ਪੂਰਨਤਾ ਦਾ ਅਹਿਸਾਸ ਭਾਗ : ਪੰਜਵਾਂ

Image may contain: text

ਦੱਸਦਿਆਂ ਦੱਸਦਿਆਂ ਗਗਨ ਬਹੁਤ ਭਾਵੁਕ ਹੋ ਗਈ ਸੀ । ਪਰ ਦੱਸਣ ਮਗਰੋਂ ਉਸਦਾ ਮਨ ਬਹੁਤ ਹਲਕਾ ਹੋ ਗਿਆ ਸੀ । ਇਸੇ ਲਈ ਚਿਹਰੇ ਤੇ ਪਹਿਲ਼ਾਂ ਨਾਲੋਂ ਵਧੇਰੇ ਚਮਕ ਆ ਗਈ ਸੀ । ਫਿਰ ਵੀ ਗਗਨ ਨੇ ਉਸਨੂੰ ਸਮਝਾ ਕੇ ਵਾਪਿਸ ਭੇਜ ਦਿੱਤਾ ਕਿ ਉਹ ਜੇਕਰ ਆਪਣੇ ਫੈਸਲੇ ਤੇ ਸੋਚਣਾ ਚਾਹੇ ਤਾਂ ਦੁਬਾਰਾ ਸੋਚ ਸਕਦੀ ਹਾਂ । ਇੰਡੀਆ ਨਹੀਂ ਹੈ ਉਹ ਕਨੇਡਾ ਹੈ ਤੇ ਏਥੇ ਕਿੰਨੀਆਂ ਹੀ ਕੁੜੀਆਂ ਆਪਣੀ ਮਰਜ਼ੀ ਨਾਲ ਸਿੰਗਲ ਮਦਰ ਬਣਕੇ ਰਹਿ ਰਹੀਆਂ ਹਨ । ਇਹ ਉਹ ਮੁਲਕ ਹਨ ਜਿੱਥੇ ਰੋਟੀ ਲਈ ਤੇ ਮਜ਼ੇ ਚ ਮਜ਼ੇ ਚ ਪੈਦਾ ਹੋਈ ਔਲਾਦ ਨੂੰ ਜਿੰਮੇਵਾਰੀ ਸਮਝ ਕੇ ਕੋਈ ਔਰਤ ਆਪਣੀ ਜ਼ਿੰਦਗੀ ਨੂੰ ਉਸੇ ਮਰਦ ਨਾਲ ਕੱਢਣ ਲਈ ਮਜਬੂਰ ਹੋ ਜਾਏ । ਕਿਸ ਲਈ ਸਿਰਫ ਇਸ ਲਈ ਕਿ ਉਸਨੂੰ ਰੋਟੀ ਕੌਣ ਦਵੇਗਾ ਜਾਂ ਬੱਚੇ ਖਰਚੇ ਤੋਂ ਬਿਨਾਂ ਕਿਵੇਂ ਪਲਣਗੇ । ਉਹਨਾਂ ਦੀ ਇਸ ਗਲਤੀ ਚ ਬੱਚੇ ਦਾ ਕੋਈ ਦੋਸ਼ ਨਹੀਂ । ਉਹ ਚਾਹੇ ਤਾ ਸਿਮਰੇ ਨੂੰ ਬਾਲਗ ਹੋਣ ਤੱਕ ਇਸ ਬੱਚੇ ਦਾ ਖਰਚਾ ਹੱਥ ਜੋੜਕੇ ਦੇਣਾ ਪਵੇਗਾ । ਤੇ ਉਹ ਕਮਾਊ ਹੈ ਸਿਰਫ ਬੱਚੇ ਖਾਤਿਰ ਆਪਣੀ ਸਾਰੀ ਜ਼ਿੰਦਗ਼ੀ ਕਿਸੇ ਹੋਰ ਲਈ ਗਾਲਣ ਦੀ ਲੋੜ ਨਹੀਂ ਹੈ।
