ਬਰਫ ਦੀ ਤਪਸ਼ ਭਾਗ ਦੂਸਰਾ

ਗਰਮ ਪਾਣੀ ਦੇ ਪਤੀਲੇ ਨੂੰ ਚੁੱਕਦੀ ਉਹ ਅੜਕ ਗਈ ਤੇ ਉੱਬਲਦਾ ਪਾਣੀ ਉਸਦੇ ਅੱਧੇ ਸਰੀਰ ਤੇ ਜਾ ਪਿਆ । ਮੂੰਹ ਤੇ ਗਰਦਨ ਨੂੰ ਛੱਡ ਕੇ ਸੱਜੇ ਪਾਸੇ ਪੂਰੀ ਧੜ ਤੇ ਲੱਤ ਤੱਕ ਸਾੜ ਪੈ ਗਿਆ । ਜਿਹੜਾ ਸੁਣਦਾ ਆਖਦਾ ਚੰਨ ਨੂੰ ਗ੍ਰਹਿਣ ਲੱਗ ਗਿਆ । ਉਸਦੀਆਂ ਸਹੇਲੀਆਂ ਚਾਚੀਆਂ ਤਾਈਆਂ ਉਸਦੇ ਭਰਵੇ ਸਰੀਰ ਨੂੰ ਗਹੁ ਨਾਲ ਦੇਖਦੀਆਂ ਫਿਰ ਮਨ ਹੀ ਮਨ ਰੱਬ ਨੂੰ ਉਲਾਬਾਂ ਦਿੰਦੀਆ ਜਿਸਨੇ ਇਸ ਸੰਗਮਰਮਰ ਵਰਗੇ ਸਰੀਰ ਤੇ ਇਹ ਦਾਗ ਲਾ ਦਿੱਤਾ ਸੀ । 
ਪਵਨ ਖੁਦ ਕਦੇ ਜੋ ਆਪਣੇ ਆਪ ਨੂੰ ਸ਼ੀਸ਼ੇ ਚ ਕਈ ਘੰਟੇ ਨਹਾਰਦੀ ਰਹਿੰਦੀ ਸੀ ਹੁਣ ਸ਼ੀਸ਼ਾ ਨੂੰ ਦੇਖਣਾ ਹੀ ਭੁੱਲ ਗਈ । ਗਲਤੀ ਨਾਲ ਕਦੇ ਧਿਆਨ ਚਲੇ ਵੀ ਜਾਂਦਾ ਤਾਂ ਰੋਣਾ ਨਿੱਕਲ ਆਉਂਦਾ । 
ਸਾੜ ਕਰਕੇ ਕਈ ਹਫਤੇ ਕਾਲਜ਼ ਨਾ ਗਈ । ਮਗਰੋਂ ਉਸਦਾ ਉਂਝ ਹੀ ਜਿੰਦਗੀ ਤੋਂ ਜੀਅ ਟੁੱਟ ਗਿਆ । ਇਸ ਜ਼ਿੰਦਗੀ ਨੇ ਉਸਨੂੰ ਦਿੱਤਾ ਹੀ ਕੀ ਸੀ ਉਮਰ ਭਰ ਦੁੱਖ ਤੇ ਇੱਕ ਜਵਾਨੀ ਦਿੱਤੀ ਤੇ ਉਸਨੂੰ ਮਾਨਣ ਤੋਂ ਪਹਿਲ਼ਾਂ ਹੀ ਦਾਗਦਾਰ ਕਰ ਦਿੱਤਾ ।
ਸੁਖਵਿੰਦਰ ਉਸਦੀ ਖਬਰ-ਸਾਰ ਪੁੱਛਦਾ ਰਿਹਾ । ਉਸਨੂੰ ਐਨਾ ਕੁ ਤਾਂ ਪਤਾ ਸੀ ਕਿ ਉਸਦੇ ਕੁਝ ਸਾੜ ਪਿਆ । ਪਰ ਕਿੰਨਾ ਕੁ ਇਹ ਨਹੀਂ ਸੀ ਪਤਾ । ਉਸਨੇ ਹਰ ਹੀਲੇ ਢਾਰਸ ਦਿੱਤੀ । ਹਰ ਪ੍ਰੇਮੀ ਜਿਵੇਂ ਆਪਣੇ ਦਿਲਦਾਰ ਨੂੰ ਦਿੰਦਾ ਹੈ । ਇਸੇ ਦੀ ਪਵਨ ਨੂੰ ਜਰੂਰਤ ਸੀ । ਉਸਨੂੰ ਜਿੰਦਗੀ ਚ ਇੱਕ ਨਵੀ ਉਮੀਦ ਜਗਦੀ ਦਿਸੀ । ਕੋਈ ਸਕਸ਼ ਤੇ ਸੀ ਜ਼ਿਸਨੂੰ ਉਸਦੀ ਪਰਵਾਹ ਸੀ ।ਜੋ ਘਰ ਤੋਂ ਬਾਹਰ ਉਸਦੀ ਉਡੀਕ ਕਰ ਰਿਹਾ ਸੀ ।
ਜਦੋਂ ਇਲਾਜ਼ ਨਾਲ ਕੁਝ ਬੇਹਤਰ ਹੋਈ ਤਾਂ ਵਾਪਿਸ ਕਾਲਜ਼ ਜਾਣਾ ਆਰੰਭ ਕਰ ਦਿੱਤਾ । ਬਾਹਰੋਂ ਦੇਖੇ ਤੇ ਉਸਦਾ ਸਰੀਰ ਉਵੇਂ ਹੀ ਸੀ ਜਿਵੇਂ ਹਫਤਿਆਂ ਪਹਿਲ਼ਾਂ ਜੋ ਕੁਝ ਵਾਪਰਿਆ ਉਸਨੂੰ ਢੱਕ ਰਖਿਆ ਸੀ ।ਕੁਝ ਮਹੀਨੇ ਬੀਤੇ ਦੋਵਾਂ ਦਾ ਪਿਆਰ ਪ੍ਰਵਾਨ ਚੜਨ ਲੱਗਾ । ਕਈ ਕਈ ਘੰਟੇ ਕਾਲਜ ਦੀ ਕਿਸੇ ਬੈਂਚ ਤੇ ਸ਼ਹਿਰ ਦੇ ਕਿਸੇ ਰੇਸਤਰਾਂ ਤੇ ਹੋਰ ਵੀ ਕਿੰਨੀਆਂ ਥਾਵਾਂ ਤੇ ਬੈਠੇ ਯਾਦਾਂ ਬੁਣਦੇ ਰਹਿੰਦੇ । 
ਫਿਰ ਸੁਖਵਿੰਦਰ ਉਸਨੂੰ ਕਿਤੇ ਕੱਲੇ ਮਿਲਣ ਦੀ ਵੀ ਜਿੱਦ ਵੀ ਕਰਨ ਲੱਗਾ । ਇੱਕ ਦੂਜੇ ਦੀ ਛੂਹ ,ਖੁਸ਼ਬੂ ਤੇ ਗਲਵੱਕੜੀ ਤੋਂ ਬਾਅਦ ਕਿਸਾਂ ਨੇ ਇੱਕ ਅੱਡ ਹੀ ਪਿਆਸ ਜਗਾ ਦਿਤੀ ਸੀ । ਜਿਸਨੂੰ ਦੋਂਵੇਂ ਚਾਹੁੰਦੇ ਸਨ । ਪਰ ਅਜੇ ਤੱਕ ਚੁੱਪ ਸਨ । ਜਿਸਦੇ ਬਾਰੇ ਪਵਨ ਆਪਣੀਆਂ ਸਹੇਲੀਆਂ ਤੋਂ ਕਈ ਕਿੱਸੇ ਸੁਣ ਚੁੱਕੀ ਸੀ ਤੇ ਸੁਖਵਿੰਦਰ ਵੀ ਉਹਨਾਂ ਹੀ ਕਿੱਸਿਆਂ ਨੂੰ ਦੁਹਰਾਉਣਾ ਚਾਹੁੰਦਾ ਸੀ ।ਪਵਨ ਨੂੰ ਸੁਖਵਿੰਦਰ ਦੇ ਪਿਆਰ ਤੇ ਵਿਆਹ ਦੇ ਵਾਅਦਿਆਂ ਤੇ ਕੋਈ ਸ਼ੱਕ ਨਹੀਂ ਸੀ । ਇਸ ਲਈ ਉਸਨੂੰ ਆਪਣਾ ਤਨ ਵੀ ਸੌਂਪ ਦੇਣ ਚ ਉਸਨੂੰ ਕੋਈ ਪ੍ਰੇਸ਼ਾਨੀ ਨਹੀਂ ਸੀ ।
ਅੜਚਨ ਸੀ ਤਾਂ ਕੇਵਲ ਪਵਨ ਦੇ ਮਨ ਦੀ ਪ੍ਰੇਸ਼ਾਨੀ ਉਸਦਾ ਦਿਲ ਆਖਦਾ ਸੀ ਕਿਤੇ ਉਸਦੇ ਸਰੀਰ ਤੇ ਪੈ ਸਾੜ ਨੂੰ ਦੇਖ ਕੇ ਕਿਤੇ ਉਹਦਾ ਉਸ ਲਈ ਪਿਆਰ ਹੀ ਨਾ ਬਦਲ ਜਾਏ ਕਿਉਂਕਿ ਉਸਨੂੰ ਅਜੇ ਤੱਕ ਸਾੜ ਕਿੰਨਾ ਕੁ ਹੈ ਇਹ ਅੰਦਾਜ਼ਾ ਵੀ ਨਹੀਂ ਸੀ ।
ਪਿਛਲੇ ਦਿਨਾਂ ਚ ਉਸ ਲਈ ਆਏ ਕਈ ਰਿਸ਼ਤੇ ਸਿਰਫ ਸਾੜ ਦੀ ਗੱਲ ਸੁਣਕੇ ਹੀ ਅੱਗੇ ਗੱਲ ਕਰਨੋਂ ਮਨਾ ਕਰ ਗਏ ਸੀ । ਉਹਨੂੰ ਲਗਦਾ ਸੀ ਚਲੋ ਵਧੀਆ ਹੋਇਆ ਘਟੋ ਘੱਟ ਉਸਦੇ ਪਿਆਰ ਨੂੰ ਵਿਆਹ ਚ ਬਦਲਣ ਚ ਇਹ ਰਿਸ਼ਤੇ ਅੜਚਣ ਨਹੀਂ ਬਣਨਗੇ ।
ਪਰ ਕੀ ਸੁਖਵਿੰਦਰ ਵੀ ਉਸਨੂੰ ਸਾੜ ਦੇ ਨਾਲ ਸਵੀਕਾਰ ਕਰੇਗਾ । ਇਸਦਾ ਉੱਤਰ ਉਸਦਾ ਦਿਲ ਕਦੇ ਹਾਂ ਦਿੰਦਾ ਤੇ ਕਦੇ ਨਾ ।ਇਸੇ ਲਈ ਡਰਦੀ ਕਦੇ ਉਸਨੇ ਸੁਖਵਿੰਦਰ ਨੂੰ ਆਪਣਾ ਸਾੜ ਦਿਖਾਇਆ ਤੇ ਨਾ ਹੀ ਉਸਨੂੰ ਕਦੇ ਮਿਲੀ । 
ਪਰ ਸੁਖਵਿੰਦਰ ਦੀ ਵਧਦੀ ਜਿੱਦ ਤੇ ਉਸਦਾ ਆਪਣਾ ਜੁੜਾਵ ਤੇ ਧਿਆਨ ਜੀਉ ਜਿਉਂ ਇਸ ਪਾਸੇ ਵਧਣ ਲੱਗਾ ਤਾਂ ਦੋਵਾਂ ਤੋਂ ਹੀ ਖੁਦ ਤੇ ਕਾਬੂ ਰੱਖਣਾ ਮੁਸ਼ਕਿਲ ਹੁੰਦਾ ਗਿਆ । ਤੇ ਇੱਕ ਦਿਨ ਸੁਖਵਿੰਦਰ ਦੇ ਦੋਸਤ ਦੇ ਘਰ ਦੁਪਹਿਰ ਵੇਲੇ ਦੋਵਾਂ ਨੇ ਮਿਲ ਲੈਣ ਦਾ ਇਕਰਾਰ ਕਰ ਲਿਆ ।
ਕਾਰ ਵਿੱਚ ਦੋਂਵੇਂ ਦੋਸਤ ਦੇ ਘਰ ਪਹੁੰਚ ਗਏ । ਚਾਬੀ ਪਹਿਲ਼ਾਂ ਹੀ ਸੁਖਵਿੰਦਰ ਨੇ ਲੈ ਰੱਖੀ ਸੀ । ਪਵਨ ਦੇ ਮਨ ਚ ਰੋਮਾਂਚ ਸੀ ਡਰ ਸੀ ਤੇ ਸੁਖਵਿੰਦਰ ਦੇ ਮਨ ਚ ਇੱਕ ਚਾਅ ਤੇ ਜੋਸ਼ । 
