
ਜਰ ਨਾਲ ਖਾਧੇ ਗੇਟ ਨੂੰ ਧੱਕਾ ਮਾਰਿਆ ਤਾਂ ਖੁੱਲ੍ਹਿਆ ਨਹੀਂ, ਆਪਣੇ ਹੱਥ ਦੀ ਪੇਟੀ ਤੇ ਹੋਰ ਨਿੱਕ ਸੁੱਕ ਦੀਨਾ ਨਾਥ ਨੂੰ ਫੜ੍ਹ ਕੇ ਸੋਹਣੇ ਨੇ ਗੇਟ ਨਾਲ ਧੱਕਾ ਕਰਨਾ ਚਾਹਿਆ। ਪਰ ਗੇਟ ਵੀ ਦੇਸ਼ ਦੇ ਪ੍ਰਬੰਧ ਵਾਂਗ ਅੜਬ ਹੋਇਆ ਪਿਆ ਸੀ। ਉਸਨੇ ਵੀ ਤਾਕਤ ਦੇ ਜ਼ੋਰ ਨਾਲ ਗੇਟ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। “ਓ ਸਰਦਾਰ ਜੀ ਤੋੜ ਹੀ ਛੱਡੋਗੇ ? ਜਦੋਂ ਦਿਸਦਾ ਹੈ ਹਲਾਤ ਖਰਾਬ ਹੈ ਤਾਂ ਥੋੜ੍ਹਾ ਪਿਆਰ ਨਾਲ ਪੇਸ਼ ਆ ਕੇ ਵੇਖੋ , ਖੌਰੇ ਮੰਨ ਜਾਏ ,ਮੈਨੂੰ ਹੀ ਆਵਾਜ਼ ਮਾਰ ਲੈਂਦੇ। ” ਅੰਦਰੋਂ ਇੱਕ ਹੱਡੀਆਂ ਦੇ ਮੁੱਠ ਹੋ ਚੁੱਕੇ ਚਪੜਾਸੀ ਦੀ ਆਵਾਜ਼ ਆਈ। ਉਹਦੇ ਕੰਨਾਂ ਤੱਕ ਸ਼ਾਇਦ ਸੋਹਣ ਸਿੰਘ ਦੀ ਆਵਾਜ਼ ਨਹੀਂ ਸੀ ਪਹੁੰਚੀ। ਸਿਸਟਮ ਦੀ ਤਰ੍ਹਾਂ ਉਹ ਵੀ ਅਵਾਜਾਰ ਹੋ ਗਿਆ ਸੀ ਜਾਂ ਸ਼ੋਰ ਨੇ ਉਸਦੇ ਕੰਨ ਬੋਲੇ ਕਰ ਦਿੱਤੇ ਸਨ ਉਹੀ ਦੱਸ ਸਕਦਾ ਸੀ। ਗੱਲ ਸਾਲ 1992 ਦੀ ਹੈ , ਪੰਜਾਬ ਚ ਖਾੜਕੂਵਾਦ ਦਾ ਦੌਰ ਹੈ। ਖਾੜਕੂਆਂ ਨੇ ਕਿਸੇ ਵੀ ਤਰ੍ਹਾਂ ਦੇ ਚੋਣ ਪ੍ਰਬੰਧ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ। ਇੱਕ ਖਾਸ ਪਾਰਟੀ ਤੋਂ ਬਿਨਾਂ ਕੋਈ ਵੀ ਵੱਡੀ ਪਾਰਟੀ ਚੋਣ ਲੜਨੋਂ ਇਨਕਾਰ ਕਰ ਚੁੱਕੀਆਂ ਹਨ। ਸ਼ਹਿਰਾਂ ਨਾਲੋਂ ਪਿੰਡਾਂ ਚ ਕਿਸੇ ਵੀ ਵੋਟ ਪੋਲ ਹੋਣ ਦਾ ਘੱਟ ਚਾਂਸ ਹਨ ਤੇ ਹਮਲੇ ਦਾ ਖਤਰਾ ਸਭ ਤੋਂ ਵੱਧ। ਸੋਹਣ ਸਿੰਘ ਤੇ ਉਸ ਦੇ ਨਾਲ ਇੱਕ ਮਿਉਂਸਿਪਲ ਕਲਰਕ ਦੀਨਾ ਨਾਥ ਸ਼ੁਕਲਾ ਦੀ ਡਿਊਟੀ ਲੱਗੀ ਹੋਈ ਸੀ। ਚੋਣ ਕਮਿਸ਼ਨ ਨੇ ਕੋਸ਼ਿਸ਼ ਕੀਤੀ ਸੀ ਕਿ ਅਮਲੇ ਚ ਲੋਕਲ ਜਾਣਕਾਰ ਬੰਦਿਆ ਦੀ ਡਿਊਟੀ ਲਾਈ ਜਾਏ ਤਾਂ ਖਾਣ ਪੀਣ ਤੇ ਜਾਨ ਬਚਾਉਣ ਚ ਮੁਸ਼ਕਿਲ ਨਾ ਹੋਏ। ” ਵੋਟਿੰਗ ਦਾ ਕੋਈ ਚਾਂਸ ਨਹੀਂ ਸਰਦਾਰ ਜੀ ਇੱਥੇ , ਦੋ ਦਿਨਾਂ ਤੋਂ ਘਰਾਂ ਚ ਰੋਟੀ ਨਹੀਂ ਪੱਕੀ , ਪਾਣੀ ਦੀ ਵੀ ਕਮੀ ਹੋਈ ਪਈ ਏ , ਨਲਕਿਆਂ ਦੀਆਂ ਹੱਥੀਆਂ ਤੱਕ ਉਤਾਰ ਕੇ ਲੈ ਗਏ ਹਨ ਖਾੜਕੂ , ਹਰ ਇੱਕ ਨੂੰ ਖੁੱਲ੍ਹਾ ਚੈਲੈਂਜ ਏ ਜਿਸਦੇ ਉਂਗਲ ਤੇ ਮੋਹਰ ਲੱਗੀ ਸਮਝੋ ਨਰਕਾਂ ਦੀ ਟਿਕਟ ” ਬੁੱਢੇ ਚੌਂਕੀਦਾਰ ਨੇ ਮੰਜਾ ਡਾਹੁੰਦੇ ਹੋਏ ਕਿਹਾ। ਸਿਆਣਪ ਵਜੋਂ ਉਸਨੇ ਘੜਾ ਕੁਝ ਅੰਡੇ ਪਹਿਲਾਂ ਹੀ ਸਾਂਭ ਕੇ ਰੱਖ ਛੱਡੇ ਸੀ। ਬੁਰੇ ਵਕਤ ਦਾ ਕੀ ਪਤਾ ਡਿਊਟੀਆਂ ਕਰਦੇ ਮੁਲਾਜਮ ਭਾਵੇਂ ਸਰਕਾਰੀ ਹਨ ਹੈਣ ਤਾਂ ਆਪਣੇ ਭਰਾ ਹੀ ਭੁੱਖੇ ਢਿੱਡ ਸਰਕਾਰੀ ਹੁਕਮ ਵਜਾ ਰਹੇ। ਉਸਨੇ ਸੋਚਿਆ ਸੀ। ਸੋਹਣ ਸਿੰਘ ਐਥੋਂ ਲਾਗਲੇ ਹੀ ਪਿੰਡ ਦਾ ਸੀ , ਕੋਈ 25-30 ਸਾਲ ਪਹਿਲਾਂ ਉਹ ਛੂਹਣ ਛੁਹਾਈ ਖੇਡਦੇ ਰਾਤ ਦੇ ਹਨੇਰੇ ਚ ਵੀ ਇਸ ਪਿੰਡ ਤੱਕ ਪਹੁੰਚ ਜਾਂਦੇ ਸੀ। ਇੱਕ ਰਸਤੇ ਚ ਆਉਂਦੀਆਂ ਮੜੀਆਂ ਤੋਂ ਛੁੱਟ ਕਦੇ ਕਿਸੇ ਚੀਜ਼ ਦਾ ਡਰ ਨਹੀਂ ਸੀ ਲੱਗਾ। ਤੇ ਅੱਜ ਉਹਨਾਂ ਪਿੰਡਾਂ ਦਾ ਇਹ ਹਾਲ ਸੀ ਕਿ ਸੂਰਜ ਦੇ ਲਾਲ ਹੋਣ ਤੋਂ ਪਹਿਲਾਂ ਹੀ ਇੱਕ ਸਹਿਮ ਪਸਰ ਜਾਂਦਾ ਸੀ। ਚੁੱਪ ਤੋਂ ਡਰਦੇ ਪੰਛੀ ਆਲ੍ਹਣਿਆਂ ਚ ਦੁਬਕ ਜਾਂਦੇ ਸੀ। ਤੇ ਪੱਤਿਆਂ ਦਾ ਖੜਾਕ ਸੁਣਦੇ ਆਪਣੇ ਆਸ ਪਾਸ ਝਾਕਦੇ ਤੇ ਮੁੜ ਦੁਬਕ ਜਾਂਦੇ। ਤੇ ਕਿਸੇ ਇਸੇ ਸਹਿਮੀ ਰਾਤ ਨੂੰ ਕੋਈ ਗੋਲੀਆਂ ਦੀ ਆਵਾਜ਼ ਇਸ ਚੁੱਪ ਨੂੰ ਤੋੜਦੀ ਪੰਛੀ ਆਲ੍ਹਣੇ ਛੱਡ ਉਸ ਆਵਾਜ਼ ਤੋਂ ਹੋਰ ਵੀ ਦੂਰ ਦੌੜਨ ਦੀ ਕੋਸ਼ਿਸ ਕਰਦੇ ਤੇ ਲੋਕੀਂ ਆਪਣੇ ਬਿਸਤਰਿਆਂ ਚ ਦੁਬਕ ਜਾਂਦੇ ਇਹੋ ਸੋਚਦੇ ਜਿਵੇਂ ਕੁਝ ਸੁਣਿਆ ਨਾ ਹੋਵੇ। ਗੋਲੀਆਂ ਚੀਕਾਂ ਤੇ ਸਹਿਮ ਨੇ ਉਹਨਾਂ ਨੂੰ ਡਰੌਣੇ ਬਣਾ ਦਿੱਤਾ ਸੀ। ਜੋ ਹੁਣਹਨੇਰੇ ਚ ਆਪਣੇ ਹੀ ਪਰਛਾਵੇਂ ਤੋਂ ਡਰਨ ਲੱਗ ਗਏ ਸੀ। “ਅੱਜ ਤੇ ਜਨਾਬ ਇਹਨਾਂ ਅੰਡਿਆਂ ਤੇ ਭੋਰਾ ਘੁੱਟ ਦੁੱਧ ਨਾਲ ਹੀ ਸਾਰਨਾ ਪੈਣਾ , ਰੋਟੀ ਮਿਲਣੀ ਮੁਸ਼ਕਿਲ ਹੈ। ” ਚੌਕੀਂਦਾਰ ਨੇ ਕਮਰੇ ਦੇ ਅੰਦਰ ਲੁਕਵੇਂ ਢੰਗ ਨਾਲ ਸਟੋਵ ਵਾਲਿਆਂ ਮਤੇ ਉਸ ਦਾ ਚਾਨਣ ਦੂਰੋਂ ਦਿਸ ਨਾ ਜਾਏ। ਡਰ ਉਸਦੇ ਅੰਦਰ ਘਰ ਕਰ ਚੁੱਕਾ ਸੀ। ਸੋਹਣ ਸਿੰਘ ਨੂੰ ਯਾਦ ਆਇਆ। ਉਹ ਇਸੇ ਸਕੂਲ ਚ ਆਪਣੇ ਸਕੂਲੋਂ ਡਾਕ ਲੈ ਕੇ ਆਇਆ ਕਰਦਾ ਸੀ। ਸਵੇਰੇ ਹੀ ਚਿੱਠੀ ਫੜੀ ਇਸ ਸਕੂਲ ਚ ਪਹੁੰਚਦਾ। ਇੱਕ ਵਾਰ ਚਿੱਠੀ ਦੇਣ ਆਇਆ ਤਾਂ ਮਾਸਟਰ ਗੱਜਣ ਸਿੰਘ ਨੇ ਪਰੌਂਠਿਆਂ ਦੀ ਸੁਲਾਹ ਮਾਰੀ। ਉਹ ਬੱਚਾ ਸੀ ਸੰਗਦਾ ਸੀ ਇਨਕਾਰ ਕਰ ਰਿਹਾ ਸੀ। ਗੱਜਣ ਸਿੰਘ ਦੀ ਘਿਉ ਚ ਤਲੇ ਪਰੌਂਠਿਆਂ ਨਾਲ ਅੰਬ ਦੇ ਅਚਾਰ ਤੇ ਚਾਹ ਹੱਥ ਚ ਫੜਾਉਂਦੇ ਹੋਏ ਕਹੀ ਗੱਲ ਉਸਨੂੰ ਅੱਜ ਵੀ ਯਾਦ ਸੀ। ” ਓਹ ਖਾ ਲੈ ਸੋਹਣ, ਉਮਰ ਭਰ ਯਾਦ ਰੱਖੇਗਾਂ ਕਿ ਮਾਸਟਰ ਗੱਜਣ ਸਿਉਂ ਨੇ ਅੰਬ ਦੇ ‘ਚਾਰ ਨਾਲ ਪਰਾਉਂਠੇ ਖਵਾਏ ਸੀ ” . ਤੁਰਨ ਕਰਕੇ ਉਸਨੂੰ ਭੁੱਖ ਵਾਹਵਾ ਲੱਗੀ ਸੀ। ਤੇ ਮਾਸਟਰ ਦੀ ਕਹੀ ਗੱਲ ਤੇ ਉਹ ਪਰੌਂਠਿਆਂ ਦਾ ਉਹ ਸੁਆਦ ਉਸਨੂੰ ਅੱਜ ਤੱਕ ਨਹੀਂ ਸੀ ਭੁੱਲਾ। 25-30 ਸਾਲ ਦੇ ਵਕਫ਼ੇ ਮਗਰੋਂ ਉਸੇ ਸਕੂਲ ਚ ਬੈਠ ਕੇ ਪਰੌਂਠਿਆਂ ਦੀ ਖੁਸ਼ਬੂ ਉਸਦੇ ਨੱਕ ਚ ਪਤਾ ਨਹੀਂ ਕਿਥੋਂ ਸਮਾ ਗਈ। ਉਹ ਹੈਰਾਨ ਸੀ ਭੁੱਖੇ ਸੌਣ ਦੀ ਨੌਬਤ ਚ ਵੀ ਖਿਆਲਾਂ ਚ ਘੁੰਮਦੀਆਂ ਖੁਸ਼ਬੂਆਂ ਕੋਈ ਨਹੀਂ ਭੁੱਲਦਾ। ਮੌਤ ਦੇ ਛਾਵੇਂ ਵੀ ਜੇ ਬੰਦੇ ਦੇ ਅੰਦਰੋਂ ਚੰਗੀਆਂ ਯਾਦਾਂ ਨਾ ਮਰਨ ਤਾਂ ਉਸਦੇ ਜਿੰਦਗੀ ਜਿੰਦਾ ਬਚੇ ਰਹਿਣ ਦੇ ਮੌਕੇ ਵੱਧ ਜਾਂਦੇ ਹਨ। ਪਰ ਦੀਨਾ ਨਾਥ ਡਰ ਰਿਹਾ ਸੀ , ਇੱਕ ਹਿੰਦੂ ਉੱਪਰੋਂ ਪੰਡਿਤ ਤੇ ਡਿਊਟੀ ਵੀ ਕਿਸੇ ਪਿੰਡ ਦੇ ਸਕੂਲ ਚ ਉਸਦਾ ਡਰ ਵਧਦਾ ਸੀ ਘੜੀ ਮੁੜੀ ਇਕੋ ਗੱਲ ਦੁਹਰਾ ਰਿਹਾ ਸੀ। ਕਿਸੇ ਸ਼ਹਿਰ ਦਾ ਸਕੂਲ ਦੇ ਦਿੰਦੇ , ਜੇ ਮੈਨੂੰ ਕੁਝ ਹੋ ਗਏ ਤਾਂ ਮੇਰੇ ਬੱਚੇ ਰੁਲ ਜਾਣਗੇ। ਪਤਾ ਨਹੀਂ ਕਮਿਸ਼ਨ ਕਿਉਂ ਉਹਨਾਂ ਵਰਗਿਆਂ ਦੀਆਂ ਜਾਨਾਂ ਰੋਲ ਰਿਹਾ ਸੀ। ਉਸਨੂੰ ਡਰਦਾ ਵੇਖ ਸਕੂਲ ਦੀ ਛੱਤ ਤੇ ਘਾਟ ਲਗਾਏ ਬੈਠੇ ਸੀ ਆਰ ਪੀ ਐੱਫ ਦੇ ਜਵਾਨਾਂ ਵਿਚੋਂ ਇੱਕ ਨੇ ਆਖਿਆ ,” ਪੰਡਿਤ ਜੀ ਫਿਕਰ ਕਿਉਂ ਕਰਦੇ ਹੋ , ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਗੋਲੀਆਂ ਸਾਡੇ ਸੀਨਿਆਂ ਵਿੱਚੋ ਗੁਜਰਨਗੀਆਂ। ਬੇਫਿਕਰ ਹੋਕੇ ਸੋਵੋ। ਪਰ ਇੱਕ ਤਾਂ ਭੁੱਖੇ ਉੱਪਰੋਂ ਮੌਤ ਦਾ ਸਾਇਆ ਨੀਂਦ ਕਿਸਨੂੰ ਆਉਣੀ ਏ। ਭਲਾਂ ਕੋਈ ਦੁਨਿਆਂਦਾਰੀ ਦਾ ਮੋਹ ਰੱਖਣ ਵਾਲਾ ਵੀ ਸੁਖ ਦੀ ਨੀਂਦ ਸੌਂ ਸਕਿਆ ?ਸੋਹਣ ਸਿੰਘ ਨੂੰ ਜਾਪਦਾ ਸੀ ਦੀਨਾ ਨਾਥ ਦੀ ਗੱਲ ਚ ਦਮ ਤਾਂ ਹੈ। ਪਰ ਸਿਸਟਮ ਨੂੰ ਐਸੇ ਘੁਣ ਨੇ ਖਾਧਾ ਸੀ ਕਿ ਆਪੋਂ ਆਪ ਨੂੰ ਬਚਾਉਂਦਾ ਹਰ ਕੋਈ ਆਪਣੇ ਹੀ ਧਰਮ ਦੇ ਬੰਦਿਆ ਨੂੰ ਮੌਤ ਦੇ ਮੂੰਹ ਚ ਧੱਕ ਰਿਹਾ ਸੀ। ਇਥੇ ਧਰਮੀ ਖੂਨ ਤੋਂ ਵੱਧ ਖੁਦ ਦੀ ਜਾਂ ਪਿਆਰੀ ਸੀ। ਫਿਰ ਵੀ ਉਹ ਸੋਹਣ ਸਿੰਘ ਨੂੰ ਧਰਵਾਸ ਦਿੰਦਾ ਬੋਲਿਆ ,” ਪੰਡਿਤ ਜੀ ਗੋਲੀ ਤੇ ਕਿਤੇ ਲਿਖਿਆ ਹੁੰਦਾ ਕਿ ਕਿਸ ਧਰਮ ਦੇ ਸੀਨੇ ਚ ਜਾਣੀ ਏ , ਖਾੜਕੂਆਂ ਲਈ ਜਿਹੇ ਤੁਸੀਂ ਉਹੋ ਜਿਹਾ ਮੈਂ ਸਾਡੇ ਦੋਹਾਂ ਦੇ ਕਰਮ ਇੱਕ ਹਨ ਤਾਂ ਸਜ਼ਾ ਵੱਖ ਥੋੜੇ ਹੋ ? ਆਪਣੇ ਜਿੰਦਾ ਬਚਣ ਜਾਂ ਮਰਨ ਦੇ ਇੱਕੋ ਜਿੰਨੇ ਚਾਂਸ ਹਨ। “ਪਰ ਉਹ ਤਾਂ ਤੇਰੇ ਧਰਮ ਦੇ ਬੰਦੇ ਨੇ ਸੋਹਣ ਸਿਹਾਂ , ਖੌਰੇ ਤੈਨੂੰ ਛੱਡ ਹੀ ਦੇਣ !” ਉਹਦੇ ਦਿਲ ਚ ਅਜੇ ਵੀ ਡਰ ਸੀ। ” ਇੰਝ ਉਹ ਹਰ ਇੱਕ ਨੂੰ ਦਿੱਖ ਦੇਖਕੇ ਛੱਡ ਦੇਣ ਤਾਂ ਮੈਨੂੰ ਲਗਦਾ ਕਤਲ ਦੀਆਂ ਵਾਰਦਾਤਾਂ ਚੌਥਾ ਹਿੱਸਾ ਵੀ ਨਾ ਰਹਿਣ। ” ਉਹ ਆਪਣੇ ਪੱਖੋਂ ਤਾਂ ਆਪਣੇ ਸਾਬ ਨਾਲ ਚੱਲ ਰਹੇ ਹਨ। “ਪਰ ਇੰਝ ਖੂਨ ਖਰਾਬਾ ਕੀ ਜਾਇਜ ਏ ?” ਦੀਨਾ ਨਾਥ ਦੇ ਮਨ ਚ ਤੌਖਲਾ ਸੀ। “ਜਦੋਂ ਅੰਨ੍ਹੀ ਪੀਹੇ ਤੇ ਕੁੱਤਾ ਖਾਏ ਤਾਂ ਕਿ ਜਾਇਜ਼ ਕੀ ਨਜਾਇਜ਼ ? ਜਦੋਂ ਦੋਵੇਂ ਪਾਸਿਓਂ ਮਸਲੇ ਗੋਲੀਆਂ ਹੀ ਹੱਲ ਕਰ ਰਹੀਆਂ ਹਨ ਤੇ ਪ੍ਰਬੰਧ ਲੋਕਸ਼ਾਹੀ ਦਾ ਢੌਂਗ ਕਰ ਰਿਹਾ ਹੋਵੇ ਤੇ ਵੋਟ ਪੈ ਰਹੀ ਹੋਏ ਜਦੋਂ ਸਭ ਲੀਡਰ ਬਾਈਕਾਟ ਕਰ ਚੁੱਕੇ ਹੋਣ। ਇਹ ਐਸੇ ਹਾਲਤ ਬਣ ਚੁੱਕੇ ਹਨ ਸਭ ਲਈ ਨਾ ਅੱਗੇ ਜਾਣ ਦਾ ਰਾਹ ਏ ਨਾ ਪਿੱਛੇ ਮੁੜਨ ਦਾ। ਹੁਣ ਤਾਂ ਸਭ ਆਪਣੀ ਸਮਝ ਮੁਤਾਬਿਕ ਇੱਕ ਫਰਜ਼ ਨਿਭਾ ਰਹੇ ਹਨ ਡਿਊਟੀ ਪੂਰ ਰਹੇ ਹਨ ਮਜਬੂਰੀ ਵਜੋਂ ਜਾਂ ਇਹ ਸੋਚਕੇ ਕਿ ਇਹ ਨਿਜ਼ਾਮ ਬਦਲਗਾ। “ਉਸਨੇ ਦੀਨਾ ਨਾਥ ਵੱਲ ਤੱਕਦੇ ਹੋਏ ਕਿਹਾ ” ਅਸੀਂ ਸੋਚਣ ਡਹੇ ਹਾਂ ਕਿ ਸਾਡੀ ਇਹ ਡਿਊਟੀ ਉਸ ਗੋਲਿਤੰਤਰ ਨੂੰ ਬਦਲ ਦਵੇਗੀ ਉਹ ਸੋਚ ਰਹੇ ਹਨ ਉਹਨਾਂ ਦੀ ਲੜਾਈ ਜਰਜ਼ਰ ਹੋਏ ਸਿਸਟਮ ਨੂੰ , ਕੋਈ ਇਥੇ ਸਹੀ ਗਲਤ ਹੀ ਨਹੀਂ ਰਿਹਾ ਕੋਈ ਜਾਇਜ਼ ਨਜਾਇਜ ਨਹੀਂ ਰਿਹਾ ” ਬੱਸ ਸਭ ਹਨੇਰੇ ਚ ਦੌੜ ਰਹੇ ਹਨ ਇੱਕ ਸਵੇਰ ਨੂੰ ਲੱਭਦੇ ਹੋਏ ਕਦੋਂ ਕਿਸਨੂੰ ਮਿਲਦੀ ਏ ਪਤਾ ਨਹੀਂ। ਉਸਦੀਆਂ ਗੱਲਾਂ ਦੀ ਲੜੀ ਟੁੱਟੀ , ਥੱਕੀ ਹੋਈ ਸੜਕ ਉੱਪਰ ਕੋਈ ਰੁੜੇ ਆਉਂਦੇ ਟੈਂਪੂ ਦੀ ਆਵਾਜ਼ ਸੁਣਾਈ ਦਿੱਤੀ। ਸੀ ਆਰ ਪੀ ਐੱਫ ਵਾਲਿਆਂ ਨੇ ਨਿਸ਼ਾਨੇ ਕੱਸ ਲਏ। ਨੇੜਿਓਂ ਤੱਕਿਆਂ ਪੁਲਿਸ ਦੀ ਗੱਡੀ ਜਾਪੀ। ਅੰਦਰ ਵੀ ਪੁਲਿਸ ਮੁਲਾਜ਼ਿਮ ਦੀਆਂ ਵਰਦੀਆਂ ਵਾਲੇ ਬੰਦੇ ਸੀ। ਸੀ ਆਰ ਪੀ ਐੱਫ ਵਾਲਿਆਂ ਨੇ ਲਲਕਾਰਾ ਮਾਰਿਆ। ਪਰ ਅੰਦਰੋਂ ਜਾਣੀ ਪਛਾਣੀ ਅਵਾਜ ਸੁਣਕੇ ਤਸੱਲੀ ਹੋ ਗਈ ਕਿ ਆਪਣੇ ਹੀ ਬੰਦੇ ਹਨ। ਉਹ ਤਿੰਨੋ ਗੱਡੀ ਕੋਲ ਢੁੱਕੇ। ਅੰਦਰ ਥਾਣੇਦਾਰ ਕੱਲੀ ਬੁਨੈਣ ਪਾਈ ਫਟਾਫਟ ਰੋਟੀਆਂ ਤੇ ਦਾਲ ਉਹਨਾਂ ਨੂੰ ਫੜਾਉਂਦਾ ਬੋਲਿਆ ,” ਐਹ ਚੱਕੋ ਜਨਾਬ ਛੇਤੀ ਫੜੋ ਅਸੀਂ ਹੋਰ ਵੀ ਪਿੰਡਾਂ ਚ ਪਹੁੰਚਾ ਕੇ ਆਉਣੀ ਏ ਸਭ ਪਿੰਡਾਂ ਚ ਹੀ ਭੁੱਖਣ ਭਾਣੇ ਬੈਠੇ ਹੈ ਵੋਟ ਅਮਲਾ। “ਸਰਕਾਰ ਤਾਂ ਐਨਾ ਸੋਚਦੀ ਨਹੀਂ ਤੇ ਪੁਲਿਸ ਕਿਥੋਂ ਖਰਚਾ ਕਰ ਸਕਦੀ। ਫਿਰ ਇਹ ਰੋਟੀਆਂ ਤੇ ਦਾਲ ਆਈਆਂ ਕਿਥੋਂ। “ਜਨਾਬ ਇਹ ਕਿਥੋਂ ਲੈ ਆਏ ਅੰਨ ਪਾਣੀ “. ਸੋਹਣ ਨੇ ਟਕੋਰ ਜਹੀ ਨਾਲ ਪੁੱਛਿਆ। ” ਬੱਸ ਪੁੱਛੋਂ ਨਾ ਜਨਾਬ , ਅੱਜ ਕੋਈ ਸਰਕਾਰੀ ਕਣਕ ਦੀ ਬਲੈਕ ਕਰਦਾ ਡਿਪੂ ਹੋਲਡਰ ਫੜਿਆ ਸੀ ” . ਓਥੋਂ ਕਣਕ ਕੱਢ ਕੇ ਵੇਚ ਵੱਟ ਕੇ ਰੋਟੀ ਦਾ ਪ੍ਰਬੰਧ ਕੀਤਾ। ਅਸੀਂ ਵੀ ਜਾਣਦੇ ਹਾਂ ਥੋਡੀਆਂ ਡਿਊਟੀਆਂ ਕਿੰਨੀਆਂ ਸਖ਼ਤ ਹਨ। ਬੱਸ ਆਪਣਾ ਫਰਜ ਸਮਝਿਆ ਕਿ ਭੁੱਖੇ ਢਿੱਡਾਂ ਨੂੰ ਅੰਨ ਦਈਏ। ਹੋਰ ਭਲਾਂ ਡਿਊਟੀ ਕੀ ਹੁੰਦੀ ਹੈ। ਸੋਹਣ ਸਿੰਘ ਤੇ ਦੀਨਾ ਨਾਥ ਨੂੰ ਆਪਣੀ ਰੋਟੀ ਤੇ ਫਰਜ਼ ਦੀ ਗੱਲ ਵਧੇਰੇ ਸਪਸ਼ਟ ਹੋ ਗਈ। ਹਰ ਇੱਕ ਦੀ ਫਰਜ਼ ਦੀ ਆਪੋ ਆਪਣੀ ਪਰਿਭਾਸ਼ਾ ਹੈ। ਰੋਟੀਆਂ ਛੱਕ ਕੇ ਤਾਰਿਆਂ ਦੀ ਛਾਵੇਂ ਮੰਜੇ ਡਾਹ ਉਹਨਾਂ ਨੂੰ ਅਸਮਾਨ ਵੱਧ ਚਮਕ ਵਾਲਾ ਦਿਸ ਰਿਹਾ ਸੀ ਭਵਿੱਖ ਦੀ ਰੋਸ਼ਨੀ ਨਜ਼ਰ ਆ ਰਹੀ ਸੀ ਕਿ ਪੰਜਾਬ ਚ ਮੁੜ ਸਹਿਮ ਨਹੀਂ ਸਗੋਂ ਖੁਸ਼ੀਆਂ ਗੂੰਜਣਗੀਆਂ।
[ ਸਮਾਪਤ ]