1.ਬੇਬੀ
ਸੀਰਤ ਦੇ ਵੀ ਹਰ ਕੁੜੀ ਵਾਂਗ ਬਹੁਤ ਸਾਰੇ ਚਾਅ ਸੀ ਵਿਆਹ ਮਗਰੋਂ। ਵਿਆਹ ਤੋਂ ਪਹਿਲਾਂ ਜਦੋਂ ਵੀ ਉਹ ਸਹੇਲੀਆਂ ਨਾਲ ਕੀਤੇ ਘੁੰਮਣ ਜਾਣ ਦੀ ਗੱਲ ਕਰਦੀ ਮਾਂ-ਬਾਪ ਟਾਲ ਦਿੰਦੇ।ਜਿੱਥੇ ਘੁੰਮਣਾ ਜਿੱਥੇ ਜਾਣਾ ਵਿਆਹ ਮਗਰੋਂ ਜਾਵੀਂ।
ਵਿਆਹ ਹੋਇਆ ਨਵਜੋਤ ਦਾ ਸੁਭਾਅ ਵੀ ਬੜਾ ਵਧੀਆ ਸੀ। ਪਰ ਮਹੀਨੇ ਕੁ ਮਗਰੋਂ ਹੀ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ। ਸਾਂਨੂੰ ਹੁਣ ਬੇਬੀ ਪਲੈਨ ਕਰ ਲੈਣਾ ਚਾਹੀਦਾ। ਪਾਰ ਸੀਰਤ ਇਹ ਨਹੀਂ ਸੀ ਚਾਹੁੰਦੀ। ਉਹ ਸੋਚ ਰਹੀ ਸੀ ਕਿ ਹਲੇ 2-3 ਸਾਲ ਕਿਸੇ ਜਿੰਮੇਵਾਰੀ ਤੋਂ ਦੂਰ ਰਹਿਕੇ ਕੱਠਿਆਂ ਜਿੰਦਗੀ ਮਾਣੀ ਜਾਵੇ ,ਘੁੰਮਿਆ ਜਾਵੇ ਤੇ ਚਾਅ ਪੂਰੇ ਕੀਤੇ ਜਾਣ। ਬੱਚੇ ਦੀ ਜਿੰਮੇਵਾਰੀ ਮਗਰੋਂ ਉਲਝੀਆਂ ਉਸਨੇ ਆਪਣੀਆਂ ਸਹੇਲੀਆਂ ਵੇਖੀਆਂ ਸੀ। #HarjotDiKalam
“ਨਵਜੋਤ ਮੈਂ ਅਜੇ ਬੇਬੀ ਨਹੀਂ ਚਾਹੁੰਦੀ ,ਕਿ ਆਪਾਂ ਦੋ ਸਾਲ ਰੁੱਕ ਨੀ ਸਕਦੇ ?”
“ਦੇਖ ਮੰਮੀ ਚਾਹੁੰਦੇ ਆ ਕਿ ਉਹ ਛੇਤੀ ਆਪਣੇ ਪੋਤੇ ਦਾ ਮੂੰਹ ਵੇਖ ਲੈਣ। ” ਜੇ ਤੂੰ ਮੰਮੀ ਨੂੰ ਸਮਝ ਸਕਦੀ ਏ ਤਾਂ ਗੱਲ ਕਰਲਾ। ਮੈਂ ਤੈਨੂੰ ਕੁਝ ਨਹੀਂ ਕਹਿੰਦਾ। “
ਰਾਤ ਦੀ ਰੋਟੀ ਖਾਂਦੇ ਸੀਰਤ ਨੇ ਫਿਰ ਗੱਲ ਛੇੜ ਲਈ ਸੱਸ ਦੇ ਅੱਗੇ।
“ਮੰਮੀ ਮੈਂ ਅਜੇ ਬੇਬੀ ਨਹੀਂ ਚਾਹੁੰਦੀ। “
ਸੱਸ ਨੇ ਪਹਿਲਾਂ ਸੀਰਤ ਵੱਲ ਤੱਕਿਆ ਫਿਰ ਨਵਜੋਤ ਵੱਲ ਫਿਰ ਬੜੇ ਪਿਆਰ ਨਾਲ ਬੋਲੀ।
ਦੇਖ ਧੀਏ , ਨਵਜੋਤ ਦਾ ਕੰਮ ਐਵੇ ਦਾ ਕਿ ਘਰੋਂ ਗਿਆ ਤਾਂ ਪੰਦਰਾਂ-ਪੰਦਰਾਂ ਨੀ ਮੁੜਦਾ। ਬੱਚੇ ਨਾਲ ਤੇਰਾ ਦਿਲ ਪਰਚਿਆ ਰਹੂ। ਨਹੀਂ ਤਾਂ ਤੀਂਵੀ ਮਾਨੀ ਦਾ ਮਨ ਐਵੇਂ “ਭਟਕ” ਜਾਂਦਾ।
ਸੀਰਤ ਦੇ ਹੱਥੋਂ ਰੋਟੀ ਦੀ ਬੁਰਕੀ ਛੁੱਟ ਗਈ। ਉਸਨੇ ਨਵਜੋਤ ਵੱਲ ਵੇਖਿਆ ਜਿਵੇਂ ਇਸ ਵਿਚਾਰ ਚ ਉਸਦੀ ਸਹਿਮਤੀ ਹੋਵੇ। ਉਹ ਪੁੱਛਣਾ ਚਾਹੁੰਦੀ ਸੀ ਕਿ ਨਵਜੋਤ ਤੋਂ ਦੂਰ ਰਹਿਕੇ ਜੇ ਉਸਦਾ ਮਨ ਭਟਕ ਸਕਦਾ ਤਾਂ ਉਸ ਕੋਲੋਂ ਦੂਰ ਰਹਿਕੇ ਨਵਜੋਤ ਦਾ ਕਿਉਂ ਨਹੀਂ।
ਸ਼ਬਦ ਉਸਦੇ ਗਲੇ ਚ ਆ ਕੇ ਅਟਕ ਗਏ।
2.ਗਰੀਬ ਦਾ ਰੱਬ
ਬਾਬੇ ਨੂੰ ਅਚਾਨਕ ਬਾਥਰੂਮ ਜਾਣ ਦੀ ਤਲਬ ਲੱਗੀ। ਬੇਬੇ ਸਮਝਾਵੇ ਕੌਣ ਹੁਣ ਤੈਨੂੰ ਬਦਲਾ ਕੇ ਦੂਸਰੇ ਸਟਰੈਚਰ ਤੇ ਪਾ ਕੇ ਬਾਹਰ ਲੈ ਕੇ ਜਾਊ। ਵਾਰ ਵਾਰ ਡਾਕਟਰ ਨਰਸਾਂ ਕਿੱਥੇ ਮਰੀਜ਼ ਨੂੰ ਇੱਧਰ ਉਧਰ ਚੁੱਕਦੇ ਹਨ। ਉਹਨਾਂ ਦੀਆਂ ਝਿੜਕਾਂ ਤੋਂ ਡਰਦੀ ਬੇਬੇ ਕਹਿ ਵੀ ਨਹੀਂ ਰਹੀਸੀ। ਪਰ ਮਰੀਜ ਨੂੰ ਕੌਣ ਸਮਝਾਵੇ ਤੇ ਐਨੀ ਤਕਲੀਫ ਵਾਲੇ ਇਲਾਜ ਚ ਲੰਘ ਰਹੇ ਮਰੀਜ ਨੂੰ। ਬਜ਼ੁਰਗ ਗੁੱਸੇ ਚ ਆ ਕੇ ਗਾਲਾਂ ਕੱਢਣ ਲੱਗ ਗਿਆ। ਨਰਸਾਂ ਤੇ ਡਾਕਟਰ ਝਿੜਕਾਂ ਦੇ ਰਹੇ ਸੀ ਪਰ ਉਹ ਚੁੱਪ ਨਹੀਂ ਹੋ ਰਿਹਾ ਸੀ। ਬੇਬੇ ਚੁੱਪ ਛਾਪ ਕਰੀ ਨੀਵੀਂ ਪਾਈ ਬੱਸ ਬੈਠੀ ਸੀ। ਕਿਸਨੂੰ ਕੋਸੇ ?ਕਿਸਮਤ ਨੂੰ, ਬੁਢਾਪੇ ਨੂੰ ਜਾਂ ਬੱਚਿਆਂ ਨੂੰ ?
ਹਰ ਕੇ ਮੇਰੇ ਤੋਂ ਰਿਹਾ ਨਾ ਗਿਆ ਬਾਹਰੋਂ ਸਟਰੈਚਰ ਲੈ ਆਇਆ। ਬਜ਼ੁਰਗ ਨੂੰ ਬਦਲਕੇ ਬਾਹਰ ਲੈ ਗਿਆ। ਬਾਥਰੂਮ ਕਰਵਾ ਕੇ ਮਸੀਂ ਸੰਭਾਲ ਕੇ ਵਾਪਿਸ ਲੈ ਆਇਆ। ਬਜ਼ੁਰਗ ਮਾਤਾ ਸਾਰਾ ਕੁਝ ਨਾਲ ਨਾਲ ਨਾਲ ਚੁੱਕੀ ਫਿਰੀ ਗਈ। ਪਹਿਲਾਂ ਚੁੱਪ ਸੀ ਹੁਣ ਬੋਲੀ ਜਾ ਰਹੀ ਸੀ ਪੁੱਤਾਂ ਧੀਆਂ ਨੂੰ ਗਾਲਾਂ ਜੋ ਚੰਗੀ ਕਮਾਈ ਤੇ ਸੈੱਟ ਹੋਣ ਤੋਂ ਬਾਅਦ ਵੀ ਕਦੇ ਨਾਲ ਨਾ ਤੁਰੇ ਸੀ।
ਵਾਪਿਸ ਆਏ ਡਾਕਟਰ ਨਰਸਾਂ ਫਿਰ ਨਾਸਾਂ ਚਾੜੀ ਖੜੇ ਸੀ ,ਆਪ ਹੀ ਦੁਬਾਰਾ ਸੈੱਟ ਕਰਕੇ ਪਾਓ ਅਸੀਂ ਕਿਹੜਾ ਨੌਕਰ ਥੋਡੇ ,ਵਾਰ ਵਾਰ ਉਹੀ ਕਰੀਏ। ਮੈਂ ਫਿਰ ਉਵੇਂ ਹੀ ਸੈੱਟ ਕਰਕੇ ਬਾਬੇ ਨੂੰ ਲਿਟਾ ਕੇ ਜਾਣ ਲੱਗਾ।
ਬੇਬੇ ਨੇ ਪਲਟਦਿਆਂ ਹੀ ਆਖਿਆ ” ਵੇ ਮੁੰਡਿਆਂ ਆਹ ਤੇ ਤੂੰ ਮੈਨੂੰ ਰੱਬ ਟੱਕਰ ਗਿਆ ਅੱਜ, ਨਹੀਂ ਤਾਂ ਪਤਾ ਨੀ ਕਿੰਨੀ ਨਮੋਸ਼ੀ ਤੇ ਜਲਾਲਤ ਸਹਿਣੀ ਪੈਣੀ ਸੀ ਮੈਨੂੰ ਇਹਨਾਂ ਹੱਥੋਂ”. ਆਹ ਬੁੜਾ ਵੀ ਸੂਈ ਕੁੱਤੀ ਵਾਂਗ ਪੈਂਦਾ ਤੇ ਡਾਕਟਰ ਵੀ। #HarjotDiKalam
ਬੇਬੇ ਦੀ ਗੱਲ ਸੁਣਕੇ ਲੱਗਾ ਗਰੀਬ ਲੋਕਾਂ ਦਾ ਰੱਬ ਕਿੰਨਾ ਨੇੜੇ ਵੱਸਦਾ। ਅਸੀਂ ਤਾਂ ਐਵੇਂ ਹੀ ਤੀਰਥਾਂ ਤੇ ਲੱਭਦੇ ਫਿਰਦੇ ਹਾਂ!!!
