ਪੂਰਨਤਾ ਦਾ ਅਹਿਸਾਸ ਭਾਗ ਤੀਸਰਾ

ਨੂਰ ਗਗਨ ਨੂੰ ਆਪਣੇ ਨਾਲ ਦੂਸਰੇ ਕਮਰੇ ਵਿੱਚ ਲੈ ਗਈ । ਉਹ ਗਗਨ ਤੋਂ ਉਸਦੀ ਮਨ ਦੀ ਗੱਲ ਜਾਨਣਾ ਚਾਹੁੰਦੀ ਸੀ ਜਾਨਣਾ ਤੇ ਇਹ ਵੀ ਚਾਹੁੰਦੀ ਸੀ ਕਿ ਕਦੇ ਜੁਗਰਾਜ਼ ਨਾਲ ਉਮਰਾਂ ਤੋਂ ਲੰਮੇ ਵਾਅਦੇ ਕਰਨ ਵਾਲੀ ਉਸ ਕੁੜੀ ਦਾ ਜਹਾਜ ਉੱਤਰਦੇ ਹੀ ਮਨ ਕਿੰਝ ਬਦਲ ਗਿਆ । ਗਗਨ ਉਸਨੂੰ ਆਪਣੀ ਹੱਡ ਬੀਤੀ ਸੁਣਾਉਣ ਲੱਗੀ । ਉਹ ਕਿਸੇ ਵੀ ਹਾਲਤ ਚ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਸੀ ਜਾਣਾ ਚਾਹੁੰਦੀ । ਇਸ ਲਈ ਉਸਨੇ ਕਾਲਜ਼ ਉਹ ਚੁਣਿਆ ਜੋ ਉਹਨਾਂ ਕੋਲ਼ੋਂ ਕਿਤੇ ਦੂਰ ਸੀ । ਨਿੱਕੀ ਹੋਣ ਤੋਂ ਹੁਣ ਤੱਕ ਰਿਸ਼ਤੇਦਾਰਾਂ ਦੇ ਤਾਅਨੇ ਮੇਹਣੇ ਤੇ ਗੱਲਾਂ ਸੁਣ ਸੁਣ ਉਹਨਾਂ ਨਾਲ ਉਸਦਾ ਇੱਕ ਤਰ੍ਹਾਂ ਦੀ ਨਫ਼ਰਤ ਸੀ । ਸਿਰਫ ਮੂੰਹ ਦੀ ਬੋਲਚਾਲ ਸੀ । ਜਿਹੜੇ ਰਿਸ਼ਤੇਦਾਰਾਂ ਨੇ ਐਨੇ ਸਾਲ ਉਹਨਾਂ ਨਾਲ ਕਦੇ ਚੱਜ ਨਾਲ ਗੱਲ ਨਾ ਕੀਤੀ ਕਿ ਕਿਤੇ ਬਾਹਰੋਂ ਕੁਝ ਮੰਗਵਾਉਣ ਲਈ ਕੁਝ ਆਖ ਨਾ ਦੇਣ ਜਾਂ ਮੁੰਡੇ ਕੁੜੀ ਨੂੰ ਬੁਲਾਉਣ ਲਈ ਨਾ ਕਹਿ ਦੇਣ ਉਹ ਮੇਰੇ ਏਧਰ ਆਏ ਤੇ ਕਿੰਨਾ ਕੁ ਸੰਗੀਲਦੇ । ਜੇ ਰੱਖ ਵੀ ਲੈਂਦੇ ਤਾਂ ਸਾਰੀ ਉਮਰ ਅਹਿਸਾਨ ਕਰਕੇ ਪਤਾ ਨਹੀਂ ਅੱਗਿਉਂ ਕੀ ਕੀ ਮੰਗਾਂ ਰੱਖਦੇ । ਤੇ ਜੁਗਰਾਜ਼ ਨਾਲੁ ਉਸਦਾ ਵਿਆਹ ਕਦੇ ਨਹੀਂ ਹੋ ਸਕਦਾ ਸੀ ਜੇ ਉਹ ਉਹਨਾਂ ਕੋਲ ਰੁਕਦੀ ।
ਜਿਸ ਏਜੰਟ ਨੇ ਉਸਦਾ ਕਾਲਜ ਚ ਦਾਖਿਲਾ ਕਰਵਾਇਆ ਸੀ ਉਸਨੇ ਹੋ ਇੱਕ ਦੋ ਕੁੜੀਆਂ ਨੂੰ ਪਹਿਲ਼ਾਂ ਹੀ ਭੇਜਿਆ ਹੋਇਆ ਸੀ । ਤੇ ਉਸੇ ਦੇ ਰਾਹੀਂ ਗਗਨ ਉਹਨਾਂ ਕੋਲ ਹੀ ਆਕੇ ਸਿੱਧਾ ਉੱਤਰੀ ਸੀ । ਏਜੰਟ ਦੇ ਕਹਿਣ ਤੇ ਹੀ ਉਹਨਾਂ ਕੁੜੀਆਂ ਨੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਆਪਣੇ ਨਾਲ ਹੀ ਕਰ ਲਿਆ ਸੀ । ਇਸਤਰ੍ਹਾਂ ਉਹ ਇੱਕ ਵੱਡੀ ਮੁਸ਼ਕਿਲ ਚੋਂ ਬਚ ਨਿੱਕਲੀ ।