ਗਗਨ ਕੁਝ ਸਮਝਦੀ ਹੋਈ ਘਰ ਚਲੇ ਗਈ । ਨੂਰ ਨੇ ਉਸਦੀ ਅਗਲੇ ਦਿਨ ਦੀ ਅਪਇੰਟਮਿੰਟ ਫਿਕਸ ਕਰ ਦਿੱਤੀ । ਨੂਰ ਜਦੋਂ ਘਰ ਲਈ ਨਿਕੱਲੀ ਤਾਂ ਗਗਨ ਦੀ ਕਹਾਣੀ ਯਾਦ ਕਰਦੀ ਕਰਦੀ ਉਹ ਮੁੜ ਉਸੇ ਵਕਤ ਵਿੱਚ ਪੁੱਜ ਗਈ । ਉਹ ਸੋਚਦੀ ਰਹੀ ਇਥੇ ਆਈਆਂ ਗਗਨ ਵਰਗੀਆਂ ਅਨੇਕਾਂ ਕੁੜੀਆਂ ਤੇ ਸਿਮਰੇ ਵਰਗੇ ਅਨੇਕਾਂ ਮੁੰਡੇ । ਜਿਹੜੇ ਇੰਡੀਆ ਤੋਂ ਤਾਂ ਆ ਗਏ ਪਰ ਕਿੰਨੀਆਂ ਸੋਚਾਂ ਚ ਜਕੜੇ ਹੋਏ ਫਿਰਦੇ ਸੀ । ਇਹ ਕੁੜੀਆਂ ਘਰੋਂ ਨਿੱਕਲੁ ਕੇ ਇੱਕਦਮ ਅਜਾਦ ਹੋਈਆਂ ਤਾਂ ਇੱਧਰ ਆਕੇ ਨਾ ਕੋਈ ਸੇਧ ਸੀ ਨਾ ਜੀਵਨ ਅਨੁਭਵ ਕਦੋ ਕਿਸੇ ਨਾਲ ਰਿਸ਼ਤੇ ਚ ਪਈਆਂ ਤੇ ਕਦੋਂ ਕਿੱਥੇ ਸੌਣ ਲੱਗੀਆਂ ਕੋਈ ਨਹੀਂ ਪਤਾ । ਉਹ ਦੇਖਦੀ ਕਈ ਕੁੜੀਆਂ ਦਾ ਰੋਣਾ ਜਿਹੜੀਆਂ ਦਿਨ ਭਰ ਕੰਮ ਵੀ ਕਰਦੀਆਂ , ਥੱਕੀਆਂ ਹਾਰੀਆਂ ਰਾਤ ਨੂੰ ਆਪਣੇ ਬੀਐੱਫ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੀਆਂ । ਬਦਲੇ ਚ ਨਾ ਕੋਈ ਮਾਨਸਿਕ ਸਹਾਰਾ ਤੇ ਨਾ ਹੀ ਕੋਈ ਪੈਸੇ ਵੱਲੋਂ । ਮੁੰਡੇ ਕੁੜੀਆਂ ਆਪਣਾ ਖਰਚਾ ਆਪ ਚੁੱਕਦੇ । ਇੱਕ ਸ਼ਰੀਰਕ ਸੁੱਖ ਤੋਂ ਬਿਨਾਂ ਬਾਕੀ ਜਜ਼ਬਾਤ ਬੇ ਮਾਅਨੇ ਹੋ ਜਾਂਦੇ । ਤੇ ਇਸ ਨੱਠ ਭੱਜ ਵਿੱਚ ਮਾਂ ਬਾਪ ਦੀਆਂ ਮਜਬੂਰੀਆਂ ਖਵਾਹਿਸਾਂ ਵੱਲ ਦੇਖਦੇ ਉਹ ਮਸ਼ੀਨੀ ਹੋ ਜਾਂਦੇ । ਗਹਿਣੇ ਰੱਖੀ ਜਮੀਨ ਤੇ ਚੁੱਕਿਆ ਕਰਜ਼ਾ ਲਾਹੁਣ ਦਾ ਇੱਕੋ ਇੱਕੋ ਤਰੀਕਾ ਵਿਆਹ ਕਰਵਾ ਕੇ ਪੀ ਆਰ ਦਾ ਮੁੱਲ ਵੱਟਣ ਤੱਕ ਹੁੰਦਾ । ਫਿਰ ਰਾਤਾਂ ਨੂੰ ਕੱਲੇ ਕਿਤੇ ਹਨੇਰੇ ਚ ਜਦੋਂ ਕਿਸੇ ਦੀ ਲੋੜ ਮਹਿਸੂਸ ਹੁੰਦੀ ਤਾਂ ਚੁੱਪ ਚੁਪੀਤੇ ਹੰਝੂ ਵਹਾ ਕੇ ਚੁਪ ਕਰ ਜਾਂਦੇ । ਇੰਝ ਇੱਕ ਦੂਸਰੇ ਤੋਂ ਤੰਗ ਹੋਕੇ ਵੀ ਰਿਸ਼ਤੇ ਨਿਭਦੇ ਕਦੇ ਜਰੂਰਤ ਕਿਤੇ ਆਦਤ ਤੇ ਕਿਤੇ ਕਿਤੇ ਪਿਆਰ ।
ਪਰ ਇਹ ਤਾਂ ਇੰਡੀਆ ਵੀ ਹੋ ਹੀ ਰਿਹਾ ਸੀ । ਨੂਰ ਨਾਲ ਤਾਂ ਬਹੁਤ ਪਹਿਲ਼ਾਂ ਹੋ ਗਿਆ ਸੀ । ਜਦੋਂ ਉਹ ਇੰਡੀਆ ਚ ਆਪਣੇ ਮੈਡੀਕਲ ਦੇ ਮਸੀਂ ਦੂਸਰੇ ਵਰ੍ਹੇ ਵਿੱਚ ਸੀ ਤੇ ਉਸਦੇ ਨਾਲ ਉਸਦੇ ਪ੍ਰੈਕਟੀਕਲ ਗਰੁੱਪ ਦਾ ਸਾਥੀ ਕਰਨਵੀਰ ਉਸਨੂੰ ਪਸੰਦ ਆ ਗਿਆ ਸੀ । ਮੈਡੀਕਲ ਦੀ ਪੜ੍ਹਾਈ ਕਹਿਣੀ ਸੌਖੀ ਸੀ ਪਰ ਕਰਨੀ ਬਹੁਤ ਔਖੀ । ਸਾਰਾ ਸਾਰਾ ਦਿਨ ਕਲਾਸ ਫਿਰ ਪ੍ਰੈਕਟੀਕਲ ਫਿਰ ਹਸਪਤਾਲ ਫਿਰ ਆਸਾਇਨਮੈਂਟ ਕਦੇ ਕੋਈ ਕੈਂਪ । ਪਹਿਲੇ ਸਾਲ ਤੋਂ ਹੀ ਬਾਕੀ ਦੁਨੀਆਂ ਨਾਲੋਂ ਪੂਰਾ ਰਾਬਤਾ ਟੁੱਟ ਜਾਂਦਾ । ਬਚਦੇ ਸਿਰਫ ਉਹੀ ਕਾਲਜ ਦੇ ਸਾਥੀ ਪ੍ਰੋਫੈਸਰ ਤੇ ਸੀਨਿਅਰ ਤੇ ਜੂਨੀਅਰ । ਇਹਨਾਂ ਚ ਹੀ ਕਪਲ ਬਣ ਜਾਂਦੇ । ਇਸਤੋਂ ਬਾਹਰ ਉਹਨਾਂ ਨੂੰ ਮਿਲਦਾ ਹੀ ਕੌਣ ਸੀ । ਕਿੰਨਿਆਂ ਦੇ ਵਿਆਹ ਵੀ ਹੋ ਜਾਂਦੇ । ਪਰ ਬਹੁਤ ਮਗਰੋਂ ਛੱਡ ਕੇ ਕਿਤੇ ਹੋਰ ਵੀ ਨਿੱਕਲ ਜਾਂਦੇ । ਦੂਰ ਦੂਰ ਸੂਬਿਆਂ ਦੇ ਲੋਕ ਇਕੱਠੇ ਪੜ੍ਹਦੇ ਸੀ । ਸਭ ਦੀ ਆਪਣੀ ਭਾਸ਼ਾ ਆਪਣੇ ਰੀਤੀ ਰਿਵਾਜ ਤੇ ਪਤਾ ਨਹੀਂ ਹੋਰ ਕੀ ਕੁਝ । ਇਸ ਲਈ ਸਭ ਇੱਕ ਦੂਸਰੇ ਨਾਲ ਸੌਣ ਦੀ ਜਰੂਰਤ ਲੱਭਦੇ ਤੇ ਮਗਰੋਂ ਵਿਆਹ ਲਈ ਘਰਦਿਆਂ ਦੀ ਮਰਜ਼ੀ ਚੱਲਦੀ । ਸਮਾਜ ਐਸੇ ਨੌਜਵਾਨ ਪੈਦਾ ਕਰ ਰਿਹਾ ਜਿਹਨਾ ਤੇ ਦੇਸ਼ ਦੇਭਵਿੱਖ ਸੁਆਰਨ ਲਈ ਫੈਸਲੇ ਲੈਣ ਦੀ ਕਾਬਲੀਅਤ ਹੋਣ ਦੀ ਗੱਲ ਕੀਤੀ ਜਾਂਦੀ ਹੈ ।