ਹੰਸ ਬਗਲਾ ਤੇ ਮੈਂ – 1-4

ਨਾਵਲ :ਹੰਸ ਬਗਲਾ ਤੇ ਮੈਂ
ਭਾਗ : ਇੱਕ

…..ਤੇ ਮੈਂ ਸਸਪੈਂਡ ਹੋ ਗਿਆ। ਹੋਣਾ ਹੀ ਸੀ, ਮੇਰੇ ਚਿਹਰੇ ਤੋਂ ਹੰਸ ਵਾਲਾ ਮਖੌਟਾ ਉੱਤਰ ਕੇ ਬਗਲ਼ੇ ਦਾ ਚਿਹਰਾ ਜੱਗ ਜ਼ਾਹਿਰ ਹੋ ਗਿਆ ਸੀ। ਅਖਬਾਰਾਂ ਵਿੱਚ ਇਹ ਛੱਪ ਗਿਆ ਸੀ। ਟੀਵੀ ਉੱਤੇ ਬਹਿਸਾਂ ਹੋ ਗਈਆਂ ਸੀ। ਸੋਸ਼ਲ ਮੀਡੀਆ ਤੇ ਵਿਲੇਨ ਬਣ ਗਿਆ ਸੀ। ਨਾਰੀਵਾਦੀ ਤੇ ਪੁਰਸ਼ਵਾਦੀ ਇਸ ਉੱਤੇ ਬਹਿਸੋ ਬਹਿਸੀ ਹੋ ਰਹੇ ਸੀ। ਮੇਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਲੱਭ ਕੇ ਜ਼ਹਿਰ ਉਗਲਿਆ ਜਾ ਰਿਹਾ ਸੀ, ਗਾਲਾਂ ਦਿੱਤੀਆਂ ਜਾ ਰਹੀਆਂ ਸੀ।
ਇਹ ਤਾਂ ਹੁੰਦਾ ਹੀ ਹੈ,ਜਦੋਂ ਵੀ ਆਦਮੀ ਦੇ ਬਗਲ਼ੇ ਵਰਗਾ ਚਿਹਰਾ ਸਾਹਮਣੇ ਆਉਂਦਾ ਹੈ, ਲੋਕਾਂ ਨੂੰ ਆਪਣੇ ਅੰਦਰਲੇ ਚੋਰ ਨੂੰ ਲੁਕੋਣ ਲਈ ਤੇ ਦੂਸਰੇ ਸਿਰ ਇਲਜ਼ਾਮ ਮੜ੍ਹਨ ਲਈ ਕੁਝ ਮਿਲ ਜਾਂਦਾ ਹੈ।
ਰਾਜ ਕੁੰਦਰਾ ਨਾਲ ਵੀ ਇਹੋ ਹੋਇਆ ਸੀ, ਮਸੀਂ ਹੀ ਖ਼ਬਰਾਂ ਬਹਾਨੇ ਅੱਧ ਨੰਗੀਆਂ ਤਸਵੀਰਾਂ ਛਾਪ ਕੇ ਵਿਊਜ਼ ਹਾਸਿਲ ਕਰਦੇ ਖਬਰੀਆ ਚੈਨਲ ਰਾਤੋਂ ਰਾਤ ਧਾਰਮਿਕ ਚੈਨਲ ਵਾਂਗ ਪ੍ਰਵਚਨ ਕਰਨ ਲੱਗ ਗਏ।
ਮੈਂ ਰਾਜ ਕੁੰਦਰਾ ਵਾਂਗ ਮਸ਼ਹੂਰ ਤਾਂ ਨਹੀਂ ਸੀ ਪਰ ਸ਼ੂਟਿੰਗ ਵਿੱਚ ਨੈਸ਼ਨਲ ਜੇਤੂ ਸੀ, ਦੇਸ਼ ਵੱਲੋਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਚੁੱਕਾ ਸੀ।
ਕੁਝ ਦਿਨ ਪਹਿਲਾਂ ਤੱਕ ਇੱਕ ਕੁੜੀਆਂ ਦੇ ਮਸ਼ਹੂਰ ਕਾਲਜ਼ ਵਿੱਚ ਕੋਚ ਸੀ, ਕਾਲਜ਼ ਇਸ ਲਈ ਮਸ਼ਹੂਰ ਸੀ ਕਿ ਇਸ ਵਿੱਚ ਅਮੀਰ ਘਰਾਂ ਦੀਆਂ ਕੁੜੀਆਂ ਪੜ੍ਹਦੀਆਂ ਸੀ, ਇਸਦੀ ਫ਼ੀਸ ਹੀ ਐਨੀਂ ਸੀ ਕਿ ਆਮ ਨਾਗਰਿਕ ਬੱਸ ਵਿੱਚੋ ਸਿਰਫ਼ ਇੱਕ ਨਿਗ੍ਹਾ ਭਰਕੇ ਤੱਕਦੇ ਸੀ, ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਇਸ ਕਾਲਜ਼ ਚ ਸਿਰਫ਼ ਇੱਕ ਕਦਮ ਰੱਖਣ ਲਈ ਤਰਸਦੀਆਂ ਹੋਣਗੀਆਂ।
ਹੁਣ ਮੈਂ ਇਸ ਕਾਲਜ਼ ਵਿੱਚੋ ਸਸਪੈਂਡ ਹੋ ਗਿਆ ਹਾਂ। ਕਰੀਬ ਡੇਢ ਸਾਲ ਦੀ ਸਰਵਿਸ ਮਗਰੋਂ। ਸਵੇਰ ਤੋਂ ਮੇਰਾ ਫੋਨ ਵੱਜ ਵੱਜ ਕੇ ਬੇਹੋਸ਼ ਹੋ ਗਿਆ ਹੈ, ਬੈਟਰੀ ਡਾਊਨ ਹੋਣ ਕਰਕੇ। ਮੈੰ ਕਿਸੇ ਦਾ ਉੱਤਰ ਨਹੀਂ ਦੇ ਰਿਹਾ। ਕਿਸੇ ਵੀ ਪਲ ਪੁਲਿਸ ਮੇਰੇ ਦਰਵਾਜ਼ੇ ਤੇ ਦਸਤਕ ਦੇ ਸਕਦੀ ਹੈ। ਮੇਰੇ ਮਨ ਦਾ ਧੂੜਕੂ ਤੁਸੀਂ ਸਮਝ ਸਕਦੇ ਹੋਵੋਗੇ। ਆਖਿਰਕਾਰ ਤੁਸੀਂ ਵੀ ਇੱਕ ਆਮ ਇਨਸਾਨ ਵਰਗੇ ਹੋ।
ਇੱਕ ਆਮ ਇਨਸਾਨ ਜਿਵੇਂ ਕਿ ਮੈਂ ਹਾਂ , ਤੁਸੀਂ ਹੋ ਤੁਹਾਡੇ ਆਸ ਪਾਸ ਹੋਰ ਲੋਕ ਹਨ। ਅਸੀਂ ਤਿਹਰੇ ਚਿਹਰਿਆਂ ਦੇ ਮਾਲਿਕ ਹਾਂ। ਇਹ ਹਰ ਇਨਸਾਨ ਨੂੰ ਪਤਾ ਹੈ। ਸਾਡੇ ਤਿੰਨ ਚਿਹਰੇ ਹੁੰਦੇ ਹਨ। ਮੈਂ ਇਹਨਾਂ ਵਿੱਚੋਂ ਇੱਕ ਨੂੰ ਹੰਸ ਆਖਦਾ ਹਾਂ ,ਇੱਕ ਨੂੰ ਬਗਲਾ ਤੇ ਇੱਕ ਨੂੰ ਮੈਂ।
‘ਮੈਂ’ ਇਨਸਾਨ ਦਾ ਉਹ ਚਿਹਰਾ ਹੈ ਜੋ ਉਹ ਅਸਲ ਵਿੱਚ ਹੈ। ‘ਹੰਸ’ ਉਹ ਚਿਹਰਾ ਜੋ ਉਹ ਸਮਾਜ ਮੂਹਰੇ ਬਣ ਕੇ ਦਿਖਾਉਂਦਾ ਹੈ। ‘ਬਗਲਾ’ ਉਹ ਜੋ ਅਸਲ ਚ ਕਰਨਾ ਚਾਹੁੰਦਾ ਹੈ। ਇਹ ਚਿਹਰਾ ਐਨਾ ਲੁਕੋ ਕੇ ਰੱਖਿਆ ਜਾਂਦਾ ਕਿ ਬੇਹੱਦ ਇਕੱਲਤਾ ਵਿੱਚ ਬਾਹਰ ਨਿਕਲਦਾ ਹੈ। ਇਹ ਪੱਕਾ ਕਰਨ ਮਗਰੋਂ ਕਿ ਕੋਈ ਇਹਨੂੰ ਪਛਾਣ ਨਹੀਂ ਸਕੇਗਾ, ਇਹ ਗੁਪਤ ਰਹੇਗਾ।
‘ਮੈਂ’ ਅਸਲ ਚ ਹੰਸ ਤੇ ਬਗਲ਼ੇ ਨੂੰ ਮਿਲਕੇ ਹੀ ਬਣਦਾ ਹੈ। ਕਿਸੇ ਚ ਹੰਸ ਵਾਧੂ ਹੁੰਦਾ ਕਿਸੇ ਚ ਬਗਲਾ ਪਰ ਸਮਾਜ ਨੂੰ ਦਿਖਾਉਣ ਵੇਲੇ ਹੰਸ ਵਾਲਾ ਪਾਸਾ ਹੀ ਵਿਖਾਇਆ ਜਾਂਦਾ ਬਗਲ਼ੇ ਵਾਲਾ ਲੁਕੋ ਲਿਆ ਜਾਂਦਾ। ਹਰ ਵਿਅਕਤੀ ਆਖਦਾ ਹੈ ਬਗਲ਼ੇ ਇਨਸਾਨਾਂ ਤੋਂ ਸਾਵਧਾਨ। ਇਹ ਆਖ ਕੇ ਉਹ ਖੁਦ ਨੂੰ ਕੁਝ ਪਲਾਂ ਲਈ ਬਗਲਿਆਂ ਤੋਂ ਅਲੱਗ ਕਰ ਲੈਂਦਾ ਹੈ।
ਮੈਂ ਵੀ ਕਰਦਾਂ ਸਾਂ।
ਮੇਰਾ ਹੰਸ ਵਾਲਾ ਚਿਹਰਾ ਵਧੇਰੇ ਉੱਘੜਵਾ ਸੀ। ਇਸ ਲਈ ਤਾਂ ਮੈਂ ਇੱਕ ਮਰਦ ਹੋਕੇ ਵੀ ਕੁੜੀਆਂ ਵਾਲੇ ਕਾਲਜ਼ ਚ ਕੋਚ ਬਣ ਗਿਆ ਸੀ। ਬੇਸ਼ਕ ਨੈਸ਼ਨਲ ਮੈਡਲਿਸਟ ਹੋਣ ਦਾ ਫ਼ਾਇਦਾ ਸੀ। ਪਰ ਉਸ ਤੋਂ ਵੱਧ ਫਾਇਦਾ ਤਾਂ ਮੇਰੇ ਹੰਸ ਨੁਮਾ ਚਿਹਰੇ ਦਾ ਸੀ। ਨਹੀਂ ਹਰ ਸਾਲ ਗੋਲ੍ਡ ਮੈਡਲਿਸਟ ਨਿਕਲਦੇ ਹਨ। ਕਈ ਤਾਂ ਮਗਰੋਂ ਰੋਜ਼ੀ ਰੋਟੀ ਲਈ ਮਜ਼ਦੂਰੀ ਵੀ ਕਰਦੇ ਹਨ। ਮੈਂ ਵੀ ਵਿਆਹ ਕਰਵਾ ਕੇ ਪਿੰਡ ਸੈੱਟਲ ਹੋ ਗਿਆ ਸੀ।
ਮੈਡਲਾਂ ਨੂੰ ਅੱਧ ਪੱਕੀ ਇੱਟਾਂ ਬਾਲਿਆਂ ਦੀ ਬੈਠਕ ਵਿੱਚ ਟੰਗ ਕੇ ਟਰੈਕਟਰ ਨਾਲ ਖੇਤ ਵਾਹੁੰਦਾ, ਏਸ਼ੀਆਈ ਖੇਡਾਂ ਦੀ ਰੰਗੀਨੀਆਂ ਨੂੰ ਯਾਦ ਕਰਿਆ ਕਰਦਾ ਸੀ।
ਪਰ ਮੇਰੇ ਮਖੌਟੇ ਦਾ ਫ਼ਾਇਦਾ ਹੋਇਆ, ਸਰਕਾਰੀ ਨੌਕਰੀ, ਜਿਸਦੇ ਲਾਰੇ ਸਰਕਾਰਾਂ ਹਰ ਪੰਜ ਸਾਲ ਮਗਰੋਂ ਲਾਉਣਾ ਨਹੀਂ ਭੁੱਲਦੀਆਂ ਮੇਰੇ ਲਈ ਦੂਰ ਦੀ ਕੌਡੀ ਹੋ ਚੁੱਕੀ ਸੀ। ਉਦੋਂ ਹੀ ਇਸ ਕਾਲਜ਼ ਵਿੱਚੋ ਕੋਚਿੰਗ ਦਾ ਆਫ਼ਰ ਆਇਆ।ਸਿਰਫ਼ ਇਸ ਲਈ ਕਿ ਕਾਲਜ਼ ਪ੍ਰਿੰਸੀਪਲ ਮੇਰੀ ਜਾਣਕਾਰ ਸੀ। ਜਾਂ ਕਹਿ ਲਵੋ ਉਹ ਮੇਰੇ ਮਖੌਟੇ ਨੂੰ ਸੱਚ ਸਮਝੀ ਬੈਠੀ ਸੀ।
ਮੈੰ ਵੀ ਜਿਸ ਦਿਨ ਇਸ ਕਾਲਜ਼ ਚ ਪੈਰ ਧਰਿਆ ਸੀ ਇਹੋ ਸੋਚਿਆ ਸੀ ਕਿ ਇਸ ਚਿਹਰੇ ਨੂੰ ਕਾਇਮ ਰੱਖਾਂਗਾ। ਪਰ ਇਹ ਹੋ ਨਾ ਸਕਿਆ। ਜਾਂ ਕਹਿ ਲਵੋ ਹੋਣ ਨਾ ਦਿੱਤਾ ਗਿਆ। ਕੁਝ ਸਾਜਿਸ਼ਾਂ ਸੀ ਕੁਝ ਗ਼ਲਤੀਆਂ ਕਿ ਅੱਜ ਮੈਨੂੰ ਖਿੜਕੀ ਦੇ ਪਰਦੇ ਦੇ ਖਿਸਕਣ ਤੋਂ ਵੀ ਡਰ ਲੱਗ ਰਿਹਾ। ਕਿਧਰੇ ਖੜਕਾ ਹੋ ਰਿਹਾ ਮੈਨੂੰ ਲੱਗ ਰਿਹਾ ਹੁਣੇ ਕੋਈ ਮੈਨੂੰ ਫੜਨ ਆ ਜਾਏਗਾ।
ਕਿਤੇ ਵੀ ਕੋਈ ਵੀ ਮੈਨੂੰ ਆ ਕੇ ਕੁੱਟ ਧਰੇਗਾ।ਅੰਦਰੋਂ ਭਰੇ,ਘਰੋਂ ਲੜੇ, ਮੇਰੇ ਜਿਹੇ ਮੁਖੌਟੇ ਵਾਲੇ ਲੋਕਾਂ ਨੂੰ ਮਸੀਂ ਤਾਂ ਮੌਕਾ ਮਿਲਦਾ ਹੈ ਹੱਥ ਖੋਲ੍ਹ ਲੈਣ ਦਾ। ਇੰਝ ਖ਼ੁਦ ਨੂੰ ਸੱਚੇ ਸਵਿੱਤਰੇ ਸਾਬਿਤ ਕਰ ਲੈਣ ਦਾ।
ਪਰ ਮੈਂ ਚਾਹੁੰਦਾ ਹਾਂ ਕਿ ਇਸਤੋਂ ਪਹਿਲਾਂ ਅਜਿਹਾ ਕੁਝ ਹੋਵੇ। ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾ ਦੇਵਾਂ। ਇਸਤੋਂ ਪਹਿਲਾਂ ਕਿ ਭੀੜ ਮੈਨੂੰ ਦੋਸ਼ੀ ਗਰਦਾਨ ਕੇ ਸੂਲੀ ਟੰਗ ਦੇਵੇ, ਮੇਰੇ ਥੋੜ੍ਹੇ ਬਹੁਤ ਚਰਿੱਤਰ ਨੂੰ ਵੀ ਮਲੀਆਮੇਟ ਕਰ ਦੇਵੇ। ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾ ਹੀ ਦੇਵਾਂ।
ਅੱਜਕਲ੍ਹ ਸੱਚ ਨਹੀਂ ਲੋਕ ਸਿਰਫ਼ ਵਾਇਰਲ ਫੋਟੋਆਂ, ਵੀਡੀਓਜ਼ , ਤੇ ਪੋਸਟਾਂ ਨੂੰ ਸੱਚ ਮੰਨਣ ਲੱਗੇ ਹਨ।ਜਿਸ ਵਿੱਚ ਦੋਸ਼ੀ ਦਾ ਕੋਈ ਪੱਖ ਨਹੀਂ ਹੁੰਦਾ।
ਇਹ ਸੇਕ ਹੁਣ ਮੇਰੇ ਤੱਕ ਵੀ ਪਹੁੰਚ ਰਿਹਾ ਹੈ। ਪਰ ਇਸ ਅੱਗ ਚ ਝੁਲਸਣ ਤੋਂ ਪਹਿਲਾਂ ਤੁਹਾਡੇ ਅੱਗੇ ਪੂਰੀ ਕਹਾਣੀ ਦੱਸ ਦੇਣਾ ਚਾਹੁੰਦਾ ਹਾਂ। ਕਹਾਣੀ ਦੱਸਣ ਲੱਗਿਆਂ ਮੈਂ ਨਾ ਹੰਸ ਹਾਂ ਨਾ ਬਗਲਾ ਮੈਂ ਸਿਰਫ਼ ਮੈਂ ਹਾਂ। ਆਪਣੇ ਹਰ ਰੂਪ ਨੂੰ ਸੱਚੋ ਸੱਚ ਪੇਸ਼ ਕਰਾਗਾਂ।
ਕੀ ਤੁਸੀਂ ਇਹ ਕਹਾਣੀ ਸੁਣਨਾ ਪਸੰਦ ਕਰੋਗੇ ?ਫ਼ਿਰ ਅਗਲਾ ਹਿੱਸਾ ਜਰੂਰ ਪੜ੍ਹਨਾ।

( ਇਹ ਮੇਰੀ ਪਹਿਲੀ ਕਹਾਣੀ ਹੋਏਗੀ ਜਿਸ ਨੂੰ ਮੈਂ ‘ਮੈਂ ‘ ਕਿਰਦਾਰ ਵਜੋਂ ਲਿਖਾਗਾਂ, ਇਹ ਕਹਾਣੀ ਪੂਰੀ ਤਰ੍ਹਾਂ ਕਾਲਪਨਿਕ ਹੈ, ਇਸਦਾ ਕਿਸੇ ਸਥਾਨ, ਵਿਅਕਤੀ, ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਸੰਯੋਗਵੱਸ ਕਿਸੇ ਨਾਲ ਕਹਾਣੀ ਰਲਦੀ ਮਿਲਦੀ ਹੋ ਸਕਦੀ ਹੈ। )

ਹਰਜੋਤ ਸਿੰਘ
70094-52602

ਹੰਸ ਬਗਲਾ ਤੇ ਮੈਂ
ਭਾਗ : 2

“ਤੂੰ ਬੂਟਾ ਸਿੰਘ ਸ਼ਾਦ ਨੂੰ ਪੜ੍ਹਿਆ ਹੀ ਹੋਣਾ ?”1 ਇਹ ਪਹਿਲਾ ਸਵਾਲ ਸੀ ਜੋ ਇੰਟਰਵਿਊ ਪੈਨਲ ਵਿੱਚ ਪ੍ਰਿੰਸੀਪਲ ਰਜਵੰਤ ਕੌਰ ਨੇ ਮੈਨੂੰ ਕੀਤਾ ਸੀ।
ਪ੍ਰਿੰਸੀਪਲ ਮੇਰੀ ਜਾਣਕਾਰ ਸੀ, ਮੈਂ ਕਰੀਬ 15 ਸਾਲ ਪਹਿਲਾਂ ਉਸ ਕੋਲੋਂ ਕਾਲਜ਼ ਚ ਪੰਜਾਬੀ ਪੜ੍ਹਿਆ ਸੀ।
ਸ਼ੂਟਿੰਗ ਵਿੱਚ ਕਾਲਜ਼ ਵੱਲੋਂ ਖੇਡਦੇ ਹੋਏ ਵੀ ਮੇਰਾ ਸਾਹਿਤ ਨਾਲ ਮੋਹ ਸੀ, ਜਿਸ ਕਰਕੇ ਮੈਡਮ ਨਾਲ ਜਾਣ ਪਹਿਚਾਣ ਕਾਲਜ਼ ਮਗਰੋਂ ਵੀ ਬਣੀ ਰਹੀ। ਮੈਡਮ ਨੂੰ ਇੱਕ ਬੇਹਤਰੀਨ ਵਿਦਿਆਰਥੀ ਹੋਣ ਤੇ ਮੇਰੇ ਤੇ ਮਾਣ ਵੀ ਸੀ। ਇਸ ਲਈ ਜਦੋਂ ਇਸ ਕਾਲਜ਼ ਚ ਸ਼ੂਟਿੰਗ ਰੇਂਜ ਸਥਾਪਿਤ ਹੋਈ ਤਾਂ ਇੱਕ ਕੋਚ ਵਜੋਂ ਮੇਰਾ ਨਾਮ ਸਭ ਤੋਂ ਪਹਿਲਾਂ ਉਸਦੇ ਦਿਮਾਗ ਵਿੱਚ ਆਇਆ ਸੀ। ਸਮੱਸਿਆਵਾਂ ਕਈ ਸਨ। ਸਭ ਤੋਂ ਪਹਿਲੀ ਸਮੱਸਿਆ ਇਹੋ ਸੀ ਕਿ ਕਾਲਜ਼ ਕਮੇਟੀ ਨੂੰ ਕੁੜੀਆਂ ਦੇ ਕਾਲਜ਼ ਲਈ ਇੱਕ ਮਰਦ ਕੋਚ ਦੀ ਨਿਯੁਕਤੀ ਲਈ ਮਨਾਉਣਾ।
ਪਹਿਲਾ ਸਵਾਲ ਇਸੇ ਤੇ ਕੇਂਦਰਿਤ ਸੀ।
“ਹਾਂ ਪੜ੍ਹਿਆ ਹੈ” ਮੇਰਾ ਉੱਤਰ ਸੀ।
“ਫ਼ਿਰ ਕੁੱਤਿਆਂ ਵਾਲੇ ਸਰਦਾਰ ਵੀ ਪੜ੍ਹਿਆ ਹੋਣਾ” ਅਗਲਾ ਸਵਾਲ ਸੀ।
“ਜੀ ਬਿਲਕੁੱਲ ਪੜ੍ਹਿਆ ਹੈ।”
“ਬੱਸ ਉਸ ਨਾਵਲ ਵਰਗਾ ਇਸ ਕਾਲਜ਼ ਵਿੱਚ ਕੁਝ ਨਹੀਂ ਹੋਣਾ ਚਾਹੀਦਾ,ਇਸ ਕਾਲਜ਼ ਦੀ ਰੇਪੋਟੇਸ਼ਨ ਸਿਰਫ਼ ਸਿਰਫ਼ ਇਸੇ ਕਰਕੇ ਹੈ, ਤੇ ਡਿਮਾਂਡ ਵੀ, ਮਾਪਿਆਂ ਨੂੰ ਤਸੱਲੀ ਹੁੰਦੀ ਹੈ ਕਿ ਇਥੇ ਕੁੜੀਆਂ ਨੂੰ ਛੱਡ ਕੇ ਉਹ ਬੇਫ਼ਿਕਰੀ ਨਾਲ ਪੜ੍ਹਾ ਸਕਦਾ ਹਨ, ਬਿਨਾਂ ਵਿਗੜੇ, ਨਹੀਂ ਬਾਹਰ ਤਾਂ ਹਾਲ ਤੁਹਾਨੂੰ ਪਤਾ ਹੀ ਹੈ।”
“ਜੀ ,ਮੇਰੀ ਉਹ ਉਮਰ ਗੁਜ਼ਰ ਗਈ ਹੈ, ਮੈਂ ਚੜ੍ਹਦੀ ਜਵਾਨੀ ਵਿੱਚ ਇਸ ਸਭ ਤੋਂ ਦੂਰ ਰਿਹਾ ,ਹੁਣ ਢਹਿੰਦੀ ਵਿੱਚ ਕਿਉਂ ਸਹੇੜਨ ਲੱਗਾ, ਹੁਣ ਤਾਂ ਮੈਂ 35 ਸਾਲਾਂ ਦਾ ਅੱਧਖੜ ਉਮਰ ਦਾ ਵਿਆਹਿਆ ਹੋਇਆ ਦੋ ਬੱਚਿਆਂ ਦਾ ਪਿਤਾ ਹਾਂ। ਇਸ ਪੱਖੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ।”
“ਹੂੰ ” ਕੋਲ ਬੈਠਾ ਕਾਲਜ਼ ਦੀ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬਚਨ ਸਿੰਘ ਨੇ ਖੰਘੂਰਾ ਮਾਰਿਆ। ਆਪਣੀ ਨਿਗ੍ਹਾ ਨਾਲ ਮੇਰੇ ਵੱਲ ਇੰਝ ਤੱਕ ਰਿਹਾ ਸੀ ਜਿਵੇਂ ਬੋਲਦੇ ਹੋਏ ਮੇਰੇ ਮਨ ਨੂੰ ਪੜ੍ਹ ਰਿਹਾ ਹੋਵੇ।
“ਦੇਖੋ, ਮਿਸਟਰ ਪ੍ਰਭਜੋਤ, ਤੁਹਾਡੀਆਂ ਪ੍ਰਾਪਤੀਆਂ ਬਹੁਤ ਮੁੱਲਵਾਨ ਹਨ, ਪਰ ਇਹ ਅਦਾਰਾ ਹੈ ਜੋ ਤੁਹਾਡੀਆਂ ਪ੍ਰਾਪਤੀਆਂ ਦਾ ਮੁੱਲ ਪਾ ਰਿਹਾ ਹੈ। ਇਸ ਲਈ ਇਸਦੇ ਨਮਕ ਨੂੰ ਹਲਾਲ ਹੀ ਰੱਖਣਾ। ਜਰ੍ਹਾਂ ਜਿਹੀ ਉਂਗਲ ਤੁਹਾਡੇ ਕਿਰਦਾਰ ਤੇ ਉਠੀ ਤਾਂ ਅਸੀਂ ਐਕਸ਼ਨ ਲੈਣ ਲਈ ਪਲ ਨਹੀਂ ਲਗਾਵਾਗੇਂ।”
“ਜੀ ਤੁਹਾਨੂੰ ਕਦੇ ਇੱਕ ਵੀ ਐਸਾ ਮੌਕਾ ਨਹੀਂ ਮਿਲੇਗਾ, ਇਸ ਅਦਾਰੇ ਦੀ ਇੱਜਤ ਮੇਰੀ ਇੱਜਤ ਹੈ, ਜਿਸਨੇ ਮਿੱਟੀ ਚ ਰੁਲਦੇ ਮੇਰੇ ਖੇਡ ਸਰਟੀਫਿਕੇਟਾਂ ਨੂੰ ਫੀਤੀਆਂ ਵਾਲੀ ਫਾਈਲ ਚ ਲੱਗਣ ਦੇ ਯੋਗ ਬਣਾਇਆ।”
ਤੇ ਮੈਂ ਕੋਚ ਬਣ ਗਿਆ। ਪੰਤਾਲੀ ਹਜ਼ਾਰ ਉੱਕਾ ਪੁੱਕਾ ਤਨਖਾਹ ਤੇ 10% ਸਲਾਨਾ ਇੰਕਰੀਮੈਂਟ ਦੇ ਨਾਲ।ਕਾਲਜ਼ ਨੇੜੇ ਘਰ ਮਿਲਣ ਤੱਕ, ਰਹਿਣ ਲਈ ਗੈਸਟ ਹਾਊਸ ਚ ਪੱਕਾ ਰੂਮ ਸੈੱਟ ਮਿਲ ਗਿਆ।
ਮੇਰੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ। ਖੇਡ ਚ ਨੰਬਰ ਇੱਕ ਹੋਣ ਦੇ ਬਾਵਜ਼ੂਦ ਕੋਈ ਜੌਬ ਨਾ ਮਿਲਣ ਕਰਕੇ ਹੀਣਤਾ ਮੇਰੇ ਅੰਦਰ ਘਰ ਕਰ ਚੁੱਕੀ ਸੀ।
ਇੰਟਰਵਿਊ ਤੋਂ ਇੱਕ ਦੀਨ ਪਹਿਲਾਂ ਦੀ ਗੱਲ ਹੈ। ਡੇਅਰੀ ਵਿੱਚ ਦੁੱਧ ਪਾ ਕੇ ਵਾਪਿਸ ਪਰਤ ਰਿਹਾ ਸੀ। ਸੂਰਜ਼ ਢਲ ਰਿਹਾ ਸੀ।ਪਿੰਡ ਦੇ ਛੱਪੜ ਵਿੱਚ ਲਾਲ ਰੰਗ ਦਾ ਸੂਰਜ ਦਾ ਦੁੱਗਣਾ ਆਕਾਰ ਦਿਸ ਰਿਹਾ ਸੀ। ਸਾਹਮਣੇ ਮੁਰਗਾਬੀਆਂ ਉੱਡ ਰਹੀਆਂ ਸੀ ਤਰ ਰਹੀਆਂ ਸੀ। ਪਿੰਡ ਦੇ ਸਰਪੰਚ ਮੱਖਣ ਸਿੰਘ ਦਾ ਮੁੰਡਾ ਸ਼ਿਕਾਰ ਕਰ ਰਿਹਾ ਸੀ। ਮੇਰੇ ਕੋਲ ਪਹੁੰਚਦੇ ਪਹੁੰਚਦੇ ਉਹ 15 ਫ਼ਾਇਰ ਕਰ ਚੁੱਕਾ ਸੀ। ਇੱਕ ਵੀ ਸਹੀ ਟਿਕਾਣੇ ਨਹੀਂ ਸੀ।
ਮੇਰੇ ਪਹੁੰਚਦੇ ਹੀ ਗੱਲ ਛਿੜ ਗਈ। “ਲੈ ਬਈ ਆ ਆਇਆ ਨੈਸ਼ਨਲ ਚੈਂਪੀਅਨ ਇਹਨੂੰ ਦਵੋ ਬੰਦੂਕ ਇਹ ਲਾਵੇ ਨਿਸ਼ਾਨਾ, ਵੇਖੀਏ ਹਲੇ ਵੀ ਅੱਖ ਚ ਮਾਰ ਹੈਗੀ ਕਿ ਨਹੀਂ।” ਕੋਈ ਇੱਕ ਬੋਲਿਆ।
ਮੈਂ ਪੰਛੀਆਂ ਦੇ ਸ਼ਿਕਾਰ ਕਰਨੇ ਕਦੋੰ ਦੇ ਛੱਡ ਚੁੱਕਾ ਸੀ, ਮੈਨੂੰ ਇਸ ਵਿੱਚੋ ਪਾਪ ਦੀ ਬੋਅ ਆਉਂਦੀ ਸੀ। ਸ਼ੁਰੂਆਤ ਵਿੱਚ ਕਿੰਨੇ ਹੀ ਪੰਛੀਆਂ ਨੂੰ ਨਿਸ਼ਾਨਾ ਬਣਾਇਆ ਸੀ, ਜੰਗਲਾਂ ਚ ਸ਼ਿਕਾਰ ਕੀਤੇ ਸੀ। ਪਰ ਹੁਣ ਕਈ ਸਾਲਾਂ ਤੋਂ ਛੱਡ ਗਿਆ ਸਾਂ।
ਮੈਂ ਇਨਕਾਰ ਕੀਤਾ,ਨਹੀਂ ਨਹੀਂ “ਹੁਣ ਆਪਾਂ ਛੱਡਿਆ ਹੋਇਆ ਇਹ ਕੰਮ”ਹੱਥ ਜੋੜਦੇ ਹੋਏ ਆਖਿਆ।
“ਵਿਆਹ ਮਗਰੋਂ ਤਾਂ ਭਾਈ ਬੰਦਾ ਘਰੇ ਹੀ ਸਿਧੇ ਨਿਸ਼ਾਨੇ ਲਾ ਲਵੇ, ਉਹੀ ਬਥੇਰਾ ਹੁੰਦਾ, ਇਹ ਜਨਾਨੀ ਨਹੀਂ ਬੰਦੇ ਨੂੰ ਕਾਸੇ ਜੋਗਾ ਛੱਡਦੀ, ਦੇਖਲਾ ਨੈਸ਼ਨਲ ਚੈਂਪੀਅਨ ਵੀ ਮੱਝਾਂ ਦਾ ਗੋਹਾ ਹੂੰਝਦਾ ਫਿਰਦਾ” ਸਰਪੰਚ ਦੇ ਮੁੰਡੇ ਨੇ ਦੋਹਰੀ ਤੀਹਰੀ ਟਕੋਰ ਮਾਰੀ।
“ਲੈ ਬਈ ਚੈਂਪੀਅਨ ਅੱਜ ਤਾਂ ਦਿਖਾ ਦੇ ਛੋਟੇ ਸਰਪੰਚ ਨੂੰ ਬਈ ਹਲੇ ਵੀ ਨਿਸ਼ਾਨਾ ਕਾਇਮ ਐ, ਘਰੇ ਵੀ ਤੇ ਬਾਹਰ ਵੀ ,ਨਹੀਂ ਤਾਂ ਕਿਤੇ ਤੇਰੀ ਅੱਲ੍ਹ ਹੀ ਨਾ ਬਣਜੇ, ਅੰਨ੍ਹਾ ਨਿਸ਼ਾਨਚੀ ‘ਗੋਹੇ’ ਚ ਲੱਤਾਂ ।” ਕਿਸੇ ਹੋਰ ਨੇ ਹੱਲਾਸ਼ੇਰੀ ਦਿੱਤੀ।
ਮੇਰੇ ਮਨ ਦਾ ਸਬਰ ਡੋਲ ਰਿਹਾ ਸੀ। ਕਈ ਸਾਲਾਂ ਤੋਂ ਨੈਸ਼ਨਲ ਚੈਂਪੀਅਨ ਦੀ ਟਕੋਰ ਸੁਣਕੇ ਮਨ ਬਰਿਆ ਪਿਆ ਸੀ । ਬੰਦੂਕ ਨੂੰ ਹੱਥ ਲਾਇਆ ਵੀ ਮਹੀਨੇ ਲੰਘ ਜਾਂਦੇ ਸੀ। ਮੈਡਲਾਂ ਟ੍ਰਾਫ਼ੀਆਂ ਨੂੰ ਤੱਕਣ ਦਾ ਮਨ ਨਹੀਂ ਸੀ ਕਰਦਾ।
ਅੱਜ ਸਬਰ ਟੁੱਟ ਗਿਆ ਸੀ।
“ਲਿਆ ਫੜ੍ਹਾ ਤਾਂ ਬੰਦੂਕ ” ਕੇਨੀ ਨੂੰ ਬੀਂਡਲ ਤੇ ਧਰ ਕੇ ਮੈਂ ਬੰਦੂਕ ਨੂੰ ਫੜ੍ਹਿਆ। ਸੂਰਜ ਦੀ ਸਾਹਮਣੀ ਲਿਸ਼ਕੋਰ ਤੇ ਸੱਜਿਓ ਵਗਦੀ ਹਵਾ ਨਾਲ ਤਾਲ ਕਰਕੇ ਤਿੰਨ ਉੱਡਦਿਆਂ ਮੁਰਗਾਬੀਆਂ ਨੂੰ ਚੁਣਿਆ ਤੇ ਇੱਕ ਇੱਕ ਕਰਕੇ 10 ਸਕਿੰਟ ਦੇ ਫ਼ਰਕ ਮਗਰੋਂ ਟਣ ਫ਼ਾਇਰ ਕੀਤੇ।
ਛੜਾਪ ਛੜਾਪ ਕਰਦੀਆਂ ਤਿੰਨ ਮੁਰਗਾਬੀਆਂ ਛੱਪੜ ਵਿੱਚ ਜ਼ਾ ਡਿੱਗੀਆਂ। ਦਰੱਖਤਾਂ ਤੇ ਬੈਠੇ ਪੰਛੀਆਂ ਚ ਚੀਕ ਚਿਹਾੜਾ ਮੱਚ ਗਿਆ ਛੱਪੜ ਵਿੱਚੋ ਬਾਕੀ ਪੰਛੀ ਵੀ ਉੱਡ ਗਏ। ਛੱਪੜ ਕਿਨਾਰੇ ਖੜ੍ਹੇ ਤੇ ਪੰਚਾਇਤੀ ਬੇਂਚ ਉੱਤੇ ਬੈਠੇ ਬੰਦਿਆ ਨੇ ਖੁਸ਼ੀ ਚ ਕੂਕਾਂ ਤੇ ਸੀਟੀਆਂ ਮਾਰੀਆਂ।
ਨੈਸ਼ਨਲ ਚੈਂਪੀਅਨ ਬਣਨ ਸਮੇਂ ਮੇਰੀਆਂ ਅੱਖਾਂ ਵਿਚੋਂ ਜੋ ਹੰਝੂ ਡਿੱਗੇ ਸੀ ਉਵੇਂ ਹੀ ਮੁੜ ਮੇਰੀਆਂ ਅੱਖਾਂ ਚ ਰੜਕਣ ਲੱਗੇ। ਬੰਦੂਕ ਨੂੰ ਫੜ੍ਹਾ ਕੇ ਬਿਨਾਂ ਕਿਸੇ ਵੱਲ ਤੱਕੇ ,ਕੇਨੀ ਚੁੱਕ ਮੈਂ ਘਰ ਵੱਲ ਆ ਗਿਆ। ਗਲੀ ਦਾ ਮੋੜ ਮੁੜਦੇ ਹੋਏ ਹੀ ਮੈਂ ਅੱਖਾਂ ਪੂੰਝੀਆਂ ਸੀ।
ਉਸ ਰਾਤ ਮੈਂ ਕੱਲ੍ਹੇ ਕੱਲ੍ਹੇ ਮੈਡਲ ਨੂੰ,ਟ੍ਰਾਫ਼ੀ ਨੂੰ ਮੁੜ ਝਾੜਿਆ ਸਾਫ਼ ਕੀਤਾ, ਬੱਚੇ ਵਾਂਗ ਪੁਚਕਾਰ ਕੀਤੀ। ਕੱਲੀ ਕੱਲੀ ਫੋਟੋ ਨੂੰ ਸਰਟੀਫਿਕੇਟ ਨੂੰ ਦੇਖ ਕੇ ਯਾਦਾਂ ਨੂੰ ਤਾਜ਼ਾ ਕੀਤਾ।
ਕਕੋ ਗੱਲ ਦੀ ਤਸੱਲੀ ਸੀ ਕਿ 10 ਸਾਲਾਂ ਦੀ ਉਮਰ ਤੋਂ ਜਿਸ ਹੁਨਰ ਨੂੰ 20 ਵਰ੍ਹੇ ਤਰਾਸ਼ਿਆ ਸੀ ਪੰਜ ਸਾਲ ਊਹਨੂੰ ਭੁੱਲ ਕੇ ਵੀ ਨਹੀਂ ਸੀ ਭੁਲਿਆ। ਹੱਥਾਂ ਵਿੱਚ ,ਦਿਮਾਗ ਚ , ਇਕਾਗਰਤਾ ਵਿੱਚ ਹਾਲੇ ਵੀ ਉਹੀ  ਚੈਂਪੀਅਨ ਵਾਲੀ ਤਾਕਤ ਸੀ।
ਤੇ ਉਸੇ ਰਾਤ ਹੀ ਪ੍ਰਿੰਸੀਪਲ ਦੀ ਕਾਲ ਆਈ ਸੀ, ਤੇ ਅਗਲ਼ੇ ਹੀ ਦਿਨ ਇੰਟਰਵਿਊ ਸੀ। ਤੜਕਿਓ ਚਾਰ ਵਜੇ ਵਾਲੀ ਪੱਟੀ ਡਿਪੂ ਦੀ ਬੱਸ ਚੜ੍ਹ ਕੇ ਮੈਂ ਦੁਪਹਿਰੇ 12 ਵਜੇ ਕਾਲਜ਼ ਪਹੁੰਚਿਆ ਸੀ।
ਘਰੋਂ ਲਿਆਂਦੇ ਪਰੌਂਠੇ ਰੋਪੜ ਤੋਂ ਪਹਿਲਾਂ ਖਾ ਕੇ, ਰੋਪੜ ਤੋਂ ਹਿਮਾਚਲ ਦੀ ਲੋਕਲ ਬੱਸ ਫੜ੍ਹੀ। ਜਿਹੜੀ ਕਾਲਜ਼ ਦੇ ਗੇਟ ਅੱਗੇ ਉਤਾਰ ਗਈ ਸੀ।
ਉਸੇ ਕੱਪੜਿਆਂ ਵਿੱਚ ਇੰਟਰਵਿਊ ਦਿੱਤੀ ਸੀ। ਸਿਲੈਕਸ਼ਨ ਮਗਰੋਂ ਫਾਰਮੇਲਿਟੀ ਕਰਦਿਆਂ ਕਰਦਿਆਂ ਹੀ ਸ਼ਾਮ ਹੋ ਗਈ ਸੀ। ਵੀਰਵਾਰ ਦਾ ਦਿਨ ਸੀ। ਅੱਜ ਦੀ ਜੁਅਨਿੰਗ ਪਾ ਕੇ ਤੇ ਕੱਲ੍ਹ ਦੀ ਹਾਜ਼ਰੀ ਲਗਾ ਕੇ ਘਰੋਂ ਜਰੂਰੀ ਸਮਾਨ ਲਿਆ ਸਕਦਾ ਸੀ। ਇਸ ਲਈ ਪਹਿਲੀ ਰਾਤ ਗੈਸਟ ਹਾਊਸ ਚ ਕੱਟਣ ਦਾ ਮਨ ਬਣਾਇਆ।
ਕਈਆਂ ਸਾਲਾਂ ਮਗਰੋਂ ਸੁੱਖ ਤੇ ਸੁਪਨਮਈ ਰਾਤ ਆਉਣ ਵਾਲੀ ਸੀ। ਸਫ਼ਰ ਦਾ ਥੱਕਿਆ 5 ਕੁ ਵਜੇ ਹੀ ਗੈਸਟ ਰੂਮ ਛਾਗ ਗਿਆ ਤਾਂ ਦੋ ਕੁ ਘੰਟੇ ਜੁਅਨਿੰਗ ਲੈਟਰ ਤੇ ਸਰਟੀਫਿਕੇਟਾਂ ਨੂੰ ਗਲ ਨਾਲ ਲਗਾ ਕੇ ਸੁੱਤਾ ਰਿਹਾ।
ਸੋਚ ਤਾਂ ਇਹੋ ਸੀ ਮਸੀ ਮਸੀਂ ਪਾਏ ਇੰਸ ਮੁਕਾਮ ਨੂੰ ਭਲਾਂ ਮੈਂ ਕਿਉਂ ਠੋਕਰ ਮਾਰਨ ਲੱਗਾ , ਜਿਸ ਨਾਲ ਪਤਾ ਨਹੀਂ ਕਿੰਨਿਆ ਦੇ ਹੋ ਮੂੰਹ ਬੰਦ ਹੋਣ ਵਾਲੇ ਸੀ। ਟਿੱਚਰਾਂ ਕਰਨ ਵਾਲੇ ਹੁਣ ਕੋਚ ਸਾਬ ਕੋਚ ਸਾਬ ਆਖਿਆ ਕਰਨਗੇ!!!
(ਚਲਦਾ )

ਹਰਜੋਤ ਸਿੰਘ
70094-52602

ਹੋਰ ਪੋਸਟਾਂ ਲਈ Harjot Di Kalam ਨੂੰ Instagram ਤੇ Facebook ਉੱਤੇ ਪੜ੍ਹਦੇ ਰਹੋ ।

ਨਾਵਲ : ਹੰਸ ਬਗਲਾ ਤੇ ਮੈਂ
ਭਾਗ ਤਿੰਨ

ਸ਼ਾਮ ਦੀ ਕੱਚੀ ਨੀਂਦ ਵਿੱਚੋ ਜਦੋਂ ਉਠਿਆ ਤਾਂ 7 ਵੱਜ ਰਹੇ ਸੀ। ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਇਹ ਭਰਵੀਂ ਗਰਮੀ ਦੇ ਦਿਨ ਸੀ। ਪਰ ਉਭੜ ਖ਼ਾਬੜ ਪਹਾੜੀਆਂ ਤੇ ਵਸਿਆ ਇਸ ਕਾਲਜ਼ ਵਿੱਚ ਮੌਸਮ ਸੁਹਾਵਣਾ ਸੀ। ਪਰ ਪਹਾੜੀ ਦੇ ਪਰਛਾਵੇਂ ਹੇਠ ਸੂਰਜ਼ ਛੇਤੀ ਛੁਪ ਗਿਆ ਸੀ।
ਮੂੰਹ ਹੱਥ ਧੋ ਕੇ ਫਰੈੱਸ ਹੋਇਆ, ਇੱਕੋ ਇੱਕ ਨਾਈਟ ਸੂਟ ਸੀ, ਕੱਪੜੇ ਪਹਿਲਾਂ ਹੀ ਬਦਲ ਲਏ ਸੀ, ਪੈਂਟ ਸ਼ਰਟ ਨੂੰ ਸੰਭਾਲ ਕੁ ਰੱਖਿਆ ਕੱਲ੍ਹ ਸੀਏ ਪਹਿਨਣਾ ਸੀ, ਤੇ ਟੀਵੀ ਵੇਖਣ ਲੱਗਾ। ਕੰਟੀਨ ਇੰਟਰਕਾਮ ਤੇ ਕਾਲ ਕਰਕੇ ਚਾਹ ਲਈ ਆਖ ਦਿੱਤਾ।
ਰੋਟੀ ਲਈ ਮੈੱਸ ਵਿੱਚ ਟਾਈਮ ਸਾਢੇ ਅੱਠ ਵਜੇ ਸੀ, ਇਹ ਪਤਾ ਲੱਗ ਗਿਆ ਸੀ ਕਿ ਬਾਕੀ ਸਭ ਲੇਡੀ ਟੀਚਰ ਹਨ। ਹਲੇ ਕਿਸੇ ਨਾਲ ਜਾਣ ਪਹਿਚਾਣ ਵੀ ਨਹੀਂ ਸੀ ।
ਇਸ ਲਈ ਸੋਚਿਆ ਕਿ ਥੋੜ੍ਹਾ ਜਲਦੀ ਖਾ ਕੇ ਕਿਸੇ ਹੋਰ ਦੇ ਆਉਣ ਤੋਂ ਪਹਿਲਾਂ ਹੀ ਮੁੜ ਆਵਾਗਾਂ। ਅਗਲ਼ੇ ਦਿਨ ਤਾਂ ਇੰਟਰੋ ਸਭ ਨਾਲ ਹੋਏਗੀ ਹੀ।
ਵਾਰ ਵਾਰ ਘੜੀ ਦੀਆਂ ਸੂਈਆਂ ਤੱਕਦੇ ਰਹੋ ਤਾਂ ਸਮਾਂ ਵੀ ਹੌਲੀ ਗੁਜਰਨ ਲੱਗ ਜਾਂਦਾ ਹੈ। ਬੜੀ ਮੁਸ਼ਕਿਲ ਨਾਲ ਹੀ ਸਵਾ ਅੱਠ ਹੋਏ।
ਕੰਟੀਨ ਸਟਾਫ ਦੀਆਂ ਨਜ਼ਰਾਂ ਮੇਰੇ ਤੇ ਹੀ ਸਨ। ਅਜ਼ੀਬ ਜਿਹੀ ਤੱਕਣੀ ਸੀ । ਖਾਣੇ ਦਾ ਆਰਡਰ ਦਿੰਦੇ ਹੋਏ, ਆਪਣੇ ਲਈ ਮਿਲਦੀ ਤਵੱਜੋ ਤੇ ਇੱਜਤ ਨੂੰ ਮਹਿਸੂਸ ਕਰਕੇ ਵਧੀਆ ਮਹਿਸੂਸ ਹੋ ਰਿਹਾ ਸੀ। ਇਹੋ ਜਿਹਾ ਸਿਰਫ਼ ਹੁਣ ਤੱਕ ਖੇਡਾਂ ਵਿੱਚ ਸਾਡੇ ਨਾਲ ਗਏ ਅਫਸਰਾਂ ਨਾਲ ਹੁੰਦੇ ਹੀ ਵੇਖਿਆ ਸੀ।
ਉਡੀਕ ਕਰਦਿਆਂ ਮੈਂ ਮੋਬਾਈਲ ਫਰੋਲਣ ਲੱਗਾ। ਉਦੋਂ ਹੀ ਮੈੱਸ ਚ ਇੱਕ ਹੋਰ ਐਂਟਰੀ ਹੋਈ। ਇੱਕੋ ਵਕਤ ਤੇ ਨਜ਼ਰਾਂ ਟਕਰਾਈਆਂ ਤੇ ਘੁੰਮ ਗਈਆਂ। ਪਰ ਚਿਹਰਾ ਜੁੱਸਾ ਦਿਮਾਗ ਚ ਛਪ ਗਿਆ ਸੀ। ਕੋਈ ਮੇਰੀ ਹੀ ਉਮਰ ਦੀ ਔਰਤ ਜਾਪਦੀ ਸੀ। ਜਾਪਦਾ ਸੀ ਜਿਵੇਂ ਜਵਾਨੀ ਨੂੰ ਅੱਧਖੜ ਚ ਬਦਲਣ ਲਈ ਰੋਕਣ ਲਈ ਕਾਫ਼ੀ ਜ਼ੋਰ ਲਗਾ ਰਹੀ ਹੋਵੇ।ਤੇ ਉਮਰ ਦਾ ਭੁਲੇਖਾ ਪਾ ਸਕੇ ਕੁਝ ਇਵੇਂ ਹੀ ਪਹਿਰਾਵਾ ਸੀ।
ਮੇਰੇ ਮਨ ਦਾ ਹੰਸ ਵੇਖਣਾ ਨਹੀਂ ਸੀ ਚਾਹੁੰਦਾ ਪਰ ਬਗ਼ਲਾ ਚੋਰ ਤੱਕਣੀ ਨਾਲ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਵੀ ਕਿਸੇ ਆਨੀ ਬਹਾਨੀ ਇਧਰ ਹੀ ਤੱਕ ਰਹੀ ਸੀ। ਫ਼ਿਰ ਦੇਖਿਆ ਕਿ ਉਹ ਮੇਰੇ ਵੱਲ ਹੀ ਆ ਰਹੀ ਹੈ। ਇੱਕ ਸ਼ਰੀਫ ਆਦਮੀ ਦੀ ਤਰ੍ਹਾਂ ਮੇਰਾ ਧਿਆਨ ਮੋਬਾਈਲ ਵਿੱਚ ਹੋ ਗਿਆ। ਦੂਰੋਂ ਆਉਂਦੀ ਇਤਰ ਦੀ ਖੁਸ਼ਬੂ ਨੇੜੇ ਆਉਂਦੀ ਮੇਰੀਆਂ ਨਾਸਾਂ ਚ ਵੱਜਣ ਲੱਗੀ। ਇਤਰ ਜਿਹੜਾ ਮੈਨੂੰ ਐਲਰਜ਼ੀ ਕਰ ਹੀ ਦਿੰਦਾ। ਉਹਨੂੰ ਨਾਸਾਂ ਚ ਘੁਸ ਜਾਣ ਤੋਂ ਰੋਕਣ ਲਈ ਮੈਂ ਅੱਧਾ ਕੁ ਸਾਹ ਰੋਕ ਰਿਹਾ ਸੀ। ਹਵਾ ਨੂੰ ਫਿਲਟਰ ਕਰਨ ਲਈ ਦੋ ਉਂਗਲਾਂ ਵੀ ਨਾਸਾਂ ਤੇ ਰੱਖ ਲਈਆਂ। ਆਪਣੀ ਮਨ ਦੀ ਪੂਰੀ ਤਾਕਤ ਨਾਲ ਮੈਂ ਨਿੱਛ ਨੂੰ ਆਉਣ ਤੋਂ ਰੋਕਣ ਲਈ ਦਿਮਾਗੀ ਤੌਰ ਤੇ ਖੁਦ ਨੂੰ ਤਿਆਰ ਕਰ ਰਿਹਾ ਸੀ।ਤੇਜ਼ ਕਦਮ ਮੇਰੇ ਟੇਬਲ ਕੋਲ ਆਣ ਕੇ ਰੁਕੇ।
“ਐਕਸਿਉਜ ਮੀ ,ਤੁਸੀਂ ,ਸ਼ੂਟਿੰਗ ਕੋਚ, ਪ੍ਰਭਜੋਤ ਹੋ ?” ਪਹਿਲਾ ਸਵਾਲ ਦਾਗਿਆ ਗਿਆ। ਉਮਰ ਨਾਲੋਂ ਕਿਤੇ ਮਿੱਠੀ ਆਵਾਜ਼ ਸੀ। ਜਿਵੇਂ ਕੰਨਾਂ ਵਿੱਚ ਮਿਸਰੀ ਘੁਲ ਗਈ ਹੋਵੇ। ਜਰੂਰ ਹੀ ਮਿਊਜਿਕ ਟੀਚਰ ਹੋਏਗੀ! ਮਨ ਨੇ ਬੁੱਝਣ ਦੀ ਕੋਸ਼ਿਸ਼ ਕੀਤੀ।
“ਜੀ, ਮੈਂ ਹੀ ਹਾਂ, ਪਰ ਤੁਸੀਂ ਕਿਵੇਂ ਜਾਣਦੇ ਹੋ ” ਮੇਰੇ ਮਨ ਚ ਹੈਰਾਨੀ ਸੀ, ਕਿ ਕੋਈ ਬਿਨ੍ਹਾਂ ਜਾਣ ਪਛਾਣ ਤੋਂ ਕਿਵੇਂ ਜਾਣ ਸਕਦਾ।
ਉਹ ਮੁਸਕਰਾਉਣ ਲੱਗੀ ਤੇ ਮਿੱਠੀ ਆਵਾਜ਼ ਵਿੱਚ ਥੋੜ੍ਹਾ ਸੁਰ ਵਿੱਚ ਬੋਲੀ ,ਵਾਰਿਸ਼ ਸ਼ਾਹ ਨੇ ਕਿਹਾ ,” ਰਹੇ ਹੀਰ ਨਾ ਗੁੱਝੀ ਹਜ਼ਾਰ ਵਿੱਚੋ, ਤੁਸੀਂ ਪਹਿਲੇ ਮੇਲ ਫੈਕਲਟੀ ਹੋ ਇਸ ਕਾਲਜ਼ ਦੀ, ਤੁਹਾਡੀ ਸਿਲੈਕਸ਼ਨ ਮਗਰੋਂ ਇਸ ਕਾਲਜ਼ ਦੀ ਇੱਕ ਇੱਕ ਇੱਟ ਤੁਹਾਡੇ ਨਾਮ ਤੋਂ ਜਾਣੂ ਹੋ ਚੁੱਕੀ ਹੈ, ਕੱਲ੍ਹ ਸ਼ਕਲ ਤੋਂ ਵੀ ਹੋ ਜਾਏਗੀ, ਤੁਹਾਡੇ ਲਈ ਪਤਾ ਨਹੀਂ ਪਰ ਇਸ ਕਾਲਜ਼ ਦੇ ਲਈ ਇਹ ਬਹੁਤ ਵੱਡੀ ਘਟਨਾ ਹੈ।”.
ਉਦੋਂ ਮਹਿਸੂਸ ਹੋਇਆ ਕਿ ਮੈੱਸ ਚ ਜਿਥੇ ਮੈਂ ਬੈਠਾ ਹਾਂ ਓਥੇ ਹਲਕਾ ਹਲਕਾ ਮਿਊਜ਼ਿਕ ਵੀ ਚੱਲ ਰਿਹਾ ਹੈ। ਮਸਾਲਿਆਂ ਦੀ ਸਮੇਲ ਤੋਂ ਬਿਨ੍ਹਾਂ ਕਮਰਾ ਰੈਫਰੇਸ਼ਰ ਦੀ ਸਮੇਲ ਵੀ ਸੀ।
ਸਭ ਸੁਪਨਮਈ ਸੀ, ਜਿਵੇਂ ਕਿਸੇ ਨੇ ਜਾਦੂ ਕਰਕੇ ਇੱਕੋ ਰਾਤ ਚ ਸਭ ਬਦਲ ਦਿੱਤਾ ਹੋਏ।
“ਨਹੀਂ ਮੇਰੇ ਲਈ ਵੀ ਵੱਡੀ ਪ੍ਰਾਪਤੀ ਹੈ, ਇਹ ਮੇਰੀ ਪਹਿਲੀ ਜੌਬ ਹੈ।” ਮੈਂ ਬੋਲਿਆ।
“ਓਹ ਗ੍ਰੇਟ, ਚੰਗੀ ਗੱਲ ਏ, ਇਹ ਕਾਲਜ਼ ਟ੍ਰਸਟ ਅੰਡਰ ਹੋਣ ਕਰਕੇ ਪੇ ਵੀ ਵਧੀਆ ਕਰਦੇ ਹਨ, ਨਾਲੇ ਸਭ ਅਮੀਰ ਪੜ੍ਹੀਆਂ ਲਿਖੀਆਂ ਫੈਮਲੀ ਦੇ ਬੱਚੇ ਬਹੁਤੀ ਮਗ਼ਜ਼ ਖਪਾਈ ਨਹੀਂ ਕਰਨੀ ਹੁੰਦੀ।” ਉਹ ਬੋਲ ਰਹੀ ਸੀ।
“ਮਾਫ਼ ਕਰਨਾ ਤੁਹਾਡੀ ਤਾਰੀਫ਼ ?” ਮੈਂ ਪੁੱਛਿਆ।
“ਉਹ ਸੌਰੀ ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਹੀ ਭੁੱਲ ਗਈ,ਮੇਰਾ ਨਾਮ ਹਰਪ੍ਰੀਤ ਹੈ ਤੇ ਮੈਂ ਸੋਸੌਲਜੀ ਪੜ੍ਹਾਉਂਦੀ ਹਾਂ”। ਉਹ ਬੋਲੀ।
ਮੇਰੇ ਅਨੁਮਾਨਾਂ ਦਾ ਕੋਈ ਵੀ ਤੀਰ ਸਿੱਧਾ ਨਹੀਂ ਸੀ ਲੱਗਿਆ। ਬੱਸ ਮੇਰੀਆਂ ਨਜ਼ਰਾਂ ਦੇ ਤੀਰ ਉਸਨੂੰ ਘੋਖ ਰਹੇ ਸੀ। 
ਵਾਲਾਂ ਵਿੱਚ ਆਏ ਕਿਸੇ ਕਿਸੇ ਚਿੱਟੇ ਧੌਲੇ ਨੂੰ ਉਸਨੇ ਡਾਈ ਨਾਲ ਲੁਕੋ ਲੈਣ ਦਾ ਯਤਨ ਕੀਤਾ ਹੋਇਆ ਸੀ। ਅੱਖਾਂ ਦੇ ਥੱਲੇ ਬਣੇ ਕਾਲੇ ਧੱਬਿਆਂ ਨੂੰ ਕੱਜਲ਼ ਤੇ ਮਸ਼ਕਾਰੇ ਨਾਲ ਲੁਕੋ ਲੈਣ ਦੀ ਕੋਸ਼ਿਸ ਸੀ। ਉਮਰ ਨਾਲ ਬੇਰੰਗ ਹੁੰਦੇ ਬੁੱਲ੍ਹ ਬੇਹੱਦ ਫਿੱਕੀ ਪਰ ਨੋਟਿਸ ਹੋ ਸਕਣ ਵਾਲੀ ਲਿਪਸਟਿਕ ਨਾਲ ਸਜਾਏ ਹੋਏ ਸੀ। ਕੰਨ ਕਈ ਥਾਵਾਂ ਤੋਂ ਵਿੰਨ੍ਹੇ ਹੋਏ ਜਾਪਦੇ ਸੀ ਪਰ ਕੁਝ ਪਾਇਆ ਨਹੀਂ ਸੀ ਹੋਇਆ।
ਕੱਪੜੇ ਇੰਝ ਪਾਏ ਹੋਏ ਸੀ ਜਿਵੇਂ ਬੁਝਦਾ ਦੀਵਾ ਆਪਣੀ ਆਖ਼ਿਰੀ ਲਾਟ ਬਾਲ ਕੇ ਵਧੇਰੇ ਚਾਨਣ ਕਰਨ ਦੀ ਕੋਸ਼ਿਸ ਕਰ ਰਿਹਾ ਹੋਵੇ। ਪਰ ਰੁਕੋ! ਇਹ ਵੀ ਮੇਰੇ ਅਨੁਮਾਨ ਹੀ ਸਨ ਹੋ ਸਕਦਾ ਸੀ ਕਿ ਇਹ ਵੀ ਪਹਿਲੇ ਅਨੁਮਾਨਾਂ ਵਾਂਗ ਫੇਲ੍ਹ ਹੋ ਜਾਣ। ਮੈਂ ਉਹਦੇ ਚਿਹਰੇ ਨੂੰ ਪੜ੍ਹਦਾ ਹੋਇਆ। ਚੋਰੀ ਚੋਰੀ ਉਸਦੇ ਪੂਰੇ ਹੀ ਜੁੱਸੇ ਨੂੰ ਆਪਣੀ ਦਿਮਾਗ ਚ ਸਕੈਨ ਕਰ ਰਿਹਾ ਸੀ। ਖਬਰੇ ਉਹ ਅਣਜਾਣ ਸੀ ਜਾਂ ਅਣਜਾਣ ਬਣ ਰਹੀ ਸੀ। ਮੈਨੂੰ ਨਹੀਂ ਪਤਾ!
ਤਦੇ ਹੀ ਮੈੱਸ ਦਾ ਕਾਰਿੰਦਾ ਮੇਰੇ ਲਈ ਖਾਣਾ ਲੈ ਆਇਆ। ਮੈਂ ਹਰਪ੍ਰੀਤ ਨੂੰ ਵੀ ਆਫ਼ਰ ਕੀਤਾ, ਪਰ ਉਹਨੇ ਆਪਣੇ ਹਿਸਾਬ ਨਾਲ ਖਾਣਾ ਆਰਡਰ ਕਰ ਹੀ ਲਿਆ ਸੀ। ਉਹ ਬੋਲਦੀ ਰਹੀ ਤੇ ਮੈਂ ਸੁਣਦਾ ਰਿਹਾ। ਉਹ ਜਰੂਰਤ ਦੀਆਂ ਚੀਜ਼ਾਂ ਲਈ ਮਾਰਕੀਟ , ਰਹਿਣ ਲਈ ਮਕਾਨ , ਘੁੰਮਣ ਲਈ ਥਾਂ ਬਾਰੇ ਦੱਸਦੀ ਰਹੀ ।
ਉਦੋਂ ਹੀ ਇੱਕ ਸਾਥ ਹਾਸੇ ਠਠਿਆਂ ਦੀਆਂ ਹੋਰ ਅਵਾਜ਼ਾਂ ਨਾਲ ਕਮਰਾ ਭਰ ਗਿਆ ਸੀ। ਮੇਰੀ ਨਜ਼ਰ ਘੁੰਮੀ ਤੇ ਮੈਂ ਓਧਰ ਘੁੰਮ ਕੇ ਤੱਕਿਆ। ਇੱਕ ਪਲ ਲਈ ਸ਼ਾਂਤੀ ਹੋ ਗਈ। ਅੱਖਾਂ ਮੇਰੇ ਤੇ ਸੀ।
ਹਰਪ੍ਰੀਤ ਮੈਨੂੰ ਐਕਸਿਉਜਮੀ ਕਹਿਕੇ ਉਹਨਾਂ ਕੋਲ ਚਲੀ ਗਈ। ਫ਼ਿਰ ਸਭ ਦੀਆਂ ਧੀਮੀਆਂ ਅਵਾਜ਼ਾਂ ਨਿੱਕੇ ਹਾਸੇ , ਮੈਨੂੰ ਸੁਣਦੇ ਰਹੇ।
ਖਾਣਾ ਖਾ ਕੇ ਮੈਂ ਬਿਨਾਂ ਉਹਨਾਂ ਵੱਲ ਵੇਖੇ ਬਾਹਰ ਵੱਲ ਚੱਲ ਪਿਆ।  ਅਚਾਨਕ ਪਿੱਛੋਂ ਇੱਕ ਸੀਟੀ ਵੱਜੀ, ਤੇ ਹਾਸਾ ਮੱਚ ਗਿਆ। ਮੈਂ ਚਾਹ ਕੇ ਗਰਦਨ ਘੁਮਾ ਕੇ ਪਿੱਛੇ ਨਾ ਵੇਖ ਸਕਿਆ। ਇਸ ਇੱਕ ਘਟਨਾ ਨੇ ਆਉਣ ਵਾਲੇ ਦਿਨਾਂ ਲਈ ਮੇਰੇ ਮਨ ਚ ਕਈ ਤਰ੍ਹਾਂ ਦੇ ਮਿੱਠੇ ਜਿਹੇ ਖ਼ੁਆਬ ਜਗਾ ਦਿੱਤੇ।
ਇੰਝ ਲੱਗ ਰਿਹਾ ਸੀ ਜਿਵੇਂ ਮੈਂ ਮੁੜ ਕਾਲਜ਼ ਦੇ ਦਿਨਾਂ ਵਿੱਚ ਪਹੁੰਚ ਗਿਆਂ ਹੋਵਾਂ। ਪੂਰੀ ਰਾਤ ਮੇਰੀ ਨੀਂਦ ਕਾਲਜ਼ ਤੇ ਨਵੀਂ ਨੌਕਰੀ ਦੇ ਮਿਲੇ ਜੁਲੇ ਸੁਪਨਿਆਂ ਨਾਲ ਭਰਿਆ ਰਿਹਾ।
ਨੀਂਦ ਚ ਵੀ ਉਡੀਕ ਸੀ ਤਾਂ ਆਉਣ ਵਾਲੀ ਨਵੀਂ ਕੱਲ੍ਹ ਦੀ!!!!
(ਚਲਦਾ )

