ਕਹਾਣੀ: ਧੁਖਦੇ ਅਹਿਸਾਸ

ਮਮਤਾ ਨੇ ਆਪਣੇ ਭਰਾ ਭਾਬੀ ਦੇ ਕਮਰੇ ਚ ਆਕੇ ਟੀਵੀ ਦੀ ਸਵਿੱਚ ਆਨ ਕੀਤੀ ਪਰ ਆਨ ਕਰਦੇ ਹੀ ਸਕਰੀਨ ਤੇ ਆਏ ਦ੍ਰਿਸ਼ਾਂ ਨਾਲ ਉਹ ਇੱਕ ਦਮ ਠਠੰਬਰ ਗਈ ।ਸਕਰੀਨ ਉੱਤੇ ਉੱਭਰੇ ਅਸ਼ਲੀਲ ਦ੍ਰਿਸ਼ ਵੇਖ ਕੁਝ ਮਿੰਟਾਂ ਲਈ ਉਹ ਸਮਝ ਨਾ ਸਕੀ ਕਿ ਉਸਨੇ ਅੱਗੇ ਕੀ ਕਰਨਾ ਹਾਂ.ਦਿਮਾਗ ਕੁਝ ਟਿਕਾਣੇ ਆਇਆ ਤਾਂ ਉਸਨੇ ਫਟਾਫਟ ਟੀਵੀ ਦਾ ਯੂ ਐੱਸ ਬੀ ਮੋਡ ਆਫ ਕੀਤਾ ਤੇ ਆਮ ਟੀਵੀ ਚਾਲੂ ਕਰ ਲਿਆ ।ਉਸਨੂੰ ਆਪਣੇ ਭਰਾ ਭਾਬੀ ਤੇ ਗੁੱਸਾ ਆ ਰਿਹਾ ਸੀ ਜਿਹੜੇ ਇੰਝ ਇਹ ਸਭ ਲਾਪਰਵਾਹੀ ਚ ਛੱਡ ਦਿੰਦੇ ਹਨ.ਪਰ ਇਹ ਗੁੱਸਾ ਤੇ ਪ੍ਰੇਸ਼ਾਨੀ ਉਸਨੂੰ ਪਹਿਲੀ ਵਾਰ ਨਹੀਂ ਸੀ ਹੋਈ । ਉਸਦੇ ਭਰਾ ਦੇ ਵਿਆਹ ਨੂੰ ਕਰੀਬ ਤਿੰਨ ਕੁ ਮਹੀਨੇ ਹੋ ਗਏ ਸੀ । ਮਮਤਾ ਕਰੀਬ ਇੱਕ ਸਾਲ ਤੋਂ ਘਰ ਬੈਠਕੇ ਹੀ ਮੁਕਾਬਲੇ ਦੇ  ਇਮਤਿਹਾਨ ਦੀ ਤਿਆਰੀ ਚ ਰੁੱਝੀ ਹੋਈ ਸੀ. ਉਸਦਾ ਭਰਾ ਉਸਤੋਂ ਉਮਰੋਂ ਤਿੰਨ ਕੁ  ਸਾਲ ਵੱਡਾ ਸੀ । ਇਸ ਲਈ ਘਰ ਵਿੱਚ ਉਸਦਾ ਵਿਆਹ ਹੀ ਪਹਿਲਾਂ ਹੋਇਆ ਸੀ । ਉਸਨੂੰ ਹਰ ਭੈਣ ਵਾਂਗ ਆਪਣੇ ਭਰਾ ਦੇ ਵਿਆਹ ਦਾ ਚਾਅ ਸੀ.ਪਹਿਲਾਂ ਉਸਦੇ ਵਿਆਹ ਦੀ ਹੀ ਗੱਲ ਚਲਦੀ ਸੀ ,ਕਈ ਰਿਸ਼ਤੇਦਾਰਾਂ ਨੇ ਕਿਹਾ ਸੀ ਕਿ ਪਹਿਲਾਂ ਭਾਈ,ਕੁੜੀ ਦਾ ਕਾਜ਼ ਰਚਾਓ ,ਮੁੰਡੇ ਦਾ ਬਾਅਦ ਚ ਹੁੰਦਾ ਰਹੂ,ਜ਼ਮਾਨਾ ਖ਼ਰਾਬ ਹੈ ਅੱਜ ਕੱਲ੍ਹ।ਜ਼ਮਾਨਾ ਭਾਵੇਂ ਖਰਾਬੀ ਸੀ, ਪਰ ਮਮਤਾ ਸਹੀ ਸੀ. ਉਸਦੀ ਮਾਂ ਹੁੱਬ ਕੇ ਦੱਸਦੀ ਸੀ ਕਿ ਪੰਦਰਾਂ ਜਮਾਤਾਂ ਪੜ੍ਹਕੇ ਕਿਸੇ ਕਿਸਮ ਦਾ ਮਮਤਾ ਦਾ ਮਿਹਣਾ ਨਹੀਂ ਸੀ ਆਇਆ। ਅੱਜ ਕੱਲ੍ਹ ਦੀਆਂ ਕੁੜੀਆਂ ਵਾਂਗੂ ਮੁੰਡੇ ਦੋਸਤ ਨਹੀਂ ਬਣਾਏ ਕਦੇ। #HarjotDi
ਮਮਤਾ ਬਣਾਉਂਦੀ ਵੀ ਕਿਥੋਂ ,ਸਾਰੀ ਪੜ੍ਹਾਈ ਕੁੜੀਆਂ ਦੇ ਸਕੂਲਾਂ ਕਾਲਜਾਂ ਚ ਕੀਤੀ। ਵੈਨਾਂ ਚ ਆਉਣਾ ਜਾਣਾ। ਨਹੀਂ ਤਾਂ ਭਰਾ ਜਾਂ ਡੈਡੀ ਨੇ ਸਾਏ ਵਾਂਗ ਸਾਥ ਰਹਿਣਾ। ਘਰ ਪਹੁੰਚ ਕੇ ਉਸਦੀਆਂ ਕਿਤਾਬਾਂ ਕਾਪੀਆਂ ਦੀ ਨਿਗਰਾਨੀ ਹੁੰਦੀ। ਕਿਸੇ ਨਾਲ ਫੋਨ ਤੇ ਵੀ ਗੱਲ ਕਰਦੀ ਤਾਂ ਕੋਈ ਨਾ ਕੋਈ ਘਰ ਦਾ ਹਰ ਵੇਲੇ ਕੋਲ ਹੁੰਦਾ। ਕੁੜੀਆਂ ਦੀਆਂ ਮੁੰਡਿਆਂ ਵਾਲੀਆਂ ਜਾਂ ਹੋਰ ਟਾਈਪ ਦੀਆਂ ਗੱਲਾਂ ਤੋਂ ਦੂਰ ਰਹਿੰਦੀ ਸੀ। ਦੂਸਰੇ ਪਾਸੇ ਉਸਦੇ ਭਰਾ ਦੀ ਲਵ ਮੈਰਿਜ਼ ਹੋਈ ਸੀ। ਬਿਲਕੁਲ ਉਸਦੇ ਹਾਣ ਦੀ ਦੋਸਤਾਂ ਵਰਗੀ ਭਾਬੀ ਘਰ ਆ ਗਈ ਸੀ। ਉਸਨੂੰ ਹਮੇਸ਼ਾ ਇਹੋ ਲਗਦਾ ਸੀ ਕਿ ਜਿਵੇਂ ਹੀ ਭਰਾ ਦਾ ਵਿਆਹ ਹੋਊ ਉਸ ਕੋਲ ਵੀ ਘਰ ਗੱਲਾਂ ਕਰਨ ਲਈ ਹਾਣ ਪ੍ਰਵਾਨ ਦਾ ਕੋਈ ਹੋਵੇਗਾ । ਕਾਲਜ ਦੀਆਂ ਸਹੇਲੀਆਂ ਦਾ ਸਾਥ ਛੁੱਟੇ ਅਰਸਾ ਹੋ ਗਿਆ ਸੀ ਫੋਨ ਤੋਂ ਬਿਨਾਂ ਕੋਈ ਰਾਬਤਾ ਨਹੀਂ ਸੀ। ਕਦੇ ਕਦੇ ਕੋਈ ਅਚਾਨਕ ਮਿਲਣ ਆ ਜਾਂਦੀ ਜਿਆਦਾ ਤੋਂ ਜ਼ਿਆਦਾ ।ਪਰ ਵਿਆਹ ਦਾ ਚਾਅ ਤੇ ਹਾਣ ਮਿਲਣ ਦਾ ਚਾਅ ਬਹੁਤੀ ਦੇਰ ਨਾ ਰਿਹਾ। ਉਸਦੇ ਤਨ ਮਨ ਨੂੰ ਹੁਣ ਅਜਿਹਾ ਕੁਝ ਮਹਿਸੂਸ ਹੋਣ ਲੱਗਾ ਜੋ ਉਸਨੇ 21-22 ਸਾਲ ਦੀ ਉਮਰ ਤੱਕ ਮਹਿਸੂਸ ਨਹੀਂ ਕੀਤਾ। ਇੱਕ ਦਮ ਉਸਦੇ ਸਾਹਮਣੇ ਜਿਉਂ ਹੀ “ਓਪਰੀਆਂ ਗੱਲਾਂ ” ਸਾਹਮਣੇ ਆਉਣ ਲੱਗੀਆਂ ਉਹਦਾ ਮਨ ਪ੍ਰੇਸ਼ਾਨ ਰਹਿਣ ਲੱਗਾ। ਜਜਬਾਤਾਂ ਦੇ ਗੜਵੇ ਨੂੰ ਬੰਨ੍ਹ ਕੇ ਰੱਖਣ ਨਾਲ ਜਦੋਂ ਉਹ ਇੱਕ ਦਮ ਫੱਟਦਾ ਹੈ ਤਾਂ ਦੁਖਾਂਤ ਹੀ ਸਿਰਜਦਾ ਹੈ।   ਆਪਣੇ ਭਰਾ ਸੰਨੀ ਤੇ ਭਾਬੀ ਮਨਦੀਪ ਦੇ ਲੁਕਵੇਂ ਇਸ਼ਾਰੇ ਉਸਦੇ ਮਨ ਚ ਇੱਕ ਭਟਕਣ ਜਿਹੀ ਪੈਦਾ ਕਰ ਦਿੰਦੇ ਸੀ । ਉਹ ਜਿੰਨਾ ਇਸਤੋਂ ਬੱਚਦੀ ਓਨਾ ਹੀ ਉਸਦੇ ਅੱਗੇ ਸਭ ਆਈ ਜਾਂਦਾ । ਉਹ ਕਦੇ ਭਾਬੀ ਕੋਲ ਦਿਨ ਚ ਵੀ ਕਮਰੇ ਚ ਜਾਂਦੀ ਉਸਨੂੰ ਦਰਵਾਜ਼ਾ ਬਹੁਤਾ ਬੰਦ ਮਿਲਦਾ । ਕਦੇ ਖ਼ੁੱਲ੍ਹਾ ਵੀ ਹੁੰਦਾ ਤਾਂ ਕਮਰੇ ਤੇ ਬੈੱਡ ਦੀ ਅਸਤ ਵਿਅਸਤ ਹਾਲਾਤ ਉਸਦੇ ਮਨ ਚ ਹੋਰ ਹੀ ਵਿਚਾਰਾਂ ਨਾਲ ਭਰ ਦਿੰਦੀ । ਕਦੇ ਕਦੇ ਆਤਮ ਗਿਲਾਨੀ ਦਾ ਭਾਵ ਉਸਦਾ ਮਨ ਭਰ ਦਿੰਦਾ ।ਭਾਬੀਆਂ ਤੇ ਨਨਾਣਾਂ ਚ ਬਹੁਤ ਰਾਜ਼ ਸਾਂਝੇ ਹੁੰਦੇ ਹਨ. ਨਨਾਣ ਭਾਬੀ ਕੋਲੋਂ ਬਹੁਤ ਕੁਝ ਸਿੱਖਦੀ ਤੇ ਜਾਣਦੀ ਏ । ਇਹੋ ਜਾਨਣ ਦੀ ਇੱਛਾ ਮਮਤਾ ਦੀ ਮਨਦੀਪ ਕੋਲੋ ਵੀ ਸੀ। ਇਸ ਲਈ ਉਹ ਬਹੁਤ ਸਵਾਲ ਬਹੁਤ ਲੁਕਵੀਆਂ ਗੱਲਾਂ ਮਨਦੀਪ ਕੋਲ਼ੋਂ ਪੁੱਛਦੀ ਵੀ ਰਹੀ । ਮਨਦੀਪ ਵੀ ਇੱਕ ਵਧੀਆ ਦੋਸਤ ਵਾਂਗ ਉਸਨੂੰ ਸਭ ਸੱਚ ਸੱਚ ਤੇ ਆਪਣੀ ਜਿਵੇਂ ਦੀ ਵੀ ਭਾਸ਼ਾ ਸੀ ਉਸ ਚ ਦੱਸਦੀ ਰਹੀ ।ਮਮਤਾ ਦਾ ਮਨ ਅੰਦਰੋਂ ਅੰਦਰੀ ਭਰ ਤਾਂ ਰਿਹਾ ਸੀ। ਪਰ ਇਸਦਾ ਬਾਹਰ ਨਿੱਕਲਣ ਦਾ ਕੋਈ ਰਾਹ ਨਹੀਂ ਸੀ। ਇਸ  ਹੌਲੀ ਹੌਲੀ ਇਹ ਗੱਲਾਂ ਮਮਤਾ ਦੇ ਮਨ ਤੇ ਭਾਰੂ ਜਹੀਆਂ ਹੋਣ ਲੱਗ ਗਈਆਂ। ਫਿਰ ਉਹਨੇ ਖੁਦ ਦੀ ਪੜ੍ਹਾਈ ਨੂੰ ਸਹੀ ਤੇ ਮਨ ਨੂੰ ਸਲਾਮਤ ਰੱਖਣ ਲਈ ਮਨਦੀਪ ਨਾਲ ਐਵੇਂ ਦੀ ਕੋਈ ਵੀ ਗੱਲ ਘਟਾ ਦਿੱਤੀ । ਪਰ ਅਚਾਨਕ ਹੋਏ ਕਿਸੇ ਇਸ਼ਾਰੇ ਕਿਚਨ ਚ ਇੱਕ ਦੂਜੇ ਦੇ ਨਜ਼ਦੀਕ ਖੜੇ ਤੇ ਰੁਮਾਂਸ ਕਰਦੇ ਤੱਕ ਕੇ ਉਹਦਾ ਮਨ ਭੈੜਾ ਹੋ ਜਾਂਦਾ।