗ੍ਹਾ ਇੱਕ ਥਾਂ ਟਿਕੀ ਨਾ ਰਹਿ ਸਕੀ । ਕੁਝ 10 ਕੁ ਸਕਿੰਟ ਚ ਇਹ ਸਭ ਉਸਦੇ ਜ਼ਿੰਦਗ਼ੀ ਦੇ ਸਭ ਤੋਂ ਰੰਗੀਨ ਪਲ ਸੀ ।
ਸੋਹਣੀ ਨੇ ਪੁੱਛਿਆ ਕਿ ਕਿਸ ਘਰ ਆਇਆ ? ਮੁੰਡਾ ਆਪਣੇ ਭੂਆ ਫੁੱਫੜ ਕੋਲ ਆਇਆ ਸੀ । ਪਹਿਲੀ ਵਾਰ ਇਸ ਪਿੰਡ ਚ ਆਇਆ ਸੀ । ਉਸਦੀ ਮਾਂ ਨੇ ਆਉਂਦੇ ਹੋਏ ਰੋਕਿਆ ਸੀ ਕਿ ਦੁਪਹਿਰ ਵੇਲੇ ਸਫ਼ਰ ਨਾ ਕਰੀਂ ਚੁੜੇਲਾਂ ਟੱਕਰ ਜਾਂਦੀਆਂ ਹਨ ਪਰ ਉਸਨੂੰ ਤਾਂ ਪਰੀ ਲੱਭ ਗਈ ਸੀ । ਉਸਦਾ ਨਾਮ ਜੁਗਿੰਦਰ ਸੀ ਸਾਰੇ ਹੀ ਜੱਗਾ ਹੀ ਕਹਿੰਦੇ ਸੀ ।
ਉਹ ਪਿੰਡ ਚ ਵੜਦੇ ਤੱਕ ਉਸਦੇ ਨਾਲ ਨਾਲ ਤੁਰਿਆ ਤੇ ਫਿਰ ਪਿੰਡ ਵੜਨੋਂ ਪਹਿਲਾਂ ਨਿਖੜ ਗਏ । ਜਿੱਥੇ ਤੱਕ ਮੇਰੀ ਨਜਰ ਜਾਂਦੀ ਸੀ ਮੈਂ ਵੇਖ ਸਕਦਾ ਸੀ ਕਿ ਉਹਨਾਂ ਦੀ ਚਾਲ ਆਮ ਨਾਲੋਂ ਧੀਮੀ ਸੀ ਜਿਵੇਂ ਕਿੰਨਾ ਹੀ ਵਕਤ ਬਿਤਾਉਣਾ ਚਾਹੁੰਦੇ ਸੀ ।
ਫਿਰ ਨਿੱਤ ਹੀ ਜਦੋਂ ਵੀ ਸੋਹਣੀ ਏਥੇ ਨੇੜੇ ਆਉਂਦੀ ਜੱਗਾ ਇੰਝ ਹੀ ਉਸ ਦੇ ਆਸ ਪਾਸ ਮੰਡਰਾਉਂਦੇ ਹੋਏ ਨਿੱਕਲ ਆਉਂਦਾ । ਉਹ ਉਸਨੂੰ ਕਿੰਨੀਆਂ ਗੱਲਾਂ ਦੱਸਦਾ ।ਸ਼ਹਿਰ ਦੀਆਂ ਆਪਣੇ ਘਰ ਦੀਆਂ ਹੋਰ ਪਿੰਡਾਂ ਦੀਆਂ ਮੇਲਿਆਂ ਦੀਆਂ ਤੇ ਆਪਣੇ ਦਿਲ ਦੀਆਂ ਵੀ ।
