ਪੂਰਨਤਾ ਦਾ ਅਹਿਸਾਸ ਭਾਗ : ਦੂਸਰਾ

ਗਗਨ ਉਸਦੀ ਕਲਾਸ ਦੀ ਸਭ ਤੋਂ ਚੁਲਬੁਲੀ ਕੁੜੀ ਸੀ । ਉਹ ਨੇੜਲੇ ਪਿੰਡ ਤੋਂ ਇਸ ਕੁੜੀਆਂ ਦੇ ਕਾਲਜ਼ ਚ ਪੜ੍ਹਨ ਆਉਂਦੀ ਸੀ । ਕਾਲਜ ਚ ਗਿਆਰਵੀਂ ਬਾਰਵੀਂ ਦੀ ਪੜ੍ਹਾਈ ਵੀ ਸੀ । ਦੋਵਾਂ ਨੇ ਕੱਠੇ ਹੀ ਕਾਲਜ਼ ਗਿਆਰਵੀਂ ਚ ਦਾਖਲਾ ਸੀ । ਕਾਲਜ ਦੀ ਬੱਸ ਰਾਹੀਂ ਆਉਂਦੀਆਂ ਜਾਂਦੀਆਂ ਸੀ । ਦੋਵਾਂ ਦਾ ਸੁਭਾਅ ਇੱਕ ਦੂਸਰੇ ਤੋਂ ਉਲਟਾ ਹੋਣ ਕਰਕੇ ਵੀ ਕਾਫੀ ਵਧੀਆ ਆਪਸ ਚ ਬਣਦੀ ਸੀ । ਗਗਨ ਕੋਲ ਕਲਾਸ ਦੀ ਹਰ ਕੁੜੀ ਦੀ ਖ਼ਬਰ ਹੁੰਦੀ ਸੀ । ਕਿਸਦਾ ਬੁਆਫਰੈਂਡ ਹੈ ਕਿਸਦਾ ਨਹੀਂ ਹੈ । ਕੌਣ ਅੱਜ ਟਿਊਸ਼ਨ ਦੀ ਜਗ੍ਹਾ ਆਪਣੇ ਕਿਸੇ ਦੋਸਤ ਨੂੰ ਮਿਲਣ ਜਾ ਰਹੀ ਹੈ । ਕੌਣ ਕਲਾਸ ਚ ਮੁਬਾਈਲ ਲੈ ਕੇ ਆਉਂਦੀ ਹੈ ਕਿਸਨੇ ਚੋਰੀ ਮੁਬਾਈਲ ਰਖਿਆ ਹੋਇਆ ਹਰ ਇੱਕ ਖ਼ਬਰ ਉਸ ਕੋਲ ਹੁੰਦੀ ਸੀ । ਕਿਸ ਕੁੜੀ ਦਾ ਆਪਣੇ ਬੁਆਫਰੈਂਡ ਨਾਲ ਰਿਲੇਸ਼ਨ ਕਿੱਥੇ ਤੱਕ ਹੈ ਸਭ ਬਾਰੇ ਉਹ ਤੁਰਦੀ ਫਿਰਦੀ ਵਿਕੀਪੀਡੀਆ ਸੀ ।
ਇਸਦੇ ਬਾਵਜੂਦ ਹੁਸ਼ਿਆਰ ਸੀ । ਕਦੇ ਉਸਨੂੰ ਪੜ੍ਹਦੇ ਹੋਏ ਨਹੀਂ ਦੇਖਿਆ ਸੀ । ਪਰ ਹਰ ਪੇਪਰ ਚੋ ਵਧੀਆ ਨੰਬਰ ਲੈਂਦੀ ਤੇ ਬੜੇ ਵਧੀਆ ਨੰਬਰਾਂ ਨਾਲ ਪਾਸ ਵੀ ਹੋ ਗਈ । ਅੱਗਿਓਂ ਉਹ ਵੀ ਮੈਡੀਕਲ ਲਾਈਨ ਚ ਜਾਣ ਲਈ ਡਾਕਟਰੀ ਦਾ ਟੈਸਟ ਦੇਣਾ ਚਾਹੁੰਦੀ ਸੀ । ਪਰ ਉਸਦੇ ਘਰਦੇ ਐਵੇਂ ਇਹਨਾਂ ਫ਼ਾਲਤੂ ਪੜ੍ਹਾਈ ਚ ਪਾ ਕੇ ਸਮਾਂ ਖਰਾਬ ਕਰਨ ਦੇ ਮੂਡ ਨਹੀਂ ਸੀ । ਉਹਨਾਂ ਦਾ ਮਕਸਦ ਸਿਰਫ ਐਨਾ ਕੁ ਸੀ ਕਿ ਪੜ੍ਹੀ ਲਿਖੀ ਕਹਾਉਣ ਜੋਗੀ ਹੋ ਜਾਏ ਬੱਸ ਬਥੇਰਾ ।
ਮੈਡੀਕਲ ਚ ਦਾਖਲੇ ਦਾ ਮਕਸਦ ਵੀ ਇਸ ਪਾਸੇ ਕੈਰੀਅਰ ਦਾ ਘੱਟ ਤੇ ਕੁੜੀਆਂ ਦਾ ਕਾਲਜ਼ ਹੋਣਾ ਤੇ ਵੈਨ ਦਾ ਘਰ ਦੇ ਸਾਹਮਣਿਓ ਚੱਕ ਕੇ ਸਾਹਮਣੇ ਹੀ ਉਤਾਰ ਦੇਣ ਕਰਕੇ ਉਹਨਾਂ ਦੀ ਸਿਰਦਰਦੀ ਨਾ ਹੋਣ ਕਰਕੇ ਸੀ ।
ਜਦੋਂ ਬਾਰਵੀਂ ਚ ਕੁਝ ਸਮੇਂ ਲਈ ਬਾਹਰ ਪੜ੍ਹਨ ਲਈ ਟਿਊਸ਼ਨ ਵੀ ਰੱਖੀ ਤਾਂ ਉਸਦਾ ਭਰਾ ਹੀ ਛੱਡਕੇ ਜਾਂਦਾ ਤੇ ਖ਼ਤਮ ਹੋਣ ਤੱਕ ਓਥੇ ਰੁਕ ਕੇ ਹੀ ਵਾਪਿਸ ਹੋ ਜਾਂਦਾ ।
ਪਰ ਪਤਾ ਨਹੀਂ ਐਨੀ ਪਾਬੰਧੀ ਦੇ ਬਾਵਜੂਦ ਕਿਥੋਂ ਇਸ਼ਕ ਝਾਤੀ ਮਾਰ ਗਿਆ । ਸਕੂਲ ਵੈਨ ਦੇ ਡਰਾਈਵਰ ਦੀ ਜਗ੍ਹਾ ਇੱਕ ਦਿਨ ਆਇਆ ਉਸਦਾ ਦੋਸਤ ਕਦੋਂ ਉਸ ਨਾਲ ਗੱਲ ਕਰ ਗਿਆ ,ਨੰਬਰ ਦੇ ਗਿਆ ਤੇ ਚੋਰੀ ਵਰਤਣ ਲਈ ਮੁਬਾਈਲ ਵੀ ਕੁਝ ਵੀ ਖ਼ਬਰ ਨਹੀਂ ਲੱਗੀ ।
ਨੂਰ ਨੂੰ ਜਦੋਂ ਜੁਗਰਾਜ ਨੂੰ ਪਹਿਲੀ ਵਾਰ ਵੀ ਦੇਖਿਆ ਸੀ ਤਾਂ ਉਸਦੀਆਂ ਅੱਖਾਂ ਚ ਦਿਸਦੀ ਇੱਕ ਅਜੀਬ ਜਹੀ ਲਾਲੀ ਤੇ ਇੱਕ ਅਜੀਬ ਜਿਹਾ ਤੱਕਣ ਦਾ ਅੰਦਾਜ਼ ਉਸਨੂੰ ਭੈੜਾ ਲੱਗਾ ਸੀ । ਉੱਪਰੋਂ ਉਮਰ ਚ ਇੰਝ ਲਗਦਾ ਸੀ ਜਿਵੇਂ ਕਈ ਜੁਆਕਾਂ ਦਾ ਬਾਪ ਹੋਵੇ।
