ਕੁਝ ਦਿਨਾਂ ਤੋਂ ਪਿਸ਼ਾਬ ਕਰਨ ਚ ਆਈ ਸਮੱਸਿਆ ਮਗਰੋਂ ਟੈਸਟ ਕਰਾਉਣ ਗਿਆ ਅੱਗਿਓ ਡਾਕਟਰ ਨੇ ਸਾਹ ਹੀ ਸੂਤ ਦਿੱਤੇ ਇਹ ਦੱਸਕੇ ਕਿ ਉਹਦੇ ਮਿਹਦੇ ਚ ਕੈਂਸਰ ਹੈ ਜਿਸਨੇ ਉਸਦੇ ਗੁਰਦੇ ਖਰਾਬ ਕਰ ਦਿੱਤੇ ਸੀ।
#HarjotDiKalam
ਜਿਹੜਾ ਵੀ ਬੰਦਾ ਸੁਣਦਾ ਇਹ ਗੱਲ ਰੱਬ ਨੂੰ ਉਲਾਂਬਾਂ ਦਿੰਦਾ ,ਐਸੇ ਸ਼ਰੀਫ ਬੰਦੇ ਨਾਲ ਰੱਬ ਨੇ ਕੀ ਭਾਣਾ ਵਰਤਾ ਦਿੱਤਾ। ਲੋਕਾਂ ਭਾਣੇ ਪਹਿਲਾਂ ਹੀ ਉਸਦੀ ਸੰਤਾਨ ਇੱਕੋ ਇੱਕ ਕੁੜੀ ਸੀ। ਉਹ ਵੀ ਰੱਬ ਨੇ ਮਾੜਾ ਕੀਤਾ ਸੀ ਤੇ ਇਹ ਵੀ ਹੁਣ। ਘਰ ਉਸਨੇ ਕਿਸੇ ਨੂੰ ਨਾ ਦੱਸਿਆ ਉਸਨੇ ਭਰਾ ਤੇ ਭਤੀਜਿਆਂ ਨੂੰ ਪਤਾ ਸੀ ਕੈਂਸਰ ਬਾਰੇ ਤਾਂ ਘਰਵਾਲੀ ਤੇ ਧੀ ਨੂੰ ਮਹਿਜ ਐਨਾ ਪਤਾ ਸੀ ਕਿ ਗੁਰਦਿਆਂ ਦੀ ਸਮੱਸਿਆ ਹੈ ਤੇ ਇਹ ਥੋੜੇ ਬਹੁਤ ਡਾਇਲਸਿਸ ਮਗਰੋਂ ਸਹੀ ਹੋਜੂ ਜੇ ਨਾ ਹੋਈ ਤਾਂ ਗੁਰਦੇ ਬਦਲੇ ਵੀ ਜਾ ਸਕਦੇ ਸੀ ।
ਸੁਰਜਨ ਨੂੰ ਫਿਕਰ ਸੀ ਤਾਂ ਕੇਵਲ ਆਪਣੀ ਕੱਲੀ ਕੱਲੀ ਧੀ ਰਵਨੀਤ ਦੀ,ਲਾਡਲੀ ਤੇ ਚਾਵਾਂ ਨਾਲ ਪਾਲੀ ਹੋਈ । ਸਾਰੇ ਪਿਆਰ ਨਾਲ ਉਸਨੂੰ ਨੀਤੂ ਹੀ ਆਖਦੇ ਸੀ।
ਨੀਤੂ ਮੈਨੂੰ ਉਦੋਂ ਮਿਲੀ ਸੀ ਜਦੋਂ ਮੈਂ ਆਈਲੈਟਸ ਕਰਦਾ ਸੀ ਓਥੇ ਉਹ ਵੀ ਕਲਾਸਾਂ ਲਗਾ ਰਹੀ ਸੀ। ਮੈਂ ਅਕਸਰ ਦੇਖਦਾ ਕਿ ਦੂਜੀਆਂ ਕੁੜੀਆਂ ਤੋਂ ਅੱਡ ਇਹ ਕੁੜੀ ਚੁੱਪ ਚਾਪ ਅੱਧਖੜ ਬੰਦੇ ਦੇ ਸਕੂਟਰ ਤੋਂ ਉਤਰਦੀ ਕਲਾਸ ਅਟੈਂਡ ਕਰਦੀ ਤੇ ਫਿਰ ਉਸੇ ਸਕੂਟਰ ਦੀ ਵੇਟ ਕਰਦੀ ਤੇ ਵਾਪਿਸ ਉਂਵੇਂ ਹੀ ਚਲੀ ਜਾਂਦੀ । ਕਿਸੇ ਨਾਲ ਬਹੁਤੀ ਗੱਲ ਨਹੀਂ ਕੋਈ ਝਗੜਾ ਨੀ ਸਭ ਦੀ ਸੁਣਦੀ ਤੇ ਹਲਕਾ ਮੁਸਕਰਾ ਦਿੰਦੀ ਤੇ ਬੱਸ। ਨਾ ਮੇਕਅੱਪ ਨਾ ਕੋਈ ਭੜਕੀਲੇ ਰੰਗਾਂ ਵਾਲਾ ਸੂਟ ਹਮੇਸ਼ਾ ਸਾਦੇ ਕੱਪੜਿਆਂ ਚ ਆਉਣਾ ਤੇ ਉਂਵੇ ਹੀ ਜਾਣਾ। ਐਨਾ ਸੈਂਟਰਾਂ ਤੇ ਜਿੱਥੇ ਜੋੜੀਆਂ ਬਣਦੀਆਂ ਟੈਮ ਨਾ ਲਗਦਾ ਕਿਸੇ ਮੁੰਡੇ ਦੀ ਉਹਦੇ ਨਾਲ ਗੱਲ ਕਰਨ ਦੀ ਹਿੰਮਤ ਨਾ ਹੁੰਦੀ। ਨਾ ਹੀ ਕਦੇ ਉਹਨੇ ਕਿਸੇ ਨੂੰ ਗੱਲ ਕਰਨ ਦਾ ਸਮਾਂ ਹੀ ਦਿੱਤਾ। ਪਹਿਲਾ ਮੌਕਾ ਉਹਨੂੰ ਚੰਗੀ ਤਰ੍ਹਾਂ ਸੁਣਨ ਦਾ ਕਿਸੇ ਕਲਾਸ ਵਾਲੇ ਦੀ ਬਰਥਡੇ ਕੇਕ ਕੱਟਣ ਸਮੇਂ ਹੋਇਆ। ਉਹਦਾ ਗਾਇਆ ਗੀਤ ਅੱਜ ਵੀ ਕੰਨਾਂ ਚ ਗੂੰਜਦਾ ਹੈ। ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਐਸ ਕੁੜੀ ਦੇ ਅੰਦਰ ਵੀ ਜਜਬਾਤ ਹੈਗੇ ਖੁਸ਼ੀ ਗਮੀ ਵਾਲੇ। ਫਿਰ ਜਦੋਂ ਆਈਲੈਟਸ ਟੈਸਟ ਦੀ ਤਰੀਕ ਲਈ ਤਾਂ ਕੱਠਿਆਂ ਦੇ ਸੈਂਟਰ ਵੀ ਆਗੇ। ਉਦੋਂ ਤੱਕ ਸਾਡੀ ਗੱਲ ਇੰਟਰਨੈੱਟ ਰਾਹੀਂ ਹੋਣ ਲੱਗ ਗਈ ਸੀ। ਫੋਨ ਨੰਬਰ ਉਹਨੇ ਕਦੇ ਕਿਸੇ ਨੂੰ ਨੀ ਦਿੱਤਾ। ਪਹਿਲੇ ਅਨੁਭਵ ਲੜਕਿਆਂ ਨਾਲ ਖਰਾਬ ਹੀ ਸੀ ,ਕੱਲੀ ਕੁੜੀ ਹੈ ਸੋਚਕੇ ਹਰ ਕੋਈ ਚਾਂਸ ਮਾਰਦਾ ਸੀ ਤੇ ਡਰਾਵੇ ਵੀ ਦਿੰਦਾ ਸੀ ਗੱਲ ਨਾ ਕਰਨ ਦੇ। ਇਸ ਲਈ ਜਿਸ ਨਾਲ ਗੱਲ ਕਰਦੀ ਸਿਰਫ ਨੈੱਟ ਰਾਹੀਂ
ਫਿਰ ਆਈਲਟਸ ਆਲੇ ਦਿਨ ਪਹਿਲੀ ਵਾਰ ਉਹਦੇ ਪਾਪਾ ਨੂੰ ਮਿਲਿਆ ਐਨਾ ਸਿੱਧਾ ਸਰੀਫ਼ ਤੇ ਸਾਊ ਬੰਦਾ ਦੇਖ ਕੇ ਹੈਰਾਨੀ ਹੋਈ ਸੀ ।ਐਵੇਂ ਮਿਲਿਆ ਜਿਵੇਂ ਸਾਲਾਂ ਤੋਂ ਜਾਣਦੇ ਹੋਈਏ।
ਫਿਰ ਉਹ ਦੱਸਦੀ ਕਿ ਪਾਪਾ ਨੇ ਉਹਨੂੰ ਜਿੰਦਗੀ ਦੇ ਹਰ ਫੈਸਲੇ ਚ ਖੁੱਲ ਦਿਤੀ ਸੀ ਕਦੇ ਕਿਸੇ ਚੀਜ਼ ਲਈ ਰੋਕਿਆ ਨਹੀਂ ਸੀ ।ਪਰ ਉਹ ਦੋਸਤੀ ਸਿਰਜਣ ਚ ਹਮੇਸ਼ਾ ਸਾਵਧਾਨ ਰਹੀ ਸੀ ।ਕੱਲੀ ਕੁੜੀ ਤੇ ਬਹੁਤੀ ਜਮੀਨ ਤੇ ਬਾਕੀ ਗੱਲਾਂ ਉਹਨੂੰ ਡਰ ਲਗਦਾ ਸੀ ਉਹਨੂੰ ਲਗਦਾ ਕਿ ਆਪਣੇ ਨਾਮ ਦੀ ਜਮੀਨ ਤੇ ਕੱਲੀ ਕੁੜੀ ਹੋਣ ਦਾ ਠੱਪਾ ਉਹ ਮੱਥੇ ਤੇ ਲਿਖਾਈ ਫਿਰਦੀ ਹੋਵੇ ।
ਉਹਦੇ ਰਿਸ਼ਤੇਦਾਰ ਵੀ ਕਦੇ ਉਹਦੇ ਰਿਸ਼ਤੇ ਦੀ ਗੱਲ ਕਰਦੇ ਤਾਂ ਨਿਗ੍ਹਾ ਜਮੀਨ ਤੇ ਰੱਖਦੇ ।ਉਸਦਾ ਬਹੁਤਾ ਜ਼ਿਆਦਾ ਸੋਹਣਾ ਨਾ ਹੋਣ ਤੇ ਸਾਦਾ ਹੋਣ ਕਰਕੇ ਇੱਕੋ ਗੱਲ ਆਖਦੇ ਕਿ ਚਲੋ ਜਮੀਨ ਕਰਕੇ ਰਿਸ਼ਤਾ ਵਧੀਆ ਮਿਲਜੂ ।
ਸੁਰਜਨ ਸਿੰਘ ਨੂੰ ਇਹੋ ਗੱਲ ਅੱਖਰਦੀ ਐਥੇ ਉਹਦੀ ਧੀ ਦੀ ਪੁੱਛ ਨਾ ਹੋਕੇ ਜਮੀਨ ਦੀ ਸੀ। ਉਹਨੇ ਨੀਤੂ ਨੂੰ ਸਰਕਾਰੀ ਨੌਕਰੀ ਦੀ ਤਿਆਰੀ ਵੀ ਕਰਵਾਈ ।ਕੰਮਪਿਊਟਰ ਚ ਵੀ ਐਡਵਾਂਸ ਸਟੱਡੀ ਕਰਵਾਈ ।