ਸੋਹਣੀ ਨੂੰ ਉਸਦੀਆਂ ਗੱਲਾਂ ਸੱਚੀ ਚ ਅਲੋਕਾਰ ਲਗਦੀਆਂ । ਉਹ ਕਦੇ ਆਪਣੇ ਨਾਨਕੇ ਤੇ ਮਾਸੀ ਤੋਂ ਦੂਰ ਨਹੀਂ ਗਈ ਸੀ ।ਇੱਕ ਅੱਧ ਛੋਟੇ ਸ਼ਹਿਰ ਨੂੰ ਛੱਡ ਕਿਤੇ ਨਹੀਂ ਗਈ ਸੀ ।ਉਹ ਉਸ ਕੋਲੋ ਲੁਧਿਆਣੇ ਜਲੰਧਰ ਤੇ ਅਮ੍ਰਿਤਸਰ ਬਾਰੇ ਸੁਣਦੀ ਰਹਿੰਦੀ । ਉਸਨੂੰ ਸੁਣ ਸੁਣ ਕੇ ਅਸਚਰਜ ਹੁੰਦਾ । ਫਿਰ ਜਦੋਂ ਉਹ ਆਪਣੇ ਦਿਲ ਦੀ ਗੱਲ ਆਖਦਾ ਤਾਂ ਸੋਹਣੀ ਕੋਲ ਕੋਈ ਜਵਾਬੁ ਨਾ ਹੁੰਦਾ ਇੱਕ ਚੁੱਪ ਤੋਂ ਬਿਨਾਂ ਤੇ ਇੱਕ ਟਕ ਅੱਖੀਆਂ ਵੇਖਣ ਤੋਂ ਸਿਵਾ । ਤੇ ਇੰਝ ਜੱਗੇ ਦੀਆਂ ਮੋਟੀਆਂ ਮੋਟੀਆਂ ਅੱਖਾਂ ਚ ਉਹ ਗੁਆਚ ਜਾਂਦੀ ਤੇ ਕਈ ਵਾਰ ਡਰ ਵੀ ਜਾਂਦੀ । ਮਹੀਨੇ ਤੋਂ ਵੱਧ ਇੰਝ ਹੀ ਗੁਜਰਿਆ । ਸੋਹਣੀ ਨੂੰ ਲੱਗ ਰਿਹਾ ਸੀ ਉਸਦੀਆਂ ਤੀਆਂ ਚੱਲ ਰਹੀਆਂ ਹੋਣ ।
ਤੇ ਇਕ ਦਿਨ ਜਦੋਂ ਜੱਗੇ ਨੇ ਕਿਹਾ ਕਿ ਉਹ ਕੱਲ੍ਹ ਤੋਂ ਬਾਅਦ ਚਲੇ ਜਾਏਗਾ । ਸੋਹਣੀ ਦੇ ਦਿਲ ਚ ਜਿਵੇਂ ਪੱਥਰ ਵੱਜਾ ਹੋਵੇ । ਤੇ ਜੱਗੇ ਨੇ ਤਰਲਾ ਕੀਤਾ “ਅੱਜ ਰਾਤ ਫੁੱਫੜ ਦੀ ਵਾਰੀ ਹੈ ਪਾਣੀ ਦੀ ਉਹਨੂੰ ਆਖ ਮੈਂ ਹੀ ਏਥੇ ਬੈਠ ਜਾਵਾਂਗਾ । ਤੂੰ ਆਏਗੀ ਮਿਲਣ ? ਫਿਰ ਖਬਰੇ ਕਦੋਂ ਮਿਲੀਏ ,ਮੈਂ ਰੱਜ ਕੇ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ।”
ਨਾ ,ਮੈਂ ਨਹੀਂ ਆ ਸਕਦੀ ਬੇਬੇ ਆਖਦੀ ਹੈ ਰਾਤ ਵੇਲੇ ਘਰ ਦੀ ਦੇਹਲੀ ਟੱਪਦੀ ਜੁਆਨ ਕੁੜੀ ਤੇ ਜਿੰਨ ਸਵਾਰ ਹੋ ਜਾਂਦਾ ।” “ਉਸਨੇ ਆਪਣੀ ਮਾਂ ਦੀ ਦਿੱਤੀ ਸਿਖਿਆ ਸੁਣਾਈ ਸੀ ।