ਇਹ ਉਦੋਂ ਸੀ ਜਦੋਂ ਗਗਨ ਖੁਦ ਫੁੱਟ ਰਹੇ ਤੂਤ ਦੀ ਛਿਟੀ ਵਾਂਗ ਰੰਗ ਵੀ ਨਿਖਾਰ ਰਹੀ ਸੀ ਤੇ ਖੁਦ ਨੂੰ ਵੀ । ਉਸਦੇ ਵੱਲ ਵੇਖਕੇ ਤਾਂ ਕੋਈ ਵੀ ਮੁੰਡਾ ਕਦੇ ਵੀ ਹਾਂ ਕਰ ਦਵੇ ਪਤਾ ਨਹੀਂ ਉਸਨੂੰ ਜੁਗਰਾਜ ਚ ਕੀ ਲੱਭਾ ਤੇ ਉਹਦੇ ਕੋਲ ਬੱਸ ਉਸਦੀਆਂ ਗੱਲਾਂ ,ਉਸਦਾ ਫੋਨ ,ਉਸਦੇ ਮੈਸੇਜ ।
ਸਾਰੀਆਂ ਬੰਦਸ਼ਾਂ ਤੇ ਸਭ ਰੋਕਾਂ ਨੂੰ ਤੋੜ ਕੇ ਕੋਈ ਜ਼ਿੰਦਗੀ ਚ ਅਚਨਚੇਤ ਆ ਜਾਏ ਤਾਂ ਸਹਿਜ ਗੱਲ ਹੈ ਕਿ ਉਹ ਹੀ ਰੱਬ ਵਰਗਾ ਦਿਸਦਾ ਹੈ । ਫਿਰ ਅਹਿਸਾਸ ਜੁੜਦੇ ਹਨ ਫਿਰ ਸਹੀ ਗਲਤ ਤੇ ਕੀ ਚੰਗਾ ਕੀ ਮਾੜਾ ਭੁੱਲ ਜਾਂਦਾ ਹੈ । ਬੰਧਨਾਂ ਦੀ ਆਜ਼ਾਦੀ ਨੂੰ ਤੋੜਕੇ ਜੋ ਸਕੂਨ ਮਨ ਨੂੰ ਆਉਂਦਾ ਹੈ ਉਸ ਵਿੱਚ ਆਤਮ ਗਿਲਾਨੀ ਦਾ ਭਾਵ ਮੁੱਕ ਜਾਂਦਾ ਹੈ।
ਗਗਨ ਨੇ ਕਈ ਵਰ੍ਹੇ ਇਹੋ ਪਿਆਰ ਨੂੰ ਚਲਾਇਆ । ਬਾਰਵੀਂ ਮਗਰੋਂ ਉਸਦੇ ਘਰਦਿਆਂ ਨੇ ਨੇੜੇ ਦੇ ਹੀ ਕਿਸੇ ਕਾਲਜ ਚ ਅੱਗੇ ਪੜ੍ਹਨ ਲਾ ਦਿੱਤਾ । ਉਸਦਾ ਭਰਾ ਉਸਨੂੰ ਛੱਡਣ ਜਾਂਦਾ ਉਸਨੂੰ ਲੈਣ ਜਾਂਦਾ ।ਫਿਰ ਵੀ ਪਤਾ ਨਹੀਂ ਕਿਵੇਂ ਉਹ ਜੁਗਰਾਜ ਨੂੰ ਮਿਲ ਲੈਂਦੀ । ਫ਼ਿਲਮਾਂ ਵੇਖ ਆਉਂਦੀ । ਉਸਦੇ ਘਰ ਕਿਸੇ ਦੋਸਤ ਦੇ ਘਰ ਮਿਲਣ ਚਲੇ ਜਾਂਦੀ ।
ਫਿਰ ਕਦੇ ਵੀ ਗੱਲ ਹੁੰਦੀ ਉਹ ਦੱਸਦੀ ਵੀ ਅੱਜ ਓਥੇ ਗਏ ਅੱਜ ਇਹ ਕੀਤਾ ਕਿੰਨੇ ਕਿੰਨੇ ਘੰਟੇ ਬੋਲਦੀ ਰਹਿੰਦੀ । ਨੂਰ ਨੂੰ ਲਗਦਾ ਜਿਵੇਂ ਉਹ ਆਪਣੇ ਉੱਤੇ ਲੱਗਿਆਂ ਸਭ ਪਾਬੰਦੀਆਂ ਨੂੰ ਤੋੜਕੇ ਸਕੂਲ ਭਾਲਦੀ ਹੋਵੇ ।
ਫਿਰ ਇੱਕ ਵਾਰ ਜਦੋਂ ਗਰਮੀਆਂ ਚ ਕਾਲਜ਼ ਦੀਆਂ ਛੁੱਟੀਆਂ ਚ ਨੂਰ ਘਰ ਆਈ ਹੋਈ ਸੀ ਉਦੋਂ ਗਗਨ ਦਾ ਫੋਨ ਆਇਆ ਕਿ ਉਹ ਉਸਨੂੰ ਮਿਲਣ ਆ ਰਹੀ ਏ । ਨੂਰ ਨੂੰ ਸਮਾਂ ਦਿੱਤਾ ਤੇ ਉਹ ਉਸਨੂੰ ਉਡੀਕਦੀ ਰਹੀ । ਨੂਰ ਨੇ ਕਈ ਵਾਰ ਫੋਨ ਕੀਤਾ ਤਾਂ ਬਹੁਤੀ ਵਾਰ ਕੱਟ ਦਿੱਤਾ ਸਿਰਫ ਇੱਕ ਵਾਰ ਚੁੱਕਿਆ ਉਦੋਂ ਵੀ ਬੱਸ ਇਹੋ ਕਿਹਾ ਕਿ ਆ ਰਹੀ ਆਂ ।ਜਦੋਂ ਆਈ ਤਾਂ ਉਸਦੇ ਚਿਹਰੇ ਦੀ ਹਾਲਾਤ ਦੇਖ ਕੇ ਨੂਰ ਪਲਾਂ ਚ ਹੀ ਸਮਝ ਗਈ ਕਿ ਉਹ ਕਿਥੋਂ ਆਈ ਏ । ਖਿੱਲਰੇ ਹੋਏ ਵਾਲ । ਚਿਹਰੇ ਤੇ ਗਰਦਨ ਉੱਤੇ ਪਏ ਨਿਸ਼ਾਨ ਸਪਸ਼ਟ ਦੱਸ ਰਹੇ ਸੀ ਕਿ ਉਹ ਜਰੂਰ ਹੀ ਗੁਰਜੰਟ ਨੂੰ ਮਿਲਕੇ ਆਈ ਸੀ ।
ਫਿਰ ਉਸਨੇ ਆਪ ਹੀ ਦੱਸ ਦਿੱਤਾ ਕਿ ਉਂਝ ਤਾਂ ਘਰਦੇ ਘਰੋਂ ਕੱਲੀ ਜਾਣ ਨਹੀਂ ਦਿੰਦੇ ਤਾਂ ਇੰਝ ਹੀ ਕੋਈ ਬਹਾਨਾ ਲਾਉਣਾ ਪੈਂਦਾ ਹੈ। ਨੂਰ ਨੇ ਕੰਨਾਂ ਨੂੰ ਹੱਥ ਲਾ ਲੈ ਕਿ ਉਹ ਨਹੀਂ ਕਦੇ ਇਸਨੂੰ ਮੁੜਕੇ ਬੁਲਾਏਗੀ ਵੀ । ਗਗਨ ਦਾ ਮੰਮੀ ਦੀ ਕਾਲ ਆਈ ਤਾਂ ਉਸਨੇ ਝੱਟ ਕਹਿ ਦਿੱਤਾ ਕਿ ਨੂਰ ਨਹੀਂ ਆਉਣ ਦੇ ਰਹੀ । ਤੇ ਉਸ ਨਾਲ ਗੱਲ ਕਰਵਾ ਦਿੱਤੀ ਨਾ ਚਾਹੁੰਦੇ ਹੋਏ ਵੀ ਨੂਰ ਨੂੰ ਝੂਠ ਬੋਲਣਾ ਪਿਆ । ਉਸਦੇ ਗਰਮੀ ਨਾਲ ਭਿੱਜੀ ਤੇ ਬੁਰੀ ਹਾਲਤ ਚ ਉਸਨੇ ਗਗਨ ਨੂੰ ਨਹਾਉਣ ਲਈ ਕਹਿ ਦਿੱਤਾ ।
