ਬਰਫ ਦੀ ਤਪਸ਼ ਭਾਗ ਤੀਸਰਾ

ਵਿਆਹ ਮਗਰੋਂ ਪਹਿਲੀ ਰਾਤ ਹੀ ਉਸਨੂੰ ਆਪਣੇ ਨਾਲ ਹੋਏ ਧੋਖੇ ਦਾ ਪਤਾ ਲੱਗ ਗਿਆ ਸੀ । ਕੋਈ ਐਡਾ ਵੱਡਾ ਲੁਕੋ ਰੱਖ ਕੇ ਕਿੰਝ ਕਿਸੇ ਦੀ ਜਿੰਦਗੀ ਖ਼ਰਾਬ ਕਰ ਸਕਦਾ ਸੀ ? 
ਗੁਰਜੀਤ ਇਸ ਉਮਰੇ ਵੀ ਤੁਤਲਾ ਕੇ ਬੋਲਦਾ ਸੀ । ਉਹ ਉਸ ਕੋਲ ਆਇਆ ਤੇ ਬੱਚਿਆਂ ਵਾਂਗ ਉਸ ਵੱਲ ਤੱਕਦਾ ਰਿਹਾ ਸੰਗਦਾ ਰਿਹਾ । ਕਿਸੇ ਗੱਲ ਵਿੱਚ ਕੋਈ ਪਹਿਲ ਨਹੀਂ, ਕੋਈ ਸਵਾਲ ਨਹੀਂ । ਆਪਣੀ ਜ਼ਿੰਦਗੀ ਦੇ ਇੱਕ ਤੋਹਫੇ ਨੂੰ ਸਮਝਦੇ ਉਸਨੂੰ ਕੋਈ ਦੇਰ ਨਾ ਲੱਗੀ । ਕੀ ਉਸਦੇ ਪਰਿਵਾਰ ਨੂੰ ਵੀ ਇਸ ਗੱਲ ਦਾ ਪਤਾ ਸੀ ? ਕੀ ਉਹਨਾਂ ਨੇ ਵੀ ਕਨੇਡਾ ਦੇ ਲਾਲਚ ਚ ਉਸਦੀ ਜ਼ਿੰਦਗੀ ਦੇ ਬਚੇ ਖੁਚੇ ਚਾਵਾਂ ਦੀ ਬਲੀ ਚਾੜ੍ਹ ਦਿੱਤੀ ?
ਇਸਤੋਂ ਵਧੀਆ ਸੀ ਕਿ ਉਹ ਕਿਸੇ ਗਰੀਬ ਤੇ ਅਨਪੜ੍ਹ ਨਾਲ ਵਿਆਹੀ ਜਾਂਦੀ ਘੱਟੋ ਘੱਟ ਹਾਣ ਦਾ ਸਾਥੀ ਤੇ ਮਿਲਦਾ । 
ਇਸੇ ਰਾਤ ਉਸਨੂੰ ਸਮਝ ਆ ਗਈ ਸੀ ਕਿ ਗੁਰਜੀਤ ਸਰੀਰ ਦੇ ਤੌਰ ਤੇ ਭਾਵੇਂ ਵੱਡਾ ਹੋ ਗਿਆ ਸੀ । ਪਰ ਦਿਮਾਗ ਵੱਲੋਂ ਅਜੇ ਵੀ ਉਹ ਬੱਚਾ ਸੀ । ਉਸਦੇ ਸਰੀਰ ਦੇ ਮੁਤਾਬਿਕ ਉਸਦਾ ਭਾਵਨਾਤਮਕ ਤੇ ਮਾਨਸਿਕ ਵਿਕਾਸ ਨਹੀਂ ਸੀ ਹੋ ਸਕਿਆ । ਉਸ ਲਈ ਉਹ ਮਹਿਜ਼ ਇੱਕ ਗੁੱਡੀ ਸੀ ਜਿਸਨੂੰ ਉਹ ਮੁਸਕਰਾ ਕੇ ਤੱਕ ਸਕਦਾ ਸੀ । ਉਸ ਨਾਲ ਨਿੱਕੀਆ ਨਿੱਕੀਆ ਗੱਲਾਂ ਕਰ ਸਕਦਾ ਸੀ। ਤੇ ਉਸ ਨੂੰ ਛੂਹ ਕੇ ਦੇਖ ਸਕਦਾ ਸੀ। ਤੇ ਵੱਧ ਤੋਂ ਵੱਧ ਉਸਨੂੰ ਆਪਣੀਆਂ ਬਾਹਾਂ ਚ ਘੁੱਟ ਕੇ ਸੌਂ ਸਕਦਾ ਸੀ ਜਿਵੇਂ ਆਪਣੀ ਮੰਮੀ ਨੂੰ ਜਾ ਸਿਰਹਾਣੇ ਨੂੰ ਘੁੱਟ ਕੇ ਸੌਂਦਾ ਸੀ । 
ਕਮਰੇ ਚ ਆਉਣ ਤੋਂ ਪਹਿਲ਼ਾਂ ਉਸਨੂੰ ਬਹੁਤ ਕੁਝ ਉਸਦੇ ਦੋਸਤਾਂ ਤੇ ਘਰਦਿਆਂ ਨੇ ਸਿਖਾਇਆ ਸੀ ਪਰ ਉਸਨੂੰ ਬੇਹੱਦ ਥੋੜੀ ਇਸ ਸਭ ਦੀ ਸਮਝ ਲੱਗੀ ਤੇ ਉਸਨੂੰ ਵੀ ਸ਼ਾਇਦ ਸ਼ਰਮ ਨੇ ਢੱਕ ਲਿਆ ।
ਸੌਣ ਲੱਗੇ ਸਿਰਫ ਉਹ ਪਵਨ ਨੂੰ ਜੱਫੀ ਚ ਗੁੱਟ ਸਕਿਆ ਤੇ ਉਹਨੂੰ ਰੋਂਦਾ ਵੇਖ ਸਿਰਫ ਪੁੱਛਿਆ ” ਤੂੰ ਰੋ ਕਿਉ ਰਹੀਂ ਏ ? ” 
ਉਸਦੀ ਤੋਤਲੀ ਆਵਾਜ਼ ਚ ਇਹ ਸਵਾਲ ਸੁਣਕੇ ਪਵਨ ਦਾ ਰੋਣਾ ਹੋਰ ਵੀ ਵੱਧ ਗਿਆ ਤੇ ਉਸਨੇ ਗੁਰਜੀਤ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ ਤੇ ਬਿਨਾਂ ਆਵਾਜ਼ ਕੀਤੇ ਤੇ ਹੰਝੂਆਂ ਨੂੰ ਪੀ ਕੇ ਰੋਣ ਦਾ ਯਤਨ ਕਰਨ ਲੱਗੀ ।
ਉਹ ਦੋਸ਼ ਦਿੰਦੀ ਤਾਂ ਕਿਸਨੂੰ ਦਿੰਦੀ । ਉਸਨੇ ਜਦੋਂ ਇਹ ਗੱਲ ਸਹੁਰੇ ਪਰਿਵਾਰ ਨਾਲ ਕੀਤੀ ਤਾਂ ਉਹਨਾਂ ਨੇ ਅੱਗਿਓਂ ਸਫਾਈਆਂ ਦਿੱਤੀਆਂ ਕਿ ਉਸਦਾ ਇਲਾਜ ਚਲ ਹੀ ਰਿਹਾ ਹੈ ਕੁਝ ਕੁ ਸਮੇਂ ਚ ਠੀਕ ਹੋ ਹੀ ਜਾਏਗਾ ਤੇ ਬਾਕੀ ਸਮਝ ਇੱਕ ਪਤੀ ਵਜੋਂ ਉਸਨੂੰ ਹੌਲੀ ਹੌਲੀ ਆ ਜਾਏਗੀ । ਕੋਈ ਬੰਦਾ ਪ੍ਰਫੈਕਟ ਨਹੀਂ ਹੁੰਦਾ ਕੁਝ ਨਾ ਕੁਝ ਤੇ ਸਮਝੌਤਾ ਕਰਨਾ ਹੀ ਪੈਂਦਾ ।
ਇਹ ਗੱਲ ਪਵਨ ਨੂੰ ਹੀ ਜਾਣ ਬੁੱਝ ਕੇ ਸੁਣਾਈ ਗਈ ਸੀ ਕਿ ਉਹਦੇ ਸਰੀਰ ਵਿੱਚ ਵੀ ਤਾਂ ਦੋਸ਼ ਹੈ ਹੀ । ਇਸੇ ਲਈ ਤਾਂ ਉਸਨੂੰ ਦੋਸ਼ ਰਹਿਤ ਪਤੀ ਮਿਲਣਾ ਮੁਮਕਿਨ ਨਹੀਂ ।
ਤੇ ਆਪਣੇ ਬਾਪੂ ਤੇ ਬਾਕੀ ਪਰਿਵਾਰ ਨਾਲ ਵੀ ਉਹ ਕੀ ਗੱਲ ਕਰਦੀ । ਘਰ ਦੀਆਂ ਬਾਕੀ ਔਰਤਾਂ ਨੇ ਕਦੇ ਉਸਦਾ ਦੁੱਖ ਨਹੀਂ ਸੀ ਸਮਝਿਆ ਨਹੀਂ ਸੀ ਤੇ ਬਾਪੂ ਨੂੰ ਕਿਸ ਮੂੰਹ ਨਾਲ ਸਭ ਦਸਦੀ । ਉਹ ਸੋਚਦੀ ਜੇ ਖੌਰੇ ਮਾਂ ਜਿੰਦਾ ਹੁੰਦੀ ਤਾਂ ਆਪਣੀ ਸਾਰੀ ਹੱਡ ਬੀਤੀ ਸੁਣਾ ਸਕਦੀ ਸੀ । ਹੁਣ ਤੇ ਉਸਨੂੰ ਇਹ ਜ਼ਿੰਦਗੀ ਭਰ ਦੇ ਹੰਝੂ ਕੱਲੀ ਨੂੰ ਹੀ ਪੀਣੇ ਪੈਣਗੇ ।
ਸਹੁਰੇ ਪਰਿਵਾਰ ਚ ਇਸ ਤੋਂ ਬਿਨਾਂ ਉਸਨੂੰ ਕੋਈ ਸਮੱਸਿਆ ਨਹੀਂ ਸੀ । ਸੱਸ ਸਹੁਰਾ ਉਸਦੀ ਇੱਜਤ ਕਰਦੇ । ਘਰ ਦਾ ਕੰਮ ਕਰਨ ਸਫਾਈ ਕਰਨ ਲਈ ਕੰਮ ਵਾਲੀਆਂ ਸਨ । ਉਸਦੀ ਨਨਾਣ ਜੋ ਕਨੇਡਾ ਸੀ ਹਰ ਦੂਸਰੇ ਦਿਨ ਫੋਨ ਕਰਦੀ ਉਸਦਾ ਹਾਲ ਪੁੱਛਦੀ ।ਬੜੇ ਚਾਅ ਨਾਲ ਕਨੇਡਾ ਦੀ ਲੱਗੀ ਫਾਇਲ ਦਾ ਉਹਨਾਂ ਦੇ ਓਥੇ ਪਹੁੰਚਣ ਤੇ ਰਹਿਣ ਦੇ ਪਲੈਨ ਦਾ ਬੜੇ ਚਾਅ ਨਾਲ ਦਸਦੀ ।
