ਅਗਲੀ ਸਵੇਰ ਉੱਠਦੇ ਉੱਠਦੇ ਸ਼ੁਭ ਤੇ ਸ਼ਿਵਾਲੀ ਨੂੰ ਦੇਰ ਹੋ ਹੀ ਗਈ ਸੀ ,ਰਾਤ ਭਰ ਦੀਆਂ ਗੱਲਾਂ ਬਾਤਾਂ ਤੇ ਤਨ ਤੇ ਮਨ ਨੂੰ ਸੰਤੁਸ਼ਟ ਕਰ ਦਿੱਤਾ ਸੀ।
ਉਠ ਕੇ ਕੱਠੇ ਨਾਤੀਆਂ ,ਖਾਣਾ ਬਣਾਇਆ ਤੇ ਫਿਰ ਛੁੱਟੀ ਦਾ ਪੂਰਾ ਫਾਇਦਾ ਚੁੱਕਣ ਲਈ ਸ਼ਾਪਿੰਗ ਕੀਤੀ। ਸ਼ੁਭ ਨੇ ਇਸ ਮਗਰੋਂ ਇੱਕ ਹਫਤੇ ਲਈ ਕੋਰਟ ਦੀ ਸੁਣਵਾਈ ਲਈ ਜਾਣਾ ਸੀ। ਇਸ ਲਈ ਉਹ ਪੂਰਾ ਦਿਨ ਤੇ ਰਾਤ ਸਿਰਫ ਸ਼ਿਵਾਲੀ ਨਾਲ ਬਿਤਾਉਣਾ ਚਾਹੁੰਦੀ ਸੀ।
ਰਿਸ਼ਤਾ ਮਹਿਜ਼ ਜਿਸਮਾਨੀ ਸੀ,ਜ਼ਜਬਾਤੀ ਸੀ ਜਾਂ ਕਿਸੇ ਤੁਰ ਗਏ ਦੀ ਕਮੀ ਪੂਰਨ ਵਾਲਾ ਇਹ ਤਾਂ ਸਮਾਂ ਹੀ ਦੱਸੇਗਾ।ਪਰ ਉਹ ਇੱਕ ਇੱਕ ਪਲ ਨੂੰ ਜਿਊਣਾ ਚਾਹੁੰਦੀਆਂ ਸੀ। ਤੇ ਹਰ ਪਲ ਉਹਨਾਂ ਦਾ ਇੱਕ ਦੂਸਰੇ ਦੀ ਜਿਸਮਾਨੀ ਦਿਲ ਦੀ ਖੂਬਸੂਰਤੀ ਨੂੰ ਮਾਨਣ ਵਿੱਚ ਗੁਜ਼ਰ ਰਿਹਾ ਸੀ।
ਅਗਲੀ ਸਵੇਰ ਸਵੱਖਤੇ ਹੀ ਸ਼ੁਭ ਘਰੋਂ ਨਿੱਕਲੀ ਸੀ।ਪੂਰਾ ਦਿਨ ਕੋਰਟ ਚ ਬਹਿਸਾਂ ਸੁਣਦਿਆਂ ,ਵਕੀਲ ਨੂੰ ਮਿਲਦੇ ਨਿੱਕਲ ਗਈ ਸੀ। ਜਿਉਂ ਹੀ ਅਸ਼ਮਿਤਾ ਦੇ ਕੇਸ ਦੀ ਸੁਣਵਾਈ ਸ਼ੁਰੂ ਹੁੰਦੀ ਤਾਂ ਕੋਰਟ ਪਹਿਲ਼ਾਂ ਨਾਲੋਂ ਵੱਧ ਭਰ ਜਾਂਦਾ ਸੀ। ਕੇਸ ਨਾਲੋਂ ਵੇਖਣ ਵਾਲਿਆਂ ਵਿੱਚ ਉਸਨੂੰ ਵੇਖਣ ਦੀ ਉਤਸੁਕਤਾ ਵੱਧ ਹੁੰਦੀ ਸੀ।ਸਿਰਫ ਮਰਦਾ ਨੂੰ ਨਹੀਂ ਔਰਤਾਂ ਨੂੰ ਦੇਖਣ ਦੀ ਕਾਹਲ ਹੁੰਦੀ। ਇੱਕ ਐਸੀ ਔਰਤ ਨੂੰ ਜੋ ਸ਼ਰੇਆਮ ਕਹਿ ਰਹੀ ਹੋਵੇ ਕਿ ਉਹ ਕਿਸੇ ਹੋਰ ਔਰਤ ਨਾਲ ਰਿਲੇਸ਼ਨ ਵਿੱਚ ਸੀ ਤੇ ਦੋਵਾਂ ਨੂੰ ਮਰਦ ਚੰਗੇ ਨਹੀਂ ਲਗਦੇ!
