ਮੇਰੇ ਬਾਰੇ :ਮੇਰਾ ਰੇਖਾ ਚਿੱਤਰ
ਮੈਂ ਹਰਜੋਤ ਸਿੰਘ ਜਿਲ੍ਹਾ ਲੁਧਿਆਣਾ ਦੇ ਇੱਕ ਨਿੱਕੇ ਪਿੰਡ ਚ ਉਸ ਦੌਰ ਚ ਜੰਮਿਆ ਜਦੋਂ ਬੱਚੇ ਜੰਗਲ ਚ ਉੱਗੀਆਂ ਝਾੜੀਆਂ ਵਾਂਗ ਮੌਸਮ ਦੇ ਅਸਰ ਹੇਠ ਬਿਨਾਂ ਵਿਉਂਤ ਤੋਂ ਆਪੇ ਉੱਗ ਆਉਂਦੇ ਸੀ । ਪਰ ਮੇਰਾ ਜਨਮ ਵਿਉਂਤ ਵਾਲਾ ਸੀ । ਮਾਂ ਬਾਪ ਕੁਦਰਤੀ ਸਮਝਦਾਰ ਸੀ । ਉਹਨਾਂ ਨੇ ਪਿੰਡ ਚ ਜੰਮੇ ਹੋਰ ਬੱਚਿਆਂ ਵਾਂਗ ਜੰਮਣ ਮਗਰੋਂ ਰੱਬ ਆਸਰੇ ਨਹੀਂ ਛੱਡਿਆ ਸਗੋਂ ਰੀਝ ਨਾਲ ਪਾਲਿਆ ਤੇ ਉਹ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜੋ ਉਹ ਦੇ ਸਕਦੇ ਸੀ । #HarjotDiKalam
ਕਿਹੜੀ ਉਮਰੇ ਪੜ੍ਹਨ ਦਾ ਚਸਕਾ ਪਿਆ ਮੈਨੂੰ ਵੀ ਨਹੀਂ ਪਤਾ । ਪਰ ਕਿਤਾਬਾਂ ਨੇ ਮੇਰੀ ਜ਼ਿੰਦਗੀ ਨੂੰ ਆਮ ਲੋਕਾਂ ਤੋਂ ਵਧੀਆ ਬਣਾ ਦਿੱਤਾ । ਕੁਦਰਤੀ ਦੇਣ ਕਿ ਦਿਮਾਗ਼ ਤਰਕ ਤੇ ਭਾਵਨਾ ਨੂੰ ਇੱਕੋ ਜਿੰਨਾ ਸਮਝ ਸਕਦਾ ਸੀ । ਇਸ ਲਈ ਵਿਗਿਆਨ ,ਹਿਸਾਬ ,ਇਤਿਹਾਸ ਭੂਗੋਲ ,ਫਿਰ ਇਕਨਾਮਿਕਸ ,ਹਿਸਾਬ ਮੈਡੀਕਲ ,ਮਨੋਵਿਗਿਆਨ ਹਰ ਵਿਸ਼ੇ ਨੂੰ ਸਮਝਣ ਤੇ ਸਮਝਾਉਣ ਦੀ ਕਾਬਲੀਅਤ ਸੀ ।
ਇਸ ਲਈ ਮੈਨੂੰ ਜ਼ਿੰਦਗ਼ੀ ਤੋਂ ਕਦੇ ਰੋਸਾ ਨਹੀਂ ਹੋਇਆ । ਮੈਂ ਕਦੇ ਕੂੜਿਆ ਨਹੀਂ ਕਿ ਮੈਨੂੰ ਆਹ ਨਹੀਂ ਮਿਲਿਆ ਕਦੇ ਅਫਸੋਸ ਨਹੀਂ ਹੋਇਆ ਕਿ ਕਿਸੇ ਹੋਰ ਨੂੰ ਮੇਰੇ ਨਾਲੋਂ ਜਨਮ ਸਮੇਂ ਜਾਂ ਉਸ ਤੋਂ ਮਗਰੋਂ ਵੱਧ ਕਿਉ ਮਿਲਿਆ । ਆਪਣੀ ਕਾਬਲੀਅਤ ਤੇ ਭਰੋਸਾ ਸੀ ਤੇ ਹੈ ਕਿ ਜੋ ਚਾਹਾਂਗਾ ਹਾਸਿਲ ਹੋ ਜਾਏਗਾ ।