ਹੰਸ ਬਗਲਾ ਤੇ ਮੈਂ
ਭਾਗ : ਚਾਰ

ਜਦੋਂ ਸਵੇਰੇ ਤਿਆਰ ਹੋਕੇ ਕਾਲਜ਼ ਪਹੁੰਚਿਆ ਤਾਂ ਪ੍ਰਿੰਸੀਪਲ ਮੈਡਮ ਸਮੇਤ ਪੂਰਾ ਕਾਲਜ਼ ਸਟਾਫ਼ ਮੇਰਾ ਹੀ ਇੰਤਜ਼ਾਰ ਕਰ ਰਿਹਾ ਸੀ। ਕਾਲਜ਼ ਪ੍ਰਧਾਨ ਅੱਜ ਗ਼ੈਰ ਹਾਜ਼ਿਰ ਸੀ, ਉਸਦੀਆਂ ਨਜ਼ਰਾਂ ਤੋਂ ਬਚ ਨਿਕਲਣ ਦਾ ਵਧੀਆ ਮੌਕਾ ਸੀ, ਮੇਰੇ ਤੋਂ ਬਿਨਾਂ ਓਥੇ ਇੱਕ ਹੋਰ ਮਰਦ ਸਿਰਫ਼ ਇੱਕ ਬੁੱਢਾ ਕਲਰਕ ਸੀ, ਜਿਸਨੇ ਮੋਟੀਆਂ ਮੋਟੀਆਂ ਐਨਕਾਂ ਲਗਾ ਰੱਖੀਆਂ ਸੀ।
ਬਾਕੀ ਸਭ ਸਟਾਫ਼ ਲੇਡੀ ਸਟਾਫ਼ ਸੀ, ਮੇਰੇ ਜਾਂਦਿਆਂ ਹੀ ਘੁਸਰ ਮੁਸਰ ਸ਼ੁਰੂ ਹੋ ਗਈ ਸੀ। ਮੈੰ ਰਜਿਸਟਰ ਅੱਗੇ ਆਪਣੇ ਨਾਮ ਹਾਜ਼ਰੀ ਲਗਾਈ। ਤਾਂ ਪ੍ਰਿੰਸੀਪਲ ਸਭ ਨਾਲ ਮੇਰੀ ਜਾਣ ਪਹਿਚਾਣ ਕਰਵਾਉਣ ਲੱਗੀ। ਪਰ ਉਹਦੇ ਬੋਲਣ ਤੋਂ ਪਹਿਲਾਂ ਹੀ ਹਰਪ੍ਰੀਤ ਨੇ ਮੋਰਚਾ ਸਾਂਭ ਲਿਆ ਤੇ ਇੰਝ ਸਭ ਦੇ ਬਾਰੇ ਦੱਸਣ ਲੱਗੀ ਜਿਵੇਂ ਮੈਨੂੰ ਚਿਰਾਂ ਤੋਂ ਜਾਣਦੀ ਹੋਵੇ।
ਮਿਸ ਨੀਲਮ: ਅੰਗਰੇਜ਼ੀ
ਨਵਰੀਤ : ਪੰਜਾਬੀ
ਵਿਮਲਾ :ਹਿੰਦੀ
ਅਮਨ: ਕੰਪਿਊਟਰ ….ਇੰਝ ਕਮਿਸਟਰੀ ..,ਫਿਜਿਕਸ , ਮਿਊਜ਼ਿਕ ਤੇ ਹੋਰ ਵੀ ਸਭ ਦੇ ਨਾਮ ਤੇ ਸਬਜੈਕਟ ਮੈਨੂੰ ਉਦੋਂ ਹੀ ਭੁੱਲ ਗਏ। ਮੈੰ ਨੈਣ ਨਕਸ਼ਾਂ ਉਮਰ ਦੇ ਹਿਸਾਬ ਨਾਲ ਚਿਹਰੇ ਯਾਦ ਕਰਕੇ ਸਬਜੈਕਟ ਨਾਮ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗਾ।
ਸਭ ਚ ਇੱਕ ਗੱਲ ਸਾਂਝੀ ਸੀ ਕਿ ਇੱਕੋ ਜਿਹੇ ਕੱਪੜੇ ਪਾਏ ਹੋਏ ਸੀ। ਕੋਈ ਮੇਕਅੱਪ ਨਹੀਂ ਸੀ। ਕਾਲਜ਼ ਚ ਸਭ ਬੈਨ ਸੀ। ਡਿਊਟੀ ਵੇਲੇ ਕਿਸੇ ਵੀ ਭੜਕੀਲੇ ਪਹਿਰਾਵੇ ਮੇਕਅੱਪ ਤੋਂ ਦੂਰ ਰਹਿਣ ਦੀ ਪੱਕੀ ਹਦਾਇਤ ਸੀ।
ਇਸਤੋਂ ਅਗਲੀਂ ਗੱਲ ਕਲਾਸਾਂ ਨਾਲ ਇੰਟਰੋ ਕਰਵਾਉਣ ਤੇ ਸ਼ੂਟਿੰਗ ਤੇ ਬਾਕੀ ਸਪੋਟਸ ਕੰਪਲੈਕਸ ਵਿਖਾਉਣ ਦਾ ਇਰਾਦਾ ਸੀ। ਇਥੇ ਵੀ ਹਰਪ੍ਰੀਤ ਸਭ ਤੋਂ ਮੂਹਰੇ ਸੀ, ਇੰਝ ਲਗਦਾ ਸੀ ਜਿਵੇਂ ਉਹ ਮੈਨੂੰ ਵਿਹਲਾ ਛੱਡ ਕੇ ਕਿਸੇ ਨੂੰ ਕੋਈ ਹੋਰ ਮੌਕਾ ਹੀ ਨਾ ਦੇਣਾ ਚਾਹੁੰਦੀ ਹੋਵੇ।
ਅਸੀਂ ਦੋਂਵੇਂ ਹਰ ਕਲਾਸ ਚ ਜਾਂਦੇ ਤੇ ਇੰਟਰੋ ਹੁੰਦੀ ਗਈ,ਉਸ ਕਲਾਸ ਦੀ ਟੀਚਰ ਓਥੇ ਹੀ ਰੁਕ ਜਾਂਦੀ ਤੇ ਅਸੀਂ ਅਗਲੀ ਕਲਾਸ ਵਿੱਚ।
ਹਰ ਇੰਟਰੋ ਵਿੱਚੋ ਮੈਨੂੰ ਬੀਏ ਫਾਈਨਲ ਵਿਚਲੀ ਸਿਰਫ਼ ਇੱਕ ਕੁੜੀ ਯਾਦ ਰਹੀ…. ਨੀਰੂ ..ਜਿਸਨੇ ਸਵਾਲ ਪੁੱਛਿਆ ਸੀ ਉਹ ਵੀ ਹਰਪ੍ਰੀਤ ਨੂੰ ਇਗਨੋਰ ਕਰਕੇ ਸਿੱਧਾ ਮੇਰੇ ਮੁਖ਼ਾਤਿਬ ਹੁੰਦੇ ਹੋਏ,” ਗੁੱਡ ਮਾਰਨਿੰਗ ਸਰ, ਮਾਈ ਨੇਮ ਇਜ ਨੀਰੂ ,ਅੱਜ ਸਾਡਾ ਸਪੋਰਟਸ ਦਾ ਪੀਰੀਅਡ ਹੈ ਸਰ ਅੱਜ ਲਗਾਓਂਗੇ।”
ਉਹਦਾ ਸਵਾਲ ਸੁਣਕੇ ,ਬੋਲਣ ਦਾ ਢੰਗ, ਆਵਾਜ ਚ ਲਟਕਾਅ , ਪਤਲੀ ਤਿੱਖੀ ਅਵਾਜ਼ ਤੇ ਸਿੱਧਾ ਅੱਖਾਂ ਚ ਝਾਕ ਕੇ ਬੋਲਣ ਲਈ ਦੇ ਅੰਦਾਜ਼ ਨਾਲ ਕੁਝ ਪਲ ਲਈ ਮੈਂ ਸਕਪਕਾ ਗਿਆ।
ਕੁਝ ਲੋਕ ਹਜ਼ਾਰਾਂ ਵਿੱਚੋ ਨਿੱਕਲ ਕੇ ਵੀ ਤੁਹਾਡੇ ਅੱਗੇ ਇੰਝ ਆ ਖੜ੍ਹਦੇ ਹਨ ਕਿ ਪਹਿਲੀ ਤੱਕਣੀ ਚ ਹੀ ਲਗਦਾ ਹੈ ਕਿ ਇਹ ਜਲਦੀ ਹੀ ਤੁਹਾਡੇ ਨਾਲ ਜਿੰਦਗ਼ੀ ਚ ਜੁੜਨ ਵਾਲਾ ਹੈ।
ਮੈ ਉਹਦੇ ਨਜ਼ਰਾਂ ਹਟਾ ਕੇ ਆਪਣੇ ਹੱਥ ਚ ਫੜੇ ਟਾਈਮ ਟੇਬਲ ਵੱਲ ਝਾਕਿਆ ,ਸਮਾਂ ਵੇਖਿਆ।
ਗਲੇ ਨੂੰ ਸਾਫ਼ ਕਰਕੇ ਬੋਲਿਆ,” ਅੱਜ ਤਾਂ ਨਹੀਂ ਅੱਜ ਮੈੰਜ ਥੋੜ੍ਹਾ ਜਲਦੀ ਜਾਣਾ ਹੈ, ਮੰਡੇ ਤੋਂ ਰੈਗੂਲਰ ਕਲਾਸ ਤੇ ਸਪੋਰਟਸ ਪੀਰੀਅਡ ਕਰਾਂਗੇ, ਉਸ ਦਿਨ ਵੀ ਤੁਹਾਡੀ ਕਲਾਸ ਹੀ ਹੈ।”
“ਓਕੇ ਸਰ, ਧੰਨਵਾਦ ਸਰ ਐਂਡ ਵੈਲਕਮ ਟੂ ਕਾਲਜ਼ ਸਰ” ਉਹ ਇੱਕੋ ਵਾਰ ਚ ਕਈ ਸ਼ਬਦ ਬੋਲੀ।ਉਸ ਮਗਰੋਂ ਅਸੀਂ ਸਪੋਰਟਸ ਕੰਪਲੈਕਸ ਚ ਪਹੁੰਚੇ। ਜਿਥੇ ਪੂਰੀ ਸ਼ੂਟਿੰਗ ਰੇਂਜ ਸੀ।
ਓਥੇ ਪਹੁੰਚ ਕੇ ਹਰਪ੍ਰੀਤ ਬੋਲੀ ,” ਇਹ ਲਓ ਤੁਹਾਡਾ ਰਾਜ ਮਹਿਲ ਜਿਥੇ ਤੁਹਾਡੇ ਅਧੀਨ ਸੋਹਣੀਆਂ ਸੋਹਣੀਆਂ ਕੁੜੀਆਂ ਪਰਜਾ ਬਣ ਕੇ ਘੁੱਗੀਆਂ ਵਾਂਗ ਤੁਹਾਡੇ ਅੱਗੇ ਪਿੱਛੇ ਮੰਡਰਾਊਂਗੀਆਂ।”
,ਬੋਲ ਕੇ ਉਹ ਮੇਰੇ ਵੱਲ ਝਾਕੀ ਜਿਵੇਂ ਮੇਰੇ ਚਿਹਰੇ ਦਾ ਰੀਐਕਸ਼ਨ ਜਾਣਨਾ ਚਾਹੁੰਦੀ ਹੋਵੇ। ਪਰ ਮੈਂ ਆਪਣੇ ਚਿਹਰੇ ਤੇ ਮਨ ਨੂੰ ਜਜਬਾਤਾਂ ਤੋਂ ਮੁਕਤ ਰੱਖਣ ਦਾ ਪ੍ਰਣ ਕਰਕੇ ਆਇਆ ਸੀ। ਇਸ ਲਈ ਮੈਂ ਉਸਦੀ ਗੱਲ ਵੱਲ ਧਿਆਨ ਨਾ ਦਿੱਤਾ।
ਕੁਝ ਦੇਰ ਰੁਕ ਕੇ ਵਾਪਿਸ ਆਏ, ਚਾਹ ਪੀ ਕੇ ਮੈਂ ਬੱਸ ਅੱਡੇ ਪਹੁੰਚਿਆ ਤੇ ਜਿਸ ਤਰ੍ਹਾਂ ਬਸਸੰਚ ਲਟਕਦੇ ਹੋਏ ਆਇਆ ਸੀ ਵਾਪਿਸ ਗਿਆ। ਪਰ ਇਸ ਵਾਰ ਮਨ ਚ ਖੁਸ਼ੀ ਸੀ ਤੇ ਨੌਕਰੀ ਦਾ ਚਾਅ ਵੀ।
ਘਰ ਜਾ ਕੇ ਸਭ ਸੇਲਿਬਰੇਟ ਕਰਨ ਦਾ ਮੌਕਾ ਸੀ, ਬੱਸ ਇੱਕੋ ਦੁੱਖ ਸੀ ਕਿ ਜਿੰਨਾ ਚਿਰ ਓਥੇ ਪੱਕਾ ਇੰਤਜ਼ਾਮ ਨਹੀਂ ਹੁੰਦਾ ਤੇ ਫੈਮਲੀ ਨੂੰ ਸ਼ਿਫਟ ਕਰਨਾ ਮੁਸ਼ਕਿਲ ਸੀ।
……..
ਸੋਮਵਾਰ ਆ ਕੇ ਦੁਬਾਰਾ ਜੁਆਈਨ ਕੀਤਾ। ਜਿੰਨੀ ਲੋੜ ਸੀ ਸਮਾਨ ਚੁੱਕ ਲਿਆਇਆ ਸੀ,ਗੈਸਟ ਹਾਊਸ ਨੂੰ ਘਰ ਲੱਭਣ ਤੱਕ ਬੁੱਕ ਕਰ ਲਿਆ ਸੀ।
ਸਪੋਰਟਸ ਕੰਪਲੈਕਸ ਵਿੱਚ ਪਹਿਲੀ ਕਲਾਸ ਬੀਏ ਫਾਈਨਲ ਹੀ ਲਈ ਸੀ। ਸਭ ਕੁੜੀਆਂ ਨੂੰ ਚਾਅ ਤਾਂ ਸੀ ਪਰ ਜਦੋਂ ਪਹਿਲੇ ਦਿਨ ਤੋਂ ਹੀ ਸ਼ੂਟਿੰਗ ਦੀਆਂ ਕੰਪਲੈਕਸ ਬਾਰੀਕੀਆਂ ਪਤਾ ਲੱਗੀਆਂ ਤਾਂ ਸਭ ਹੌਲੀ ਹੌਲੀ ਦੂਰ ਹੋ ਗਈਆਂ। ਉਹ ਜਾਂ ਤਾਂ ਉਸੇ ਕੰਪਲੈਕਸ ਟੇਬਲ ਟੈਨਿਸ ਸਿੱਖਣ ਦੀ ਕੋਸ਼ਿਸ਼ ਕਰਦੀਆਂ, ਕੁਝ ਸਪੋਰਟਸ ਦੇ ਨਾਮ ਤੇ ਸ਼ਤਰੰਜ ਜਾਂ ਕੈਰਮ ਖੇਡਦੀਆਂ। ਸ਼ੂਟਿੰਗ ਵਿੱਚ ਜਿਹਨਾਂ ਕੁੜੀਆਂ ਚ ਕੁਝ ਕੁਝ ਸੰਭਾਵਨਾ ਸੀ ਉਹ ਸਨ ਕਾਜਲ, ਨੀਰੂ, ਸੋਨਮ, ਤੇ ਗਗਨ । ਉਹ ਪਹਿਲਾਂ ਵੀ ਥੋੜ੍ਹਾ ਬਹੁਤ ਖੇਡਦੀਆਂ ਸੀ, ਸਕੂਲ ਵੇਲੇ ਕਿਸੇ ਪ੍ਰਾਈਵੇਟ ਸ਼ੂਟਿੰਗ ਰੇਂਜ ਤੋਂ ਕੁਝ ਸਿਖੀਆ ਸੀ।
ਇਹਨਾਂ ਵਿਚੋਂ ਗਗਨ ਸਭ ਤੋਂ ਬੇਹਤਰ ਪਲੇਅਰ ਸੀ, ਤੇ ਨੀਰੂ ਸਭ ਤੋਂ ਹੁੰਦਲਹੇੜ, ਪਹਿਲੇ ਦਿਨ ਹੀ ਮੈਨੂੰ ਸਮਝ ਲੱਗ ਗਈ ਸੀ ਕਿ ਗਗਨ ਤੋਂ ਹੇਠਲੇ ਦਰਜ਼ੇ ਉੱਤੇ ਹੋਣ ਕਰਕੇ ਨੀਰੂ ਨੂੰ ਆਪਣੀ ਹੇਠੀ ਜਾਪਦੀ ਸੀ।
ਉਹਨਾਂ ਦੇ ਪਰਿਵਾਰਾਂ ਬਾਰੇ ਗੱਲ ਕਰਦੇ ਹੋਏ ਪਤਾ ਲੱਗਾ ਸੀ ਕਿ ਨੀਰੂ ਕਿਸੇ ਸਰਕਾਰੀ ਅਫ਼ਸਰ ਦੀ ਕੁੜੀ ਸੀ ਤੇ ਗਗਨ ਬਿਜਨਸਮੈਨ ਦੀ। ਇਸ ਲਈ ਫਾਲਤੂ ਰੋਅਬ , ਆਕੜ ਤੇ ਦਮਨ ਭਰਿਆ ਵਿਹਾਰ ਉਹਦੇ ਗੱਲ ਕਰਨ ਦੇ ਢੰਗ ਦਾ ਹਿਸਾ ਸੀ ਜਦਕਿ ਗਗਨ ਦਾ ਵਿਹਾਰ ਨਾਰਮਲ ਰਹਿੰਦਾ ਸੀ।
ਫਿਰ ਵੀ ਪ੍ਰੈਕਟਿਸ ਦੌਰਾਨ ਪਹਿਲੇ ਦਿਨ ਹੀ ਕਈ ਪਲ ਆਏ ਜਿਥੇ ਦੋਂਵੇਂ ਇੱਕ ਦੂਸਰੇ ਨਾਲ ਉਲਝਦੇ ਹੋਈਆਂ ਬਚੀਆਂ ਸੀ। ਕੁੜੀਆਂ ਦੀ ਲੜਾਈ ਤਕਰਾਰ ਤੇ ਆਪਸੀ ਈਰਖਾ ਸਿਰਫ਼ ਸੁਣੀ ਪੜ੍ਹੀ ਸੀ ,ਹੁਣ ਵੇਖ ਰਿਹਾ ਸੀ। ਸੋਚ ਰਿਹਾ ਸੀ ਚੱਕ ਦੇ ਇੰਡੀਆ ਵਰਗੇ ਸ਼ਾਹਰੁਖ਼ ਖ਼ਾਨ ਵਾਂਗ ਇਹਨਾਂ ਨੂੰ ਟੀਮ ਵਰਕ ਲਈ ਕਿਵੇਂ ਕੱਠੀਆਂ ਕਰਾਗਾਂ ?  ਮੇਰੇ ਕੋਲ ਵਿਵਾਦ ਨਿਪਟਾਰਨ ਦਾ ਖਾਸ ਕਰ ਕੁੜੀਆਂ ਦਾ ਅਨੁਭਵ ਜ਼ੀਰੋ ਸੀ।
ਉਦੋਂ ਤਾਂ ਲੱਗਿਆ ਸੀ, ਕਿ ਸ਼ਾਇਦ ਇਹਨਾਂ ਦੀ ਵਿਵਾਦ ਦੀ ਜੜ੍ਹ ਸ਼ੂਟਿੰਗ ਚ ਸੁਪਰਮੇਸੀ ਹਾਸਿਲ ਕਰਨਾ ਸੀ, ਪਰ ਮਗਰੋਂ ਸਮਝ ਲੱਗਾ ਕਿ ਇਹ ਕੇਂਦਰ ਬਿੰਦੂ ਕਿਧਰੇ ਹੋਰ ਸ਼ਿਫਟ ਹੋਣਾ ਸੀ ਉਹ ਤਾਂ ਸਿਰਫ਼ ਗਹਿਗੱਚ ਮੁਕਾਬਲੇ ਤੋਂ ਪਹਿਲਾਂ ਵਾਰਮ ਅੱਪ ਸੀ …..
…….
ਕਲਾਸਾਂ ਚਲਦੀਆਂ ਪਰ ਮੈਂ ਫਰੀ ਪੀਰੀਅਡ ਚ ਪ੍ਰੇਸ਼ਾਨ ਹੋ ਜਾਂਦਾ। ਸਟਾਫ਼ ਰੂਮ ਬਾਕੀ ਸਟਾਫ ਨਾਲ ਸਾਂਝਾ ਹੋਣ ਕਰਕੇ ਮੈਨੂੰ ਮੈਡਮਾਂ ਕੋਲ ਹੀ ਬੈਠਣਾ ਪੈਂਦਾ। ਅਜਿਹੇ ਵੇਲੇ ਜੇ ਉਹ ਆਪਣੀਆਂ ਗੱਲਾਂ ਕਰਦੀਆਂ ਹੁੰਦੀਆਂ ਤਾਂ ਮੇਰੇ ਕੋਲ ਇਧਰ ਉਧਰ ਜਾਣ ਤੋਂ ਬਿਨ੍ਹਾਂ ਕੋਈ ਚਾਰਾ ਨਾ ਹੁੰਦਾ। ਜੇ ਮੇਰੇ ਨਾਲ ਗੱਲਾਂ ਕਰਦੀਆਂ ਤਾਂ ਬੜੀ ਛੇਤੀ ਉਹ ਵੀ ਮੁੱਕ ਜਾਂਦੀਆਂ। ਉਹਨਾਂ ਦੇ ਪੁੱਠੇ ਸਿਧੇ ਜਿਹੇ ਸਵਾਲ, ਝਾਕਣੀ ਮੈਨੂੰ ਵਧੀਆ ਨਾ ਲਗਦੀ, ਦੂਸਰਾ ਅਣਜਾਣ ਸਨ , ਹਰ ਇੱਕ ਨੂੰ ਜਾਨਣ ਦੀ ਇੱਛਾ ਰੱਖਕੇ ਮੈੰ ਬਹੁਤਾ ਇਹ ਨਹੀਂ ਸੀ ਦਿਖਾਉਣਾ ਚਾਹੁੰਦਾ ਕਿ ਮੈਂ ਕਿਸੇ ਨਾਲ ਇੰਟਰਸਟਡ ਹਾਂ।
ਅਸਲ ਚ ਪਹਿਲੇ ਦਿਨ ਦੇ ਹਰਪ੍ਰੀਤ ਨਾਲ ਮੇਲਜੋਲ ਮਗਰੋਂ ਹੀ ਪ੍ਰਿੰਸੀਪਲ ਨੇ ਟੋਕ ਦਿੱਤਾ, ਇਥੇ ਜਿਸਨੂੰ ਵੀ ਮੂੰਹ ਲਾਏਗਾ ਉਹਨੇ ਹੱਥ ਧੋ ਮਗਰ ਪੈ ਜਾਣਾ ਤੇ ਦੂਜੀਆਂ ਨੇ ਖਫ਼ਾ ਹੋ ਕਰ ਦੇਣੀ ਸ਼ਿਕਾਇਤ ਤੇ ਤੂੰ ਹਲੇ ਕੱਲ੍ਹ ਆਇਆਂ ਐਨੀਂ ਛੇਤੀ ਕੋਈ ਸ਼ਿਕਾਇਤ ਜਾਉ ਤਾਂ ਮੈਨਜ਼ਮੈਂਟ ਕੋਲ ਗਲਤ ਫੀਡਬੈਕ ਜਾਉ , ਸੋ ਕਿਸੇ ਨਾਲ ਬਹੁਤ ਮੇਲਜੋਲ ਤੋਂ ਬਚੋ।ਪ੍ਰਿੰਸੀਪਲ ਦੀ ਗੱਲ ਮੰਨਕੇ ਮੈਂ ਹਰਪ੍ਰੀਤ ਤੋਂ ਕੰਨੀ ਕੱਟਣ ਲੱਗਾ। ਉਹਦਾ ਪੀਰੀਅਡ ਖਾਲੀ ਹੁੰਦਾ ਤਾਂ ਮੈਂ ਕਲਰਕ ਕੋਲ ਜਾ ਬੈਠ ਜਾਂਦਾ ਜਾਂ ਲਾਇਬਰੇਰੀ ਚਲਾ ਜਾਂਦਾ ਨਹੀਂ ਤਾਂ ਟਾਈਮ ਤੋਂ ਪਹਿਲਾਂ ਹੀ ਸ਼ੂਟਿੰਗ ਰੇਂਜ ਚਲਾ ਜਾਂਦਾ।
ਹਰਪ੍ਰੀਤ ਨਾਲ ਸਿਰਫ਼ ਹੇਲੋ ਹੀ ਬਾਕੀ ਬਚੀ ਸੀ, ਉਹ ਫਰੈਂਕ ਹੋਣ ਦੀ ਕੋਸ਼ਿਸ਼ ਕਰਦੀ ਪਰ ਮੈਂ ਮੌਕਾ ਨਾ ਦਿੰਦਾ।ਇੰਝ ਟੱਕਰਾਂ ਲੜਾਈਆਂ ਬਚਦੇ ਬਚਾਉਂਦੇ ਤੇ ਮਾਹੌਲ ਨੂੰ ਸਮਝਦੇ ਹੋ ਫ਼ਿਲ ਹਫਤਾ ਲੰਘ ਗਿਆ।
ਮੈਂ ਤਾਂ ਨਹੀਂ ਸਮਝਿਆ ਪਰ ਹਰਪ੍ਰੀਤ ਜਰੂਰ ਸਮਝ ਗਈ ਸੀ ਤੇ ਪਤਾ ਨਹੀਂ ਅੰਦਰੋਂ ਅੰਦਰ ਕਿੰਨਾ ਵਿਸ਼ ਘੋਲ ਰਹੀ ਸੀ…. ਪਤਾ ਉਦੋਂ ਹੀ ਲੱਗਾ ਜਦੋਂ ਉਹ ਫੁੰਕਾਰਾ ਮਾਰਨ ਲਈ ਤਿਆਰ ਹੋ ਗਈ……

(ਚਲਦਾ )

ਅਗਲਾ ਹਿੱਸਾ ਫੇਸਬੁੱਕ/ ਪ੍ਰਤੀਲਿਪੀ ਉੱਤੇ ਪੜ੍ਹੋ ਨਹੀਂ ਤਾਂ ਵੱਟਸਐਪ ਕਰੋ 70094 52602@harjotdikalam

ਆਪਣੇ ਵਿਚਾਰ ਭੇਜੋ ਇਸ ਲਿੰਕ ਤੇ ਬਿਨਾਂ ਪਛਾਣ ਤੋਂ http://harjotdikalm.com

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s