ਕਹਾਣੀ: ਬਰਫ ਦੀ ਤਪਸ਼ ਭਾਗ ਪਹਿਲਾ

ਕਨੇਡਾ ਚ ਲੱਕੜ ਦੇ ਇਹਨਾਂ ਘਰਾਂ ਚ ਜਰਾ ਜਿੰਨੀ ਆਵਾਜ਼ ਵੀ ਦੂਜੇ ਕੋਨੇ ਸੁਣਾਈ ਦੇ ਜਾਂਦੀ ਹੈ ।ਲੜਦੇ ਗੁਆਂਢੀ ਤਾਂ ਸੁਣਾਈ ਦੇਣੇ ਹੀ ਸਨ । ਪਵਨ ਦੇ ਉੱਪਰ ਵਾਲੇ ਅਪਾਰਟਮੈਂਟ ਚ ਕੋਈ ਗੋਰਾ ਕਪਲ ਰਹਿ ਰਿਹਾ ਸੀ । ਦੋਵਾਂ ਦੇ ਉੱਚੀ ਉੱਚੀ ਲੜਨ ਦੀ ਆਵਾਜ਼ ਨਾਲ ਉਸਦੀ ਨੀਂਦ ਟੁੱਟ ਗਈ ਸੀ । ਉਹ ਤਾਂ ਕਿਸੇ ਤਰੀਕੇ ਨੀਂਦ ਦੇ ਟੁੱਟਣ ਨੂੰ ਝੱਲ ਗਈ ਪਰ ਉਸਦੀ ਤਿੰਨ ਸਾਲ ਦੀ ਬੱਚੀ ਲਈ ਇਹ ਅਸਹਿ ਸੀ ।
ਉਹਨੇ ਉੱਠ ਕੇ ਦਰਵਾਜ਼ਾ ਖੋਲ੍ਹ ਕੇ ਉੱਪਰ ਜਾ ਕੇ ਉਸ ਜੋੜੇ ਨੂੰ ਹੌਲੀ ਲੜਨ ਦੀ ਬੇਨਤੀ ਕੀਤੀ ਤੇ ਵਾਪਿਸ ਆ ਗਈ ।
ਜਿਸ ਤਰਾਂ ਏਥੇ ਦੇ ਲੋਕ ਉਸਨੂੰ ਜਾਪਦਾ ਸੀ ਕਿ ਇਹਨਾਂ ਦਾ ਵਿਆਹ ਬਹੁਤੀ ਦੇਰ ਨਹੀਂ ਟਿਕਣਾ । ਹਲੇ ਇੱਕ ਵਰ੍ਹਾ ਵੀ ਨਹੀਂ ਸੀ ਹੋਇਆ ਹੋਣਾ ਉਹਨਾਂ ਦੇ ਵਿਆਹ ਨੂੰ । ਉਦੋਂ ਪਹਿਲਾਂ ਇਹ ਸਿਰਫ ਗੋਰੀ ਹੀ ਉਸ ਮਕਾਨ ਚ ਰਹਿੰਦੀ ਸੀ । ਗੋਰਾ ਸਿਰਫ ਉਹਨੂੰ ਮਿਲਣ ਲਈ ਕਦੇ ਕਦੇ ਆਉਂਦਾ । ਉਸਦੇ ਪਿਛਲੇ ਇੰਡੀਆ ਗੇੜੇ ਤੋਂ ਪਹਿਲਾਂ ਹੀ ਦੋਵਾਂ ਨੇ ਵਿਆਹ ਕਰਵਾਇਆ ਸੀ । 
ਗੋਰੀ ਬਹੁਤ ਹੁੱਬ ਕੇ ਆਪਣੇ ਪਿਆਰ ਦੀਆਂ ਗੱਲਾਂ ਦਸਦੀ ਸੀ । ਵਿਆਹ ਤੋਂ ਪਹਿਲਾਂ ਵੀ ਉਹ ਮਰਦ ਔਰਤ ਦੇ ਭੇਦ ਦੀਆਂ ਕਿੰਨੀਆਂ ਗੱਲਾਂ ਉਸ ਨੂੰ ਸਹਿਜ ਹੀ ਦੱਸ ਦਿੰਦੀ । ਵਿਆਹੀ ਹੋਣ ਦੇ ਬਾਵਜੂਦ ਤੇ ਚੰਗੀ ਅੰਗਰੇਜ਼ੀ ਦੀ ਜਾਣਕਾਰ ਹੋਣ ਦੇ ਬਾਵਜੂਦ ਪਵਨ ਕੋਲ ਦੱਸਣ ਲਈ ਕੁਝ ਖਾਸ ਨਾ ਹੁੰਦਾ । ਉਹ ਬੱਸ ਸੁਣਦੀ ਤੇ ਉਸਦੀਆਂ ਗੱਲਾਂ ਤੇ ਮੁਸਕਰਾਉਂਦੀ । ਜਿਵੇਂ ਉਹ ਵਿਆਹ ਤੋਂ ਪਹਿਲਾਂ ਆਪਣੀਆਂ ਅਨੁਭਵੀ ਸਹੇਲੀਆਂ ਜਾਂ ਵਿਆਹੀਆਂ ਸਾਥਣਾਂ ਤੇ ਮੁਸਕਰਾ ਦਿੰਦੀ ਸੀ । 
ਉਸਨੂੰ ਉਸ ਗੋਰੀ ਦੀ ਕਿਸਮਤ ਤੇ ਰਸ਼ਕ ਹੁੰਦਾ ਕਿ ਕਿੰਨੀ ਖੁਸ਼ਕਿਸਮਤ ਹੈ ਇਹ ਇੱਕ ਬੱਚਾ ਸੀ ਇਸਦਾ ਜਿਸਦਾ ਕਿ ਉਸਨੂੰ ਵੀ ਪੱਕਾ ਨਹੀਂ ਸੀ ਪਤਾ ਕਿ ਪਿਤਾ ਕੌਣ ਹੈ । ਫਿਰ ਵੀ ਉਸਨੂੰ ਅਜਿਹਾ ਪ੍ਰੇਮੀ ਮਿਲਿਆ ਸੀ ਜੋ ਉਸਦੀਆਂ ਸਾਰੀਆਂ ਜਰੂਰਤਾਂ ਭਾਵੇਂ ਜਜ਼ਬਾਤੀ ਸੀ ਜਾਂ ਸਰੀਰਕ ਉਹਨਾਂ ਨੂੰ ਸਮਝਦਾ ਸੀ । ਉਸਨੂੰ ਆਪਣੀ ਜ਼ਿੰਦਗੀ ਚ ਆਏ ਸਾਰੇ ਦੁੱਖਾਂ ਦੇ ਪਹਾੜ ਸਾਹਮਣੇ ਆ ਖਲੋਂਦੇ । ਉਸਦਾ ਇਥੇ ਕਨੇਡਾ ਦਿਲ ਨਾ ਲਗਦਾ ਤੇ ਪਿਛਲੇ ਸਾਲ ਉਹ ਆਪਣੇ ਪਤੀ ਗੁਰਜੀਤ ਨੂੰ ਵਾਪਿਸ ਇੰਡੀਆ ਲੈ ਕੇ ਜਾਣ ਦੀ ਜਿੱਦ ਕਰ ਲਈ ਇਥੇ ਦੋ ਕੁ ਸਾਲ ਉਹਨਾਂ ਨੂੰ ਹੋ ਹੀ ਗਏ ਸਨ ਤੇ ਪੀ ਆਰ ਲਈ ਕਾਫੀ ਸੀ । ਹੁਣ ਉਹ ਕਦੇ ਵੀ ਵਾਪਿਸ ਆ ਸਕਦੇ ਸੀ । ਪਰ ਇੱਥੇ ਦੀ ਇੱਕਲਤਾ ਤੇ ਤੇਜ ਰਫ਼ਤਾਰ ਜਿੰਦਗੀ ਉਹਨੂੰ ਹੋਰ ਵੀ ਤੰਗ ਕਰਦੀ । ਤੇ ਉਪਰੋਂ ਉਹਨਾਂ ਦੇ ਨਾਲ ਰਹਿੰਦੇ ਗੁਰਜੀਤ ਦੇ ਮੰਮੀ ਪਾਪਾ ਦੀ ਨਜ਼ਰ ਉਸਤੇ ਰਹਿੰਦੀ । ਉਹ ਕਿਸ ਨਾਲ ਕਿੱਥੇ ਕੀ ਗੱਲ ਕਰ ਰਹੀ ਹੈ ਕਿੱਥੇ ਆ ਜਾ ਰਹੀ ਏ । ਸਭ ਚੈੱਕ ਹੁੰਦਾ ।ਉਸਦੀ ਕਾਲ ਡਿਟੇਲ ਨੈੱਟ ਦੀ ਹਿਸਟਰੀ ਸਭ ਦੇਖੀ ਜਾਂਦੀ । ਇਸ ਜੀਵਨ ਤੋਂ ਤੰਗ ਆ ਕੇ ਹੀ ਉਹ ਵਾਪਿਸ ਜਾਣਾ ਚਾਹੁੰਦੀ ਸੀ ।