ਫਿਰ ਉਸਦੀ ਪੜ੍ਹਾਈ ਤੇ ਕੰਮ ਦਾ ਦੌਰ ਚੱਲ ਨਿੱਕਲਿਆ । ਪਿੰਡਾਂ ਚ ਸ਼ਰਮਾਂ ਦੀ ਮਾਰੀ ਕੁੜੀ ਹੌਲੀ ਹੌਲੀ ਕਨੇਡਾ ਦੇ ਰੰਗ ਵਿੱਚ ਰੰਗੀ ਜਾਣ ਲੱਗੀ । ਇੱਕ ਦਮ ਤੇ ਅਚਾਨਕ ਮਿਲੀ ਇਹ ਆਜ਼ਾਦੀ ਸਨੂੰ ਬੇਹੱਦ ਰਾਸ ਆਉਣ ਲੱਗੀ ਸੀ । ਇਹੋ ਤੇ ਉਸਦੀ ਤਮੰਨਾ ਸੀ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਖੁਦ ਕਰਨਾ ਤੇ ਮਨ ਆਇਆ ਖਾਣਾ ਪਹਿਨਣ ਤੇ ਘੁੰਮਣਾ । ਪਰ ਪੜ੍ਹਾਈ ਕੰਮ ਵਿੱਚ ਸਮੇਂ ਦਾ ਹਿਸਾਬ ਕਰਦੇ ਹੋਏ ਆਪਣੇ ਲਈ ਸਮਾਂ ਕੱਢਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ । ਬਹੁਤੀ ਵਾਰ ਨਾ ਹੀ ਖਾਣ ਦਾ ਸਮਾਂ ਮਿਲਦਾ ਤੇ ਨਾ ਕੁਝ ਪਹਿਨਣ ਦਾ ।
ਫਿਰ ਉਸਨੂੰ ਜੁਗਰਾਜ਼ ਦੀ ਯਾਦ ਵੀ ਆਉਂਦੀ । ਇਥੋਂ ਆਈਆ ਪਹਿਲੀਆਂ ਕੁੜੀਆਂ ਮੁੰਡਿਆਂ  ਨੂੰ ਵੇਖਦੀ ਤਾਂ ਇੱਕ ਅੱਧ ਨੂੰ ਛੱਡੋ ਤਾਂ ਸਭ ਲਗਪਗ ਰਿਲੇਸ਼ਨਸ਼ਿਪ ਚ ਸੀ । ਕਿਸੇ ਤੋਂ ਪੁੱਛੋਂ ਤਾਂ ਹਰ ਕੋਈ ਇਹੋ ਕਹਿੰਦਾ ਇੰਡੀਆ ਸੀ , ਪਰ ਹੁਣ ਉਸ ਨਾਲ ਕੋਈ ਫਿਊਚਰ ਮੁਸ਼ਕਿਲ ਏ । ਕਈਆਂ ਦੇ ਇੰਡਿਆ ਵਾਲੇ ਸਾਥੀਆਂ ਨੇ ਉਡੀਕ ਉਡੀਕ ਵਿਆਹ ਕਰਵਾ ਲਏ ਸੀ ਤੇ ਕਈ ਦੂਰੀਆਂ ਨਾਲ ਝੱਲਦੇ ਹੌਲੀ ਹੌਲੀ ਟੁੱਟਦੇ ਗਏ । ਕੋਈ ਟਾਂਵਾਂ ਟਾਵਾਂ ਬਚਿਆ ਸੀ ਜਿਹੜਾ ਰਾਹ ਜਾਂਦੇ ਹੋ ਜਾਂਦੇ ਪਿਆਰ ਤੋਂ ਬਚਿਆ ਹੋਇਆ ਸੀ ਤੇ ਹਲੇ ਵੀ ਸੋਚ ਰਿਹਾ ਸੀ ਉਸ ਇਨਸਾਨ ਬਾਰੇ ਜੋ ਸ਼ਾਇਦ ਇੰਡੀਆ ਉਸੇ ਦੀ ਉਡੀਕ ਚ ਬੈਠਾ ਸੀ ।
ਉਸਦਾ ਰਿਸ਼ਤਾ ਵੀ ਜੁਗਰਾਜ਼ ਨਾਲ ਇਵੇਂ ਹੀ ਚੱਲਿਆ । ਉਸਦੇ ਸਾਰੇ ਰੁਟੀਨ ਚ ਉਹ ਸ਼ਾਮਿਲ ਸੀ । ਜਦੋ ਉਹ ਕੁਝ ਨਾ ਕਰਦੀ ਹੁੰਦੀ ਤਾਂ ਜੁਗਰਾਜ਼ ਨਾਲ ਗੱਲ ਕਰਦੀ ਹੁੰਦੀ । ਘੰਟਿਆਂ ਬਧੀ  ਤੇ ਛੁੱਟੀ ਵਾਲੇ ਦਿਨ ਸਾਰਾ ਸਾਰਾ ਦਿਨ ਵੀ । ਫਿਰ ਉਸਦੇ ਇੱਥੇ ਵੀ ਦੋਸਤ ਬਣਨ ਲੱਗੇ । ਕਾਲਜ ਚ ਕੰਮ ਤੇ । ਜਿਹਨਾਂ ਕੁੜੀਆਂ ਨਾਲ ਰਹਿੰਦੀ ਸੀ ਉਹਨਾਂ ਨਾਲ ਉਮਰ ਦਾ ਸਾਂਝ ਨਾ ਹੋਣ ਕਰਕੇ ਉਹ ਜ਼ਿਆਦਾ ਕੁਝ ਗੱਲਬਾਤ ਨਾ ਕਰਦੀ । ਫਿਰ ਉਹਨਾਂ ਨਾਲ ਹਾਏ ਹੈਲੋ ਕਿਸੇ ਦਿਨ ਹੀ ਹੁੰਦੀ । ਬੜੀ ਮੁਸ਼ਕਿਲ ਨਾਲ ਟਾਈਮ ਮੈਚ ਕਰਦਾ ਸੀ ।
ਫਿਰ ਉਹ ਆਪਣੀਆਂ ਹੀ ਕਲਾਸਮੇਟਸ ਨਾਲ ਮੂਵ ਕਰ ਗਈ । ਹੁਣ ਉਸ ਕੋਲ ਕੁਝ ਸਮਾਂ ਸੀ ਜਿੱਥੇ ਉਹ ਇੱਕੋ ਜਿਹੇ ਵਿਹਲੇ ਟਾਈਮ ਚ ਕਿਧਰੇ ਘੁੰਮਣ ਜਾ ਸਕਦੀ ਸੀ । ਕੋਈ ਪਾਰਟੀ ਵੀ ਕਰ ਸਕਦੀ ਸੀ । ਤੇ ਫਿਰ ਹਰ ਕੰਮ ਤੋਂ ਹਰ ਛੁੱਟੀ ਤੋਂ ਇੱਕ ਦਿਨ ਪਹਿਲ਼ਾਂ ਪਾਰਟੀ ਹੁੰਦੀ । ਮੁੰਡੇ ਕੁੜੀਆਂ ਕੱਠੇ ਹੁੰਦੇ । ਪੂਰੀ ਹੁੜਦੰਗ ਮਚਾਉਂਦੇ ।
ਇੱਥੇ ਹੀ ਹੋਰ ਮੁੰਡਿਆਂ ਦੇ ਨਾਲ ਨਾਲ ਉਸਨੂੰ ਸਿਮਰਨਜੀਤ ਉਰਫ ਸਿਮਰਾ ਮਿਲਿਆ ਸੀ । ਹੋਰਨਾਂ ਵਾਂਗ ਉਹ ਵੀ ਦੋਸਤ ਹੀ ਸੀ । ਪਰ ਉਸਦੀਆਂ ਨਜ਼ਰ ਚ ਉਸਨੂੰ ਆਪਣੇ ਲਈ ਕੁਝ ਹੋਰ ਨਜ਼ਰ ਆਉਂਦਾ । ਪਰ ਅਜੇ ਤਾਈਂ ਜੁਗਰਾਜ਼ ਉਸਦੀਆਂ ਯਾਦਾ ਚ ਕਾਇਮ ਸੀ । ਭਾਵੇਂ ਉਸਨੂੰ ਆਈ ਨੂੰ ਸਾਲ ਹੋਣ ਵਾਲਾ ਹੋ ਗਿਆ ਸੀ । ਸਿਮਰੇ ਇਸ ਵੇਲੇ ਵਰਕ ਪਰਮਿਟ ਤੇ ਹੋ ਚੁੱਕਾ ਸੀ ਕੰਮ ਤੇ ਉਸ ਨਾਲੋਂ ਸੀਨੀਅਰ ਸੀ । ਉਸਦੀ ਪੀ ਆਰ ਦੀ ਫਾਇਲ ਲੱਗ ਚੁੱਕੀ ਸੀ ਕਿਸੇ ਵੀ ਵੇਲੇ ਉਸਦੀ ਪੀ ਆਰ ਆ ਸਕਦੀ ਸੀ ।