ਪਰ ਉਸਨੂੰ ਹੀ ਵਿਆਹ ਦਾ ਫੈਸਲਾ ਕਰਨ ਦੀ ਆਜ਼ਾਦੀ ਨਹੀਂ ਤੇ ਉਸਦੇ ਫੈਸਲੇ ਤੇ ਭਰੋਸਾ ਨਹੀਂ । 
ਨੂਰ ਨੂੰ ਕਰਨ ਜਦੋਂ ਪਸੰਦ ਆਇਆ ਉਸਨੂੰ ਇਸ ਗੱਲ ਦਾ ਕੋਈ ਵੀ ਡਰ ਨਹੀਂ ਸੀ ਉਸਨੂੰ ਲਗਦਾ ਸੀ ਕਿ ਉਸਦੇ ਘਰ ਵਾਲੇ ਜ਼ਰੂਰ ਕਰਨ ਨਾਲ ਉਸਦੇ ਵਿਆਹ ਲਈ ਮੰਨ ਜਾਣਗੇ । ਇਸ ਲਈ ਦੋਸਤੀ ਪਿਆਰ ਦੇ ਕੁਝ ਹੀ ਮਹੀਨਿਆਂ ਚ ਉਹ ਬਹੁਤ ਅੱਗੇ ਵੱਧ ਗਏ ਸੀ । ਦੋਂਵੇਂ ਇਕੱਠੇ ਹੀ ਰਹਿਣ ਲੱਗੇ ਸੀ । ਮੈਡੀਕਲ ਕਾਲਜ ਚ ਹਰ ਇੱਕ ਨੂੰ ਉਹਨਾਂ ਬਾਰੇ ਪਤਾ ਸੀ ਕਿਸੇ ਨੂੰ ਇਤਰਾਜ ਵੀ ਨਹੀਂ ਸੀ । ਸਾਰੇ ਹੀ ਇਸ ਹਸਮੁੱਖ ਜੋੜੇ ਨੂੰ ਵੇਖ ਕੇ ਖ਼ੁਸ਼ ਹੁੰਦਾ ਤੇ ਸਫਲ ਜ਼ਿੰਦਗੀ ਦੀ ਦੁਆ ਦਿੰਦਾ । ਇਹ ਨੂਰ ਦੀ ਜ਼ਿੰਦਗ਼ੀ ਦੇ ਸਭ ਤੋਂ ਖੁਸ਼ਗਵਾਰ ਦਿਨ ਸੀ । ਪੂਰੇ ਦੇਸ਼ ਦੀਆਂ ਕਿੰਨੀਆਂ ਹੀ ਰੁਮਾਂਸ ਭਰੀਆਂ ਥਾਵਾਂ ਤੇ ਉਹਨਾਂ ਨੇ ਰੁਮਾਂਸ ਕੀਤਾ ,ਪਿਆਰ ਕੀਤਾ ਤੇ ਹੋਰ ਵੀ ਬਹੁਤ ਕੁਝ । ਕਿੰਨਿਆਂ ਹੀ ਯਾਦਾਂ ਤੇ ਕਿੰਨੇ ਹੀ ਹੀ ਪਲ ਉਸਦੇ ਮਨ ਚ ਫੁੱਲਾਂ ਵਾਂਗ ਹੁਣ ਵੀ ਖਿੜ ਉੱਠਦੇ । 
ਪਰ ਇੱਕ ਨਿੱਕੀ ਜਹੀ ਭੁੱਲ ਬਿਲਕੁੱਲ ਗਗਨ ਵਰਗੀ ਉਹਨਾਂ ਕੋਲੋ ਵੀ ਵਾਪਰੀ । ਤੇ ਉਹ ਸਭ ਖਿਆਲ ਕਰਦਿਆਂ ਤੇ ਸਭ ਸੰਭਾਲ ਕਰਦਿਆਂ ਵੀ ਉਹ ਪ੍ਰੇਗਨੈਂਟ ਹੋ ਗਈ ਸੀ । 