ਪਰ ਦੋਵਾਂ ਦਾ ਕੋਈ ਫਾਇਦਾ ਨੀ ਹੋਇਆ ।ਨਾ ਨੌਕਰੀ ਹੀ ਮਿਲੀ ਤੇ ਨਾ ਹੀ ਭਾਰਤ ਵਰਗੇ ਮੁਲਕ ਚ ਉਹ ਉਹਨੂੰ ਕਿਸੇ ਹੋਰ ਸੂਬੇ ਭੇਜਣ ਵਾਰੇ ਸੋਚਦਾ ਸੀ ।ਇਸ ਤੋਂ ਵਧੀਆ ਤਾਂ ਕਿਸੇ ਰਿਸ਼ਤੇਦਾਰ ਕੋਲ ਬਾਹਰ ਹੀ ਘੱਲ ਦਵੇ।
ਅੰਤ ਨੀਤੂ ਦੇ ਮਾਮੇ ਹੁਣਾਂ ਨੇ ਕਨੇਡਾ ਤੋਂ ਕਹਿ ਭੇਜਿਆ ਆਈਲਟਸ ਕਰਵਾ ਦਵੋ ਐਥੇ ਆ ਜਾਊ ਤਾਂ ਅਸੀਂ ਦੇਖ ਲਵਾਂਗੇ । ਨੀਤੂ ਅਜੇ ਆਈਲਟਸ ਕਰ ਹੀ ਰਹੀ ਸੀ ਕਿ
ਸੁਰਜਨ ਨਾਲ ਇਹ ਭਾਣਾ ਵਰਤ ਗਿਆ। ਨੀਤੂ ਦਾ ਮਨ ਪਹਿਲਾਂ ਹੀ ਨਹੀਂ ਸੀ ਮੰਨਦਾ ਹੁਣ ਤਾਂ ਉਸਨੇ ਜਾਣ ਤੋਂ ਉੱਕਾ ਨਾ ਕਰ ਦਿੱਤੀ । ਪਰ ਸੁਰਜਨ ਸਿੰਘ ਨੂੰ ਆਪਣਾ ਅੰਤ ਨੇੜੇ ਦਿਖ ਰਿਹਾ ਸੀ ।
ਵਿਆਹ ਲਈ ਉਹ ਪਹਿਲਾਂ ਕਈ ਰਿਸ਼ਤੇ ਦੇਖ ਚੁੱਕਾ ਸੀ, ਪਰ ਹਰ ਇੱਕ ਦੀ ਨਜਰ ਕੁੜੀ ਤੋਂ ਪਹਿਲਾਂ ਜਮੀਨ ਤੇ ਜਾਂਦੀ ।ਕੁੜੀ ਤੋਂ ਜ਼ਿਆਦਾ ਲੋਕੀ ਜਮੀਨ ਦੀ ਗੱਲ ਕਰਦੇ । ਕਿੰਨੇ ਹੀ ਰਿਸ਼ਤੇ ਐਸੇ ਗੱਲੋਂ ਸਿਰੇ ਨਾ ਚੜੇ । ਆਪਣੇ ਹੁੰਦੇ ਉਸਨੇ ਨੀਤੂ ਨੂੰ ਕਦੇ ਤੱਤੀ ਵਾਅ ਨਾ ਲੱਗਣ ਦਿੱਤੀ ।ਆਂਢੀ ਗੁਆਂਢੀ ਬਥੇਰਾ ਕੁੜੀ ਦਾ ਵਿਆਹ ਕਰ ਦੇਣ ਲਈ ਕਹਿੰਦੇ ਪਰ ਕੌਣ ਅੱਖੀਂ ਵੇਖ ਕੇ ਮੱਖੀ ਨਿਗਲਦਾ ।ਕਈ ਸਾਲ ਦੀ ਭੱਜਦੌੜ ਮਗਰੋਂ ਵੀ ਕੋਈ ਚੱਜਦਾ ਰਿਸ਼ਤਾ ਨਾ ਮਿਲਿਆ ।
ਹੁਣ ਉਸਦੇ ਮਗਰੋਂ ਕੀ ਮਿਲੁ ?