ਕੋਰਟ ਦੀ ਸੁਣਵਾਈ ਮਗਰੋਂ ਕੇਸ ਦੀ ਅਗਲੀ ਤਰੀਕ ਫੈਸਲੇ ਲਈ ਪਾ ਦਿੱਤੀ ਸੀ। ਵਕੀਲ ਨੇ ਉਸਨੂੰ ਕੈਬਿਨ ਚ ਰੁਕਣ ਲਈ ਕਿਹਾ ।
ਉਹ ਬੈਠ ਕੇ ਉਡੀਕਣ ਲੱਗੀ।
ਕੈਬਿਨ ਚ ਵਕੀਲ ਦੀ ਸਕਰੇਟਰੀ ਔਰਤ ਸ਼ਾਇਦ ਤੀਹ ਕੁ ਸਾਲਾਂ ਦੀ ਉਸ ਵੱਲ ਹੀ ਤੱਕ ਰਹੀ ਸੀ।ਮੀਨਾ ਨਾਮ ਦੀ ਨੰਬਰ ਪਲੇਟ ਲੱਗੀ ਹੋਈ ਸੀ। ਸ਼ੁਭ ਨੂੰ ਇਸ ਤੱਕਣੀ ਦੀ ਆਦਤ ਸੀ ।ਉਹ ਕੁਰਸੀ ਤੇ ਬੈਠੀ ਆਪਣਾ ਮੁਬਾਇਲ ਫਰੋਲਣ ਲੱਗੀ।
ਮੀਨਾ ਕੋਲ ਸ਼ਾਇਦ ਰਿਹਾ ਨਹੀਂ ਗਿਆ। ਅੱਖਾਂ ਮਿਲਦੇ ਹੀ ਉਸਦੇ ਮੂੰਹੋ ਸਵਾਲ ਨਿੱਕਲ ਹੀ ਗਿਆ,” ਕੀ ਲੋਕ ਜੋ ਕਹਿੰਦੇ ਹਨ ਸੱਚ ਹੈ? ਤੁਸੀਂ ਅਸ਼ਮਿਤਾ ਨਾਲ ਰਿਲੇਸ਼ਨ ਚ ਸੀ”।
ਸ਼ੁਭ ਨੇ ਉਸ ਵੱਲ ਤੱਕਦੇ ਹੋਏ ਸਿਰ ਹਿਲਾ ਦਿੱਤਾ ,” ਹਾਂ ,ਇਸੇ ਲਈ ਕੱਠੇ ਰਹਿਣ ਦਾ ਫੈਸਲਾ ਕੀਤਾ ਸੀ,ਜੋ ਇਹਦੇ ਘਰਦਿਆਂ ਨੂੰ ਉਲਟ ਲੱਗਾ ਉਹਨਾਂ ਤੰਗ ਕੀਤਾ ਉਸਨੂੰ ਤੇ ਉਸਨੇ ਖ਼ੁਦਕੁਸ਼ੀ ਕਰ ਲਈ”।
“ਪਰ ਕੁੜੀ ਕੁੜੀ ਦਾ ਕੱਠੇ ਰਹਿਣਾ ਮੈਨੂੰ ਸਮਝ ਨਹੀਂ ਲੱਗੀ,ਭਲਾ ਬੰਦੇ ਬਿਨਾਂ ਔਰਤ ਕੀ ਹੈ ? ਕਿੰਝ ਉਹ ਸੈਟਿਸਫਾਈ ਹੋ ਸਕਦੀ ਹੈ? ਕੱਲ੍ਹ ਹੀ ਇੱਕ ਬਾਬਾ ਪ੍ਰਵਚਨ ਚ ਦੱਸ ਰਿਹਾ ਸੀ ਕਿ ਇਹ ਇੱਕ ਬਿਮਾਰੀ ਹੈ ,ਦੁਨੀਆਂ ਚ ਜੋ ਕੁਝ ਵੀ ਲਿਖਿਆ ਗਿਆ ਹੈ ਉਹ ਇਹੋ ਹੈ ਕਿ ਔਰਤ ਦੀ ਖੂਬਸੂਰਤੀ ਮਰਦ ਤੋਂ ਬਿਨ੍ਹਾਂ ਨਹੀਂ ਹੈ।”