ਪਰ ਉਹ ਭੱਜਦੀ ਤੇ ਭੱਜਦੀ ਕਿੱਥੇ ਜ਼ਿੰਦਗੀ ਨੇ ਹਰ ਮੋੜ ਤੇ ਹੀ ਉਸਨੂੰ ਇੰਝ ਜ਼ਖ਼ਮ ਦਿੱਤੇ ਸੀ ਕਿ ਉਹ ਮੁੜ ਮੁੜ ਹਰੇ ਹੁੰਦੇ ਤੇ ਨਵੇਂ ਨਵੇਂ ਦਰਦ ਦਿੰਦੇ ।
ਪਵਨ ਨੂੰ ਅਜੇ ਸੋਝੀ ਵੀ ਨਹੀਂ ਸੀ ਜਦੋਂ ਉਸਦੀ ਮਾਂ ਮਰ ਗਈ ਸੀ । ਨਿੱਕੀ ਉਮਰੋਂ ਉਸਨੇ ਸਿਵਾਏ ਝਿੜਕਾਂ ਤੋਂ ਕੋਈ ਪਿਆਰ ਨਾ ਮਿਲਿਆ । ਸਾਂਝੇ ਪਰਿਵਾਰ ਚ ਉਸਨੂੰ ਲਗਦਾ ਕਿ ਉਹ ਇਸ ਘਰ ਚ ਨਿੱਕੀ ਉਮਰੇ ਹੀ ਵਿਆਹੀ ਗਈ ਹੋਵੇ । ਘਰ ਦਾ ਸਾਰੇ ਕੰਮ ਚ ਉਹ ਹੱਥ ਵਟਾਉਂਦੀ । ਧਾਰਾਂ ਕੱਢਣ ਤੋਂ ਲੈ ਕੇ ਚੁਲ੍ਹੇ ਚੌਂਕੇ ਤੱਕ ਦੇ ਸਾਰੇ ਕੰਮ ਉਸਦੀਆਂ ਚਾਚੀਆਂ ਤਾਈਆਂ ਉਸ ਕੋਲੋ ਕਰਵਾਉਂਦੀਆਂ ।ਤੇ ਉਹਨਾਂ ਦੇ ਜੁਆਕ ਜਾਂ ਖੇਡਦੇ ਜਾਂ ਪੜ੍ਹਦੇ । ਉਸਨੂੰ ਛੇੜਦੇ ਉਸ ਨਾਲ ਲੜਦੇ । ਰੋਂਦੀ ਨੂੰ ਕੋਈ ਵਰਾਉਣ ਵਾਲਾ ਵੀ ਨਾ ਹੁੰਦਾ । ਉਸਨੂੰ ਲਗਦਾ ਕਿ ਮਾਂ ਪਤਾ ਨਹੀਂ ਕਿਉ ਉਸਨੂੰ ਇਹਨਾਂ ਦੁੱਖਾਂ ਚ ਛੱਡਕੇ ਚਲੀ ਗਈ । 
ਉਸਦਾ ਬਾਪ ਸਾਰੀਆਂ ਗੱਲਾਂ ਸਮਝਦਾ ਸੀ ਪਰ ਉਸਦੇ ਬੋਲਣ ਦਾ ਵੀ ਫਾਇਦਾ ਨਾ ਹੋਇਆ । ਹੋਰ ਵਿਆਹ ਕਰਵਾ ਕੇ ਉਹ ਬਿਲਕੁਲ ਹੀ ਉਸਦੀ ਜ਼ਿੰਦਗੀ ਦਾ ਭੱਠਾ ਨਹੀਂ ਸੀ ਬਿਠਾਉਣਾ ਚਾਹੁੰਦਾ । ਇਥੇ ਹੀ ਸਹੀ ਚਲੋ ਰੁਲ ਖੁਲ ਕੇ ਪਲ ਜਾਏਗੀ । ਕੱਲ੍ਹ ਨੂੰ ਤੇ ਚਲੋ ਬੇਗਾਨੇ ਘਰ ਹੀ ਜਾਣਾ ਹੈ ।ਇਹੋ ਸੋਚਕੇ ਉਹ ਉਸਨੂੰ ਧਰਵਾਸ ਦਿੰਦਾ ।