ਕਮਰੇ ਚ ਵੜਦਿਆਂ ਹੀ ਸੁਖਵਿੰਦਰ ਨੇ ਪਵਨ ਨੂੰ ਇੰਝ ਆਪਣੀਆਂ ਬਾਹਾਂ ਚ ਕੱਸ ਲਿਆ ਜਿਵੇਂ ਜਨਮਾਂ ਤੋਂ ਵਿਛੜਿਆ ਕੋਈ ਮਿਲਿਆ ਹੋਵੇ । ਦੋਵਾਂ ਦੇ ਦਿਲ ਦੀ ਧੜਕਣ ਤੇ ਸਾਹਾਂ ਦੀ ਰਫਤਾਰ ਸੁਪ੍ਰਿੰਟ ਲਾਉਂਦੇ ਧਾਵਕ ਨੂੰ ਵੀ ਮਾਤ ਪਾਉਂਦੀ ਸੀ । ਬਾਹਾਂ ਚ ਲਿਪਟੇ ਇੱਕ ਦੂਸਰੇ ਨੂੰ ਚੁੰਮਦੇ ਕਦੋ ਬੈੱਡ ਤੇ ਡਿੱਗੇ ਤੇ ਕਦੋਂ ਉੱਪਰਲੇ ਕੱਪਡ਼ੇ ਉੱਤਰੇ ਕੁਝ ਵੀ ਪਤਾ ਨਾ ਲੱਗਾ । 
ਉਦੋਂ ਹੀ ਸੁਖਵਿੰਦਰ ਦੀ ਨਜ਼ਰ ਉਸਦੇ ਨੰਗੇ ਜਿਸਮ ਤੇ ਪਈ ਤਾਂ ਜਿਵੇਂ ਉਸਦੇ ਸਿਰ ਤੇ ਕਈ ਘੜੇ ਠੰਡਾ ਪਾਣੀ ਪੈ ਗਿਆ ਹੋਵੇ । ਉਸਦਾ ਸਾਰਾ ਜੋਸ਼ ਤੇ ਮਦਹੋਸ਼ੀ ਇੱਕ ਦਮ ਠੰਡੀ ਪੈ ਗਈ ।
ਜਿਵੇਂ ਉਸਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਜਿਸਨੂੰ ਉਹ ਮਾਮੂਲੀ ਜਹੀ ਸਾੜ ਸਮਝਦਾ ਸੀ ਉਹ ਇਸ ਹੱਦ ਤੱਕ ਹੋਏਗੀ ਕਿ ਸਰੀਰ ਦੇ ਅੱਧੇ ਹਿੱਸੇ ਤੇ ਕਾਲਿਖ ਮਲੀ ਗਈ ਹੋਵੇਗੀ । ਉਸਨੇ ਉਸਦੇ ਸਰੀਰ ਨੂੰ ਟੋਹ ਕੇ ਵੇਖਿਆ । ਸੱਜੇ ਪਾਸੇ ਦੀ ਛਾਤੀ ਤੋਂ ਲੈ ਕੇ ਗੋਡੇ ਤੱਕ ਪੂਰਾ ਸਾੜ ਸੀ । ਜਿਵੇਂ ਸਤਵੀਂ ਜਾਂ ਅੱਠਵੀਂ ਦਾ ਅੱਧਾ ਚੰਨ ਹੁੰਦਾ ਹੈ । 
ਉਸਦੀਆਂ ਅੱਖਾਂ ਚ ਹੰਝੂ ਆ ਗਏ । ਕਰਨ ਵਾਲੇ ਨੇ ਕਿੱਡਾ ਗੁਨਾਹ ਕਰ ਦਿੱਤਾ ਸੀ । 
