
ਵਹਿਮ ਜਿਹਾ ਲਗਦਾ ਕਿ ਕੋਈ ਪੰਜਾਬ ਦੀ ਧਰਤੀ ਤੇ ਜੰਮਿਆ ਵੀ ਖ਼ੁਦਕੁਸ਼ੀ ਦੀ ਗੱਲ ਕਰ ਸਕਦਾ! ਇਥੇ ਵੀ ਅਜਿਹਾ ਸਮਾਂ ਆ ਸਕਦਾ ਕਿ ਲੋਕ ਨਿਰਾਸ਼ਾ ਚ ਘੁਲਦੇ ਹੋਏ ਆਪਣੇ ਆਪ ਨੂੰ ਖ਼ਤਮ ਕਰਨ ਦੀ ਸੋਚਣ ਲੱਗਣ।
ਉਹ ਵੀ ਉਹ ਜਿਹਨਾਂ ਦਾ ਜਿਊਣ ਮੰਤਰ ਹੀ ” ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦਸ਼ਾਹੇ ਦਾ” ਸੀ ਭਾਵ ਰੱਜ ਕੇ ਜਿਉਂ ਲਵੋ ਇਸਤੋਂ ਪਹਿਲਾਂ ਕਿ ਤੁਹਾਨੂੰ ਕੋਈ ਲੁੱਟ ਕੇ ਲੈ ਜਾਏ।
ਜਿਸ ਇਨਸਾਨ ਦੇ ਲਹੂ ਚ ਪੰਜਾਂ ਦਰਿਆਵਾਂ ਦਾ ਪਾਣੀ ਘੁਲਿਆ ਹੋਏ,ਜਿਸਦੇ ਜਿਸਮ ਨੂੰ ਇਸ ਜਰਖੇਜ਼ ਮਿੱਟੀ ਨੇ ਘੜਿਆ ਹੋਏ ਢਾਹੂ ਖਿਆਲ ਤਾਂ ਉਹਦੇ ਨੇੜੇ ਵੀ ਨਹੀਂ ਢੁੱਕਣੇ ਚਾਹੀਦੇ।
ਇਸ ਧਰਤੀ ਦੇ ਲੋਕਾਂ ਨੇ 2000 ਸਾਲ ਤੋਂ ਵੱਧ ਸਮਾਂ ਭਾਵ 100 ਪੀੜ੍ਹੀਆਂ ਸਿਰਫ਼ ਤੇ ਸਿਰਫ ਜਿਉਂਦੇ ਰਹਿਣ ਲਈ ਲੜਦਿਆਂ ਕੱਢਿਆ ਹੈ, ਕਿਸੇ ਵੀ ਤਰੀਕੇ ਜਿਊਣਾ ,ਕਿਸੇ ਵੀ ਹਾਲਾਤ ਚ ਜਿਉਣਾ।
ਇਸ ਲਈ ਤੁਹਾਡੇ ਸਭ ਅੰਦਰ ਉਹ ਜਜ਼ਬਾ ਮੌਜੂਦ ਹੈ ਜੋ 100 ਤੋਂ ਵੱਧ ਪੀੜਿਆਂ ਦੇ ਕੇ ਗਈਆਂ ਹਨ। ਜਰੂਰਤ ਸਿਰਫ਼ ਪਛਾਣਨ ਦੀ ਹੈ। #harjotdikalam
ਜਿੰਦਗ਼ੀ ਦੇ ਘੋਲ ਚ ਦੋਵੇਂ ਹੱਥੀ ਲੜਨਾ, ਹਿੱਕ ਤਾਣ ਕੇ ਲੜਨਾ,ਨਿਰਾਸ਼ ਨਾ ਹੋਣਾ ਇਹ ਜਜ਼ਬਾ ਬਹੁਤ ਜਰੂਰੀ ਹੈ।
ਸਿਕੰਦਰ ਤੇ ਪੋਰਸ ਦੀ ਜੋ ਕਥਾ ਹੈ ਉਹ ਯੂਨਾਨੀ ਇਤਿਹਾਸਕਾਰਾਂ ਨੇ ਲਿਖੀ ਹੋਈ ਹੈ,ਉਸ ਚ ਪੋਰਸ ਦੀ ਬਹਾਦਰੀ ਹੈ ਪਰ ਸਿਕੰਦਰ ਨੂੰ ਮਹਾਨ ਬਣਾਉਣ ਤੇ ਜ਼ੋਰ ਹੈ। ਦਰਬਾਰੀ ਲੇਖਕ ਇਵੇਂ ਹੀ ਲਿਖਿਆ ਕਰਦੇ ਹਨ।