ਪਵਨ ਚ ਜੋ ਗੁਣ ਚੰਗਾ ਸੀ ਉਹ ਸੀ ਕਿ ਪੜ੍ਹਨ ਚ ਹੱਦ ਦਰਜੇ ਦੀ ਹੁਸ਼ਿਆਰ ਸੀ । ਕੰਮ ਦੇ ਬੋਝ ਥੱਲੇ ਦੱਬੀ ਵੀ ਹਰ ਕਲਾਸ ਚ ਅਵੱਲ ਰਹੀ । ਅੰਗਰੇਜ਼ੀ ਦਾ ਇਵੇਂ ਬੋਲਣਾ ਸਿੱਖ ਗਈ ਜਿਵੇਂ ਅੰਗਰੇਜ਼ ਘਰ ਜੰਮੀ ਹੋਵੇ । ਮੱਝਾਂ-ਕੱਟੀਆਂ ਚ ਰਹਿਣ ਵਾਲ਼ੀ ਕਿਸੇ ਕੁੜੀ ਲਈ ਇਹ ਅਸਚਰਜ ਹੀ ਸੀ । 
ਦਸਵੀਂ ਕੀਤੀ ਤੇ ਫਿਰ ਬਾਰਵੀਂ ਤਾਂ ਦੋਵੇਂ ਵਾਰ ਪੂਰਾ ਨਾਮ ਹੀ ਰੋਸ਼ਨ ਕਰ ਦਿੱਤਾ ।ਜਦੋੰ ਕਾਲਜ ਵੀ ਗਈ ਤਾਂ ਉਸਦੀ ਲਿਆਕਤ ਦੇ ਚਰਚੇ ਪਿੰਡ ਦੇ ਹਰ ਘਰ ਚ ਸੀ ਤੇ ਉੱਪਰੋਂ ਕੰਮ ਕਰਦੀ ਸੀ ਖੁੱਲ ਕੇ ਖਾਂਦੀ ਸੀ ਤੇ ਐਸਾ ਜੋਬਨ ਉਸ ਉੱਤੇ ਚੜਿਆ ਕਿ ਨਾਲ ਦੀਆਂ ਸਾਥਣਾਂ ਵੀ ਤਰਾਹ ਤਰਾਹ ਕਰਦੀਆਂ । ਨਾਲ ਪੜ੍ਹਦੇ ਮੁੰਡੇ ਰਾਹਾਂ ਚ ਮਿਲਦੇ ਤੇ ਪਿੱਛੇ ਕਰਦੇ ਕਿੰਨੇ ਹੀ ਜਣਿਆ ਉਹਨੂੰ ਦੋਸਤੀ ਪਿਆਰ ਲਈ ਸੁਲਾਹ ਮਾਰੀ।ਪਰ ਸ਼ਾਇਦ ਉਸਦੇ ਮਨ ਚ ਅਜਿਹਾ ਅਜੇ ਕੁਝ ਨਹੀਂ ਸੀ ਨਾ ਹੀ ਪਿਆਰ ਕੀ ਹੁੰਦਾ ਉਸਦੀ ਸਮਝ । ਉਂਝ ਇੰਝ ਭੌਰਾਂ ਵਾਂਗੂ ਮੰਡਰਾਉਂਦੇ ਤੇ ਤਰਲੇ ਕੱਢਦੇ ਗੱਬਰੂ ਉਸਨੂੰ ਚੰਗੇ ਲਗਦੇ । ਪਰ ਕਿਸੇ ਨੂੰ ਨੇੜੇ ਨਾ ਫਟਕਣ ਦਿੰਦੀ । ਉਸਦੀਆਂ ਸਹੇਲੀਆਂ ਆਪਣੇ ਆਪਣੇ ਪਿਆਰ ਦੇ ਮਿਲਣ ਦੇ ਕਿੱਸੇ ਸੁਣਾਉਂਦੀਆਂ ਉਹ ਚੁੱਪ ਚਾਪ ਸੁਣਦੀ । ਕੁਝ ਗੱਲਾਂ ਉਸਨੂੰ ਸਮਝ ਵੀ ਆ ਜਾਂਦੀਆਂ ਤੇ ਕਈ ਬਿਲਕੁਲ ਨਹੀਂ । ਉਸਦੀ ਘੱਟ ਅਕਲ ਤੇ ਉਹ ਹੱਸਦੀਆਂ ਤੇ ਉਸਨੂੰ ਕਿਤਾਬੀ ਕੀੜਾ ਆਖ ਕੇ ਖਿਝਾ ਦਿੰਦੀਆਂ । 