ਪਰ ਉਸਦੀ ਪੀ ਆਰ ਤੋਂ  ਪਹਿਲਾਂ ਦੋ ਗੱਲਾਂ ਨੇ ਜ਼ਿੰਦਗੀ ਦੇ ਰਸਤਿਆਂ ਨੂੰ ਬਦਲ ਦਿੱਤਾ । ਸਿਮਰੇ ਦਾ ਜਨਮਦਿਨ ਸੀ ਤੇ ਸਾਰੇ ਹੀ ਦੋਸਤ ਪਾਰਟੀ ਕਰ ਰਹੇ ਸੀ । ਜਿਆਦਾਤਰ ਉਹਨਾਂ ਵਿਚੋਂ ਕਪਲਜ ਸੀ । ਤੇ ਉਸ ਵਰਗੇ ਤਿੰਨ ਚਾਰ ਇੱਕਲੇ ਵੀ ਸੀ । ਬੀਅਰ ਪੀਣੀ ਤਾਂ ਉਹਨਾਂ ਨੇ ਇਸ ਜਗ੍ਹਾ ਇੱਕ ਕਲਚਰ ਹੀ ਬਣਾ ਲਿਆ ਸੀ ਬੀਅਰ ਪੀਣ ਨੂੰ ਕੋਈ ਨਸ਼ਾ ਨਹੀਂ ਸੀ ਮੰਨਦਾ ਤੇ ਨਾ ਪੀਣ ਵਾਲੇ ਮੁੰਡੇ ਕੁੜੀ ਨੂੰ ਕਨੇਡੀਅਨ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀ । ਮੱਲੋ ਮੱਲੀ ਤੇ  ਧੱਕੇ ਤੇ ਸ਼ਰਮ ਤੇ ਦਬਾਅ ਚ ਹਰ ਕੋਈ ਉਹਨਾਂ ਦੇ ਗਰੁੱਪ ਵਿਚੋਂ ਪੀਣ ਲੱਗ ਗਿਆ ਸੀ । ਬੀਅਰ ਤੋਂ ਸ਼ੁਰੂ ਹੋਇਆ ਇਹ ਕੰਮ ਬੀਅਰ ਤੇ ਨਾ ਰੁਕਕੇ ਕਿਤੇ ਅੱਗੇ ਪਹੁੰਚ ਗਿਆ ਸੀ ।
ਖੈਰ ਸਿਮਰੇ ਦੇ ਜਨਮ ਦਿਨ ਤੇ ਸ਼ੁਰੂ ਹੋਇਆ ਪੀਣ ਦਾ ਕੰਮ ਵਿਸਕੀ ਤੇ ਟਰ ਟਕੀਲੇ ਤੱਕ ਜਾ ਪਹੁੰਚਿਆ । ਪਾਰਟੀ ਸਿਮਰੇ ਤੇ ਉਸਦੇ ਦੋਸਤਾਂ ਦੀ ਕਿਰਾਏ ਵਾਲ਼ੀ ਬੇਸਮੈਂਟ ਤੇ ਸੀ।  ਜਿਹੜੇ ਕੱਲੇ ਸੀ ਉਹ ਤਾਂ ਜ਼ਿਆਦਾ ਨਸ਼ਾ ਹੋਣ ਤੋਂ ਪਹਿਲ਼ਾਂ ਖਿਸਕ ਗਏ ਸੀ ਤੇ ਕਪਲਜ ਜਿਆਦਾ ਨਸ਼ਾ ਹੋਣ ਮਗਰੋਂ ਜਿੱਥੇ ਜਗ੍ਹਾ ਮਿਲੀ ਓਥੇ ਹੀ ਲਿਟ ਗਏ ਕਈ ਕਮਰਿਆਂ ਤੇ  ਇੱਕ ਵੱਡੇ ਡਰਾਇੰਗ ਰੂਮ ਕਰਕੇ ਉਹਨਾਂ ਕੋਲ ਸਪੇਸ ਕਾਫੀ ਸੀ । ਜਿੱਥੇ ਬੈਠੇ ਸੀ ਓਥੇ ਸ਼ਰਾਬ ਕੇਕ ਤੇ ਖਿੰਡੇ ਪੀਜ਼ੇ ਦੀ ਰਲਵੀ ਵਾਸ਼ਨਾ ਤੋਂ ਬਿਨਾਂ ਕੁਝ ਨਹੀਂ ਸੀ । ਸਭ ਟਿਕ ਟਿਕਾਅ ਹੋਣ ਮਗਰੋਂ ਉਹ ਘਰ ਜਾਣ ਲਈ ਉੱਠਣ ਹੀ ਲੱਗੀ ਸੀ ਕਿ ਉਸਦਾ ਪੈਰ ਵੀ ਨਹੀਂ ਸੀ ਟਿਕ ਰਿਹਾ । ਨਸ਼ੇ ਨੇ ਉਸਦੇ ਸਿਰ ਨੂੰ ਘੁਮਾ ਦਿੱਤਾ ਸੀ । ਸਿਮਰੇ ਨੇ ਉਸਨੂੰ ਓਥੇ ਹੀ ਰੁਕ ਜਾਣ ਲਈ ਕਿਹਾ । ਤੇ ਉਸਨੂੰ ਪਕੜ ਕੇ ਅੰਦਰ ਕਮਰੇ ਚ ਲਿਟਾਉਂਣ ਲਈ ਲੈ ਗਿਆ । ਦੋਵਾਂ ਦੇ ਪੈਰ ਭਾਵੇਂ ਲੜਖੜਾ ਰਹੇ ਸੀ । ਪਰ ਸਿਮਰਾ ਉਸ ਨਾਲੋਂ ਵਧੇਰੇ ਹੋਸ਼ ਵਿੱਚ ਸੀ । ਗਗਨ ਨੂੰ ਮਹਿਸੂਸ ਹੋ ਰਿਹਾ ਸੀ ਕਿ ਸਿਮਰੇ ਦੇ ਹੱਥ ਉਸਨੂੰ ਸਹਾਰੇ ਨਾਲੋਂ ਵੱਧ ਛੂਹ ਰਹੇ ਸੀ । ਲੱਕ ਤੇ ਮੋਢੇ ਤੇ ਰਖਿਆ ਹੱਥ ਕਮਰੇ ਤੱਕ ਪਹੁੰਚਦੇ ਪਹੁੰਚਦੇ ਉਸਦੀ ਸ਼ਾਰਟ ਡ੍ਰੇਸ ਚ ਕਿਸੇ ਨਾ ਕਿਸੇ ਕੋਨੇ ਚ ਆਪਣੀਆਂ ਉਂਗਲਾ ਨੂੰ ਉਲਝਾ ਚੁੱਕਾ ਸੀ । ਪਰ ਚਾਹ ਕੇ ਵੀ ਉਹ ਰੋਕ ਨਹੀਂ ਸੀ ਪਾ ਰਹੀ । ਨਸ਼ੇ ਦਾ ਸਰੂਰ ਆਪਣੇ ਆਪ ਹੀ ਉਸਦੇ ਮਨ ਚ ਸਹੀ ਗਲਤ ਸੋਚਣ ਦੀ ਕਾਬਲੀਅਤ ਖਤਮ ਕਰ ਚੁੱਕਾ ਸੀ । ਸਿਮਰੇ ਦੀ ਅੱਖਾਂ ਚ ਨਜ਼ਰਾਂ ਤੇ ਹੱਥਾਂ ਦੀ ਹਰਕਤ ਨੇ ਉਸਦੇ ਮਨ ਚ ਹਲਚਲ ਪੈਦਾ ਕਰ ਦਿੱਤੀ ਸੀ । ਕਰੀਬ ਇੱਕ ਸਾਲ ਤੋਂ ਬੰਨ੍ਹ ਮਾਰ ਕੇ ਰਖਿਆ ਉਹ ਭੂਚਾਲ ਆਪਣੀ ਤਾਕਤ ਦਿਖਾਉਣ ਲੱਗਾ ।
ਇਸ ਲਈ ਉਸਦਾ ਵਿਰੋਧ ਹਰ ਲੰਘਦੀ ਘੜੀ ਨਾਲ ਹਲਕਾ ਹੁੰਦਾ ਗਿਆ । ਸਿਮਰੇ ਦੇ ਹੱਥਾਂ ਦੀ ਹਰਕਤ ਵਧਦੀ ਗਈ । ਦੋਂਵੇਂ ਹੀ ਨਸ਼ੇ ਉਸਤੇ ਐਨੇ ਭਾਰੂ ਹੋਏ ਕਿ ਉਸਨੂੰ ਸਿਵਾਏ ਆਨੰਦ ਦੇ ਕੁਝ ਯਾਦ ਨਾ ਰਿਹਾ । ਪੂਰੀ ਰਾਤ ਉਹਨਾਂ ਨੇ ਕੀ ਕੀਤਾ ਤੇ ਕੀ ਕੁਝ ਹੋਇਆ ਦੋਵਾਂ ਨੂੰ ਹੀ ਸਵੇਰ ਤੱਕ ਕੁਝ ਵੀ ਨਹੀਂ ਸੀ ਯਾਦ ।
ਸਵੇਰੇ ਜਾਗ ਖੁਲ੍ਹਣ ਤੇ ਨਸ਼ਾ ਉਤਰਨ ਤੇ ਉਸਨੂੰ ਮਹਿਜ਼ ਐਨਾ ਯਾਦ ਸੀ ਕਿ ਦੋਵਾਂ ਦੇ ਕੱਪੜੇ ਦੂਰ ਤੱਕ ਖਿੱਲਰੇ ਪਏ ਸੀ ਤੇ ਦੋਂਵੇਂ ਇੱਕੋ ਬਲੈਕਟ ਚ ਇੱਕ ਦੂਸਰੇ ਚ ਘੁਸਕੇ ਪਏ ਸੀ ਬਿਨਾਂ ਕੁਝ ਪਾਏ ਹੋਏ ।