“ਬਕਵਾਸ,ਹੁਣ ਤਕ ਲਿਖਣ ਵਾਲਿਆਂ ਚ ਕਿੰਨੀਆਂ ਔਰਤਾਂ ਹਨ ? ਬਹੁਤਾ ਕੁਝ ਮਰਦ ਨੇ ਲਿਖਿਆ ਹੋਇਆ ਹੈ ਤੇ ਸੈਕਸ ਬਾਰੇ ਤਾਂ ਸਾਰੇ ਹੀ ਮਰਦ ਦੇ ਖਿਆਲ ਹਨ । ਉਹ ਲਈ ਕਦੇ ਉਹ ਖੁਦ ਨੂੰ ਔਰਤ ਦੀ ਖੂਬਸੂਰਤੀ ਪੂਰੀ ਕਰਨ ਵਾਲਾ ਲਿਖਦਾ ਹੈ ਕਦੇ ਨਰਕ ਦਾ ਦੁਆਰ ਤੇ ਕਦੇ ਝਗੜੇ ਦੀ ਜੜ੍ਹ । ਜਦੋਂ ਔਰਤ ਨੇ ਨਹੀਂ ਲਿਖਿਆ ਉਹ ਕੀ ਚਾਹੁੰਦੀ ਹੈ ਫਿਰ ਇਹ ਬਾਬਾ ਔਰਤ ਬਾਰੇ ਕਿਵੇਂ ਦੱਸ ਸਕਦਾ ਹੈ”?ਸ਼ੁਭ ਨੇ ਗੁੱਸੇ ਹੁੰਦੇ ਕਿਹਾ।
“ਪਰ ਇਹ ਗੱਲ ਮੈਨੂੰ ਵੀ ਸਮਝ ਨਹੀਂ ਆਉਂਦੀ ਕਿ ਔਰਤ ਕਿਵੇਂ ਮਰਦ ਤੋਂ ਬਿਨਾ ਸੰਤੁਸ਼ਟ ਹੋ ਸਕਦੀ ? ਮਤਲਬ ਤੁਸੀਂ ਸਮਝਦੇ ਹੋ ਨਾ ਕਿ ਜੋ ਕੁਝ ਔਰਤ ਨੂੰ ਸੰਤੁਸ਼ਟ ਹੋਣ ਲਈ ਚਾਹੀਦਾ ਹੈ ਉਹ ਮਰਦ ਕੋਲ ਹੀ ਹੁੰਦਾ ਹੈ “? ਮੀਨਾ ਨੇ ਉਸਨੂੰ ਟੋਕਦੇ ਹੋਏ ਪੁੱਛਿਆ।
“ਤੂੰ ਕਦੇ ਕੋਈ ਲੇਸਬੀਅਨ ਕਪਲ ਵੇਖਿਆ ? ਜਾਂ ਕੋਈ ਇਵੇਂ ਦਾ ਕੁਝ ਹੋਰ “? ਸ਼ੁਭ ਨੇ ਪੁੱਛਿਆ ।
“ਨਹੀਂ ਮੇਰੇ ਆਸ ਪਾਸ ਕੋਈ ਐਸੀ ਕੁੜੀ ਨਹੀਂ ਸੀ ਹੋਵੇਗੀ ਤਾਂ ਕੋਈ ਦੱਸੇਗੀ ਕਿਉਂ ? ਹਾਂ ਮੇਰੇ ਘਰਵਾਲੇ ਨੇ ਕੁਝ ਵੀਡੀਓਜ਼ ਵਿਖਾਈਆ ਸੀ ਜਿਸ ਚ ਕੁੜੀ ਕੁੜੀ ਇੱਕ ਬੈਲਟ ਜਿਹੀ ਲਗਾ ਕੇ ਸਭ ਕਰਦੀਆਂ ਹਨ,ਮੈਨੂੰ ਤਾਂ ਵੇਖ ਕੇ ਕਚਿਆਈ ਆਉਂਦੀ ਸੀ ਪਰ ਉਹਨੂੰ ਬਹੁਤ ਪਸੰਦ ਹਨ ਇਵੇਂ ਦਾ ਸਭ ਕੁਝ “.