“ਤੈਨੂੰ ਲਗਦਾ ਮੇਰੇ ਹੁੰਦੇ ਕੋਈ ਮਾੜੀ ਸ਼ੈਅ ਤੇਰੇ ਨੇੜੇ ਵੀ ਫਟਕ ਸਕਦੀ ਏ ?” ਜੱਗੇ ਨੇ ਉਸ ਵੱਲ ਤੱਕਦੇ ਯਕੀਨ ਨਾਲ ਬੋਲਦੇ ਹੋਏ ਕਿਹਾ। ਉਸਦਾ ਯਕੀਨ ਦੇਖ ਜਿਵੇਂ ਉਸਦੇ ਮਨ ਦੇ ਫਿਕਰ ਦੂਰ ਹੋ ਗਏ ਹਨ।
ਫਿਰ ਰਾਤ ਦਾ ਦੂਸਰਾ ਪਹਿਰ ਨਿੱਕਲਦੇ ਹੀ ,ਸੋਹਣੀ ਘਰੋਂ ਨਿੱਕਲ ਤੁਰੀ । ਇਹੋ ਕਣਕਾਂ ਨੂੰ ਦੂਸਰਾ ਤੀਸਰਾ ਪਾਣੀ ਲੱਗ ਰਿਹਾ ਸੀ ਓਨੀ ਦਿਨੀਂ । ਠੰਡ ਉੱਤਰ ਆਈ ਸੀ । ਲੋਕੀਂ ਰਜਾਈਆਂ ਚ ਦੁਬਕ ਜਾਂਦੇ ਸੀ ।ਜਦੋੰ ਉਹ ਠਰਦੀ ਹੋਈ ।ਇਥੇ ਹੀ ਮੇਰੇ ਸਾਹਮਣੇ ਵਾਲੇ ਬਰੋਟੇ ਦੀ ਓਟ ਚ ਆ ਖੜੀ ।
ਜੱਗਾ ਅਜੇ ਕਿਆਰੇ ਨੂੰ ਬੰਨ੍ਹ ਲਾ ਕੇ ਹੀ ਆਇਆ ਸੀ ।ਦੋਂਵੇਂ ਹੀ ਉਸੇ ਬਰੋਟੇ ਦੀ ਓਟ ਵਿੱਚ ਬੈਠ ਗਏ । ਕਿੰਨੀਆਂ ਹੀ ਨਿੱਕੀਆਂ ਨਿੱਕੀਆ ਗੱਲਾਂ ਕਰਦੇ ਰਹੇ ਸੀ । ਪਹਿਲੇ ਦਿਨ ਤੋਂ ਮਿਲਣ ਦੀਆਂ ਅੱਜ ਤੱਕ ਤੇ ਇੱਕ ਦੂਸਰੇ ਤੋਂ ਦੂਰ ਹੋ ਜਾਣ ਦੀ ਇੱਕ ਕਸਕ ਸੀ । ਜੋ ਦੋਂਵੇਂ ਹੀ ਮਹਿਸੂਸ ਸਕਦੇ ਸੀ । ਠੰਡ ਦੀ ਸ਼ਾਮ ਤੇ ਦੋ ਠੰਡੇ ਹੋਏ ਸਰੀਰ ਪਰ ਅੰਦਰੋਂ ਸਿੰਮਦੇ ਸੇਕ ਨੇ ਗੱਲਾਂ ਘਟਾ ਦਿੱਤੀਆਂ ਸੀ । ਗਰਮੀ ਨੂੰ ਗਰਮੀ ਦੀ ਖਿੱਚ ਸੀ । ਜੱਗੇ ਦੇ ਪਾਣੀ ਨਾਲ ਭਿੱਜੇ ਕੱਪੜੇ ਸਰੀਰ ਨਾਲ ਲੱਗ ਕੇ ਕੋਸੇ ਹੋ ਗਏ ਸੀ । ਬਿਲਕੁੱਲ ਸੋਹਣੀ ਦੇ ਬੁੱਲਾਂ ਵਾਂਗ । ਜੋ ਉਸਦੇ ਬੁੱਲਾਂ ਨਾਲ ਜੁੜ ਜਾਣ ਲਈ ਤਰਸ ਗਏ ਸੀ । ਉਸਦੇ ਚੰਨ ਵਰਗੇ ਮੱਥੇ ਤੋਂ ਸ਼ੁਰੂ ਹੋਕੇ ਉਸਨੇ ਸੋਹਣੀ ਦੇ ਚਿਹਰੇ ਦੇ ਹਰ ਹਿੱਸੇ ਨੂੰ ਚੁੰਮਿਆ ਸੀ । ਸੋਹਣੀ ਦੀ ਗੁੱਤ ਖੁੱਲ ਕੇ ਵਾਲ ਜਿਵੇਂ ਖਿਲਰ ਗਏ ਹੋਣ । ਕੰਨਾਂ ਤੇ ਉਂਗਲਾ ਚ ਸੇਕ ਸੀ । ਜੱਗਾ ਵੀ ਖੁਦ ਆਪਣੇ ਆਪ ਚੋ ਬਾਹਰ ਸੀ । ਸ਼ਾਇਦ ਉਸ ਦਿਨ ਤੋਂ ਹੀ ਜਿਸ ਦਿਨ ਤੋਂ ਉਸਨੇ ਸੋਹਣੀ ਨੂੰ ਪੰਡ ਚੁਕਾਈ ਸੀ ਤੇ ਕਿੰਨੀ ਵਾਰ ਹੀ ਤੁਰਦੇ ਹੋਏ ਉਸਦੇ ਲੱਕ ਨੂੰ ਵੇਖਿਆ ਸੀ । ਤੇ ਅੱਜ ਉਹ ਸਭ ਆਪਣੇ ਸਾਹਮਣੇ ਬਿਨਾਂ ਕਿਸੇ ਪਰਦੇ ਤੋਂ ਵੇਖਣ ਦਾ ਦਿਨ ਸੀ । ਬੇਪਰਦ ਹੁੰਦੇ ਹੀ ਹੁਸਨ ਦੀ ਚਮਕ ਹੋਰ ਵੀ ਵੱਧ ਗਈ ਸੀ । ਇੰਝ ਲੱਗ ਰਿਹਾ ਸੀ ਜਿਵੇਂ ਅਚਾਨਕ ਚੰਨ ਦਾ ਆਕਾਰ ਵੱਧ ਗਿਆ ਹੋਵੇ ਤੇ ਕੋਲਿਆਂ ਦੀ ਧੂਣੀ ਚ ਕਿਸੇ ਨੇ ਆਗ ਦਾ ਝੋਕਾ ਲਗਾ ਕੇ ਅੱਗ ਬਾਲ ਦਿੱਤੀ ਹੋਵੇ । ਦੁਨੀਆਂ ਤੋਂ ਬੇਖਬਰ ਦੋ ਬਿਲਕੁੱਲ ਅਣਜਾਣ ਨੌਜਵਾਨ ਇੱਕ ਦੂਸਰੇ ਚ ਗਵਾਚਿਆ ਹੋਇਆ ਕੁਝ ਲੱਭ ਰਹੇ ਸੀ । ਜਿਉਂ ਜਿਉਂ ਉਹ ਅੱਗੇ ਵਧਦੇ ਗਏ । ਆਪਣੇ ਆਪ ਚ ਹੋਸ਼ ਗਵਾਉਂਦੇ ਗਏ । ਬਾਹਾਂ ਦੀ ਤੜਪ ਸਾਹਾਂ ਦੀ ਆਵਾਜ਼ ਤੇ ਮਿੱਠੀਆਂ ਅਵਾਜ਼ਾਂ ਤੋਂ ਬਿਨਾਂ ਸਿਰਫ ਦੂਰ ਬੋਲ ਰਹੇ ਕਿਸੇ ਉੱਲੂ ਦੀ ਆਵਾਜ ਸੁਣ ਰਹੀ ਸੀ । ਪਰ ਜੱਗੇ ਤੇ ਸੋਹਣੀ ਨੂੰ ਸਿਰਫ ਇੱਕ ਦੂਸਰੇ ਦੀ ਧੜਕਣ ਸੁਣ ਰਹੀ ਸੀ ।ਹੱਥਾਂ ਦੀ ਛੋਹ ਮਹਿਸੂਸ ਹੋ ਰਹੀ ਸੀ ਜਾਂ ਨਵੇਂ ਲੱਭੇ ਅਨੰਦ ਦੇ ਰਸਤਿਆਂ ਦੀ ਬੇਸਬਰੀ । ਇੱਕ ਦੂਸਰੇ ਚ ਸਮਾ ਕੇ ਹੀ ਉਹਨਾਂ ਨੂੰ ਸੁਣੀਆਂ ਗੱਲਾਂ ਦੀ ਸਮਝ ਆਈ ਕਿ ਮਿਲਣ ਦੀ ਰਾਤ ਦਾ ਇਹ ਅਨੰਦ ਕੀ ਹੁੰਦਾ । ਜਦੋਂ ਅੰਦਰੋਂ ਫੁੱਟਦੇ ਇੱਕ ਲਾਵੇ ਨੇ ਉਹਨਾਂ ਦੇ ਜਿਸਮ ਚੋਂ ਜਾਨ ਹੀ ਕੱਢ ਲਈ ਹੋਵੇ । ਹੁਣ ਉਹਨਾਂ ਨੂੰ ਯਾਦ ਸੀ ਬੱਸ ਇਹ ਮਿਲਣ ਉਹ ਵੀ ਖੁੱਲੇ ਵਿੱਚ ਕੁਦਰਤ ਦੀ ਗੋਦ ਅੰਦਰ ਠੰਡੀ ਰਾਤ ਜਿੱਥੇ ਜਿਸਮਾਂ ਦੀ ਗਰਮੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ।ਕਿੰਨਾ ਹੀ ਸਮਾਂ ਉਹ ਇੰਝ ਹੀ ਇੱਕ ਦੂਸਰੇ ਦੀਆਂ ਬਾਹਾਂ ਦੇ ਨਿੱਘ ਚ ਸਮਾਏ ਰਹੇ । ਤੇ ਆਖਰੀ ਵਾਰ ਮੂੰਹ ਚੁੰਮ ਮੁੜ ਛੇਤੀ ਮਿਲਣ ਦਾ ਵਾਅਦਾ ਕਰਕੇ ਦੋਂਵੇਂ ਵਿੱਛੜ ਗਏ।
ਅਗਲੀ ਸਵੇਰ ਸੋਹਣੀ ਨੇ ਵੇਖਿਆ ਕੁਝ ਬੱਚੇ ਉਸੇ ਬਰੋਟੇ ਹੇਠੋ ਕੁਝ ਵੰਗਾਂ ਦੇ ਟੋਟੇ ਚੁੱਕ ਕੇ ਖੇਡ ਰਹੇ ਸੀ । ਇਹ ਤਾਂ ਉਸਦੀਆਂ ਵੰਗਾਂ ਦੇ ਟੋਟੇ ਸੀ ਉਸਨੇ ਫਟਾਫਟ ਫੜ ਕੇ ਉਹਨਾਂ ਨੂੰ ਦੂਰ ਪੈਲੀ ਚ ਸੁੱਟ ਦਿੱਤਾ ।ਸੋਹਣੀ ਰੋਜ ਹੀ ਐਥੇ ਆਉਂਦੀ ਕੱਪੜੇ ਧੋਕੇ ਜਾਂ ਹੋਰ ਕਿੰਨੇ ਕੰਮ ਕਰਦੀ ਮੁੜ ਜਾਂਦੀ ਕਿੰਨੀ ਵਾਰ ਐਥੇ ਹੀ ਬੈਠ ਕੇ ਜੱਗੇ ਨੂੰ ਯਾਦ ਕਰਦੀ । ਕਦੀ ਕਦੀ ਮੈਂ ਦੇਖਦਾ ਕਿ ਉਸਦੀਆਂ ਅੱਖਾਂ ਚ ਹੰਝੂ ਵੀ ਹੁੰਦੇ ।
ਤੇ ਕਈ ਮਹੀਨਿਆਂ ਮਗਰੋਂ ਇੱਕ ਦਿਨ ਸ਼ਾਮ ਵੇਲੇ ਸੋਹਣੀ ਭੱਜੀ ਆਈ ਤੇ ਉਸਨੇ ਏਥੇ ਹੀ ਮੇਰੇ ਅੰਦਰ ਵਗਦੇ ਵੇਲੇ ਹੀ ਛਾਲ ਮਾਰ ਦਿੱਤੀ । ਕੁਝ ਭੱਜੇ ਆਏ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਤੋਂ ਪਹਿਲ਼ਾਂ ਹੀ ਉਹ ਖਤਮ ਹੋ ਗਈ ।
ਮੈਂ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ ਕਿ ਉਸਦੇ ਅਚਾਨਕ ਵੱਧ ਗਏ ਪੇਟ ਨੂੰ ਵੇਖ ਉਸਦੀ ਦਾਦੀ ਨੂੰ ਸ਼ੱਕ ਹੋਇਆ । ਉਸਨੇ ਪੇਟ ਨੂੰ ਟੋਹ ਕੇ ਵੇਖਿਆ ਸ਼ੱਕ ਯਕੀਨ ਚ ਬਦਲ ਗਿਆ । ਦਾਦੀ ਨੂੰ ਪਿੱਟਣਾ ਪੈ ਗਿਆ,” ਕਿਉਂ ਸਾਡੇ ਸਿਰ ਚ ਸੁਆਹ ਪਾ ਦਿੱਤੀ ਜਾ ਕਿਸੇ ਖੂਹ ਟੋਭੇ ਨੂੰ ਗੰਦਾ ਕਰਦੇ”.।
ਤੇ ਉਸਨੇ ਮੈਨੂੰ ਹੀ ਗੰਦਾ ਕਰ ਦਿੱਤਾ । ਮੈਂ ਹੀ ਤਾਂ ਉਸਦੇ ਇਸ਼ਕ ਦੇ ਸ਼ੁਰੂ ਤੇ ਪ੍ਰਵਾਨ ਚੜ੍ਹਨ ਦਾ ਸਾਕਸ਼ੀ ਸੀ । ਤੇ ਮੈਂ ਦੇਖਿਆ ਕਿ ਉਸਨੂੰ ਜਦੋਂ ਸੰਸਕਾਰ ਕਰਨ ਲਈ ਅਗਨ ਭੇਟ ਕੀਤਾ । ਕੁਝ ਹੀ ਮਿੰਟਾਂ ਚ ਇੱਕ ਧਮਾਕਾ ਹੋਇਆ ਤੇ ਉਸਦੇ ਪੇਟ ਚੋ ਬੱਚਾ ਨਿੱਕਲ ਬਾਹਰ ਆ ਡਿੱਗਿਆ । ਲੋਕਾਂ ਦੇ ਬੁੱਲ੍ਹ ਜੁੜ ਗਏ ਜੋ ਗੱਲਾਂ ਲੁਕਵੀਆਂ ਸੀ ਸੱਚ ਤੇ ਪ੍ਰਤੱਖ ਹੋ ਗਈਆਂ ।
ਨਮੋਸ਼ੀ ਨਾਲ ਕਿ ਕੱਲ੍ਹ ਨੂੰ ਕੋਈ ਪਿੰਡੋਂ ਉੱਠ ਮਿਹਣਾ ਨਾ ਮਾਰ ਦਵੇ ਪਿੰਡ ਦਾ ਘਰ ਵੇਚ ਪਰਿਵਾਰ ਪਿੰਡੋਂ ਬਾਹਰ ਜਾ ਵੱਸਿਆ । ਇਸਦੀ ਸਜ਼ਾ ਮੈਨੂੰ ਵੀ ਮਿਲੀ ਗੰਦਲਾ ਜੋ ਹੋ ਗਿਆ ਸਾਂ ।ਅੱਧ ਕੁ ਪੂਰ ਕੇ ਮੈਂਨੂੰ ਸਦਾ ਲਈ ਢੱਕ ਦਿੱਤਾ ਗਿਆ ।
