ਊਣੇ 19 ਮਈ

“ਜੋ ਵੀ ਹੋਇਆ ਉਸ ਤੇ ਝੂਰਨ ਦੀ ਲੋੜ ਵੀ ਕੀ ਹੈ ,ਜ਼ਿੰਦਗੀ ਚ ਕਈ ਕੁਝ ਖਿੜੇ ਮੱਥੇ ਸਵੀਕਾਰਨਾ ਪੈਂਦਾ ਹੈ ਨਾ ਚਾਹੁੰਦੇ ਹੋਏ ਵੀ ,ਜੋ ਵੀ ਪ੍ਰੀਤ ਨਾਲ ਹੋਇਆ ਇਸ ਚ ਉਸਦਾ ਕੀ ਦੋਸ਼? ਉਸਨੇ ਤਾਂ ਆਪਣੇ ਸਪਨੇ ਆਪਣੇ ਹੋਣ ਵਾਲੇ ਭਵਿੱਖ ਨਾਲ ਹੀ ਵੇਖੇ ਸੀ। ਕਰਨੀ ਨੂੰ ਜੋ ਮਨਜੂਰ ਸੀ ਉਸਨੂੰ ਉਹ ਕਿਵੇਂ ਡੱਕ ਸਕਦੀ ਸੀ ,ਤੈਨੂੰ ਵੀ ਨਹੀਂ ਸੀ ਪਤਾ ਕਿ ਤੈਨੂੰ ਹੈਪੀ ਦਾ ਕਰਜ਼ ਲਾਹੁਣ ਲਈ ਉਮਰ ਵੀ ਛੋਟੀ ਪੈ ਜਾਏਗੀ। “ਲੱਖਾ ਨੀਲਿਮਾ ਨਾਲ ਆਪਣੇ ਦੁੱਖ ਸਾਂਝੇ ਕਰ ਰਿਹਾ ਸੀ। ਅਚਾਨਕ ਹੋਏ ਵਿਆਹ ਦੀ ਵਿਥਿਆ ਉਸਨੇ ਖੋਲ੍ਹ ਕੇ ਸੁਣਾ ਦਿੱਤੀ ਸੀ। ਪਰ ਬਹੁਤ ਕੁਝ ਅਜਿਹਾ ਵੀ ਸੀ ਜੋ ਉਹ ਦੱਸ ਨਾ ਸਕਿਆ। ਜਦੋਂ ਤੁਸੀਂ ਅੰਦਰੋਂ ਪੂਰੀ ਤਰ੍ਹਾਂ ਖੁੱਲ੍ਹ ਕੇ ਨਹੀਂ ਬੋਲ ਸਕਦੇ ਤਾਂ ਸਹੀ ਉੱਤਰ ਵੀ ਨਹੀਂ ਮਿਲ ਸਕਦੇ। ਦਾਈ ਕੋਲੋਂ ਢਿੱਡ ਨਹੀਂ ਲੁਕਾਇਆ ਜਾ ਸਕਦਾ। ਪਰ ਇਥੇ ਉਹਦੀ ਆਪਣੀ ਜ਼ਿੰਦਗੀ ਦੇ ਰਹੱਸ ਸੇ ਆਪਣੇ ਬੈੱਡਰੂਮ ਦੇ ਅੰਦਰ ਤੱਕ ਕਿਸਨੂੰ ਝਾਤੀ ਮਾਰਨ ਦਿੰਦਾ। “ਪਤਾ ਨਹੀਂ ਕਿਸਮਤ ਕਿਹੜੇ ਪਾਪਾਂ ਦਾ ਬਦਲਾ ਲੈ ਰਹੀ ਹੈ “ਉਹਦਾ ਦਿਲ ਭਰਿਆ ਪਿਆ ਸੀ। “ਰੇਲ ਦੀ ਪਟੜੀ ਦੇਖਣ ਨੂੰ ਸਿੱਧੀ ਲਗਦੀ ਹੈ ,ਪਰ ਕਿੱਥੇ ਮੁੜ ਜਾਂਦੀ ਹੈ ਕਿਥੇ ਨਵੀਂ ਪਟੜੀ ਚ ਗੁਆਚ ਜਾਂਦੀ ਹੈ ਸਫ਼ਰ ਕਰਨ ਵਾਲੇ ਨੂੰ ਕਦੇ ਪਤਾ ਨਹੀਂ ਲਗਦਾ ,ਅਸੀਂ ਸਿਰਫ ਸਟੇਸ਼ਨ ਵੇਖਦੇ ਹਾਂ ਹਾਂ ਮੁਕਾਮ।ਜੋ ਫਰਜ ਸਮਝ ਕੇ ਕਰਨ ਹੀ ਲੱਗੇ ਹੋ ਇੰਝ ਗੁਆਚ ਕੇ ਕਰੋ ਕਿ ਰਾਹਾਂ ਬੇਪਛਾਣ ਹੋ ਜਾਣ ਸਿਰਫ ਮੰਜਿਲ ਹੀ ਦਿਸੇ। ” ਨੀਲਿਮਾ ਨੇ ਕਿਹਾ। ” ਮੁਕਾਮ ਹੀ ਤਾਂ ਨਜ਼ਰੋਂ ਗੁਆਚੇ ਫਿਰਦੇ ਹਨ ,ਇੰਝ ਲਗਦੈ ਬੱਸ ਬੇਲੋਡ਼ੀ ਇੱਕ ਦੌੜ ਭੱਜ ਰਿਹਾਂ “. ਲੱਖੇ ਦੇ ਮੂੰਹੋ ਨਿੱਕਲਿਆ। “ਕੋਈ ਦੌੜ ਕੋਈ ਪਲ ਬੇਲੋੜਾ ਨਹੀਂ ਹੁੰਦਾ ,ਕੁਦਰਤ ਕੁਝ ਵੀ ਬੇਲੋੜਾ ਨਹੀਂ ਸਿਰਜਦੀ ਤਾਂ ਜਿੰਦਗੀ ਤੇ ਸਮਾਂ ਕਿੰਝ ਬੇਲੋੜਾ ਸਿਰਜ ਸਕਦੀ ਹੈ ? ਕੋਲੇ ਨੂੰ ਹਜਾਰਾਂ ਸਾਲ ਚੱਟਾਨਾਂ ਚ ਦੱਬਣ ਮਗਰੋਂ ਉਹ ਹੀਰੇ ਚ ਬਦਲਦੀ ਹੈ ਇੱਕੋ ਜਿਹਾ ਦਿਨ ਇੱਕੋ ਜਿਹੀ ਰਾਤ ਇੱਕੋ ਜਿਹੀ ਗਰਮੀ ਇੱਕੋ ਜਿਹਾ ਹਨੇਰਾ ਇੱਕੋ ਜਿਹਾ ਦਬਾਅ  ਉਸ ਕੋਲੇ ਉੱਪਰੋਂ ਗੁਜਰਦਾ ਹੈ। ਸ਼ਾਇਦ ਕੋਈ ਕੁਝ ਸੈਕੜੇ ਸਾਲ ਵੇਖੇ ਉਸਨੂੰ ਸਭ ਬੇਲੋੜਾ ਲੱਗੇ ਪਰ ਉਸ ਸਮੇਂ ਦਾ ਆਪਣਾ ਮਹੱਤਵੀ ਹੈ। ਉਸ ਚਮਤਕਾਰੀ ਬਦਲਾਅ ਲਈ ਇਹ ਸਮਾਂ ਚਾਹੀਦਾ ਹੈ। ਜੋ ਵੀ ਜਿੰਦਗੀ ਚ ਹੋ ਰਿਹਾ ਜੋ ਹੋਏਗਾ ਤੇ ਜੋ ਤੂੰ ਕਰੇਗਾਂ ਸਭ ਦਾ ਕੋਈ ਨਾ ਕੋਈ ਉੱਤਰ ਸਮੇਂ ਦੀ ਝੋਲੀ ਵਿੱਚ ਜਰੂਰ ਹੈ। “ਉਹ ਨੀਲਿਮਾ ਨੂੰ ਸੁਣਦਾ ਰਿਹਾ। ਹੁਣ ਵੀ ਉਸਦਾ ਬਹੁਤਾ ਸਮਾਂ ਕੰਮ ਤੇ ਹੀ ਗੁਜ਼ਰਦਾ ਸੀ ਤੇ ਪ੍ਰੀਤ ਦਾ ਘਰ। ਦੋਵਾਂ ਵਿੱਚ ਆਮ ਗੱਲ ਤੋਂ ਵੱਧਕੇ ਕਦੇ ਗੱਲ ਨਹੀਂ ਸੀ ਹੁੰਦੀ। ਬੱਸ ਹੈਪੀ ਦੀ ਗੱਲ ਹੁੰਦੀ। ਉਹਦੀਆਂ ਗੱਲਾਂ ਕਰਦੇ ਕਈਂ ਵਾਰ ਭਾਵੁਕ ਹੋ ਜਾਂਦੇ। ਕਈ ਵਾਰ ਬਹੁਤ ਹੱਸਦੇ। ਲੱਖੇ ਕੋਲ ਹੈਪੀ ਦੀਆਂ ਗੱਲਾਂ ਦਾ ਖਜ਼ਾਨਾ ਸੀ ਕਿੰਨੀਆਂ ਹੀ ਗੱਲਾਂ ਸੀ ਹਾਸੇ ਦੀਆਂ ਲੜਾਈ ਦੀਆਂ ਯਾਰੀ ਦੀਆਂ। ਵਾਵਰੋਲੇ ਵਾਂਗ ਉੱਡਦਾ ਸਮਾਂ ਰਾਤ ਨੂੰ ਜਿਵੇਂ ਠਹਿਰ ਜਾਂਦਾ ਸੀ। ਕੁਆਟਰ ਵਿੱਚ ਦੋਵੇਂ ਅਲੱਗ ਅਲੱਗ ਸੌਂਦੇ ਸੀ ਆਪੋ ਆਪਣੇ ਕਮਰੇ ਵਿੱਚ। ਸਵੇਰੇ ਉੱਠ ਕੇ ਪ੍ਰੀਤ ਉਸ ਦੇ ਲਈ ਸਭ ਕੰਮ ਨਬੇੜ ਦਿੰਦੀ ,ਬ੍ਰੇਕਫਾਸਟ ਬਣਾ ਦਿੰਦੀ ਪਾਣੀ ਭਰਕੇ ਉਸਨੂੰ ਉੱਠਣ ਲਈ ਕਹਿ ਦਿੰਦੀ। ਫਿਰ ਉਹ ਮੇਜਰ ਦੇ ਘਰ ਚਲੇ ਜਾਂਦਾ। ਵਾਹ ਲਗਦੀ ਤਾਂ ਲੱਖਾ ਵੀ ਰੋਟੀ ਘਰ ਖਾਣ ਲਈ ਆਉਂਦਾ ਜੇ ਕੀਤੇ ਬਾਹਰ ਨਾ ਗਿਆ ਹੁੰਦਾ ਨਹੀਂ ਤਾਂ ਘਰ ਸੁਨੇਹਾ ਦੇ ਦਿੰਦਾ। ਉਹਦੇ ਕੋਲ ਹੁਣ ਸਮਾਂ ਬਚਣ ਲੱਗਾ ਸੀ। ਪ੍ਰੀਤ ਦੇ ਜਿੰਦਗੀ ਚ ਆਉਂਦੇ ਹੀ ਉੱਠਣਾ ਸੌਣਾ ਖਾਣਾ ਪੀਣਾ ਸਭ ਵਿਵਸਥਿਤ ਹੋ ਗਿਆ ਸੀ। ਡਿਊਟੀ ਮਗਰੋਂ ਸਮਾਂ ਬਚਦਾ ਤਾਂ ਪੜ੍ਹਨ ਬੈਠ ਜਾਂਦਾ। ਪਟਿਆਲੇ ਤੋਂ ਪੜ੍ਹਨ ਦਾ ਖਿਆਲ ਛੱਡ ਉਸਨੇ ਇਗਨੂੰ ਤੋਂ ਬੀਏ ਭਰ ਦਿੱਤੀ। ਉਸ ਕੋਲ ਹੁਣ ਤਿਆਰੀ ਲਈ ਵੀ ਵਾਹਵਾ ਸਮਾਂ ਸੀ। ਕਈ ਤਰ੍ਹਾਂ ਦੀਆਂ ਗੱਲਾਂ ਇੱਕ ਦੂਜੇ ਨਾਲ ਖੋਲਣ ਲਈ ਇੱਕ ਵਧੀਆ ਦੋਸਤ ਸੀ। ਇੱਕ ਦੂਸਰੇ ਵਿਚੋਂ ਦੋਵੇਂ ਆਪੋ ਆਪਣੀ ਮਾਨਸਿਕ ਤੇ ਜਜਬਾਤੀ ਘਾਟਾਂ ਪੂਰੀਆਂ ਕਰ ਰਹੇ ਸੀ। ਪਤਾ ਨਹੀਂ ਕਿਥੋਂ ਇਸ ਉਮਰੋਂ ਇੱਕ ਦੂਸਰੇ ਲਈ ਇਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਉਹ ਰੱਖਣ ਲੱਗੇ ਸੀ। ਦੋਵਾਂ ਦਾ ਦੁੱਖ ਸਾਂਝਾ ਸੀ ਤੇ ਦੋਵਾਂ ਦੇ ਅਹਿਸਾਸ ਵੀ ਸਾਂਝੇ ਸਨ। ਆਪਣੇ ਇਸ਼ਕ ,ਯਾਰੀ ਦੇ ਭੇਦ ਇੱਕ ਕਰਕੇ ਉਸਨੇ ਪ੍ਰੀਤ ਕੋਲ ਖੋਲ੍ਹ ਦਿੱਤੇ ਸੀ। ਲੱਖੇ ਦਾ ਹੈਪੀ ਲਈ ਯਾਰੀ ਦਾ ਜਜ਼ਬਾ ਤਾਂ ਉਹ ਦੇਖ ਹੀ ਚੁੱਕੀ ਸੀ ਪਰ ਇਸਦੇ ਪਿੱਛੇ ਦੀਆਂ ਕਹਾਣੀਆਂ ਸਿਰਫ ਲੱਖੇ ਨੇ ਹੀ ਦੱਸੀਆਂ ਸੀ। ਇੰਝ ਦੋਵਾਂ ਦੇ ਭੇਟ ਹੌਲੀ ਹੌਲੀ ਖੁੱਲ੍ਹਣ ਲੱਗੇ ਸੀ। ਕੱਲਿਆਂ ਚ ਕੱਠੇ ਰਹਿਣ ਤੋਂ ਭਾਵੇਂ ਕਤਰਾਉਂਦੇ ਸੀ ਪਰ ਇਹ ਵੀ ਸਮਝ ਲੱਗ ਗਈ ਸੀ ਕਿ ਇਸ ਵਕਤ ਦੋਵਾਂ ਨੂੰ ਇੱਕ ਦੂਸਰੇ ਦੀ ਜਰੂਰਤ ਕਿੰਨੀ ਹੈ। ਵਕਤ ਨੇ ਜੋ ਜਖ਼ਮ ਦਿੱਤੇ ਸਨ ਉਹਨਾਂ ਨੂੰ ਭਰਨ ਲਈ ਹਮਦਰਦੀ ਦੁ ਮਰ੍ਹੱਮ ਹੀ ਕੰਮ ਕਰਦੀ ਹੈ ਨਹੀਂ ਤਾਂ ਜਿਉਣਾ ਕਿੰਨਾ ਔਖਾ ਹੋ ਜਾਏ। ਪ੍ਰੀਤ ਨੂੰ ਪਹਿਲੇ ਮਹੀਨੇ ਹੀ ਸਮੱਸਿਆ ਆਉਣ ਲੱਗ ਗਈ ਸੀ। ਕਲਕੱਤੇ ਦਾ ਬਦਲਿਆ ਪਾਣੀ ਉਸ ਵਿੱਚ ਘੁਲੀ ਮੱਛੀ ਦੀ ਮਹਿਕ ਤੇ ਨਮਕੀਨ ਸੁਆਦ ਨੇ ਉਸਦੇ ਢਿੱਡ ਚ ਗੜਬੜ ਹੀ ਪੈਦਾ ਕਰ ਦਿੱਤੀ। ਖਾਣਾ ਪੀਣਾ ਹਜ਼ਮ ਨਾ ਹੁੰਦਾ। ਤੇ ਪੇਟ ਦਰਦ ਰਹਿਣ ਲੱਗਾ। ਮੱਠੇ ਮੱਠੇ ਦਰਦ ਨੂੰ ਪਹਿਲਾਂ ਗੌਲਿਆ ਨਾ ਪਰ ਇੱਕ ਰਾਤ ਉਸਦੀ ਪੂਰੀ ਬੇ ਆਰਮੀ ਵਿੱਚ ਲੰਘੀ। ਅੱਧੀ ਰਾਤੀਂ ਉਸਨੇ ਲੱਖੇ ਨੂੰ ਜਗਾਇਆ ਸੀ। ਉਸਨੇ ਪਹਿਲਾਂ ਤਾਂ ਘਰ ਪਈ ਦਵਾਈ ਹੀ ਦਿੱਤੀ। ਫਿਰ ਜਦੋਂ ਨਾ ਠੀਕ ਹੋਇਆ ਤਾਂ ਡਾਕਟਰ ਨੂੰ ਬੁਲਾ ਕੇ ਲਿਆਇਆ। ਦਰਦ ਨਾਲ ਉਸਦਾ ਬੁਰਾ ਹਾਲ ਸੀ। ਉਸਨੂੰ ਇੰਝ ਵੇਖ ਵੇਖ ਲੱਖੇ ਦਾ ਆਪਣਾ ਦਿਲ ਕੱਚਾ ਹੋਈ ਜਾਂਦਾ ਸੀ। ਰਾਤ ਭਰ ਲਈ ਉਸਦੇ ਸਿਰਹਾਣੇ ਬੈਠਾ ਸੀ। ਡਾਕਟਰ ਦੇ ਦੱਸੇ ਅਨੁਸਾਰ ਘੜੀ ਘੜੀ ਉਸਨੂੰ ਓ ਆਰ ਐੱਸ ਦਾ ਘੋਲ ਪਿਆਉਂਦਾ ਰਿਹਾ। ਪੇਟ ਤੇ ਗਰਮ ਪਾਣੀ ਦੀਆਂ ਬੋਤਲਾਂ ਧਰਦਾ ਰਿਹਾ। ਇਸ ਹੀ ਜਾਗੋ ਮੀਟੀ ਚ ਉਸਦੀ ਰਾਤ ਨਿੱਕਲੀ ਸੀ। ਆਪਣੇ ਕਮਰੇ ਚ ਨਾ ਜਾ ਕੇ ਓਥੇ ਹੀ ਬੈੱਡ ਨਾਲ ਢੂਹ ਲਾ ਕੇ ਬੈਠ ਗਿਆ। ਪ੍ਰੀਤ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਹ ਊਂਘਣ ਲੱਗਾ। ਜੋ ਦਵਾਈ ਤੇ ਨੀਂਦ ਦੇ ਅਸਰ ਚ ਸੁੱਤੀ ਪਈ ਸੀ। ਐਨੇ ਨਜ਼ਦੀਕ ਤੋਂ ਇੱਕ ਦੂਸਰੇ ਨੂੰ ਛੋਹਣ ਦਾ ਇਹ ਪਹਿਲਾ ਮੌਕਾ ਸੀ। ਪਰ ਇਸ ਚ ਕੋਈ ਇਸ਼ਕੀਆ ਜਜ਼ਬਾਤ ਨਹੀਂ ਸਨ ਇੱਕ ਇਨਸਾਨੀਅਤ ਜਿਹੀ ਘੁਲੀ ਹੋਈ ਸੀ। ਅਜਿਹੀ ਅੱਧ ਸੁੱਤੀ  ਵਿੱਚ  ਤੋਂ ਸੁਆਦਲੇ ਸੁਪਨਿਆਂ ਵਿੱਚ ਗੁਆਚ ਜਾਂਦਾ ਹੈ। ਲੱਖੇ ਦੇ ਮਨ ਚ ਸੁਖਮਨ ਨਾਲ ਉਸ ਢਲਦੀ ਸ਼ਾਮ ਦੀ ਆਖ਼ਿਰੀ ਮੁਲਾਕਤ ਵਾਵਰੋਲੇ ਵਾਂਗ ਘੁੰਮ ਗਈ ਸੀ। ਇੰਝ ਲਗਦਾ ਸੀ ਜਿਵੇਂ ਉਹ ਉਸ ਕਾਲਜ ਦੀ ਕੰਧ ਕੋਲੋਂ ਖਿਸਕ ਕੇ ਚਰੀ ਦੇ ਉਸ ਖੇਤ ਵਿੱਚ ਬੈਠ ਗਏ ਹੋਣ ਤੇ ਸੁਖਮਨ ਦਾ ਸਿਰ ਉਸਦੇ ਪੱਟਾਂ ਤੇ ਹੋਵੇ ਦੋਵੇਂ ਇੱਕ ਦੂਸਰੇ ਦੇ ਹੱਥਾਂ ਨੂੰ ਹੱਥਾਂ ਚ ਸਾਂਭੀ ਨਜਰਾਂ ਹੀ ਨਜਰਾਂ ਚ ਇਸ਼ਕ ਕਰ ਰਹੇ ਹੋਣ। ਲੱਖੇ ਨੇ ਉਸਦੇ ਹੱਥਾਂ ਨੂੰ ਫੜ੍ਹ ਕੇ ਚੁੰਮਿਆ।  ਆਪਣੇ ਹੱਥਾਂ ਤੇ ਨਰਮ ਤੇ ਬੁੱਲ੍ਹਾ ਦੀ ਛੋਹ ਮਹਿਸੂਸ ਕਰਦੇ ਹੀ ਪ੍ਰੀਤ ਦੀ ਅੱਖ ਖੁੱਲ੍ਹ ਗਈ. ਉਸਦੀ ਨਜ਼ਰ ਅੱਧ ਸੁੱਤੇ ਲੱਖੇ ਦੁਆਰਾ ਉਸਦੇ ਹੱਥਾਂ ਨੂੰ ਚੁੰਮਦੇ ਤੇ ਪਈ।  ਉਹ ਚਾਹ ਕੇ ਹੱਥਾਂ ਨੂੰ ਪਿੱਛੇ ਨਾ ਕਰ ਸਕੀ। ਉਸਨੇ ਹੱਥ ਹੱਥਾਂ ਚ ਢਿੱਲੇ ਛੱਡ ਦਿੱਤਾ ਸੀ। ਉਸਨੂੰ ਖਿਆਲ ਸੀ ਕਿ ਜਰੂਰ ਉਹ ਖੁਆਬ ਵਿੱਚ ਕਿਸੇ ਹੁਸੀਨ ਸਪਨੇ ਵਿੱਚ ਸੁਖਮਨ ਨੂੰ ਟਟੋਲ ਰਿਹਾ ਹੈ। ਇਨਸਾਨ ਬੀਤੇ ਅੱਗੇ ਖੁਦ ਨੂੰ ਐਨਾ ਬੇਵੱਸ ਕਰ ਲੈਂਦਾ ਹੈ ਕਿ ਵਰਤਮਾਨ ਨੂੰ ਜਿਊਣਾ ਭੁੱਲ ਜਾਂਦਾ ਹੈ। ਸੁਪਨਿਆਂ ਚ ਬੀਤੇ ਨੂੰ ਜਿਊਣ ਦੀ ਆਦਤ ਨਸ਼ੇ ਤੋਂ ਘੱਟ ਨਹੀਂ ਹੈ ਪਰ ਨਸ਼ਈ ਨੂੰ ਕਦੇ ਨਹੀਂ ਲਗਦਾ ਕਿ ਉਹ ਨਸ਼ਾ ਕਰ ਰਿਹਾ ਜਾਂ ਨਸ਼ਾ ਕਰਕੇ ਗਲਤ ਕਰ ਰਿਹਾ ਹੈ। ਅੰਦਰ ਦਾ ਦਰਦ ਇੱਕ ਦਮ ਰੁੱਗ ਭਰਕੇ ਬਾਹਰ ਨਿੱਕਲਿਆ ਤੇ ਪ੍ਰੀਤ ਦਾ ਹੌਂਕਾ ਨਿੱਕਲ ਗਿਆ। ਇੱਕਦਮ ਲੱਖੇ ਦੀ ਜਾਗ ਖੁੱਲੀ ਸੁਪਨੇ ਵਿੱਚੋਂ ਯਥਾਰਥ ਵਿੱਚ ਆਇਆ। ਆਪਣੀ ਗਲਤੀ ਦਾ ਅਹਿਸਾਸ ਹੋਇਆ। ਪ੍ਰੀਤ ਕੋਲੋਂ ਮਾਫੀ ਮੰਗਦਾ ਹੋਇਆ ਉਹ ਉਠਕੇ ਆਪਣੇ ਕਮਰੇ ਚ ਚਲਾ ਗਿਆ। ਉਸ ਮਗਰੋਂ ਮੁੜ ਕਦੇ ਇੰਝ ਨਾ ਹੋਣ ਦਿੱਤਾ ਕਿ ਉਹ ਇੱਕੱਠੇ ਰਹਿਣ। ਵਾਪਿਸ ਆਏ ਨੂੰ ਹੁਣ ਤਿੰਨ ਕੁ ਮਹੀਨੇ ਹੋ ਗਏ ਸੀ। ਬੱਚੇ ਨੂੰ ਪੰਜਵਾਂ ਮਹੀਨਾ ਹੋਣ ਵਾਲਾ ਸੀ। ਵਾਪਿਸ ਪਿੰਡ ਜਾਂਦੇ ਤਾਂ ਸਭ ਮਹੀਨੇ ਗਿਣਕੇ ਸਵਾਲ ਕਰਦੇ। ਇਥੇ ਗਿਣਤੀ ਚ ਇੱਕ ਅੱਧ ਮਹੀਨਾ ਇੰਝ ਹੀ ਖੱਪ ਜਾਣਾ ਸੀ। ਘਰ ਜਾਣ ਦੀ ਬਜਾਏ ਉਸਨੇ ਚਾਚੀ ਨੂੰ ਬੁਲਾ ਲੈਣ ਦਾ ਨਿਸ਼ਚਾ ਕੀਤਾ। ਅਗਲੇ ਮਹੀਨੇ ਆਉਣ ਲਈ ਚਿੱਠੀ ਪਾਈ ਤਾਂ। ਚਿੱਠੀ ਦੇ ਜੁਆਬ ਤੋਂ ਪਹਿਲਾਂ ਹੀ ਚਾਚੀ ਆ ਗਈ। ਹੁਣ ਕੁਝ ਘਰ ਵੱਲੋਂ ਉਹ ਸੁਰਖਰੂ ਹੋ ਗਿਆ ਸੀ। ਨਹੀਂ ਤਾਂ ਪਿੱਛੇ ਪ੍ਰੀਤ ਵੱਲ ਹੀ ਧਿਆਨ ਰਹਿੰਦਾ ਸੀ। ਹੁਣ ਦੁਪਹਿਰੇ ਨਾ ਆਉਣਾ ਰਾਤੀ ਲੇਟ ਹੋ ਜਾਣਾ ਇਸ ਸਭ ਚ ਉਸਨੂੰ ਸੌਖ ਹੋ ਗਈ ਸੀ। ਪਰ ਐਨੇ ਮਹੀਨਿਆਂ ਦੇ ਸਾਥ ਨੇ ਉਹਨਾਂ ਦੇ ਵਿੱਚੋ ਕਾਫੀ ਕੁਝ ਪਿਘਲਾ ਦਿੱਤਾ ਸੀ।  ਪਤੀ ਪਤਨੀ ਤੋਂ ਉਹ ਹਲੇ ਦੂਰ ਸੀ ਪਰ ਵਧੀਆ ਦੋਸਤ ਜਰੂਰ ਬਣ ਗਏ ਸੀ। ਪ੍ਰੀਤ ਦੀ ਚਾਚੀ ਦੀ ਹਰ ਇੱਛਾ ਦਾ ਹਰ ਖਾਣ ਪੀਣ ਦਾ ਡਾਕਟਰ ਨਾਲ ਅਪੋਇੰਟਮਿੰਟ ਨਾਲ ਉਹ ਧਿਆਨ ਰੱਖਦਾ। ਪ੍ਰੀਤ ਦੇ ਘਰੋਂ ਚਿੱਠੀ ਆਉਂਦੀ ਜਾਂ ਹਾਲ ਜਾਨਣ ਲਈ ਫੋਨ ਕਰਦਾ ਤਾਂ ਉਹਦੇ ਚ ਉਸਦੇ ਨਾਮ ਦੀ ਜਗ੍ਹਾ ਹੁਣ ਫ਼ੌਜਣ ਆਉਂਦਾ। ਜਿਵੇਂ ਉਸਦੀ ਸਾਰੀ ਪਛਾਣ ਹੁਣ ਲੱਖੇ ਨਾਲ ਹੋ ਗਈ ਸੀ। ਪਹਿਲਾਂ ਪਹਿਲਾਂ ਉਸਨੂੰ ਇਹ ਸ਼ਬਦ ਬੁਰਾ ਲਗਦਾ ਪਰ ਜਿਉਂ ਜਿਉਂ ਦਿਨ ਲੰਘਦੇ ਗਏ ਉਸਨੂੰ ਇਸ ਸ਼ਬਦ ਨਾਲ ਜਿਵੇਂ ਜਜ਼ਬਾਤ ਜੁੜ ਗਏ ਹੁਣ। ਸਭ ਤੋਂ ਵੱਧ ਰਸ਼ਕ ਉਸਨੂੰ ਆਪਣੀ ਭੈਣ ਦੇ ਮਿਹਣਿਆਂ ਤੇ ਹੁੰਦਾ ਜਿਸਨੇ ਅਸਲ ਚ ਫ਼ੌਜਣ ਬਣਨਾ ਸੀ। ਹੁਣ ਉਹ ਮਜ਼ਾਕ ਚ ਲਿਖਦੀ ਸੀ ਕਿ ਉਹ ਪੂਰੀ ਫ਼ੌਜਣ ਨਾ ਬਣ ਸਕੀ ਅੱਧੀ ਹੀ ਬਣ ਸਕੀ। ਨਿੱਕੀਆਂ ਗੱਲਾਂ ਨੇ ਮਜਾਕਾਂ ਨੇ ਵੱਡੇ ਵੱਡੇ ਬੰਧਨਾਂ ਸੰਗਲਾਂ ਤੇ ਜਜਬਾਤਾਂ ਨੂੰ ਚੂਹੇ ਵਾਂਗ ਜਾਂ ਜਰ ਵਾਂਗ ਤੋੜਨਾ ਸ਼ੁਰੂ ਕਰ ਦਿੱਤਾ ਸੀ। ਇਨਸਾਨ ਦਾ ਸਾਥ ਵਿਹਾਰ ਤੇ ਸਮਝਦਾਰੀ ਕਿੰਨਾ ਕੁਝ ਬਦਲ ਦਿੰਦੀ ਹੈ। ਸਮੇਂ ਦੀ ਤਾਕਤ ਹਰ ਜਖਮ ਨੂੰ ਭਰਨ ਦਾ ਮਾਦਾ ਰੱਖਦੀ ਹੈ ਬਸ਼ਰਤੇ ਜਿਊਣ ਦੀ ਹਿੰਮਤ ਨ ਮੁੱਕੇ। ਹਰ ਇੱਕ ਨੂੰ ਕੁਝ ਨਾ ਕੁਝ ਜਿਉਂਦੇ ਰਹਿਣ ਲਈ ਲੱਭ ਹੀ ਪੈਂਦਾ ਹੈ। ਪ੍ਰੀਤ ਨੂੰ ਬੱਚੇ ਲਈ ,ਲੱਖੇ ਨੂੰ ਆਪਣੀ ਦੋਸਤੀ ਦੇ ਕਰਜ਼ ਲਈ ਜਿਉਣਾ ਪੈ ਰਿਹਾ ਸੀ। ਸਮਝਦਾਰੀ ਭਰੇ ਇਸ ਸਾਥ ਨੇ ਕਿੰਨੇ ਹੀ ਬਦਲਾਅ ਦੋਵਾਂ ਲਈ ਲਿਆ ਦਿੱਤੇ ਸੀ। ਇੱਕ ਦੂਸਰੇ ਲਈ ਹੁਣ ਉਡੀਕ ਸੀ ਮਜ਼ਾਕ ਸੀ ਅਹਿਸਾਸ ਸੀ। ਜ਼ਰਾ ਜਿੰਨੀ ਤਕਲੀਫ ਤੇ ਇੱਕ ਦੂਸਰੇ ਲਈ ਅਹਿਸਾਸ ਸੀ ,ਜਰਾ ਲੇਟ ਹੋਣ ਤੇ ਇੱਕ ਦੂਸਰੇ ਲਈ ਚਿੰਤਾ ਸੀ। ਸਮੇਂ ਨਾਲ ਹੀ ਸਹੀ ਠਰੰਮੇ ਨਾਲ ਹੀ ਉਹਨਾਂ ਵਿੱਚ ਵਿਆਹ ਦੀ ਕਸਮ ਤੋਂ ਪਰਾਂ ਦਾ ਰਿਸ਼ਤਾ ਬਣਨ ਲੱਗ ਗਿਆ ਸੀ। ਜੋ ਸਮਾਜਿਕ ਨਹੀਂ ਸੀ ਅਹਿਸਾਸਾਂ ਨਾਲ ਭਰਿਆ ਹੋਇਆ ਸੀ। ਪ੍ਰੀਤ ਦੀ ਝੋਲੀ ਚ ਜਦੋਂ ਕੁੜੀ ਆਣ ਪਈ ਤਾਂ ਜਿਵੇਂ ਲੱਖਾ ਫੁੱਲੇ ਨਾ ਸਮਾਇਆ। ਨਾਮ ਉਸਦਾ ਹਰਪ੍ਰੀਤ ਹੀ ਰੱਖਿਆ। ਤਾਂ ਜੋ ਹੈਪੀ ਦੀ ਯਾਦ ਬਣੀ ਰਹੇ। ਪ੍ਰੀਤ ਦੇ ਮੂੰਹੋ ਬੱਸ ਇਹੋ ਬੋਲ ਨਿੱਕਲੇ ਸੀ ,”ਇਸਨੂੰ ਵੀ ਫੌਜ ਚ ਭੇਜਾਂਗਾ,ਫੌਜੀ ਰਿਸ਼ਤਿਆਂ ਨੂੰ ਤੋੜ ਤੱਕ ਨਿਭਾਉਂਦੇ ਹਨ ,ਜਿਵੇਂ ਉਹ ਇਹਨਾਂ ਸ਼ਬਦਾਂ ਨਾਲ ਲੱਖੇ ਦਾ ਮਣਾਂ ਮੂੰਹ ਕਰਜ਼ ਉਤਾਰ ਰਹੀ ਹੋਵੇ ,”. ਇਸ ਕੱਚੀ ਉਮਰੇ ਜਿਸਮਾਂ ਦੀ ਭੁੱਖ ਨੂੰ ਲਾਂਭੇ ਕਰਕੇ ਮਰ ਚੁੱਕਿਆਂ ਨਾਲ ਵੀ ਵਾਅਦੇ ਪੂਰੇ ਕਰਨੇ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੇ ਹਨ।  ਲੱਖੇ ਤੇ ਪ੍ਰੀਤ ਦੇ ਹਿੱਸੇ ਉਹੀ ਆਇਆ ਸੀ। ਕੁੜੀ ਦੇ ਜੰਮਦਿਆਂ ਹੀ ਦੋਵੇਂ ਭਰੇ ਭਰੇ ਜਾਪਦੇ ਸੀ। (ਅੱਗੇ ਇਸ ਕਹਾਣੀ ਨੂੰ ਲਿਖੀਏ ? ਕਿ ਇੱਥੇ ਹੀ ਮੁਕਾ ਦਈਏ ? ਸੁਖਦ ਅੰਤ ਹੈ ਵੈਸੇ ਇਹ ਕਾਫੀ ਕਿ ਨਹੀਂ ? ) 

ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।

10 thoughts on “ਊਣੇ 19 ਮਈ

  1. Arun Garg

    ਅਜੇ ਹੋਰ ਲਿਖੋ ਜੀ । ਏਨੀ ਵਧੀਆ ਕਹਾਣੀ ਅਜੇ ਹੋਰ ਪੜ੍ਹਨ ਨੂੰ ਦਿਲ ਕਰਦਾ

    Like

    Reply
  2. Jasleen Kaur

    ਬੌਹਤ ਹੀ ਵਧੀਆ ਲਿਖਦੇ ਹੋ ਤੁਸੀ,ਇਸ ਕਹਾਣੀ ਨੂੰ ਹੋਰ ਲਿਖੋ,ਹਾਲੇ ਖਤਮ ਨਹੀਂ ਹੋਈ ਇਹ ਕਹਾਣੀ, please

    Like

    Reply
  3. sidhu Sidhu

    ਅਜੇ ਤਾ ਬਹੁਤ ਬਾਕੀ ਹੋ ਸਕਦੀ ਕਹਾਣੀ, ਦੋਨਾ ਨੂੰ ਜਿੰਦਗੀ ਜਿੳੁਣ ਦੳੁ ਅਜੇ, ਬੱਚੇ ਲੲੀ ਪਿਅਾਰ ਵੀ ਬਾਕੀ ਅਾ ਲਿਖੋ ਜਿੱਥੋ ਤੱਕ ਲਿਖ ਸਕਦੇ ਹੋ, ੳੁਮੀਦ ਕਰਦੇ ਕਿ ਕਹਾਣੀ ਦੇ ਹੋਰ ਵੀ ਬਹੁਤ ਭਾਗ ਅਾੳੁਣ ਗੇ

    Like

    Reply
  4. ਜਸਵੰਤ ਸਿੰਘ ਕਤਰ ਤੋ

    ਅਜੇ ਤਾ ਬਹੁਤ ਬਾਕੀ ਹੋ ਸਕਦੀ ਕਹਾਣੀ, ਦੋਨਾ ਨੂੰ ਜਿੰਦਗੀ ਜਿੳੁਣ ਦੳੁ ਅਜੇ, ਬੱਚੇ ਲੲੀ ਪਿਅਾਰ ਵੀ ਬਾਕੀ ਅਾ ਲਿਖੋ ਜਿੱਥੋ ਤੱਕ ਲਿਖ ਸਕਦੇ ਹੋ, ੳੁਮੀਦ ਕਰਦੇ ਕਿ ਕਹਾਣੀ ਦੇ ਹੋਰ ਵੀ ਬਹੁਤ ਭਾਗ ਅਾੳੁਣ ਗੇ

    Like

    Reply

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s