
ਪਿਛਲੇ ਸਾਰੇ ਹਿੱਸੇ ਇੱਥੇ ਪੜ੍ਹੋ ਊਣੇ ਹੁਣ ਤੱਕ ਇੱਕੋ ਪੋਸਟ
ਅੱਗੇ
ਕੱਲਕੱਤੇ ਤੋਂ ਫਲਾਈਟ ਫੜ੍ਹੀ ਦੋ ਦਿਨ ਬਾਅਦ ਦੀ ਹੀ ਟਿਕਟ ਮਿਲੀ ਸੀ। ਫੋਨ ਦੀ ਉਡੀਕ ਕਰਦਾ ਰਿਹਾ ਖੌਰੇ ਦੁਬਾਰਾ ਆ ਜਾਏ ਪਰ ਕੋਈ ਫੋਨ ਨਾ ਆਇਆ। ਜ਼ਿੰਦਗੀ ਚ ਪਹਿਲੀ ਵਾਰ ਉਸ ਲਈ ਫੋਨ ਖੜਕਿਆ ਕਿਹੋ ਜਿਹੀ ਖ਼ਬਰ ਲੈ ਕੇ ਆਇਆ ਸੀ। ਪਹਿਲੀ ਵਾਰ ਉਹ ਜਹਾਜ਼ ਬੈਠ ਰਿਹਾ ਸੀ ਉਹ ਵੀ ਦਿਲ ਨੂੰ ਧਰਵਾਸ ਦਿੰਦਾ ਮਾੜੇ ਤੋਂ ਮਾੜੇ ਸੋਚਦਾ। ਉਮਰ ਭਰ ਲਈ ਇਹ ਸਫ਼ਰ ਤੇ ਇਹ ਕਾਲ ਉਸਦੇ ਸੀਨੇ ਵਿੱਚ ਖੁਣ ਜਾਣੀ ਸੀ। ਇਸ ਸਫ਼ਰ ਤੋਂ ਇਸ ਫੋਨ ਤੋਂ ਹੁਣ ਉਸਨੇ ਡਰਨ ਲੱਗ ਜਾਣਾ ਸੀ। ਖੈਰ ਮੰਗਦਾ ਅਰਦਾਸਾਂ ਕਰਦਾ ਉਹ ਫਲਾਈਟ ਚ ਬੈਠਿਆ। ਮਨ ਹੀ ਮਨ ਹੈਪੀ ਨੂੰ ਨਹੋਰੇ ਮਾਰ ਰਿਹਾ ਵਾਹ ਯਾਰਾ! “ਪਹਿਲਾ ਸਫ਼ਰ ਉਹ ਵੀ ਭੈੜੀਆਂ ਸੋਚਾਂ ਨਾਲ ਕਰਵਾ ਰਿਹੈਂ।”ਹੈਪੀ ਦਾ ਦਿਲ ਬੇਹੱਦ ਮਜਬੂਤ ਤੇ ਨਿਡਰ ਸੀ। ਨਿੱਕੀ ਨਿੱਕੀ ਗੱਲ ਨੂੰ ਨਾ ਗੌਲਣਵਾਲਾ ,ਹਿੰਮਤ ਐਸੀ ਕਿ ਦੇਖਣ ਵਾਲੇ ਦਾ ਸਿਰ ਚਕਰਾ ਜਾਏ। ਉਸਨੂੰ ਯਾਦ ਆਇਆ ਜਦੋਂ ਉਸਦੇ ਸਾਹਮਣੇ ਘਰ ਗੁਆਂਢੀਆਂ ਦੇ ਡੰਗਰਾਂ ਦੇ ਕੋਠੇ ਨੂੰ ਅੱਗ ਲੱਗ ਗਈ ਸੀ। ਜਿਹਨਾਂ ਦਾ ਘਰ ਸੀ ਉਸਦੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਸੀ ਉਹ। ਅੰਦਰ ਡੰਗਰ ਤ੍ਰਾਹ ਰਹੇ ਸੀ। ਕਿਸੇ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਭੜਕ ਰਹੀ ਅੱਗ ਚ ਅੰਦਰ ਜਾ ਸਕੇ। ਹਨੇਰੀ ਵਾਂਗ ਸ਼ੂਕਦਾ ਹੈਪੀ ਸਿੱਧਾ ਅੰਦਰ ਆਇਆ..