ਪਰ ਪਦਾਰਥਕ ਚੀਜ਼ਾਂ ਓਨੀਆਂ ਕੁ ਹਾਸਿਲ ਕਰਨੀਆਂ ਚਾਹੁੰਦਾ ਹਾਂ ਜਿੰਨੇ ਕੁ ਨੂੰ ਹੰਡਾ ਸਕਾਂ । ਭੰਡਾਰ ਕਰਕੇ ਰੱਖਣ ਦਾ ਸ਼ੌਂਕ ਨਹੀਂ ।
ਪੜਿਆਂ ਮੈਂ ਬਹੁਤ ਪੜਿਆ ਦੋ ਐੱਮ ਏ ਕੀਤੀਆਂ ਜੇ ਆਰ ਐੱਫ ਕਿਤੇ ਹੁਣ ਪੀ ਐਚ ਡੀ ਦੀ ਰਾਹ ਤੇ ਹਾਂ । ਉਮਰ ਅਜੇ 26-30 ਆਲੇ ਚ ਹੈ ।
ਹੋਰ ਪ੍ਰਾਪਤੀਆਂ ਹਨ ,ਜਿੱਥੇ ਤੱਕ ਪਹੁੰਚਣ ਲਈ ਕਈਆਂ ਨੂੰ ਬਹੁਤ ਵਰ੍ਹੇ ਲੱਗ ਜਾਂਦੇ ਹਨ । ਪਰ ਮੈਂ ਜਲਦੀ ਪਹੁੰਚ ਗਿਆ । ਸਿਰਫ ਕਾਬਲੀਅਤ ਤੇ ਮਿਹਨਤ ਕਰਕੇ । ਨਹੀਂ ਜਿਥੋਂ ਨਿਕਲਿਆ ਸੀ ਜਿਸ ਹਾਲਾਤਾਂ ਚੋਂ ਗੁਜਰਿਆ ਸੀ ਹੋ ਸਕਦਾ ਸੀ ਕੋਈ ਰਾਹ ਚ ਉਸ ਵਹਾਅ ਚ ਰੁੜ ਜਾਂਦਾ ਪਰ ਮੈਂ ਫਿਰ ਵੀ ਬਚਿਆ ਰਿਹਾ।
ਪਰ ਬਾਕੀ ਗੱਲਾਂ ਨਾਲੋਂ ਮੇਰਾ ਮਕਸਦ ਜ਼ਿੰਦਗ਼ੀ ਦੇ ਉਹ ਅਨੁਭਵ ਜੋ ਦੇਖੇ ਜੋ ਸੁਣੇ ਤੇ ਜੋ ਆਪਣੇ ਪਿੰਡੇ ਤੇ ਹੰਢਾਏ ਉਹ ਸਾਂਝੇ ਕਰ ਸਕਾਂ ।
ਜਿੰਦਗੀ ਦੀ ਅੰਤਿਮ ਪ੍ਰਾਪਤੀ ਸਿਰਫ ਤੇ ਸਿਰਫ ਉਹ ਅਨੁਭਵ ਹਨ ਜੋ ਅਸੀਂ ਹਾਸਿਲ ਕਰਦੇ ਹਾਂ । ਬਾਕੀ ਪ੍ਰਾਪਤੀਆਂ ਬੇ ਮਾਅਨੇ ਹਨ । ਉਹ ਤੁਹਾਡੇ ਜਿਉਣ ਦਾ ਸਹਾਰਾ ਹੋ ਸਕਦੀਆਂ ਲੋਕਾਂ ਨੂੰ ਦਿਖਉਣ ਲਈ ਹੋ ਸਕਦੀਆਂ ਪਰ ਅਸਲ ਪ੍ਰਾਪਤੀ ਅਨੁਭਵ ਹੈ।