3..ਰਹਿਣ ਦੇ ਤੂੰ
ਕਿਸੇ ਨੇ ਉਹਨੂੰ ਸਮਝਾਇਆ ਰਹਿਣ ਦੇ ਧੀਏ ਇਹਨਾਂ ਕੰਮਾਂ ਤੋਂ ਕਿਉਂ ਆਪਣੇ ਮਾਂ ਤੇ ਭਰਾ ਦੀ ਜਿੰਦਗੀ ਰੋਲਣ ਲੱਗੀ ਏਂ । ।ਉਹਨੇ ਸੀਅ ਵੀ ਨਾ ਕੀਤੀ ਤੇ ਤੁਰ ਗਈ ।
………. #HarjotDiKalam
ਦ੍ਰਿਸ਼ ਦੂਸਰਾ :-
ਵਿਆਹ ਮਗਰੋਂ ਉੱਪਰੋਂ ਥੱਲੀ ਕਈ ਤਿੰਨ ਨਿਆਣੇ ਹੋਗੇ ।ਨਿੱਤ ਦੀ ਸ਼ਰਾਬ ਮਗਰੋਂ ਹੁੰਦੀ ਕੁੱਟ ਮਾਰ ਤੋਂ ਤੰਗ ਆਈ ਸੋਚਦੀ ਕਿ ਮਰ ਜਾਏ ਜਾਂ ਛੱਡ ਕੇ ਭੱਜ ਜਾਏ ।
ਇੱਕ ਦਿਨ ਸੱਚੀ ਦੌੜ ਕੇ ਛੱਡ ਕੇ ਜਾਣ ਲੱਗੀ ਸੀ। ਰਾਹ ਚ ਫਿਰ ਕਿਸੇ ਨੇ ਰੋਕਿਆ । ,” ਛੱਡ ਰਹਿਣ ਦੇ ਧੀਏ ,ਉਹ ਤਾਂ ਹੈ ਹੀ ਜਿਵੇਂ ਹੈ ,ਉਹਨਾਂ ਪਿੱਛੇ ਕਿਉਂ ਆਪਣੇ ਬੱਚਿਆਂ ਨੂੰ ਰੋਲਣਾ ਹੈ ਤੂੰ ਉਹਨਾਂ ਵੱਲੀ ਦੇਖ ।” ਲੋਕਾਂ ਨੇ ਤਾਅਨੇ ਦੇ ਦੇ ਮਾਰ ਦੇਣਾ ।
ਉਹ ਫਿਰ ਵਾਪਿਸ ਮੁੜ ਆਈ ।
………
ਤੀਸਰਾ ਦ੍ਰਿਸ
ਬੁੱਢੀ ਹੋਈ ,ਹੁਣ ਘਰਵਾਲਾ ਵੀ ਕੁਝ ਟਿਕਾਣੇ ਆ ਗਿਆ ਸੀ ,ਪਰ ਨਸ਼ੇ ਨੇ ਖਾ ਲਿਆ।ਕੁੜੀਆਂ ਵਿਆਹ ਹੋ ਗਈਆਂ ,ਮੁੰਡਾ ਵੀ ਵਿਆਹਿਆ ਗਿਆ ।ਚੰਗਾ ਮਕਾਨ ਬਣਾਇਆ ਸੀ ।
ਇੱਕ ਦਿਨ ਬਹੂ ਨੇ ਕਲੇਸ਼ ਪਾਂ ਲਿਆ । ਬੁੜੀ ਸਫਾਈ ਨੀ ਰੱਖਦੀ । ਇਹਦਾ ਮੰਜਾ ਪੁਰਾਣੇ ਕੋਠੇ ਚ ਡਾਹ ਦਵੋ । ਉਹਨੇ ਮਸੀਂ ਜਿੰਦਗੀ ਦੇ ਸਹੀ ਦਿਨ ਵੇਖੇ ਸੀ । ਕਿਹਾ ਮੈਂ ਨੀ ਜਾਂਦੀ ।ਮੇਰਾ ਮਕਾਨ ਏ ।
ਨੂੰਹ ਨੇ ਐਲਾਨ ਕਰਤਾ ਜਾਂ ਮੈਂ ਹੀ ਰਹੂ ਏਥੇ ਜਾਂ ਬੁੜੀ ਪਿਛਲੇ ਮਕਾਨ ਚ ਜਾਉ ।
ਕਲੇਸ਼ ਦੇ ਇਸ ਮਹੂਲ ਚ ਮੁੰਡਾ ਚੁੱਪ ਸੀ ।ਨੂੰਹ ਜਾਣ ਲਈ ਤਿਆਰ ।