ਤੇ ਇਹ ਖ਼ਬਰ ਉਸਨੂੰ ਜਦੋਂ ਪਤਾ ਲੱਗੀ ਕਾਫੀ ਦੇਰ ਹੋ ਗਈ ਸੀ । ਅਜੇ ਮੈਡੀਕਲ ਦੀ ਪੜਾਈ ਦਾ ਇੱਕ ਤੋਂ ਵੱਧ ਸਾਲ ਪਿਆ ਸੀ । ਉਸਦੇ ਤੇ ਕਰਨ ਦੇ ਪਰਿਵਾਰ ਨੂੰ ਦੋਵਾਂ ਦੇ ਰਿਸ਼ਤੇ ਦਾ ਪਤਾ ਸੀ । ਦੋਵਾਂ ਹੀ ਪਰਿਵਾਰਾਂ ਨੂੰ ਵਿਆਹ ਤੋਂ ਵੀ ਇਤਰਾਜ਼ ਨਹੀਂ ਸੀ । ਪਰ ਬਿਨਾਂ ਵਿਆਹ ਤੋਂ ਬੱਚਾ ਕੌਣ ਸਵੀਕਾਰ ਕਰਦਾ ? ਕਰਨ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੀ ਪਰਿਵਾਰ ਦੀ ਬਹੂ ਨੂੰ ਕੋਈ ਗਲਤ ਨਜਰ ਨਾਲ ਦੇਖੇ ਭਾਵੇਂ ਉਹਨਾਂ ਓਹਲੇ ਚ ਕੁਝ ਵੀ ਕੀਤਾ ਸੀ । ਤੇ ਫਿਰ ਅਜੇ ਕਿੰਨੀਂ ਪੜ੍ਹਾਈ ਬਾਕੀ ਸੀ ਫਿਰ ਇੰਟਰਨਸ਼ੀਪ ਅਜਿਹੇ ਕਿਸੇ ਵੀ ਮਾਹੌਲ ਚ ਬੱਚੇ ਨੂੰ ਨਾਲ ਰੱਖਕੇ ਪੜਿਆ ਨਹੀਂ ਸੀ ਜਾ ਸਕਦਾ । ਨੂਰ ਨੂੰ ਨਾ ਚਾਹੁੰਦੇ ਹੋਏ ਵੀ ਕਰਨ ,ਉਸਦੇ ਪਰਿਵਾਰ ਤੇ ਆਪਣੇ ਪਰਿਵਾਰ ਦੀ ਮੰਨਣੀ ਪਈ । ਉਸਨੇ ਅਬਾਰਸ਼ਨ ਲਈ ਹਾਂ ਕਰ ਦਿੱਤੀ । ਪਰ ਅਬਾਰਸ਼ਨ ਦੌਰਾਨ ਨੂਰ ਦੀ ਜਾਨ ਤੇ ਬਣ ਆਈ ਇੱਕ ਪਲ ਐਸਾ ਆਇਆ ਕਿ ਡਾਕਟਰਾਂ ਨੂੰ ਬੱਚੇ ਦੇ ਨਾਲ ਨਾਲ ਨਾਲ ਕੁਝ ਹੋਰ ਵੀ ਅਪ੍ਰੇਸ਼ਨ ਕਰਨਾ ਪਿਆ । 
ਨਤੀਜ਼ਾ ਇਹ ਨਿਕਲਿਆ ਕਿ ਨੂਰ ਲਈ ਮੁੜ ਮਾਂ ਬਣਨ ਦਾ ਰਸਤਾ ਖਤਮ ਹੋ ਗਿਆ ।