ਫਿਰ ਇੱਕ ਦਿਨ ਉਹ ਦਿਨ ਵੀ ਆਇਆ ਜਦੋਂ ਉਸਨੂੰ ਕਾਲਜ ਦਾ ਇੱਕ ਬੇਹੱਦ ਭੋਲਾ ਤੇ ਸ਼ਰੀਫ ਜਿਹਾ ਦਿਸਣ ਵਾਲਾ ਮੁੰਡਾ ਪਸੰਦ ਆ ਗਿਆ । ਬਾਕੀਆਂ ਤੋਂ ਅਲਗ ਉਸਨੇ ਕਦੇ ਉਸਦਾ ਪਿੱਛਾ ਨਾ ਕੀਤਾ ਕਦੇ ਵੀ ਉਸਨੂੰ ਕੋਈ ਭੱਦਾ ਇਸ਼ਾਰਾ ਨਾ ਕੀਤਾ । ਤੇ ਨਾ ਹੀ ਕਿਸੇ ਹਥੀਂ ਸਨੇਹਾ ਭੇਜਿਆ ।ਉਹ ਬੱਸ ਦੇਖਦਾ ਉਸ ਵੱਲ ਤੇ ਮੁਸਕਰਾ ਪੈਂਦਾ । ਉਹ ਨਜਰਾਂ ਝੁਕਾ ਕੇ ਉਸ ਕੋਲੋਂ ਪਰਾਂ ਲੰਘ ਜਾਂਦੀ । 
ਉਸ ਦਿਨ ਜਦੋੰ ਤੱਕ ਸੁਖਵਿੰਦਰ ਨੂੰ ਦੇਖ ਕੇ ਉਹ ਮੁਸਕਰਾ ਨਾ ਪਈ 
। ਉਹਨਾਂ ਵਿੱਚ ਗੱਲ ਨਹੀਂ ਸੀ ਹੋਈ । ਪਰ ਫਿਰ ਇੱਕ ਵਾਰ ਗੱਲ ਗੱਲ ਕਰਨ ਤੋਂ ਸ਼ੁਰੂ ਹੋਈ ਤੇ ਪਿਆਰ ਤੇ ਹੀ ਜਾ ਕੇ ਮੁੱਕੀ । ਜਦੋ ਉਸਨੇ ਸੁਖਵਿੰਦਰ ਨਾਲ ਪਹਿਲੀ ਵਾਰ ਗੱਲ ਕੀਤੀ ਉਸਨੂੰ ਲੱਗਾ ਕਿ ਉਹ ਜਿੰਦਗੀ ਚ ਸੱਚੀ ਪਿਆਰ ਨੂੰ ਮਿਸ ਕਰ ਰਹੀ ਸੀ । ਤੇ ਅਚਾਨਕ ਮਾਰੂਥਲ ਵਿੱਚ ਕਿਸੇ ਨੇ ਠੰਡੀ ਹਵਾ ਮਾਰਦਾ ਪੁਰਾ ਵਗਣ ਲਾ ਦਿੱਤਾ ਹੋਵੇ । 
ਪਰ ਇਹਨਾਂ ਠੰਡੇ ਬੁੱਲ੍ਹਿਆ ਦੀ ਉਮਰ ਥੋੜੀ ਹੀ ਸੀ । ਅਜੇ ਉਹਨਾਂ ਦੇ ਪਿਆਰ ਨੂੰ ਹਫਤੇ ਹੀ ਲੰਘੇ ਸੀ ਕਿ ਇੱਕ ਐਸੀ ਘਟਨਾ ਵਾਪਰੀ ਜਿਸਨੇ ਪਵਨ ਦਾ ਆਉਣ ਵਾਲਾ ਸਾਰਾ ਜੀਵਨ ਹੀ ਬਦਲ ਦਿੱਤਾ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s