ਮੇਰੇ ਮਗਰੋਂ ਤਾਂ ਇਹਦੀ ਮਾਂ ਨੂੰ ਫੁਸਲਾ ਕੇ ਖਬਰਾ ਕਿਥੇ ਡੱਕ ਦੇਣਗੇ ਇਹ ਲੋਕ ਸਿਰਫ ਗਲੋਂ ਲਾਹ ਦੇਣ ਲਈ । ਉਹ ਸੋਚਦਾ ।
ਉਸਦਾ ਆਪਣੀ ਧੀ ਨੂੰ ਇੱਕੋ ਗੱਲ ਦਾ ਕਹਿਣਾ ਸੀ ਕਿ ਉਹ ਆਪਣੇ ਮਾਮਿਆਂ ਕੋਲ ਜਾਵੇ ,ਅੱਗੇ ਪੜੇਗੀ ਆਪਣੇ ਪੈਰਾਂ ਤੇ ਖੜੀ ਹੋਊ ਤਾਂ ਆਪਣਾ ਭਲਾ ਬੁਰਾ ਬੇਹਤਰ ਸਾਚੁ ਏਥੇ ਐਸ ਮੁਲਕ ਚ ਦਾਜ ਤੇ ਜਮੀਨ ਦੇ ਭੁਖਿਆਂ ਤੋਂ ਬਚੂ।
ਉਹਨੂੰ ਇਹ ਲਗਦਾ ਸੀ ਕਿ ਉਸ ਦੇਸ ਚ ਬੰਦੇ ਦੀ ਕਦਰ ਤਾਂ ਹੈ ਉਹਦੇ ਹੁਨਰ ਦੀ ਕਦਰ ਹੈ ਏਥੇ ਕੀ ਹੈ ? ਜਿੱਥੇ ਕੁੜੀ ਮਹਿਜ ਇੱਕ ਖਰਚ ਹੈ ਮਾਂ ਬਾਪ ਲਈ ਤੇ ਮੁੰਡੇ ਦਾਜ ਕਮਾਉਣ ਦਾ ਸਾਧਨ ਕੱਲੀ ਕੁੜੀ ਤਾਂ ਬੈਠੀ ਬਿਠਾਈ ਕਰੋੜਾਂ ਦੀ ਕੀਮਤ ਹੋਗੀ ।ਸੜਕ ਤੇ ਤੁਰਦੀਆਂ ਫਿਰਦੀਆਂ ਧੀਆਂ ਦੇ ਜਬਰ ਜਿਨਾਹ ਮਾਪਿਆਂ ਨੂੰ ਸਾਏ ਵਾਂਗ ਧੀਆਂ ਦੀ ਖਬਰ ਰੱਖਣੀ ਪੈਂਦੀ ।ਕਿਉ ਲੋਕੀ ਮੁੰਡਿਆ ਨੂੰ ਅਕਲ ਨੀ ਦਿੰਦੇ ਇੱਜਤ ਕਰਨ ਦੀ ਕੁੜੀ ਨੂੰ ਜਾਇਦਾਦ ਬਣਾਉਣ ਦਾ ਸਾਧਨ ਨਾ ਸਮਝਣ ਦੀ ।
ਕਈ ਮਹੀਨੇ ਨੀਤੂ ਇਸੇ ਦੁਚਿੱਤੀ ਚ ਰਹੀ ।ਅੰਤ ਨੀਤੂ ਨੇ ਪਿਤਾ ਦੀਆਂ ਮੱਤਾਂ ਤੇ ਪਿਆਰ ਅਗੇ ਹਥਿਆਰ ਸੁੱਟ ਦਿੱਤੇ । ਟੋਰਾਂਟੋ ਇੱਕ ਕਾਲਜ ਵਿੱਚ ਦਾਖਲਾ ਫੀਸ ਭਰਤੀ ਤੇ ਆਫਰ ਲੈਟਰ ਲੈ ਕੇ ਤੇ ਵੀਜ਼ੇ ਲਈ ਵੀ ਅਪਲਾਈ ਕਰ ਦਿੱਤਾ ।ਉਦੋਂ ਕਨੇਡਾ ਦਾ ਵੀਜ਼ਾ ਫਟਾਫਟ ਮਿਲ ਜਾਂਦਾ ਸੀ ਮਿਲ ਵੀ ਗਿਆ। ਪਰ ਜਿਉਂ ਜਿਉਂ ਜਾਣ ਦੇ ਦਿਨ ਨੇੜੇ ਆਏ ਸੁਰਜਨ ਸਿੰਘ ਦੀ ਹਾਲਤ ਵਿਗੜਦੀ ਗਈ । ਹਰ ਡਾਇਲੀਸਿਸ ਲਈ ਨੀਤੂ ਨਾਲ ਜਾਂਦੀ ।