ਫਿਰ ਕਿਸੇ ਨੇ ਉਹਨੂੰ ਸਮਝਾਇਆ ।” ਬੇਬੇ ਤੇਰੀ ਕਿੰਨੀ ਰਹਿਗੀ ਤੇਰੀ ਕੱਟਣ ਲਈ । ਤੂੰ ਰਹਿਣ ਦੇ ਲੜਨ ਨੂੰ ,। ਕੱਚੇ ਚ ਰਹਿ ਪੱਕੇ ਚ ਕੀ ਫਰਕ ਪੈਣਾ । ਤੂੰ ਓਥੇ ਹੀ ਚਲੀ ਜਾ ।
ਇੱਕ ਵਾਰ ਫਿਰ ਉਹ ਝੁਕੀ ਤੇ ਪਿਛਲੇ ਮਕਾਨ ਚ ਚਲੀ ਗਈ ।
4.ਮਾਸੂਮੀਅਤ ਦੇ ਦਿਨ
ਗੁਆਂਢੀਆਂ ਦੇ ਘਰ ਵਾਜੇ ਵੱਜ ਰਹੇ ਸੀ , ਦੋ ਦਿਨ ਤੋਂ ਲੱਗਪੱਗ ਪ੍ਰੇਸ਼ਾਨ ਸਾਂ । ਡੀਜੇ ਵਗੈਰਾ ਤੋਂ । ਸੁਰਤੀ ਅੱਜ ਤੋਂ 15 ਕੁ ਸਾਲ ਪਹਿਲਾਂ ਦੇ ਵਿਆਹ ਤੇ ਜਾ ਟਿਕੀ ।ਅਜੇ ਨਵੀਂ ਨਵੀਂ ਜੁਆਨੀ ਉਦੋਂ ਖਿੜਨ ਲੱਗੀ ਸੀ । ਪਰ ਮੈਂ ਫਿਰ ਵੀ ਕਿਤਾਬੀ ਪਰਿੰਦਾ ਬਣ ਕਿਤਾਬਾਂ ਚ ਜੰਮਿਆ ਰਹਿੰਦਾ । ਬਾਕੀ ਨਾਲ ਦਿਆਂ ਦੀਆਂ ਗੱਲਾਂ ਸੁਣਦਾ ।ਮੇਰੇ ਨਾਲ ਤਾਂ ਕੋਈ ਕੁੜੀ ਗੱਲ ਵੀ ਕਰਦੀ ਤਾਂ ਉਹ ਹਿਸਾਬ ਦੇ ਹਾਲ ਕੀਤੇ ਸਵਾਲਾਂ ਦੀ ਕਾਪੀ ਤੱਕ ਸੀਮਿਤ ਸੀ।
ਉਦੋਂ ,ਘਰਾਂ ਚੋ ਤਾਏ ਦੇ ਮੁੰਡੇ ਦਾ ਵਿਆਹ ਸੀ ।ਉਹਨਾਂ ਦੇ ਅਗਾਂਹ ਕੋਈ ਰਿਸ਼ਤੇਦਾਰਾਂ ਚੋਂ ਸੀ ਕੋਈ ਕੁੜੀ ਮੇਰੀ ਹੀ ਉਮਰ ਦੀ । ਪਿੰਡਾਂ ਚ ਤਾਂ ਰਿਸ਼ਤੇਦਾਰ ਅਜੇ ਵੀ ਸੌਂਦੇ ਆਂਢੀਆਂ ਗੁਆਂਢੀਆਂ ਦੇ ਨੇ । ਉਸ ਕੁੜੀ ਦੇ ਟੱਬਰ ਨੂੰ ਸਾਡਾ ਘਰ ਹੀ ਮਿਲਿਆ ਸੀ । ਉਹ ਦੇਖਣ ਆਈ ਨਾਲ ਉਹਦੇ ਹੋਰ ਵੀ ਸੀ ਇੱਕ ਦੋ । ਉਹਨੇ ਮੇਰੇ ਤੋਂ ਪੁੱਛਿਆ ,” ਤੁਹਾਡਾ ਘਰ ਏ ?’ ਮੈਂ ਬਿਨਾਂ ਕੁਝ ਕਹੇ ਗੂੰਗੇ-ਬਾਟੇ ਵਾਂਗ ਸਿਰ ਹਿਲਾ ਦਿੱਤਾ।ਅੱਗਿਓ ਉਹਨੇ ਕਿਹਾ ,” ਹੁਣ ਦੋ ਦਿਨ ਲਈ ਥੋੜ ਘਰ ਨੂੰ ਅਸੀਂ ਆਪਣਾ ਘਰ ਹੀ ਸਮਝ ਲੈਣਾ ।”ਤੇ ਨਾਲ ਹੀ ਨਾਜ਼ ਨਾਲ ਮੁਸਕਰਾਈ ਵੀ ।
ਜ਼ਿੰਦਗੀ ਚ ਕਿਸੇ ਕੁੜੀ ਦਾ ਮੇਰੇ ਦਿਲ ਤੇ ਪਹਿਲਾ ਵਾਰ ਸੀ । ਪਰ ਮੈਂ ਬਦਲੇ ਚ ਮੁਸਕਰਾ ਵੀ ਨਾ ਸਕਿਆ । ਮੇਰੇ ਦਿਮਾਗ ਚ ਜਵਾਬ ਆਇਆ ਕਿ ਕਹਿ ਦਵਾਂ ,” ਸਿਰਫ ਦੋ ਦਿਨ ਲਈ ਕਿਉ ?” ਜਿੰਨ੍ਹਾਂ ਟਾਈਮ ਲਈ ਸਮਝਣਾ ਓੰਨੇ ਲਈ ਸਮਝੋ ।”
ਪਰ ਕਹਿ ਨਾ ਸਕਿਆ ।ਐਨੇ ਵਰ੍ਹੇ ਬੀਤ ਗਏ । ਉਸ ਕੁੜੀ ਦਾ ਚਿਹਰਾ ਮੋਹਰਾ ਸਭ ਭੁੱਲ ਗਿਆ ਹਾਂ । ਬੱਸ ਯਾਦ ਏ ਉਹਦੀ ਕਹੀ ਗੱਲ ।ਤੇ ਮੇਰੇ ਬੁੱਲ੍ਹਾ ਅੰਦਰ ਰਹਿ ਗਿਆ ਜਵਾਬ ।
ਅੱਜ ਵੀ ਆਂਢ ਗੁਆਂਢ ਚ ਵਿਆਹ ਆਉਂਦਾ ਕੋਈ ,ਤੇ ਕੋਈ ਸੌਣ ਲਈ ਆਉਂਦਾ ।ਇਹ ਯਾਦ ਤਾਜ਼ਾ ਹੋ ਜਾਂਦੀ ਹੈ ਫੱਟ ਦੇਣੇ ।
5. ਤਰੱਕੀ
ਅੱਖੀਂ ਵੇਖੇ ਦੀ ਗੱਲ ਏ । ਪਿੰਡ ਵਾਲੇ ਅੱਡੇ ਤੇ ਸਾਹਮਣੇ ਵਾਲੇ ਘਰ ਦੀ ਕੰਧ ਤੇ ਬੜੇ ਬੜੇ ਵੱਡੇ ਵੱਡੇ ਅੱਖਰਾਂ ਚ ਲਿਖਿਆ ਹੁੰਦਾ ਸੀ ,” ਪਾਪਾ ਜੀ ਨਾ ਪਿਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ” .
ਨਿੱਕੇ ਹੁੰਦਿਆਂ ਅਸੀਂ ਗਲੀਆਂ ਚ ਗੁੰਗਉਣਾਉਂਦੇ ਫਿਰਨਾ । ਕਾਪੀਆਂ ਤੇ ਕਿਤਾਬਾਂ ਤੇ ਲਿਖ ਲਿਖ ਵਰਕੇ ਭਰ ਦੇਣੇ । ਸਰਕਾਰ ਨੂੰ ਸ਼ਾਇਦ ਸਮਝ ਸੀ ਕਿ ਸ਼ਰਾਬ ਸੱਚੀ ਗਲਤ ਹੈ ।
ਸਮਾਂ ਬਦਲਿਆ ਅੱਜ ਕਈ ਸਾਲਾਂ ਮਗਰੋਂ ਪਿੰਡੋਂ ਬੱਸ ਉੱਤਰਿਆ ਤੇ ਦੇਖਿਆ ਕਿ ਉਸੇ ਘਰ ਦੀ ਉਸੇ ਕੰਧ ਨੂੰ ਤੋੜਕੇ ਸ਼ਰਾਬ ਦਾ ਆਹਤਾ ਬਣਾ ਦਿੱਤਾ ਗਿਆ ਹੈ ।
ਤੇ ਵੱਡੇ ਵੱਡੇ ਅੱਖਰਾਂ ਚ ਲਿਖ ਦਿਤਾ ਗਿਆ ।
“ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦਾ ਸਰਕਾਰ ਤੋਂ ਮੰਜ਼ੂਰਸ਼ੁਦਾ ਆਹਤਾ”.
ਅਸੀਂ ਤਰੱਕੀ ਕਰ ਗਏ ਜਾਂ ਸਰਕਾਰਾਂ ਨਿੱਘਰ ਗਈਆਂ ਸੋਚਣਾ ਪੈਣਾ ਹੈ ।