ਇਸ ਲਈ ਮੈਨੂੰ ਉਹ ਕਹਾਣੀ ਪੜ੍ਹਦੇ ਹੋਏ ਕਦੇ ਇਹ ਨਹੀਂ ਲਗਦਾ ਕਿ ਪੋਰਸ ਕਹਿ ਰਿਹਾ ਹੋਵੇ ਕਿ ਮੇਰੇ ਨਾਲ ਉਵੇਂ ਦਾ ਸਲੂਕ ਕਰ ਜਿਵੇ ਰਾਜਾ ਰਾਜੇ ਨਾਲ ਕਰਦਾ ਹੈ।
ਮੈਨੂੰ ਲਗਦਾ ਹੈ ਪੋਰਸ ਨੇ ਜਰੂਰ ਕਿਹਾ ਹੋਣਾ ਕਿ ਮੇਰੀ ਪਿੱਠ ਤੇ ਨਹੀਂ ਸਗੋਂ ਛਾਤੀ ਤੇ ਵਾਰ ਕਰੀਂ ਐਵੇਂ ਕੋਈ ਆਖੇ ਕਿ ਪੰਜ ਪਾਣੀਆਂ ਦੀ ਧਰਤੀ ਦਾ ਸਪੂਤ ਪਿੱਠ ਦਿਖਾ ਕੇ ਦੌਡ਼ ਰਿਹਾ ਸੀ।
ਹੁਣ ਤੁਸੀਂ ਖੁਦ ਦੇਖੋ ਤੁਸੀਂ ਤਾਂ ਪਿੱਠ ਵਿਖਾ ਕੇ ਨਹੀਂ ਦੌਡ਼ ਰਹੇ, ਜਿੰਦਗ਼ੀ ਦੀਆਂ ਆਮ ਮੁਸ਼ਕਲਾਂ ਨੂੰ ?
ਤੁਹਾਨੂੰ ਇਸ ਧਰਤੀ ਦੀ ਭਾਸ਼ਾ, ਕਲਚਰ ਦਾ, ਲੋਕਾਂ ਦਾ, ਇਤਿਹਾਸ ਦਾ ,ਧਰਮਾਂ ਦਾ,ਵਿਸ਼ਵਾਸ਼ ਦਾ ਜਾਂ ਕਿਸੇ ਵੀ ਹੋਰ ਚੀਜ਼ ਦਾ ਮਾਣ ਹੋਵੇ ਭਾਵੇਂ ਨਾ ਹੋਵੇ।
ਪਰ ਇੱਕ ਚੀਜ਼ ਦਾ ਮਾਣ ਜ਼ਰੂਰ ਕਰਨਾ ਇਸ ਧਰਤੀ ਤੇ ਜਨਮ ਲੈਣ ਦਾ,ਸ਼ਾਇਦ ਹੀ ਧਰਤੀ ਦੇ ਕਿਸੇ ਹੋਰ ਕੋਨੇ ਚ ਕਿਸੇ ਧਰਤ ਦੇ ਬਾਸ਼ਿੰਦਿਆਂ ਨੇ ਜਿਊਣ ਲਈ ਇੰਝ ਸੰਗਰਸ਼ ਕੀਤਾ ਹੋਏ। ਇਹ ਤੁਹਾਡੇ ਲਈ ਮਾਣ ਵਾਲ਼ੀ ਗੱਲ ਹੈ।
. ਜ਼ਿੰਦਗੀ ਦਾ ਘੋਲ ਵੀ ਅਜ਼ੀਬ ਹੈ …… ਸਦਾ ਵੀ ਸ਼ਰੀਫ ਜਾਵੇ ਹਾਰਦਾ , ਪਰ ਚਿੱਤ ਨਾ ਡੁਲਾਇਓ ਤੁਸੀਂ ਸੂਰਿਓ , ਦੇਖਿਓ ਨਜ਼ਾਰਾ ਜਾਂਦੀ ਵਾਰ ਦਾ।
ਹਰਜੋਤ ਸਿੰਘ
70094-52602
please send the full story of Bande Khani
LikeLike