
ਲੱਖੇ ਲਈ ਇੱਕ ਪਾਸੇ ਜੇ ਖੂਹ ਸੀ ਤਾਂ ਦੂਜੇ ਪਾਸੇ ਖਾਈ ਸੀ ,ਇੱਕ ਪਾਸੇ ਦੋਸਤੀ ਦਾ ਕਰਜ਼ ਤੇ ਦੂਜੇ ਪਾਸੇ ਆਪਣੀ ਜ਼ਿੰਦਗੀ ਦਾ ਜੂਆ ਸੀ। ਉਹਦੀਆਂ ਅੱਖਾਂ ਚ ਹੈਪੀ ਦਾ ਉਹ ਚਿਹਰਾ ਆ ਗਿਆ ਜਦੋਂ ਉਹਨੇ ਨੱਤੀਆਂ ਖੋਲ੍ਹ ਕੇ ਉਹਦੇ ਹੱਥ ਤੇ ਧਰ ਦਿੱਤੀਆਂ ਸੀ। ਤੇ ਆਖਿਆ ਸੀ ਯਾਰੀ ਤੋਂ ਵੱਧ ਨੱਤੀਆਂ ਦਾ ਕੀ ਮੁੱਲ ! ਕੀ ਉਹ ਹੈਪੀ ਦੀ ਉਸ ਆਖ਼ਿਰੀ ਨਿਸ਼ਾਨੀ ਨੂੰ ਜਨਮ ਤੋਂ ਪਹਿਲਾਂ ਹੀ ਮਰਨ ਦੇ ਦੇਵੇਗਾ ?ਨਹੀਂ ਉਹ ਇੰਝ ਨਹੀਂ ਕਰ ਸਕਦਾ ਭਾਵੇਂ ਕੁਝ ਹੀ ਜਾਏ। ਯਾਰੀ ਬਦਲੇ ਜਾਨ ਵੀ ਦੇ ਦਿੰਦਾ ਤਾਂ ਵੀ ਕੀ ਏ ?ਉਹਦੇ ਪਿੰਡ ਚ ਇੱਕ ਦੋ ਘਰ ਐਸੇ ਸੀ ਜਿਹਨਾਂ ਵਿੱਚ ਵੱਡੇ ਭਾਈ ਦੀ ਮੌਤ ਮਗਰੋਂ ਛੋਟੇ ਭਾਈ ਨਾਲ ਭਾਬੀ ਦੀ ਚਾਦਰ ਪਾ ਦਿੱਤੀ ਗਈ ਸੀ। ਉਸਦੇ ਦਿਲ ਨੂੰ ਕੁਝ ਹੋਂਸਲਾ ਹੋਇਆ। ਹੈਪੀ ਦੀ ਆਖਰੀ ਨਿਸ਼ਾਨੀ ਨੂੰ ਦੁਨੀਆਂ ਚ ਲਿਆਉਣ ਲਈ ਉਹ ਇੰਝ ਜਰੂਰ ਕਰੇਗਾ।ਉਸਨੇ ਚਾਚੀ ਦੇ ਹੱਥ ਨੂੰ ਹੱਥਾਂ ਚ ਘੁੱਟਕੇ ਆਪਣੀ ਹਾਂ ਦੇ ਦਿੱਤੀ। ਜੋ ਦਿਲ ਵਿਆਹ ਦਾ ਨਾਮ ਸੁਣਕੇ ਹੀ ਕੰਬ ਰਿਹਾ ਸੀ ਉਹਨੂੰ ਮਨ ਮਾਰ ਕੇ ਵਿਆਹ ਕਰਵਾਉਣਾ ਹੀ ਪੈਣਾ ਸੀ। ਪਰ ਵੱਡੀ ਗੱਲ ਘਰ ਬੇਬੇ ਬਾਪੂ ਨੂੰ ਮਨਾਉਣਾ ਸੀ। ਦੋਵਾਂ ਟੱਬਰਾਂ ਦੀ ਆਪਸ ਚ ਪਹਿਲਾਂ ਤੋਂ ਹੀ ਘੱਟ ਬਣਦੀ ਸੀ। ਦੂਸਰੀ ਸਮੱਸਿਆ ਇਹ ਸੀ ਕਿ ਵਿਆਹ ਜਿੰਨੀ ਛੇਤੀ ਹੋਵੇ ਓਨ੍ਨਾ ਸਹੀ ਸੀ। ਲੱਖੇ ਨੇ ਘਰ ਗੱਲ ਬੇਬੇ ਨਾਲ ਕੀਤੀ। ਬੇਬੇ ਦੇ ਦਿਮਾਗ ਚ ਹੈਪੀ ਦਾ ਦੁੱਖ ਤਾਂ ਸੀ। ਉੱਪਰੋਂ ਇਹ ਵੀ ਵਹਿਮ ਸੀ ਕਿ ਕੁੜੀ ਦੇ ਨਾਲ ਰੋਕਾ ਹੁੰਦਿਆਂ ਹੀ ਹੈਪੀ ਨਾਲ ਭਾਣਾ ਵਰਤ ਗਿਆ ਹੋਵੇ ਨਾ ਹੋਵੇ ਕੁੜੀ ਦੀ ਕਿਸਮਤ ਚ ਦੋਸ਼ ਹੈ। ਲੋਕਾਂ ਨੇ ਇਹੋ ਸਿੱਟਾ ਕੱਢਿਆ ਸੀ।ਦੁਰਘਟਨਾ ਦਾ ਪੂਰੇ ਦਾ ਪੂਰਾ ਦੋਸ਼ ਉਸ ਬੇਕਸੂਰ ਕੁੜੀ ਤੇ ਸੁੱਟਕੇ ਕਈਆਂ ਦੇ ਦਿਲ ਨੂੰ ਸਕੂਨ ਆਇਆ ਸੀ। “ਜੁਆਨ ਮੁੰਡੇ ਨੂੰ ਖਾ ਗਈ ” ਬੁੜ੍ਹੀਆਂ ਮੂੰਹ ਚ ਉਂਗਲਾਂ ਪਾ ਕੇ ਆਖ ਰਹੇ ਸੀ। “ਭਲਾ ਜੇ ਕੁੜੀ ਦੁਰਘਟਨਾ ਵਿੱਚ ਮਰ ਜਾਂਦੀ ਤਾਂ ਮੁੰਡੇ ਨੂੰ ਵੀ ਇੰਝ ਹੀ ਕਿਹਾ ਜਾਂਦਾ ਕਿ ਜੁਆਨ ਕੁੜੀ ਨੂੰ ਖਾ ਗਿਆ ?” ਲੱਖਾ ਸੋਚਦਾ ,ਔਰਤ ਤੇ ਪਸ਼ੂ ਨੂੰ ਹਰ ਗੱਲ ਤੇ ਦੋਸ਼ੀ ਠਹਿਰਾ ਦੇਣਾ ਕਿੰਨਾ ਸੌਖਾ ਹੈ ,ਦੋਵੇਂ ਬੇਜੁਬਾਨ ਜੋ ਹੋਏ ਕਿਹੜਾ ਕਿਸੇ ਨੇ ਮੁੜ ਬੋਲਣਾ ਹੈ। ਜੇ ਕੋਈ ਬੋਲੇ ਤਾਂ ਝੱਟ ਬਦਕਾਰ ਮੂੰਹ ਫੱਟ ਦੀ ਉਪਾਧੀ ਤਿਆਰ ਹੈ। ਪਹਿਲਾਂ ਤਾਂ ਬੇਬੇ ਹੀ ਤਿਆਰ ਨਹੀਂ ਸੀ ,ਪਰ ਹੈਪੀ ਨੇ ਮੰਨ ਪੱਕਿਆਂ ਕਰ ਲਿਆ ਸੀ। ਉਸਨੇ ਸਾਫ ਆਖ ਦਿੱਤਾ ਕੇ ਜੇ ਉਹ ਤਿਆਰ ਨਾ ਹੋਏ ਤਾਂ ਉਹ ਵਿਆਹ ਕੇ ਆਪਣੇ ਨਾਲ ਹੀ ਲੈ ਜਾਵੇਗਾ। ਪਰ ਉਹ ਵਿਆਹ ਪ੍ਰੀਤ ਨਾਲ ਹੀ ਕਰਵਾਊ। ਜੁਆਨ ਮੁੰਡਾ ਐਵੇਂ ਹੱਥੋਂ ਖਿਸਕ ਗਿਆ ਤਾਂ ਕੀ ਹੋਊ ਬੇਬੇ ਨੂੰ ਹਾਂ ਹੀ ਕਰਨੀ ਹੀ ਪਈ। ਪਰ ਬਾਪੂ ਚਾਰੇ ਖੁਰ ਚੱਕਕੇ ਪਿਆ। ,”ਮੇਰੇ ਘਰ ਨਾ ਵੜ੍ਹੀ ,ਜੋ ਮਨ ਆਈ ਉਹ ਕਰ ” ਉਹਦੀ ਦੋ ਟੁਕ ਗੱਲ ਮੁੱਕ ਗਈ.