ਭਾਵੇਂ ਭਰਾ ਭਾਬੀ ਦੀ ਕੋਸ਼ਿਸ ਹੁੰਦੀ ਸੀ ਕਿ ਉਸਦੇ ਸਾਹਮਣੇ ਕੁਝ ਨਾ ਹੋਵੇ ਪਰ ਨਿੱਕੇ ਘਰ ਵਿੱਚ ਜਿਥੇ ਉਹ ਹਰ ਵੇਲੇ ਮੌਜੂਦ ਸੀ ਕਿਸੇ ਵੇਲੇ ਵੀ ਜਾਗਦੀ ਸੀ ਇਹ ਮੁਮਕਿਨ ਨਹੀਂ ਸੀ। ਉਹ ਕੋਸ਼ਿਸ ਕਰਦੀ ਕਿ ਪਾਠ ਕਰ ਲਵੇ ਤਾਂ ਖੌਰੇ ਮਨ ਟਿਕ ਜਾਏ । ਪਰ ਉਹਦਾ ਮਨ ਫਿਰ ਵੀ ਭਟਕ ਜਾਂਦਾ । ਪਾਠ ਦੀ ਇੰਝ ਬੇਅਦਬੀ ਉਹ ਕਰ ਨਾ ਪਾਉਂਦੀ । ਇਸ ਲਈ ਉਹਨੇ ਫਿਰ ਉਹ ਵੀ ਛੱਡ ਦਿੱਤਾ । ਆਪਣੇ ਪੇਪਰ ਦੇ ਨਿਸ਼ਾਨੇ ਨੂੰ ਮਿੱਥਦੀ ਹੋਈ ਉਹ ਮੋਟੀਵੇਸ਼ਨ ਲਈ ਕਿਸੇ ਦੋਸਤ ਵੱਲੋਂ ਦੱਸੇ ਅਨੁਸਾਰ ਸੰਦੀਪ ਮਹੇਸ਼ਵਰੀ ਦੀਆਂ ਵੀਡੀਓਜ਼ ਦੇਖਣ ਤੇ ਸੁਣਨ ਲੱਗੀ । ਪਰ ਜਿੰਨਾਂ ਸਮਾਂ ਅਸਰ ਰਹਿੰਦਾ ਠੀਕ ਮਗਰੋਂ ਮਨ ਫਿਰ ਉਵੇਂ ਹੀ ਹੋ ਜਾਂਦਾ । ਉਹਦੇ ਮਨ ਦੀ ਹੀ ਭਟਕਣ ਭਰਾ ਵਿਆਹ ਦੇ ਤਿੰਨ ਮਹੀਨੇ ਮਗਰੋਂ ਹੋਰ ਵੀ ਵੱਧ ਗਈ ਸੀ । ਪੜ੍ਹਾਈ ਦਾ ਸਿਰਫ ਨਾਮ ਹੁੰਦਾ । ਦਿਮਾਗ ਚ ਸਿਰਫ ਇਹੋ ਖਿਆਲ ਹੁੰਦੇ ਉਸਨੂੰ ਲਗਦਾ ਜਿਵੇਂ ਉਸਦਾ ਦਿਮਾਗ ਗੰਦਾ ਹੋ ਗਿਆ ਹੋਵੇ । ਆਪਣੇ ਆਪ ਨੂੰ ਹੀ ਅਪਵਿੱਤਰ ਵਰਗਾ ਮਹਿਸੂਸ ਹੁੰਦਾ । ਜਦੋਂ ਕਦੇ ਇਹ ਸਭ ਉਸਦੇ ਮਨ ਚ ਆਉਂਦਾ ਸਰੀਰ ਚੋਂ ਉਸਨੂੰ ਇੰਝ ਲਗਦਾ ਜਿਵੇਂ ਬਦਬੂ ਰਿਸਦੀ ਹੋਵੇ । ਆਪਣੇ ਕੱਪਡ਼ੇ ਛੋਹਣ ਤੋਂ ਉਸਨੂੰ ਕਚਿਆਣ ਆਉਂਦੀ ।ਉਹ ਬਚਦੀ ਹਰ ਕੋਸ਼ਿਸ਼ ਕਰਦੀ ਪਰ ਕੋਈ ਨਾ ਕੋਈ ਗੱਲ ਫਿਰ ਇੰਝ ਹੋ ਜਾਂਦੀ ਕਿ ਉਸਦਾ ਸਾਰਾ ਧਿਆਨ ਮੁੜ ਓਥੇ ਹੀ ਹੋ ਚਲੇ ਜਾਂਦਾ 
ਅੱਜ ਵੀ ਇਵੇਂ ਹੀ ਹੋਇਆ ਸੀ ਆਪਣੇ ਮਨ ਨੂੰ ਕੁਝ ਸਹੀ ਕਰਨ ਲਈ ਸੋਚਿਆ ਸੀ ਚਲੋ ਟੀਵੀ ਤੇ ਕੁਝ ਦੇਖ ਲਵੇ । ਪਰ ਟੀਵੀ ਤੇ ਚੱਲੇ ਉਹਨਾਂ ਦ੍ਰਿਸ਼ਾਂ ਨੇ ਉਸਦੇ ਮਨ ਚ ਜਿਵੇਂ ਇੱਕ ਖਿਝ ਬੇਚੈਨੀ ਨੂੰ ਮਨ ਨੂੰ ਰੋਣਹਾਕਾ ਜਿਹਾ ਕਰ ਦਿੱਤਾ ਹੋਵੇ ।ਜਦੋਂ ਮਨ ਚ ਆਏ ਖਿਆਲ ਕਿਸੇ ਸਿਰੇ ਨਾ ਲੱਗਣ ਤਾਂ ਮਨ ਦਾ ਰੋਣਹਾਕਾ ਹੋ ਜਾਣਾ ਲਾਜ਼ਮੀ ਹੁੰਦਾ ਹੈ । ਪਰ ਇਹ ਉਸਦੇ ਜੀਵਨ ਦੇ ਰਾਹ ਚ ਹੋਰ ਕਿੰਨੀਆਂ ਹੀ ਰੁਕਾਵਟਾਂ ਖੜੀਆਂ ਕਰ ਰਿਹਾ ਸੀ । ਉਸਦੇ ਪੇਪਰ ਦੀ ਤਿਆਰੀ ਲਗਪਗ ਜ਼ੀਰੋ  ਹੋ ਗਈ ।ਭੋਜਨ  ਦੀ ਭੁੱਖ ਘਟ ਗਈ ਤੇ ਜਿਸਮ ਨੂੰ ਵੀ ਕਮਜ਼ੋਰੀ ਮਹਿਸੂਸ ਹੁੰਦੀ । ਗ਼ੁੱਸਾ ਤੇ ਖਿਝ ਵੱਧ ਗਈ ਸੀ । ਰਾਤ ਨੂੰ ਪੂਰੀ ਤਰ੍ਹਾਂ ਨੀਂਦ ਨਾ ਆਉਂਦੀ ਤੇ ਜਦੋਂ ਆਉਂਦੀ ਮਨ ਅਜ਼ੀਬ ਅਜੀਬ ਤੇ ਅਸ਼ਲੀਲ ਸੁਪਨਿਆਂ ਨਾਲ ਭਰ ਜਾਂਦਾ ।ਇਸ ਤਰ੍ਹਾਂ ਉਸਦੇ ਬੁਣਦੇ ਬੁਣਦੇ ਖਵਾਬ ਤੇ ਸਿੱਧੇ ਸਿੱਧੇ ਰਾਹ ਅਚਾਨਕ ਪੁੱਠੇ ਹੋ ਗਏ । ਉਸਨੂੰ ਅਜੇ ਵੀ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਵਿਚੋਂ ਕਿਵੇਂ ਨਿੱਕਲੇ । ਅਚਾਨਕ ਇੱਕ ਦਿਨ ਉਸਦੇ ਫੋਨ ਤੇ ਇੱਕ ਮਿਸ ਕਾਲ ਆਈ । ਜਿਵੇਂ ਅਚਾਨਕ ਹੀ ਅੱਲਾਦੀਨ ਦਾ ਚਿਰਾਗ ਮਿਲਿਆ ਹੋਵੇ। ਉਸਨੇ ਵਾਪਿਸ ਕਾਲ ਕੀਤੀ ਤਾਂ ਅੱਗਿਓਂ ਕਿਸੇ ਮੁੰਡੇ ਦੀ ਆਵਾਜ਼ ਸੁਣਾਈ ਦਿੱਤੀ । ਮੁੰਡੇ ਤੋਂ  ਗਲਤੀ ਨਾਲ ਨੰਬਰ ਲੱਗ ਗਿਆ ਸੀ । ਉਸਨੇ ਸੌਰੀ ਕਹਿ ਕੇ ਫੋਨ ਕੱਟ ਦਿੱਤਾ ।ਪਰ ਅਗਲੇ ਹੀ ਦਿਨ ਉਸਦਾ ਮੈਸਜ ਆ ਗਿਆ । ਉਸਨੇ ਰਿਪਲਾਈ ਨਾ ਕੀਤਾ । ਪਰ ਫਿਰ ਆਇਆ ਤਾਂ ਉਸਨੇ ਉਸਦਾ ਜਵਾਬ ਦਿੱਤਾ ਕਿ ਮੈਸੇਜ ਨਾ ਕਰੇ। ਪਰ ਮੁੰਡਾ ਇੱਕ ਇੱਕ ਕਰਕੇ ਮੈਸੇਜ ਕਰਦਾ ਰਿਹਾ। ਕਦੇ ਗੁੱਡ ਮਾਰਨਿੰਗ ਕਦੇ ਗੁੱਡ ਨਾਈਟ ਕਦੇ ਉਸਦਾ ਹਾਲ ਚਾਲ ਪੁੱਛਣ ਲੱਗਾ। ਉਸਦਾ ਪਹਿਲਾਂ ਪਹਿਲਾਂ ਕਦੇ ਵੀ ਜਵਾਬ ਦੇਣ ਦਾ ਮਨ ਨਾ ਕਰਦਾ ਪਰ ਫਿਰ ਉਸਦੀ ਕੇਅਰ ਹੌਲੀ ਹੌਲੀ ਚੰਗੀ ਲੱਗਣ ਲੱਗੀ। ਕੋਈ ਉਸਨੂੰ ਵੀ ਸੁਣਨ ਵਾਲਾ ਸੀ ਉਸਦਾ ਵੀ ਖਿਆਲ ਰੱਖਣ ਵਾਲਾ ਸੀ।  ਇੰਝ ਹੌਲੀ ਹੌਲੀ ਇਹ ਗੱਲਾਂ ਦਾ ਸਿਲਸਿਲਾ ਕੁਝ ਕੁ ਹੀ ਦਿਨ ਚ ਫੋਨ ਤੇ ਗੱਲ ਕਰਨ ਤੱਕ ਪਹੁੰਚ ਗਿਆ ।ਮੁੰਡੇ ਦਾ ਨਾਮ ਗੁਰਵੀਰ ਸੀ।  ਗੁਰਵੀਰ ਨੇ ਦੱਸਿਆ ਕਿ ਉਹ ਮਾਛੀਵਾੜੇ ਰਹਿੰਦਾ ਤੇ ਓਥੇ ਹੀ ਕਿਸੇ ਮੈਡੀਕਲ ਸਟੋਰ ਤੇ ਕੰਮ ਕਰਦਾ ਹੈ ।ਜਦੋਂ ਕੋਈ ਇਕੱਲਾ ਮਹਿਸੂਸ ਕਰਦਾ ਤਾਂ ਕਿਸੇ ਇੱਕ ਦੀ ਹੋਂਦ ਦਿਲ ਨੂੰ ਧਰਵਾਸ ਦਿੰਦੀ ਹੈ । ਤੇ ਜਦੋਂ ਉਹ ਤੁਹਾਡੇ ਵਿਰੋਧੀ ਲਿੰਗ ਦਾ ਹੋਵੇ ਤਾਂ ਇਹ ਖਿੱਚ ਇੱਕ ਚੁੰਬਕ ਵਾਂਗ ਖਿੱਚਦੀ ਹੈ। ਮਮਤਾ ਤਾਂ ਗੁਜ਼ਰ ਹੀ ਉਸ ਵੇਲੇ ਵਿੱਚੋ ਰਹੀ ਸੀ ਜਿੱਥੇ ਵਿਰੋਧੀ ਲਿੰਗ ਦੀ ਖਿੱਚ ਉਸ ਨਾਲ ਜੁੜੇ ਅਹਿਸਾਸਾਂ ਨੇ ਉਸਨੂੰ ਪ੍ਰੇਸ਼ਾਨ ਕਰ ਰਖਿਆ ਸੀ।  ਉਸਦੇ ਅੰਦਰ ਦੀਆਂ ਕਿੰਨੀਆਂ ਹੀ ਗੱਲਾਂ ਕਿੰਨੇ ਹੀ ਅਹਿਸਾਸ ਕਿਸੇ ਨਾਲ ਸਾਂਝਾ ਕਰਨ ਦੀ ਭਾਵਨਾ ਸੀ। ਕਿੰਨਾ ਕੁਝ ਜਾਨਣ ਪੁੱਛਣ ਦੀ ਇੱਛਾ ਸੀ। 
ਹੌਲੀ ਹੌਲੀ ਦੋਵਾਂ ਦੇ  ਸਾਰੇ ਭੇਦ ਸਾਂਝੇ ਹੁੰਦੇ ਗਏ ।ਇੱਕ ਦੂਸਰੇ ਦੀਆਂ ਫੋਟੋਆਂ ਮਿਲੀਆਂ ਤਾਂ ਮਮਤਾ ਨੂੰ ਲੱਗਾ ਜਿਵੇਂ ਉਸਦੀ ਉਮਰ ਉਸਦੇ ਦੱਸਣ ਨਾਲੋਂ ਬਹੁਤੀ ਹੈ । ਮਮਤਾ ਅਜੇ ਮਸੀਂ 22 ਸਾਲ ਦੀ ਸੀ ਤੇ ਗੁਰਵੀਰ ਵੇਖਣ ਨੂੰ ਕਾਫੀ ਉੱਪਰ ਲਗਦਾ ਸੀ । ਉਸਨੇ ਸੋਚਿਆ ਮੁੰਡੇ ਕਈ ਵਾਰ ਉਮਰ ਤੋਂ ਵੱਡੇ ਲੱਗਣ ਲਗ ਜਾਂਦੇ ਹਨ। ਗੁਰਵੀਰ ਨਾਲ ਗੱਲ ਕਰਨ ਮਗਰੋਂ ਉਸਦੇ ਮਨ ਨੂੰ ਕੁਝ ਚੰਗਾ ਮਹਿਸੂਸ ਹੋਣ ਲੱਗਾ ਸੀ । ਉਸਦਾ ਮਨ ਪੜਾਈ ਚ ਪਹਿਲਾਂ ਤੋਂ ਵਧੇਰੇ ਲੱਗਣ ਲੱਗਾ।ਉਸਦਾ ਧਿਆਨ ਤੇ ਮਨ ਦੀ ਭਟਕਣ ਕਾਫੀ ਹੱਦ ਤੱਕ ਘੱਟ ਗਈ. ਉਸ ਨਾਲ ਗੱਲਾਂ ਕਰਨੀਆਂ ਚੰਗਾ ਲਗਦਾ ਸੀ ਉਹ ਉਸਦਾ ਪਹਿਲਾ ਮੁੰਡਾ ਦੋਸਤ ਸੀ। ਜਿਸਨੇ ਹੌਲੀ ਹੌਲੀ ਇਸਤਰੀ ਪੁਰਸ਼ ਦੇ ਸਬੰਧਾਂ ਦੇ ਕਿੰਨੇ ਹੀ ਰਾਜ਼ ਉਸ ਅੱਗੇ ਖੋਲ੍ਹੇ ਸੀ। ਹੌਲੀ ਹੌਲੀ ਉਸਨੇ ਗੁਰਵੀਰ ਨੂੰ ਆਪਣੇ ਮਨ ਤੇ ਆਪਣੇ ਜਿਸਮ ਦੇ ਸਾਰੇ ਭੇਦ ਦੱਸ ਦਿੱਤੇ ਜੋ ਸ਼ਾਇਦ ਕੋਈ ਕੁੜੀ ਬਹੁਤ ਭਰੋਸੇ ਮਗਰੋਂ ਹੀ ਖੋਲ੍ਹਦੀ ਹੈ । ਫੋਨ ਤੇ ਲੰਮੇ ਲੰਮੇ ਰੁਮਾਂਸ ਦਾ ਸਿਲਸਿਲਾ ਚੱਲ ਨਿਕਲਿਆ। ਮੱਥੇ ਦੇ ਚੁੰਮਣ ਤੋਂ ਲੈ ਕੇ ਰੋਮ ਰੋਮ ਨੂੰ ਚੁੰਮ ਤੇ ਹਾਸਿਲ ਕਰ ਲੈਣ ਤੱਕ ,ਸਭ ਕੁਝ ਦੋ ਕੁ ਮਹੀਨੇ ਵਿੱਚ ਹੀ ਹੋ ਗਿਆ। 
ਪਿਆਰ ਸੀ ਜਾਂ ਆਦਤ ਜਾਂ ਖਾਲੀਪਣ ਨੂੰ ਭਰਨ ਦੀ ਕੋਸ਼ਿਸ਼ ਇਹ ਨਹੀਂ ਸੀ ਪਤਾ ਪਰ ਇਜ਼ਹਾਰ ਏ ਮੁਹੱਬਤ ਤੇ ਸੱਤ ਜਨਮਾਂ ਦੇ ਵਾਅਦੇ ਹੋ ਗਏ ਸੀ।  ਬਸ ਉਸਨੂੰ ਗੁਰਵੀਰ ਦੀ ਇੱਕ ਹੀ ਗੱਲ ਬੁਰੀ ਲਗਦੀ ਸੀ ਕਿ ਘਰਦਿਆਂ ਤੋਂ ਡਰਦਾ ਰਾਤ ਵੇਲੇ ਗੱਲ ਨਹੀਂ ਕਰਦਾ ਸੀ । ਜਦੋਂ ਉਸਨੂੰ ਉਸਦੀ ਸਭ ਤੋਂ ਵੱਧ ਲੋੜ ਮਹਿਸੂਸ ਹੁੰਦੀ ਸੀ । ਕਿਵੇਂ ਨਾ ਕਿਵੇਂ ਉਹ ਦੁਪਿਹਰ ਜਾਂ ਸ਼ਾਮੀ ਹਰ ਹਾਲਤ ਚ ਕੋਸ਼ਿਸ ਕਰਦੀ ਕਿ ਗੱਲ ਹੋ ਜਾਏ. ਤੇ ਉਸਨੂੰ ਨਾਲ ਪਿਆਰ ਦੀਆਂ ਇਹ ਪੀਂਘਾਂ ਝੂਟ ਕੇ ਉਸਨੂੰ ਖੁਦ ਹੌਲਾ ਮਹਿਸੂਸ ਹੁੰਦਾ ਸੀ । ਹੁਣ ਉਸਨੂੰ ਭਰਾ ਤੇ ਭਰਜਾਈ ਦੀਆਂ ਹਰਕਤਾਂ ਮਨ ਭਟਕਾਉਣ ਵਾਲੀਆਂ ਨਹੀਂ ਸਗੋਂ ਰੁਮਾਂਚ ਭਰਨ ਵਾਲੀਆਂ ਲਗਦੀਆਂ ।.ਉਹ ਹਰ ਗੱਲ ਨਿੱਕੀ ਗੱਲ ਤੇ ਹਰਕਤ ਗੁਰਦੀਪ ਨੂੰ ਦੱਸਦੀ ਸੀ ।ਫਿਰ ਉਸਦੇ ਪੇਪਰ ਦੀ ਤਰੀਕ ਆਈ ਤੇ ਸੈਂਟਰ ਚੰਡੀਗੜ੍ਹ ਬਣਿਆ । ਗੁਰਦੀਪ ਨੇ ਉਸਨੂੰ ਮਨਾ ਲਿਆ  ਸੀ ਕਿ ਉਹ ਉਸਦੇ ਨਾਲ ਜਾਏਗੀ ਤੇ ਉਸ ਨਾਲ ਰੁਕੇਗੀ । ਮਮਤਾ ਦੀ ਜੋ ਹਾਲਾਤ ਸੀ ਉਹ ਖੁਦ ਵੀ ਇਸਨੂੰ ਮਨਾ ਨਹੀਂ ਸੀ ਕਰ ਪਾ ਰਹੀ । ਦੋ ਕੁ ਮਹੀਨੇ ਚ ਗੁਰਦੀਪ ਉਸਦੇ ਤਨ ਮਨ ਤੇ ਭਾਰੂ ਹੋ ਗਿਆ ਸੀ। ਉਸਦਾ ਮਹਿਜ਼ ਇੱਕ ਬੋਲ ਇੱਕ ਕਿਸ ਉਸਦੇ ਜਿਸਮ ਚ ਅਜ਼ੀਬ ਜਿਹੀ ਕੰਬਣੀ ਛੇੜ ਦਿੰਦੀ ਸੀ। ਸਹੀ-ਗਲਤ ,ਨੈਤਿਕ-ਅਨੈਤਿਕ ਤਰਕ-ਵਿਤਰਕ ਸਭ ਕੁਝ ਖੂੰਜੇ ਲੱਗ ਗਿਆ ਸੀ। ਉਸਨੂੰ ਲੱਗਣ ਲੱਗਾ ਸੀ ਜਿਥੇ ਪਿਆਰ ਹੈ ਓਥੇ ਕੁਝ ਵੀ ਗ਼ਲਤ ਨਹੀਂ ਹੁੰਦਾ।ਚੰਡੀਗੜ੍ਹ  ਸਹੇਲੀ ਨਾਲ ਰੁਕਣ ਦਾ ਬਹਾਨਾ ਲਗਾ ਕੇ ਉਹ ਗੁਰਵੀਰ ਨਾਲ ਹੀ ਜਾਣ ਲਈ ਤਿਆਰ ਹੋ ਗਈ ਸੀ। ਗੁਰਵੀਰ ਮਾਛੀਵਾੜੇ ਤੋਂ ਲੁਧਿਆਣੇ ਆ ਗਿਆ ਸੀ । ਦੋਵਾਂ ਨੇ ਬੱਸ ਫੜ੍ਹੀ ਤੇ ਚੰਡੀਗੜ੍ਹ ਲਈ ਇੱਕ ਪਿਛਲੀਆਂ ਸੀਟਾਂ ਵਿਚੋਂ ਕਿਸੇ ਸੀਟ ਤੇ ਬੈਠ ਗਏ.ਦੋ ਕੁ ਮਹੀਨੇ ਚ ਹੀ ਉਹ ਇੱਕ ਦੂਸਰੇ ਨੂੰ ਪਹਿਲੀ ਵਾਰ ਮਿਲ ਰਹੇ ਸੀ ,ਦੋਵਾਂ ਦਾ ਫੈਸਲਾ ਵੀ ਸਾਥ ਰੁਕਣ ਦਾ ਸੀ । ਮਮਤਾ ਉਸਦੇ ਵੱਲ ਦੇਖ ਇੱਕ ਵਾਰ ਉਸਦੇ ਚਿਹਰੇ ਨੂੰ ਵੇਖ ਥੋੜ੍ਹਾ ਝਿਜਕੀ ਵੀ , ਪਰ ਦੋ ਮਹੀਨਿਆਂ ਦੀਆਂ ਗੱਲਾਂ ਤੇ ਇੱਕ ਦੂਸਰੇ ਦੇ ਰਾਜ ਜਾਨਣ ਮਗਰੋਂ ਉਹਨਾਂ ਨੂੰ ਕੁਝ ਵੀ ਓਪਰਾ ਨਹੀਂ ਲੱਗਾ ਸੀ । ਪਿਆਰ ਚ ਜ਼ਹਿਰ ਪਿਆਲਾ ਵੀ ਪੀ ਲਿਆ ਜਾਂਦਾ ਹੈ ਇਹ ਤਾਂ ਫੇਰ ਸਿਰਫ ਉਮਰ ਦਾ ਫਾਸਲਾ ਸੀ। ਮਮਤਾ ਗੁਰਵੀਰ ਦੇ ਮੋਢੇ ਤੇ ਸਿਰ ਰੱਖਕੇ ਤੇ ਹੱਥ ਚ ਹੱਥ ਪਕੜ ਕੇ ਇੰਝ ਸੌ ਗਈ ਸੀ ਜਿਵੇਂ ਉਮਰਾਂ ਦਾ ਕੋਈ ਸਾਥੀ ਹੋਵੇ । ਨਿੱਕੀਆਂ ਨਿੱਕੀਆਂ ਗੱਲਾਂ ਤੇ ਹੱਸਦੇ ਲੋਕਾਂ ਨੂੰ ਆਪਣੇ ਵੱਲ ਤੱਕਦੇ ਹੋਏ ਦੇਖ ਕੇ ਦੋਂਵੇਂ ਸਹਿਮ ਵੀ ਜਾਂਦੇ ਪਰ ਫਿਰ ਆਪਣੀਆਂ ਉਹੀ ਗੱਲਾਂ ਚ ਗੁਆਚ ਜਾਂਦੇ ।ਦੋ ਢਾਈ ਘੰਟੇ ਦਾ ਇਹ ਸਫ਼ਰ ਮਮਤਾ ਦੇ ਹੁਣ ਤੱਕ ਦੇ ਸਭ ਤੋਂ ਹੁਸੀਨ ਸਫਰਾਂ ਵਿਚੋਂ  ਸੀ ।ਹੋਜਿਉਂ ਜਿਉਂ ਚੰਡੀਗੜ੍ਹ ਉੱਤਰ ਕੇ ਉਹਨਾਂ ਦਾ ਸਫ਼ਰ ਹੋਟਲ ਦੇ ਕਮਰੇ ਵੱਲ ਜਾ ਰਿਹਾ ਸੀ । ਮਮਤਾ ਦੇ ਦਿਲ ਹਾਲਾਤ ਬੇਕਾਊ ਜਹੀ ਹੋ ਰਹੀ ਸੀ । ਗੁਰਵੀਰ ਦਾ ਵੀ ਸ਼ਾਇਦ ਇਹੋ ਹਾਲ ਸੀ ਉਸਦੇ ਬੋਲਣ ਚ ਕੰਬਣੀ ਤੇ ਅੱਖਾਂ ਚ ਇੱਕ ਅਲਗ ਹੀ ਸਰੂਰ ਜਿਹਾ ਸੀ ।ਜਿਵੇਂ ਹੀ ਦੋਂਵੇਂ ਕਮਰੇ ਵਿੱਚ ਪਹੁੰਚੇ ਤਾਂ ਜਿਵੇਂ ਸਬਰਾਂ ਦਾ ਬੰਨ੍ਹ ਟੁੱਟ ਗਿਆ ਹੋਵੇ । ਪਾਣੀ ਨਾਲੋਂ ਵੱਧ ਪਿਆਸ ਉਹਨਾਂ ਨੂੰ ਇੱਕ ਦੂਸਰੇ ਦੇ ਮਿਲਣ ਦੀ ਸੀ । ਉਹ ਗੱਲਾਂ ਉਹ ਚੁੰਮਣ ਜੋ ਅਜੇ ਤੱਕ ਮੈਸੇਜ ਬਾਕਸ ਜਾਂ ਫੋਨ ਤੱਕ ਹੀ ਸੀਮਿਤ ਸੀ ਉਹ ਅਸਲ ਚ ਸਾਕਾਰ ਹੋ ਗਏ ਸੀ । ਮਮਤਾ ਨੇ ਬਹੁਤ ਸੋਹਣਾ ਗੁਰਵੀਰ ਦੀ ਪਸੰਦ ਦਾ ਸੂਟ ਪਾਇਆ ਸੀ । ਪਰ ਅਜਿਹੇ ਸੈਲਾਬ ਚ ਸਭ ਵਹਿ ਜਾਂਦਾ ਹੈ । ਕਦੋਂ ਗੁਰਵੀਰ ਦੇ ਹੱਥਾਂ ਨੇ ਉਸਦੇ ਜਿਸਮ ਨੂੰ ਕੱਪੜਿਆਂ ਦੀ ਕੈਦ ਤੋਂ ਆਜ਼ਾਦ ਕਰ ਦਿੱਤਾ ਉਸਨੂੰ ਕੋਈ ਹੋਸ਼ ਨਹੀਂ ਸੀ । ਉਸਦੀਆਂ ਅੱਖਾਂ ਬੰਦ ਸੀ । ਤੇ ਜਦੋਂ ਵੀ ਖੁੱਲਦੀਆਂ ਤਾਂ ਉਸਨੂੰ ਗੁਰਵੀਰ ਆਪਣੇ ਵੱਲ ਝਾਕਦਾ ਦਿੱਸਦਾ ਤੇ ਉਹ ਫਿਰ ਅੱਖਾਂ ਬੰਦ ਕਰ ਲੈਂਦੀ । ਹੱਥਾਂ ਦੀਆਂ ਇਹ ਹਰਕਤਾਂ ਉਸਦੇ ਜਿਸਮ ਦੇ ਹਰ ਕੋਨੇ ਨੂੰ ਛੋਹ ਰਹੀਆਂ ਸਨ । ਮਮਤਾ ਲਈ ਰੁਮਾਂਚ ਦਾ ਇਹ ਸ਼ਿਖਰ ਸੀ । ਉਸਨੂੰ ਆਪਣੇ ਸਰੀਰ ਦੀ ਬਨਾਵਟ ਬਦਲਦੀ ਲੱਗੀ । ਦਿਲ ਦੀ ਧੜਕਣ ਤੇ ਨਸਾਂ ਚ ਖੂਨ ਦਾ ਵਹਾਅ ਆਪਣੇ ਚਰਮ ਤੇ ਸੀ । ਤੇ ਉਹ ਇੱਕ ਜਿਸਮ ਨਾਲ ਬਿਨਾਂ ਕਿਸੇ ਲੁਕਾ ਤੋਂ ਇੰਝ ਲਿਪਟੀ ਪਈ ਸੀ ਜਿਵੇਂ ਕਿਸੇ ਰੁੱਖ ਨਾ ਵੇਲ੍ਹ ਲਿਪਟੀ ਹੋਵੇ । ਗੁਰਵੀਰ ਦੇ ਡੀਲ ਡੌਲ ਵਾਲੇ ਜਿਸਮ ਅੱਗੇ ਉਹ ਵੇਲ੍ਹ ਵਾਂਗ ਹੀ ਲੱਗ ਰਹੀ ਸੀ । ਸਾਹਾਂ ਦੇ ਉੱਖੜਨ ਦਾ ਇਹ ਦੌਰ ਵਧਦਾ ਹੀ ਜਾ ਰਿਹਾ ਸੀ । ਪਰ ਮਮਤਾ ਦੇ ਜਿਵੇਂ ਸਾਹ ਮੁੱਕ ਰਹੇ ਹੋਣ । ਉਸਦੇ ਮਨ ਚ ਭਰਿਆ ਕਿੰਨ੍ਹੇ ਸਮੇਂ ਦਾ ਜ਼ਹਿਰ ਜਿਵੇਂ ਪਾਣੀ ਬਣਕੇ ਰਿਸ ਰਿਹਾ ਹੋਵੇ । ਤੇ ਇਹ ਸਿਲਸਲਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਦੋਵਾਂ ਦੇ ਮਿਲਣ ਦੀ ਆਖ਼ਿਰੀ ਘੜੀ ਨਾ ਆਈ ਜਿਸਤੋਂ ਅੱਗੇ ਸ਼ਾਇਦ ਅੱਖਾਂ ਨੂੰ ਕੁਝ ਪਲਾਂ ਲਈ ਸਿਰਫ ਚਾਨਣ ਹੀ ਦਿਸਦਾ ਹੈ ਤੇ ਫਿਰ ਜਿਸਮ ਤੇ ਮਨ ਚ ਇੱਕ ਅਜੀਬ ਸ਼ਾਂਤੀ ਛਾ ਜਾਂਦੀ ਹੈ ।ਪੂਰੀ ਰਾਤ ਚ ਇਹੋ ਸਿਲਸਿਲਾ ਦੋਵਾਂ ਨੇ ਕਈ ਵਾਰ ਦੁਹਰਾਇਆ । ਐਨਾ ਕੁ ਜਿਆਦਾ ਕਿ ਸਵੇਰੇ ਉੱਠ ਕੇ ਪੇਪਰ ਦੇਣ ਦੀ ਹਿੰਮਤ ਵੀ ਮਮਤਾ ਚ ਨਹੀਂ ਸੀ । ਉਸਦਾ ਮਨ ਤਾਂ ਸੀ ਕਿ ਸਿਰਫ ਇੰਝ ਹੀ ਉਹ ਗੁਰਵੀਰ ਦੀਆਂ ਬਾਹਾਂ ਜੇ ਕੁਝ ਸਮਾਂ ਹੋਰ ਬਿਤਾ ਲਵੇ ਤਾਂ ਕਿੰਨਾ ਚੰਗਾ । ਫਿਰ ਵੀ ਹਿੰਮਤ ਕਰਕੇ ਉਸਨੇ ਪੇਪਰ ਦਿੱਤਾ ਤੇ ਫਿਰ ਉਵੇਂ ਹੀ ਗੁਰਵੀਰ ਨਾਲ ਵਾਪਸੀ ਦਾ ਸਫ਼ਰ ਕੀਤਾ । ਗੁਰਵੀਰ ਨੂੰ ਆਪਣੇ ਲਈ ਇੰਝ ਸੈਂਟਰ ਤੋਂ ਬਾਹਰ ਇੰਤਜ਼ਾਰ ਕਰਦੇ ਹੋਏ ਉਸਨੂੰ ਚੰਗਾ ਲੱਗਾ । ਤੇ ਵਾਪਸੀ ਦਾ ਸਫ਼ਰ ਯਾਦਾਂ ਤੇ ਇੱਕ ਹੁਸੀਨ ਰਾਤ ਸੁਜੋ ਕੇ ਵਾਪਿਸ ਚਲੇ ਗਏ । ਜਜਬਾਤਾਂ ਦੇ ਵਹਾਅ ਮਗਰੋਂ ਬੰਦਾ ਜਦੋਂ ਕੱਲਾ ਹੁੰਦਾ ਤਾਂ ਬੜਾ ਕੁਝ ਮਨ ਚ ਆਉਂਦਾ ਕਿ ਮੈਂ ਗਲਤ ਕੀਤਾ ? ਮੈਨੂੰ ਉਹ ਗਲਤ ਕੁੜੀ ਤਾਂ ਨਹੀਂ ਸਮਝੇਗਾ । ਮਹਿਜ਼ ਇਹ ਜਿਸਮਾਨੀ ਪਿਆਰ ਤਾਂ ਨਹੀਂ ? ਕਿਤੇ ਉਹ ਸਿਰਫ ਇਸੇ ਲਈ ਮੇਰੇ ਨਾਲ ਨਹੀਂ ਏ ?ਇਹੋ ਸਵਾਲ ਮਮਤਾ ਨੂੰ ਵੀ ਪ੍ਰੇਸ਼ਾਨ ਕਰ ਰਹੇ ਸੀ ।ਉਸ ਰਾਤ ਚ ਚਾਹੇ ਦੋਵਾਂ ਦੀ ਭਾਗਦਾਰੀ ਇੱਕੋ ਸੀ ਪਰ ਫਿਰ ਵੀ ਸੋਚ ਸਿਰਫ ਮਮਤਾ ਰਹੀ ਸੀ ਜਿੱਥੇ ਉਹ ਇੱਕ ਅਹਿਸਾਸ ਭਰੀ ਰਾਤ ਸੀ ਓਥੇ ਹੀ ਉਸਦੇ ਮਨ ਚ ਕਿੰਨੇ ਹੀ ਭਾਰ ਵੀ ਛੱਡ ਗਈ ਸੀ ।ਘਰ ਆ ਕੇ ਬਹੁਤੇ ਦਿਨ ਉਸਦਾ ਸੁਭਾਅ ਬੇਹੱਦ ਹੌਲਾ ਰਿਹਾ ਮਨ ਹੰਸੂ ਹੰਸੂ ਕਰਦਾ ਤੇ ਉਹ ਸਭ ਨਾਲ ਮਜਾਕ ਕਰਦੀ ਤੁਰਦੀ ਫਿਰਦੀ। ਆਪਣੇ ਆਪ ਚ ਆਈ ਇਸ ਤਬਦੀਲੀ ਤੇ ਉਹ ਹੈਰਾਨ ਸੀ । ਬੇਸ਼ੱਕ ਕਦੇ ਕਦੇ ਉਸਦੇ ਮਨ ਚ ਇੱਕ ਪਰਿਵਾਰ  ਵਿਰੋਧੀ ਕਦਮ ਲਗਦਾ ਸੀ ਪਰ ਫਿਰ ਗੁਰਵੀਰ ਦੇ ਕਹਿਣ ਵਾਂਗ ਉਸਨੂੰ ਲਗਦਾ ਕਿ ਪਿਆਰ ਚ ਸਭ ਜਾਇਜ ਹੈ ।ਇੱਕ ਦਿਨ ਨਵਾਂ ਹੀ ਰਾਜ ਮਮਤਾ ਅੱਗੇ ਆ ਖੁੱਲ੍ਹਾ , ਇੱਕ ਦਿਨ ਸਵੇਰੇ ਗੁਰਵੀਰ ਨੂੰ ਕਾਲ ਲਾਈ ਤਾਂ ਅੱਗਿਓ ਕਿਸੇ ਔਰਤ ਦੀ ਆਵਾਜ ਸੁਣ ਕੇ ਉਹ ਚੌਂਕ ਗਈ ।ਫੋਨ ਚੱਕਣ ਵਾਲੀ ਔਰਤ ਗੁਰਵੀਰ ਦੀ ਘਰਵਾਲੀ ਸੀ !!ਪਿਆਰ ਚ ਪੂਰੀ ਤਰ੍ਹਾਂ ਭਿੱਜੇ ਲੋਕਾਂ ਨੂੰ ਪਿਆਰ ਅੰਨ੍ਹਾ ਨਾ ਕਰ ਸਕੇ ਪਰ ਧੁੰਦਲਾ ਜਰੂਰ ਦਿਸਣ ਲਾ ਦਿੰਦਾ ਹੈ । ਇਸ ਲਈ ਜਦੋਂ ਉਸ ਔਰਤ ਨੇ ਦੱਸਿਆ ਕਿ ਉਹ ਗੁਰਵੀਰ ਦੀ ਘਰਵਾਲੀ ਹੈ ਤਾਂ ਸਨੂੰ ਬਿਲਕੁਲ ਯਕੀਨ ਨਹੀਂ ਸੀ ਹੋਇਆ ।ਪਿਛਲੇ ਤਿੰਨ ਮਹੀਨੇ ਤੋਂ ਗੁਰਵੀਰ ਨੇ ਹਰ ਪਲ ਉਸਨੂੰ ਇਹੋ ਕਿਹਾ ਸੀ ਕਿ ਉਹ ਉਸਦੀ ਕਿਸੇ ਵੀ ਜੌਬ ਤੇ ਸਿਲੈਕਸ਼ਨ ਹੋਣ ਤੇ ਉਸ ਨਾਲ ਵਿਆਹ ਕਰਵਾ ਲਵੇਗਾ ।ਉਸਨੂੰ ਗੁਰਵੀਰ ਉੱਤੇ ਓਨਾ ਹੀ ਵਿਸ਼ਵਾਸ ਸੀ ਤੇ ਉਸਦਾ ਮਨ ਵੀ ਪੜ੍ਹਾਈ ਚ, ਕਿਸੇ ਕੰਮ ਵਿੱਚ ਹੁਣ ਕਿਤੇ ਵਧੇਰੇ ਲਗਦਾ ਸੀ । ਬੇਸ਼ੱਕ ਉਸਦਾ ਚੰਡੀਗੜ੍ਹ ਵਾਲਾ ਇਹ ਪੇਪਰ ਵਧੀਆ ਨਹੀਂ ਸੀ ਹੋਇਆ ਪਰ ਉਸਨੂੰ ਉਮੀਦ ਸੀ ਕਿ ਗੁਰਵੀਰ ਦੇ ਸਾਥ ਨਾਲ ਉਸਦਾ ਅਗਲਾ ਕੋਈ ਹੋਰ ਪੇਪਰ ਵਧੇਰੇ ਵਧੀਆ ਹੋ ਜਾਏਗਾ ਤੇ ਉਸਦੀ ਨੌਕਰੀ ਵੀ ਲੱਗ ਜਾਏਗੀ ਤੇ ਉਸਦਾ ਗੁਰਵੀਰ ਨਾਲ ਵਿਆਹ ਵੀ ਹੋ ਜਾਏਗਾ ।ਇਹੋ ਤਾਂ ਸੁਪਨਾ ਸੀ ਜੋ ਉਸਨੇ ਦੇਖਿਆ ਸੀ । ਘਰ ਪਰਿਵਾਰ ਨਾਲ ਡੱਟਣ ਲਈ ਵੀ ਉਹ ਤਿਆਰ ਸੀ। ਹੁਣ ਉਹ ਸੁਪਨਾ ਤੜੱਕ ਕਰਕੇ ਟੁੱਟ ਰਿਹਾ ਸੀ । ਗੁਰੂਤਾ ਸ਼ਕਤੀ ਦੇ ਬੰਧਨ ਵਾਂਗ ਉਹ ਜਿਸ ਵਸਤ ਦੇ ਆਸ ਪਾਸ ਉਸਨੇ ਸੁਪਨਾ ਬੰਨ੍ਹ ਕੇ ਘੁੰਮਣਾ ਸ਼ੁਰੂ ਕੀਤਾ ਸੀ ਉਹ ਸੁਪਨਾ ਟੁੱਟ ਰਿਹਾ ਸੀ । ਗੁਰੂਤਾ ਖਿੱਚ ਚੋਂ ਕੋਈ ਵੀ ਚੀਜ਼ ਟੁੱਟ ਕੇ ਵਿਖਰਣ ਵੱਲ ਹੀ ਵਧਦੀ ਹੈ । ਉਸ ਔਰਤ ਨੇ ਸਭ ਦੱਸਿਆ ਕਿ ਉਹ ਤੇ ਗੁਰਵੀਰ 7 ਸਾਲ ਦੇ ਵਿਆਹੇ ਹਨ ਤੇ ਉਹਨਾਂ ਦੇ ਦੋ ਬੱਚੇ ਵੀ ਹਨ ਤਾਂ ਇੱਕ ਵਾਰ ਤਾਂ ਮਮਤਾ ਦੇ ਹੱਥੋਂ ਤੋਤੇ ਹੀ ਉੱਡ ਗਏ । ਉਹ ਉਸੇ ਵੇਲੇ ਬਿਨਾ ਕਿਸੇ ਨੂੰ ਦੱਸੇ ,ਜਿੰਦਗੀ ਵਿੱਚ ਪਹਿਲੀ ਵਾਰ ,ਬਿਨਾਂ ਕਹੇ ,ਘਰੋਂ ਨਿੱਕਲ ਤੁਰੀ ।ਬੱਸ ਫੜਕੇ ਸਿੱਧਾ ਮਾਛੀਵਾੜੇ ਜਾ ਪਹੁੰਚੀ । ਉਸਨੂੰ ਇਹ ਤਾਂ ਪਤਾ ਹੀ ਸੀ ਕਿ ਗੁਰਵੀਰ ਕਿੱਥੇ ਕੰਮ ਕਰਦਾ ਸੀ । ਸਿੱਧਾ ਉਸਦੇ ਸਟੋਰ ਤੇ ਪਹੁੰਚ ਗਈ ।