“ਇਹੋ ਪੰਗਾ ਹੈ ਮਰਦਾਂ ਨੂੰ ਬੈੱਡਰੂਮ ਦੇ ਅੰਦਰ ਸਭ ਪਸੰਦ ਹੈ ਬਾਹਰ ਨਿੱਕਲਦੇ ਹੀ ਖਿਆਲ ਬਦਲ ਜਾਂਦੇ ਹਨ । ਜੋ ਤੂੰ ਵੇਖਿਆ ਉਹ ਸਿਰਫ ਇਕ ਤਰੀਕਾ ਇੱਕ ਦੂਸਰੇ ਨੂੰ ਸੈਟਿਸਫ਼ਾਈ ਕਰਨ ਦਾ,ਉਹ ਵੀ ਇੱਕ ਹੱਦ ਤੱਕ ਮਰਦਾਂ ਦੇ ਮਜ਼ੇ ਲਈ ਬਣਾਇਆ ਗਿਆ ਹੈ । ਕਿਉਂਕਿ ਸਮਾਜ ਦਾ ਜਨਰਲ ਵਿਉ ਇਹੋ ਹੈ ਕਿ ਕੁੜੀ ਦੀ ਸੰਤੁਸ਼ਟ ਕਰਨ ਲਈ ਕੁਝ ਨਾ ਕੁਝ ਹੋਣਾ ਜਰੂਰੀ ਹੈ,ਇਸ ਲਈ ਸੈਕਸ ਦਾ ਮਤਲਬ ਸਭ ਲਈ ਓਥੋਂ ਹੀ ਸ਼ੁਰੂ ਹੋ ਕੇ ਓਥੇ ਹੀ ਖਤਮ ਹੋ ਜਾਂਦਾ ਹੈ । ਪਰ ਉਸਤੋਂ ਪਹਿਲ਼ਾਂ ਤੇ ਉਸਤੋਂ ਮਗਰੋਂ ਵੀ ਬਹੁਤ ਕੁਝ ਹੁੰਦਾ ਹੈ। ਜ਼ਿਆਦਾਤਰ ਔਰਤ ਲਈ ਕਦੇ ਵੀ ਸੰਤੁਸ਼ਟ ਹੋਣ ਲਈ ਉਸ ਚੀਜ਼ ਦੀ ਲੋੜ ਨਹੀਂ । ਉਹ ਲੋੜ ਸਿਰਫ ਬੱਚੇ ਹੀ ਪੈਦਾ ਕਰਨ ਲਈ ਹੈ। ਇਸ ਲਈ ਉਸ ਤੋਂ ਪਹਿਲ਼ਾਂ ਵੀ ਔਰਤ ਬੜੇ ਆਰਮ ਨਾਲ ਸੰਤੁਸ਼ਟੀ ਦੀ ਹੱਦ ਹਾਸਿਲ ਕਰ ਲੈਂਦੀ ਹੈ ।ਪਾਰਟਨਰ ਨੂੰ ਸਿਰਫ ਇਹ ਪਤਾ ਹੋਣਾ ਚਾਹੀਦਾ ਕਿ ਕਿੰਝ ਕਿੱਸ ਕਰਨੀ ਹੈ ਕਿੰਝ ਟੱਚ ਕਰਨਾ ਹੈ ਕਿਥੇ ਕਿਵੇਂ ਕਿਸ ਵੇਲੇ। ਇਸ ਲਈ ਲੇਸਬੀਅਨ ਨੂੰ ਇਹੋ ਸਮਝ ਹੁੰਦੀ ਹੈ ਕੁੜੀ ਤੋਂ ਬੇਹਤਰ ਕੁੜੀ ਦੇ ਜਿਸਮ ਦੀ ਲੋੜ ਨੂੰ ਕੌਣ ਸਮਝ ਸਕਦਾ ਹੈ। ਬੱਸ ਜੋ ਕੰਮ ਮਰਦ ਦੀ ਚੀਜ਼ ਨਹੀਂ ਕਰ ਸਕਦੀ ਉਹ ਸਿਰਫ ਔਰਤ ਦੇ ਪਿਆਰ ਭਰੇ ਬੋਲ ਤੇ ਕਿੱਸ ਕਰ ਸਕਦੇ ਹਨ। ਜਿਸ ਦਿਨ ਇਸ ਦੁਨੀਆਂ ਨੂੰ ਇਹ ਸਮਝ ਆ ਗਈ ਕਿ ‘ਇੰਟਰਕੋਰਸ’ ਹੀ ਸੈਕਸ ਨਹੀਂ ਹੁੰਦਾ,ਉਸ ਦਿਨ ਬਹੁਤੀਆਂ ਔਰਤਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਏਗੀ।ਜਦੋਂ ਉਸਦਾ ਪਾਰਟਨਰ ਉਸ ਆਖ਼ਿਰੀ ਪਲ ਤੋਂ ਪਹਿਲ਼ਾਂ ਉਸਦੇ ਜਿਸਮ ਨੂੰ ਉਸ ਮੰਜ਼ਿਲ ਦੇ ਕਰੀਬ ਤੱਕ ਲੈ ਕੇ ਜਾਏਗਾ। ਅਸਲ ਚ ਮਰਦ ਤੇ ਔਰਤ ਦੇ ਜਿਸ ਰਿਸ਼ਤੇ ਵਿੱਚ ਮਰਦ ਸੈਕਸ ਨੂੰ ਸਿਰਫ ਖੁਦ ਦਾ ਵਿਸ਼ੇਸ਼ਅਧਿਕਾਰ ਮੰਨਦਾ ਹੈ ਸਮੱਸਿਆ ਉਹੀ ਹੈ । ਜਦਕਿ ਲੇਸਬੀਅਨ ਚ ਇਹੋ ਰਿਸ਼ਤਾ ਬਰਾਬਰੀ ਦਾ ਹੁੰਦਾ ਹੈ।” ਸ਼ੁਭ ਨੇ ਬੋਲਦੇ ਹੋਏ ਕਿਹਾ। ਪਤਾ ਨਹੀਂ ਮੀਨਾ ਨੂੰ ਸਮਝ ਆਈ ਕਿ ਨਹੀਂ ।
“ਫਿਰ ਤੂੰ ਹੁਣ ਵਿਆਹ ਕੁੜੀ ਨਾਲ ਕਰਵਾਏਗੀ ਕਿ ਮੁੰਡੇ ਨਾਲ”? ਉਸਨੂੰ ਸ਼ਾਇਦ ਅਜੇ ਵੀ ਲੱਗ ਰਿਹਾ ਸੀ ਕਿ ਵਿਆਹ ਤਾਂ ਮੁੰਡੇ ਨਾਲ ਹੀ ਹੋ ਸਕਦਾ।
ਤਦੇ ਹੀ ਵਕੀਲ ਅੰਦਰ ਆ ਗਿਆ । ਉਸਨੇ ਵੀ ਵਿਆਹ ਵਾਲੀ ਗੱਲ ਸੁਣ ਲਈ ਸੀ। “ਹਲੇ ਤਾਂ ਵਿਆਹ ਛੱਡ ਇਸ ਰਿਸ਼ਤੇ ਚ ਰਹਿਣਾ ਹੀ 377 ਧਾਰਾ ਅਧੀਨ ਗੈਰ ਕਾਨੂੰਨੀ ਹੈ (2019 ਤੋਂ ਪਹਿਲ਼ਾਂ ) ।ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ । ਸੁਣਦੇ ਹਾਂ ਸੁਣਵਾਈ ਚ ਸ਼ਾਇਦ ਪਿਛਲੇ ਆਦੇਸ਼ ਨੂੰ ਬਦਲਣ ਦੇ ਅਸਾਰ ਹਨ ।ਕੁਝ ਮਹੀਨੇ ਵਿੱਚ ਫ਼ੈਸਲਾ ਵੀ ਆ ਸਕਦਾ ।” ਉਸਨੇ ਬੈਠਦੇ ਹੋਏ ਕਿਹਾ ।
“ਚਾਹੇ ਗੈਰ ਕਾਨੂੰਨੀ ਹੋਏ ਚਾਹੇ ਕਾਨੂੰਨੀ ਮੈਂ ਕਿਸੇ ਮੁੰਡੇ ਨਾਲ ਵਿਆਹ ਨਹੀਂ ਕਰਵਾਵਾਂਗੀ “.ਉਸਨੇ ਮੀਨਾ ਵੱਲ ਤੱਕਦੇ ਹੋਏ ਕਿਹਾ।