ਪਰ ਲੱਖਾ ਇੱਕ ਵਾਰ ਨਿਸ਼ਚਾ ਕਰ ਹੀ ਬੈਠਾ। ਉਸਨੇ ਇਸ ਘਰ ਤੋਂ ਲੈਣਾ ਕੀ ਸੀ ? ਗਰੀਬੀ ਤੇ ਜਲਾਲਤ ਤੋਂ ਬਿਨਾਂ ਉਸਨੇ ਕੀ ਖੱਟਿਆ ਸੀ ਇਥੋਂ। ਉਹਨੇ ਜਿਵੇਂ ਅਟੱਲ ਫੈਸਲਾ ਕਰ ਲਿਆ ਹੋਵੇ। ਬਥੇਰੇ ਰਿਸ਼ਤੇਦਾਰਾਂ ਨੇ ਸਮਝਾਇਆ ,ਲੋਕਾਂ ਨੇ ਕੰਨ ਭਰੇ। ਪਰ ਅੰਗਦ ਦੇ ਪੈਰ ਵਾਂਗ ਲੱਖਾ ਅੜ੍ਹ ਹੀ ਗਿਆ। ਅਖੀਰ ਥੱਕ ਹਾਰ ਕੇ ਸਭ ਨੇ ਤੋੜਾ ਝਾੜ ਦਿੱਤਾ ,” ਭਾਈ ਜਿਵੇਂ ਮਰਜ਼ੀ ਕਰ ਤੂੰ ਜਿੰਦਗੀ ਕੱਢਣੀ ਹੈ ,ਆਪਣੀ ਪੜ੍ਹੀ ਲਿਖੀ ਵਿਚਾਰ। “ਇੰਝ ਰੌਲੇ ਘਚੋਲੇ ਚ ਲੱਖੇ ਤੇ ਪ੍ਰੀਤ ਦਾ ਵਿਆਹ ਹੋ ਗਿਆ। ਲੱਖੇ ਦੀ ਪੜ੍ਹਾਈ ਕਿਧਰੇ ਰੁਲ ਗਈ ਸੀ। ਪਹਿਲਾਂ ਭੋਗ ਫਿਰ ਵਿਆਹ ਦੇ ਝਗੜੇ ਫਿਰ ਵਿਆਹ ਨੇ ਸਭ ਸਮਾਂ ਖਾ ਲਿਆ ਉਹ ਤਾਂ ਭੁੱਲ ਹੀ ਗਿਆ ਸੀ ਕਿ ਪੇਪਰ ਵੀ ਹਨ। 10-15 ਬੰਦੇ ਤਿੰਨ ਚਾਰ ਗੱਡੀਆਂ ਚ ਗਏ।ਸਿਧੇ ਫਤਿਹਗੜ੍ਹ ਸਾਬ ਗੁਰਦਵਾਰੇ ਚ ਨੰਦ ਕਾਰਜ ਕਰਵਾਏ ਤੇ ਘਰ ਵਾਪਿਸ ਆ ਗਏ ।ਗਾ ਵਜਾ ਕੇ ਬਰਾਤ ਚੜ੍ਹਨ ਦੇ ਸਭ ਚਾਅ ਮੁੱਕ ਗਏ ਸੀ। ਸਮੇਂ ਦੀਆਂ ਮੋੜਾਂ ਨੇ ਚਾਵਾਂ ਤੇ ਧੂਲ ਚੜ੍ਹਾ ਦਿੱਤੀ ਸੀ। ਮਿੱਟੀ ਮਿੱਟੀ ਹੋਏ ਸਭ ਕਿਸੇ ਤਰੀਕੇ ਜ਼ਿੰਦਗੀ ਨੂੰ ਢੋਅ ਰਹੇ ਸੀ। ਵਿਆਹ ਚ ਇੱਕ ਨਜ਼ਰ ਉਸਦੀ ਕੁਲਜੀਤ ਤੇ ਵੀ ਗਈ। ਜੋ ਅਸਲ ਚ ਹੈਪੀ ਨੇ ਉਸ ਲਈ ਪਸੰਦ ਕੀਤੀ ਸੀ। ਉਹ ਸਿਰਫ ਤੱਕ ਹੀ ਸਕਿਆ ,ਐਨੀ ਸੋਹਣੀ ਸੂਰਤ ਤੇ ਫੱਬਤ ਵੇਖ ਕੇ ਉਹਦੇ ਦਿਲ ਚ ਕੋਈ ਭਾਵ ਨਾ ਉਮੜ ਸਕਿਆ। ਜੇ ਇਹੋ ਉਹਨੂੰ ਹੈਪੀ ਦੇ ਹੁੰਦਿਆਂ ਮਿਲੀ ਹੁੰਦੀ ਤਾਂ ਉਸਦੇ ਮਗਰ ਗੇੜੇ ਕੱਢ ਕੱਢ ਧਰਤੀ ਨੀਵੀਂ ਕਰ ਦਿੰਦਾ। ਪਰ ਅਫਸੋਸ ਸਾਰੇ ਚਾਅ ਜਿਵੇਂ ਮੁੱਕ ਹੀ ਗਏ ਹੋਣ !!