ਇਹ ਚਿੱਠੀ ਕੁਝ ਸਮਾਂ ਪਹਿਲਾਂ ਪ੍ਰਤੀਲਿਪੀ ਤੇ ਮੁਕਾਬਲੇ ਲਈ ਲਿਖੀ ਸੀ।
ਮੇਰੇ ਪਿਆਰੇ ਪਾਠਕੋ ,
ਉਮੀਦ ਹੈ ਮੇਰੀਆਂ ਸਾਰੀਆਂ ਰਚਨਾਵਾਂ ਤੁਹਾਡੇ ਦਿਲਾਂ ਤੱਕ ਪਹੁੰਚ ਬਣਾ ਰਹੀਆਂ ਹਨ। ਜਦੋਂ ਮੈਂ ਲਿਖਣ ਲੱਗਾ ਸੀ ਮੈਨੂੰ ਇਸ ਗੱਲ ਦਾ ਭੋਰਾ ਵੀ ਖਿਆਲ ਨਹੀਂ ਸੀ ਕਿ ਕਦੇ ਮੈਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਹਜਾਰਾਂ ਵਿੱਚ ਹੋਵੇਗੀ। ਪਰ ਸਾਥ ਜੁੜਦਾ ਰਿਹਾ ਤੇ ਕਾਫ਼ਲਾ ਬਣਦਾ ਰਿਹਾ।
ਇਸ ਪੱਤਰ ਰਾਹੀਂ ਮੈਂ ਤੁਹਾਡੇ ਵਿੱਚੋਂ ਕੁਝ ਪਾਠਕਾਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦਾ ਹਾਂ। ਮੇਰੀਆਂ ਲਿਖਤਾਂ ਬਾਰੇ ਅਕਸਰ ਕੁਝ ਪਾਠਕ ਆਖਦੇ ਹਨ ਕਿ ਇਹਨਾਂ ਨੂੰ ਸਿਰਫ ਚੋਰੀ ਛੁਪੇ ਪੜ੍ਹਿਆ ਜਾ ਸਕਦਾ ,ਕਿਸੇ ਨਾਲ ਸਾਂਝਾ ਕਰਨਾ ਮੁਸ਼ਕਿਲ ਹੈ ਕਿਸੇ ਦੇ ਨਾਲ ਬੈਠਕੇ ਬਾਕੀ ਕਿਤਾਬਾਂ ਜਾਂ ਪੋਸਟਾਂ ਵਾਂਗ ਨਹੀਂ ਪੜ੍ਹਿਆ ਜਾ ਸਕਦਾ। ਮੈਂ ਸੋਚਦਾ ਹਾਂ ਇਹ ਮੇਰੀ ਆਲੋਚਨਾ ਨਹੀਂ ਸਗੋਂ ਤਾਰੀਫ਼ ਹੈ ਕਿਉਕਿ ਤੁਸੀਂ ਉਦੋਂ ਮੇਰੀਆਂ ਲਿਖਤਾਂ ਪੜ੍ਹਦੇ ਹੋਂ ਜਦੋਂ ਤੁਸੀਂ ਆਪਣੇ ਆਪ ਨਾਲ ਹੁੰਦੇ ਹੋ। ਇਸ ਤੇਜ਼ੀ ਨਾਲ ਭਰੀ ਜ਼ਿੰਦਗ਼ੀ ਵਿੱਚ ਅੱਜ ਮਨੁੱਖ ਕੋਲ ਬਹੁਤ ਥੋੜੇ ਪਲ ਹੁੰਦੇ ਹਨ ਜਦੋਂ ਉਹ ਆਪਣੇ ਆਪ ਨਾਲ ਹੁੰਦਾ ਹੈ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੇਰੀਆਂ ਲਿਖਤਾਂ ਉਸ ਇਕੱਲਤਾ ਦੇ ਵੇਲੇ ਤੁਹਾਡੀਆਂ ਸਾਥੀ ਹਨ।
ਇਹ ਲਿਖਤਾਂ ਵੀ ਉਸ ਸੱਚ ਵਾਂਗ ਹਨ ਜੋ ਤੁਹਾਡੇ ਅੰਦਰ ਲੁਕੇ ਹੋਏ ਹਨ, ਜੋ ਤੁਸੀਂ ਅੱਜ ਤੱਕ ਕਿਸੇ ਨੂੰ ਨਹੀਂ ਦੱਸੇ। ਅਸੀਂ ਕਿੰਨਾ ਕੁਝ ਹੀ ਜਿੰਦਗੀ ਵਿੱਚ ਸਿਰਫ ਆਪਣੇ ਮਨ ਦੇ ਅੰਦਰ ਲੈ ਕੇ ਮਰ ਜਾਂਦੇ ਹਾਂ। ਕਿੰਨੀਆਂ ਹੀ ਰੀਝਾਂ ,ਸੁਪਨੇ, ਜ਼ਜਬਾਤ, ਕਲਪਨਾਵਾਂ ਤੇ ਹੋਰ ਕਿੰਨਾ ਕੁਝ। ਮੈਨੂੰ ਉਮੀਦ ਹੈ ਕਿ ਕਿਤੇ ਨਾ ਕਿਤੇ ਮੇਰੀ ਕੋਈ ਨਾ ਕੋਈ ਰਚਨਾ ਤੁਹਾਡੇ ਕਿਸੇ ਨਾ ਕਿਸੇ ਸੱਚ ਦੀ ਤਾਰ ਨੂੰ ਟੁਣਕਾਰ ਦਿੰਦੀ ਹੋਏਗੀ। ਤੁਹਾਨੂੰ ਲਗਦਾ ਹੋਏਗਾ ਕਿ ਹਾਂ ਇਹੋ ਤਾਂ ਸੀ ਜੋ ਮੈਂ ਕਹਿਣਾ ਜਾਂ ਜਿਊਣਾ ਚਾਹੁੰਦਾ/ਚਾਹੁੰਦੀ ਸੀ ਚਲੋ ਹਕੀਕਤ ਵਿੱਚ ਨਹੀਂ ਖਿਆਲਾਂ ਵਿੱਚ ਹੀ ਸਹੀ।
ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਮੈਂ ਵਾਰ ਵਾਰ ਇੱਕੋ ਵਿਸ਼ੇ ਤੇ ਕਿਉਂ ਲਿਖਦਾਂ ਹਾਂ ? ਕੀ ਮੇਰੇ ਕੋਲ ਹੋਰ ਵਿਸ਼ੇ ਨਹੀਂ ਹਨ ਕੀ ਦੁਨੀਆਂ ਵਿੱਚ ਸਿਰਫ ਇਹੋ ਸਮੱਸਿਆ ਹੈ ?ਮੇਰਾ ਉੱਤਰ ਇਹ ਹੈ ਕਿ ਜੇਕਰ ਹੋਰ ਸਮੱਸਿਆਵਾਂ ਹਨ ਉਹਨਾਂ ਤੇ ਲਿਖਣ ਵਾਲੇ ਵੀ ਹਜਾਰਾਂ ਹਨ। ਮੈਂ ਉਹੀ ਲਿਖਦਾਂ ਜੋ ਮੈਨੂੰ ਲਗਦਾ ਹੈ ਕਿ ਹੋਰ ਨਹੀਂ ਲਿਖ ਰਿਹਾ ਲਿਖਣਾ ਨਹੀਂ ਚਾਹੁੰਦਾ ਜੋ ਨਿਗ੍ਹਾ ਹੋਣ ਦੇ ਬਾਵਜੂਦ ਧ੍ਰਿਤਰਾਸ਼ਟਰ ਬਣ ਗਏ ਹਨ। ਜਿਹਨਾਂ ਨੇ ਉੱਠਦੀ ਜਵਾਨੀ ਨੂੰ ਧਰਮ ,ਜਾਤ, ਨਸਲ ਭਾਸ਼ਾ ,ਰੰਗ ,ਭਾਸ਼ਾ ਤੇ ਪਤਾ ਨਹੀਂ ਕਿੰਨੀ ਤਰ੍ਹਾਂ ਦੀ ਊਚ -ਨੀਚ ਨਾਲ ਪਿਆਰ ਕਰਨ ਤੋਂ ਵਰਜਿਆ ਹੈ। ਜਵਾਨੀ ਦੇ ਫੁੱਲਾਂ ਨੂੰ ਖਿੜਨ ਤੋਂ ਰੋਕਿਆ ਹੈ ਜੋ ਫਿਰ ਦਿਮਾਗ ਨੂੰ ਚੜ੍ਹ ਕੇ ਸਮਾਜ ਵਿੱਚ ਉਲਾਰ ਰਿਸ਼ਤਿਆਂ ਤੋਂ ਬਿਨਾਂ ਕੁਝ ਨਹੀਂ ਸਿਰਜਦੇ। ਫਿਰ ਉਹ ਇਸੇ ਸਮਾਜ ਦੇ ਬੇੜੀਆਂ ਬਣੇ ਰਿਸ਼ਤਿਆਂ ਨੂੰ ਸਮਾਜਿਕ ਆਖਕੇ ਵਡਿਆ ਵਡਿਆ ਕੇ ਲਿਖਦੇ ਹਨ। ਪਰ ਕੂੜ ਨੂੰ ਜਿੰਨਾਂ ਮਰਜ਼ੀ ਲੁਕੋ ਲਈਏ ਉਹਦੀ ਗੰਧ ਨਹੀਂ ਛੁਪ ਸਕਦੀ। ਉਸ ਕੂੜ ਨੂੰ ਲਿਖਣਾ ਜਰੂਰੀ ਹੈ ਤਾਂ ਜੋ ਸਾਫ ਹੋ ਸਕੇ ਜਾਂ ਉਸ ਕਿੱਚੜ ਵਿਚੋਂ ਖਿਲੇ ਕਮਲਾਂ ਨੂੰ ਵਡਿਆਉਣਾ ਜਰੂਰੀ ਹੈ ਤਾਂ ਜੋ ਬਰਾਬਰਤਾ ਭਰਿਆ ਸਮਾਜ ਸਿਰਜ ਸਕੀਏ ਜਿੱਥੇ ਸਭ ਨੂੰ ਆਪਣਾ ਇੱਕੋ ਜਿਹੀ ਅਜਾਦੀ ਨਾਲ ਬਿਨਾਂ ਭੇਦਭਾਵ ਤੋਂ ਜਿਉਣਾ ਨਸੀਬ ਹੋਵੇ। ਜਿਥੇ ਕੋਈ ਆਪਣੀ ਕਿਸੇ ਕਮੀ ਜਾਂ ਗਲਤੀ ਨੂੰ ਸਮਾਜਿਕ ਨਜਰੀਏ ਤੋਂ ਦੇਖ ਕੇ ਹੀਣਤਾ ਨਾਲ ਨਾਲ ਭਰੇ ਸਗੋਂ ਮੁੜ ਮੁੜ ਉੱਠ ਕੇ ਜਿਊਣ ਦੀ ਹਿੰਮਤ ਕਰ ਸਕੇ।
ਇਸਤੋਂ ਅਗਲਾ ਮਸਲਾ ਮੇਰੇ ਪਾਠਕੋ ਮੇਰੀ ਤਸਵੀਰ ਦਾ ਹੈ ਹਰ ਦੂਸਰਾ ਸਖਸ਼ ਜੋ ਮੇਰੇ ਨਾਲ ਜੁੜਿਆ ਉਸਨੇ ਇੱਕ ਵਾਰ ਵੇਖਣ ਦੀ ਇੱਛਾ ਜ਼ਾਹਿਰ ਜਰੂਰ ਕੀਤੀ ਹੈ। ਪਰ ਕਿਸੇ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੋਇਆ। ਮੇਰੇ ਲਿਖਣ ਦੇ ਵਿਸ਼ੇ ਐਸੇ ਹਨ ਕਿ ਬਹੁਤਿਆਂ ਨੂੰ ਮੈਨੂੰ ਜਾਨਣ ਦੀ ਜਾਂ ਮਿਲਣ ਦੀ ਇੱਛਾ ਹੈ। ਬਾਰ ਬਾਰ ਇੱਛਾ ਦੱਸੀ ਜਾਂਦੀ ਹੈ। ਜਿਸ ਦਿਨ ਤੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਉਸ ਦਿਨ ਤੋਂ ਹੀ ਮੈਂ ਖੁਦ ਨਾਲ ਵਾਅਦਾ ਕੀਤਾ ਸੀ ਇੱਕ ਮੁਕਾਮ ਤੋਂ ਪਹਿਲਾਂ ਮੈਂ ਕਿਸੇ ਅੱਗੇ ਜ਼ਾਹਿਰ ਨਹੀਂ ਹੋਵਾਗਾਂ। ਇਸਦਾ ਵੀ ਇੱਕ ਕਾਰਨ ਹੈ ਤੁਸੀਂ ਅੰਧਾਧੁਨ ਫਿਲਮ ਵੇਖੀ ਹੋਵੇਗੀ। ਉਸਦਾ ਮੁਖ ਕਿਰਦਾਰ ( ਅੰਸ਼ੁਮਾਨ ਖੁਰਾਣਾ) ਖੁਦ ਨੂੰ ਅੰਨ੍ਹਾ ਮੰਨ ਕੇ ਹੀ ਆਪਣੀ ਕਲਾ ਨੂੰ ਸਮਰਪਿਤ ਹੈ ਇੰਝ ਕਰਨ ਨਾਲ ਪ੍ਰੇਰਨਾ ਵੱਧ ਮਿਲਦੀ ਹੈ ਮਨ ਦੀ ਭਟਕਣਾ ਘਟਦੀ ਹੈ। ਮੈਂ ਲਿਖਿਆ ਵੀ ਸੀ ਕਿ
“ਜੇਕਰ ਮੇਰੇ ਸ਼ਬਦ ਜਾਦੂ ਹਨ ਤਾਂ
ਚਿਹਰਾ ਵੀ ਜਾਦੂਗਰ ਹੋਵੇਗਾ। “
ਫਿਰ ਵੀ ਇਹ ਜਰੂਰੀ ਨਹੀਂ ਕਿ ਤੁਹਾਡੀ ਸੋਚ ਤੇ ਤੁਹਾਡੇ ਚਿਹਰੇ ਆਪਸ ਚ ਇੱਕੋ ਜਿਹੇ ਹੋ ਸਕਣ। ਖੈਰ ਇਹ ਮੇਰਾ ਵਿਸ਼ਾ ਨਹੀਂ ਨਾ ਹੀ ਮੈਨੂੰ ਆਪਣੇ ਆਪ ਨੂੰ ਦਿਖਾਉਣ ਚ ਕੋਈ ਹਿਚਕ ਹੈ ਇੱਕ ਸਮਾਂ ਆਏਗਾ ਜਦੋਂ ਰੂ ਬ ਰੂ ਹੋਇਆ ਜਾਏਗਾ। ਫਿਲਹਾਲ ਉਹ ਸਮਾਂ ਨਹੀਂ ਆਇਆ। ਇਹ ਵੀ ਸੱਚ ਹੈ ਕਿ ਸਿਰਫ ਇੱਕ ਤਸਵੀਰ ਨਾ ਦਿਖਾਉਣ ਕਰਕੇ ਮੈਂ ਹਜਾਰਾਂ ਨਹੀਂ ਤਾਂ ਸੈਕੜੇਂ ਫੋਲੋਅਰ ਜਾਂ ਦੋਸਤੀਆਂ ਨੂੰ ਖੋਹਿਆ ਹੈ। ਦੂਸਰੇ ਪਾਸੇ ਹੋਰ ਸੈਂਕੜੇ ਬੇਝਿਜਕ ਆਪਣੇ ਜੀਵਨ ਬਾਰੇ ਮੇਰੇ ਕੋਲ ਫਰੋਲ ਗਏ। ਇਸ ਲਈ ਜ਼ਿੰਦਗੀ ਇੱਕ ਸਮਤੋਲ ਹੈ ਤਾਂ ਹੀ ਮੈਂ ਜੋ ਮਿਲਿਆ ਹੀ ਨਹੀਂ ਉਸਦਾ ਬਹੁਤਾ ਸ਼ੋਕ ਨਹੀਂ ਕਰਦਾ ਜੋ ਮੇਰਾ ਹੈ ਹੀ ਨਹੀਂ ਸੀ ਉਸਦੇ ਨਾ ਮਿਲਣ ਤੇ ਗਿਲਾ ਵੀ ਕਾਹਦਾ ਤੇ ਕਿਸ ਨਾਲ ?
ਤੁਹਾਡੀ ਸਭ ਦੀ ਖੈਰ ਮੰਗਦਾ ਹੋਇਆ ਮੈਂ ਇਹਨਾਂ ਤਿੰਨ ਸਵਾਲਾਂ ਬਾਰੇ ਤੁਹਾਡੇ ਜਵਾਬ ਕਲਮਬੱਧ ਕੀਤੇ ਹਨ ,ਹੋਰ ਸਵਾਲਾਂ ਦੇ ਜਵਾਬ ਸਵਾਲ ਮਿਲਣ ਤੇ।
ਸ਼ੁਭ ਇੱਛਾਵਾਂ ਨਾਲ ,
ਤੁਹਾਡਾ ਆਪਣਾ ,
ਹਰਜੋਤ ਸਿੰਘ
ਪਤਾ :ਵੱਟਸਐਪ 70094-52602
ਗੱਲਬਾਤ ਆਪਣੀ ਰਾਏ ਵੱਟਸਐਪ ਤੋਂ ਬਿਨਾਂ ਇਸ ਲਿੰਕ ਤੇ ਕਲਿੱਕ ਕਰਕੇ ਵੀ ਭੇਜ ਸਕਦੇ ਹੋ ਬਿਨਾਂ ਨਾਮ ਤੋਂ ਵੀ ।