ਇੱਕ ਵਾਰ ਤਾਂ ਗੁਰਵੀਰ ਦੇ ਉਸਨੂੰ ਵੇਖ ਹੋਸ਼ ਹੀ ਉੱਡ ਗਏ । ਉਹ ਉਸਨੂੰ ਇੱਕੋ ਗੱਲ ਲਗਾਤਾਰ ਪੁੱਛਦੀ ਰਹੀ ਕਿ ਤੂੰ ਮੈਨੂੰ ਝੂਠ ਕਿਉਂ ਬੋਲਿਆ ਝੂਠ ਬੋਲਕੇ ਮੇਰੀ ਇੱਜਤ ਕਿਉ ਰੋਲੀ । ਕਿਉਂ ਮੇਰੀ ਜਿੰਦਗੀ ਬਰਬਾਦ ਕਰ ਦਿੱਤੀ ।ਦੁਕਾਨ ਦੇ ਮਾਲਿਕ ਨੂੰ ਤੇ ਆਸ ਪਾਸ ਜੁਟ ਗਏ ਲੋਕਾਂ ਨੂੰ ਮਾਮਲਾ ਸਮਝਦੇ ਹੋਏ ਦੇਰ ਨਾ ਲੱਗੀ । ਕਿਵੇਂ ਵੀ ਉਹਨਾਂ ਨੂੰ ਗੁਰਵੀਰ ਤੋਂ ਇਹ ਉਮੀਦ ਨਹੀਂ ਸੀ ਉਹ ਇੱਕ ਵਧੀਆ ਬੋਲ ਬਾਣੀ ਤੇ ਸਭ ਨੂੰ ਹੱਸ ਕੇ ਬੁਲਾਉਣ ਵਾਲੇ ਬੰਦੇ ਵਜੋਂ ਪੂਰੀ ਮਾਰਕੀਟ ਚ ਜਾਣਿਆ ਜਾਂਦਾ ਸੀ । ਉਸਦੀ ਵਿਆਹੁਤਾ ਜ਼ਿੰਦਗੀ ਵੀ ਵਧੀਆ  ਸੀ । ਲੋਕੀ ਕਹਿ ਰਹੇ ਸੀ ਕਿ ਉਸਦੀ ਘਰਵਾਲੀ ਤਾਂ ਮਮਤਾ ਤੋਂ ਵੀ ਕਿਤੇ ਸੋਹਣੀ ਸੀ । ਫਿਰ ਵੀ ਕਿਉ ਉਹ ਇੰਝ ਕਿਸੇ ਹੋਰ ਵੱਲ ਚਲਾ ਗਿਆ ?”ਮਰਦ ਜਾਤ! ਔਰਤ ਦੇ ਮਾਸ ਵੱਲ ਇੰਝ ਹੀ ਝਪਕਾ ਮਾਰਦੀ ਏ । ਨਾਲੇ ਕੋਈ ਔਰਤ ਆਪ ਕਹੇ ਆਜਾ ਮੇਰੇ ਨਾਲ ਪੈਜਾ । ਕੋਈ ਮਰਦ ਇਨਕਾਰ ਕਰੂ ? ਇਹ ਤਾਂ ਭਾਈ ਕੁੜੀ ਨੂੰ ਪਹਿਲ਼ਾਂ ਦੇਖਣਾ ਚਾਹੀਦਾ ਸੀ “ਇੱਕ ਬਜ਼ੁਰਗ ਨੇ ਸਾਰੀ ਗੱਲ ਦਾ ਤੱਥ ਕੱਢਦੇ ਸਭ ਕਾਸੇ ਦਾ ਤੋੜਾ ਮਮਤਾ ਤੇ ਝਾੜ ਦਿੱਤਾ । ਜੋ ਕਿ ਸਦੀਆਂ ਤੋਂ ਹੀ ਝੜਦਾ ਆ  ਰਿਹਾ । ਮਰਦ ਦੀ ਲਪਕਦੀ ਲਾਲ ਲਈ ਵੀ ਔਰਤ ਦਾ ਕਸੂਰ ਕੱਢਿਆ ਜਾਂਦਾ ਹੈ। ਪਰ ਇਥੇ ਅਜੇ ਵੀ ਬਹੁਤ ਉਲਟਾ ਹੋ ਗਿਆ ਸੀ । ਚੰਗੀ ਭਲੀ ਬਣੀ ਹੋਈ ਇੱਜਤ ਗੁਰਵੀਰ ਦੀ ਪਲਾਂ ਚ ਮਿੱਟੀ ਹੋ ਗਈ । ਰੋਂਦੀ ਤੇ ਗੁੱਸੇ ਚ ਮਮਤਾ ਨੇ ਉਸਦੇ ਕਈ ਥੱਪੜ ਵੀ ਜੜ ਦਿੱਤੇ । ਉਹ ਇੱਕ ਗੱਲ ਦਾ ਜਵਾਬ ਨਾ ਦੇ ਸਕਿਆ ਸਿਵਾਏ ਇਸਦੇ ਕਿ ਉਹ ਫੋਨ ਤੇ ਸਨੂੰ ਸਮਝਾ ਦਵੇਗਾ।ਆਸ ਪਾਸ ਦੇ ਲੋਕਾਂ ਲਈ ਚੰਗਾ ਭਲਾ ਸ਼ੁਗਲ ਮੇਲਾ ਹੀ ਗਿਆ । ਕਿਸੇ ਨੇ ਵਧਦੇ ਹੰਗਾਮੇ ਨੂੰ ਦੇਖ ਕੇ ਪੁਲਿਸ ਨੂੰ ਵੀ ਬੁਲਾ ਦਿੱਤਾ । ਇੱਕ ਦੋ ਲੋਕਲ ਪੱਤਰਕਾਰ ਵੀ ਆ ਗਏ । ਖ਼ਬਰ ਮਸਾਲੇਦਾਰ ਜੋ ਸੀ । ਲੋਕੀ ਕਿਸੇ ਦੇ ਘਰ ਚ ਹੋਈ ਇਸ ਤਰਾਂ ਦੀ ਕੋਈ ਵੀ ਖ਼ਬਰ ਬੜੇ ਚਸਕੇ ਨਾਲ ਪੜ੍ਹਦੇ ਹਨ । ਲੀਡਰਾਂ ਦੇ ਲਾਰੇ ਤੇ ਕਈ ਦਹਾਕਿਆਂ ਤੋਂ ਇੱਕੋ ਜਿਹੇ ਬਿਆਨ ਜਿਵੇਂ ਭ੍ਰਿਸ਼ਟਾਚਾਰ ਬੰਦ ਕਰ ਦਿਆਂਗੇ ,ਰੁਜ਼ਗਾਰ ਦਵਾਗੇ । ਵਰਗੇ ਬਿਆਨ ਓਹਨਾ ਦੀ ਰੋਜ ਦੀ ਅਖਬਾਰ ਨੂੰ ਰਸਹੀਣ ਬਣਾ ਦਿੰਦੇ ਹਨ । ਇਸਤਰਾਂ ਦੀਆਂ ਖਬਰਾਂ ਹੀ ਸਾਰਾ ਦਿਨ ਕੁਝ ਨਾ ਕੁਝ ਗੱਲਾਂ ਕਰਨ ਲਈ ਮਸਲਾ ਦਿੰਦੀਆ ਹਨ । ਫਿਰ ਇਹ ਖਬਰ ਇੰਟਰਨੈੱਟ ਤੇ ਪਾ ਕੇ ਚਸਕੇ  ਨਾਲ ਪੁੱਛਿਆ ਜਾ ਸਕਦਾ ਸੀ ਕਿ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ ।ਪਰ ਪੁਲਿਸ ਦੇ ਕਿਸੇ ਵੀ ਚੱਕਰ ਤੋਂ ਮਮਤਾ ਬਚਣਾ ਚਾਹੁੰਦੀ ਸੀ । ਇਸ ਲਈ ਬਿਨਾਂ ਕਿਸੇ ਨੂੰ ਦੱਸੇ ਤੇ ਬਿਨਾਂ ਕੁਝ ਕਹੈ ਓਥੋਂ ਨਿੱਕਲ ਗਈ । ਲੋਕ ਇਸ ਗੱਲੋਂ ਖੁੰਝ ਗਏ ਸੀ ਕਿ ਉਹ ਇਸ ਪੂਰੇ ਹੰਗਾਮੇ ਦੀ ਵੀਡੀਓ ਬਣਾ ਸਕਣ ।ਉਸਤੋਂ ਪਹਿਲਾਂ ਹੀ ਸਭ ਨਿਪਟ ਗਿਆ ।ਅਗਲੇ ਦਿਨ ਦੋ ਤਿੰਨ ਲੋਕਲ ਅਖਬਾਰਾਂ ਚ ਖਬਰ ਲੱਗੀ ਕਿ ਇੱਕ ਔਰਤ ਨੇ ਮਾਛੀਵਾੜੇ ਬਾਜ਼ਾਰ ਚ ਹੰਗਾਮਾ ਕੀਤਾ ਕਿਉਕਿ ਇੱਕ ਵਿਆਹੁਤਾ ਮਰਦ ਨੇ ਫੋਨ ਤੇ ਉਸ ਨਾਲ ਪਿਆਰ ਦੇ ਲਾਰੇ ਲਗਾ ਧੋਖਾ ਦੇ ਦਿੱਤਾ ।ਪਰ ਖਬਰ ਚ ਨਾ ਮਰਦ ਦਾ ਨਾਮ  ਸੀ ਨਾ ਔਰਤ ਦਾ । ਨਹੀਂ ਤਾਂ ਜੋ ਮਮਤਾ ਨੇ ਹੁਣ ਤੱਕ ਖੋਇਆ ਸੀ ਉਸ ਨਾਲ ਉਸਦੀ ਬਦਨਾਮੀ ਖੁਦ ਤੇ ਟੱਬਰ ਤੱਕ ਵੀ ਪਹੁੰਚ ਹੀ ਜਾਣੀ ਸੀ  ।ਤੂਫ਼ਾਨ ਤੋਂ ਬਚਣ ਲਈ ਕੋਈ ਸਹਾਰੇ ਲਈ ਕਿਸੇ ਰੁੱਖ ਨੂੰ ਜੱਫਾ ਮਾਰ ਲਵੇ ਤੇ ਉਹਨੂੰ ਲੱਗੇ ਉਹ ਰੁੱਖ ਬਚਾ ਲਵੇਗਾ ਪਰ ਉਹ ਰੁੱਖ ਹੀ ਟੁੱਟ ਕੇ ਡਿੱਗ ਜਾਏ ਤਾਂ ਸਹਾਰੇ ਦੇ ਟੁੱਟਣ ਨਾਲ ਜੋ ਚੋਟ ਲੱਗੇਗੀ ਉਸਦਾ ਕੋਈ ਕੀ ਕਰੇ ਇਹੋ ਗੱਲ ਮਮਤਾ ਨਾਲ ਹੋਈ ਸੀ ।ਜਿਹੜਾ ਥੋੜ੍ਹਾ ਬਹੁਤ ਉਹ ਗੁਰਵੀਰ ਦੇ ਮਿਲਣ ਮਗਰੋਂ ਸਹੀ ਹੋਈ ਸੀ । ਦੁਬਾਰਾ ਉਸ ਤੋਂ ਵੀ ਘਟੀਆ ਪੱਧਰ ਤੇ ਪਹੁੰਚ ਗਈ ਸੀ । ਹੁਣ ਉਸਦਾ ਖਾਣਾ ਪੀਣਾ ਸਭ ਖਤਮ ਹੋ ਗਿਆ । ਰਾਤ ਰਾਤ ਭਰ ਰੋਣ ਤੇ ਦਿਨ ਚ ਉਦਾਸ ਤੇ ਚੁੱਪ ਰਹਿਣ ਤੋਂ ਬਿਨਾਂ ਉਸ ਕੋਲ ਕੁਝ ਨਹੀਂ ਸੀ । ਨਾ ਚੱਜ ਨਾਲ ਕੁਝ ਖਾਂਦੀ ਨਾ ਕਿਸੇ ਨਾਲ ਬੋਲਦੀ । ਘਰੋਂ ਬਾਹਰ ਜੋ ਕਦੇ ਪਹਿਲ਼ਾਂ ਚਲੇ ਜਾਂਦੀ ਹੁਣ ਉਹ ਵੀ ਬੰਦ ਕਰ ਦਿੱਤਾ । ਗੁਰਵੀਰ ਬਾਰੇ ਉਸਨੇ ਕਿਸੇ ਨੂੰ ਕੁਝ ਵੀ ਨਹੀਂ ਸੀ ਦੱਸਿਆ ਤਾਂ ਹੁਣ ਟੁੱਟਣ ਤੇ ਦੁੱਖ ਕਿਸਨੂੰ ਦੱਸੇ ।ਉਸਨੂੰ ਗੁਰਵੀਰ ਨਾਲ ਦੇਖੇ ਸੁਪਨੇ ਤੰਗ ਕਰਦੇ । ਉਸਨਾਲ ਕੀਤੀਆਂ ਗੱਲਾਂ ਯਾਦ ਆਉਂਦੀਆਂ । ਉਸ ਨਾਲ ਬੀਤਿਆ ਸਫ਼ਰ ਤੇ ਬਿਤਾਈ ਰਾਤ ਯਾਦ ਆਉਂਦੀ । ਉਸਦੇ ਜਿਸਮ ਤੇ ਫਿਰਦੇ ਹੱਥ ਜਦੋਂ ਵੀ ਯਾਦ ਆਉਂਦੇ ਤਾਂ ਉਸਦਾ ਮਨ ਚ ਚੀਸ ਉੱਠਦੀ ਤੇ ਆਪਣੇ ਜਿਸਮ ਦੇ ਗੰਦੇ ਹੋ ਜਾਣ ਦਾ ਅਹਿਸਾਸ ਮਨ ਚ ਪੈਦਾ ਹੋ ਜਾਂਦਾ । ਫਿਰ ਖੁਦ ਨੂੰ ਮਲ ਮਲ ਕੇ ਨਹਾ ਕੇ ਕੋਸ਼ਿਸ਼ ਕਰਦੀ ਕਿ ਇਹ ਅਪਵਿੱਤਰਤਾ ਨਿੱਕਲ ਜਾਏ । ਪਰ ਕੁਝ ਵੀ ਸੀ ਉਹ ਉਸਦੇ ਸਰੀਰ ਤੇ ਨਹੀਂ ਸੀ ਟਿਕਿਆ ਹੋਇਆ । ਜੋ ਵੀ ਸੀ ਉਸਦੇ ਮਨ ਦੀ ਪਰਤ ਤੇ ਸੀ । ਤੇ ਸਰੀਰ ਨੂੰ ਧੋ ਕੇ ਕਦੇ ਮਨ ਵੀ ਸਾਫ ਹੋਇਆ ਕਦੇ ਉਸਦੀਆਂ ਯਾਦਾਂ ਧੁੰਦਲੀਆਂ ਹੋਈਆਂ ਹਨ ? ਜੇਕਰ ਅਜਿਹਾ ਹੋ ਸਕਦਾ ਤਾਂ ਸ਼ਾਇਦ ਸਾਡੇ ਮੁਲਕ ਵਿਚੋਂ ਹਰ 5 ਵਿਚੋਂ  ਤਿੰਨ ਬੰਦੇ ਡਿਪ੍ਰੈਸ਼ਨ ਦਾ ਸ਼ਿਕਾਰ ਨਾ ਹੁੰਦੇ ।ਮਮਤਾ ਵੀ ਇਸੇ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ । ਉਸਦੇ ਅੱਖਾਂ ਹੇਠਾਂ ਕਾਲੇ ਘੇਰੇ , ਬੁਝੀ ਹੋਈ ਸ਼ਕਲ ਤੇ ਡਿੱਗੇ ਹੋਏ ਮੋਢੇ ਤੇ ਮਸਾਂ ਲੱਤਾਂ ਘਸੀਟ ਕੇ ਉਹ ਤੁਰਦੀ । ਇੱਕ ਗੱਲ ਨੂੰ ਉਹ ਦੂਸਰੀ ਤੀਸਰੀ ਵਾਰ ਵਿੱਚ ਸੁਣਦੀ ।ਘਰਦੇ ਵੇਖਦੇ ਤਾਂ ਹੈਰਾਨ ਹੋ ਜਾਂਦੇ ।ਕਦੇ ਕਦੇ ਬੈਠੀ ਅਚਾਨਕ ਰੋਣ ਲਗਦੀ ਤੇ ਕਦੇ ਕਿਸੇ ਗੱਲ ਤੇ ਗ਼ੁੱਸਾ ਵੀ ਹੋ ਜਾਂਦੀ ।ਘਰਦੇ ਵੇਖਦੇ ਤਾਂ ਕਿੰਨੀ ਵਾਰ ਪੁੱਛਦੇ ਉਹ ਕੁਝ ਵੀ ਦੱਸਣ ਨਾਲੋਂ ਰੋਣਾ ਸ਼ੁਰੂ ਕਰਦੀ । ਡਾਕਟਰ ਨੂੰ ਬੁਲਾਇਆ ਦਵਾਈ ਵੀ ਦਿੱਤੀ ਟੈਸਟ ਕਰਵਾਏ ਪਰ ਕੋਈ ਫਰਕ ਨਾ ਪਿਆ ।ਦਵਾਈਆਂ ਖਾ ਕੇ ਉਹ ਕਈ ਵਾਰ ਸੁੱਤੀ ਰਹਿੰਦੀ ਤੇ ਫਿਰ ਖਾਣਾ ਖਾ ਕੇ ਫਿਰ ਸੌਂ ਜਾਂਦੀ । ਉਸਦੀ ਪੜ੍ਹਾਈ ਲਿਖਾਈ ਸਭ ਅਸਤ ਵਿਅਸਤ ਹੋ ਗਈ । ਕਦੇ ਉਸਦਾ ਮਨ ਕਰਦਾ ਕਿ ਗੁਰਵੀਰ ਨੂੰ ਫੋਨ ਕਰਕੇ ਪੁੱਛੇ ਕਿ ਉਸਨੇ ਇੰਝ ਕਿਉ ਕੀਤਾ । ਫਿਰ ਉਸਦਾ ਮਨ ਕਰਦਾ ਕਿ ਸਭ ਕੁਝ ਉੱਚੀ ਉੱਚੀ ਬੋਲ ਕੇ ਸਭ ਨੂੰ ਦੱਸ ਦਵੇ ਮਤੇ ਉਸਦਾ ਮਨ ਕੁਝ ਹਲਕਾ ਹੀ ਜਾਏ । ਡਾਕਟਰ ਨੇ ਵੀ ਉਸਨੂੰ ਕਾਫੀ ਕੁਝ ਪੁਛਿਆ ਪਰ ਉਹ ਕੁਝ ਵੀ ਨਾ ਦੱਸ ਸਕੀ ਪਰ ਡਾਕਟਰ ਦੀ ਐਨੀ ਕੁ ਗੱਲ ਸਮਝ ਆ ਗਈ ਕਿ ਕੁੜੀ ਨੂੰ ਕਿਸੇ ਗੱਲ ਦਾ ਝੋਰਾ ਖਾ ਗਿਆ ।ਥੋੜੀ ਬਹੁਤ ਗੱਲ ਰਿਸ਼ਤੇਦਾਰੀ ਚ ਵੀ ਪਹੁੰਚੀ ਤਾਂ ਕਈਆਂ ਨੇ ਕੋਈ ਕਸਰ ਹੋ ਜਾਣ ਦਾ ਵੀ ਸ਼ੱਕ ਜਿਤਾਇਆ ।ਪਰ ਕਿਸੇ ਦੀ ਨਾ ਮੰਨਦੇ ਹੋਏ ਮਮਤਾ ਦੇ ਪਿਤਾ ਨੇ ਕਿਸੇ ਮਾਨਸਿਕ ਮਾਹਿਰ ਨੂੰ ਹੀ ਮਿਲਣ ਲਈ ਸੋਚਿਆ । ਪਰ ਮਮਤਾ ਦੀ ਮਾਂ ਤੇ ਹੋਰ ਕਈ ਰਿਸ਼ਤੇਦਾਰਾਂ ਨੇ ਮਾਨਸਿਕ ਮਾਹਿਰ ਦੀ ਗੱਲ ਸੁਣਦਿਆਂ ਹੀ ਮਿਲਣ ਜਾਣ ਤੋਂ ਇਨਕਾਰ ਕਰ ਦਿੱਤਾ । ਕਿਉਂਕਿ ਉਹਨਾਂ ਮਨ ਚ ਐਨਾ ਕੁ ਹੀ ਸਮਝ ਆਇਆ ਕਿ ਸ਼ਾਇਦ ਮਾਨਸਿਕ ਮਾਹਿਰ ਦਾ ਮਤਲਬ ਪਾਗਲ ਲੋਕਾਂ ਦਾ ਹੀ ਡਾਕਟਰ ਹੈ । ਜੇ ਕਿਸੇ ਨੂੰ ਇਹ ਪਤਾ ਲੱਗਾ ਕਿ ਕੁੜੀ ਨੂੰ ਪਾਗਲਪਣ ਦੇ ਦੌਰੇ ਪੈਂਦੇ ਹਨ ਤਾਂ ਕੌਣ ਇਸ ਨਾਲ ਵਿਆਹ ਕਰੂ.ਮਮਤਾ ਖੁਦ ਵੀ ਕਿਸੇ ਐਵੇਂ ਦੇ ਡਾਕਟਰ ਨੂੰ ਮਿਲਣਾ ਨਹੀਂ ਸੀ ਚਾਹੁੰਦੀ ਉਹ ਖੁਦ ਨਹੀਂ ਸੀ ਚਾਹੁੰਦੀ ਮਤੇ ਉਸ ਦੇ ਦਿਲ ਚ ਜੋ ਕੁਝ ਹੈ ਕੋਈ ਹੋਰ ਜਾਣ ਸਕੇ । ਤੇ ਕੀ ਦੱਸੇਗੀ ਕਿਸੇ ਨੂੰ ਕਿ ਆਪਣੇ ਭਰਾ ਤੇ ਭਾਬੀ ਨੂੰ ਵੇਖ ਮਨ ਚ ਕੀ ਖਿਆਲ ਆਉਂਦੇ ਸੀ ਤੇ ਉਹ ਕਿਉਂ ਐਨੀ ਜਲਦੀ ਕਿਸੇ ਮੁੰਡੇ ਵੱਲ ਝੁਕ ਕੇ ਬਸ ਲਿਫਦੀ ਚਲੀ ਗਈ ਤੇ ਅੱਜ ਇਸ ਉਦਾਸੀ ਦੇ ਦੌਰ ਚੋਂ ਗੁਜ਼ਰ ਰਹੀ ਏ । ਤੇ ਉਸਦੇ ਕਰੈਕਟਰ ਬਾਰੇ ਉਹ ਬੰਦਾ ਕੀ ਸੋਚੇਗਾ !!ਇਸ ਲਈ ਉਸਨੇ ਜਾਣ ਲਈ ਇਨਕਾਰ ਕਰ ਦਿੱਤਾ ਤੇ ਉਸਦੀ ਮਾਂ ਸਮੇਤ ਬਹੁਤੇ ਲੋਕ ਕਿਸੇ “ਸਿਆਣੇ”ਕੋਲੋਂ ਹੱਥ ਆਲੇ ਦੀ ਸਲਾਹ ਦੇ ਰਹੇ ਸੀ । ਪਰ ਇੱਥੇ ਉਸਦੇ ਬਾਪ ਨੇ ਡਾਕਟਰ ਦੀ ਸਲਾਹ ਮੰਨਦੇ ਹੋਏ ਮਾਨਸਿਕ ਮਾਹਿਰ ਕੋਲ ਜਾਣ ਦਾ ਹੀ ਨਿਸ਼ਚਾ ਕੀਤਾ ।ਮਮਤਾ ਭਾਵੇਂ ਜਾਣ ਤੋਂ ਬਚ ਰਹੀ ਸੀ ਪਰ ਫਿਰ ਵੀ ਉਸਦੇ ਪਾਪਾ ਨੇ ਹਰ ਹਾਲ ਚ ਉਸਨੂੰ ਇੱਕ ਮਾਨਸਿਕ ਮਾਹਿਰ ਕੋਲ ਦਿਖਾਉਣ ਦਾ ਫੈਸਲਾ ਕੀਤਾ ਸੀ ।ਮਿਥੇ ਦਿਨ ਜਦੋਂ ਉਹ ਉਸ ਮਾਨਸਿਕ ਮਾਹਿਰ ਦਾ ਕਲੀਨਿਕ ਪੁੱਜੇ ਤਾਂ ਦੇਖਿਆ ਕਿ ਆਮ ਨਾਲੋਂ ਭੀੜ ਕਿਤੇ ਘੱਟ ਹੈ । ਕਾਰਨ ਸਿਰਫ ਇਹੋ ਸੀ ਕਿ ਉਹ ਸਮਾਂ ਦਿੱਤੇ ਅਨੁਸਾਰ ਹੀ ਮਰੀਜਾਂ ਨੂੰ ਮਿਲਦੀ ਸੀ ।ਜਦੋਂ ਮਮਤਾ ਉੱਠ ਕੇ ਕਲੀਨਿਕ ਅੰਦਰ ਗਈ ਉਹ ਸਿਰਫ ਇਕੱਲੀ ਸੀ । ਆਪਣੀ ਸਾਹਮਣੇ ਵਾਲੀ ਕੁਰਸੀ ਤੇ ਅਧਖੜ ਉਮਰ ਦੀ ਔਰਤ ਨੂੰ ਦੇਖ ਕੇ ਪਹਿਲ਼ਾਂ ਤਾਂ ਉਹ ਕੁਝ ਅਸਹਿਜ ਜਹੀ ਹੋਈ । ਪਰ ਕਮਰੇ ਦੇ ਮਾਹੌਲ ਨੇ ਉਸਨੂੰ ਕਾਫੀ ਸਹਿਜ ਕਰ ਦਿੱਤਾ ।ਇੱਕ ਸ਼ਾਂਤ ਤੇ ਪੂਰੀ ਤਰ੍ਹਾਂ ਰੋਸ਼ਨੀ ਨਾਲ ਭਰੇ ਕਮਰੇ ਵਿੱਚ ਬੜਾ ਹੀ ਹਲਕੀ ਆਵਾਜ਼ ਦਾ ਸੰਗੀਤ ਚਲ ਰਿਹਾ ਸੀ । ਜਿਸਨੂੰ ਸੁਣਕੇ ਮਮਤਾ ਦੀ ਅਵਸਥਾ ਕੁਝ ਪਲਾਂ ਲਈ ਕਾਫੀ ਵਧੀਆ ਹੋ ਗਈ ।ਡਾਕਟਰ ਸੰਗੀਤਾ ਨੇ ਬੜੇ ਹੀ ਪਿਆਰ ਨਾਲ ਉਸਦਾ ਨਾਮ ਵਗੈਰਾ ਉਸਦੀ ਪੜ੍ਹਾਈ ਉਸਦੀ ਸਿਖਿਆ ਤੇ ਬਾਕੀ ਸਭ ਨਿੱਕੀਆਂ ਨਿੱਕੀਆਂ ਗੱਲਾਂ ਪੁੱਛੀਆਂ । ਫਿਰ ਉਸਦੇ ਪੜ੍ਹਨ ਲਿਖਣ ਉੱਠਣ ਜਾਗਣ ਤੇ ਅੱਜ ਕੱਲ ਦੇ ਰੁਟੀਨ ਬਾਰੇ ਪੁੱਛਿਆ।ਪਰ ਸਭ ਕੁਝ ਦੱਸਦੀ ਹੋਈ ਸੀ ਮਮਤਾ ਆਪਣੇ ਮਨ ਨੂੰ ਆਪਣੇ ਆਪ ਚ ਘੁੱਟ ਲੈਂਦੀ ਕਿਤੇ ਉਸਦੇ ਮਨ ਦਾ ਭੇਦ ਖੁੱਲ ਕੇ ਉਸ ਦੀ ਆਉਣ ਵਾਲੀ ਜਿੰਦਗੀ ਨੂੰ ਖਰਾਬ ਨਾ ਕਰ ਦੇਣ ।