ਖੂਬਸੂਰਤੀ ਦੇ ਇਸ ਭੁਲੇਖੇ ਦੇ ਦੂਰ ਹੁੰਦੇ ਉਸਦਾ ਜੋਸ਼ ਉਸਦੀ ਪਿਆਸ ਤੇ ਸ਼ਾਇਦ ਪਿਆਰ ਵੀ ਕਿਤੇ ਉੱਡ ਗਿਆ । ਕੁਝ ਕਰਨਾ ਤਾਂ ਦੂਰ ਹੁਣ ਉਸਦਾ ਪਵਨ ਨੂੰ ਛੂਹਣ ਦਾ ਮਨ ਵੀ ਨਹੀਂ ਸੀ ਕਰ ਰਿਹਾ । ਜਨਮਾਂ ਜਨਮਾਂ ਦੇ ਸਾਥੀ ਅਚਾਨਕ ਹੀ ਅਛੂਤ ਹੋ ਗਿਆ ਇਸੇ ਜਨਮ ਵਿੱਚ । ਉਸਨੇ ਕਪੜੇ ਪਾਏ ਤੇ ਪਵਨ ਨੂੰ ਵੀ ਕਪੜੇ ਪਾਉਣ ਲਈ ਕਹਿ ਕੇ ਬਾਹਰ ਆ ਗਿਆ ।
ਪਵਨ ਰੋਂਦੀ ਰਹੀ ਸੋਚਦੀ ਰਹੀ ਤੇ ਆਪਣੀ ਕਿਸਮਤ ਨੂੰ ਕੋਸਦੀ ਵੀ ਰਹੀ । ਕਦੇ ਸੋਚਦੀ ਜੇ ਪਹਿਲ਼ਾਂ ਦੱਸ ਦਿੰਦੀ ਕੀ ਇਹ ਰਿਸ਼ਤਾ ਬਚ ਸਕਦਾ ਸੀ ? ਜੇ ਉਹਨੂੰ ਵਿਆਹ ਤੋਂ ਬਾਅਦ ਹੀ ਮਿਲਦੀ ਫਿਰ ਉਦੋਂ ਵੀ ਇਹ ਇੰਝ ਹੀ ਉਸਨੂੰ ਛੱਡ ਦਿੰਦਾ । ਕਸਮਾਂ ਖਾਣ ਵਾਲੇ ਤੇ ਜਨਮਾਂ ਦੀ ਗੱਲ ਕਰਨ ਵਾਲੇ ਇਹ ਖੁਦ ਨੂੰ ਆਸ਼ਿਕ ਦੱਸਦੇ ਲੋਕ ਐਨੇ ਝੂਠੇ ਕਿਉਂ ਹਨ । 
ਕਾਲਜ ਵਾਪਿਸ ਆਉਣ ਤੱਕ ਦੋਵੇਂ ਇੱਕ ਦੂਜੇ ਨਾਲ ਇੱਕ ਪਲ ਲਈ ਵੀ ਨਾ ਬੋਲੇ । ਪਵਨ ਨੂੰ ਅੰਦਾਜ਼ਾ ਲੱਗ ਗਿਆ ਸੀ ਕਿ ਉਹ ਠੁਕਰਾ ਦਿੱਤੀ ਗਈ ।ਉਸ ਜਖਮ ਕਰਕੇ ਜਿਸ ਚ ਉਸਦਾ ਕੋਈ ਦੋਸ਼ ਨਹੀਂ ਸੀ । ਤੇ ਇਹ ਉਸਦੀ ਜਿੰਦਗੀ ਚ ਸ਼ਾਇਦ ਪਹਿਲਾ ਨਹੀਂ ਸੀ ਤੇ ਨਾ ਹੀ ਆਖ਼ਿਰੀ ਹੋਣ ਵਾਲਾ । 
ਫਿਰ ਵੀ ਉਸਨੇ ਸੁਖਵਿੰਦਰ ਤੋਂ ਉਸਦਾ ਫੈਸਲਾ ਪੁੱਛਿਆ ਤਾਂ ਉਸਨੇ ਬੱਸ ਗੱਲ ਮੁਕਾ ਛੱਡੀ ,” ਮੈਂ ਇੱਕ ਅੱਧ-ਸੜੀ ਕੁੜੀ ਨਾਲ ਵਿਆਹ ਨਹੀਂ ਕਰਵਾ ਸਕਦਾ ,”। ਜੇ ਮੈਂ ਚਾਹੁੰਦਾ ਤੇਰੀ ਇੱਜਤ ਖਰਾਬ ਕਰ ਸਕਦਾ ਸੀ ਪਰ ਮੈਂ ਕੁਝ ਨਹੀਂ ਕੀਤਾ ਸਿਰਫ ਇਸ ਲਈ ਕਿਉਂਕਿ ਜੇ ਮੈਂ ਵਿਆਹ ਨਹੀਂ ਕਰਵਾ ਸਕਦਾ ਤਾਂ ਕੁਝ ਕਰਾਂ ਵੀ ਨਾ । ਮੇਰੇ ਕੋਲ ਮੌਕਾ ਸੀ ਮੈਂ ਬਾਕੀਆਂ ਮੁੰਡਿਆਂ ਵਾਂਗ ਕਰ ਸਕਦਾ ਸੀ ।।”