ਵਕੀਲ ਊਸਦੀ ਗੱਲ ਵਿੱਚ ਹਾਮੀ ਭਰਦਾ ਹੋਇਆ ਬੋਲਿਆ,” ਮੁੰਡਿਆਂ ਨਾਲ ਵਿਆਹ ਕਰਵਾ ਕੇ ਵੀ ਕੌਣ ਖੁਸ਼ ਹੈ ,ਮੇਰੇ ਕੋਲ ਜਿੰਨੇ ਵੀ ਤਲਾਕ ਦੇ ਕੇਸ ਹਨ ਉਹਨਾਂ ਵਿੱਚ ਵਿਚਲੀ ਗੱਲ ਮਾਰ ਕੁਟਾਈ ਤੇ ਦਹੇਜ਼ ਨੂੰ ਛੱਡ ਇਹੋ ਹੁੰਦੀ ਹੈ ਕਿ ਮੁੰਡਾ ਜਾਂ ਤਾਂ ਨਸ਼ਿਆਂ ਨੇ ਖਾ ਲਿਆ,ਜਾਂ ਉਹਨੂੰ ਆਪਣੀ ਸੰਤੁਸ਼ਟੀ ਤੱਕ ਮਤਲਬ ਹੈ ,ਬਿਸਤਰ ਉੱਤੇ ਜ਼ਬਰਦਸਤੀ ਹੱਕ ਸਮਝਿਆ ਜਾਂਦਾ,ਧੱਕੇ ਨਾਲ ਗੈਰ ਕੁਦਰਤੀ ਜਾਂ ਪੋਰਨ ਫ਼ਿਲਮਾਂ ਨੂੰ ਬੈੱਡ ਤੇ ਦੁਹਰਾਉਣ ਲਈ ਮਜਬੂਰ ਕੀਤਾ ਜਾਂਦਾ ,ਵਿਰੋਧ ਕਰਨ ਤੇ ਨਸ਼ਾ ਕਰਕੇ ਕੁੱਟ ਮਾਰ ਤੇ ਹੋਰ ਕੁਝ।ਹੁਣ ਕੁੜੀ ਜੇ ਇਸ ਸਭ ਦਾ ਕੇਸ ਕਰੇ ਤਾਂ ਦੁਨੀਆਂ ਨੇ ਨਹੀਂ ਜਿਊਣ ਦੇਣਾ ,ਇਸ ਲਈ ਦਾਜ਼ ਤੇ ਕੁੱਟਮਾਰ ਦੇ ਥੱਲੇ ਲੁਕ ਕੇ ਤਲਾਕ ਲਈ ਅਰਜੀਆਂ ਦਿੰਦੀਆਂ ਹਨ । ਮੇਰੇ ਹਰ ਕੇਸ ਦੀ ਅੰਦਰਲੀ ਕਹਾਣੀ ਇਹੋ ਹੈ । ਮੁੰਡੇ ਨੂੰ ਸਮਝਾਓ ਤਾਂ ਉਹ ਗਲ਼ ਨੂੰ ਪੈਂਦਾ ਹੈ “.
“ਇਹ ਸਭ ਲਵ ਮੈਰਿਜ ਕਰਕੇ ਹੁੰਦਾ ,ਸਰ। ਬਹੁਤੇ ਕੇਸ ਲਵ ਮੈਰਿਜ ਵਾਲੇ ਤਲਾਕ ਲਈ ਪਹੁੰਚਦੇ ਹਨ ।”ਮੀਨਾ ਨੂੰ ਲਗਦਾ ਸੀ ਅਰੇਂਜ ਮੈਰਿਜ ਚ ਤਲਾਕ ਘੱਟ ਹੁੰਦੇ ਹਨ।
“ਭਾਈ ,ਜਿਹੜਾ ਬੰਦਾ ਮਰਜ਼ੀ ਨਾਲ ਵਿਆਹ ਨਹੀਂ ਕਰਵਾ ਸਕਿਆ ਉਹ ਮਰਜ਼ੀ ਨਾਲ ਤਲਾਕ ਕਿਵੇਂ ਲੈ ਲਵੇਗਾ ? ਆਪਣੀ ਜਿੰਦਗ਼ੀ ਦੇ ਫੈਸਲੇ ਖੁਦ ਲੈਣ ਲਈ ਵੀ ਹਿੰਮਤ ਚਾਹੀਦੀ ਹੁੰਦੀ।