ਇਸ਼ਕ :- ਬਚਪਨ ਨਿੱਕਲਾ ਜਿਵੇਂ ਵੀ ਸੀ ਤੰਗੀਆਂ ਤੁਰਸ਼ੀਆਂ ਤੇ ਦੁੱਖ ਤਕਲੀਫ਼ਾਂ ,ਅੱਲ੍ਹੜ ਉਮਰ ਵੀ ਗੁਜਰੀ । ਤੇ ਫਿਰ ਇਸ਼ਕ ਵੀ ਹੋਇਆ ਉਹ ਵੀ ਜਬਰਦਸਤ ਵਾਲਾ । ਫਿਰ ਕਵਿਤਾ ਵੀ ਲਿਖੀ ਕਿਉਕਿ ਪਹਿਲੇ ਇਸ਼ਕ ਚ ਤੁਹਾਨੂੰ ਆਪਣੀ ਮੁਹੱਬਤ ਕਵਿਤਾ ਵਰਗੀ ਲਗਦੀ ਹੈ। ਪਰ ਦਰਦ ਚ ਉਹ ਬਿਰਹਾ ਤੇ ਬੰਦਾ ਮੌਤ ਮੌਤ ਕੂਕਦਾ ਹੈ । ਮੈਂ ਵੀ ਲਿਖਿਆ ਕਿਊਕਿ ਮੈਂ ਵੀ ਅਜੇ ਉਦੋਂ ਸਮਝ ਰਿਹਾ ਸੀ ।ਪਰ ਫਿਰ ਸਮਝਿਆ ਇਸ਼ਕ ਮੁਹੱਬਤ ਤੇ ਇਸ ਸਭ ਦਾ ਫਿਰ ਉਸ ਤੋਂ ਅੱਗੇ ਹੋਰ ਤੇ ਹੋਰ ।
ਫਿਰ ਜ਼ਿੰਦਗੀ ਚ ਸਿੱਧਾ ਵੀ ਹੋਇਆ ।ਪਹਿਲੇ ਮਗਰੋਂ ਇੱਕ ਲੰਮਾ ਇਸ਼ਕ ਵੀ ਚੱਲਿਆ । ਪਰ ਰਿਸ਼ਤਿਆਂ ਦੀ ਵੀ ਇੱਕ ਉਮਰ ਹੁੰਦੀ ਤੇ ਸਮੇਂ ਨਾਲ ਉਹ ਵੀ ਖਤਮ ਹੋ ਗਿਆ । ਪਰ ਉਦੋਂ ਤੱਕ ਦਿਲ ਤੇ ਦਿਮਾਗ ਦੀ ਸਮਝ ਵਿਕਸਤ ਹੋ ਗਈ । ਇੱਕੋ ਜਿੰਨਾ ਦਿਮਾਗ ਹਰ ਵਿਸ਼ੇ ਨੂੰ ਸਮਝ ਚੁੱਕਾ ਸੀ । ਇਸ ਲਈ ਫਿਰ ਉਹ ਉਮਰ ਵੀ ਗੁਜਰੀ ।
ਹੁਣ ਤਾਂ ਬੱਸ ਇੱਕੋ ਹੀ ਇਸ ਜ਼ਿੰਦਗੀ ਦੇ ਅਨੁਭਵ ਲਿਖ ਰਿਹਾਂ । ਜੋ ਮੈਂ ਮਹਿਸੂਸ ਕੀਤੇ ਜੋ ਮੈਂ ਪੜ੍ਹੇ ਤੇ ਜੋ ਮੈਂ ਸੁਣੇ ।