ਪਵਨ ਉਸਤੋਂ ਪੁੱਛਣਾ ਤਾਂ ਚਾਹੁੰਦੀ ਸੀ ਕਿ ਉਸਦੀ ਇੱਜਤ ਦੀ ਪਰਿਭਾਸ਼ਾ ਚ ਸਿਰਫ ਜਿਸਮਾਨੀ ਪਿਆਰ ਹੀ ਹੈ ? ਜੋ ਉਸ ਨਾਲ ਘੁੰਮਿਆ ,ਸਹੇਲੀਆਂ ਨਾਲ ਮਿਲਿਆ ਰਾਤ ਰਾਤ ਭਰ ਗੱਲਾਂ ਕਰਕੇ ਸੁਪਨੇ ਜਗਾਏ। ਕੀ ਉਹ ਕਿਸੇ ਖਾਤੇ ਨਹੀਂ ਪੈਂਦੇ । ਤੇ ਜੇ ਇਹ ਹਾਦਸਾ ਵਿਆਹ ਮਗਰੋਂ ਹੋ ਜਾਂਦਾ ਫਿਰ ਵੀ ਉਹ ਇੰਝ ਹੀ ਕਰਦਾ ? 
ਪਰ ਉਹ ਪੁੱਛ ਨਾ ਸਕੀ । ਜਿੰਦਗੀ ਤੇ ਹੀਣ ਭਾਵਨਾ ਨੇ ਉਸਦੇ ਬੁੱਲ੍ਹ ਹੀ ਸੀਅ ਦਿੱਤੇ। ਤੇ ਇੰਝ ਉਹਨਾਂ ਦਾ ਪਿਆਰ ਅੱਧ ਵਿਚਕਾਰੋਂ ਹੀ ਟੁੱਟ ਗਿਆ ।
ਕਾਲਜ ਦੀ ਬਾਕੀ ਪੜ੍ਹਾਈ ਉਸਨੇ ਰੋ ਰੋ ਹੀ ਕੱਟੀ । ਰਾਤ ਭਰ ਰੋਂਦੀ । ਭੁੱਖ ਪਿਆਸ ਖਤਮ ਹੋ ਗਈ । ਕਾਲਜ ਚ ਸਭ ਦੇਖਦੇ ਤਰਸ ਕਰਦੇ । ਇਸਦੇ ਬਾਵਜੂਦ ਮੁੰਡਿਆਂ ਦਾ ਉਸ ਵੱਲ ਅਪਰੋਚ ਕਰਨਾ ਘੱਟ ਨਾ ਹੁੰਦਾ । ਉਸਨੂੰ ਸੁਨੇਹੇ ਮਿਲਦੇ । ਪਰ ਉਸਦਾ ਮਨ ਇਸ ਸਭ ਤੋਂ ਕਿਤੇ ਦੂਰ ਹੀ ਸੀ । ਉਸਨੂੰ ਹਰ ਮੁੰਡਾ ਇੱਕੋ ਜਿਹਾ ਲਗਦਾ ਜੋ ਉਸਦੇ ਸਰੀਰ ਦਾ ਨਿੱਘ ਮਾਨਣ ਲਈ ਤਿਆਰ ਤਾਂ ਸੀ ਪਰ ਉਸ ਨੂੰ ਅਪਨਾਉਣ ਲਈ ਨਹੀਂ । ਪਰ ਸੁਖਵਿੰਦਰ ਨਾਲ ਉਸ ਦੁਪਿਹਰ ਤੋਂ ਮਗਰੋਂ ਉਸਦੀ ਪੇਟ ਦੀ ਭੁੱਖ ਨਹੀਂ ਸਗੋਂ ਜਿਸਮ ਦੀ ਭੁੱਖ ਵੀ ਮਰ ਹੀ ਗਈ ਸੀ । ਇਵੇਂ ਦੀ ਕੋਈ ਗੱਲ ਸੁਣਦੇ ਹੀ ਉਸਦਾ ਮਨ ਕਚਿਆ ਜਾਂਦਾ । ਉਹ ਉੱਠ ਕੇ ਪਰਾ ਹੋ ਜਾਂਦੀ । 