ਇਹ ਉਹਨਾਂ ਦਿਨਾਂ ਦੀ ਗੱਲ ਸੀ ਜਦੋਂ ਗਗਨ ਨੂਰ ਨੂੰ ਉਸਦੇ ਘਰ ਮਿਲਣ ਆਈ ਸੀ । ਉਸਦਾ ਖੁਦ ਦਾ ਡਿਪਰੈਸ਼ਨ ਕਰਕੇ ਬੁਰਾ ਹਾਲ ਸੀ । ਅਜਿਹੇ ਵੇਲੇ ਜੇ ਕਿਸੇ ਨੇ ਉਸਦਾ ਸਾਥ ਦਿੱਤਾ ਉਹ ਕਰਨ ਹੀ ਸੀ । ਜਿਸਨੇ ਉਸ ਵੇਲੇ ਜਾਂ ਉਸ ਮਗਰੋਂ ਵੀ ਉਸਦਾ ਸਾਥ ਨਾ ਛੱਡਿਆ । ਇਹ ਜਾਣਦੇ ਹੋਏ ਕਿ ਹੁਣ ਨੂਰ ਕਦੇ ਮਾਂ ਨਹੀਂ ਬਣ ਸਕਦੀ ਸੀ ਤਾਂ ਕਰਨ ਦੇ ਮਾਂ ਬਾਪ ਨੇ ਕੋਸ਼ਿਸ਼ ਕੀਤੀ ਕਿ ਦੋਵਾਂ ਦਾ ਵਿਆਹ ਨਾ ਹੋਵੇ । ਪਰ ਕਰਨ ਖੁਦ ਨੂੰ ਇਸ ਸਭ ਚ ਬਰਾਬਰ ਦਾ ਹਿੱਸੇਦਾਰ ਮੰਨਦਾ ਹੋਇਆ ਉਸਨੇ ਹਰ ਪਲ ਉਸਦਾ ਸਾਥ ਦਿੱਤਾ । ਲੋਕਾਂ ਤੇ ਪਰਿਵਾਰ ਦੀਆਂ ਗੱਲਾਂ ਤੋਂ ਬਚਣ ਲਈ ਦੋਂਵੇਂ ਪੜ੍ਹਾਈ ਖਤਮ ਹੋਣ ਮਗਰੌਂ ਵਿਆਹ ਕਰਵਾ ਕੇ ਕਨੇਡਾ ਆ ਗਏ ਤੇ ਏਥੇ ਆਪਣਾ ਕਲੀਨਿਕ ਸੈੱਟ ਅੱਪ ਕਰ ਲਿਆ ਮੈਡੀਕਲ ਤਕਨੀਕ ਤੇ ਉਹਨਾਂ ਨੂੰ ਭਰੋਸਾ ਸੀ ਤੇ ਉਹ ਸੋਚਦੇ ਸੀ ਕਿਸੇ ਨਾ ਕਿਸੇ ਤਰੀਕੇ ਉਹ ਜਰੂਰ ਆਪਣੀ ਔਲਾਦ ਹਾਸਿਲ ਕਰ ਲੈਣਗੇ ਬੇਸ਼ਕ ਇਹ ਨੂਰ ਦੇ ਸਰੀਰ ਚ ਨਾ ਪਲੇ ।
ਨੂਰ ਸੋਚਦੀ ਜਦੋਂ ਕੁਦਰਤ ਔਲਾਦ ਉਸ ਬੰਦੇ ਨੂੰ ਦਿੰਦੀ ਹੈ ਜਿਸਨੂੰ ਕਦਰ ਨਹੀਂ ਤੇ ਜਿਸਨੂੰ ਕਦਰ ਹੈ ਉਸਨੂੰ ਦਿੰਦੀ ਹੀ ਨਹੀਂ । ਉਹ ਦੇਖਦੀ ਕਿੰਨੀਆਂ ਹੀ ਕੁੜੀਆਂ ਨਿੱਤ ਉਸਦੇ ਕਲੀਨਿਕ ਆਉਂਦੀਆਂ ਅਬਾਰਸ਼ਨ ਲਈ । ਕਈ ਸਾਲ ਵਿੱਚ ਹੀ ਦੋ ਤਿੰਨ ਵਾਰ । ਤੇ ਇੱਕ ਉਸਦੇ ਨਾਲ ਹੋਇਆ ਇੱਕੋ ਅਬਾਰਸ਼ਨ ਪੂਰੀ ਜ਼ਿੰਦਗ਼ੀ ਲਈ ਉਸਨੂੰ ਬਾਂਝ ਕਰ ਗਿਆ । ਤੇ ਇੱਕ ਇਹ ਗਗਨ ਆਪਣੀ ਭਰੀ ਭਰਾਈ ਝੋਲੀ ਨੂੰ ਇੰਝ ਸੁੱਟ ਰਹੀ ਹੈ ਜਿਵੇਂ ਉਹ ਉਸਦਾ ਕੁਝ ਵੀ ਨਾ ਲਗਦਾ ਹੋਵੇ ,ਸਭ ਕੁਝ ਸਿਮਰੇ ਦਾ ਹੋਵੇ । ਕੈਸਾ ਸਮਾਜ ਹੈ ਬੱਚਾ ਵਿਆਹ ਮਗਰੋਂ ਜਨਮੇ ਤਾਂ ਬਾਪ ਦੀ ਪ੍ਰਾਪਤੀ ਤੇ ਪਹਿਲ਼ਾਂ ਜੰਮੇ ਤਾਂ ਮਾਂ ਦੀ ਗਲਤੀ । ਹਰ ਪ੍ਰਾਪਤੀ ਮਰਦ ਦੀ ਤੇ ਹਰ ਗਲਤੀ ਔਰਤ ਦੀ । ਉਸਦੇ ਮਨ ਚ ਗ਼ੁੱਸਾ ਭਰ ਆਉਂਦਾ । ਪਰ ਕਰਨ ਸੀ ਜੋ ਉਸਨੂੰ ਦੁਨੀਆਂ ਤੋਂ ਅਲੱਗ ਲਗਦਾ । ਤੇ ਉਸਦੀ ਹਰ ਗੱਲ ਮੰਨਦਾ ਤੇ ਖਿਆਲ ਕਰਦਾ ।
ਇਥੋਂ ਤੱਕ ਕਿ ਅਬਾਰਸ਼ਨ ਹੋਣ ਮਗਰੋਂ ਨੂਰ ਨੂੰ ਆਪਣੀ ਸ਼ਰੀਰਕ ਜਰੂਰਤ ਬੇ ਮਾਅਨੀ ਲਗਦੀ । ਇਸ ਤੋਂ ਉਸਦਾ ਮਨ ਖੱਟਾ ਹੋ ਗਿਆ । ਫਿਰ ਵੀ ਉਸਨੂੰ ਇਹ ਸਭ ਕਰਨ ਦੀ ਜਰੂਰਤ ਲਈ ਕਰਨਾ ਪੈਂਦਾ । ਕਈ ਵਾਰ ਕਰਦੇ ਕਰਦੇ ਵੀ ਉਹ ਰੋਣ ਲਗਦੀ ਤੇ ਕਈ ਵਾਰ ਬੋਲ ਪੈਂਦੀ ” ਜਿਸ ਜ਼ਮੀਨ ਦਾ ਪਤਾ ਹੋਵੇ ਕਿ ਓਥੇ ਕੁਝ ਉੱਗ ਹੀ ਨਹੀਂ ਸਕਦਾ ,ਉਸਦੀ ਵਾਹੀ ਦਾ ਵੀ ਕੀ ਫਾਇਦਾ “। ਕਰਨ ਉਸਦੀ ਇਸ ਗੱਲ ਤੇ ਖਿਝ ਵੀ ਜਾਂਦਾ ਉਦਾਸ ਵੀ ਹੁੰਦਾ ਤੇ ਰੁੱਕ ਵੀ ਜਾਂਦਾ । ਉਸਨੂੰ ਲਗਦਾ ਸੀ ਕਿ ਸ਼ਾਇਦ ਜੇਕਰ ਉਹ ਬੱਚਾ ਲੈ ਆਉਣ ਜਰੂਰ ਹੀ ਨੂਰ ਦਾ ਮਨ ਸਹੀ ਹੋ ਜਾਏਗਾ । ਪਰ ਅਜੇ ਤੱਕ ਕਿੰਨੇ ਹੀ ਅੱਲਗ ਤੇ ਨਵੀਆਂ ਤਕਨੀਕਾਂ ਦੇ ਬਾਵਜੂਦ ਦੋਵਾਂ ਦੀ ਕੋਸ਼ਿਸ਼ ਨਾਕਾਮ ਹੋ ਰਹੀ ਸੀ । ਔਰਤ ਲਈ ਮਾਂ ਬਣਨ ਦਾ ਅਹਿਸਾਸ ਉਸ ਦੇ ਸਭ ਅਹਿਸਾਸਾਂ ਤੋਂ ਕਿਤੇ ਉੱਪਰ ਹੁੰਦਾ ਹੈ । ਤੇ ਇਸਤੋਂ ਬਿਨਾਂ ਉਹ ਖੁਦ ਨੂੰ ਅਧੂਰਾ ਮਹਿਸੂਸ ਕਰਦੀ ਹੈ । ਇਸ ਲਈ ਨੂਰ ਨੂੰ ਆਪਣਾ ਆਪ ਤੇ ਆਪਣੀ ਜ਼ਿੰਦਗੀ ਅਧੂਰੇਪਣ ਤੋਂ ਬਿਨਾਂ ਕੁਝ ਵੀ ਨਹੀਂ ਸੀ ਲਗਦੀ । ਤੇ ਜਦੋਂ ਗਗਨ ਦੀ ਮੰਮੀ ਨੇ ਉਸਨੂੰ ਅਸ਼ੀਰਵਾਦ ਦਿੱਤਾ ਸੀ ਜਾਂ ਕੋਈ ਵੀ ਹੋਰ ਇੰਝ ਦੁਆ ਦਿੰਦਾ ਉਸਦਾ ਮਨ ਕਸੈਲਾ ਹੋ ਜਾਂਦਾ । ਗਗਨ ਉਸਨੂੰ ਇਸੇ ਲਈ ਮੂਰਖ ਲੱਗ ਰਹੀ ਸੀ । ਕਿ ਮਹਿਜ਼ ਇਸੇ ਲਈ ਕਿਸੇ ਬੱਚੇ ਨੂੰ ਕੱਢ ਕੇ ਸੁੱਟ ਦਿੱਤਾ ਜਾਵੇ ਕਿ ਉਸਦਾ ਬਾਪ ਵਫ਼ਾਦਾਰ ਨਹੀਂ ਰਿਹਾ ਜਾਂ ਨਹੀਂ ਅਪਣਾ ਸਕਦਾ ਸੀ ? ਸ਼ਾਇਦ ਗਗਨ ਮੁੜ ਸੋਚ ਲਵੇ ਆਪਣੇ ਫੈਸਲੇ ਤੇ ਸ਼ਾਇਦ ਨਾ ਵੀ ਸੋਚੇ ਉਸਨੇ ਆਪਣੀ ਅਗਾਂਹ ਦੀ ਜਿੰਦਗੀ ਦਾ ਵੀ ਸੋਚਣਾ । ਮਾਂ ਬਾਪ ਉਸਦਾ ਵਿਆਹ ਕਰਕੇ ਆਪਣੇ ਮੁੰਡੇ ਨੂੰ ਸੈੱਟ ਕਰਨ ਦੀ ਸੋਚੀ ਬੈਠੇ ਸੀ ਜਿਸਦੇ ਲਈ ਉਹ ਬੱਚੇ ਨੂੰ ਜਰੂਰ ਕੁਰਬਾਨ ਕਰੇਗੀ । 
ਉਸਦਾ ਮਨ ਦੁੱਖ ਨਾਲ ਭਰਿਆ ਸੀ । ਪਰ ਜਦੋਂ ਉਸਨੂੰ ਕਰਨ ਦਾ ਮੈਸੇਜ ਮਿਲਿਆ ਕਿ ਅਮਰੀਕਾ ਚ ਕਿਸੇ ਇੰਸਟੀਚਿਊਟ ਵੱਲੋਂ ਉਹਨਾਂ ਦੀ ਭੇਜੀ ਰਿਪੋਰਟਾਂ ਦੇ ਅਧਾਰ ਤੇ ਕਿਹਾ ਕਿ ਉਹ ਉਹਨਾ ਲਈ ਬੱਚਾ ਪੈਦਾ ਕਰਨ ਲਈ ਮਦਦ ਕਰ ਸਕਦੇ ਹਨ ਤਾਂ ਉਸਦਾ ਮਨ ਕੁਝ ਪਲਾਂ ਲਈ ਗਗਨ ਦੀ ਕਹਾਣੀ ਨੂੰ ਭੁੱਲ ਗਿਆ ਤੇ ਉਦੋਂ ਤੱਕ ਉਹ ਘਰ ਪਹੁੰਚੀ ਤੇ ਕਰਨ ਉਸਦਾ ਇੰਤਜ਼ਾਰ ਹੀ ਕਰ ਰਿਹਾ ਸੀ । 
ਚਲਦਾ :—-

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s