ਸੰਗਲ ਤੁੜਾ ਰਹੀਆਂ ਮੱਝਾਂ ਨੂੰ ਇੱਕ ਇੱਕ ਕਰਕੇ ਖੋਲਣ ਲੱਗਾ। ਚਾਰੋਂ ਪਾਸੇ ਸੇਕ ਅੱਗ ਹਾਹਾਕਾਰ ਸੀ। ਇੱਕ ਇੱਕ ਕਰਕੇ ਸਭ ਮੱਝਾਂ ਖੋਲ੍ਹ ਦਿੱਤੀਆਂ। ਅਖੀਰਲੀ ਮੱਝ ਖੋਲ੍ਹਣ ਲੱਗਾ ਤਾਂ ਖੁਲਣ ਮਗਰੋਂ ਉਹਦੇ ਪੈਰ ਥੱਲੇ ਛਾਤੀ ਆ ਗਈ। ਕਈ ਦਿਨ ਅੱਗ ਦੇ ਉਸ ਸੇਕ ਨਾਲ ਤੇ ਛਾਤੀ ਦੇ ਦਰਦ ਨਾਲ ਕਰਾਉਹਂਦਾ ਰਿਹਾ। ਦਰਦ ਉਸਨੂੰ ਬੇਚੈਨ ਕਰ ਦਿੰਦਾ। ਪਰ ਚੜ੍ਹਦੀ ਉਮਰ ਸੀ ਤੇ ਖੁਰਾਕ ਦਾ ਜ਼ੋਰ ਸੀ ਕੁਝ ਮਹੀਨੇ ਦੇ ਮਾਲਿਸ਼ ਆਰਾਮ ਤੇ ਖੁਰਾਕ ਨਾਲ ਮੁੜ ਉਂਵੇਂ ਹੀ ਹੋ ਗਿਆ। ਉਮਰ ਭਰ ਲਈ ਆਪਣੀ ਪਹਿਲੀ ਮਹਿਬੂਬ ਦੇ ਦਿਲੋਂ ਜਾਨ ਤੇ ਛੱਪ ਗਿਆ ਸੀ। ਪਰ ਨਾ ਕਦੇ ਜਤਾਇਆ ਨਾ ਕਦੇ ਉਹਨਾਂ ਤੋਂ ਕੁਝ ਮੰਗਿਆ। ਇਵੇਂ ਦੀਆਂ ਕਿੰਨੀਆਂ ਹੀ ਯਾਦਾਂ ਸੋਚਦੇ ਹੋਏ ਉਹ ਦਿੱਲੀ ਉੱਤਰਿਆ ਸੀ ਫਿਰ ਕਸ਼ਮੀਰੀ ਗੇਟ ਤੋਂ ਲੁਧਿਆਣੇ ਦੀ ਬੱਸ ਫੜ੍ਹੀ। ਖੰਨੇ ਉੱਤਰ ਕੇ ਸਪੈਸ਼ਲ ਰਿਕਸ਼ਾ ਕੀਤਾ ਤੇ ਸਿੱਧਾ ਪਿੰਡ ਉੱਤਰਿਆ। ਆਪਣੇ ਘਰ ਨਹੀਂ ਗਿਆ ਹੈਪੀ ਦੇ ਘਰ ਗਿਆ। ‘ਮੜ੍ਹੀਆਂ ਜਿਹੀ ਸ਼ਾਂਤੀ ,ਵਿਛੇ ਸੱਥਰ ਤੋਂ ਉਹ ਸਮਝ ਗਿਆ ‘ਭਾਣਾ ‘ਵਰਤ ਗਿਆ ਹੈ। ਉਸਦੇ ਹੱਥੋਂ ਸਭ ਸੂਟਕੇਸ ਡਿੱਗ ਗਏ। ਸ਼ਾਮ ਦਾ ਵੇਲਾ ਸੀ। ਪਿੰਡ ਦੇ ਕਿੰਨੇ ਹੀ ਲੋਕ ਆਏ ਬੈਠੇ ਸੀ। ਹੈਪੀ ਦਾ ਮਾਂ ਦਾ ਲੱਖੇ ਨੂੰ ਵੇਖਦੇ ਹੀ ਤ੍ਰਾਹ ਨਿੱਕਲ ਗਿਆ। ਇੱਕ ਦਮ ਘਰ ਚ ਰੋਣਾ ਵਰਤ ਗਿਆ। ਜਿਵੇਂ ਹੁਣੇ ਹੁਣ ਕੋਈ ਮੋਇਆ ਹੋਏ। ਪਰ ਲੱਖਾ ਜਿਵੇਂ ਠੰਡਾ ਹੋ ਗਿਆ ਹੋਏ। ਉਸਦੇ ਜਜਬਾਤ ਬਰਫ ਵਾਂਗ ਜੰਮਕੇ ਸ਼ੀਤ ਹੋ ਗਏ ਸੀ। ਚਾਚੀ ਨੂੰ ਮੋਢੇ ਨਾਲ ਲਾ ਕੇ ਉਹ ਸਿਰਫ ਦਿਲਾਸਾ ਹੀ ਦੇ ਸਕਦਾ ਸੀ। ਐਦੋਂ ਵੱਧ ਉਸਦੇ ਹੱਥ ਵੱਸ ਕੁਝ ਵੀ ਨਹੀਂ ਸੀ। ਸਮਾਂ ਉਸਦੇ ਹੱਥਾਂ ਵਿਚੋਂ ਰੇਤ ਵਾਂਗ ਫਿਸਲ ਗਿਆ। ਇੱਕ ਸਾਲ ਦੇ ਅੰਦਰ ਹੀ ਉਸਦਾ ਕਿੰਨਾ ਕੁਝ ਲੁੱਟ ਕੇ ਲੈ ਗਿਆ ਸੀ। ਮੁੜ ਮੁੜ ਉਸਦੇ ਮਨ ਚ ਇੱਕੋ ਵਾਕ ਗੂੰਜਣ ਲੱਗਾ। ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂII
ਮੌਤ ਤੋਂ ਵੱਡੀ ਸੱਚਾਈ ਇਸ ਦੁਨੀਆ ਵਿੱਚ ਕੋਈ ਨਹੀਂ ਹੈ। ਪਰ ਕਿਸੇ ਦਾ ਕੱਚੀ ਉਮਰੇ ਤੁਰ ਜਾਣਾ ਬਿਨਾਂ ਕੋਈ ਚਾਅ ਪੂਰੇ ਕੀਤੇ ਇਹ ਦੁਖਦਾ ਰਹਿੰਦਾ ਹੈ। ਉਸਦੇ ਸਾਰੇ ਚਾਅ ਮਲ੍ਹਾਰ ਅਧੂਰੇ ਰਹਿ ਗਏ , ਇਕੱਠਿਆਂ ਦੇ ਕਿੰਨੇ ਸੁਪਨੇ ਸਭ ਰੁਲ ਗਏ ਸੀ। ਲੱਖੇ ਦੇ ਮਨ ਚ ਰਹਿ ਰਹਿ ਕੇ ਪੀੜ੍ਹ ਉੱਠਦੀ। ਚਾਚੀ ਦੇ ਹੌਕੇ ਤੇ ਚਾਚੇ ਦੀਆਂ ਸਿੱਲੀਆਂ ਅੱਖਾਂ ਵੇਖ ਸਕਣ ਦਾ ਹੋਂਸਲਾ ਨਹੀਂ ਸੀ। ਪਰ ਆਪਣੀਆਂ ਅੱਖਾਂ ਚ ਹੰਝੂ ਨਹੀਂ ਸੀ ਜਿਵੇਂ ਸਭ ਕੁਝ ਨਾਲ ਹੀ ਲੈ ਗਿਆ ਹੋਵੇ। ਇਹ ਰਾਤ ਸਭ ਤੋਂ ਸਦਮੇ ਭਰੀ ਰਾਤ ਸੀ। ਰਾਤ ਭਰ ਉਹ ਨਾ ਸੌਂ ਸਕਿਆ। ਅੱਖ ਲਗਦੀ ਤਾਂ ਉਹਨੂੰ ਇੰਝ ਲਗਦਾ ਜਿਵੇਂ ਹੈਪੀ ਬੁਲਾ ਰਿਹਾ ਹੋਏ ਉਹ ਮੁੜ ਉਠ ਜਾਂਦਾ। ਜਾਗੋ ਮੀਟੀ ਚ ਬਿਨ ਸੁੱਤਿਆ ਹੀ ਉਸਨੇ ਰਾਤ ਕੱਢੀ। ਰਾਤ ਨਾਲੋਂ ਭਾਰਾ ਦਿਨ ਲਗਦਾ ਸੀ। ਜਿੱਥੇ ਰੋਣਾ ਕੀਰਨੇ ਸੁਣਕੇ ਉਹਦੇ ਦਿਲ ਚ ਡੋਬੂ ਪੈਣ ਲਗਦੇ। ਰਾਤ ਜੇ ਕੰਢਿਆਂ ਦੇ ਸੇਜ ਸੀ ਤਾਂ ਦਿਨ ਤਪਦਾ ਮਾਰੂਥਲ। ਇਸ ਜਿੰਦਗੀ ਚ ਉਸਦਾ ਕੋਈ ਇਸ ਵੇਲੇ ਸਭ ਜਾਨਣ ਵਾਲਾ ਕੋਈ ਸੀ ਉਹ ਸੀ ਹੈਪੀ। ਉਸਦੇ ਜਾਣ ਨਾਲ ਕੁੱਲ੍ਹ ਜਹਾਨ ਚ ਕੱਲਾ ਰਹਿ ਗਿਆ ਸੀ। ਘੱਟੋ ਘੱਟ ਆਖ਼ਿਰੀ ਵਕਤ ਦਾ ਮੂੰਹ ਹੀ ਦਿਖਾ ਦਿੰਦਾ। ਪਰ ਉਹ ਮਰਿਆ ਹੀ ਇੰਝ ਕਿ ਬਹੁਤੀ ਦੇਰ ਰਖਿਆ ਨਹੀਂ ਸੀ ਜਾ ਸਕਦਾ। ਲੈਂਟਰ ਪਾਉਂਦੇ ਹੋਏ ਅਚਾਨਕ ਤੀਜੀ ਮੰਜਿਲ ਤੋਂ ਇੱਟਾਂ ਦੇ ਢੇਰ ਤੇ ਡਿੱਗਿਆ ਤੇ ਥਾਉਂ ਹੀ ਖਿੰਡ ਕੇ ਮੁੱਕ ਗਿਆ ਸੀ। ਇਸ ਲਈ ਉਸੇ ਦਿਨ ਕਾਹਲੀ ਚ ਦਾਹ ਸੰਸਕਾਰ ਰ ਦਿੱਤਾ ਗਿਆ ਸੀ। ਕਿਸੇ ਦੇ ਬਹੁਤੀ ਉਡੀਕ ਨਹੀਂ ਕੀਤੀ ਸੀ। ਭੋਗ ਤੱਕ ਉਸਦਾ ਸਾਰਾ ਵਕਤ ਹੈਪੀ ਦੇ ਘਰ ਗੁਜਰਦਾ। ਚਾਚੀ ਦੀਆਂ ਅੱਖਾਂ ਉਹਦੇ ਵਿਚੋਂ ਹੀ ਹੈਪੀ ਨੂੰ ਦੇਖਦੀਆਂ ਸੀ। ਦੇਖਦੇ ਹੀ ਸਿੱਲੀਆਂ ਹੋ ਜਾਂਦੀਆਂ। ਉਹ ਦੁਚਿਤੀ ਚ ਪੈ ਜਾਂਦਾ ਜਾਏ ਕਿ ਨਾ ਜਾਏ। ਦੋਂਹੀ ਪਾਸੇ ਫਸਿਆ ਰਹਿੰਦਾ। ਉਹਨਾਂ ਦੇ ਖਾਨਦਾਨ ਦੀ ਆਪਸ ਚ ਘੱਟ ਹੀ ਬਣਦੀ ਸੀ ਮੁੱਢ ਤੋਂ ਹੀ ਕੁਝ ਰੌਲਾ ਸੀ। ਤੇ ਚਾਚੀ ਦਾ ਸੁਭਾਅ ਬੋਲ ਭੜੱਕ ਸੀ। ਹੋਰ ਕੋਈ ਉਹਨਾਂ ਦੇ ਘਰ ਨਹੀਂ ਸੀ ਆਉਂਦਾ ਜਾਂਦਾ। ਪਰ ਹੈਪੀ ਦਾ ਆਪਣੀ ਬੇਬੇ ਨੂੰ ਇੱਕੋ ਸੰਦੇਸ਼ ਸੀ ਕਿ ,”ਬੁੜ੍ਹੀਏ ਹੋਰ ਜਿਸ ਨਾਲ ਮਰਜੀ ਲੜ੍ਹ ,ਪਰ ਲੱਖੇ ਨੂੰ ਘਰ ਆਉਣ ਜਾਣ ਤੋਂ ਕਦੇ ਨਾ ਟੋਕਣਾ। “ਇਸ ਲਈ ਚਾਚੀ ਦਾ ਮੋਹ ਉਸ ਨਾਲ ਹਮੇਸ਼ਾ ਹੀ ਦੋਵਾਂ ਨੂੰ ਭਾਈਆਂ ਵਾਂਗ ਵਰਤਦੇ ਵੇਖ ਉਹਦਾ ਦਿੱਲ ਫੁੱਲਿਆਂ ਨਹੀਂ ਸੀ ਸਮਾਉਂਦਾ। ਐਨਾ ਮੋਹ ਉਹਨੂੰ ਆਪਣੇ ਨਿੱਕੇ ਭਾਈਆਂ ਦਾ ਨਹੀਂ ਸੀ। ਜਿਹਨਾਂ ਨਾਲ ਉਮਰ ਦਾ ਫਰਕ ਵੀ ਖਾਸਾ ਸੀ। ਹੈਪੀ ਮਗਰੋਂ ਦੋ ਤਿੰਨ ਉਸਦੇ ਜੁਆਕ ਨਹੀਂ ਸੀ ਬਚੇ ਇਸ ਲਈ ਦੋਵੇਂ ਭਰਾਵਾਂ ਤੇ ਭੈਣਾਂ ਦਾ ਉਮਰ ਚ ਫਰਕ ਸੀ। ਇਸ ਲਈ ਬਹੁਤੀ ਜਿੰਮੇਵਾਰੀ ਭੋਗ ਤੱਕ ਲੱਖੇ ਦੇ ਸਿਰ ਤੇ ਆ ਪਈ ਸੀ। ਉਹ ਬੱਸ ਇਸੇ ਸਭ ਦੇ ਪ੍ਰਬੰਧ ਚ ਲੱਗਿਆ ਰਿਹਾ ਸੀ। ਭੋਗ ਤੋਂ ਨਿਪਟ ਕੇ ਹੁਣ ਉਸ ਕੋਲੋਂ ਥੋੜ੍ਹੀ ਵਿਹਲ ਸੀ ਇਹੋ ਵਿਹਲ ਉਸਨੂੰ ਤੋੜ ਤੋੜ ਖਾਣ ਲੱਗੀ। ਹੌਲੀ ਹੌਲੀ ਉਸਨੇ ਹੈਪੀ ਦੇ ਘਰ ਜਾਣਾ ਘੱਟ ਕਰ ਦਿੱਤਾ। ਫਿਰ ਵੀ ਇੱਕ ਦੋ ਚੱਕਰ ਲੈ ਹੀ ਆਉਂਦਾ। ਪਰ ਚਾਚੀ ਦਾ ਚਿਹਰਾ ਤੇ ਹੈਪੀ ਤੋਂ ਬਿਨਾਂ ਸੁੰਨਾ ਘਰ ਉਸਨੂੰ ਖਾਣ ਨੂੰ ਪੈਂਦਾ ਸੀ। ਫਿਰ ਉਸਦੇ ਜਾਂਦੇ ਹੀ ਸਭ ਦੇ ਮੂੰਹ ਫੇਰ ਲਟਕ ਜਾਂਦੇ ਲੱਖੇ ਦਾ ਘਰ ਹੋਣਾ ਉਸ ਤੇ ਹੈਪੀ ਦਾ ਕੱਠੇ ਹੋਣਾ ਸੀ। ਇਸ ਗੱਲ ਨੂੰ ਸਮਝਦੇ ਹੀ ਉਸਨੇ ਅੱਗੇ ਅੱਗੇ ਹੋਰ ਘਟਾ ਦਿੱਤਾ ਸੀ। ਜ਼ਿੰਦਗੀ ਨੇ ਨਾ ਪੂਰਾ ਹੋ ਸਕਣ ਵਾਲਾ ਘਾਟਾ ਉਮਰ ਭਰ ਲਈ ਦੇ ਦਿੱਤਾ ਸੀ। ਪਰ ਜ਼ਿੰਦਗੀ ਜਦੋਂ ਨਿਰਦਈ ਹੁੰਦੀ ਏ ਸਭ ਕੁਝ ਗੁੱਛਿਆਂ ਚ ਦਿੰਦੀ ਹੈ। ਹੈਪੀ ਦੀ ਮਰਨ ਨਾਲ ਉਸ ਅੱਗੇ ਇੱਕ ਹੋਰ ਵੱਡੀ ਸਮੱਸਿਆ ਖੜੀ ਹੋਣ ਵਾਲੀ ਸੀ। ਦੁਪਹਿਰ ਦਾ ਵੇਲਾ ਸੀ ,ਜਦੋਂ ਉਹਨੂੰ ਚਾਚੀ ਕੋਲੋਂ “ਬਹੁਤ ਜਰੂਰੀ “ਸੁਨੇਹਾ ਆਇਆ ਸੀ। ਉਹ ਹਥਲੀ ਰੋਟੀ ਛੱਡਦਾ ਉਂਝ ਹੀ ਜੁੱਤੀ ਪਾ ਕੇ ਤੁਰ ਪਿਆ ਸੀ। ਉਸਦੇ ਜਾਂਦਿਆ ਹੀ ਦਲਾਨ ਚ ਬੈਠੀ ਚਾਚੀ ਪਿੱਛੇ ਪਿੱਛੇ ਤੋਰ ਕੇ ਬੈਠਕ ਚ ਲੈ ਗਈ ਸੀ। ਜਿਵੇਂ ਕੋਈ ਖਾਸ ਗੱਲ ਹੋਵੇ। “ਤੇਰੇ ਨਾਲ ਤੇ ਹੈਪੀ ਦੀ ਰੰਗਪੁਰ ਵਾਲਿਆਂ ਦੀ ਗੱਲ ਹੋਈ ਸੀ ,ਹੈਪੀ ਦੱਸਦਾ ਸੀ ਤੂੰ ਰਾਜ਼ੀ ਵੀ ਏਂ ?” ਚਾਚੀ ਨੇ ਉਹਦੇ ਚਿਹਰੇ ਵੱਲ ਗਹੁ ਨਾਲ ਵੇਖਿਆ। “ਹਾਂ ਪਰ ਮੈਂ ਕਿਹਾ ਸੀ ਉਹਨੂੰ ਕਿ ਤੇਰਾ ਵਿਆਹ ਕਰ ਦਿਆਂਗੇ ਮੈਂ ਅਟਕ ਕੇ ਕਰਵਾ ਲਵਾਂਗਾਂ। “ਲੱਖੇ ਨੇ ਕਿਹਾ। ਉਸਦੀਆਂ ਕਹਿੰਦੇ ਦੀਆਂ ਅੱਖਾਂ ਭਰ ਆਈਆਂ ਸੀ। “ਰੋਕੇ ਮਗਰੋਂ ਉਹ ਬਹੁਤਾ ਅਟਕ ਨਹੀਂ ਸੀ ਰਹੇ ,ਪਰ ਹੈਪੀ ਤੇਰੇ ਜਵਾਬ ਨੂੰ ਉਡੀਕਦਾ ਰਿਹਾ ਤੇ ਵਿਆਹ ਲੇਟ ਕਰਦਾ ਰਿਹਾ ਨਹੀਂ ਤਾਂ ਸ਼ਾਇਦ ਅੱਜਕਲ੍ਹ ਚ ਵਿਆਹ ਕਰ ਹੀ ਦਿੰਦੇ “,ਕੁੜੀ ਤਾਂ ਸੁਹਾਗਣ ਹੋਣ ਤੋਂ ਪਹਿਲਾਂ ਹੀ ਸਦਾ ਲਈ ਟੁੱਟ ਗਈ। ਹੈਪੀ ਦੇ ਮੌਤ ਤੋਂ ਵੱਡਾ ਦੁੱਖ ਸਹੇੜੀ ਬੈਠੀ ਹੈ ਉਹ ” ਚਾਚੀ ਨਾ ਹਉਂਕਾ ਭਰਦਿਆਂ ਕਿਹਾ। ” ਮੌਤ ਤੋਂ ਵੱਡਾ ਕੀ ਦੁੱਖ ਹੋ ਸਕਦੈ ?”ਲੱਖੇ ਨੂੰ ਕੁਝ ਸਮਝ ਨਾ ਆਈ। “ਕੱਲ੍ਹ ਰੰਗਪੁਰੇ ਗਈ ਸੀ ,ਵਿਚੋਲੇ ਹੱਥੀ ਕੁੜੀ ਦੀ ਮਾਂ ਦਾ ਸੁਨੇਹਾ ਸੀ। ਪਿਛਲੇ ਮਹੀਨੇ ਕਿਸੇ ਸਾਂਝੇ ਵਿਆਹ ਤੇ ਹੈਪੀ ਤੇ ਪ੍ਰੀਤ ਮਿਲੇ ਸੀ ,ਬੱਸ ਦੱਸਦੀ ਸੀ ਕਿ ਉਸ ਵਿਆਹ ਚ ਇਹਦੇ ਭੂਆ ਦੇ ਮੁੰਡੇ ਨੇ ਕੱਠਿਆਂ ਦੀ ਰਾਤ ਕਟਾ ਦਿੱਤੀ। ਤੇ ਕੁੜੀ ਦਾ ਪੈਰ ਭਾਰੀ ਹੋ ਗਿਆ। ਪਤਾ ਵੀ ਉਸਦੇ ਮਰਨ ਤੋਂ ਬਾਅਦ ਲੱਗਾ। ਹੁਣ ਉਹਦੇ ਘਰਦੇ ਕਹਿੰਦੇ ਤੂੰ ਸਫਾਈ ਕਰਵਾ ਦੇ ਪਰ ਕੁੜੀ ਮੰਨਦੀ ਨਹੀਂ ਕਹਿੰਦੀ ਹੈਪੀ ਦੀ ਆਖਰੀ ਨਿਸ਼ਾਨੀ ਏ ਮੈਂ ਇਸਨੂੰ ਨਹੀਂ ਖੋਣ ਦੇਣਾ,ਪਰ ਕੁਆਰੀ ਕੁੜੀ ਦੁਨੀਆਂ ਨੂੰ ਕੀ ਮੂੰਹ ਦਿਖਾਏਗੀ ? ਇਸ ਲਈ ਰੰਗਪੁਰ ਵਾਲੇ ਕਹਿੰਦੇ ਕਿ ਛੋਟੇ ਨੂੰ ਵਿਆਹ ਦਿੰਨੇ ਆ ਪਰ ਛੋਟੇ ਦੀ ਉਮਰ ਐਨੀ ਘੱਟ ਕਿ ਉਹਨੂੰ ਕੁਝ ਵੀ ਪਤਾ ਨਹੀਂ ,ਅੱਗਿਓ ਕੁੜੀ ਮੰਨਦੀ ਨਹੀਂ ਕਹਿੰਦੀ ਮੈਂ ਉਮਰ ਭਰ ਉਹਦੇ ਘਰ ਕੱਲੀ ਕੱਟ ਲਵਾਂਗੀ। ਪਰ ਲੋਕਾਂ ਦੇ ਮੂੰਹ ਨੂੰ ਕੌਣ ਬੰਨ੍ਹ ਲਵੇਗਾ। ਸੱਚੀ ਦੱਸਾਂ ਤਾਂ ਹੈਪੀ ਨਾ ਸਹੀ ਉਹਦੀ ਨਿਸ਼ਾਨੀ ਮੇਰੇ ਕੋਲ ਰਹਿ ਜਾਏ ਤਾਂ ਮੇਰਾ ਬੁਢਾਪਾ ਸੌਖਾ ਨਿਕਲਜੂ। ” ਆਖ ਕੇ ਚਾਚੀ ਡੁਸਕਣ ਲੱਗੀ। ਲੱਖਾ ਡੌਰ ਭੌਰ ਜਿਹਾ ਹੋਕੇ ਸਭ ਸੁਣ ਰਿਹਾ ਸੀ। ਉਹ ਆਖੇ ਤਾਂ ਕਿ ਆਖੇ। ਬੜੀ ਹੀ ਵਚਿੱਤਰ ਜਿਹੀ ਸਥਿਤੀ ਸੀ। ਇੱਕ ਪਾਸੇ ਸਮਾਜ ਇੱਕ ਪਾਸੇ ਹੈਪੀ ਦਾ ਅੰਸ਼ ਇੱਕ ਪਾਸੇ ਕੁੜੀ ਇੱਕ ਪਾਸੇ ਉਸਦੇ ਮਾਪੇ ਤੇ ਇੱਕ ਪਾਸੇ ਚਾਚੀ। ਪਤਾ ਨਹੀਂ ਜਿੰਦਗੀ ਨੇ ਇਹ ਦਿਨ ਵੀ ਕਿਉਂ ਦਿਖਾਉਣਾ ਸੀ। “ਤੈਥੋਂ ਇੱਕ ਮੰਗ ਮੰਗਾਂ ਲੱਖੇ ? ਮੇਰੇ ਲਈ ਤੇਰੇ ਤੇ ਹੈਪੀ ਚ ਕੋਈ ਫ਼ਰਕ ਨਹੀਂ ਹੈ। ਜੇ ਪ੍ਰੀਤ ਦਾ ਵਿਆਹ ਤੇਰੇ ਨਾਲ ਕਰ ਦਈਏ ਫਿਰ ?ਤੇਰੇ ਤੋਂ ਬਿਨਾ ਕੋਈ ਨਹੀਂ ਜੋ ਇਸ ਰਾਜ ਨੂੰ ਸੀਨੇ ਚ ਦਬਾ ਕੇ ਮੈਨੂੰ ਹੈਪੀ ਵਾਪਿਸ ਦੇ ਸਕਦੈ। ” ਲੱਖੇ ਦੇ ਸਰ ਤੋਂ ਜਿਵੇਂ ਸੌ ਘੜੇ ਪਾਣੀ ਦੇ ਪੈ ਗਏ ਹੋਣ। ਉਸਦੀਆਂ ਅੱਖਾਂ ਦੇ ਡੇਲੇ ਖੁੱਲ੍ਹ ਕੇ ਬਾਹਰ ਆ ਗਏ ਸੀ। ਉਹ ਕਹੇ ਤਾਂ ਕਹੇ ਕਿ ?ਵਿਆਹ ਹੈਪੀ ਦੇ ਮੰਗ ਨਾਲ ?ਉਸ ਕੁੜੀ ਨਾਲ ਜੋ ਵਿਆਹ ਤੋਂ ਪਹਿਲਾਂ ਬੱਚੇ ਦੀ ਮਾਂ ਬਣਨ ਵਾਲੀ ਹੈ ਜਿਸਨੂੰ ਉਸਦਾ ਅਫਸੋਸ ਨਹੀਂ ? ਕੀ ਉਹ ਉਸਨੂੰ ਅਪਣਾ ਸਕੇਗੀ ? ਉਹ ਐਸੀ ਕੁੜੀ ਨਾਲ ਜਿੰਦਗੀ ਉਮਰ ਭਰ ਕੱਢ ਸਕੇਗਾ। ਇਹ ਕਿਹੜਾ ਕੁਝ ਦਿਨ ਦਾ ਮੇਲਾ ਕਿ ਫਿਰ ਵਿਛੜ ਜਾਣਾ। ਇੱਕ ਉਮਰ ਆਪਣੀ ਉਹ ਕੱਢ ਸਕੇਗਾ ਉਸ ਕੁੜੀ ਨਾਲ ਜਿਸਨੂੰ ਆਪਣੇ ਦੋਸਤ ਦੀ ਅਮਾਨਤ ਸਮਝ ਸ਼ਾਇਦ ਉਹ ਛੋਹ ਵੀ ਨਾ ਸਕੇ। ਕਿੰਨੇ ਹੀ ਸਵਾਲ ਉਸਦੇ ਮਨ ਚ ਇੱਕੋ ਵਾਰ ਵ ਵਰੋਲੇ ਵਾਂਗ ਉਠਕੇ ਘੁੰਮਣ ਲੱਗੇ। ਮੱਥੇ ਚੋ ਪਸੀਨਾ ਚੋਣ ਲੱਗਾ। ਜੇ ਉਹ ਖੜਾ ਹੁੰਦਾ ਜਰੂਰ ਆਪਣੇ ਹੀ ਭਾਰ ਹੇਠ ਦੱਬ ਕੇ ਡਿੱਗ ਜਾਂਦਾ। ਉਸਨੂੰ ਚੁੱਪ ਵੇਖਕੇ ਚਾਚੀ ਨੇ ਫਿਰ ਪੁੱਛਿਆ ,”ਤੂੰ ਚਾਹੇ ਰਾਤ ਤੱਕ ਸੋਚ ਕੇ ਦੱਸ ਦੇਵੀਂ ,ਜੇ ਤੇਰਾ ਮਨ ਨਾ ਮੰਨਿਆ ਤਾਂ ਜਬਰਦਸ਼ਤੀ ਹੀ ਸਹੀ ਕੁੜੀ ਦੀ ਸਫਾਈ ਕਰਵਾਉਣੀ ਪਊ ,ਹੋਰ ਨਹੀਂ ਤਾਂ ਮਰਜਾਣੀ ਕੁਝ ਮਹੀਨੇ ਬਾਅਦ ਭੁੱਲ ਹੀ ਜਾਏਗੀ। ….ਆਖ ਕੇ ਚਾਚੀ ਨੇ ਉਸਦੇ ਵੱਲ ਗਹੁ ਨਾਲ ਤੱਕਿਆ। ਐਸੇ ਮੋੜ ਤੇ ਕੁਝ ਵੀ ਕਹਿਣ ਲਈ ਉਸਦੇ ਬੁੱਲ੍ਹ ਮਸੀਂ ਫਰਕ ਰਹੇ ਸੀ। ਪਰ ਕਈਆਂ ਜਿੰਦਗੀਆਂ ਨਾਲ ਜੁੜਿਆ ਫੈਸਲਾ ਉਸਨੂੰ ਤੁਰੰਤ ਹੀ ਕਰਨਾ ਪੈਣਾ ਸੀ ਇਸਤੋਂ ਪਹਿਲਾਂ ਕਿ ਕੋਈ ਹੋਰ ਅਣਹੋਣੀ ਉਮਰ ਭਰ ਲਈ ਉਸਦੀ ਜਿੰਦਗੀ ਵਿੱਚ ਰੜਕਣ ਲੱਗੇ। ਫੈਸਲੇ ਚ ਭਾਵੁਕਤਾ ਤੇ ਤਰਕ ਦੋਨਾਂ ਨੂੰ ਹੀ ਬਰਾਬਰੀ ਰੱਖ ਕੇ ਸਹੀ ਤੋਲ ਕੀਤਾ ਜਾ ਸਕਦਾ ਸੀ। (ਚਲਦਾ )
Eh mod ta soch vich v ni C kmal khani ❤❤❤
LikeLike