ਪੜ੍ਹਾਈ ਚ ਉਸਨੇ ਚੰਗਾ ਜੋਰ ਲਾਇਆ । ਵਧੀਆ ਤੇ ਚੰਗੇ ਨੰਬਰਾਂ ਨਾਲ ਪਾਸ ਹੋਈ । ਫਿਰ ਸਹੇਲੀਆਂ ਦੀ ਰੀਸੋ ਰੀਸ ਤੇ ਕੁਝ ਘਰ ਦੀ ਇੱਕਲਤਾ ਤੇ ਕੰਮਾਂ ਤੋਂ ਬਚਣ ਲਈ ਆਇਲੈਟਸ ਕਰਨ ਲੱਗ ਗਈ । ਅੰਗਰੇਜ਼ੀ ਉਸਦੀ ਵਾਹਵਾ ਵਧੀਆ ਸੀ । ਮਹੀਨੇ ਕੁ ਦੀ ਮਿਹਨਤ ਨਾਲ ਹੀ 7 ਬੈਡ ਖਰੇ ਕਰ ਲੈ । 
ਕਨੇਡਾ ਜਾਣ ਦੇ ਮਨ ਸੀ ਫਾਇਲ ਵੀ ਪ੍ਰੋਸੈਸ ਲਈ ਲਗਾਉਣੀ ਸੀ । ਪਰ ਗੱਲ ਪੈਸੇ ਤੇ ਅਟਕ ਗਈ । ਪੜ੍ਹਾਈ ਜੋਗੇ ਪੈਸੇ ਨਹੀਂ ਸਨ ਤੇ ਪੀ ਆਰ ਲਈ ਕਿਸੇ ਸਪਾਂਸਰ ਦੀ ਲੋੜ ਸੀ । 
ਮਨ ਮਸੋਸ ਕੇ ਉਸੇ ਇੰਸਟੀਚਿਊਟ ਚ ਪੜਾਉਣਾ ਸ਼ੁਰੂ ਕਰ ਦਿਤਾ ਜਿੱਥੇ ਆਇਲੈਟਸ ਦੀ ਤਿਆਰੀ ਕੀਤੀ । ਘਰਦਿਆਂ ਦੀ ਕੋਸ਼ਿਸ ਸੀ ਕਿ ਕੀ ਪਤਾ ਕੋਈ ਮੁੰਡਾ ਮਿਲ ਜਾਏ ਜਿਸ ਨਾਲ ਵਿਆਹ ਕਰਵਾ ਕੇ ਬੱਲਡ ਰਿਲੇਸ਼ਨ ਬਣਾ ਕੇ ਪੀ ਆਰ ਬਣ ਜਾਏ । ਪਰ ਜਿਹੜਾ ਵੀ ਰਿਸ਼ਤਾ ਆਉਂਦਾ ਉਸਦੇ ਸਾੜ ਨੂੰ ਸੁਣਕੇ ਮੁੜ ਜਾਂਦਾ ਕੋਈ ਇਹ ਵੀ ਨਾ ਪੁੱਛਦਾ ਕਿੰਨਾ ਏ ਕਿਥੇ ਹੈ ।
ਫਿਰ ਇੱਕ ਦਿਨ ਜਦੋਂ ਘਰ ਪਹੁੰਚੀ ਤਾਂ ਸਭ ਦੇ ਮੂੰਹਾਂ ਤੇ ਰੌਣਕ ਸੀ । ਇੱਕ ਰਿਸ਼ਤਾ ਆਇਆ ਸੀ ਤੇ ਤਸਵੀਰ ਦੇਖਕੇ ਤੇ ਸਾੜ ਦੀ ਗੱਲ ਸੁਣਕੇ ਵੀ ਹਾਂ ਕਰ ਗਿਆ ਸੀ । ਮੁੰਡੇ ਦੀ ਭੈਣ ਬਾਹਰ ਸੀ ਮਾਂ ਬਾਪ ਵੀ ਕਈ ਵਾਰ ਉਸ ਕੋਲ ਜਾ ਚੁੱਕੇ ਸੀ ਪੀ ਆਰ ਲੱਗੀ ਹੋਈ ਸੀ । ਸਿਰਫ ਉਸਦਾ ਭਰਾ ਹੀ ਇੱਧਰ ਸੀ । ਜਿਆਦਾ ਪੜ੍ਹਿਆ ਨਾ ਹੋਣ ਕਰਕੇ ਆਇਲੈਟਸ ਨਹੀਂ ਸੀ ਕਰ ਸਕਦਾ । ਖੇਤੀ ਦਾ ਕੰਮ ਸੀ ਕੁੱਲ ਮਿਲਾ ਕੇ ਕਹਾਣੀ ਇੰਹ ਸੀ ਕਿ ਪਵਨ ਦੀ ਆਇਲੈਟਸ ਦੇ ਸਿਰ ਤੇ ਮੁੰਡੇ ਨੇ ਬਾਹਰ ਆਉਣਾ। 