ਬਿਨਾਂ ਸ਼ਰਮ ਹੀ ਗਗਨ ਨੇ ਉਸਦੇ ਸਾਹਮਣੇ ਹੀ ਕੱਪੜੇ ਉਤਾਰ ਕੇ ਉਸਨੇ ਕੁਝ ਦੇਰ ਸੁੱਕਣ ਲਈ ਪਾ ਦਿੱਤੇ ।
ਨੂਰ ਨੇ ਵੇਖਿਆ ਕਿ ਗਗਨ ਦੇ ਪੂਰੇ ਸ਼ਰੀਰ ਤੇ ਹੀ ਜਗ੍ਹਾ ਜਗ੍ਹਾ ਕੱਟਣ ਨਹੁੰਦਰਾਂ ਤੇ ਲਾਲ ਲਾਲ ਨਿਸ਼ਾਨ ਬਣੇ ਹੋਏ ਸੀ । ਇਹ ਦੇਖਕੇ ਨੂਰ ਦੇ ਮਨ ਖਿਝ ਭਰ ਗਈ । ਉਸਨੇ ਪੁੱਛਿਆ,”
“ਉਹ ਇਨਸਾਨ ਏ ਕਿ ਜਾਨਵਰ ? ਇੰਝ ਤਾਂ ਕੋਈ ਜਾਨਵਰ ਹੀ ਕਰ ਸਕਦਾ। ਕਿਵੇਂ ਤੂੰ ਐਸੇ ਬੰਦੇ ਨਾਲ ਸੌਣ ਲਈ ਤਿਆਰ ਹੋ ਜਾਂਦੀ ਏ? ”
“ਸਿਰਫ ਇਹੋ ਆਦਤ ਮਾੜੀ ਉਸਦੀ ,ਕਿ ਉਤੇਜਨਾ ਚ ਆ ਕਿ ਇਹ ਸਭ ਕਰ ਦਿੰਦਾ ਏ .ਨਹੀ ਤਾਂ ਮੇਰੇ ਲੱਗੀ ਨਿੱਕੀ ਸੱਟ ਵੀ ਬਰਦਾਸ਼ਤ ਨਹੀਂ ਕਰਦਾ ।ਤੇ ਉਸਤੋਂ ਬਿਨਾਂ ਮੈਨੂੰ ਪਿਆਰ ਕਰਦਾ ਵੀ ਕੌਣ ਏ ? ਮਾਂ ਬਾਪ ਬੋਝ ਮੰਨੀ ਬੈਠੇ ਹਨ । ਜਿੱਦਣ ਪੜ੍ਹਾਈ ਮੁੱਕੀ ,ਜ਼ਮੀਨ ਵੇਖ ਕੇ ਰਿਸ਼ਤਾ ਕਰ ਤੋਰ ਦੇਣਗੇ । ਭਰਾ ਤਾਂ ਹੁਣ ਵੀ ਕਦੇ ਮੇਰੇ ਕਹੇ ਨਹੀਂ ਲੱਗਾ ਏ । ਨਿੱਕਾ ਏ ਫਿਰ ਵੀ ਪਿਉ ਤੋਂ ਵੱਧ ਝਿੜਕਦਾ ਹੈ । ਹਰ ਨਿੱਕੀ ਗੱਲ ਤੇ ਅੱਜ ਤੋਂ ਨਹੀਂ ਜਦੋਂ ਤੋਂ ਉਹਦੀ ਸੂਰਤ ਸੰਭਲੀ ਏ ।” ਗਗਨ ਇੱਕੋ ਸਾਹ ਕਿੰਨਾ ਕੁਝ ਦੱਸ ਗਈ । ਇਹ ਉਹਨਾਂ ਦੀ ਆਖ਼ਿਰੀ ਮੁਲਾਕਾਤ ਸੀ ਹੁਣ ਤੱਕ ਦੀ । ਤੇ ਜੋ ਗਗਨ ਨੇ ਦੱਸਿਆ ਉਹ ਬਿਲਕੁਲ ਸੱਚ ।