ਗੁਰਜੀਤ ਵੀ ਉਸਦਾ ਖਹਿੜਾ ਨਾ ਛੱਡਦਾ ,ਰੋਟੀ , ਚਾਹ ਉਸਦੇ ਨਾਲ ਬੈਠਕੇ ਖਾਂਦਾ । ਹਰ ਵੇਲੇ ਉਸਦੇ ਅੱਗੇ ਪਿੱਛੇ ਘੁੰਮਦਾ ਜਿਵੇਂ ਉਸਨੇ ਚੁੰਨੀ ਨਾਲ ਬੰਨ ਲਿਆ ਹੋਵੇ । ਤੋਤਲੀਆਂ ਤੋਤਲੀਆਂ ਬੱਚਿਆਂ ਵਾਂਗ ਸਾਰਾ ਦਿਨ ਗੱਲਾ ਕਰਦਾ । ਤੇ ਰਾਤ ਨੂੰ ਬੱਚੇ ਵਾਂਗ ਹੀ ਉਸਦੀ ਛਾਤੀ ਨਾਲ ਸਿਰ ਲਾ ਕੇ ਸੌਂ ਜਾਂਦਾ ।
ਉਸਦੇ ਨਾਲ ਸੁੱਤਿਆ ਕਿੰਨੇ ਹੀ ਖਿਆਲ ਉਸਦੇ ਮਨ ਚ ਗੁਜ਼ਰਦੇ , ਸਹੇਲੀਆਂ ਕੋਲੋ ਸੁਣੇ ਕਿੰਨੇ ਹੀ ਕਿੱਸੇ , ਸੁਖਵਿੰਦਰ ਨਾਲ ਸਜਾਏ ਕਿੰਨੇ ਹੀ ਰੰਗੀਨ ਖਵਾਬ ਉਸਦੀਆਂ ਅੱਖਾਂ ਅੱਗਿਓ ਗੁਜਰਨ ਲਗਦੇ । ਔਰਤ ਮਰਦ ਦੇ ਸ਼ਰੀਰ ਦਾ ਸਪਰਸ਼ ਤੇ ਉਹ ਵੀ ਰਾਤ ਭਰ ਤੇ ਰੋਜ ਹੀ ਕਿਸੇ ਵੀ ਸਿਹਤਮੰਦ ਸਰੀਰ ਚ ਇੱਛਾਵਾਂ ਜਗਾ ਸਕਦਾ । ਉਸਦੇ ਮਨ ਚ ਇੱਛਾਵਾਂ ਜਾਗਦੀਆਂ ਫਿਰ ਨੀਂਦ ਆਉਣ ਤੱਕ ਟੁੱਟ ਟੁੱਟ ਕੇ ਜਾਗਦੀਆਂ ਰਹਿੰਦੀਆਂ । ਮਨ ਬਹੁਤਾ ਹੀ ਭਟਕਦਾ ਹੁੰਦਾ ਤਾਂ ਕੋਈ ਧਾਰਮਿਕ ਮੰਤਰ ਜਪ ਕੇ ਸ਼ਾਂਤੀ ਦੀ ਕਾਮਨਾ ਕਰਦੀ । 
ਪਰ ਇੰਝ ਕਦੋ ਤੱਕ ਹੋ ਸਕਦਾ ਸੀ । ਫਿਰ ਇੱਕ ਦਿਨ ਉਸਨੇ ਖੁਦ ਪਹਿਲ ਕੀਤੀ । ਸੁੱਤੇ ਪਏ ਗੁਰਜੀਤ ਨੂੰ ਆਪਣੀਆਂ ਬਾਹਾਂ ਚ ਲੈ ਕੇ ਉਸਦੇ ਮੱਥੇ ਨੂੰ ਚੁੰਮਿਆ ਫਿਰ ਬੁੱਲ੍ਹਾ ਨੂੰ । ਕਿੰਨਾ ਹੀ ਚਿਰ ਚੁੰਮਦੀ ਰਹੀ ਜਦੋਂ ਤੱਕ ਦੋਵਾਂ ਦੇ ਸਾਹ ਉੱਖੜ ਨਾ ਗਏ । ਫਿਰ ਉਸਦੇ ਅੰਗਾਂ ਨੂੰ ਟੋਹਦਿਆਂ ਤੇ ਉਸਦੇ ਹੱਥਾਂ ਨੂੰ ਆਪਣੇ ਸਰੀਰ ਤੇ ਰਸਤਾ ਵਿਖਾਉਂਦਿਆ ਕੁਝ ਹੀ ਮਿੰਟਾਂ ਚ ਉਹ ਉਸਦੇ ਵਿੱਚ ਗੁੰਮ ਗਈ । ਪਹਿਲੀ ਵਾਰ ਇੱਕ ਨਗਨ ਸਰੀਰ ਦੀ ਤਪਸ਼ ਆਪਣੇ ਸਰੀਰ ਕੋਲ ਮਹਿਸੂਸ ਕਰਦੀ ਜਿਵੇਂ ਉਹ ਸਭ ਭੁੱਲ ਹੀ ਗਈ ਹੋਵੇ । ਗੁਰਜੀਤ ਦੇ ਸਰੀਰ ਚ ਵੀ ਉਸ ਵਾਂਗ ਹੀ ਬਰਾਬਰ ਦਾ ਜੋਸ਼ ਸੀ ਭਾਵੇਂ ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋ ਰਿਹਾ ਸੀ ਪਰ ਇੱਕ ਜਜਬਾਤਾਂ ਦਾ ਉਤਰਾਅ ਚੜਾਅ ਉਸਨੂੰ ਨਜ਼ਰ ਆ ਰਿਹਾ ਸੀ ਜੋ ਇੱਕ ਸ਼ੂਕਦੇ ਦਰਿਆ ਵਰਗਾ ਸੀ । ਪਰ ਪਵਨ ਤਾਂ ਜਿੱਦਾਂ ਇੱਕ ਖੌਲਦੇ ਸਮੰਦਰ ਚ ਬਦਲ ਗਈ ਹੋਵੇ । ਪਰ ਇਸਤੋਂ ਪਹਿਲ਼ਾਂ ਕਿ ਦਰਿਆ ਦਾ ਸਮੰਦਰ ਨਾਲ ਮੇਲ ਹੋ ਸਕਦਾ ਦਰਿਆ ਦਾ ਵੇਗ ਟੁੱਟ ਗਿਆ । 
ਪਵਨ ਹਤਾਸ਼ ਹੋਣ ਤੋਂ ਬਿਨਾਂ ਕਰ ਵੀ ਕੀ ਸਕਦੀ ਸੀ ।ਮਨ ਮਾਰਕੇ ਉਵੇਂ ਹੀ ਗੁਰਜੀਤ ਨੂੰ ਕਲਾਵੇ ਚ ਘੁੱਟ ਕੇ ਸਿੱਲੀਆਂ ਅੱਖਾਂ ਤੇ ਜਜਬਾਤਾਂ ਨੂੰ ਲੈ ਕੇ ਸੋ ਗਈ ।
ਫਿਰ ਉਸ ਦਿਨ ਮਗਰੋਂ ਹਰ ਰਾਤ ਤੇ ਦਿਨ ਚ ਪਵਨ ਇਹੋ ਕਿਰਿਆ ਦੁਹਰਾਉਂਦੀ । ਗੁਰਜੀਤ ਚੁੱਪ ਚਾਪ ਉਂਝ ਹੀ ਉਸਨੂੰ ਸਭ ਕੁਝ ਕਰਨ ਦਿੰਦਾ । ਕਈ ਦਿਨ ਤੇ ਰਾਤਾਂ ਮਗਰੋਂ ਅੰਤਿਮ ਮੰਜ਼ਿਲ ਨੂੰ ਪਾਉਣ ਚ ਵੀ ਉਹ ਸਫ਼ਲ ਹੋ ਹੀ ਗਈ । 
ਪਰ ਉਸਤੋਂ ਬਾਅਦ ਵੀ ਉਸਨੂੰ ਅਜਿਹਾ ਕਰਨ ਲਈ ਕਈ ਕਈ ਰਾਤ ਕੋਸ਼ਿਸ ਕਰਨੀ ਪੈਂਦੀ । ਕਾਰਨ ਉਹੀ ਸੀ ਗੁਰਜੀਤ ਦਾ ਮਨ ਤੇ ਸਰੀਰ ਦੀ ਜਰੂਰਤ ਇਕਸਾਰ ਨਹੀਂ ਸੀ । ਇਸ ਲਈ ਕਈ ਵਾਰ ਦੋ ਹਫਤੇ ਮਗਰੋਂ ਵੀ ਉਹਨਾਂ ਵਿੱਚ ਕੁਝ ਹੋ ਪਾਉਂਦਾ । 