ਇਸ ਲਈ ਜਵਾਬ ਸੋਚ ਸਮਝ ਕੇ ਦੇ ਰਹੀ ਸੀ । ਡਾਕਟਰ ਸੰਗੀਤਾ ਉਸਦੀਆਂ ਸਭ ਗੱਲਾਂ ਸਮਝਦੀ ਸੀ. ਇੱਕ ਔਰਤ ਇੱਕ ਔਰਤ ਦੇ ਜਜਬਾਤਾਂ ਨੂੰ ਬੇਹਤਰ ਸਮਝ ਸਕਦੀ ਹੈ। ਉਸਦੇ ਕੋਲ ਨਿੱਤ ਹੀ ਇੰਝ ਦੇ ਕਿੰਨੇ ਹੀ ਕੇਸ ਆਉਂਦੇ ਸਨ। ਮਮਤਾ ਦੇ ਗੱਲ ਕਰਨ ਦੇ ਤਰੀਕੇ ਤੋਂ ਹੀ ਉਸਨੂੰ ਪਤਾ ਲਗਦਾ ਸੀ ਕਿ ਮਾਮਲਾ ਹੋਵੇ ਨਾ ਹੋਵੇ ਪਿਆਰ ਚ ਧੋਖੇ ਦਾ ਹੈ ਪਰ ਫਿਰ ਵੀ ਉਹ ਆਪਣੇ ਕਿਸੇ ਮਰੀਜ਼ ਨੂੰ ਸਿਧਾ ਨਹੀਂ ਸੀ ਪੁੱਛ ਸਕਦੀ ।ਇਸ ਲਈ ਸਿੱਧਾ ਨਾ ਪੁੱਛਣ ਦੀ ਬਜਾਏ ਉਸਨੇ ਇਹ ਪੁੱਛਿਆ ਕਿ ਉਹ ਵਿਆਹ ਕਦੋਂ ਕਰਵਾਏਗੀ ? ਤਾਂ ਮਮਤਾ ਦੀਆਂ ਅੱਖਾਂ ਚੋਂ ਇੱਕ ਦਮ ਹੰਝੂ ਵਗਣ ਲੱਗ ਗਏ ।ਤੇ ਫਿਰ ਉਸਨੇ ਆਪਣੀ ਸਾਰੀ ਆਪ ਬੀਤੀ ਖੁਦ ਹੀ ਡਾਕਟਰ ਨੂੰ ਸੁਣਾ ਦਿੱਤੀ । ਆਪਣੇ ਮਨ ਚ ਆਉਂਦੇ ਖਿਆਲਾਂ ਬਾਰੇ ਆਪਣੇ ਪਹਿਲੇ ਪਿਆਰ ਬਾਰੇ ਤੇ ਜੋ ਜੋ ਉਸ ਤੇ ਗੁਰਵੀਰ ਵਿੱਚ ਹੋਇਆ ਸਭ ਕੁਝ ਦੱਸ ਦਿੱਤਾ।ਸੰਗੀਤਾ ਕੇਸ ਹਿਸਟਰੀ ਵੇਖ ਸਮਝ ਗਈ ਸੀ ਬੰਧਨਾਂ ਚ ਬੰਨ੍ਹ ਕੇ ਰੱਖੀ ਜਵਾਨੀ ਨੂੰ ਘੁਟਵੇਂ ਮਾਹੌਲ ਵਿੱਚੋਂ ਨਿੱਕਲ ਕੇ ਨਵੇਂ ਅਨੁਭਵ ਜਾਨਣ ਦਾ ਅਚਾਨਕ ਮੌਕਾ ਮਿਲਿਆ ਤਾਂ ਇਸਦੀ ਤਾਕਤ ਅੱਗੇ ਸਭ ਪੜ੍ਹਿਆ ਲਿਖਿਆ ਸਿਖਾਇਆ ਮਿੱਟੀ ਹੋ ਗਿਆ ਸੀ। ਪਿਆਰ ਚ ਲਿਪਟੇ ਕਾਮ ਨੇ ਛੁਹਾਰੇ ਵਿੱਚ ਦਿੱਤੇ ਧੀਮੇ ਜ਼ਹਿਰ ਵਰਗਾ ਅਸਰ ਕੀਤਾ ਸੀ। ਇਸ ਵਿੱਚੋਂ ਨਿਕਲਣ ਲਈ ਵੀ ਬੇਹੱਦ ਧੀਮੇ ਇਲਾਜ਼ ਦੀ ਲੋੜ ਹੈ। “ਫਿਰ ਤੂੰ ਹੁਣ ਉਸ ਨਾਲ ਅੱਗੇ ਰਿਸ਼ਤੇ ਬਾਰੇ ਹੀ ਸੋਚ ਰਹੀ ਏ?”ਡਾਕਟਰ ਨੇ ਉਸਦੇ ਫੈਸਲੇ ਬਾਰੇ ਪੁੱਛਿਆ ।”ਕਾਸ਼! ਇੰਝ ਹੋ ਸਕਦਾ ਆਪਣਾ ਸਭ ਕੁਝ ਉਸ ਕੋਲ ਗੁਆਉਣ ਤੋਂ ਬਾਅਦ ਤੇ ਸੁਪਨੇ ਸਿਰਜਣ ਤੋਂ ਮਗਰੋਂ ਹੋਰ ਕਿਸੇ ਬਾਰੇ ਕਿਵੇਂ ਸੋਚਾਂ ? “ਮਮਤਾ ਨੇ ਉੱਤਰ ਦਿੱਤਾ ।”ਪਰ ਸੁਪਨੇ ਤਾਂ ਤੂੰ ਪਹਿਲ਼ਾਂ ਵੀ ਵੇਖੇ ਸੀ ਫਿਰ ਗੁਰਵੀਰ ਦੇ ਆਉਣ ਨਾਲ ਇੱਥੇ ਕੀ ਫਰਕ ਏ ?”ਡਾਕਟਰ ਨੇ ਜਦੋਂ ਪੁੱਛਿਆ ਤਾਂ ਮਮਤਾ ਲਈ ਇੱਕ ਦਮ ਸਕਪਕਾ ਗਈ ਤੇ ਬੋਲੀ।”ਸ਼ਾਇਦ, ਗੁਰਵੀਰ ਨਾਲ ਮੇਰਾ ਪਿਆਰ ਜਿਆਦਾ ਹੈ ਤੇ ਮੈਚਿਊਰ ਲੈਵਲ ਤੇ ਸੀ ।””ਨਹੀਂ, ਤੇਰੇ ਪਿਆਰ ਦਾ ਕਾਰਨ ਇੱਕੋ ਸੀ ਕਿ ਉਸਨੇ  ਸਿਰਫ ਤੇਰੀ ਇੱਕਲਤਾ ਨੂੰ ਉਦੋਂ ਪੂਰਿਆ ਜਦੋਂ ਤੇਰੇ ਕੋਲ ਕੁਝ ਹੋਰ ਨਹੀਂ ਸੀ । ਉਦੋਂ ਤੇਰੇ ਖਾਲੀਪਣ ਨੂੰ ਭਰਿਆ ਜਦੋਂ ਕਿਸੇ ਵੀ ਮਿੱਠੇ ਅਨੁਭਵ ਤੋਂ ਇਹ ਕੋਰਾ ਸੀ।  ਜਦੋਂ ਤੇਰੇ ਮਨ ਨੂੰ ਤੇਰੇ ਤਨ ਨੂੰ ਇੱਕ ਸਾਥੀ ਦੀ ਸਭ ਤੋਂ ਵਧੇਰੇ ਲੋੜ ਸੀ । ਇਸ ਲਈ ਉਹ ਤੇਰੇ ਲਈ ਖਾਸ ਹੁੰਦਾ ਗਿਆ । ਜੇ ਉਸਦੀ ਜਗ੍ਹਾ ਕੋਈ ਹੋਰ ਹੁੰਦਾ ਹੋਣਾ ਫਿਰ ਵੀ ਇਵੇਂ ਹੀ ਹੋਣਾ ਸੀ ਸਿਰਫ ਨਾਮ ਤੇ ਸਰੀਰ ਦੀ ਬਨਾਵਟ ਨੇ ਹੀ  ਬਦਲਣਾ ਸੀ ।”ਸੰਗੀਤਾ ਨੇ ਬੜੇ ਪਿਆਰ ਨਾਲ ਸਮਝਾਇਆ ।”ਪਰ ਹੁਣ ਤੇ ਉਹ ਮੈਨੂੰ ਹਾਸਿਲ ਕਰ ਚੁੱਕਾ ਤੇ ਮੈਨੂੰ ਆਪਣੇ ਸਰੀਰ ਚੋਂ ਹੀ ਗੰਦਾ ਮਹਿਸੂਸ ਹੁੰਦਾ । ਕਿਸੇ ਹੋਰ ਨਾਲ ਜੁੜਨ ਦਾ ਖਿਆਲ ਹੀ ਮੈਨੂੰ ਤੜਪਾ ਦਿੰਦਾ । ਉਸ ਦੀਆਂ ਗੱਲਾਂ ਚੋਂ ਮੈਂ ਕਿਵੇਂ ਨਿੱਕਲਾ ?ਮਮਤਾ ਨੇ ਪੂਰੇ ਮਨ ਨਾਲ ਆਪਣੇ ਆਪ ਨੂੰ ਉਸ ਦੇ ਸਾਹਮਣੇ ਪੇਸ਼ ਕਰ ਦਿੱਤਾ ।”ਤੂੰ ਕਦੇ ਰੇਤ ਤੇ ਪਏ ਪੈਰਾਂ ਦੇ ਨਿਸ਼ਾਨ ਦੇਖੇ ਹਨ ? ਉਹ ਪੈਰਾਂ ਦੇ ਨਿਸ਼ਾਨ ਉਦੋਂ ਤੱਕ ਰਹਿਣਗੇ ਜਦੋ ਤੱਕ ਹੋਰ ਨਿਸ਼ਾਨ ਉਹਨਾਂ ਉੱਪਰ ਨਹੀਂ ਬਣ ਜਾਂਦੇ । ਬਿਲਕੁਲ ਉਵੇਂ ਹੀ ਸਾਡੇ ਦਿਮਾਗ ਚ ਹੈ ਇਹ ਜਦੋਂ ਤੱਕ ਨਵੀਆਂ ਯਾਦਾਂ ਨਹੀਂ ਸਿਰਜ ਲੈਂਦਾ ਉਦੋਂ ਤੱਕ ਪੁਰਾਣੇ ਵਿੱਚ ਕਾਇਮ ਰਹਿੰਦਾ ਹੈ ।”ਸੰਗੀਤਾ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ।”ਪਰ ਮੈਂ ਕਿਸੇ ਹੋਰ ਵੱਲ ਜਾ ਕੇ ਇਸ ਵੇਲੇ ਆਪਣੇ ਆਪ ਨੂੰ ਹੋਰ ਨਹੀਂ ਤੋੜਨਾ ਚਾਹੁੰਦੀ “। ਮਮਤਾ ਨੂੰ ਲੱਗਾ ਕਿ ਸ਼ਾਇਦ ਸੰਗੀਤਾ ਉਸਨੁੰ ਫਿਰ ਤੋਂ ਪਿਆਰ ਕਰਨ ਲਈ ਉਕਸਾ ਰਹੀ ਸੀ ।”ਬਚਪਨ ਚ ਜਦੋਂ ਮੇਰੇ ਕੋਲੋ ਕੋਈ ਖਿਡੌਣਾ ਟੁੱਟ ਜਾਂਦਾ ਸੀ ਤਾਂ ਮੈਂ ਬਹੁਤ ਰੋਂਦੀ ਸੀ ਤਾਂ ਮਾਂ ਨੇ ਕੋਈ ਹੋਰ ਖਿਡੌਣਾ ਦੇ ਦੇਣਾ । ਪਰ ਉਹ ਪਹਿਲੇ ਵਰਗਾ ਨਹੀਂ ਸੀ ਹੁੰਦਾ । ਫਿਰ ਵੀ ਮੇਰਾ ਮਨ ਉਸ ਨਾਲ ਪ੍ਰਚ ਜਾਂਦਾ ਸੀ । ਤੇ ਮੈਂ ਟੁੱਟੇ ਖਿਡੌਣੇ ਨੂੰ ਭੁੱਲ ਜਾਂਦੀ ਸੀ । ਸ਼ਾਇਦ ਅਸੀਂ ਸਾਰੇ ਹੀ ਇੰਝ ਕਰਦੇ ਹਾਂ । ਪਿਆਰ ਚ ਜੇ ਨਾਕਾਮੀ ਜਾਂ ਧੋਖਾ ਮਿਲਿਆ ਤਾਂ ਉਸ ਇਨਸਾਨ ਹੀ ਮਗਰ ਤੁਰਦੇ ਰਹਿਣਾ ਜਾਂ ਉਸਦੀ ਯਾਦ ਤੋਂ ਬਚਣ ਲਈ ਕਿਸੇ ਹੋਰ ਪਾਸੇ ਤੁਰ ਜਾਣਾ ਛੇਤੀ ਹੀ ਜਿਆਦਾ ਵਾਰ ਸਹੀ ਨਹੀਂ ਰਹਿੰਦਾ ।”ਸੰਗੀਤਾ ਨੇ ਕਿਹਾ ।”ਫਿਰ ਕੀ ਕਰਨਾ ਚਾਹੀਦਾ ਹੈ”? ਮਮਤਾ ਨੇ ਉਸਦੀ ਗੱਲ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਦਿਆਂ ਕਿਹਾ ।” ਇਹ ਸੱਚ ਹੈ ਕਿ ਇਹ ਉਮਰ ਐਸੀ ਹੈ ਜਦੋ ਹਰ ਇਨਸਾਨ ਆਪਣਾ ਹਾਣ ਲੱਭਦਾ ਹੈ। ਪਰ ਇਹ ਉਦੋਂ ਹੀ ਕੀਤਾ ਜਾਵੇ ਜਦੋਂ ਤੁਸੀਂ ਫੈਸਲਾ ਲੈਣ ਦੇ ਪੂਰਨ ਤੌਰ ਤੇ ਕਾਬਿਲ ਹੋਵੋ ।