ਜੋ ਕੁਝ ਰਾਤ ਹੋਇਆ ਸੋਚ ਕੇ ਉਸਦੇ ਮਨ ਚ ਇੱਕ ਪਛਤਾਵਾ ਭਰ ਆਇਆ । ਆਪਣੇ ਪਿਆਰ ਨਾਲ ਉਸਨੂੰ ਇਹ ਇੱਕ ਧੋਖਾ ਲੱਗ ਰਿਹਾ ਸੀ । ਦੂਸਰੇ ਹੀ ਪਲ ਖੁਦ ਨੂੰ ਇੱਕ ਧਰਵਾਸ ਵੀ ਦਿੰਦੀ ਕਿ ਗਲਤੀ ਨਸਲ ਨਸ਼ੇ ਚ ਹੋ ਗਿਆ । ਅੱਗਿਓ ਕਦੇ ਵੀ ਅਜਿਹਾ ਕਰਨ ਤੋਂ ਤੌਬਾ ਕਰ ਲਈ ।
ਮਨ ਚ ਤਾਂ ਪਛਤਾਵਾ ਸੀ ਹੀ । ਪਰ ਜਿਵੇਂ ਹੀ ਉਹ ਮੁੜ ਕਾਲਜ ਤੇ ਕੰਮ ਜਾਣ ਲੱਗੀ ਤਾਂ ਲੋਕਾਂ ਦੇ ਮੂੰਹ ਤੇ ਗੱਲਾਂ ਉਸ ਵੱਲ ਸੀ । ਲੋਕਾਂ ਦੀ ਚਰਚਾ ਤੇ ਸਹੇਲੀਆਂ ਦੀਆਂ ਗੱਲਾ ਚ ਸੁਣਨ ਨੂੰ ਮਿਲਦਾ ਕਿ ਉਹ ਸਿਮਰੇ ਨਾਲ ਰਾਤ ਕੱਟ ਕੇ ਹਟੀ ਏ । ਪੰਜਾਬੀਆਂ ਦਾ ਆਪਣੀਆਂ ਕੱਛ ਚ ਤੇ ਦੂਸਰੇ ਦੀਆਂ ਹੱਥ ਚ ਆਲਾ ਸਾਬ ਏਥੇ ਆ ਕੇ ਵੀ ਨਹੀਂ ਬਦਲਿਆਂ ਆਪ ਭਾਵੇਂ ਕੋਈ ਪੁੱਜ ਕੇ ਲੰਡਾ ਚਿੜਾ ਹੋਵੇ ਪਰ ਦੂਸਰੇ ਦੀ ਗੱਲ ਕਰਕੇ ਮੂੰਹ ਦਾ ਸਵਾਦ ਲੈਣੋਂ ਕੋਈ ਨਹੀਂ ਸੀ ਹਟਦਾ । ਉਸਤੋਂ ਕੋਈ ਇਸ਼ਾਰੇ ਨਾਲ ਪੁੱਛਦਾ ਤੇ ਕੋਈ ਸਹੇਲੀ ਸਿੱਧਾ ਵੀ ਪੁੱਛ ਲੈਂਦੀ । ਉਹ ਚੁੱਪ ਰਹਿੰਦੀ ਤੇ ਸਿਰ ਸੁੱਟ ਕੇ ਆਪਣਾ ਕੰਮ ਕਰਦੀ ।
ਸਿਮਰੇ ਨੇ ਉਸਤੋਂ ਮਾਫੀ ਵੀ ਮੰਗੀ ਕਿ ਉਸ ਕੋਲੋਂ ਜੋ ਹੋਇਆ ਨਸ਼ੇ ਦੀ ਹਾਲਾਤ ਚ ਹੋਇਆ । ਸਿਮਰੇ ਨੂੰ ਉਹ ਕਹਿ ਵੀ ਕੀ ਲੈਂਦੀ । ਸ਼ਾਇਦ ਉਹ ਵੀ ਖੁਦ ਨੂੰ ਰੋਕ ਨਾ ਸਕੀ ਤੇ ਸਾਲ ਤੋਂ ਉੱਪਰ ਦਾ ਸੋਕੇ ਤੇ ਉਸਦੇ ਸਾਥ ਨੇ ਬਹਿਕਾ ਦਿੱਤਾ ਸੀ। ਪਰ ਇਹ ਗੱਲਾਂ ਕਿਸੇ ਨੂੰ ਕੌਣ ਸਮਝਾ ਸਕਦਾ ਕਿ ਜਜਬਾਤ ਕਦੇ ਬੰਦਿਸ਼ਾਂ ਨਹੀਂ ਰਹਿੰਦੇ ਤੇ ਜਦੋਂ ਵਹਿ ਜਾਂਦੇ ਹਨ ਤਾਂ ਕਿੰਨਾ ਕੁਝ ਤੋੜ ਦਿੰਦੇ ਹਨ । ਤੇ ਕੌਣ ਕਿੰਨਾ ਸਮਾਂ ਵਹਿੰਦੇ ਪਾਣੀਆਂ ਨੂੰ ਬੰਨ੍ਹ ਸਕਦਾ ਹੈ?