ਸਭ ਕੁਝ ਕਰ ਹਟਣ ਤੋਂ ਬਾਅਦ ਕਈ ਵਾਰ ਤਾਂ ਪਵਨ ਨੂੰ ਇੰਝ ਵੀ ਲਗਦਾ ਕਿ ਜਿਵੇਂ ਉਹ ਕਿਸੇ ਬੱਚੇ ਨਾਲ “ਰੇਪ” ਕਰ ਰਹੀ ਹੋਵੇ ਉਸਦਾ ਮਨ ਕਚਿਆਣ ਨਾਲ ਭਰ ਜਾਂਦਾ ।
ਜੋ ਕੁਝ ਵੀ ਉਸਨੇ ਇਸ 3 ਕੁ ਮਹੀਨੇ ਦੇ ਵਕਫ਼ੇ ਚ ਕੀਤਾ ਉਹ ਅਜਾਈਂ ਨਾ ਗਿਆ । ਉਸਨੂੰ ਦਿਨ ਚੜ ਗਏ । ਗੁਰਜੀਤ ਦੇ ਮਾਂ ਬਾਪ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਸੀ । ਪਰ ਇਹੋ ਕੁਦਰਤ ਦਾ ਖੇਲ ਹੈ ਜਿੱਥੇ ਬੰਦਾ ਸੋਚਦਾ ਨਹੀਂ ਓਥੇ ਜ਼ਿੰਦਗੀ ਧੜਕਾ ਦਿੰਦਾ ਹੈ । 
ਪਵਨ ਸੋਚਦੀ ਚਲੋ ਚੰਗਾ ਹੀ ਹੋਇਆ ਇਸ ਨਾਲ ਉਸਦਾ ਧਿਆਨ ਬੱਚੇ ਵੱਲ ਹੋਏਗਾ ਤਾਂ ਇਸ ਰੋਜ਼ ਦੇ ਪਾਪ ਤੋਂ ਖਹਿੜਾ ਛੁਟੇਗਾ । 
ਫਿਰ ਉਹਨਾਂ ਕਨੇਡਾ ਦਾ ਵੀਜਾ ਵੀ ਆ ਗਿਆ । ਸੱਸ ਸਹੁਰਾ ਪਹਿਲ਼ਾਂ ਹੀ ਜਾ ਚੁੱਕੇ ਸੀ ਤੇ ਉਹ ਤੇ ਗੁਰਜੀਤ ਵੀ ਜਹਾਜ਼ ਚੜ ਕਨੇਡਾ ਪੁੱਜ ਗਏ । ਓਥੇ ਹੀ 7-8 ਮਹੀਨਿਆਂ ਮਗਰੋਂ ਉਹਨਾਂ ਦੇ ਘਰ ਉਸਦੀ ਬੇਟੀ ਹਰਲੀਨ ਦਾ ਜਨਮ ਹੋਇਆ । ਇੱਥੇ ਹੀ ਉਸਦੀ ਜਿੰਦਗੀ ਦੀ ਕਹਾਣੀ ਨੇ ਨਵੇਂ ਮੋੜ ਕੱਟਣੇ ਸ਼ੁਰੂ ਕੀਤੇ । 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s