ਉਸ ਤੋਂ ਮਗਰੋਂ ਵੀ ਕਿੰਨੀਆਂ ਹੀ ਇਸ਼ਕ ਕਹਾਣੀਆਂ ਇਸ ਬਰੋਟੇ ਥੱਲੇ ਮੇਰੇ ਹੀ ਆਸ ਪਾਸ ਬੁਣੀਆਂ ਗਈਆਂ । ਜਿਹਨਾਂ ਨੂੰ ਮੈਂ ਸਿਰਫ ਸੁਣ ਸਕਿਆ ਦੇਖ ਨਾ ਸਕਿਆ । ਪਰ ਅਹਿਸਾਸਾਂ ਨੂੰ ਬਿਨਾਂ ਦੇਖੇ ਸਿਆਣਿਆਂ ਜਾ ਸਕਦਾ ਹੈ ।
ਹੁਣ ਵੀ ਅੱਧੀ ਰਾਤ ਹੋਣ ਵਾਲ਼ੀ ਹੈ । ਤੇ ਮੈਨੂੰ ਇੰਹ ਝਾਂਜਰਾਂ ਦੀ ਅਵਾਜ ਆਪਣੇ ਵੱਲ ਹੀ ਆਉਂਦੀ ਲਗਦੀ ਹੈ । ਕੁਝ ਦੇਰ ਵੰਗਾਂ ਤੇ ਕੜੇ ਦਾ ਆਪਸ ਚ ਟਕਰਾਉਣ ਦਾ ਸ਼ੋਰ ਤੇ ਦੋ ਨੌਜਵਾਨਾਂ ਦੀਆਂ ਸਰਗੋਸ਼ਈਆਂ ਗੁੰਜ ਜਾਣਗੀਆਂ । ਟੁੱਟੀਆਂ ਵੰਗਾ ਨੂੰ ਮੇਰੇ ਅੰਦਰ ਸੁੱਟ ਉਹ ਘਰ ਤੁਰ ਜਾਣਗੇ । ਮੈਨੂੰ ਮੁੜ ਉਹੀ ਹੀਰ ਸੁਣਾਉਣ ਵਾਲਾ ਰਮਤਾ ਸਾਧੂ ਚੇਤੇ ਆ ਜਾਂਦਾ ਹੈ । ਜੋ ਗਾਉਂਦਾ ਸੀ ।
” ਖੂਹਾਂ ਨੇ ਸਦਾ ਹੀ ਗਿੜਦੇ ਹੀ ਰਹਿਣੇ ,
ਅਟੱਲ ਨੇ ਸੱਚ ਜੋ ਚਲਦੇ ਹੀ ਰਹਿਣੇ “
( ਇਹ ਕਹਾਣੀ ਇੱਕ ਸੁਪਨੇ ਵਾਂਗ ਅਮਨ ਨੂੰ ਨਾਵਲ ਧੱਕ ਧੱਕ ਸੀਨਾ ਧੜਕੇ ਚ ਦਿਸਦੀ ਹੈ ,ਪਰ ਉਹ ਸਣੀ ਹੋਈ ਸੱਚੀ ਕਹਾਣੀ ਮਨ ਤੇ ਐਨੀ ਭਾਰੀ ਸੀ ਅਲੱਗ ਤੋਂ ਕਹਾਣੀ ਲਿਖੇ ਬਿਨਾਂ ਰਹਿ ਨਹੀਂ ਹੋਇਆ )
ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਦੇਣ ਲਈ ਕਲਿੱਕ ਕਰੋ
ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ ।
Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ ।