ਹਰ ਵਾਰ ਲਗਦਾ ਇਸ ਵਾਰ ਸ਼ਾਇਦ ਆਖ਼ਿਰੀ ਹੋਊ ਫਿਰ ਨਹੀਂ ਲੋੜ ।ਗੁਰਦੇ ਬਦਲਣ ਦਾ ਸਵਾਲ ਨਹੀਂ ਸੀ ਕਿਉਂਕਿ ਕੈੰਸਰ ਕਰਕੇ ਫਿਰ ਖਰਾਬ ਹੀ ਹੋ ਜਾਣੇ ਸੀ ।ਪਰ ਨੀਤੂ ਨੂੰ ਇਹ ਗੱਲ ਨਹੀਂ ਸੀ ਪਤਾ ।ਉਹਨੂੰ ਲਗਦਾ ਅੱਜ ਨਹੀਂ ਤਾਂ ਕੱਲ ਗੁਰਦੇ ਬਦਲੇ ਜਾਣਗੇ ।ਫਿਰ ਉਹ ਚਲੇ ਜਾਏਗੀ ।ਨੀਤੂ ਨੂੰ ਉਮੀਦ ਸੀ ਜਦੋਂ ਤੱਕ ਉਹ ਜਾਊ ਉਦੋਂ ਤੱਕ ਕੀ ਪਤਾ ਗੁਰਦਾ ਬਦਲਣ ਲਈ ਡਾਕਟਰ ਹਾਂ ਕਰ ਦੇਣ ।
ਹਰ ਵਾਰ ਘਰੋ ਨਿਕਲਦੇ ਹੀ ਉਹ ਪਾਠ ਸ਼ੁਰੂ ਕਰ ਦਿੰਦੀ ।ਸਾਰੇ ਰਾਹ ਆਪਣੇ ਪਾਪਾ ਨੂੰ ਪਾਠ ਸੁਣਾਉਂਦੀ ਰਹਿੰਦੀ । ਹਰ ਵਾਰ ਹੀ ਨਿਰਾਸ਼ ਮੁੜਦੇ ।ਡਾਕਟਰ ਅਗਲੀ ਡਾਇਲੀਸਿਸ ਲਈ ਤਰੀਕ ਲਿਖ ਦਿੰਦਾ ।
ਜਿਉਂ ਜਿਉਂ ਉਹਦੇ ਜਾਣ ਦੇ ਦਿਨ ਨੇੜੇ ਆ ਰਹੇ ਸੀ ਹਰ ਡਾਇਲੀਸਿਸ ਵਿਚਲੇ ਦਿਨ ਘਟਣ ਲੱਗੇ ।
ਜਿਸ ਦਿਨ ਉਸਨੇ ਫਲਾਈਟ ਫੜਨੀ ਸੀ ਉਸ ਦਿਨ ਵੀ ਹਾਲਤ ਹੋਰ ਵੀ ਨਿੱਘਰ ਰਹੀ ਸੀ । ਦੋ ਦਿਨ ਤੋਂ ਨੀਤੂ ਬੱਸ ਤਿਆਰੀਆਂ ਕਰਦੀ ਰਹੀ ਪਾਠ ਕਰਦੀ ਰਹੀ ।ਪਰ ਸੁਰਜਨ ਸਿੰਘ ਦੀਆਂ ਅੱਖਾਂ ਚ ਸਿਰਫ ਉਸਨੂੰ ਖੁਸ਼ੀ ਦਿਸਦੀ ।ਮਜਾਲ ਏ ਕਿ ਜਰਾ ਜਿੰਨੀ ਤਕਲੀਫ ਵੀ ਜਾਹਿਰ ਕੀਤੀ ਹੋਵੇ ਉਸਨੇ । ਪਰ ਨੀਤੂ ਦਾ ਮਨ ਸਭ ਸਮਝ ਰਿਹਾ ਸੀ ਉਸਨੂੰ ਲੱਗ ਰਿਹਾ ਸੀ ਕਿ ਸ਼ਾਇਦ ਅੱਜ ਤੋਂ ਬਾਅਦ ਆਪਣੇ ਪਾਪਾ ਨੂੰ ਨਾ ਦੇਖ ਸਕੇ ।ਇਸਦੇ ਬਾਵਜੂਦ ਸੁਰਜਨ ਸਿੰਘ ਉਹਨੂੰ ਇੱਕੋ ਗੱਲ ਸਮਝਾਉਂਦਾ ਕਿ ਨਹੀਂ ਕੁਝ ਨੀ ਹੁੰਦਾ ਮੇਰੀ ਹਾਲਤ ਡਾਇਲੀਸਿਸ ਮਗਰੋਂ ਠੀਕ ਹੋਜੂ ਤੂੰ ਆਪਣੀ ਫਲਾਈਟ ਫੜ । ਅੱਖਾਂ ਚੋਂ ਅਥਰੂ ਲੈ ਕੇ ਸਾਰੇ ਰਾਹ ਫੋਨ ਤੇ ਗੱਲ ਕਰਦੀ ਰਹੀ ।ਉਵੇਂ ਹੀ ਦਿਲ ਤੇ ਪੱਥਰ ਧਰ ਤੇ ਮੁੜ ਮਿਲਣ ਲਈ ਵਾਹਿਗੁਰੂ ਨੂੰ ਅਰਦਾਸਾਂ ਕਰਦੀ ਉਹ ਜਹਾਜ ਜਾ ਬੈਠੀ ।
ਉਸ ਰਾਤ ਬੁਖਾਰ ਦਾ ਭੰਨਿਆ ਮੈਂ ਲੇਟ ਹੀ ਸੁੱਤਾ ਸੀ । ਤਿੜਕਿਆ ਜਹੇ ਮਸੇਂਜਰ ਤੇ ਕਾਲ ਆਈ ।
ਚੁੱਕਿਆ ਤਾਂ ਅੱਗਿਓ ਨੀਤੂ ਦੀ ਰੋਂਦੀ ਦੀ ਅਵਾਜ ਆਈ ” ਪਾਪਾ ਨਹੀਂ ਰਹੇ.” ਉਸਦੇ ਜਹਾਜ ਚੜਨ ਤੋਂ ਮਗਰੋਂ ਕੁਝ ਕੁ ਘੰਟਿਆਂ ਚ ਹੀ ਭਾਣਾ ਵਰਤ ਗਿਆ ਸੀ ।
ਉਹਦੀ ਮਜਬੂਰੀ ਸੀ ਉਹ ਵਾਪਿਸ ਨਹੀਂ ਆ ਸਕਦੀ ਸੀ ਐਨੀ ਛੇਤੀ । ਵੀਜੇ ਦੀਆਂ ਸ਼ਰਤਾਂ ਅਨੁਸਾਰ ਰਹਿਣਾ ਪੈਣਾ ਸੀ ਕਲਾਸ ਸ਼ੁਰੂ ਕਰਨੀ ਸੀ ।ਬਾਕੀ ਕਿਸੇ ਰਿਸ਼ਤੇਦਾਰ ਨੇ ਆਉਣ ਵੀ ਨਾ ਦਿੱਤਾ ਐਥੇ ਸੀ ਕਿ ਹੁਣ ਜਿਸ ਲਈ ਆਉਂਦੀ ।ਮਾਂ ਨੇ ਵੀ ਮਨਾ ਕਰ ਦਿੱਤਾ ।
ਪਰ ਮੇਰਾ ਦਿਲ ਉਸ ਇੱਕ ਇਨਸਾਨ ਲਈ ਰੋ ਰਿਹਾ ਸੀ ਜੋ ਆਪਣੀ ਇੱਕ ਪਿਆਰੀ ਬੱਚੀ ਪ੍ਰਤੀ ਫਰਜ ਨੂੰ ਨਿਭਾਉਂਦਾ ਹੋਇਆ ,ਧੀ ਨੂੰ ਇੱਕ ਚੰਗੇ ਭਵਿੱਖ ਦੀ ਉਮੀਦ ਦੇ ਕੇ ਦੁਨੀਆਂ ਤੋਂ ਰੁਖਸਤ ਹੋ ਗਿਆ ।ਪਤਾ ਨਹੀਂ ਕਿੰਨੇ ਸਮੇਂ ਤੋਂ ਮੌਤ ਨੂੰ ਬੰਨੀ ਬੈਠਾ ਸੀ ।ਕਿ ਕੀਤੇ ਉਹਦੀ ਧੀ ਉਸਦੇ ਜਾਣ ਮਗਰੋਂ ਮਾਂ ਦੇ ਲਈ ਇਥੇ ਨਾ ਰੁਕ ਜਾਏ ਕਿਤੇ ਜਮੀਨ ਦੇ ਲਾਲਚ ਚ ਕੋਈ ਸ਼ਰੀਕ ਉਸਨੂੰ ਲੋਭੀਆਂ ਦੇ ਹੱਥ ਵੇਚ ਨਾ ਦੇਣ । ਪਰ ਇੱਕ ਉਮੀਦ ਨਾਲ ਉਹ ਚਲਾ ਗਿਆ ।
ਮੈਂ ਹੈਰਾਨ ਸਾਂ ਉਸ ਬੰਦੇ ਦੀ ਇੱਛਾ ਸ਼ਕਤੀ ਤੇ !
class="fb-comments" data-href="https://harjotdikalam.blogspot.com/p/blog-page_30.html" data-width="" data-numposts="5">