ਉਸਨੂੰ ਕਈ ਵਾਰ ਕਾਲਜ਼ ਛੱਡ ਆਣ ਲਈ ਵੀ ਭਰਾ ਮਨਿੰਦਰ ਦੀਆਂ ਮਿਨਤਾਂ ਵੀ ਕਰਨੀਆਂ ਪੈਂਦੀਆਂ । ਕਈ ਵਾਰ ਲੇਟ ਛੱਡਦਾ ਤਾਂ ਟੀਚਰ ਤੋਂ ਗਾਲਾਂ ਵੀ ਪੈਂਦੀਆਂ । ਪਰ ਉਹ ਮਰਜ਼ੀ ਦਾ ਮਾਲਿਕ ਸੀ । ਨਾ ਉਹ ਪੜਿਆ ਤੇ ਨਾ ਹੀ ਕੋਈ ਹੋਰ ਕੰਮ ਸਿਵਾਏ ਘਰ ਦੀ ਖੇਤੀ ਤੋਂ ਉਸਨੂੰ ਅੱਗੇ ਕੁਝ ਵੀ ਨਹੀਂ ਸੀ ਦਿਸਦਾ । ਕਿੰਨੇ ਕਾਲਜ ਬਦਲੇ ਕਿੰਨੀਆਂ ਫੀਸਾਂ ਭਰੀਆਂ ਪਰ ਫਿਰ ਵੀ ਨਾ ਪਾਸ ਹੋਇਆ । ਫਿਰ ਉਸਨੂੰ ਬਾਹਰ ਜਾਣ ਦਾ ਚਾਅ ਚੜਿਆ । ਆਇਲੈਟਸ ਦੇ ਟੈਸਟ ਲਈ ਫੀਸ ਭਰੀ ਕੋਚਿੰਗ ਵੀ ਲਈ ਪਰ ਕਦੇ 4 ਬੈਂਡ ਕਦੇ 4.5 । ਕਈ ਲੱਖ ਰੁਪਈਆ ਸਿਰਫ ਇਸੇ ਚ ਬਰਬਾਦ ਕੀਤਾ ਫਿਰ ਵੀ ਉਸਦੀ ਚਾਹਤ ਨਾ ਮਰੀ ਬਾਹਰ ਜਾਣ ਦੀ ।
ਫਿਰ ਇੱਕ ਨਵੇਂ ਕਿਸਮ ਦੀ ਹਵਾ ਚੱਲੀ । ਉਹਨਾਂ ਦੀਆਂ ਰਿਸ਼ਤੇਦਾਰੀਆਂ ਆਸ ਪਾਸ ਦੇ ਪਿੰਡਾਂ ਤੇ ਉਸਦੇ ਪਿੰਡ ਵਿੱਚੋ ਵੀ ਕੁੜੀਆਂ ਆਇਲੈਟਸ ਕਰਕੇ ਬਾਹਰ ਜਾਣ ਲੱਗੀਆਂ । ਮਗਰੋਂ ਪੀ ਆਰ ਹੋਕੇ ਘਰਦਿਆਂ ਨੂੰ ਵੀ ਬੁਲਾ ਲੈਂਦੀਆ । ਤੇ ਪੁੱਠੇ ਸਿੱਧੇ ਵਿਆਹ ਕਰਵਾ ਕੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਬੁਲਾਉਣ ਲੱਗੀਆਂ । ਉਦੋਂ ਤੱਕ ਗਗਨ ਦੀ ਪੜ੍ਹਾਈ ਮੁੱਕ ਗਈ ਸੀ । ਘਰ ਵਿਹਲੀ ਬੈਠੀ ਸੀ । ਘਰਦਿਆਂ ਨੂੰ ਮੁੰਡੇ ਦੇ ਨਾ ਸੈਟਲ ਹੋਣ ਦਾ ਦੁੱਖ ਸੀ ਕੁੜੀ ਦਾ ਕੀ ਸੀ ਉਹਨੇ ਤਾਂ ਬੇਗਾਨੇ ਘਰ ਜਾਣਾ ਸੀ । ਫਿਰ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕਿ ਜੇ ਗਗਨ ਨੂੰ ਬਾਹਰ ਭੇਜ ਦਈਏ ਮਗਰੋਂ ਮਾਂ ਬਾਪ ਤੇ ਮੁੰਡੇ ਵੀ ਕਿਸੇ ਹੀਲੇ ਚਲੇ ਜਾਣਗੇ । #HarjotDiKalam
ਗਗਨ ਨੂੰ ਆਇਲੈਟਸ ਸੈਂਟਰ ਜੁਆਇਨ ਕਰਨ ਦੀ ਇਜਾਜ਼ਤ ਮਿਲ ਗਈ । ਘਰ ਤੋਂ ਦੂਰ ਸ਼ਹਿਰ ਵਿੱਚ ਉਹ ਪੀਜੀ ਚ ਰਹਿਣ ਲੱਗੀ । ਦੋ ਕੁ ਮਹੀਨੇ ਦੇ ਕੁਲ ਵਕਫ਼ੇ ਚ ਉਸਨੇ ਪੂਰੀ ਖੁੱਲ੍ਹ ਉਡਾਈ । ਹੁਸ਼ਿਆਰ ਤਾਂ ਸੀ ਹੀ ਵਧੀਆ ਬੈਂਡ ਲੈਕੇ ਤੇ ਕਾਲਜ ਚ ਦਾਖਲਾ ਵੀ ਲੈ ਲਿਆ । ਪਰ ਘਰਦੇ ਇਹ ਚਾਹੁੰਦੇ ਸੀ ਕਿ ਇੱਧਰੋਂ ਹੀ ਕਿਸੇ ਮੁੰਡੇ ਨਾਲ ਵਿਆਹ ਕਰਵਾ ਕੇ ਜਾਏ ਚਾਹੇ ਮਗਰੋਂ ਮੁੰਡਾ ਦੋ ਸਾਲ ਤੱਕ ਚਲੇ ਜਾਏ । ਇੰਝ ਉਹ ਪੜ੍ਹਾਈ ਦੇ ਖਰਚੇ ਤੋਂ ਬੱਚ ਜਾਣਗੇ ।ਤੇ ਨਾਲੇ ਲੋਕਾਂ ਦੀਆਂ ਨਜ਼ਰਾਂ ਚ ਸਹੀ ਹੋਜੂ । ਪਰ ਕੋਈ ਮੁੰਡਾ ਮਿਲੇ ਨਾ ਤੇ ਕੋਈ ਪੱਕਾ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਸਿਰਫ ਕਾਗਜ਼ੀ ਕਰਵਾ ਕੇ ਪੀ ਆਰ ਮਗਰੋਂ ਤਲਾਕ ਦੀ ਗੱਲ ਕਰਦਾ ।
ਗਗਨ ਦੇ ਮਨ ਦੇ ਸੁਪਨੇ ਹੀ ਹੋਰ ਸੀ ਉਹ ਚਾਹੁੰਦੀ ਸੀ ਕਿ ਉਹ ਓਧਰ ਜਾ ਕੇ ਜੁਗਰਾਜ ਨੂੰ ਆਪਣੇ ਪੀ ਆਰ ਹੋਣ ਮਗਰੋਂ ਬੁਲਾਵੇ । ਅਖੀਰ ਉਹੀ ਸੀ ਜਿਸਨੇ ਐਨੇ ਵਰ੍ਹੇ ਉਸਦਾ ਸਾਥ ਦਿੱਤਾ ਸੀ । ਜਦੋਂ ਘਰਦਿਆਂ ਤੋਂ ਰਿਸ਼ਤਾ ਨਾ ਬਣਿਆ ਤਾਂ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋਲ ਭੇਜ ਕਨੇਡਾ ਰਹਿਣ ਲਈ ਕੋਸ਼ਿਸ਼ ਕੀਤੀ ਸੀ । ਪਰ ਗਗਨ ਕਿਸੇ ਰਿਸ਼ਤੇਦਾਰ ਕੋਲ ਰਹਿਕੇ ਆਪਣੇ ਤੇ ਜੁਗਰਾਜ ਲਈ ਕੋਈ ਹੋਰ ਪਾਬੰਧੀ ਨਹੀਂ ਸੀ ਝੱਲਣਾ ਚਾਹੁੰਦੀ । ਇਸ ਲਈ ਉਸਦੀ ਕੋਸ਼ਿਸ ਸੀ ਕਿ ਉਹ ਇਸਤੋਂ ਦੂਰ ਰਹੇ ।
ਉਦੋਂ ਤੱਕ ਨੂਰ ਕਨੇਡਾ ਆ ਚੁੱਕੀ ਸੀ । ਉਹ ਤੇ ਉਸਦਾ ਪਤੀ ਸਿੱਧੇ ਪੀ ਆਰ ਤੇ ਆਏ ਸੀ । ਗਗਨ ਨੇ ਨੂਰ ਨਾਲ ਗੱਲ ਕਰਕੇ ਆਪਣੀ ਸਾਰੀ ਗੱਲ ਦੱਸੀ ਉਹ ਚਾਹੁੰਦੀ ਸੀ ਕਿ ਉਹ ਘਰਦਿਆਂ ਨੂੰ ਇੰਡੀਆ ਤਾਂ ਕਹਿ ਦਵੇਗੀ ਕਿ ਮਾਸੀ ਹੁਣਾਂ ਕੋਲ ਆਈ ਏ ਪਰ ਉਸ ਕੋਲ ਆਕੇ ਕੁਝ ਦਿਨ ਰੁਕ ਕੇ ਆਪਣਾ ਅੱਡ ਇੰਤਜਾਮ ਕਰ ਲਵੇਗੀ ।
ਨੂਰ ਉਸਨੂੰ ਕੋਈ ਗਲਤ ਸਲਾਹ ਨਹੀਂ ਸੀ ਦੇਣਾ ਚਾਹੁੰਦੀ । ਨਾ ਹੀ ਐਵੇਂ ਦੇ ਕਿਸੇ ਮਸਲੇ ਚ ਬੁਰਾ ਬਣਨਾ ਚਾਹੁੰਦੀ ਸੀ ।ਉਦੋਂ ਤੱਕ ਉਹ ਆਪਣੀ ਜ਼ਿੰਦਗੀ ਚ ਕਾਫੀ ਕੁਝ ਝੱਲ ਚੁੱਕੀ ਸੀ । ਇਸ ਲਈ ਉਸਨੇ ਪਹਿਲ਼ਾਂ ਤਾਂ ਗਗਨ ਨੂੰ ਸਮਝਾਇਆ । ਪਰ ਜਦੋਂ ਉਹ ਨਾ ਸਮਝੀ ਤਾਂ ਉਸਨੂੰ ਕਿਸੇ ਵੀ ਮਦਦ ਤੋਂ ਸਾਫ ਜਵਾਬ ਦੇ ਦਿੱਤਾ ।
ਉਸ ਦਿਨ ਦੀ ਗੱਲਬਾਤ ਮਗਰੋਂ ਅੱਜ ਉਸਨੇ ਗਗਨ ਨੂੰ ਵੇਖਿਆ ਸੀ ਪਰ ਅਜੇ ਉਹ ਕੁਝ ਵੀ ਮੂੰਹੋ ਨਹੀਂ ਸੀ ਬੋਲੀ ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s