ਚਾਅ ਤਾਂ ਉਸਨੂੰ ਸੁਹਾਗਰਾਤ ਦਾ ਵੀ ਨਹੀਂ ਸੀ ,ਪਰ ਦੁਨੀਆਂ ਸਾਹਵੇਂ ਸਭ ਡਰਾਮੇ ਕਰਨੇ ਹੀ ਪੈਣੇ ਸੀ ਉਸਦੇ ਨਾ ਕਹਿੰਦਿਆਂ ਵੀ ਉਸਦੇ ਕਮਰੇ ਨੂੰ ਸਜਾ ਦਿੱਤਾ ਗਿਆ ਸੀ। ਕਮਰੇ ਚ ਕੂਲਰ ਛੱਡ ਉਸਨੂੰ ਠੰਡੇ ਪਾਣੀ ਨਾਲ ਭਰ ਦਿੱਤਾ ਸੀ। ਸ਼ਾਇਦ ਕਿਸੇ ਨੇ ਕੂਲਰ ਦੇ ਪਾਣੀ ਚ ਬਰਫ ਵੀ ਪਾ ਦਿੱਤੀ ਸੀ। ਨਾਲਦੇ ਮੁੰਡਿਆਂ ਤੇ ਆਂਢ ਗੁਆਂਢ ਦੀਆਂ ਭਾਬੀਆਂ ਨੇ ਮਖੌਲ ਕਰ ਕਰ ਉਸਦੇ ਦਿਲ ਚ ਨਾ ਚਾਹੁੰਦੇ ਹੋਏ ਵੀ ਕੁਝ ਖਿਆਲ ਜਿਹੇ ਚਮਕਣ ਲੈ ਦਿੱਤੇ ਸੀ। ਪਰ ਉਹ ਅਸਲੀਅਤ ਤੋਂ ਖੁਦ ਵਾਕਿਫ ਸੀ ਫਿਰ ਵੀ !ਅਖੀਰ ਉਹ ਕਮਰੇ ਚ ਪ੍ਰਵੇਸ਼ ਕੀਤਾ। ਉਸਨੇ ਦਰਵਾਜੇ ਦੀ ਕੁੰਡੀ ਲਗਾਈ ਤਾਂ ਲੇਟੀ ਹੋਈ ਪ੍ਰੀਤ ਉਠਕੇ ਬੈਠ ਗਈ। ਤਸਵੀਰ ਤੋਂ ਬਾਹਰ ਇਹ ਪ੍ਰੀਤ ਦੀ ਉਸਨੂੰ ਪਹਿਲੀ ਝਲਕ ਸੀ। ਇੱਕ ਦੂਸਰੇ ਨੂੰ ਵੇਖੇ ਬਿਨਾਂ ਹੀ ਇਹ ਸਭ ਕਾਰ ਵਿਹਾਰ ਨਿਭੜ ਗਏ ਸੀ। ਜੋ ਉਹ ਵੇਖ ਰਿਹਾ ਸੀ ਉਹ ਪ੍ਰੀਤ ਤਾਂ ਤਸਵੀਰ ਤੋਂ ਅੱਧੀ ਵੀ ਨਹੀਂ ਸੀ। ਉਸਦਾ ਸਰੀਰ ਜਿਵੇਂ ਅੱਧਾ ਰਹਿ ਗਿਆ ਹੋਏ ਲਹਿੰਗਾ ਉਸਨੇ ਜਿਵੇਂ ਪਾਇਆ ਨਾ ਹੋਏ ਜਾਣੀ ਲਟਕਾਇਆ ਹੋਵੇ। ਅੱਖਾਂ ਦੇ ਹੇਠ ਕਾਲੇ ਘੇਰੇ ਜਿਵੇਂ ਕਈ ਸਾਲਾਂ ਤੋਂ ਉਹ ਸੁੱਤੀ ਨਾ ਹੋਵੇ। ਲੱਖਾ ਇੱਕ ਟੱਕ ਉਸਨੂੰ ਵੇਖਦਾ ਉਸ ਵੱਲ ਵਧਿਆ। ਤੇ ਬੈੱਡ ਤੇ ਢੂਹ ਲਾ ਕੇ ਬੈਠ ਗਿਆ। ਕਰਨ ਲਈ ਜਿਵੇਂ ਕੋਈ ਗੱਲ ਹੀ ਨਹੀਂ ਸੀ। ਆਪੋ ਆਪਣੀਆਂ ਮੰਜਿਲਾਂ ਵੱਲ ਉਡਦੇ ਦੋ ਪੰਛੀਆਂ ਨੂੰ ਇੱਕ ਪਿੰਜਰੇ ਵਿਚ ਤਾੜ ਦਿੱਤਾ ਗਿਆ ਸੀ। ਗੱਲ ਵੀ ਕੀ ਕਰਦੇ। ਕੂਲਰ ਦੀ ਆਵਾਜ ਉਹਨਾਂ ਤੋਂ ਵੱਧ ਸਪਸ਼ਟ ਸੀ। ਉਸਦੇ ਚਿਹਰੇ ਵੱਲ ਤੱਕ ਕੇ ਉਸਨੇ ਇੱਕੋ ਗੱਲ ਕਹੀ ,” ਹੈਪੀ ਮੇਰਾ ਜਿਗਰੀ ਯਾਰ ਸੀ। ” ਆਖਦੇ ਉਹਦੇ ਅੰਦਰੋਂ ਜਿਵੇਂ ਇੱਕ ਬੰਨ੍ਹ ਟੁੱਟ ਗਿਆ ਹੋਵੇ। ਅੱਖਾਂ ਵਿਚੋਂ ਪਰਲ ਪਰਲ ਹੰਝੂ ਵਗਣ ਲੱਗੇ। ਪਹਿਲੀ ਵਾਰ ਉਹ ਹੈਪੀ ਦੇ ਮਰਨ ਪਿੱਛੋਂ ਰੋਇਆ ਸੀ। ਉਸਨੂੰ ਰੋਂਦਿਆਂ ਵੇਖ ਪ੍ਰੀਤ ਦੇ ਅਥਰੂ ਵੀ ਉਂਝ ਹੀ ਵਗਣ ਲੱਗੇ। ਅਗਲੇ ਹੀ ਪਲ ਇੱਕ ਦੂਸਰੇ ਦੀ ਮੋਢੇ ਤੇ ਸਿਰ ਰੱਖ ਦੋਵੇਂ ਹੀ ਰੋ ਰਹੇ ਸੀ। ਦੋਵਾਂ ਦੇ ਰਿਸ਼ਤੇ ਹੀ ਐਸੇ ਸੀ ਕਿ ਇੱਕ ਦੂਸਰੇ ਦੀ ਪੀੜ੍ਹ ਨੂੰ ਸਮਝ ਸਕਦੇ ਸੀ। ਪ੍ਰੀਤ ਨੇ ਹੈਪੀ ਤੋਂ ਲੱਖੇ ਨਾਲ ਦੋਸਤੀ ਬਾਰੇ ਆਪਣੀਆਂ ਛਿਟਪੁਟ ਮੁਲਾਕਾਤਾਂ ਵਿੱਚ ਕਾਫੀ ਕੁਝ ਸੁਣ ਲਿਆ ਸੀ। ਤੇ ਉਸਦੀ ਦੋਸਤੀ ਵੇਖ ਵੀ ਲਈ ਸੀ। ਲੱਖੇ ਲਈ ਇਹ ਪਲ ਅੰਦਰਲਾ ਗੁਬਾਰ ਕੱਢਣ ਲਈ ਸਭ ਤੋਂ ਢੁੱਕਵੇਂ ਸੀ ਉਸਦੇ ਅੰਦਰਲਾ ਦੁੱਖ ਜਿਵੇਂ ਸਭ ਬਾਹਰ ਨਿੱਕਲ ਗਿਆ ਹੋਏ। ਕੁਝ ਮਿੰਟਾਂ ਦੇ ਇਸ ਵਹਿਣ ਤੋਂ ਬਾਅਦ ਦੋਵੇਂ ਸੰਭਲੇ। ਪ੍ਰੀਤ ਨੇ ਲੱਖੇ ਨੂੰ ਪਾਣੀ ਦਾ ਗਿਲਾਸ ਦਿੱਤਾ। ਫਿਰ ਉਂਝ ਹੀ ਫਾਸਲਾ ਰੱਖ ਬੈੱਡ ਦੀ ਢੂਹ ਲਾ ਕੇ ਬੈਠ ਗਈ। ਇੱਕ ਖਾਮੋਸ਼ੀ ਛਾ ਗਈ। ਕੌਣ ਪਹਿਲ ਕਰੇ ਤੇ ਕੀ ਬੋਲੇ ਸਮਝ ਨਹੀਂ ਸੀ ਆ ਰਹੀ। ਅਖੀਰ ਗਿਣਤੀਆਂ ਮਿਣਤੀਆਂ ਕਰਦੀ ਹੋਈ ਪ੍ਰੀਤ ਹੀ ਬੋਲੀ ,” ਤੁਹਾਨੂੰ ਸਭ ਪਤਾ ਹੀ ਹੈ ,ਮੇਰਾ ਵੱਸ ਚਲਦਾ ਤਾਂ ਬਿਨ ਵਿਆਹ ਤੋਂ ਹੈਪੀ ਦੀ ਹੋਕੇ ਉਮਰ ਭਰ ਰਹਿ ਸਕਦੀ ਸੀ ,ਪਰ ਇਹ ਸਮਾਜ ਇਸਨੂੰ ਪਾਪ ਮੰਨਦਾ ,ਪਰ ਮੇਰੇ ਲਈ ਇਹ ਮੇਰੇ ਤੇ ਹੈਪੀ ਦੇ ਉਸ ਮਿਲਣ ਦੀ ਸਭ ਤੋਂ ਪਵਿੱਤਰ ਨਿਸ਼ਾਨੀ ਹੈ ,ਜਿਸ ਉੱਪਰ ਮੈਂ ਕੋਈ ਹੋਰ ਪਾਪ ਨਹੀਂ ਕਰਨਾ ਚਾਹੁੰਦੀ ,ਉਮੀਦ ਹੈ ਤੁਸੀਂ ਇਹ ਸਮਝ ਸਕਦੇ ਹੋ ਜੇ ਆਪਾਂ ਇੱਕ ਕਮਰੇ ਚ ਰਹਿੰਦੇ ਹੋਏ ਵੀ ਅਲੱਗ ਬਿਸਤਰਿਆਂ ਤੇ ਸੋਈਏ ਤਾਂ ਤੁਹਨੂੰ ਕੋਈ ਇਤਰਾਜ ਨਹੀਂ ਹੋਊ। ਨਹੀਂ ਤਨ ਤੁਹਾਡੀ ਮਰਜ਼ੀ ,ਮੇਰਾ ਜਿਸਮ ਨਹੀਂ ਤਾਂ ਕਿਸੇ ਵੀ ਤਰ੍ਹਾਂ ਦੀ ਵਰਤੋਂ ਲਈ ਤੁਹਾਡੇ ਲਈ ਹਾਜਿਰ ਹੈ। “ਲੱਖੇ ਦੇ ਭਰੇ ਦਿਲ ਚ ਮੁੜ ਤੋਂ ਖਿਆਲ ਉਭਰ ਆਏ। ਉਸਨੂੰ ਸਮਝ ਆ ਗਈ ਯਾਰੀ ਦੀ ਇਹ ਪ੍ਰੀਖਿਆ ਸਿਰਫ ਇੱਕ ਵਿਆਹ ਨਾਲ ਖਤਮ ਨਹੀਂ ਸੀ ਹੋਈ ਸਗੋਂ ਇਹ ਤਾਂ ਉਸਨੂੰ ਹੁਣ ਹਰ ਰਾਤ ਇੱਕੋ ਕਮਰੇ ਚ ਇੱਕ ਜੁਆਨ ਜਿਸਮ ਦੇ ਲਾਗੇ ਸੌਂ ਕੇ ਦੇਣੀ ਪੈਣੀ ਸੀ। ਜਿਸਨੂੰ ਉਹ ਹਵਸ਼ ਦੇ ਅੰਤਿਮ ਮੁਕਾਮ ਤੇ ਜਾ ਕੇ ਵੀ ਸ਼ਾਇਦ ਛੂਹ ਨਹੀਂ ਸੀ ਸਕਦਾ। ਉਸਨੇ ਖੁਦ ਨੂੰ ਸਮੇਟ ਕੇ ਬੈੱਡ ਦੇ ਲਾਗੇ ਮੰਜਾ ਡਾਹ ਕੇ ਉਸ ਉੱਤੇ ਸੁੱਟ ਲਿਆ। ਬਿਨਾਂ ਕੁਝ ਬੋਲੇ ਹੀ ਕਿੰਨਾ ਕੁਝ ਇੱਕ ਦੂਸਰੇ ਨੂੰ ਸਮਝ ਆ ਗਿਆ ਸੀ। ਅੱਜ ਰੋਣ ਮਗਰੋਂ ਉਸਦਾ ਦਿਲ ਖਾਲੀ ਖਾਲੀ ਹੋ ਗਿਆ ਸੀ। ਕਿੰਨੇ ਹੀ ਦਿਨਾਂ ਮਗਰੋਂ ਉਸਨੂੰ ਚੱਜ ਨਾਲ ਨੀਂਦ ਆਈ ਸੀ। ਦਿਨ ਚੜੇ ਤੱਕ ਉਹ ਸੁੱਤਾ ਰਿਹਾ। ਜਦੋਂ ਤੱਕ ਬਾਹਰੋਂ ਕਈ ਵਾਰ ਬੇਬੇ ਨੇ ਬੂਹਾ ਨਾ ਖੜਕਾ ਦਿੱਤਾ। ਪ੍ਰੀਤ ਬੂਹਾ ਖੋਲਣ ਹੀ ਲੱਗੀ ਸੀ ਕਿ ਉਸਨੇ ਰੋਕ ਦਿੱਤਾ। ਪਹਿਲਾ ਮੰਜਾ ਖੜਾ ਕਰਕੇ ਉਹ ਬੈੱਡ ਤੇ ਲੇਟਿਆ। ਬਿਨਾਂ ਕੁਝ ਬੋਲੇ ਹੀ ਅੱਖਾਂ ਚ ਹੀ ਉਸਨੇ ਪ੍ਰੀਤ ਨੂੰ ਸਮਝਾ ਦਿੱਤਾ ਸੀ ਕਿ ਘਰ ਚ ਇਸ ਤਰ੍ਹਾਂ ਵਿਹਾਰ ਕਰਨਾ ਕਿ ਸਭ ਨੂੰ ਉਹ ਅਸਲ ਵਿਆਹ ਵਾਲਾ ਹੀ ਜੋੜਾ ਲੱਗਣ। ਇਥੇ ਉਹ ਕੁਝ ਜ਼ਿਆਦਾ ਦੇਰ ਨਹੀਂ ਸੀ ਰਹਿਣਾ ਚਾਹੁੰਦੇ। ਚਿੱਠੀ ਤੇ ਫੋਨ ਕਰਕੇ ਉਸਨੇ ਆਪਣੇ ਲਈ ਇੱਕ ਫੈਮਲੀ ਕੁਆਟਰ ਦਾ ਪ੍ਰਬੰਧ ਕਰ ਹੀ ਲਿਆ ਸੀ। ਫਿਰ ਮਹੀਨੇ ਕੁ ਦੇ ਵਿੱਚ ਹੀ ਉਹ ਬਿਨਾਂ ਪੇਪਰ ਦਿੱਤੇ ਹੀ ਵਾਪਿਸ ਕਲੱਕਤੇ ਦੀ ਰੇਲ ਚੜ੍ਹ ਗਿਆ ਸੀ। ਦੋ ਸਫ਼ਰਾਂ ਦੇ ਵਿਚਕਾਰ ਉਸਦੀ ਜਿੰਦਗੀ ਕਿੱਡੇ ਵੱਡੇ ਮੋੜ ਖਾ ਗਈ ਸੀ !!!!ਪ੍ਰੀਤ ਤੇ ਉਹ ਕੋਲ ਕੋਲ ਰਹਿੰਦੇ ਵੀ ਦੂਰ ਦੂਰ ਸੀ।ਕੋਈ ਨਵੇਂ ਵਿਆਹ ਵਾਲੇ ਜੋੜੇ ਵਰਗਾ ਚਾਅ ਨਹੀਂ ਸੀ। ਇੱਕ ਦੂਸਰੇ ਨੂੰ ਜਾਨਣ ਦੀ ਇੱਛਾ ਨਹੀਂ। ਮਾਲ ਗੱਡੀ ਵਾਂਗ ਬੱਸ ਜਿਵੇਂ ਦੋ ਵਸਤਾਂ ਦੀ ਢੁਆਈ ਹੋ ਰਹੀ ਹੋਵੇ। ਲੱਖੇ ਦੀ ਜਿੰਦਗੀ ਦਾ ਸਭ ਤੋਂ ਫਿੱਕਾ ਸਫ਼ਰ ਸੀ। ਇੱਕ ਸਾਥੀ ਦੇ ਹੁੰਦਿਆਂ ਵੀ ਉਹ ਕੱਲਾ ਮਹਿਸੂਸ ਕਰ ਰਿਹਾ ਸੀ। ਪ੍ਰੀਤ ਨੇ ਸਾਰਾ ਸਫ਼ਰ ਉੱਪਰਲੀ ਬਰਥ ਤੇ ਸੌਂ ਕੇ ਹੀ ਕੱਢਿਆ ਸੀ। ਉਸਨੂੰ ਨਾ ਟਰੇਨ ਦੇ ਸਫ਼ਰ ਦਾ ਸ਼ੌਂਕ ਸੀ ਨਾ ਬਾਹਰ ਦੀ ਦੁਨੀਆਂ ਦਾ ਉਸਦੇ ਸਾਰੇ ਸ਼ੌਂਕ ਖਤਮ ਹੀ ਸੀ ਸਿਰਫ ਇੱਕ ਉਦੇਸ਼ ਲਈ ਜੀਅ ਰਹੀ ਸੀ। ਆਪਣੇ ਜਿਸਮਾਂ ਢੋਂਹਦੇ ਹੋਏ ਉਹ ਕਲਕੱਤਾ ਉੱਤਰਨ ਲੱਗੇ ਸੀ। ਜ਼ਿੰਦਗੀ ਇੱਕ ਭਾਰ ਤੋਂ ਵਧਕੇ ਕੁਝ ਨਹੀਂ ਸੀ ਜਾਪਦੀ। ਲੱਖੇ ਨੇ ਸਾਰਾ ਸਮਾਨ ਮੋਢਿਆਂ ਤੇ ਟੰਗ ਕੇ ਥੱਲੇ ਉੱਤ ਗਿਆ। ਪਲੇਟਫਾਰਮ ਕੁਝ ਜਿਆਦਾ ਨੀਵਾ ਸੀ ਥੱਲੇ ਉੱਤਰ ਕੇ ਉਹ ਪ੍ਰੀਤ ਦੇ ਉਤਰਨ ਦੀ ਉਡੀਕ ਕਰਨ ਲੱਗਾ। ਪਤਾ ਨਹੀਂ ਅਚਾਨਕ ਉਸਦਾ ਪੈਰ ਤਿਲਕਿਆ ਤੇ ਉਹ ਡਿੱਗਣ ਲੱਗੀ। ਪਰ ਉਸਤੋਂ ਪਹਿਲਾਂ ਹੀ ਲੱਖੇ ਦੇ ਖਾਲੀ ਹੱਥ ਨੇ ਉਸਨੂੰ ਸਹਾਰਾ ਦਿੱਤਾ। ਡਿੱਗਦੇ ਹੋਏ ਉਹ ਸੰਭਲ ਗਈ ਸੀ। ਪਹਿਲੀ ਵਾਰ ਲੱਖੇ ਦੇ ਹੱਥਾਂ ਦੀ ਸਖਤੀ ਤੇ ਮਜਬੂਤੀ ਦਾ ਪ੍ਰੀਤ ਨੂੰ ਅਹਿਸਾਸ ਹੋਇਆ ਸੀ। ਵਿਰਾਨੇ ਸਫ਼ਰ ਮਗਰੋਂ ਕੱਲਕੱਤੇ ਦੀ ਧਰਤੀ ਤੇ ਉੱਤਰਦੇ ਹੀ ਇਹ ਕਾਫੀ ਚੰਗੀ ਸ਼ੁਰੂਆਤ ਸੀ।
(ਚਲਦਾ )
Halat te kismat bande nu ki Karan lae majboor Kar den eh tan shead Banda app v ni janda???
LikeLike
Sahi aa. Halaat bande nu bada majboor kar dinde aa. Oh na chahunde hoye vi enna agge jhukk hi janda aa.eniya mushkill kasauterya par karneeya vi aukhiya ho jandeeya.
LikeLike
Chlo kuch chnga ta hoa dona da dukh iko jiha je ohda pyr c ta ohda v sb kuch c
LikeLike