ਪਹਿਲ਼ਾਂ ਤਾਂ ਅਰੇਂਜ ਮੈਰਿਜ ਚ ਮਾਪਿਆ ਦੀ ਜਿਸ ਇੱਜਤ ਦੇ ਢਕੌਂਸਲੇ ਹੇਠ ਨਾ ਚਾਹੁੰਦੇ ਵੀ ਵਿਆਹ ਕਰਵਾਇਆ ਜਾਂਦਾ ਫਿਰ ਉਸੇ ਥੱਲੇ ਲੱਗ ਨਿਭਾਇਆ ਜਾਂਦਾ ਭਾਵੇਂ ਕਿੰਨਾ ਹੀ ਦੁਖ ਹੋਵੇ,ਕੁੜੀਆਂ ਮਾਪਿਆ ਦੀ ਉਸੇ ਖੁਸ਼ੀ ਨੂੰ ਰੱਖਣ ਲਈ ਸਹੀ ਜਾਂਦੀਆਂ । ਜੇ ਕਿਤੇ ਗੱਲ ਬਾਤ ਵੱਧ ਜਾਏ ਫਿਰ ਚਾਰ ਬੰਦੇ ਬੈਠ ਸਮਝਾ ਦਿੰਦੇ ਕਿ ਭਾਈ ਔਰਤ ਦੀ ਤਾਂ ਇਹੋ ਜੂਨ ਹੈ,ਅੱਧੀ ਲੰਘ ਗਈ ਅੱਧੀ ਕੱਢ ਲੈ ।ਤੇ ਜਿਹੜਾ ਕੇਸ ਪਹੁੰਚਦਾ ਤਲਾਕ ਤੱਕ ਊਹਦੇ ਚ ਹਾਲਾਤ ਐਨੀ ਖਰਾਬ ਹੁੰਦੀ ਕਿ ਨਾ ਅੱਗੇ ਕੁਝ ਨਾ ਪਿੱਛੇ । ਲਵ ਮੈਰਿਜ਼ ਚ ਅਗਲੇ ਨੂੰ ਪਸੰਦ ਹੁੰਦਾ ਅਗਲਾ ਵਿਆਹ ਕਰਵਾਉਂਦਾ ਤੇ ਜਦੋਂ ਨਹੀਂ ਨਿਭਦੀ ਅਗਲਾ ਉਸੇ ਹਿੰਮਤ ਨਾਲ ਤਲਾਕ ਵੀ ਹੋ ਜਾਂਦਾ। ਬਹੁਤੇ ਬੰਦੇ ਚਾਹੇ ਲਵ ਮੈਰਿਜ ਕਰਵਾ ਲੈਣ ਜਾਂ ਅਰੇਂਜ ਬੈੱਡ ਤੇ ਉਹਦੀਆਂ ਆਦਤਾਂ ਨਹੀਂ ਬਦਲਦੀਆਂ। “
ਵਕੀਲ ਨੇ ਆਖ਼ਿਰੀ ਗੱਲ ਕੀਤੀ ।
“ਅੱਛਾ ਸਰ,ਮੈਨੂੰ ਹੁਕਮ ਕਰੋ ਮੈਂ ਲੇਟ ਹੋ ਰਹੀ ਆਂ” ਸ਼ੁਭ ਨੇ ਪੁੱਛਿਆ ।
“ਹੁਕਮ ਤਾਂ ਇਹੋ ਹੈ ਕਿ ਅਗਲੀ ਤਰੀਕ ਤੇ ਫੈਸਲਾ ਹੋ ਜਾਏਗਾ,ਪਰ ਇਹਨਾਂ ਦੀ ਕੋਸ਼ਿਸ ਹੈ ਕਿ ਹਾਈਕੋਰਟ ਤੋਂ ਉਸੇ ਦਿਨ ਜ਼ਮਾਨਤ ਲੈ ਲੈਣ,ਕੁਝ ਸੰਗਠਨ ਇਹਨਾਂ ਦੇ ਨਾਲ ਨੇ ਜੋ ਇਹ ਕਹਿ ਰਹੇ ਕਿ ਚੰਗਾ ਹੋਇਆ ਗੰਦੀ ਕੁੜੀ ਮਰ ਗਈ ਪੈਸੇ ਤੇ ਵਕੀਲ ਦੀ ਵੀ ਸੁਪੋਰਟ ਲੈ ਰਹੇ । ਪਰ ਕਿਸੇ ਨੂੰ ਇਹ ਨਹੀਂ ਦਿਹੰਦਾ ਕਿ ਫੋਕੀ ਇੱਜਤ ਲਈ ਆਪਣੀ ਕੁੜੀ ਨਾਲ ਕੀ ਕੀ ਧੱਕਾ ਕੀਤਾ ਇਹਨਾਂ ਨੇ,ਆਪਣੀ ਕੋਸ਼ਿਸ ਹੈ ਕਰੋ ਕਿ ਜਿਸ ਦਿਨ ਹੀ ਜ਼ਮਾਨਤ ਦੀ ਅਰਜ਼ੀ ਲਾਉਣ ਉਸੇ ਦਿਨ ਤੁਹਾਡਾ ਵਕੀਲ ਵੀ ਹੋਵੇ ।ਸਰਕਾਰੀ ਵਕੀਲ ਦੱਬ ਹੀ ਜਾਂਦੇ ਬਹੁਤੀ ਵਾਰ”.