ਪਿਆਰ ਤੋਂ ਬਿਨਾਂ ਜ਼ਿੰਦਗੀ ਚ ਹੋਰ ਵੀ ਬਹੁਤ ਸੁਪਨੇ ਹਨ । ਸਭ ਤੋਂ ਪਹਿਲਾ ਸੁਪਨੇ ਸਿੱਖਿਆ ਹੈ ਜੋ ਤੂਹਾਨੂੰ ਫੈਸਲਾ ਲੈਣ ਦੇ ਯੋਗ ਕਰਦੀ ਹੈ । ਫਿਰ ਕਿਤਾਬਾਂ ਪੜ੍ਹਕੇ ਗਿਆਨ ਜੋ ਤੁਹਾਨੂੰ ਗਿਆਨਵਾਨ ਬਣਾਉਂਦੀਆਂ ਹਨ । ਫਿਰ ਤੁਹਾਡਾ ਕੈਰੀਅਰ ਹੈ ਜੋ ਤੁਹਾਡੇ ਫੈਸਲੇ ਲੈਣ ਦੀ ਸਮਰੱਥਾ ਤੇ ਆਤਮ ਵਿਸ਼ਵਾਸ ਨੂੰ ਵਧਾਉਂਦੇ ਹਨ । ਜੇ ਤੁਹਾਡੀ ਜੇਬ ਚ ਆਪਣੇ ਕਮਾਏ ਚਾਰ ਪੈਸੇ ਹੋਣ ਤਾਂ ਤੁਹਾਡੀ ਗੱਲ ਕਰਨ ਦਾ ਨਜ਼ਰੀਆ ਵੱਖ ਹੁੰਦਾ ਹੈ ।ਤੇਰੇ ਕੋਲ ਕਿਸੇ ਨੌਕਰੀ ਚ ਜਾਣ ਦਾ ਬਹੁਤ ਸੁਨਹਿਰੀ ਮੌਕਾ ਹੈ ।ਤੂੰ ਇਸਨੂੰ ਗੁਆ ਰਹੀਂ ਏ ।””ਪਰ ਮੈਂ ਇਸ ਚੋਂ ਨਿੱਕਲਾ ਕਿਵੇਂ”ਮਮਤਾ ਨੇ ਸੁਆਲ ਕੀਤਾ ਜਿਵੇਂ ਉਹ ਸੱਚਮੁੱਚ ਇਸ ਵਿਚੋਂ ਬਾਹਰ ਆਉਣਾ ਚਾਹੁੰਦੀ ਹੋਵੇ ।”ਆਪਣੇ ਸੁਪਨੇ ਵੱਲ ਵੱਧੋ ਤੇ ਉਸਨੂੰ ਕਿਸੇ ਇੱਕ ਵਿਅਕਤੀ ਜਾਂ ਇੱਕ ਹਾਰ ਤੇ ਨਾ ਜੋੜੋ । ਤੇ ਇਸ ਹਾਲਤ ਚ ਖੁਦ ਨੂੰ ਉਸ ਕਮਰੇ ਚੋਂ ਬਾਹਰ ਕੱਢੋ ਜਿਥੇ ਖੁਦ ਨੂੰ ਘੁੱਟ ਕੇ ਵਿਚਾਰ ਬੱਸ ਉਸੇ ਕਮਰੇ ਤੱਕ ਸੀਮਿਤ ਹੋ ਗਏ ਹਨ । ਘਰ ਬੈਠ ਕੇ ਪੜ੍ਹਨ ਦੀ ਜਗ੍ਹਾ ਲਾਇਬਰੇਰੀ ਚ ਪੜ੍ਹ। ਕੁਝ ਨਵੇਂ ਦੋਸਤ ਬਨਣਗੇ ਤਾਂ ਗੱਲਾਂ ਨਾਲ ਯਾਦਾਂ ਖੁਦ ਬ ਖੁਦ ਘਟਨਗੀਆਂ ।ਖਾਣ ਪੀਣ ਵੱਲ ਵੱਧ ਤੋਂ ਵੱਧ ਧਿਆਨ ਦੇ.ਇਹੋ ਇੱਕ ਐਸੀ ਚੀਜ਼ ਹੈ ਜੋ ਤੁਹਾਡੇ ਵਿੱਚ ਫੈਸਲੇ ਲੈਣ ਲਈ ਊਰਜਾ ਦਿੰਦੀ ਹੈ । ਭੁੱਖੇ ਪੇਟ ਕਦੇ ਸਹੀ ਫੈਸਲੇ ਨਹੀਂ ਹੋ ਸਕਦੇ ।” ਸੰਗੀਤਾ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ ।”ਤੇ ਆਖ਼ਿਰੀ ਗੱਲ ਸਰੀਰ ਦੇ ਜੂਠੇ ਹੋਣ ਦੀ ,ਇਹ ਇੱਕ ਬਾਹਰੀ ਕਵਚ ਤੋਂ ਵੱਧ ਕੇ ਕੁਝ ਨਹੀਂ । ਪਵਿੱਤਰਤਾ ਮਨ ਚ ਹੁੰਦੀ ਹੈ ਸਰੀਰ ਦੀ ਪਵਿੱਤਰਤਾ ਸਿਰਫ ਇੱਕ ਭਰਮ ਤੋਂ ਵੱਧ ਕੁਝ ਨਹੀਂ।  ਸਰੀਰ ਦੀ ਜਰੂਰਤ ਤੇ ਅਹਿਸਾਸ ਨਾਲ ਜੋ ਕਦੇ ਹੋ ਗਿਆ ਉਹ ਉਸ ਵੇਲੇ ਅਨੁਸਾਰ ਗਲਤ ਨਹੀਂ ਸੀ। ਤੇ ਸਭ ਤੋਂ ਵੱਡੀ ਗੱਲ ਅੱਜ ਉਸ ਬਾਰੇ ਇਹ ਸੋਚਣਾ  ਫਜ਼ੂਲ ਹੈ ਕਿ ਉਹ ਸਹੀ ਸੀ ਜਾਂ ਗਲਤ ਉਸਦਾ ਫੈਸਲਾ ਨਾ ਅਸੀ ਹੁਣ ਕਰ ਸਕਦੇ ਹਾਂ ਉਸਨੂੰ ਨਾ ਬਦਲ ਸਕਦੇ ਹਾਂ । ਸਿਰਫ ਆਉਣ ਵਾਲੇ ਸਮੇਂ ਨੂੰ ਦੇਖ ਸਕਦੇ ਹਾਂ । ਸਵਾਲ ਇਹ ਹੋਵੇ ਕਿ ਮਨ ਚ ਕੋਈ ਚੋਟ ਨਾ ਹੋਏ ਸਰੀਰ ਦੇ ਸਭ ਜ਼ਖ਼ਮ ਭਰ ਜਾਂਦੇ । ਪਰ ਅਸਲੀ ਜ਼ਿੰਦਗੀ ਮਨ ਨਾਲ ਹੀ ਜਿਉਈ ਜਾ ਸਕਦੀ ਹੈ”।ਸੰਗੀਤਾ ਨੇ ਸਭ ਸਮਝਾਉਂਦੇ ਹੋਏ ਕਿਹਾ।ਮਮਤਾ ਨੂੰ ਉਸਦੀਆਂ ਗੱਲਾਂ ਦੀ ਕਾਫੀ ਹੱਦ ਤੱਕ ਸਮਝ ਆਈ ਤੇ ਉਸਦੇ ਮਨ ਦਾ ਟਿਕਾਅ ਪੈਦਾ ਹੋ ਗਿਆ । ਅਗਲੀ ਮੁਲਾਕਾਤ ਦਾ ਵਕਤ ਲੈ ਕੇ ਉਹ ਰੁਖ਼ਸਤ ਹੋਈ ।ਉਸ ਦਿਨ ਬਹੁਤ ਦਿਨਾਂ ਮਗਰੋਂ ਉਹ ਰੱਜ ਕੇ ਸੁੱਤੀ।ਫਿਰ ਉਸਨੇ ਆਪਣੇ ਆਪ ਨੂੰ ਬਿਜ਼ੀ ਰੱਖਣਾ ਸ਼ੁਰੂ ਕੀਤਾ । ਵਿਹਲੇ ਸਮੇਂ ਚ ਕੋਈ ਫਿਲਮ ਦੇਖਣ ਚਲੇ ਜਾਣਾ ਕੁਝ ਸ਼ਾਪਿੰਗ ਕਰ ਲੈਣੀ ਜਾਂ ਘਰਦਿਆਂ ਨੂੰ ਕੁਝ ਬਣਾ ਕੇ ਖਵਾ ਦੇਣਾ ।ਤੇ ਫਿਰ ਡਾਕਟਰ ਨੂੰ ਉਹ ਕਈ ਵਾਰ ਮਿਲੀ ।ਹੌਲੀ ਹੌਲੀ ਉਸਨੂੰ ਆਪਣੇ ਤਨ ਮਨ ਦੀਆਂ ਜਰੂਰਤਾਂ ਦੀ ਸੱਚੀ ਸਮਝ ਹੋਣ ਲੱਗੀ। ਉਸਦੇ ਸਵਾਲ ਤੇ ਜਵਾਬ ਚਲਦੇ ਗਏ।  ਉਹ ਖੁਦ ਪੜਦੀ ਰਹਿੰਦੀ ਤੇ ਉਸ ਨੂੰ ਲੱਗਾ ਜਿਵੇਂ ਜ਼ਿੰਦਗੀ ਇੱਕ ਹਨੇਰੇ ਚੋ ਨਿੱਕਲ ਕੇ ਇੱਕ ਚਾਨਣ ਚ ਆ ਗਈ ਹੋਵੇ ।ਹੁਣ ਉਸਦੇ ਦਿਮਾਗ ਤੇ ਸਭ ਭਾਰੂ ਹੋਣੋਂ ਘੱਟ ਗਿਆ ਸੀ। ਹਰ ਜਰੂਰਤ ਨੂੰ ਹਰ ਅਹਿਸਾਸ ਨੂੰ ਤਨ ਮਨ ਵਿੱਚੋਂ ਬਾਹਰ ਕੱਢਣ ਦਾ ਰਾਹ ਉਸਨੂੰ ਸਮਝ ਆ ਗਿਆ ਸੀ। ਇੰਝ ਉਸਨੇ ਇੱਕ ਨਵੀ ਜ਼ਿੰਦਗੀ ਦਾ ਆਗਾਜ਼ ਕੀਤਾ।  ਉਸਦਾ ਮਕਸਦ ਹੁਣ ਇੱਕ ਵਧੀਆ ਨੌਕਰੀ ਤੇ ਲੱਗ ਕੇ ਖੁਦ ਨੂੰ ਆਪਣੇ ਆਪ ਦੀਆਂ ਨਜ਼ਰਾਂ ਚ ਉੱਚਾ  ਚੁੱਕਣਾ ਬਣ ਗਿਆ। 
ਸਮਾਪਤ
(ਆਪਣੇ ਵਿਚਾਰ ਤੁਸੀਂ ਮੈਸੇਜ ਜਾਂ ਈ ਮੇਲ ਰਾਹੀਂ ਭੇਜ ਸਕਦੇ ਹੋ।  ਫੇਸਬੁੱਕ।/ਇੰਸਟਾਗ੍ਰਾਮ  ਤੇ ਫੋਲੋ ਕਰ ਸਕਦੇ ਹੋ।  ਤੁਹਾਡੀ ਰਾਏ ਤੇ ਅੱਗੇ ਭੇਜਣ ਨਾਲ ਹੋਂਸਲਾ ਮਿਲਦਾ ਹੈ Harjot Di Kalam ਫੇਸਬੁੱਕ ਤੇ ਫੋਲੋ ਕਰੋ ਜਾਂ ਵਟਸਐਪ 70094-52602 ਉੱਤੇ ਨੂੰ ਅਗਲਾ ਹਿਸਾ ਜਲਦੀ ਹੀ )

2 thoughts on “ਕਹਾਣੀ: ਧੁਖਦੇ ਅਹਿਸਾਸ

 1. Navjot Kaur

  Bahut changa lgea tuhaadi eh khaani padh k , mainu parde hoe eh lag reha c k eh ta meri hi khaani hai , enj ta mere naal hoea ae , kuch sikhea v tuhaade kolo, bahut sohna te sach de nede likhde oo Harjot tusi , bss eda hi likhde rho , rabb tuhanu trkiya bkse te hmesa khush rho tusi 😊😊😊

  Like

  Reply
 2. Jaspal singh

  ਬਾਈ ਜੀ ਬਹੁਤ ਹੀ ਵਧੀਆ ਕਹਾਣੀ ਜੋ ਅੱਜ ਕੱਲ ਦੇ ਟਾਈਮ ਚ ਪੂਰੀ ਢੁਕਦੀ ਹੇ । ਕਿਉਂਕਿ ਮੁੰਡਿਆ ਲਈ ਤਾਂ ਨਜ਼ਾਰੇ ਹੁੰਦੇ ਨੇ ਪਰ ਕੁੜੀਆਂ ਲਈ ਇਹ ਬਹੁਤ ਵੱਡਾ ਧੱਕਾ, ਪਰ ਸਭ ਤੋਂ ਵਧੀਆਂ ਕਹਾਣੀ ਦਾ ਅੰਤ ਲੱਗਿਆ ਕਿ
  ਜੇ ਕੁਝ ਲਾਈਫ ਚ ਬੁਰਾ ਹੋ ਗਿਆ ਹੈ ਤਾਂ ਉਸਨੂ ਛੱਡ ਕੇ ਅੱਗੇ ਵਧਣਾ ਹੀ ਜ਼ਿੰਦਗੀ ਹੈ ।

  Like

  Reply

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s