ਅਜੇ ਇਸ ਝਟਕੇ ਤੋਂ ਉਹ ਉੱਭਰੀ ਹੀ ਸੀ ਕਿ ਜੁਗਰਾਜ਼ ਦੇ ਵਿਆਹ ਦੀ ਖ਼ਬਰ ਨੇ ਉਸਨੂੰ ਜਮਾਂ ਹੀ ਤੋੜ ਸੁੱਟਿਆ । ਪਿਛਲੇ ਕੁਝ ਮਹੀਨਿਆਂ ਤੋਂ ਘਟਦੀ ਘਟਦੀ ਗੱਲ ਉਸਦੀ ਕਾਫੀ ਘੱਟ ਗਈ ਸੀ । ਤੇ ਫਿਰ ਇੱਕ ਦਿਨ ਅਚਾਨਕ ਉਸਦੀ ਡੀਪੀ ਤੇ ਲੱਗੀ ਫੋਟੋ ਨੇ ਉਸਨੂੰ ਝਟਕਾ ਦੇ ਦਿੱਤਾ । ਉਸਨੂੰ ਬਿਨਾਂ ਦੱਸੇ ਤੇ ਕੁਝ ਕਹੇ ਜੁਗਰਾਜ਼ ਨੇ ਵਿਆਹ ਕਰਵਾ ਲਿਆ । ਜਦੋਂ ਉਸਨੇ ਰੋ ਰੋ ਉਸ ਨਾਲ ਗੱਲ ਕੀਤੀ ਤਾਂ ਉਸਨੇ ਇਹ ਕਹਿਕੇ ਪੱਲਾ ਝਾੜ ਲਿਆ ਕਿ ਉਹ ਉਸ ਦੇ ਲਈ ਐਨਾ ਸਮਾਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ । ਕੀ ਪਤਾ ਅਜੇ ਕਿੰਨੇ ਸਾਲ ਉਸਨੂੰ ਪੱਕਿਆ ਹੋਣ ਲਈ ਲੱਗ ਜਾਣ ਤੇ ਉਹ ਆਪਣੇ ਮਾਂ ਬਾਪ ਦੀ ਬੁੱਢੀ ਉਮਰ ਚ ਕੋਈ ਐਸੀ ਕੁੜੀ ਲੱਭ ਰਿਹਾ ਸੀ ਜੋ ਉਹਨਾਂ ਦੀ ਸੇਵਾ ਕਰ ਸਕੇ ਤੇ ਨਾਲ ਰਹਿ ਸਕੇ । ਉਸਦਾ ਤਾਂ ਉਸਦੇ ਮਾਂ ਬਾਪ ਨਾਲ ਰਹਿਣ ਦਾ ਕੋਈ ਸਵਾਲ ਹੀ ਨਹੀਂ ਸੀ ਤੇ ਨਾ ਹੀ ਉਹ ਮੁੜ ਓਧਰ ਆ ਸਕਦੀ ਸੀ । ਉੱਪਰੋਂ ਉਸਦੀ ਉਮਰ ਵੀ ਐਸੀ ਛਪ ਰਹੀ ਕਿ ਕੱਲ੍ਹ ਨੂੰ ਉਹਦੇ ਘਰਦੇ ਨਾ ਮੰਨੇ ਤਾਂ ਉਹ ਉਹਨੂੰ ਕਦੋ ਛੱਡ ਦੇਵੇ ਕੀ ਪਤਾ ?