ਮੁੰਡੇ ਦੇ ਮੰਮੀ ਡੈਡੀ ਨੇ ਹੀ ਸਾਰੀ ਗੱਲ ਕੀਤੀ ਸੀ । 
ਘਰ ਵਾਲਿਆਂ ਦੇ ਚਿਹਰੇ ਦੀ ਰੌਣਕ ਉਸਦੇ ਵਿਆਹ ਤੋਂ ਜ਼ਿਆਦਾ ਉਸਦੇ ਸਿਰ ਤੇ ਬਾਹਰ ਘੁੰਮਣ ਦੀ ਵੱਧ ਜਾਪਦੀ ਸੀ ਉਸਨੂੰ । ਫਿਰ ਵੀ ਜਿੰਦਗੀ ਦੇ ਐਨੇ ਦੁੱਖਾਂ ਚ ਉਸਨੂੰ ਲਗਾ ਇਕ ਸੁੱਖ ਦਾ ਸਾਹ ਆਇਆ ਘੱਟੋ ਘੱਟ ਇਥੋਂ ਨਿਕਲੂ ਤੇ ਬਾਹਰ ਜਾਊ । ਲੋਕਾਂ ਦੀਆਂ ਤਰਸ ਭਰੀਆਂ ਨਜਰਾਂ ਤੇ ਮੂੰਹ ਜੋੜ ਕੇ ਕੀਤੀਆਂ ਗੱਲਾਂ ਤੋਂ ਬਚੇਗੀ ।
ਉਸਨੇ ਹਾਂ ਕਰ ਹੀ ਦਿੱਤੀ ਤੇ ਦਿਨਾਂ ਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ । ਐਨੇ ਦਿਨਾਂ ਚ ਉਸਨੇ ਮੁੰਡੇ ਨਾਲ ਜਿਆਦਾ ਗੱਲ ਨਾ ਕੀਤੀ । ਇੱਕ ਦੋ ਵਾਰ ਹਾਏ ਹੈਲੋ ਹੋਈ ਉਦੋਂ ਵੀ ਮੁੰਡੇ ਦੀ ਭੈਣ ਹੀ ਜ਼ਿਆਦਾ ਗੱਲ ਕਰਦੀ । ਉਹ ਸੋਚਦੀ ਪਹਿਲ਼ਾਂ ਗੱਲਾ ਕਰਕੇ ਵੀ ਕਿ ਖੱਟਿਆ ਇਸ ਲਈ ਜੋ ਗੱਲ ਕਰਨੀ ਹੋਊ ਵਿਆਹ ਮਗਰੋਂ ਹੀ ਕਰੂ । 
ਤੇ ਵਿਆਹ ਹੋ ਗਿਆ । ਕਨੇਡਾ ਦੀ ਫਾਇਲ ਉਸਤੋਂ ਵੀ ਪਹਿਲ਼ਾਂ ਤਿਆਰ ਹੋ ਗਈ ਸੀ ਸਿਰਫ ਵਿਆਹ ਦੇ ਕਾਗਜ਼ ਨਾਲ ਲਗਾਉਣੇ ਸੀ । 
ਪਰ ਇਹ ਵਿਆਹ ਵੀ ਉਸਦੀ ਜਿੰਦਗੀ ਚ ਇੱਕ ਨਵਾਂ ਦੁੱਖਾਂ ਦਾ ਪਹਾੜ ਲੈ ਕੇ ਆਇਆ ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s