ਉਹ ਸਭ ਜੋ ਮਨ ਚ ਦੱਬਿਆ ਗਿਆ ਤੇ ਨਿੱਕਲ ਨਾ ਸਕਿਆ । ਮੇਰੇ ਆਪਣੇ ਮਨ ਦੇ ਭਾਂਬੜ ਅਜੇ ਬਾਕੀ ਹਨ । ਉਹ ਵੀ ਬਾਹਰ ਆਉਣੇ ਹਨ । ਜੇ ਹੋਰਾਂ ਦੀ ਤੜਪ ਐਨੀ ਡੂੰਘੀ ਹੈ ।ਸੋਚੋ ਮੇਰੀਆਂ ਗੱਲਾਂ ਦੀ ਕਿੰਨੀ ਹੋਏਗੀ । ਪਰ ਲਿਖਾਂਗਾ ਜਰੂਰ ਅੱਜ ਨਹੀਂ ਤਾਂ ਕੱਲ੍ਹ ।
ਮੇਰੀ ਸ਼ਬਦਾਂ ਦੀ ਤਸਵੀਰ ਕੋਈ ਹੋਰ ਲਿਖਦਾ ਮੈਂ ਖੁਦ ਲਿਖ ਦਿੱਤੀ । ਕੋਈ ਸਾਹਵੇਂ ਆ ਕੇ ਦੇਖਦਾ ਜਾਂ ਚਿਹਰੇ ਨੂੰ ਪੜਦਾ ਮੈਂ ਮਨ ਦੀ ਤਸਵੀਰ ਖਿੱਚ ਦਿੱਤੀ । ਇਸਨੂੰ ਮਨ ਚ ਵਸਾ ਲੈਣਾ ।ਮੈਂ ਹਰਜੋਤ ਸਿੰਘ ਇਹੋ ਹਾਂ ।
ਇਹੋ ਰਹਾਂਗਾ ।
ਜ਼ਿੰਦਗੀ ਨੂੰ ਮੈਂ ਆਪਣੇ ਰੱਜ ਤੱਕ ਮਾਨਣਾ ਚਾਹੁੰਦਾ ਹਾਂ ਤੇ ਮਾਣ ਵੀ ਰਿਹਾ ਹਾਂ । ਜੋ ਅਨੁਭਵ ਹਨ ਉਹ ਲਿਖ ਰਿਹਾਂ ਹਾਂ । ਤੇ ਲਿਖਦਾ ਰਹਾਂਗਾ । ਮੇਰੀ ਕੋਈ ਰਚਨਾ ਤੁਹਾਡੇ ਆਸ ਪਾਸ ਤੁਹਾਡੇ ਨਾਲ ਘਟ ਰਹੀ ਜਾ ਘਟ ਗਈ ਹੋ ਸਕਦੀ ਹੈ । ਤੁਹਾਡੇ ਮਨ ਦਾ ਪ੍ਰਤੀਬਿੰਬ ਹੋ ਸਕਦੀ ਹੈ । ਤੁਹਾਡੇ ਉਹਨਾਂ ਅਹਿਸਾਸਾਂ ਜਾਂ ਕੰਮਾਂ ਦੀ ਹੋ ਸਕਦੀ ਹੋ ਜੋ ਤੁਸੀਂ ਕੀਤੇ ਹੋਣ ਮਹਿਸੂਸ ਕੀਤੇ ਹੋਣ ਪਰ ਦੱਸਣ ਤੋਂ ਡਰਦੇ ਹੋ ਸ਼ਰਮਾਉਂਦੇ ਹੋ ਲੁਕੋ ਕੇ ਰੱਖਦੇ ਹੋ।
ਇਸ ਲਈ ਮੈਂ ਵੀ ਤੁਹਾਡੇ ਮਨ ਚ ਹੀ ਹਾਂ ਕਿਤੇ ਤੁਹਾਡਾ ਹੀ ਇੱਕ ਹਿੱਸਾ ਹਾਂ ।
ਜੋ ਲਿਖਿਆ ਉਹੀ ਮੈਂ ਪ੍ਰਾਪਤੀ ਮੰਨਦਾ ਬਾਕੀ ਕੁਝ ਨਹੀਂ । ਕਿਸੇ ਨੂੰ ਪਸੰਦ ਨਾ ਪਸੰਦ ਮੇਰੀ ਸਮੱਸਿਆ ਨਹੀਂ ਹੈ ।
ਮੇਰੇ ਬਾਰੇ ਮੇਰਾ ਰੇਖਾ ਚਿੱਤਰ
Leave a reply