ਗਗਨ ਉਸਨੂੰ ਸਮਝਾ ਸਕਦੀ ਸੀ ਜੇ ਉਹ ਉਸਨੂੰ ਪਹਿਲਾਂ ਦੱਸਦਾ ਪਰ ਉਸਨੇ ਤਾਂ ਇੱਕ ਬੰਬ ਦੀ ਤਰਾਂ ਉਸਦੇ ਸਿਰ ਤੇ ਇਹ ਗੱਲ ਸੁੱਟੀ ਸੀ । ਤੇ ਉਸਨੂੰ ਉਦੋਂ ਸਭ ਕੁਝ ਹੀ ਨਸ਼ਟ ਹੁੰਦਾ ਲੱਗਿਆ । ਪਹਿਲ਼ਾਂ ਤੋਂ ਹੀ ਦੁਖੀ ਉਹ ਇੱਕ ਤਰ੍ਹਾਂ ਡਿਪ੍ਰੈਸ਼ਨ ਚ ਆ ਗਈ ਸੀ । ਰੋਂਦਿਆਂ ਹੀ ਰਾਤਾਂ ਲੰਘ ਜਾਂਦੀਆਂ ਤੇ ਕੰਮ ਉੱਤੇ ਦਿਨ ਵੀ ਇਵੇਂ ਹੀ ਚੁੱਪ ਚੁਪੀਤੇ ।
ਪਰ ਤੇਜ਼ ਤਰਾਰ ਇਸ ਮੁਲਕ ਵਿੱਚ ਕੌਣ ਹੈ ਜੋ ਤੁਹਾਡੇ ਹੰਝੂ ਪੂੰਝੇ ਕੌਣ ਤੁਹਾਡੇ ਦੁੱਖ ਦੀ ਗੱਲ ਸੁਣੇ । ਹਰ ਕੋਈ ਹੋਰ ਪਤਾ ਨਹੀਂ ਕਿੰਨੇ ਦੁੱਖ ਤੇ ਬੋਝ ਮਨ ਤੇ ਢੋ ਰਿਹਾ ਹੈ । ਜਿਸਦਾ ਹੱਲ ਉਹ ਨਸ਼ੇ ਜਾਂ ਕਿਸੇ ਪਾਰਟੀ ਜਾਂ ਨਵੇਂ ਰਿਸ਼ਤੇ ਚ ਲੱਭਦਾ ਹੈ । ਜਿੱਥੇ ਸਿਰਫ ਸਰੀਰ ਨੂੰ ਸ਼ਾਂਤੀ ਤੋਂ ਬਿਨਾਂ ਕੁਝ ਨਹੀਂ ਮਿਲਦਾ ਮਨ ਚ ਅਸ਼ਾਂਤੀ ਉਂਝ ਹੀ ਬਣੀ ਰਹਿ ਜਾਂਦੀ ਏ ।
ਹਰ ਕੋਈ ਹੀ ਰੋ ਰਿਹਾ ਹੈ ਕੋਈ ਕੰਮ ਨੂੰ ਕੋਈ ਪੜ੍ਹਾਈ ਨੂੰ ਕੋਈ ਪਿੱਛੇ ਰਹਿ ਗਏ ਪਿਆਰ ਨੂੰ ਕੋਈ ਮਾਂ ਬਾਪ ਨੂੰ ਕੋਈ ਪੰਜਾਬ ਨੂੰ  । ਕਿਸੇ ਨੂੰ ਦੁੱਖ ਆਪਣੇ ਬਿਜ਼ੀ ਸ਼ੈਡਿਉਲ ਦਾ ਕਿਸੇ ਨੂੰ ਪਿਆਰ ਚ ਧੋਖੇ ਦਾ ਕਿਸੇ ਨੂੰ ਲੱਗ ਗਏ ਨਸ਼ੇ ਦਾ,  ਕਿਸੇ ਨੇ ਇੱਧਰ ਆਕੇ ਪਿਆਰ ਪਾਇਆ ਉਹ ਕੁਝ ਦਿਨ ਹੰਡਾ ਅਹੁ ਗਿਆ ਤਾਂ ਦੁੱਖ । ਕਹਿਣ ਨੂੰ ਕੀ ਇੰਝ ਲਗਦਾ ਸੀ ਜਿਵੇਂ ਪੱਥਰਾਂ ਦੇ ਚਿਹਰੇ ਸੋਹਣੇ ਕੱਪੜੇ ਤੇ ਮੇਕਅੱਪ ਕਰੀ ਸਿਰਫ ਆਪਣੇ ਅੰਦਰ ਦੇ ਦੁੱਖਾਂ ਨੂੰ ਲੁਕਾਉਂਦੇ ਫਿਰਦੇ ਹੋਣ ।
ਉਸਦੀ ਨਜ਼ਰ ਚ ਵੀ ਸਿਮਰੇ ਤੋਂ ਬਿਨਾਂ ਕੋਈ ਐਸਾ ਨਹੀਂ ਸੀ ਜੋ ਉਸਦਾ ਇਸ ਘੜੀ ਸਾਥ ਦੇ ਸਕੇ।
ਚਲਦਾ ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s