ਸ਼ੁਭ ਸਾਰੀ ਗੱਲ ਸੁਣਦੀ ਰਹੀ ,”ਠੀਕ ਹੈ ਸਰ ਮੈਨੂੰ ਇਹਨਾਂ ਕੇਸਾਂ ਲਈ ਕਿਸੇ ਵਕੀਲ ਦਾ ਨਾਮ ਦੇ ਦਵੋ ਮੈਂ ਗੱਲ ਕਰ ਲਵਾਂਗੀ ਚੰਡੀਗੜ੍ਹ,ਚੰਗਾ ਫਿਰ ਮੈਂ ਚਲਦੀ ਹਾਂ ਸਰ ।”
“ਤੇ ਹਾਂ ,ਸ਼ੁਭ ਹੋ ਸਕਦਾ ਅਗਲੇ ਮਹੀਨੇ ਐੱਲ ਜੀ ਬੀ ਟੀ ਕੇਸ ਦਾ ਫੈਸਲਾ ਵੀ ਆ ਜਾਏ ਇਸ ਸ਼ੁਕਰਵਾਰ ਦੀ ਸੁਣਵਾਈ ਸ਼ਾਇਦ ਆਖ਼ਿਰੀ ਹੈ ,ਜੇ ਤੂੰ ਉਸ ਦਿਨ ਦਿੱਲੀ ਜਾਣਾ ਚਾਹੇ ਜਾ ਕੇ ਸੁਣ ਸਕਦੀ ਹੈਂ ।ਬਹੁਤ ਹਮਖਿਆਲੀ ਲੋਕ ਮਿਲਣਗੇ।”ਵਕੀਲ ਨੇ ਜਾਂਦੇ ਹੋਏ ਕਿਹਾ।
“ਓਕੇ ਸਰ,ਵੇਖਦੀ ਜੇ ਆਫਿਸ ਤੋਂ ਛੁੱਟੀ ਮਿਲੀ ।”ਸ਼ੁਭ ਵਕੀਲ ਦੇ ਕੈਬਿਨ ਚੋਂ ਨਿੱਕਲੀ ਤਾਂ ਉਸਨੂੰ ਲੱਗਾ ਕਿ ਹੌਲੀ ਹੀ ਸਹੀ ਦੁਨੀਆਂ ਦੇ ਕੁਝ ਕੁਝ ਹਿੱਸਿਆਂ ਚ ਸੋਚ ਬਦਲ ਰਹੀ ਹੈ ।ਸ਼ਾਇਦ ਸੁਪਰੀਮ ਕੋਰਟ ਦਾ ਫੈਸਲਾ ਇਸ ਪਾਸੇ ਦੀ ਦੁਨੀਆਂ ਬਦਲ ਹੀ ਦੇਵੇ ।
ਪਰ ਉਹ ਸੋਚਦੀ ਮਸਲਾ ਕੁੜੀ ਕੁੜੀ,ਮੁੰਡੇ ਮੁੰਡੇ ਜਾਂ ਮੁੰਡਾ ਕੁੜੀ ਦੇ ਰਿਸ਼ਤੇ ਦਾ ਨਹੀਂ ਹੈ ।ਮਸਲਾ ਇਹੋ ਹੈ ਕਿ ਸਮਾਜ ਉਹ ਦੋਂਵੇਂ ਇੱਕ ਦੂਸਰੇ ਨੂੰ ਸਮਝਦੇ ਹਨ ਕਿ ਨਹੀਂ ਇੱਕ ਦੂਸਰੇ ਦੀ ਜਰੂਰਤ ,ਪਸੰਦ ਨਾ ਪਸੰਦ ,ਇੱਕ ਦੂਸਰੇ ਦੀ ਖੁਸ਼ੀ ਗਮੀ ,ਸੰਤੁਸ਼ਟੀ ਨੂੰ ਧਿਆਨ ਚ ਰੱਖਦੇ ਹਨ ।ਕਿਸੇ ਵੀ ਰਿਸ਼ਤੇ ਚ ਘਰ ਬਾਹਰ ਜਾਂ ਬੈੱਡ ਤੇ ਬਰਾਬਰੀ ਦਿੰਦੇ ਹਨ ਕਿ ਨਹੀਂ ।ਜਿਸ ਦਿਨ ਇਹ ਹੋ ਗਿਆ ਕੋਈ ਵੀ ਜੋੜਾ ਦੁਖੀ ਨਹੀਂ ਹੋਏਗਾ ਕਿਸੇ ਨੂੰ ਕਿਸੇ ਹੋਰ ਦੇ ਪਿਆਰ ਤੇ ਜਿਊਣ ਦੇ ਢੰਗ ਤੋਂ ਪ੍ਰੇਸ਼ਾਨੀ ਨਹੀਂ ਹੋਏਗੀ।
ਦੂਜੀ ਪ੍ਰੇਸ਼ਾਨੀ ਇਹ ਸੀ ਕਿ ਉਸ ਦਾ ਤੇ ਸ਼ਿਵਾਲੀ ਦਾ ਰਿਸ਼ਤਾ ਕਿਧਰ ਜਾਏਗਾ।
【ਆਖ਼ਿਰੀ ਹਿੱਸਾ ਕੱਲ੍ਹ 】